.

“ਅਕਾਲ ਤਖਤ” ਦੀ ਸਥਿਤੀ

ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਇਲਾਕੇ ਵਿੱਚ ਸਥਿਤ “ਅਕਾਲ ਤਖਤ” ਨਾਮੀਂ ਭਵਨ ਇੱਕ ਮਸ਼ਹੂਰ ਅਸਥਾਨ ਹੈ ਅਤੇ ਇਹ ਅਸਥਾਨ ਆਮ ਕਰਕੇ ਸਿੱਖ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਵੀ ਬਣਿਆ ਰਹਿੰਦਾ ਹੈ। ਇਹ ਚਰਚਾ ਬਹੁਤਾ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੀ ਸਦੀ ਤੋਂ ਲੈ ਕੇ ਨਿਯੁਕਤ ਕੀਤੇ ਗਏ “ਅਕਾਲ ਤਖਤ ਦੇ ਜਥੇਦਾਰਾਂ” ਦੀ ਭੂਮਿਕਾ ਤੇ ਕੇਂਦਰਿਤ ਹੁੰਦੀ ਹੈ। ਨਾਲ ਹੀ ਕਾਫੀ ਸਾਰੇ ਵਿਦਵਾਨਾਂ ਵੱਲੋਂ ਸਮੇਂ-ਸਮੇਂ “ਅਕਾਲ ਤਖਤ” ਦੀ ਉਤਪਤੀ ਅਤੇ ਇਤਹਾਸ ਬਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਅਤੇ ਇਸ ਵਿਸ਼ੇ ਤੇ ਕੁੱਝ ਪੁਸਤਕਾਂ ਵੀ ਲਿਖੀਆਂ ਹੋਈਆਂ ਮਿਲਦੀਆਂ ਹਨ। ਇੰਟਰਨੈਟ ਉਤੋਂ ਵੀ “ਅਕਾਲ ਤਖਤ” ਬਾਰੇ ਕਾਫੀ ਜਾਣਕਾਰੀ ਪਰਾਪਤ ਕੀਤੀ ਜਾ ਸਕਦੀ ਹੈ। “ਅਕਾਲ ਤਖਤ” ਸਬੰਧੀ ਉਪਲਭਧ ਇਸ ਸਮੁੱਚੀ ਸਮੱਗਰੀ ਨਾਲ ਇੱਕ ਰੌਚਿਕ ਵਿਚਾਰ-ਚਰਚਾ ਦਾ ਮੁੱਢ ਤਾਂ ਬੱਝਦਾ ਹੈ ਪਰੰਤੂ ਇਸ ਰਾਹੀਂ ਨਾਂ ਤਾਂ ਹੁਣ ਤਕ “ਅਕਾਲ ਤਖਤ” ਦੇ ਸੰਕਲਪ, ਭੂਮਿਕਾ ਅਤੇ ਇਤਹਾਸ ਸਬੰਧੀ ਕੋਈ ਉਘੜਵੀਂ ਤਸਵੀਰ ਪੇਸ਼ ਹੋ ਸਕੀ ਹੈ ਅਤੇ ਨਾਂ ਹੀ ਇਸ ਵਿਚੋਂ ਇਸ ਅਸਥਾਨ ਨਾਲ ਸਬੰਧਿਤ ਸਿੱਖ ਮੱਤ ਦੀਆਂ ਸਮਸਿਆਵਾਂ ਦਾ ਕੋਈ ਪੱਕਾ ਹਲ ਹੀ ਨਜ਼ਰੀਂ ਪੈਂਦਾ ਹੈ। ਇਸ ਲੇਖ ਵਿੱਚ ਇਸ ਵਿਚਾਰ-ਚਰਚਾ ਨੂੰ ਕੁੱਝ ਅਗੇ ਤੋਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਤਾਂ ਜੋ ਉਤਪਤੀ ਅਤੇ ਭੂਮਿਕਾ ਪੱਖੋਂ “ਅਕਾਲ ਤਖਤ” ਦੀ ਸਥਿਤੀ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਵੇਖਿਆ ਜਾ ਸਕੇ।

ਇਹ ਧਾਰਨਾਂ ਆਮ ਹੀ ਪਾਈ ਜਾਂਦੀ ਹੈ ਕਿ “ਅਕਾਲ ਤਖਤ” ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਥਾਪਤ ਕੀਤਾ ਸੀ। ਭਾਈ ਕਾਹਨ ਸਿੰਘ ਨਾਭਾ ਵੱਲੋਂ ‘ਮਹਾਨ ਕੋਸ਼’ ਵਿੱਚ ਇਸ ਭਵਨ ਦੀ ਉਸਾਰੀ ਦਾ ਸਮਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਦੋ ਸਾਲ ਬਾਦ ਭਾਵ 1608 ਈਸਵੀ (ਸੰਮਤ 1665) ਅੰਕਿਤ ਕੀਤਾ ਗਿਆ ਹੈ। ਜੇ ਇਤਹਾਸਿਕ ਸਥਿਤੀ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਉਪਰੋਕਤ ਧਾਰਨਾ ਸਹੀ ਸਾਬਤ ਨਹੀਂ ਹੁੰਦੀ। ਅਸਲ ਵਿੱਚ ਸਿੱਖ ਮੱਤ ਵਿੱਚ ‘ਤਖਤ’ ਦਾ ਸੰਕਲਪ ਖੁਦ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੀ ਦੇਣ ਹੈ। 1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸਿੱਖ ਮੱਤ ਦੇ ਧਾਰਮਿਕ ਗ੍ਰੰਥ ਪੋਥੀ ਸਾਹਿਬ (ਆਦਿ ਗ੍ਰੰਥ) ਨੂੰ ਸੰਪੂਰਨ ਕਰਕੇ ਇਸਦਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਰਕਾਸ਼ ਕਰ ਦਿੱਤੇ ਜਾਣ ਨਾਲ ਜਿੱਥੇ ਸਿੱਖ ਲਹਿਰ ਇੱਕ ਸਵੈਸੰਪੰਨ ਮੱਤ ਵਜੋਂ ਸਥਾਪਤੀ ਦੇ ਪੜਾ ਤੇ ਪਹੁੰਚ ਗਈ ਸੀ ਉਥੇ ਦੂਸਰੇ ਧਰਮਾਂ ਦੇ ਕੱਟੜਵਾਦੀਆਂ ਵੱਲੋਂ ਵਿੱਢੀ ਤਿੱਖੀ ਵਿਰੋਧਤਾ ਦੇ ਕਾਰਨ ਸਰਕਾਰੀ ਜਬਰ ਵੀ ਸਿਰ ਤੇ ਆਣ ਖਲੋਤਾ ਸੀ। ਮਈ 1606 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ ਕੈਦ ਵਿੱਚ ਸਨ ਅਤੇ ਉਹਨਾਂ ਨੇ ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ ਤਾਂ ਉਹਨਾਂ ਨੇਂ ਸਿੱਖੀ ਦੀ ਸ਼ੁਧ ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇਂ ਗਿਆਰਾਂ ਸਾਲ ਦੀ ਉਮਰ ਤੇ ਪਹੁੰਚੇ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ ਆਪਣੇ ਇੱਕ ਸਿੱਖ ਰਾਹੀਂ ਉਹਨਾਂ ਨੂੰ ਆਪਣਾ ਸੰਦੇਸ਼ ਪੁੰਚਾਇਆ ਕਿ ਉਹ ਦੇ ਅਗਲੇ ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਦੇਣਗੇ। ਇਸ ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ ਨਾਲ-ਨਾਲ ਇੱਕ ਤਖਤ ਤਿਆਰ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ 30 ਮਈ 1606 ਨੂੰ ਸ਼ਹੀਦੀ ਪਰਾਪਤ ਕਰ ਗਏ। ਇਸ ਉਪਰੰਤ ਜੂਨ 1606 ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਜੂਨ 1606 ਦੇ ਦਿਨ ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ ਸੀ (ਜੂਨ ਮਹੀਨੇ ਹੋਈ ਇਸ ਗੁਰਗੱਦੀ ਰਸਮ ਦੀ ਤਾਰੀਖ ਬਾਰੇ ਮੱਤ-ਭੇਦ ਹਨ)। ਪਰਤੱਖ ਹੈ ਕਿ ਇਸ ਤਖਤ ਦਾ ਨਿਰਮਾਣ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਛੇਵੇਂ ਗੁਰੂ ਬਣਨ ਤੋਂ ਪਹਿਲਾਂ ਪੂਰਾ ਹੋ ਚੁੱਕਾ ਸੀ ਅਤੇ ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੀ ਚਿਤਵਿਆ ਗਿਆ ਸੀ। ਪਰੰਤੂ ਇਸ ਤਖਤ ਦੇ ਨਿਰਮਾਣ ਤੋਂ ਬਾਦ ਇਸ ਦਾ ਕੋਈ ਨਾਮ ਨਹੀਂ ਰਖਿਆ ਗਿਆ ਸੀ। ਭਾਈ ਗੁਰਦਾਸ ਜੀ ਨੇ ਖੁਦ ਇਸ ਦੀ ਉਸਾਰੀ ਵਿੱਚ ਹਿੱਸਾ ਲਿਆ, ਉਹ ਬਾਬਾ ਬੁੱਢਾ ਜੀ ਤੋਂ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਰਹੇ ਅਤੇ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਕਈ ਪੌੜੀਆਂ ਸ੍ਰੀ ਗੁਰੂ ਹਰਗੋਬਿੰਦ ਜੀ ਬਾਰੇ ਰਚੀਆਂ ਪ੍ਰੰਤੂ ਉਹਨਾਂ ਨੇ ਕਿਤੇ ਵੀ ਕਿਸੇ “ਅਕਾਲ ਤਖਤ” ਦਾ ਜ਼ਿਕਰ ਨਹੀਂ ਕੀਤਾ।

