.

ਮਾਸ ਖਾਣ ਦਾ ਵਿਗਿਆਨਕ, ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
(ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ)


ਜਦੋਂ ਤੋਂ ਧਰਤੀ ਬਣੀ ਹੈ ਹਰ ਜੀਵ ਨੂੰ ਜਿੰਦਾ ਰਹਿਣ ਲਈ ਕੁਝ ਨਾ ਕੁਝ ਖਾਣਾ ਹੀ ਪੈਂਦਾ ਹੈ । ਪਹਿਲਾਂ ਪਹਿਲ ਮਨੁੱਖ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਪੇਟ ਭਰਦਾ ਸੀ । ਪਰ ਸ਼ਿਕਾਰ ਨਾ ਮਿਲਣ ਦੀ ਸੂਰਤ ਵਿੱਚ ਉਸਨੂੰ ਕਈ ਵਾਰ ਬਿਨਾ ਭੋਜਨ ਤੋਂ ਹੀ ਰਹਿਣਾ ਪੈਂਦਾ ਸੀ । ਹੌਲੀ ਹੌਲੀ ਜਿਓਂ ਹੀ ਉਸਨੂੰ ਫਲ ਸਬਜੀਆਂ ਉਗਾਉਣ ਦਾ ਗਿਆਨ ਹੋਇਆ ਤਾਂ ਉਸ ਖੇਤੀ ਬਾੜੀ ਕਰਨਾ ਸ਼ੁਰੂ ਕਰ ਦਿੱਤਾ । ਉਗਾਇਆ ਅਨਾਜ ਕਾਫੀ ਲੰਬੇ ਸਮੇ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਸੀ । ਜਿਓਂ-ਜਿਓਂ ਜਿੱਥੇ-ਜਿੱਥੇ ਸਭਿਆਤਾਵਾਂ ਦਾ ਵਿਕਾਸ ਹੁੰਦਾ ਗਿਆ ਮਨੁੱਖ ਦੇ ਭੋਜਨ ਵਿੱਚ ਹਾਲਾਤਾਂ , ਸਮੇ , ਮੌਸਮ ਅਤੇ ਜਗ੍ਹਾ ਅਨੁਸਾਰ ਤਬਦੀਲੀਆਂ ਆਉਂਦੀਆਂ ਗਈਆਂ ।
ਸ਼ੁਰੂ-ਸ਼ੁਰੂ ਵਿੱਚ ਮਨੁੱਖ ਦੂਜੇ ਮਨੁੱਖਾਂ ਤੇ ਹਮਲੇ ਕਰ ਉਹਨਾ ਤੋਂ ਖੁਰਾਕ ਆਦਿ ਖੋਹ ਲੈਂਦਾ ਸੀ ਪਰ ਜਿਓਂ ਹੀ ਉਸ ਅੰਦਰ ਦੂਜਿਆਂ ਨੂੰ ਆਪਣੇ ਵਰਗੇ ਜਾਣ ਦੁਖ-ਸੁੱਖ ਦਾ ਅਹਿਸਾਸ ਸ਼ੁਰੂ ਹੋਇਆ ਤਾਂ ਉਸ ਲੁੱਟ ਖੋਹ ਛੱਡ ਕਿਰਤ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਅਤੇ ਉਸ ਅੰਦਰ ਚੰਗੇ ਸਮਾਜਿਕ ਗੁਣ ਪੈਦਾ ਹੋਣ ਲੱਗੇ ਜਿਸ ਨੂੰ ਧਰਮ ਆਖਿਆ ਜਾਣ ਲੱਗਾ । ਇਹੀ ਧਾਰਮਿਕ ਗੁਣ ਵੱਖਰੇ-ਵੱਖਰੇ ਇਲਾਕਿਆਂ ਵਿੱਚ ਆਪੋ ਆਪਣੇ ਤਰੀਕਿਆਂ ਅਤੇ ਸਮਝ ਅਨੁਸਾਰ ਮਜ਼ਹਬ ਅਖਵਾਏ । ਸੋ ਵੱਖਰੇ-ਵੱਖਰੇ ਮਜ਼ਹਬਾਂ ਵਿੱਚ ਭੋਜਨ ਪ੍ਰਤੀ ਪਹੁੰਚ ਵੀ ਵੱਖ-ਵੱਖ ਹੀ ਰਹੀ । ਮਾਸ ਦੀ ਭੋਜਨ ਵਜੋਂ ਵਰਤੋਂ ਵਾਰੇ ਵੀ ਵੱਖ-ਵੱਖ ਦ੍ਰੀਸ਼ਟੀਕੋਣ ਬਣਦੇ ਰਹੇ ।
ਅੱਜੋਕੇ ਵਿਗਿਆਨਕ ਸਮੇ ਵਿੱਚ ਜਦੋਂ ਸਾਰੇ ਹੀ ਸੰਸਾਰ ਵਾਰੇ ਜਾਣਕਾਰੀ ਲੈਣਾ ਬਹੁਤ ਹੀ ਅਸਾਨ ਹੋ ਗਿਆ ਹੈ ਤਾਂ ਅਸੀ ਜਾਣ ਗਏ ਹਾਂ ਕਿ ਮਨੁੱਖ ਦੇ ਭੋਜਨ ਤੇ ਉਸਦੀ ਉਪਜੀਵੀਕਾ ਦਾ ਅਸਰ ਰਿਹਾ ਹੁੰਦਾ ਹੈ । ਸਮੁੰਦਰਾਂ ਕਿਨਾਰੇ ਰਹਿਣ ਵਾਲਿਆਂ ਦੀ ਖੁਰਾਕ ਵਿੱਚ ਮੱਛੀਆਂ, ਖੇਤੀਬਾੜੀ ਕਰਨ ਵਾਲਿਆਂ ਦੀ ਖੁਰਾਕ ਵਿੱਚ ਦਾਲਾਂ,ਸਬਜੀਆਂ, ਅਨਾਜ ਆਦਿ, ਘਣੇ ਜੰਗਲਾਂ-ਬੇਲਿਆਂ ਵਿੱਚ ਰਹਿਣ ਵਾਲਿਆਂ ਦੀ ਖੁਰਾਕ ਵਿੱਚ ਮਾਸ ਆਦਿ ਦੀ ਵਰਤੋਂ ਆਮ ਹੁੰਦੀ ਹੈ । ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸੰਤੁਲਤ ਭੋਜਨ ਦੀ ਪ੍ਰਾਪਤੀ ਲਈ ਹਰ ਤਰਾਂ ਦੇ ਖੁਰਾਕੀ ਤੱਤ ਪੂਰੇ ਕਰਨ ਲਈ ਮਨੁੱਖ ਨੂੰ ਸਭ ਤਰਾਂ ਦੇ ਭੋਜਨ ਉਪਲੱਭਦ ਹੋ ਜਾਂਦੇ ਹਨ । ਇਹਨਾਂ ਭੋਜਨਾ ਵਿੱਚ ਮਾਸ ਦਾ ਮੁੱਦਾ ਕਈ ਵਾਰ ਧਾਰਮਿਕ ਪ੍ਰਵਿਰਤੀ ਅਧੀਨ ਵਿਚਾਰ ਦੀ ਮੰਗ ਕਰਦਾ ਪ੍ਰਤੀਤ ਹੁੰਦਾ ਹੈ ਕਿਉਂਕਿ ਭੋਜਨ ਲਈ ਕਿਸੇ ਜੀਵ ਨੂੰ ਮਾਰਨਾ ਕਈ ਮਜ਼ਹਬਾਂ ਵਿੱਚ ਪਾਪ ਮੰਨਿਆ ਗਿਆ ਹੈ ।
ਵਿਗਿਆਨਕ ਤੌਰ ਤੇ ਭੋਜਨ ਵਾਰੇ ਵਿਚਾਰਿਆਂ ਪਤਾ ਚਲਦਾ ਹੈ ਕਿ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਕੁਝ ਹਿੱਸਾ ਸਾਡੇ ਸ਼ਰੀਰ ਦਾ ਹੀ ਹਿੱਸਾ ਬਣ ਜਾਂਦਾ ਹੈ । ਸਾਨੂੰ ਜੀਵਤ ਰੱਖਣ ਵਾਲੀ ਖੁਰਾਕ ਖੁਦ ਜੀਵਤ ਹੁੰਦੀ ਹੈ । ਜੀਵ ਹੀ ਜੀਵਨ ਦਾ ਆਹਾਰ ਬਣਦਾ ਹੈ । ਭੋਜਨ ਦਾ ਕੋਈ ਵੀ ਦਾਣਾ ਜੀਵ ਤੋਂ ਰਹਿਤ ਨਹੀਂ ਹੁੰਦਾ । ਸਭ ਤੋਂ ਪਹਿਲਾਂ ਪਾਣੀ ਆਪਣੇ ਆਪ ਵਿੱਚ ਜੀਵ ਹੈ ਜਿਸਨੇ ਸਾਰਾ ਸੰਸਾਰ ਹਰਾ ਭਰਾ ਰੱਖਿਆ ਹੋਇਆ ਹੈ । ਵਿਗਿਆਨੀ ਵੀ ਦੂਜੀਆਂ ਧਰਤੀਆਂ ਤੇ ਪਾਣੀ ਇਸੇ ਲਈ ਤਲਾਸ਼ਦੇ ਹਨ ਕਿ ਪਾਣੀ ਹੀ ਜੀਵ ਦੀ ਸ਼ੁਰੂਆਤ ਹੁੰਦੀ ਹੈ । ਹਰ ਜੀਵ ਵਿੱਚ ਵੀ ਦੋ ਤਿਹਾਈ ਪਾਣੀ ਹੀ ਹੁੰਦਾ ਹੈ ਜਦ ਕਿ ਸਾਡੀ ਧਰਤੀ ਤੇ ਵੀ ਪਾਣੀ ਦੀ ਓਹੀ ਮਿਕਦਾਰ ਦੋ-ਤਿਹਾਈ ਹੀ ਹੈ । ਜੋ ਚੀਜ ਜੀਵ ਰਹਿਤ ਹੈ ਅਰਥਾਤ ਖੁਦ ਨਹੀਂ ਜਿਉਂਦੀ ਉਹ ਕਿਸੇ ਵੀ ਜਿਉਂਦੀ ਚੀਜ ਦਾ ਆਹਾਰ ਹੀ ਨਹੀਂ ਬਣ ਸਕਦੀ ।
ਜੀਵਨ ਜੀਵਨ ਵਿੱਚ ਸਮਾਉਂਦਾ ਤੁਰਿਆ ਜਾਂਦਾ ਹੈ । ਤੱਤਾਂ ਵਿੱਚ ਤੱਤ ਵਿੱਛੜਦੇ-ਮਿਲਦੇ ਰਹਿੰਦੇ ਹਨ । ਆਖਰ ਨੂੰ ਸਮੁੱਚਾ ਜੀਵ ਇੱਕ ਵਿੱਚ ਹੀ ਸਮਾ ਜਾਂਦਾ ਹੈ ਜਿਸ ਇੱਕ ਤੋਂ ਇਹ ਸ਼ੁਰੂ ਹੋਇਆ ਹੁੰਦਾ ਹੈ । ਇਹੀ ਜੀਵਨ ਦਾ ਚੱਕਰ ਹੈ । ਧਿਆਨ ਨਾਲ ਵਿਚਾਰਨ ਤੇ ਪਤਾ ਚਲਦਾ ਹੈ ਕਿ ਹਰ ਚੀਜ਼ ਇੱਕ ਦੂਜੇ ਨੂੰ ਖਾਂਦੀ ਸਾਈਕਲ ਤੇ ਰੀ-ਸਾਈਕਲ ਹੁੰਦੀ ਰਹਿੰਦੀ ਹੈ । ਜਿਸ ਤਰਾਂ ਪਾਣੀ ਦਰਿਆਵਾਂ,ਸਮੁੰਦਰਾਂ ਅਤੇ ਸਮੁੱਚੇ ਜੀਵਨ ਦੇ ਵਿੱਚੋਂ ਦੀ ਰੀ-ਸਾਈਕਲ ਹੁੰਦਾ ਹੋਇਆ ਮੁੜ ਉਸੇ ਰਸਤੇ ਚੱਲ ਪੈਂਦਾ ਹੈ । ਸੋ ਸਾਡੇ ਜੀਵਨ ਦਾ ਵਹਿਣ ਵੀ ਪਾਣੀ ਵਾਂਗ ਅਕਾਰਾਂ ਵਿੱਚ ਦੀ ਹੁੰਦਾ ਹੋਇਆ ਨਿਰਾਕਾਰ ਵੱਲ ਨੂੰ ਨਿਰੰਤਰ ਜਾਰੀ ਹੈ ।
ਕਈ ਵਾਰ ਅਸੀਂ ਭੋਜਨ ਖਾਣ ਦੇ ਮੁੱਦੇ ਤੇ ਮਾਸਾਹਾਰੀ ਤੇ ਸਾਕਾਹਾਰੀ ਦੀ ਦੀਵਾਰ ਦਾ ਭਰਮ ਬਣਾ ਬੈਠਦੇ ਹਾਂ । ਸਾਡੇ ਅਨੁਸਾਰ ਫਲ ਸਬਜੀਆਂ ਅਤੇ ਅਨਾਜ ਖਾਣ ਵਾਲਾ ਸਾਕਾਹਾਰੀ ਹੁੰਦਾ ਹੈ ਜਦ ਕਿ ਜੀਵ ਖਾਣ ਵਾਲਾ ਮਾਸਾਹਾਰੀ । ਇੱਥੇ ਸਵਾਲ ਬਣ ਜਾਂਦਾ ਹੈ ਕਿ ਮਾਸਾਹਾਰੀ ਅਤੇ ਸਾਕਾਹਾਰੀ ਵਿੱਚ ਅੰਤਰ ਕਿਵੇਂ ਕਰੀਏ । ਹਰ ਸਬਜੀ ਫਲ ਤੇ ਅਨਾਜ ਦਾ ਹਰ ਦਾਣਾ ਸੰਪੂਰਨ ਜੀਵਨ ਹੈ । ਪਾਣੀ ਦਾ ਹਰ ਇੱਕ ਤੁਪਕਾ ਜੀਵ ਹੈ । ਬਨਸਪਤੀ ਵੀ ਸਾਡੇ ਵਾਂਗ ਸਾਹ ਲੈਂਦੀ, ਖੁਰਾਕ ਖਾਂਦੀ, ਵਧਦੀ-ਫੁਲਦੀ ਅਤੇ ਜਿਉਂਦੀ-ਮਰਦੀ ਹੈ । ਲਾਜਵੰਤੀ(ਛੂਈ-ਮੂਈ)ਦਾ ਬੂਟਾ ਹੱਥ ਲਗਾਣ ਤੇ ਕੁਮਲਾਅ(ਸ਼ਰਮਾਅ) ਕੇ ਇਕੱਠਾ ਹੋ ਜਾਂਦਾ ਹੈ । ਕੁੱਝ ਪੌਦੇ ਛੋਟੇ ਛੋਟੇ ਜੀਵ ਖਾਂਦੇ ਹਨ ।
