.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਭਰੋਸਾ ਤੇ ਸੰਤੋਖ

ਗੁਰੂ ਗ੍ਰੰਥ ਸਹਿਬ `ਤੇ ਭਰੋਸਾ ਰੱਖਣ ਵਾਲਾ ਕਦੇ ਕਿਸੇ ਹੋਰ ਰਚਨਾ ਦਾ ਗੁਰੂ ਦੇ ਬਰਾਬਰ ਪ੍ਰਕਾਸ਼ ਨਹੀਂ ਕਰੇਗਾ।
ਮਨੁੱਖ ਦੇ ਸੁਭਾਅ ਵਿੱਚ ਇੱਕ ਚਾਹਨਾ ਬਣੀ ਰਹਿੰਦੀ ਹੈ ਕਿ ਮੈਂ ਪੂਰੇ ਰੱਬ ਜੀ ਦੇ ਦਰਸ਼ਨ ਕਰਾਂ। ਜੇ ਮੈਂ ਆਪ ਰੱਬ ਜੀ ਨੂੰ ਦੇਖ ਨਹੀਂ ਸਕਦਾ ਤਾਂ ਘੱਟੋ ਘੱਟ ਉਸ ਸ਼ਖ਼ਸ਼ ਨੂੰ ਮਿਲਿਆ ਜਾਏ ਜਿਸ ਨੇ ਰੱਬ ਨੂੰ ਸਰੀਰਕ ਤਲ਼ `ਤੇ ਦੇਖਿਆ ਹੋਵੇ ਤੇ ਮੈਨੂੰ ਦਿਖਾਲ ਸਕਦਾ ਹੋਵੇ। ਆਮ ਮਨੁੱਖ ਦੀ ਇਹ ਇੱਕ ਅਜੇਹੀ ਕਮਜ਼ੋਰੀ ਸੀ, ਜਿਸ ਦਾ ਨਾਮ ਧਰੀਕ ਚਲਾਕ ਬਿਰਤੀ ਵਾਲੇ ਪੁਜਾਰੀਆਂ ਤਥਾ ਸਾਧਾਂ ਸੰਤਾਂ ਨੇ ਭਰਪੂਰ ਫ਼ਾਇਦਾ ਉਠਾਇਆ। ਵਿਚਾਰੇ ਲੋਕਾਂ ਨੂੰ ਰੱਬ ਤਾਂ ਨਾ ਲੱਭਿਆ ਪਰ ਜੁਗਤੀਆਂ ਦੱਸਣ ਵਾਲੇ ਇਹ ਪਖੰਡੀ ਲੋਕ ਜ਼ਰੂਰ ਮਾਲਾ ਮਾਲ ਹੋ ਗਏ।
ਗੁਰੂ ਨਾਨਕ ਸਾਹਿਬ ਜੀ ਨੇ ਰੱਬ ਪ੍ਰਤੀ ਜੋ ਖ਼ਿਆਲ ਦਿੱਤੇ ਹਨ ਉਹ ਦੁਨੀਆਂ ਨਾਲੋਂ ਨਿਵੇਕਲੇ ਹਨ। ਰੱਬ ਸਾਡੇ ਨਾਲੋਂ ਵੱਖਰਾ ਨਹੀਂ ਹੈ। ਸਿਰਫ਼ ਉਸ ਦੇ ਨਾਮ ਦਾ ਅਭਿਆਸ ਕਰਨ ਦੀ ਜ਼ਰੂਰਤ ਹੈ। ਇਸ ਅਭਿਆਸ ਦਾ ਨਾਂ ਹੈ ਅਮਲੀ ਜੀਵਨ। ਅਸੀਂ ਅਮਲੀ ਜੀਵਨ ਦੀ ਥਾਂ `ਤੇ ਕਈ ਪਰਕਾਰ ਦੇ ਅਭਿਆਸਾਂ ਵਿੱਚ ਜੁੱਟ ਗਏ ਹਾਂ। ਜਿਸ ਦਾ ਅਸਰ ਇਹ ਹੋਇਆ ਹੈ, ਕਿ ਜੀਵਨ ਵਿਚੋਂ ਸਦਾਚਾਰਕ ਵਰਗੀਆਂ ਸਚਾਈਆਂ ਦੀ ਥਾਂ `ਤੇ ਨਿਤ ਨਵੇਂ ਕਰਮ ਕਾਂਡਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਕੀ ਰਾਜਨੀਤਕ ਨੇਤਾ ਜਨ, ਕੀ ਧਾਰਮਕ ਪੁਜਾਰੀ, ਕੀ ਹਰੇਕ ਕਿਸਮ ਦਾ ਸਰਕਾਰੀ ਅਰਧ-ਸਰਕਾਰੀ ਮੁਲਾਜ਼ਮ ਤੇ ਆਮ ਜੰਤਾਂ ਵਿਚੋਂ ਸਬਰ ਤੇ ਸੰਤੋਖ ਵਰਗੇ ਕੁਦਰਤੀ ਗੁਣਾਂ ਦੀ ਘਾਟ ਹੀ ਨਜ਼ਰ ਆਉਂਦੀ ਹੈ।
ਭਰੋਸਾ ਤੇ ਸਤੋਖ ਆਪਸ ਵਿੱਚ ਦੋ ਸਕੇ ਭਰਾ ਹਨ ਤੇ ਇਕੋ ਹੀ ਸਿੱਕੇ ਦੋ ਪਹਿਲੂ ਹਨ। ਜੇ ਡੂੰਘਾਈ ਨਾਲ ਦੇਖਿਆ ਜਾਏ ਤਾਂ ਇਹਨਾਂ ਦੋ ਥੰਮ੍ਹਾਂ `ਤੇ ਸਿੱਖ ਸਿਧਾਂਤ ਦੀ ਨੀਂਹ ਰੱਖੀ ਹੈ। ਸਿੱਖ ਦਾ ਇੱਕ ਤਾਂ ਗੁਰੂ ਤੇ ਭਰੋਸਾ ਹੈ ਦੂਸਰਾ ਸੰਤੋਖ ਨਾਲ ਜ਼ਿਉਂਦਾ ਹੈ। ਏਹੀ ਕਾਰਨ ਹੈ ਕਿ ਕੋਈ ਜ਼ੁਲਮ ਇਸ ਨੂੰ ਝੁਕਾਅ ਨਹੀਂ ਸਕਿਆ ਤੇ ਸਮੇਂ ਦੀਆਂ ਸਰਕਾਰਾਂ ਇਸ ਨੂੰ ਖਰੀਦ ਵੀ ਨਾ ਸਕੀਆਂ। ਕਈ ਲਿਖਾਰੀਆਂ ਨੇ ਅੱਖੀਂ ਦੇਖੀਆਂ ਘਟਨਾਵਾਂ ਨੂੰ ਕਲਮ ਬੰਦ ਵੀ ਕੀਤਾ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਅੱਖੀ ਦੇਖੀ ਘਟਨਾ ਨੂੰ ਖ਼ਾਫੀ ਖ਼ਾਂ ਨੇ ਲਿਖਿਆ ਹੈ ਕਿ ਇੱਕ ਉਹ ਨੌਜਵਾਨ ਜਿਸ ਦੇ ਵਿਆਹ ਹੋਏ ਨੂੰ ਅਜੇ ਕੁੱਝ ਹੀ ਦਿਨ ਹੋਏ ਸਨ। ਉਸ ਦੀ ਮਾਂ ਨੇ ਕਿਸੇ ਨਾ ਕਿਸੇ ਤਰੀਕੇ ਰਾਂਹੀ ਆਪਣੇ ਬੱਚੇ ਦੀ ਰਿਹਾਈ ਦੇ ਆਰਡਰ ਕਰਾ ਲਏ। ਜਦ ਬੱਚੇ ਨੂੰ ਪਤਾ ਲੱਗਿਆ ਕਿ ਮੇਰੀ ਰਿਹਾਈ ਦੇ ਆਰਡਰ ਹੋ ਗਏ ਹਨ ਤਾਂ ਉਸ ਬੱਚੇ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ, ਕਿ ਮੇਰਾ ਭੋਰਸਾ ਕੇਵਲ ਗੁਰੂ `ਤੇ ਹੈ। ਬਾਕੀ ਮੈਨੂੰ ਕੋਈ ਲਾਲਚ ਨਹੀਂ ਹੈ। ਮੈਂ ਵੀ ਆਪਣੇ ਵੀਰਾਂ ਤੇ ਬਜ਼ਰੁਗਾਂ ਵਾਂਗ ਸ਼ਹਾਦਤ ਦਾ ਜਾਮ ਪੀਣਾ ਹੈ। ਭਰੋਸਾ ਤੇ ਸੰਤੋਖ ਬੱਚੇ ਦੇ ਜੀਵਨ ਵਿਚੋਂ ਡੁਲ੍ਹ ਡੁਲ੍ਹ ਪੈਂਦਾ ਸੀ। ਜੇ ਸੰਤੋਖ ਹੀ ਸੀ ਤਾਂ ਬੱਚੇ ਉੱਤੇ ਲਾਲਚ ਅਸਰ ਨਹੀਂ ਕਰ ਸਕਿਆ। ਸਰਕਾਰੀ ਸਹੂਲਤਾਂ ਬੱਚੇ ਨੂੰ ਖਰੀਦ ਨਾ ਸਕੀਆਂ।
ਹੁਣ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਲੋਕ ਨੂੰ ਦੇਖਦੇ ਹਾਂ ਜਿਸ ਵਿੱਚ ਉੇਹਨਾਂ ਨੇ ਭਰੋਸੇ ਤੇ ਸੰਤੋਖ ਦੀ ਗੱਲ ਕੀਤੀ ਹੈ---
ਸਿਦਕੁ ਸਬੂਰੀ ਸਾਦਿਕਾ, ਸਬਰੁ ਤੋਸਾ ਮਲਾਇਕਾਂ।।
ਦੀਦਾਰੁ ਪੂਰੇ ਪਾਇਸਾ, ਥਾਉ ਨਾਹੀ ਖਾਇਕਾ।। ੨।।
ਸਲੋਕ ਮ: ੧ ਪੰਨਾ ੮੩

ਇਸ ਸਲੋਕ ਵਿੱਚ ਸਿਦਕੀ, ਭਰੋਸਾ, ਸ਼ੁਕਰ, ਗੁਰਮੁਖ, ਸੰਤੋਖ, ਰਾਹ ਦਾ ਖਰਚ, ਰੱਬ ਦਾ ਦੀਦਾਰ ਤੇ ਫੋਕੀਆਂ ਗੱਲਾਂ ਦੀ ਵਿਚਾਰ ਕੀਤੀ ਹੈ। ਸਿਦਕੀ ਪਾਸ ਭਰੋਸਾ ਤੇ ਸ਼ੁਕਰ ਦੀ ਰਾਸ ਪੂੰਜੀ ਹੁੰਦੀ ਹੈ। ਗੁਰਮੁਖ ਪਾਸ ਸੰਤੋਖ ਦੀ ਰਾਸ ਹੈ। ਇਹਨਾਂ ਗੁਣਾਂ ਦੀ ਵਰਤੋਂ ਕਰਨਾ ਹੀ ਰੱਬ ਦਾ ਦੀਦਾਰ ਹੈ। ਅਮਲੀ ਜੀਵਨ ਤੋਂ ਬਿਨਾ ਨਿਰੀਆਂ ਗੱਲਾਂ ਕਰਨ ਨਾਲ ਕਦੇ ਵੀ ਰੱਬ ਜੀ ਨਹੀਂ ਮਿਲ ਸਕਦੇ।