ਉਪਰੋਕਤ ਤਖਤ ਦੇ ਨਿਰਮਾਣ ਕਾਰਜ ਸਬੰਧੀ ਇਹ ਦਾਵਾ ਸਿੱਖ ਸਿਧਾਂਤਾਂ ਦੇ ਅਨੁਕੂਲ ਨਹੀਂ ਕਿ ਇਸ ਦੀ ਉਸਾਰੀ ਸਮੇਂ ਕੇਵਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਨੂੰ ਹੀ ਸ਼ਾਮਲ ਕੀਤਾ ਗਿਆ ਸੀ, ਬਾਕੀ ਸਿੱਖ ਸ਼ਰਧਾਲੂਆਂ ਨੂੰ ਨਹੀਂ। ਉਪਰੋਕਤ ਦਾਵਾ ਕੇਵਲ ਬ੍ਰਾਹਮਣਵਾਦੀ ਤਰਕ ਹੀ ਹੈ। ਸਿੱਖ ਸਿਧਾਂਤ ਵਿੱਚ ਅਜਿਹੇ ਵਿਤਕਰੇ ਵਾਲੀ ਨੀਤੀ ਅਪਨਾਉਣ ਦੀ ਇਜਾਜ਼ਤ ਨਹੀਂ। ਨਿਸਚੇ ਹੀ ਤਖਤ ਦੀ ਉਸਾਰੀ ਸਮੇਂ ਸਾਹਿਬਜ਼ਾਦਾ ਹਰਗੋਬਿੰਦ ਜੀ ਸਮੇਤ ਹੋਰ ਸ਼ਰਧਾਲੂ ਵੀ ਸਾਮਲ ਹੋਏ ਹੋਣਗੇ। ਇਸ ਕਾਰਜ ਦਾ ਹਾਂ-ਪੱਖੀ ਪਹਿਲੂ ਇਹੀ ਹੈ ਕਿ ਇਸ ਤਖਤ ਦੀ ਉਸਾਰੀ ਮਜ਼ਦੂਰਾਂ ਤੋਂ ਨਹੀਂ ਕਰਵਾਈ ਸਗੋਂ ਸ਼ਰਧਾਲੂਆਂ ਦੇ ਨਾਲ-ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਅਤੇ ਸਾਹਿਬਜ਼ਾਦਾ ਹਰਗੋਬਿੰਦ ਜੀ ਖੁਦ ਵੀ ਇਸ ਕਾਰਜ ਵਿੱਚ ਸ਼ਾਮਲ ਹੋਏ। ਇਸ ਨਾਲ ਇਸ ਤਖਤ ਦੀ ਭਵਿਖ ਵਿੱਚ ਸਾਹਮਣੇ ਆਉਣ ਵਾਲੀ ਭੂਮਿਕਾ ਦੀ ਮਹੱਤਤਾ ਵਿੱਚ ਹੋਰ ਵਾਧਾ ਹੋਇਆ।

ਉਪਰੋਕਤ ਤਖਤਨੁਮਾ ਥੜ੍ਹੇ ਦੀ ਉਸਾਰੀ ਦੇ ਮਨੋਰਥ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਪਾਸਿਓਂ ਕੋਈਂ ਸਪਸ਼ਟ ਧਾਰਨਾਂ ਪਰਾਪਤ ਨਹੀਂ ਹੁੰਦੀ। ਇਥੋਂ ਤਕ ਕਿ ਕਿਸੇ ਇਤਹਾਸਿਕ ਦਸਤਾਵੇਜ਼ ਵਿੱਚ ਇਸ ਤਖਤ ਦਾ ਨਾਮ “ਅਕਾਲ ਤਖਤ” ਦੇ ਤੌਰ ਤੇ ਦਰਜ ਹੋਇਆ ਨਹੀਂ ਮਿਲਦਾ। ਵਿਵਾਦਤ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਇਸ ਅਸਥਾਨ ਨੂੰ ‘ਅਕਾਲ ਬੁੰਗਾ’ ਕਿਹਾ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਨੇ ਵੀਹਵੀਂ ਸਦੀ ਦੇ ਅਰੰਭ ਵਿੱਚ ਤਿਆਰ ਕੀਤੇ ‘ਮਹਾਨ ਕੋਸ਼’ ਵਿੱਚ ਵੀ ‘ਅਕਾਲ ਤਖਤ’ ਦੀ ਬਜਾਇ ‘ਅਕਾਲ ਬੁੰਗਾ’ ਨੂੰ ਹੀ ਮੁੱਖ ਐਂਟਰੀ ਬਣਾਇਆ ਹੈ। ਇਸ ਤਖਤ ਬਾਰੇ ਇੱਕ ਤਾਂ ਆਮ ਧਾਰਨਾ ਇਹ ਪਾਈ ਜਾਂਦੀ ਹੈ ਕਿ ਇਹ ਥੜ੍ਹਾ ਅਕਾਲ ਪੁਰਖ ਭਾਵ ਪ੍ਰਮਾਤਮਾ ਦਾ ਤਖਤ ਹੈ। ਦੂਸਰੇ ਪਾਸੇ ਇਹ ਵਿਚਾਰ ਦਿੱਤਾ ਜਾਂਦਾ ਹੈ ਕਿ ਇਹ ਤਖਤ ਸਿੱਖ ਗੁਰੂਆਂ ਦੇ ਬਿਰਾਜਮਾਨ ਹੋਣ ਵਾਲੇ ਸਿੰਘਾਸਨ ਵਜੋਂ ਚਿਤਵਿਆ ਗਿਆ ਸੀ ਕਿਉਂਕਿ ਹੁਣ ਤਕ ਸਿੱਖ ਗੁਰੂ ਸਾਹਿਬਾਨ ਨੂੰ ‘ਪਾਤਸ਼ਾਹੀ’ ਲਕਬ ਨਾਲ ਸਤਿਕਾਰਿਆ ਜਾਣ ਲੱਗਾ ਸੀ। ਤੀਸਰੀ ਧਾਰਨਾ ਅਨੁਸਾਰ ਇਸ ਤਖਤ ਦੇ ਨਿਰਮਾਣ ਨਾਲ ਅਧਿਆਤਮਿਕਤਾ ਦੇ ਨਾਲ-ਨਾਲ ਹੁਣ ਸਿੱਖੀ ਵਿੱਚ ਦੁਨਿਆਦਾਰੀ ਦਾ ਅੰਸ਼ ਵੀ ਸ਼ਾਮਲ ਹੋ ਗਿਆ ਸੀ ਅਤੇ ਇਹ ਤਖਤ ਸਿੱਖ ਭਾਈਚਾਰੇ ਦੇ ਸਮਾਜਿਕ ਤੌਰ ਤੇ ਵੀ ਚੇਤੰਨ ਅਤੇ ਜਥੇਬੰਦਕ ਹੋਣ ਦਾ ਸੂਚਕ ਸੀ। ਚੌਥਾ ਮੱਤ ਇਹ ਹੈ ਕਿ ਹੁਣ ਸਿੱਖ ਮੱਤ ਵਿਚਲੀ ਪੀਰੀ (ਨਿਰੋਲ ਧਾਰਮਿਕਤਾ) ਦੇ ਨਾਲ-ਨਾਲ ਮੀਰੀ (ਸ਼ਕਤੀ ਦੀ ਵਰਤੋਂ) ਵਾਲਾ ਪੱਖ ਵੀ ਜੁੜ ਗਿਆ ਸੀ ਅਤੇ ਇਹ ਤਖਤ ਸਿੱਖਾਂ ਲਈ ਜ਼ੁਲਮ ਅਤੇ ਬੇਇਨਸਾਫੀ ਵਿਰੁਧ ਬਾਹੂਬਲ ਤੇ ਅਧਾਰਿਤ ਸੰਘਰਸ਼ ਦਾ ਰਸਤਾ ਅਖਤਿਆਰ ਕਰ ਲੈਣ ਦੇ ਪ੍ਰੇਰਣਾ-ਸਰੋਤ ਵਜੋਂ ਹੋਂਦ ਵਿੱਚ ਆਇਆ ਸੀ। ਪੰਜਵੀਂ ਜਗਹ ਤੇ ਕਈ ਸੱਜਣ ਮੀਰੀ ਨੂੰ ਸਿਆਸੀ ਗਤੀਵਿਧੀਆਂ ਦੀ ਖੁੱਲ ਦੇ ਤੁੱਲ ਸਮਝਦੇ ਹੋਏ ਇਸ ਤਖਤ ਨੂੰ ਸਿੱਖਾਂ ਲਈ ਰਾਜਸੀ ਆਸ਼ਿਆਂ ਦੀ ਪਰਾਪਤੀ ਦੇ ਚਿੰਨ੍ਹ ਦੇ ਤੌਰ ਤੇ ਵੀ ਦਰਸਾਉਂਦੇ ਹਨ। ਛੇਵੀਂ ਧਾਰਨਾਂ ਅਨੁਸਾਰ ਇਹ ਤਖਤ ਸਿੱਖਾਂ ਦੀ ਅਜ਼ਾਦ ਹਸਤੀ ਦਾ ਪਰਤੀਕ ਹੈ। ਅੱਗੇ ਜਾ ਕੇ ਅਸੀਂ ਵੇਖਾਂਗੇ ਕਿ ਉਪਰੋਕਤ ਛੇ ਧਾਰਨਾਵਾਂ ਵਿਚੋਂ ਕੋਈ ਵੀ ਤਰਕਸੰਗਤ ਨਹੀਂ।