ਸਮੁੰਦਰੀ ਜੀਵਨ ਦਾ ਅਧਿਅਨ ਕਰਨ ਵਾਲੇ ਜਾਣਦੇ ਹਨ ਕਿ ਸਮੁੰਦਰੀ ਤਲ ਤੇ ਕੁਝ ਅਜਿਹੇ ਬੂਟੇ ਹਨ ਜੋ ਤੁਰਦੇ ਵੀ ਹਨ । ਉਹਨਾਂ ਦੀਆਂ ਸ਼ਾਖਾਵਾਂ ਝੁਕ ਕੇ ਤਲ ਨਾਲ ਲਗਦਿਆਂ ਹੀ ਜੜ੍ਹਾਂ ਬਣ ਜਾਂਦੀਆਂ ਹਨ ਅਤੇ ਜੜ੍ਹਾਂ ਤਲ ਤੋਂ ਬਾਹਰ ਆ ਸ਼ਾਖਾਵਾਂ ਬਣ ਜਾਂਦੀਆਂ ਹਨ । ਇਸ ਤਰਾਂ ਪੌਦਾ ਕਲਾਬਾਜੀਆਂ ਖਾਂਦਾ ਹੌਲੀ ਹੌਲੀ ਤੁਰਦਾ ਰਹਿੰਦਾ ਹੈ । ਪੌਦਿਆਂ ਵਿੱਚ ਵੀ ਮੇਲ ਤੇ ਫੀ-ਮੇਲ ਪੌਦਿਆਂ ਦੇ ਜਨਣ-ਅੰਸ਼ਾ ਦੇ ਸੁਮੇਲ ਨਾਲ ਹੋਰ ਨਵੇਂ ਬੀਜਾਂ ਅਤੇ ਪੌਦਿਆਂ ਦੀ ਉਤਪਤੀ ਹੁੰਦੀ ਹੈ । ਕਈ ਵਾਰ ਇਹ ਮੇਲ ਤੇ ਫੀ-ਮੇਲ ਅੰਸ਼ ਇਕ ਹੀ ਪੌਦੇ ਅੰਦਰ ਹੁੰਦੇ ਹਨ ਅਤੇ ਕਈ ਵਾਰ ਵੱਖ-ਵੱਖ ਬੂਟਿਆਂ ਤੇ । ਫੁੱਲਾਂ ਵਿੱਚ ਇਸਨੂੰ ਪੂੰ-ਕੇਸਰ ਅਤੇ ਇਸਤਰੀ ਕੇਸਰ ਵੀ ਆਖਿਆ ਜਾਂਦਾ ਹੈ । ਸੋ ਪੌਦਿਆਂ ਦੀ ਜਨਣ ਕਿਰਿਆ ਵੀ ਜੀਵਾਂ ਨਾਲ ਹੀ ਮੇਲ ਖਾਂਦੀ ਹੈ । ਬਨਸਪਤੀ ਅਤੇ ਜੀਵਾਂ ਦੇ ਸੈੱਲ ਵੀ ਇੱਕ ਦੂਜੇ ਨਾਲ ਰਲਦੇ-ਮਿਲਦੇ ਹੀ ਹਨ । ਜੀਵਾਂ ਅਤੇ ਪੌਦਿਆਂ ਦਾ ਅਸਲ ਫਰਕ ਉਹਨਾ ਅੰਦਰ ਵਿਕਸਤ ਹੋਈਆਂ ਅਤੇ ਹੋ ਰਹੀਆਂ ਪ੍ਰਣਾਲੀਆਂ ਦਾ ਹੀ ਹੈ । ਜੀਵ ਦਾ ਇਹ ਵਿਕਾਸ ਆਦਿ ਕਾਲ ਤੋਂ ਨਿਰੰਤਰ ਜਾਰੀ ਹੈ । ਸਮੁੱਚੇ ਜੀਵਾਂ ਦੇ ਸੰਸਾਰ ਵਿੱਚ ਮਨੁੱਖ ਅੰਦਰ ਹੀ ਸਭ ਤੋਂ ਜਿਆਦਾ ਜੀਵ ਵਿਕਸਤ ਹੋਇਆ ਹੈ । ਇਸੇ ਤਰਾਂ ਚੇਤਨਾ ਦੇ ਵਿਕਾਸ ਵਿੱਚ ਵੀ ਮਨੁੱਖ ਸਰਬੋਤਮ ਹੈ।