ਜਿਸ ਤਰ੍ਹਾਂ ਕੋਈ ਮਨੁੱਖ ਦੂਰ ਕਿਸੇ ਸ਼ਹਿਰ ਜਾਂਦਾ ਹੈ ਤਾਂ ਉਹ ਰਾਹ ਵਿੱਚ ਆਪਣੇ ਵਰਤੋਂ ਵਾਲੀਆਂ ਜ਼ਰੂਰੀ ਵਸਤਾਂ ਤੇ ਖਾਦ ਖ਼ੁਰਾਕ ਦਾ ਸਮਾਨ ਪੱਲ੍ਹੇ ਬੰਨ੍ਹ ਲੈਂਦਾ ਹੈ। ਏਸੇ ਤਰ੍ਹਾਂ ਹੀ ਸੰਸਾਰ ਵਿੱਚ ਜ਼ਿੰਦਗੀ ਜਿਉਣਾ ਵੀ ਇੱਕ ਸਫ਼ਰ ਹੈ ਤੇ ਇਸ ਲਈ ਅਤਮਕ ਤਲ਼ ਦੀਆਂ ਵਸਤੂਆਂ ਦੀ ਜ਼ਰੂਰਤ ਹੈ।
ਭਰੋਸਾ `ਤੇ ਸੰਤੋਖ ਅਜੇਹੇ ਦੋ ਗੁਣ ਹਨ ਜੋ ਕਿਸੇ ਕਿਸਮ ਦਾ ਸਮਝੌਤਾ ਵਾਦੀ ਨਹੀਂ ਹਨ। ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਸ਼ਹਾਦਤਾਂ ਵਾਲਾ ਰਸਤਾ ਆਉਂਦਾ ਹੈ। ਇਹ ਰਸਤਾ ਹਰ ਗੈਰ ਕੁਦਰਤੀ ਸਮਝਾਉਂਦਿਆਂ ਨੂੰ ਰੱਦ ਕਰਦਾ ਹੈ।
ਹਰ ਅਖ਼ਬਾਰ ਵਿੱਚ ਮੋਟੀਆਂ ਸੁਰਖੀਆਂ ਲੱਗੀਆਂ ਹੁੰਦੀਆਂ ਹਨ ਕਿ ਫਲ੍ਹਾਣੇ ਅਫ਼ਸਰ ਨੂੰ ਵਿਜੀਲੈਂਸ ਵਾਲਿਆਂ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜ ਲਿਆ ਤੇ ਉਸ ਦੀ ਚੱਲ ਤੇ ਅਚੱਲ ਜਾਇਦਾਦ ਦੀ ਪਛਤਾਲ ਹੋ ਰਹੀ ਹੈ। ਅਫ਼ਸਰ ਨੂੰ ਨੌਕਰੀ ਤਾਂ ਮਿਲੀ ਹੈ ਪਰ ਉਸ ਨੂੰ ਸੰਤੋਖ ਨਹੀਂ ਹੈ। ਜੇ ਹਰ ਰਿਸ਼ਵਤ ਲੈਣ ਵਾਲਾ ਚਾਹੇ ਉਹ ਕਿਸੇ ਵੀ ਪੇਸ਼ੇ ਨਾਲ ਸਬੰਧ ਰੱਖਦਾ ਹੋਵੇ ਕਿ ਮੈਨੂੰ ਆਪਣੀ ਕਿਰਤ `ਤੇ ਭਰੋਸਾ ਹੈ, ਮੈਂ ਸੰਤੋਖੀ ਜੀਵਨ ਬਤੀਤ ਕਰਨਾ ਹੈ। ਕਿਸੇ ਪਰਕਾਰ ਦਾ ਕੋਈ ਲਾਲਾਚ ਨਹੀਂ ਕਰਨਾ ਤਾਂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਅਸਲ ਵਿੱਚ ਉਸ ਨੂੰ ਰੱਬੀ ਦੀਦਾਰ ਹੋ ਰਿਹਾ ਹੈ।