ਇਥੇ ਪਹਿਲਾਂ ਅਸੀਂ ਉਪਰੋਕਤ ਤਖਤ ਦੇ ਭਵਨਨਿਰਮਾਣਕ ਪੱਖਾਂ ਬਾਰੇ ਗੱਲ ਕਰਾਂਗੇ। ਇਸ ਤਖਤ ਨੂੰ ਕੇਵਲ ਕਝ ਕੁ ਦਿਨਾਂ ਦੇ ਅਰਸੇ ਵਿੱਚ ਇੱਕ ਸਾਦ-ਮੁਰਾਦੇ ਥੜ੍ਹੇ ਦੇ ਰੂਪ ਵਿੱਚ ਹੀ ਉਸਾਰਿਆ ਗਿਆ ਸੀ ਅਤੇ ਇਸ ਉਤੇ ਕੋਈ ਛੱਤ ਨਹੀਂ ਬਣਾਈ ਗਈ ਸੀ। ਇਸ ਥੜ੍ਹੇ ਦੀ ਚੌੜਾਈ-ਲੰਬਾਈ ਬਾਰੇ ਤਾਂ ਕੋਈ ਵੇਰਵਾ ਮੌਜੂਦ ਨਹੀਂ ਪਰੰਤੂ ਇਸ ਦੀ ਜ਼ਮੀਨੀ ਤਲ ਤੋਂ ਉਚਾਈ ਬਾਰਾਂ ਫੁਟ ਦੱਸੀ ਜਾਂਦੀ ਹੈ। ਉਚਾਈ ਵਾਲਾ ਇਹ ਪੱਖ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਗਲ ਦਰਬਾਰ ਦੇ ਹੁਕਮਾਂ ਮੁਤਾਬਿਕ ਕਿਸੇ ਵੀ ਸਿੰਘਾਸਨ ਦੀ ਉਚਾਈ ਤਿੰਨ ਫੁਟ ਤੋਂ ਵੱਧ ਨਹੀਂ ਸੀ ਹੋ ਸਕਦੀ। ਦੂਸਰਾ ਇਹ ਥੜ੍ਹਾ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਤਾਂ ਹੈ ਹੀ ਸੀ ਪਰੰਤੂ ਇਸ ਦਾ ਤਲ ਦਰਬਾਰ ਸਾਹਿਬ ਵਿੱਚ ਸ਼ੁਸ਼ੋਭਿਤ ਸ੍ਰੀ ਆਦਿ ਗ੍ਰੰਥ ਦੇ ਆਸਨ ਸਥਾਨ ਦੇ ਤਲ ਤੋਂ ਨੀਵਾਂ ਸੀ ਅਤੇ ਨਾਲ ਹੀ ਇਸ ਥੜ੍ਹੇ ਦਾ ਮੱਥਾ ਖੱਬੇ ਪਾਸੇ ਨੂੰ ਥੋੜ੍ਹੀ ਜਿਹੀ ਟੇਢੀ ਦਿਸ਼ਾ ਵਿੱਚ ਸੀ। ਤੀਸਰਾ ਇਸ ਦਾਵੇ ਸਬੰਧੀ ਕੋਈ ਭਰੋਸੇਯੋਗ ਹਵਾਲਾ ਮੌਜੂਦ ਨਹੀਂ ਕਿ ਕਿਸੇ ਸਮੇਂ ਥੜ੍ਹੇ ਦੇ ਉਪਰ ਛੱਤ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਆਗਿਆ ਨਾਲ ਪਾਈ ਗਈ ਸੀ ਅਤੇ ਦੋ ਮੰਜ਼ਿਲਾਂ ਤਕ ਉਸਾਰੀ ਵੀ ਉਨ੍ਹਾਂ ਵੱਲੋਂ ਹੀ ਕਰਵਾਈ ਗਈ ਸੀ (ਦੋ ਮੰਜ਼ਿਲਾਂ ਤੋਂ ਉਪਰ ਤਿੰਨ ਹੋਰ ਮੰਜ਼ਿਲਾਂ ਦੀ ਉਸਾਰੀ ਮਹਾਂਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਦੱਸੀ ਜਾਂਦੀ ਹੈ)। ਭਵਨਨਿਰਮਾਣਕ ਪੱਖੋਂ ਥੜ੍ਹੇ ਉਪਰ ਚਾਰੇ ਪਾਸੇ ਕੰਧਾਂ ਕਰ ਕੇ ਛੱਤ ਪਾ ਦੇਣ ਨਾਲ ਇਹ ਤਖਤ ਨਹੀਂ ਰਹਿ ਜਾਂਦਾ ਸਗੋਂ ਚਬੂਤਰੇ ਤੇ ਉਸੱਰੇ ਇੱਕ ਕਮਰੇ ਦਾ ਫਰਸ਼ ਹੀ ਰਹਿ ਜਾਂਦਾ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਸ ਜਗਹ ਤੇ ਬਣੇ ਤਖਤ ਦੇ ਮੌਲਿਕ ਸਰੂਪ ਦੇ ਤਲ ਦੀ ਲੰਬਾਈ-ਚੌੜਾਈ ਅਜ ਕਲ ਦੇ “ਅਕਾਲ ਤਖਤ” ਕਰਕੇ ਜਾਣੇ ਜਾਂਦੇ ਭਵਨ ਦੇ ਸਭ ਤੋਂ ਥੱਲੇ ਵਾਲੇ ਫਰਸ਼ ਦੀ ਲੰਬਾਈ-ਚੌੜਾਈ ਜਿਤਨੀ ਵੱਡ-ਅਕਾਰੀ ਕਿਵੇਂ ਹੋ ਸਕਦੀ ਹੈ। ਨਿਸਚੇ ਹੀ ਇਸ ਤਖਤ ਦੇ ਮੌਲਿਕ ਸਰੂਪ ਦੇ ਤਲ ਦਾ ਖੇਤਰਫਲ ਇਸ ਫਰਸ਼ ਦੇ ਖੇਤਰਫਲ ਤੋਂ ਬਹੁਤ ਘਟ ਹੋਵੇਗਾ। ਬਦਕਿਸਮਤੀ ਨਾਲ ਅੱਜ ਮੌਲਿਕ ਤਖਤ ਵਾਲੀ ਜਗਹ ਦੀ ਨਿਸ਼ਾਨਦੇਹੀ ਕਰਨੀ ਵੀ ਸੰਭਵ ਨਹੀਂ।