ਮਨੁੱਖ ਦੇ ਭੋਜਨ ਵਿੱਚ ਜੀਵ ਹੱਤਿਆ ਦਾ ਮਸਲਾ ਵੀ ਧਿਆਨ ਮੰਗਦਾ ਹੈ । ਮਾਸ ਖਾਣ ਵਾਲੇ ਉੱਤੇ ਸਿੱਧਾ ਜਾਂ ਅਸਿੱਧਾ ਜੀਵ ਹੱਤਿਆ ਦਾ ਦੋਸ਼ ਲਗਾ ਇਸ ਨੂੰ ਪਾਪ ਨਾਲ ਜੋੜ ਦਿੱਤਾ ਜਾਂਦਾ ਹੈ । ਜਦ ਕਿ ਸਬਜੀਆਂ ਅੰਨ ਆਦਿ ਖਾਣ ਵਾਲੇ ਵੀ ਫਲ ਸਬਜੀ ਰੂਪੀ ਜੀਵ ਨੂੰ ਕਤਲ ਕਰ ਅਗਿਆਨਤਾ ਵਸ ਕਿਸੇ ਪੁੰਨ ਦਾ ਭਰਮ ਪਾਲੀ ਬੈੱਠੇ ਹੁੰਦੇ ਹਨ । ਦੁੱਧ ਪੀਣ ਵਾਲਾ ਵੀ ਭੁੱਲ ਬੈਠਦਾ ਹੈ ਕਿ ਇਹ ਵੀ ਇੱਕ ਤਰਲ ਮਾਸ ਹੀ ਹੈ । ਦੁੱਧ ਤੋਂ ਬਣੇ ਸਭ ਪਦਾਰਥ ਉਸੇ ਦਾ ਹੀ ਰੂਪ ਹੁੰਦੇ ਹਨ । ਸਾਡੇ ਸਾਰੇ ਸੰਸਾਰ ਵਿੱਚ ਵਰਤੀ ਜਾ ਰਹੀ ਹਰ ਵਸਤੂ ਮਾਸ ਦਾ ਹੀ ਕੋਈ ਰੂਪ ਹੁੰਦੀ ਹੈ । ਅਸੀਂ ਕੇਵਲ ਅਗਿਆਨਤਾ ਵਸ ਜਾਂ ਆਪਣੀ ਮਜਬੂਰੀ ਕਾਰਣ ਹੀ ਦੇਖ ਨਹੀਂ ਰਹੇ ਹੁੰਦੇ ।
ਧਿਆਨ ਨਾਲ ਦੇਖਿਆ ਜਾਵੇ ਤਾਂ ਸਾਡਾ ਸ਼ਰੀਰ ਵੀ ਇਕੱਲਾ ਸਾਡਾ ਨਹੀਂ ਹੁੰਦਾ । ਸਾਡੇ ਸ਼ਰੀਰ ਵਿੱਚ ਕਰੋੜਾਂ ਜੀਵਾਂ ਦਾ ਵਾਸਾ ਹੁੰਦਾ ਹੈ ਜੋ ਨਿਰੰਤਰ ਜੰਮਦੇ ਅਤੇ ਮਰਦੇ ਰਹਿੰਦੇ ਹਨ । ਇੱਥੋਂ ਤੱਕ ਕਿ ਸਾਡੇ ਸਾਹ ਲੈਣ ਨਾਲ ਵੀ ਅਨੇਕਾਂ ਜੀਵ ਮਰਦੇ ਹਨ । ਸਾਡੇ ਸ਼ਰੀਰ ਅੰਦਰਲੇ ਜੀਵ ਵੀ ਇੱਕ ਦੂਜੇ ਨੂੰ ਖਾਂਦੇ ਰਹਿੰਦੇ ਹਨ । ਅਸਲ ਵਿੱਚ ਸਾਡਾ ਪਿੰਡ ਰੂਪੀ ਸ਼ਰੀਰ ਆਪਣੇ ਆਪ ਵਿੱਚ ਬਹੁਤ ਜੀਵਾਂ ਦਾ ਸਮੂਹ ਹੀ ਹੈ । ਜਿਸ ਵੇਲੇ ਅਸੀਂ ਭੋਜਨ ਦੀ ਕਮੀ ਕਾਰਣ ਜਾਂ ਮਜਬੂਰੀ ਵਸ ਭੋਜਨ ਖਾ ਨਹੀਂ ਰਹੇ ਹੁੰਦੇ ਉਸ ਵੇਲੇ ਅਸੀਂ ਆਪਣੇ ਅੰਦਰ ਜਮਾ ਹੋਏ ਫੈਟ ਰੂਪੀ ਮਾਸ ਨੂੰ ਖਾ ਰਹੇ ਹੁੰਦੇ ਹਾਂ ਅਰਥਾਤ ਆਪਦਾ ਮਾਸ ਆਪ ਹੀ ਖਾ ਰਹੇ ਹੁੰਦੇ ਹਾਂ ।