ਜੇ ਇਹ ਕਹਿਆ ਜਾਏ ਕਿ ਮੈਂ ਜੀ ਕੋਈ ਰਿਸ਼ਵਤ ਨਹੀਂ ਲੈਣੀ, ਪਰ ਰਿਸ਼ਵਤ ਦੀਆਂ ਧੱਜੀਆਂ ਵੀ ਉਡਾਈ ਜਾਏ ਇੰਜ ਕਰਨ ਨਾਲ ਜੀਵਨ ਦੇ ਅਸਲੀ ਮਕਸਦ ਵਿਚੋਂ ਉਹ ਖੁੰਝਿਆ ਹੁੰਦਾ ਹੈ। ਭਾਵ ਨਿਰ੍ਹੀਆਂ ਗੱਲਾਂ ਕਰਨ ਨਾਲ ਰੱਬ ਜੀ ਦੇ ਦੀਦਾਰ ਨਹੀਂ ਹਨ। ਦੂਸਰਾ ਰਿਸ਼ਵਤ ਦੇ ਪੈਸਿਆਂ ਨਾਲ ਲੰਗਰਾਂ ਦੀਆਂ ਸੇਵਾਂਵਾਂ ਨਿਭਾਉਣੀਆਂ ਨਿਰੀਆਂ ਫੋਕਟ ਦੀਆਂ ਹੀ ਗੱਲਾਂ ਹਨ।
ਜੇ ਧਰਮ ਦੀ ਦੁਨੀਆਂ ਵਲ ਦੇਖਿਆ ਜਾਏ ਤਾਂ ਨਿਰ੍ਹਾ ਇੰਜ ਹੀ ਜਾਪਦਾ ਹੈ ਕਿ ਇਹਨਾਂ ਤੁਕਾਂ ਦਾ ਸਿਰਫ ਕੀਰਤਨ ਹੀ ਹੋ ਰਿਹਾ ਹੈ ਅਮਲੀ ਗੱਲਾਂ ਸਾਡੇ ਜੀਵਨ ਵਿਚੋਂ ਗਾਇਬ ਹਨ। ਹਰ ਗੁਰਦੁਆਰੇ ਦਾ ਪ੍ਰਧਾਨ ਅਗਲੀ ਵਾਰੀ ਪਰਧਾਨ ਬਣਨ ਲਈ ਹਰ ਪਰਕਾਰ ਦੇ ਹੱਥ ਕੰਡੇ ਵਰਤ ਰਿਹਾ ਹੈ। ਨਾ ਤਾਂ ਉਸ ਨੂੰ ਗੁਰੂ `ਤੇ ਭਰੋਸਾ ਹੈ ਤੇ ਨਾ ਹੀ ਉਸ ਨੂੰ ਸੰਤੋਖ ਹੈ। ਸਿੱਖ ਕੌਮ ਦੇ ਲੀਡਰਾਂ ਦੀ ਵੀ ਅੱਜ ਏਹੀ ਕਹਾਣੀ ਹੈ। ਜੇਲ੍ਹਾਂ ਕੱਟਣ, ਮੌਰ ਕਟਾੳਣ ਨੂੰ ਆਮ ਵਰਕਰ ਪਰ ਜਦੋਂ ਕੁਰਸੀਆਂ ਦੀ ਵਾਰੀ ਆਉਂਦੀ ਤਾਂ ਭਰੋਸੇ ਤੇ ਸੰਤੋਖ ਨੂੰ ਇੱਕ ਪਾਸੇ ਰੱਖ ਕੇ ਆਪਣੇ ਪਰਵਾਰ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਕੀ ਇਹ ਭਰੋਸੇ ਤੇ ਸੰਤੋਖ ਦੀ ਅਮਲੀ ਕਹਾਣੀ ਹੈ?