ਉਪਰੋਕਤ ਤਖਤ ਨਾਮੀਂ ਇਸ ਥੜ੍ਹੇ ਦੀ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਵਰਤੋਂ ਬਾਰੇ ਗੱਲ ਕੀਤੀ ਜਾਵੇ ਤਾਂ ਪਹਿਲਾ ਤੱਥ ਇਹ ਸਾਹਮਣੇ ਆਉਂਦਾ ਹੈ ਕਿ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਪਰਦਾਨ ਕਰਨ ਦੀ ਰਸਮ ਇਸ ਤਖਤ ਉਤੇ ਹੀ ਨਿਭਾਈ ਗਈ। ਗੁਰਗੱਦੀ ਪਰਾਪਤ ਕਰਨ ਉਪਰੰਤ ਛੇਵੇਂ ਗੁਰੂ ਜੀ ਇਸ ਤਖਤ ਉਤੇ ਦਰਬਾਰ ਲਗਾ ਕੇ ਸਿੱਖ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਦਾ ਨਿਬੇੜਾ ਕਰਿਆ ਕਰਦੇ ਸਨ। ਉਹ ਦੁਪਹਿਰ ਤੋਂ ਪਿੱਛੋਂ ਇਸ ਤਖਤ ਉਤੇ ਦਰਬਾਰ ਲਗਾਉਂਦੇ ਅਤੇ ਰਾਤ ਨੂੰ ਇਥੇ ਬੈਠ ਕੇ ਹੀ ਢਾਡੀਆਂ ਤੋਂ ਜੋਸ਼ੀਲੀਆਂ ਵਾਰਾਂ ਸੁਣਦੇ। ਉਹਨਾਂ ਨੇ ਇਸ ਤਖਤ ਤੋਂ ਦੂਰ-ਦੁਰਾਡੇ ਦੀਆਂ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਵਿਸ਼ੇਸ਼ ਕਰਕੇ ਉਹ ਜਿਹਨਾਂ ਵਿੱਚ ਸੰਗਤਾਂ ਨੂੰ ਭੇਟਾ ਵਿੱਚ ਧਨ ਆਦਿਕ ਦੀ ਜਗਹ ਤੇ ਘੋੜੇ ਅਤੇ ਸ਼ਸਤਰ ਲੈ ਕੇ ਆਉਣ ਦੀ ਹਦਾਇਤ ਕੀਤੀ ਗਈ ਸੀ। ਪਰੰਤੂ ਗੁਰੂ ਜੀ ਵੱਲੋਂ ਇਸ ਤਖਤ ਦੀ ਵਰਤੋਂ ਲੰਬੇ ਅਰਸੇ ਲਈ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਬਹੁਤਾ ਸਮਾਂ ਅੰਮ੍ਰਿਤਸਰ ਤੋਂ ਬਾਹਰ ਹੀ ਬਿਤਾਉਣਾ ਪਿਆ— ਉਹ ਤਕਰੀਬਨ ਛੇ ਸਾਲ ਗਵਾਲੀਅਰ ਵਿੱਚ ਕੈਦ ਰਹੇ, ਉਹ ਦੂਰ-ਦੁਰਾਡੇ ਯਾਤਰਾਵਾਂ ਤੇ ਜਾਂਦੇ ਰਹੇ, ਉਹਨਾਂ ਦਾ ਨਿਵਾਸ ਡਰੋਲੀ ਕਲਾਂ, ਗੋਇੰਦਵਾਲ, ਕਰਤਾਰਪੁਰ ਅਤੇ ਹਰਗੋਬਿੰਦਪੁਰ ਵਿੱਚ ਵੀ ਰਿਹਾ, ਉਹਨਾਂ ਨੇ ਚਾਰ ਯੁੱਧ ਕੀਤੇ ਅਤੇ 1635 ਤੋਂ ਲੈ ਕੇ ਉਹ ਪੱਕੇ ਤੌਰ ਤੇ ਕੀਰਤਪੁਰ ਵਿਖੇ ਚਲੇ ਗਏ। ਉਹਨਾਂ ਤੋਂ ਪਿੱਛਲੇ ਚਾਰ ਗੁਰੂ ਸਾਹਿਬਾਨ ਵਿਚੋਂ ਕਿਸੇ ਨੇ ਵੀ ਇਸ ਤਖਤ ਉਤੇ ਕਦੀ ਫੇਰਾ ਨਹੀਂ ਪਾਇਆ ਹਾਲਾਂਕਿ ਛੇਵੇਂ ਗੁਰੂ ਜੀ ਅਤੇ ਬਾਦ ਵਾਲੇ ਸਾਰੇ ਗੁਰੂ ਸਾਹਿਬਾਨ ਜਿੱਥੇ ਵੀ ਹੁੰਦੇ ਸਨ ਸਨ ਤਖਤ ਉਤੇ ਬਿਰਾਜਮਾਨ ਹੋ ਕੇ ਦਰਬਾਰ ਲਗਾਇਆ ਕਰਦੇ ਸਨ, ਭਾਵ ਜਿੱਥੇ ਕਿਤੇ ਵੀ ਗੁਰੂ ਜੀ ਬਸੇਰਾ ਕਰਦੇ ਸਨ ਉਥੇ ਉਨ੍ਹਾਂ ਦਾ ਤਖਤ ਵੀ ਜ਼ਰੂਰ ਹੁੰਦਾ ਸੀ। ਪਿਛਲੇ ਪੰਜ ਗੁਰੂ ਸਾਹਿਬਾਨ ਨਾਲ ਸਬਧਿਤ ਤਖਤਾਂ ਦੀ ਲੰਬੀ ਸੂਚੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਤਿਆਗਣ ਤੋਂ ਪਿੱਛੋਂ ਸਾਰੀ ਅਠਾਰ੍ਹਵੀਂ ਸਦੀ ਦੌਰਾਨ ਦਰਬਾਰ ਸਾਹਿਬ ਅਤੇ ਇਸ ਦੇ ਨਾਲ ਲਗਦੇ ਸਥਾਨਾਂ ਦੇ ਕੀ ਹਾਲਾਤ ਰਹੇ ਹਨ ਸਾਰਿਆਂ ਨੂੰ ਪਤਾ ਹੀ ਹੈ। ਬਦੇਸ਼ੀ ਹਮਲਾਵਰਾਂ ਨੇ ਜਿੱਥੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦੇਣ ਤਕ ਦੀ ਕਾਰਵਾਈ ਕਰ ਛੱਡੀ ਸੀ ਉਹਨਾਂ ਦੇ ਹੱਥੋਂ ਨੇੜੇ ਹੀ ਸਥਿਤ ਛੇਵੇਂ ਗੂਰੂ ਜੀ ਦੇ ਤਖਤ ਨੂੰ ਵੀ ਭਾਰੀ ਨੁਕਸਾਨ ਪੁਜਦਾ ਰਿਹਾ ਹੋਵੇਗਾ। ਪਰੰਤੂ ਇਹ ਤਾਂ ਪਰਤੱਖ ਹੀ ਹੈ ਕਿ ਪੰਜਵੇਂ ਗੁਰੂ ਜੀ ਵੱਲੋਂ ਚਿਤਵੇ ਉਪਰੋਕਤ ਤਖਤ ਦੀ ਵਰਤੋਂ ਕੇਵਲ ਛੇਵੇਂ ਗੁਰੂ ਜੀ ਨੇ ਹੀ ਕੀਤੀ ਅਤੇ ਉਹ ਵੀ ਸੀਮਿਤ ਸਮੇਂ ਲਈ ਹੀ ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ। ਪਰੰਤੂ ਸਿੱਖ ਮੱਤ ਨੂੰ ਨਵਾਂ ਰੂਪ ਦੇਣ ਦਾ ਪਹਿਲਾ ਪੜਾ ਇਸ ਤਖਤ ਦੀ ਸਥਾਪਤੀ ਅਤੇ ਛੇਵੇਂ ਗੁਰੂ ਜੀ ਵੱਲੋਂ ਕੀਤੀ ਇਸ ਦੀ ਵਰਤੋਂ ਵਿੱਚ ਭਲੀ-ਭਾਂਤ ਪੂਰਾ ਹੋ ਜਾਂਦਾ ਹੈ। ਸਿੱਖ ਮੱਤ ਵਿੱਚ ਮੀਰੀ ਅਤੇ ਪੀਰੀ ਨੂੰ ਆਪਸ ਵਿੱਚ ਜੋੜਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਤਖਤ ਉਤੇ ਬਿਰਾਜਮਾਨ ਹੋਣਾ, ਮਹਾਂਰਾਜਿਆਂ ਵਾਲਾ ਲਿਬਾਸ ਧਾਰਨ ਕਰਨਾ, ਘੋੜੇ ਅਤੇ ਸ਼ਸਤਰ ਰੱਖਣੇ, ਆਪਣੀ ਫੌਜ ਖੜੀ ਕਰਨੀ, ਕਿਲ੍ਹਾ ਬਣਾਉਣਾ, ਨਗਾਰਾ ਵਜਾਉਣਾ, ਆਪਣਾ ਝੰਡਾ ਗੱਡਣਾ, ਗਵਾਲੀਅਰ ਵਿੱਚ ਕੈਦ ਕੱਟਣੀ, ਚਾਰ ਯੁੱਧ ਲੜ ਕੇ ਇਹਨਾਂ ਸਾਰਿਆਂ ਵਿੱਚ ਜਿੱਤ ਪਰਾਪਤ ਕਰਨੀ ਅਤੇ ਯੁੱਧ ਪੱਖੌਂ ਵਧੇਰੇ ਢੁੱਕਵੀਂ ਜਗਹ ਕੀਰਤਪੁਰ ਵਿੱਚ ਬਸੇਰਾ ਕਰ ਲੈਣਾ, ਇਸ ਸਾਰੇ ਕੁੱਝ ਦਾ ਮਕਸਦ ਕੋਈ ਰਾਜ ਸਥਾਪਤ ਕਰਨਾ ਨਹੀਂ ਸੀ ਸਗੋਂ ਜ਼ਾਲਮ ਅਤੇ ਬਦੇਸ਼ੀ ਸ਼ਾਸਕਾਂ ਨੂੰ ਸੰਕੇਤ ਦੇਣਾ ਸੀ ਕਿ ਜ਼ੁਲਮ ਨਾਲ ਲੋਹਾ ਲੈਣ ਵਾਲੀ ਅਤੇ ਮਨੁੱਖੀ ਹੱਕਾਂ ਦੀ ਪਰਾਪਤੀ ਲਈ ਸੰਘਰਸ਼ ਕਰਨ ਵਾਲੀ ਕੌਮ ਵੀ ਹੋਂਦ ਵਿੱਚ ਆ ਚੁੱਕੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਕਾਲ ਤਕ ਦੇ ਸਮੇਂ ਵਿੱਚ ਇਸ ਤਖਤ ਦੀ ਸ਼ਥਾਪਤੀ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਇਸ ਤਖਤ ਦਾ ਇਤਹਾਸ ਵੀ ਸਮਾਪਤ ਹੋ ਜਾਂਦਾ ਹੈ।