ਜਦੋਂ ਅਸੀਂ ਕਿਸੇ ਕਾਰਣ ਬਿਮਾਰ ਹੁੰਦੇ ਹਾਂ ਤਾਂ ਅਸੀਂ ਤੁਰੰਤ ਸ਼ਰੀਰ ਵਿੱਚ ਫੈਲ ਰਹੇ ਕਿਟਾਣੂਆਂ ਦੇ ਕਤਲ ਲਈ ਦਵਾਈ ਬੂਟੀ ਦਾ ਪਰਬੰਧ ਕਰਦੇ ਹਾਂ । ਸਿਰ ਵਿੱਚ ਪਈਆਂ ਜੂੰਆਂ ਨੂੰ ਤੁਰੰਤ ਨੌਹਾਂ ਤੇ ਹੀ ਝਟਕਾ ਸੁੱਟਦੇ ਹਾਂ । ਮੱਛਰਾਂ,ਟਿੱਡੀਆਂ,ਚੂਹਿਆਂ ,ਸੱਪਾਂ ਨੂੰ ਮਾਰਨਾ ਪੁੰਨ ਸਮਝਦੇ ਹਾਂ । ਬੜੀ ਹੈਰਾਨੀ ਹੁੰਦੀ ਹੈ ਜਦੋਂ ਕਿਸਾਨ ਨੂੰ ਫਸਲਾਂ ਵਿੱਚ ਪਈਆਂ ਕਰੋੜਾਂ ਸੁੰਡੀਆਂ ਨੂੰ ਸਪਰੇਅ ਕਰ ਮਾਰ-ਮੁਕਾਉਣ ਤੋਂ ਬਾਅਦ ਘਰੇ ਆਕੇ ਮੁਰਗਾ ਖਾਣ ਵਿੱਚ ਪਾਪ ਨਜ਼ਰ ਆਉਣ ਲਗਦਾ ਹੈ । ਅਸਲ ਵਿੱਚ ਇਹ ਸਾਰਾ ਕਸੂਰ ਭੋਲੇ ਸ਼ਰਧਾਲੂਆਂ ਦਾ ਨਹੀਂ ਸਗੋਂ ਗੁਰਮਤਿ ਦੇ ਉਹਨਾ ਵਿਆਖਿਆਕਾਰਾਂ ਦਾ ਹੈ ਜਿਨਾਂ ਬਾਬੇ ਨਾਨਕ ਦੇ ਚਲਾਏ ਆਨੰਤ ਕਾਲ ਤੱਕ ਸੱਚ ਰਹਿ ਮਨੁੱਖ ਨੂੰ ਸਰਬਖੇਤਰੀ ਸੇਧ ਦੇਣ ਵਾਲੇ, ਨਿਰਮਲ,ਨਿਆਰੇ ਅਤੇ ਮੂਲੋਂ ਹੀ ਨਵੇਂ ਪੰਥ ਨੂੰ ਵੈਦਿਕ ਅਤੇ ਪੁਰਾਣਿਕ ਅਰਥਾਵਲੀ ਰਾਹੀਂ ਪਰਾਚੀਨ,ਵੈਸ਼ਨਵ, ਸਨਾਤਨੀ,ਉਦਾਸੀ ਅਤੇ ਨਿਰਮਲੇ ਸਾਧਮਤੀਆਂ ਦੇ ਪੰਥਾਂ ਨਾਲ ਰਲ਼-ਗੱਡ ਕਰ ਦਿੱਤਾ ਹੈ । ਗੁਰੂ ਨਾਨਕ ਸਾਹਿਬ ਜੀ ਦੀ ਦੱਸੀ ਇਹ ਨਿਆਰੀ ਜੀਵਨ ਜਾਂਚ ਕੇਵਲ ਉਹਨਾਂ ਲੋਕਾਂ ਲਈ ਹੀ ਨਹੀਂ ਹੈ ਜਿਨਾਂ ਨੂੰ ਫਲ ਸਬਜੀਆਂ ਜਾਂ ਅੰਨ ਹੀ ਉਪਲੱਭਦ ਹੁੰਦਾ ਹੈ ਸਗੋਂ ਦੁਨੀਆਂ ਦੇ ਹਰ ਖੇਤਰ ਵਿੱਚ ਰਹਿ ਰਹੇ ਅਤੇ ਕੇਵਲ ਮਾਸ,ਮੱਛੀਆਂ ਅਤੇ ਆੰਡਿਆਂ ਨੂੰ ਜੀਵਨ ਆਧਾਰ ਬਣਾਕੇ ਜੀਅ ਰਹੇ ਹਰ ਇਨਸਾਨ ਲਈ ਵੀ ਹੈ ।
ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਅਨੁਸਾਰ ਮਾਸ ਨੂੰ ਰਸ ਆਖ ਕੇਵਲ ਉਸੇ ਰਸ ਤੋਂ ਬਚਣ ਦੀ ਗੱਲ ਕਰਦੇ ਹਾਂ ਤਾਂ ਉਦੋਂ ਅਸੀਂ ਉਸੇ ਸ਼ਬਦ ਵਿੱਚ ਆਏ ਪਹਿਲੇ ਰਸਾਂ ਵਾਰੇ ਚੁੱਪ ਕਰ ਜਾਂਦੇ ਹਾਂ ਜੋ ਕਿ ਸਾਨੂੰ ਸਭ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬਹੁਤ ਹੀ ਬੁਰੀ ਤਰਾਂ ਚਿੰਬੜੇ ਹੋਏ ਹੁੰਦੇ ਹਨ । ਜਿਹਨਾਂ ਤੋਂ ਬਚਣਾ ਸਾਨੂੰ ਜਿਆਦਾ ਜਰੂਰੀ ਵੀ ਨਹੀਂ ਲਗਦਾ ਅਤੇ ਚਾਹ ਕੇ ਵੀ ਇਹਨਾ ਤੋਂ ਅਸੀਂ ਬਚ ਵੀ ਨਹੀਂ ਸਕਦੇ । ਸੋ ਕਿਸੇ ਵੀ ਭੋਜਨ ਜਾਂ ਪਦਾਰਥ ਦੀ ਉਚੇਚ ਨਾਲ ਚੇਸ਼ਠਾ ਰੱਖਣੀ ਰਸ ਅਖਵਾਉਂਦਾ ਹੈ ਅਤੇ ਅਜਿਹੇ ਰਸ ਦੀ ਜਿਆਦਾ ਤਵੱਕੋਂ ਹੀ ਤਨ ਪੀੜ ਕੇ ਖੁਆਰੀ ਪੈਦਾ ਕਰਦੀ ਹੈ । ਇਹ ਨਿਯਮ ਹਰ ਰਸ ਤੇ ਬਰਾਬਰ ਲਾਗੂ ਹੁੰਦਾ ਹੈ ।
ਗੁਰਬਾਣੀ ਵੀ ਇਸ ਸੰਸਾਰ ਨੂੰ ਮਾਸ ਦਾ ਬਣਿਆਂ ਆਖ ਸਾਡਾ ਜਨਮ ਤੋਂ ਮਰਨ ਤੱਕ ਦਾ ਸਫਰ ਮਾਸ ਰਾਹੀਂ ਅਤੇ ਮਾਸ ਵਿੱਚ ਹੀ ਬਿਆਨਦੀ ਹੈ । ਇਸੇ ਲਈ ਗੁਰਬਾਣੀ ਵਿੱਚ ਮਾਸ ਖਾਣ ਜਾਂ ਨਾ ਖਾਣ ਦਾ ਝਗੜਾ ਕਰਨ ਵਾਲੇ ਨੂੰ ਮੂਰਖ ਆਖਕੇ ਗਿਆਨ ਨਾਲ ਜੁੜਨ ਦੀ ਤਾਕੀਦ ਕੀਤੀ ਗਈ ਹੈ ਕਿਉਂਕਿ ਗੁਰ-ਗਿਆਨ ਹੀ ਹਰ ਤਰਾਂ ਦੇ ਵਹਿਮਾ-ਭਰਮਾਂ ਦੀ ਦੀਵਾਰ ਨੂੰ ਤੋੜਕੇ ਕੁਦਰਤ ਰੂਪੀ ਸੱਚ ਦੇ ਅਟੱਲ ਨਿਯਮਾਂ ਨੂੰ ਸਮਝਾ ਪਰਮ ਸੱਚ ਨਾਲ ਇੱਕ-ਮਿੱਕਤਾ ਹਾਸਲ ਕਰਾ ਸਕਦਾ ਹੈ ।
.