ਧਰਮ, ਰਾਜਨੀਤੀ ਤੇ ਸਮਾਜ ਦੇ ਕਿਸੇ ਵਰਗ ਵਿੱਚ ਨਾ ਤਾਂ ਭਰੋਸਾ ਰਿਹਾ ਹੈ ਤੇ ਨਾ ਹੀ ਸੰਤੋਖ ਵਰਗੀਆਂ ਹਕੀਕਤਾਂ ਦਿਸਦੀਆਂ ਹਨ।
ਧਰਮੀ ਸਾਧ ਲਾਣੇ ਨੂੰ ਕਿਰਤ ਤੇ ਗ੍ਰਹਿਸਤ ਉੱਤੇ ਕੋਈ ਭਰੋਸਾ ਨਹੀਂ ਹੈ। ਡੇਰਿਆਂ ਵਿਚੋਂ ਜਦੋਂ ਵਿਭਚਾਰ ਦੀਆਂ ਘਟਨਾਵਾਂ ਜਗ੍ਹ ਜ਼ਾਹਰ ਹੁੰਦੀਆਂ ਹਨ ਤਾਂ ਏਹੀ ਸਮਝ ਆਉਂਦੀ ਹੈ ਕਿ ਹੁਣ ਇਹਨਾਂ ਪਾਸ ਭਰੋਸੇ ਤੇ ਸੰਤੋਖ ਵਰਗੇ ਦੈਵੀ ਗੁਣ ਦੀ ਬਹੁਤ ਵੱਡੀ ਘਾਟ ਹੈ।
ਕਿਰਤੀ ਤੇ ਗ੍ਰਹਿਸਤੀ ਜੇ ਉਹ ਭਰੋਸੇ ਤੇ ਸੰਤੋਖ ਦਾ ਧਾਰਨੀ ਹੋ ਕੇ ਵਿਚਰ ਰਿਹਾ ਹੈ ਤਾਂ ਉਹ ਰੱਬ ਦੇ ਪੂਰੇ ਦੀਦਾਰ ਕਰ ਰਿਹਾ ਹੈ। ਕਿਉਂ ਕਿ ਕਿਰਤੀ ਪਾਸ ਵਿਹਲ ਹੀ ਨਹੀਂ ਹੁੰਦਾ ਕਿ ਉਹ ਵਾਧੂ ਦੀਆਂ ਗੱਲਾਂ ਕਰੇ।
ਸਾਧਾਂ ਸੰਤਾਂ ਨੇ ਭਰੋਸੇ-ਸੰਤੋਖ ਦੀ ਵਰਤੋਂ ਆਪਣੇ ਹਿਸਾਬ ਨਾਲ ਕੀਤੀ ਹੈ ਕਿ ਫਲਾਣੇ ਬੜੇ ਮਹਾਂਰਾਜ ਜੀ ਚੌਂਕੜਾ ਮਾਰ ਕੇ ਬੈਠ ਗਏ ਕਿ ਹੇ ਰੱਬ ਜੀ! ਜਿਸ ਤਰ੍ਹਾਂ ਤੁਸਾਂ ਧੰਨੇ ਭਗਤ ਨੂੰ ਦਰਸ਼ਨ ਦਿੱਤੇ ਸੀ ਏਸੇ ਤਰ੍ਹਾਂ ਤੁਸੀਂ ਸਾਨੂੰ ਵੀ ਦਰਸ਼ਨ ਦਿਓ। ਸਾਖੀ ਕਾਰਾਂ ਨੇ ਆਪਣੀ ਗੱਲ ਸਿੱਧ ਕਰਨ ਲਈ ਪਹਿਲਾਂ ਧੰਨੇ ਭਗਤ ਦੀ ਸਾਖੀ ਤਿਆਰ ਕੀਤੀ ਤੇ ਫਿਰ ਉਸ ਸਾਖੀ ਨੂੰ ਆਪਣੇ `ਤੇ ਢੁਕਾਅ ਲਿਆ। ਫਿਰ ਸਾਖੀਆਂ ਬਣਾ ਲਈਆਂ ਕਿ ਸਾਡੇ ਭੈਂਗੇ ਬਾਬਾ ਜੀ ਨੇ ਵੀ ਉਤਨਾ ਚਿਰ ਪ੍ਰਸ਼ਾਦਾ ਨਾ ਛੱਕਿਆ ਜਿੰਨ੍ਹਾ ਚਿਰ ਰੱਬ ਜੀ ਨੇ ਆਪਣੇ ਭਗਤ ਪਾਸੋਂ ਪ੍ਰਸ਼ਾਦਾ ਆਪ ਆਣ ਕੇ ਨਾ ਛੱਕਿਆ।