ਹੁਣ ਅਸੀਂ ਉਪਰੋਕਤ ਤਖਤ ਦੀ ਸਥਾਪਤੀ ਦੇ ਮਨੋਰਥ ਸਬੰਧੀ ਪਰਚਲਤ ਧਾਰਨਾਵਾਂ ਦੀ ਕ੍ਰਮਵਾਰ ਪੜਚੋਲ ਵੱਲ ਆਉਂਦੇ ਹਾਂ।

1. ਇਹ ਧਾਰਨਾ ਸਹੀ ਨਹੀਂ ਕਿ ਇਹ ਤਖਤ ਅਕਾਲ ਪੁਰਖ ਪਰਮਾਤਮਾਂ ਦਾ ਤਖਤ ਹੈ। ਗੁਰਮਤ ਅਨੁਸਾਰ ਪਰਮਾਤਮਾਂ ਨਿਰੰਕਾਰ ਹੈ, ਉਸਦਾ ਕੋਈ ਸ਼ਖਸੀ ਰੂਪ ਨਹੀਂ ਹੋ ਸਕਦਾ ਜਿਸ ਨੂੰ ਕਿਸੇ ਦੁਨਿਆਵੀ ਤਖਤ ਦੀ ਲੋੜ ਹੋਵੇ ਅਤੇ ਸ੍ਰਿਸ਼ਟੀ ਦੇ ਕਣ-ਕਣ ਵਿੱਚ ਮੌਜੂਦ ਹੋਣ ਕਰ ਕੇ ਸਮੁੱਚੀ ਸ੍ਰਿਸ਼ਟੀ ਹੀ ਉਸ ਦਾ ਤਖਤ ਹੈ।

2. ਇਹ ਧਾਰਨਾ ਵੀ ਸਹੀ ਨਹੀਂ ਕਿ ਇਹ ਤਖਤ ਗੁਰੂ ਸਾਹਿਬਾਨ ਲਈ ਵਿਸ਼ੇਸ਼ ਤੌਰ ਤੇ ਬਣਾਇਆ ਗਿਆ ਸੀ। ਇਹ ਠੀਕ ਹੈ ਕਿ ਗੁਰੂ ਸਾਹਿਬਾਨ ਨੂੰ ਸ਼ਰਧਾ ਵੱਸ ‘ਪਾਤਸ਼ਾਹ’ ਵਜੋਂ ਸੰਬੋਧਿਤ ਕਰ ਦਿੱਤਾ ਜਾਣ ਲੱਗ ਪਿਆ ਸੀ ਪਰੰਤੂ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਦੁਨਿਆਵੀ ਬਾਦਸ਼ਾਹ ਦੇ ਤੌਰ ਤੇ ਕਿਆਸ ਨਹੀਂ ਕੀਤਾ। ਉਹਨਾਂ ਨੇ ਆਪਣੇ ਕਾਰਜ ਖੇਤਰ ਨੂੰ ਕੇਵਲ ਅਧਿਆਤਮਕਤਾ ਅਤੇ ਨੈਤਿਕਤਾ ਤਕ ਹੀ ਸੀਮਿਤ ਰਖਿਆ ਸੀ। ਜੇਕਰ ਉਹਨਾਂ ਨੂੰ ਬਾਦਸ਼ਾਹਾਂ ਵਾਂਗ ਵਿਚਰਨਾ ਪਿਆ ਤਾਂ ਇਹ ਕੇਵਲ ਜ਼ੁਲਮ ਨੂੰ ਠੱਲ ਪਾਉਣ ਅਤੇ ਮਨੁੱਖੀ ਹੱਕਾਂ ਦੀ ਬਹਾਲੀ ਵਾਸਤੇ ਸੰਕੇਤ-ਮਾਤਰ ਕਾਰਵਾਈ ਹੀ ਸੀ ਨਾ ਕਿ ਕੋਈ ਰਾਜ-ਭਾਗ ਸਥਾਪਤ ਕਰਨ ਦੀ ਚੇਸ਼ਟਾ ਦਾ ਪ੍ਰਗਟਾਵਾ। ਇਸ ਤਰ੍ਹਾਂ ਇਸ ਤਖਤ ਦੀ ਵਰਤੋਂ ਜਿੰਨਾਂ ਚਿਰ ਵੀ ਹੋਈ ਸੰਕੇਤਕ ਰੂਪ ਵਿੱਚ ਹੀ ਹੋਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਸਮੇਤ ਕਿਸੇ ਵੀ ਗੁਰੂ ਜੀ ਨੇ ਇਸ ਦੀ ਵਰਤੋਂ ਦੁਨਿਆਵੀ ਬਾਦਸ਼ਾਹਤ ਕਾਇਮ ਕਰਨ ਜਾਂ ਵਿਖਾਉਣ ਦੇ ਮਕਸਦ ਨਾਲ ਨਹੀਂ ਕੀਤੀ।

3. ਇਹ ਧਾਰਨਾਂ ਵੀ ਮੰਨੀ ਨਹੀਂ ਜਾ ਸਕਦੀ ਕਿ ਇਹ ਤਖਤ ਸਿੱਖ ਭਾਈਚਾਰੇ ਨੂੰ ਦੁਨਿਆਵੀ ਜੀਵਨ-ਜਾਚ ਸਿਖਾਉਣ ਹਿਤ ਸਥਾਪਤ ਕੀਤਾ ਗਿਆ। ਗੁਰੂ ਸਾਹਿਬਾਨ ਦੇ ਆਪਣੇ ਜੀਵਨ, ਸਿੱਖ ਇਤਹਾਸਿਕ ਘਟਨਾਵਾਂ ਅਤੇ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਗੁਰਬਾਣੀ ਵਿਚੋਂ ਹੀ ਸਿੱਖਾਂ ਨੂੰ ਆਦਰਸ਼ਕ ਨਿੱਜੀ ਅਤੇ ਸਮਾਜਿਕ ਜੀਵਨ ਜਾਚ ਲਈ ਸੁਚੱਜੀ ਸੇਧ ਮਿਲ ਜਾਂਦੀ ਹੈ। ਅਜਿਹੀ ਸੇਧ ਪਰਾਪਤ ਕਰਨ ਲਈ ਕਿਸੇ ਤਖਤ ਦੀ ਲੋੜ ਨਹੀਂ।

4. ਇਹ ਸਹੀ ਹੈ ਕਿ ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਵੱਲੋਂ ਸਿੱਖੀ ਵਿੱਚ ਪੀਰੀ ਦੇ ਨਾਲ ਮੀਰੀ ਦਾ ਪੱਖ ਵੀ ਜੋੜ ਦਿੱਤਾ ਗਿਆ ਸੀ। ਪਰੰਤੂ ਇਸ ਤਖਤ ਦੀ ਉਸਾਰੀ ਅਤੇ ਸੀਮਿਤ ਸਮੇਂ ਲਈ ਇਸ ਦੀ ਵਰਤੋਂ ਇਸ ਆਸ਼ੇ ਦੀ ਪਰਾਪਤੀ ਵੱਲ ਇੱਕ ਪਹਿਲਾ ਕਦਮ ਹੀ ਸੀ ਨਾ ਕਿ ਸਦਾ ਵਾਸਤੇ ਦਰਬਾਰ ਸਾਹਿਬ ਦੇ ਸਨਮੁਖ ਇੱਕ ਬਰਾਬਰ ਦਾ ਕੇਂਦਰ ਸਥਾਪਤ ਕਰ ਦੇਣਾ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਆਸ਼ੇ ਦੀ ਪਰਾਪਤੀ ਹੋ ਜਾਣ ਮਗਰੋਂ ਜਲਦੀ ਹੀ ਗੁਰੂ ਸਾਹਿਬਾਨ ਵੱਲੋਂ ਤਖਤ ਨੂੰ ਤਿਆਗ ਦਿੱਤਾ ਗਿਆ ਸੀ ਅਤੇ ਇਸ ਦੀ ਜਗਹ ਤੇ ਬੁੰਗਾ ਹੋਂਦ ਵਿੱਚ ਆ ਗਿਆ ਸੀ ਜਿਸ ਦਾ ਨਾਮ ‘ਅਕਾਲ ਬੁੰਗਾ’ ਰਖਿਆ ਗਿਆ ਸੀ। ‘ਬੁੰਗਾ’ ਸ਼ਬਦ (ਫਾਰਸੀ ‘ਬੁੰਗਿਹ’ ਤੋਂ) ਰਿਹਾਇਸ਼ਗਾਹ ਲਈ ਵਰਤਿਆ ਗਿਆ ਸੀ। ਜ਼ਾਹਿਰ ਹੈ ਕਿ ਸਿੱਖ ਯਾਤਰੂ ਦੂਰ-ਦੂਰ ਤੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਰਹਿੰਦੇ ਸਨ ਅਤੇ ਕਿਸੇ ਸਮੇਂ ਉਹਨਾਂ ਲਈ ਸਹੂਲਤ ਪਰਦਾਨ ਕਰਨ ਹਿਤ ਇਥੇ ਇੱਕ ਰਿਹਾਇਸ਼ਗਾਹ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੋਵੇਗਾ। ਇਸੇ ਮਕਸਦ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਇਰਦ-ਗਿਰਦ ਸਮੇਂ-ਸਮੇਂ ਹੋਰ ਬੁੰਗੇ ਵੀ ਉਸਾਰੇ ਗਏ ਜਿਹਨਾਂ ਦੇ ਵਿਸ਼ੇਸ਼ ਨਾਮ ਰੱਖੇ ਗਏ ਸਨ। ‘ਰਾਮਗੜ੍ਹੀਆ’ ਬੁੰਗੇ ਅੱਜ ਵੀ ਵੇਖੇ ਜਾ ਸਕਦੇ ਹਨ। ਅਕਾਲ ਬੁੰਗੇ ਲਈ ਵਰਤਿਆ ਗਿਆ ‘ਅਕਾਲ’ ਸ਼ਬਦ ਇਸ ਬੁੰਗੇ ਨੂੰ ਕੇਵਲ ਵਿਸ਼ੇਸ਼ ਨਾਮ ਦੇਣ ਖਾਤਰ ਹੀ ਵਰਤਿਆ ਗਿਆ ਸੀ ਅਤੇ ਇਸ ਦਾ ਸਿੱਧੇ ਤੌਰ ਤੇ ‘ਅਕਾਲ’ ਪੁਰਖ ਪਰਮਾਤਮਾ ਨਾਲ ਕੋਈ ਸਬੰਧ ਨਹੀਂ ਸੀ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਕਿਸੇ ਸਮੇਂ ਇਸ ਤਖਤ ਦੀ ਜਗਹ ਤੇ ਅਕਾਲ ਬੁੰਗਾ ਨਾਮੀ ਦੋ-ਮੰਜ਼ਿਲੇ ਭਵਨ ਦੀ ਉਸਾਰੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਆਗਿਆ ਨਾਲ ਹੋਈ ਸੀ ਤਾਂ ਇਸ ਤੋਂ ਮਤਲਬ ਇਹ ਹੀ ਲਿਆ ਜਾ ਸਕਦਾ ਹੈ ਕਿ ਗੁਰੂ ਜੀ ਨੇ ਖੁਦ ਹੀ ਇਸ ਤਖਤ ਦਾ ਤਿਆਗ ਕਰ ਕੇ ਉਸ ਸਮੇਂ ਦੀ ਲੋੜ ਅਨੁਸਾਰ ਦਰਬਾਰ ਸਾਹਿਬ ਦੇ ਨੇੜੇ ਇੱਕ ਬੁੰਗੇ ਦਾ ਨਿਰਮਾਣ ਕਰਵਾ ਦਿੱਤਾ ਸੀ। ਜੇਕਰ ਕਿਸੇ ਹੋਰ ਧਿਰ ਨੇ ਕਿਸੇ ਸਮੇਂ ਸ਼ਰਧਾ ਦੇ ਤੌਰ ਤੇ, ਜ਼ਰੂਰਤ ਪੈ ਜਾਣ ਤੇ, ਅਗਿਆਨਤਾ ਵਸ ਜਾਂ ਬਦਨੀਤੀ ਨਾਲ ਤਖਤ ਵਾਲੀ ਜਗਹ ਤੇ ਬੁੰਗਾ ਉਸਾਰ ਦਿੱਤਾ ਹੋਵੇ ਤਾਂ ਵੀ ਇਸ ਤੋਂ ਸਿੱਟਾ ਇਹ ਹੀ ਨਿਕਲਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ ਪਿੱਛੋਂ ਇਸ ਥੜ੍ਹੇ ਦੀ ਤਖਤ ਦੇ ਤੌਰ ਤੇ ਮਾਨਤਾ ਅਤੇ ਉਪਯੋਗਤਾ ਸਮਾਪਤ ਹੋ ਚੁੱਕੀ ਸੀ।

5. ਸਿਆਸੀ ਤਾਕਤ ਹਾਸਲ ਕਰਨਾਂ ਅਤੇ ਰਾਜ-ਭਾਗ ਦੀ ਪਰਾਪਤੀ ਕਦੀ ਵੀ ਸਿੱਖ ਮੱਤ ਦਾ ਟੀਚਾ ਨਹੀਂ ਰਿਹਾ। ਸਿੱਖ ਗੁਰੂ ਸਾਹਿਬਾਨ ਵਿਚੋਂ ਕਿਸੇ ਨੇ ਵੀ ਦੁਨਿਆਵੀ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੇ ਕਦੀ ਸਿੱਖਾਂ ਨੂੰ ਅਜਿਹਾ ਕਰਨ ਦੀ ਆਗਿਆ ਹੀ ਦਿੱਤੀ। ਸਿੱਖ ਸਿਧਾਂਤ ਮੁਢਲੇ ਤੌਰ ਤੇ ਨਿਰੁਂਕਸ਼ ਰਾਜ (autocracy ) ਦੇ ਖਿਲਾਫ ਹੈ ਅਤੇ ਸਰਵ-ਸਾਂਝੇ ਰਾਜ ਦੀ ਪਰੋੜਤਾ ਕਰਦਾ ਹੈ ਤਾਂ ਕਿ ਪਰਜਾ ਦੀ ਵੱਧ ਤੋਂ ਵੱਧ ਭਲਾਈ ਹੋ ਸਕੇ। ਬੰਦਾ ਬਹਾਦਰ ਦੀ ਅਗਵਾਈ ਵਿੱਚ ਕਾਇਮ ਹੋਇਆ ਸਿੱਖਾਂ ਦਾ ਪਹਿਲਾ ਰਾਜ-ਪ੍ਰਬੰਧ ਨਿਰੁੰਕਸ਼ ਰਾਜ ਨਹੀਂ ਸੀ। ਸਿੱਖ ਸਿਧਾਂਤ ਤੋਂ ਉਲਟ ਦਿਸ਼ਾ ਵਿੱਚ ਚੱਲੇ ਮਿਸਲਾਂ ਵੇਲੇ ਦੇ ਅਤੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ-ਪ੍ਰਬੰਧ ਦੇ ਸਿੱਟੇ ਸਭ ਦੇ ਸਾਹਮਣੇ ਹਨ। ਕਥਿਤ “ਅਕਾਲ ਤਖਤ” ਦੇ ਰਾਹੀਂ ਸਿੱਖ ਸ਼ਰਧਾਲੂਆਂ ਨੂੰ ਗੈਰਸਿਧਾਂਤਕ ਸਿਆਸੀ ਤਾਕਤ ਦੇ ਸੁਪਨੇ ਵਿਖਾਉਣਾ ਸਿੱਖ ਕੌਮ ਲਈ ਅੱਜ ਕਿਸ ਤਰ੍ਹਾਂ ਮਾਰੂ ਸਾਬਤ ਹੋ ਰਿਹਾ ਹੈ ਇਹ ਪਰਤੱਖ ਹੀ ਹੈ।