ਭਰੋਸੇ ਤੇ ਸੰਤੋਖ ਦੇ ਅਰਥਾਂ ਨੂੰ ਸਾਧਾਂ ਨੇ ਬਦਲ ਕੇ ਪੇਸ਼ ਕੀਤਾ ਹੈ। ਬਹੁਤ ਸਾਰੀਆਂ ਘਟਨਾਵਾਂ ਏਦਾਂ ਦੀਆਂ ਵੀ ਮਿਲਦੀਆਂ ਹਨ ਕਿ ਅਮਕੇ ਸਾਧ ਨੇ ਪਰਵਾਰ ਨੂੰ ਕਿਹਾ ਕਿ ਇਸ ਬਿਮਾਰ ਆਦਮੀ ਦਾ ਇਲਾਜ ਕਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂ ਕਿ ਅਸਾਂ ਅਰਦਾਸ ਕਰ ਦਿੱਤੀ ਹੈ। ਇਸ ਲਈ ਇਹ ਬਹੁਤ ਜਲਦ ਠੀਕ ਹੋ ਜਾਏਗਾ। ਪਰਵਾਰ ਨੇ ਸਾਧ ਤੇ ਪੂਰਾ ਭਰੋਸਾ ਕੀਤਾ। ਨਤੀਜਾ ਬੰਦੇ ਦੀ ਮੌਤ ਵਿੱਚ ਨਿਕਲਿਆ। ਸੰਤੋਖ ਦਾ ਪਾਠ ਪੜਾਉਣ ਵਾਲੇ ਨੇ ਪਰਵਾਰ ਨੂੰ ਸੰਤੋਖ ਦੇ ਨਾਂ `ਤੇ ਪੂਰਾ ਲੁੱਟਿਆ।
ਭਰੋਸਾ ਤੇ ਸੰਤੋਖ ਦੀ ਵਰਤੋਂ ਕਰਨ ਵਾਲਾ ਹੀ ਰੱਬ ਨੂੰ ਦੇਖ ਰਿਹਾ ਹੈ। ਬੰਦੇ ਨੂੰ ਆਪਣੇ ਹੁਰਨ ਤੇ ਭਰੋਸਾ ਹੋਵੇ। ਇੱਕ ਪਾਇਲਟ ਨੂੰ ਆਪਣੇ ਹੁਨਰ `ਤੇ ਪੂਰਾ ਭਰੋਸਾ ਹੈ ਤਾਂ ਹੀ ਸੈਂਕੜੇ ਸਵਾਰੀਆਂ ਨੂੰ ਅਸਮਾਨ ਦੀ ਖੁਲ੍ਹੀ ਸੈਰ ਕਰਾਉਂਦਿਆਂ ਸਮੁੰਦਰੋਂ ਪਾਰ ਦੂਸਰੇ ਦੇਸ਼ ਛੱਡ ਆਉਂਦਾ ਹੈ।
ਸਿੱਖ ਕੌਮ ਵਲ ਜ਼ਰਾ ਕੁ ਝਾਤੀ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਧਰਮੀ ਹੋਣ ਦਾ ਦਾਅਵਾ ਕਰਨ ਵਾਲੇ ਭਾਊਆਂ ਨੇ ਗੁਰੂ ਦੇ ਭਰੋਸੇ ਦਾ ਰੌਲ਼ਾ ਤਾਂ ਜ਼ਰੂਰ ਪਾਇਆ ਹੈ ਪਰ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਅਸ਼ਲੀਲ ਰਚਨਾਵਾਂ ਦੇ ਗ੍ਰੰਥ ਦਾ ਪਰਕਾਸ਼ ਕਰਕੇ ਪੂਰਾ ਭਰੋਸਾ ਤਿਆਗਿਆ ਵੀ ਹੈ। ਗੁਰੂ ਗੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਰਚਨਾ ਦਾ ਪ੍ਰਕਾਸ਼ ਕਰਨਾ ਗੁਰੂ ਗ੍ਰੰਥ ਸਾਹਿਬ ਜੀ `ਤੇ ਭਰੋਸਾ ਕਿਹਾ ਜਾ ਸਕਦਾ ਹੈ?




.