6. ਗੁਰਮੱਤ ਦੇ ਸੰਦਰਭ ਵਿੱਚ ਕੇਵਲ ਸਿੱਖਾਂ ਦੀ ਅਜ਼ਾਦ ਹਸਤੀ ਦਾ ਜ਼ਿਕਰ ਕਰਨਾ ਤਰਕਸੰਗਤ ਨਹੀਂ। ਸਿੱਖ ਮੱਤ ਮੁੱਢਲੇ ਤੌਰ ਤੇ ਮਾਨਵਵਾਦੀ ਮੱਤ ਹੈ। ਗੁਰਬਾਣੀ ਦੀ ਸਿਖਿਆ ਅਤੇ ਇਸ ਉਤੇ ਉੱਸਰਿਆ ਸਮੁੱਚਾ ਸਿੱਖ ਸਭਿਆਚਾਰ ਸੰਸਾਰ ਪੱਧਰ ਤੇ ਮਨੁੱਖੀ ਅਜ਼ਾਦੀ ਦੇ ਹੱਕ ਵਿੱਚ ਹਨ। ਸਿੱਖ ਮੱਤ ਕੇਵਲ ਸਿੱਖ ਫਿਰਕੇ ਦੀ ਅਜ਼ਾਦ ਹਸਤੀ ਦੀ ਗੱਲ ਨਹੀਂ ਕਰਦਾ; ਸਗੋਂ ਇਹ ਸਰਵਵਿਆਪੀ ਮਨੁੱਖੀ ਅਜ਼ਾਦੀ, ਸਮੁੱਚੀ ਮਾਨਵਤਾ ਦੇ ਹੱਕਾਂ ਦੀ ਰੱਖਿਆ ਅਤੇ ਸਰਬੱਤ ਦੇ ਭਲੇ ਲਈ ਵਚਨਬੱਧ ਹੈ।

ਕੁਝ ਹੋਰ ਵੀ ਤਰਕਹੀਣ ਦਲੀਲਾਂ ਉਪਰੋਕਤ ਤਖਤ ਦੇ ਸੰਦਰਭ ਵਿੱਚ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਇਹ ਤਖਤ ‘ਸਦੀਵੀ’ ਹੈ, ਇਹ ਤਖਤ ਸਿੱਖਾਂ ਲਈ ‘ਸਰਵਉੱਚ’ ਹੈ, ਇਹ ਤਖਤ ਇੱਕ ‘ਸੰਸਥਾ’ ਹੈ। ਗੁਰਮੱਤ ਅਨੁਸਾਰ ਕੇਵਲ ਅਕਾਲ ਪੁਰਖ ਪਰਮਾਤਮਾ ਹੀ ਸਦੀਵੀ ਹੈ। ਬਾਕੀ ਸਭ ਕੁੱਝ ਨਾਸ਼ਵਾਨ ਹੈ। ਸਿੱਖਾਂ ਲਈ ਸਰਵਉੱਚ (supreme) ਤਾਂ ਸ੍ਰੀ ਗ੍ਰੰਥ ਸਾਹਿਬ ਹੈ ਜਿਸ ਨੂੰ ਗਿਆਰ੍ਹਵੇਂ ਗੁਰੂ ਜੀ ਦੀ ਪਦਵੀ ਪਰਾਪਤ ਹੈ, ਕੋਈ ਤਖਤ, ਇਦਾਰਾ, ਵਿਅਕਤੀ, ਭਵਨ ਜਾਂ ਅਸਥਾਨ ਨਹੀਂ। “ਅਕਾਲ ਤਖਤ” ਕੋਈ ਸੰਸਥਾ ਨਹੀਂ। ਕਿਸੇ ਸੰਸਥਾ ਦੀ ਸਥਾਪਤੀ ਦੀ ਮਨਜ਼ੂਰੀ (sanction) ਦਾ ਰਿਕਾਰਡ ਹੁੰਦਾ ਹੈ, ਇਸ ਦੇ ਠੋਸ ਉਦੇਸ਼ਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ ਬਣਿਆ ਹੁੰਦਾ ਹੈ, ਇਸ ਦੀ ਆਪਣੀ ਨਿਯਮਾਵਲੀ ਜਾਂ ਵਿਧਾਨ ਹੁੰਦਾ ਹੈ, ਇਹ ਕਿਸ ਨਿਸਚਤ ਪ੍ਰਬੰਧਕ ਢਾਂਚੇ ਹੇਠ ਚਲਦੀ ਹੈ; ਕਥਿਤ “ਅਕਾਲ ਤਖਤ” ਸਬੰਧੀ ਇਸ ਵਿੱਚੋਂ ਕਦੀ ਕੁੱਝ ਵੀ ਮੌਜੂਦ ਨਹੀਂ ਰਿਹਾ।

ਇਹ ਸਹੀ ਹੈ ਕਿ ਅਠਾਰ੍ਹਵੀਂ ਸਦੀ ਵਿੱਚ ਜੰਗਾਂ-ਯੁੱਧਾਂ ਦੇ ਸਮੇਂ ਕਦੇ-ਕਦੇ ਸਿੱਖ ਜੱਥਿਆਂ ਦੇ ਨੁਮਾਇੰਦੇ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ਦੇ ਨੇੜੇ ਇਕੱਠ ਕਰ ਲੈਂਦੇ ਸਨ ਅਤੇ ਸਾਂਝੇ ਫੈਸਲੇ ਕਰ ਲੈਂਦੇ ਸਨ। ਅਜਿਹੇ ਇਕੱਠ ਨੂੰ ਸਰਬਤ ਖਾਲਸਾ ਵੀ ਕਿਹਾ ਜਾਣ ਲੱਗਾ ਸੀ ਅਤੇ ਸਾਂਝੇ ਫੈਸਲੇ ਨੂੰ ‘ਗੁਰਮਤਾ’ ਕਿਹਾ ਜਾਂਦਾ ਸੀ। ਪਰ ਇਹ ਕਹਿਣਾ ਕਿ ਇੱਥੇ ਅਜਿਹਾ ਇਕੱਠ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਦੇ ਕਰਕੇ ਹੀ ਹੁੰਦਾ ਸੀ ਸਹੀ ਨਹੀਂ ਕਿਉਂਕਿ ਦਰਬਾਰ ਸਾਹਿਬ ਹੀ ਸਿੱਖਾਂ ਦੀ ਸ਼ਰਧਾ ਦਾ ਅਸਲੀ ਕੇਂਦਰ ਬਿੰਦੂ ਹੁੰਦਾ ਸੀ। ਦਰਬਾਰ ਸਾਹਿਬ ਦੇ ਅੰਦਰਵਾਰ ਤਾਂ ਕੋਈ ਇਕੱਠ ਹੋਣਾ ਸੰਭਵ ਨਹੀਂ ਸੀ ਅਤੇ ਇਹ ਦਰਬਾਰ ਸਾਹਿਬ ਦੇ ਐਨ ਸਾਹਮਣੇ ਦਰਸ਼ਨੀ ਡਿਉਢੀ ਦੇ ਕੋਲ ਖੁਲ੍ਹੀ ਜਗਹ ਤੇ ਕਰ ਲਿਆ ਜਾਂਦਾ ਸੀ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ਨੇੜੇ ਹੋਣ ਕਰਕੇ ਇਹ ਸਿੱਖਾਂ ਲਈ ਅਥਾਹ ਪ੍ਰੇਰਣਾ ਦਾ ਸਰੋਤ ਜ਼ਰੂਰ ਹੁੰਦੀ ਸੀ। ਪਰੰਤੂ ਇਹ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਸਰਬੱਤ ਖਾਲਸਾ ਦੀ ਪ੍ਰੰਪਰਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਨਾਲ ਜੁੜੀ ਹੋਈ ਸੀ। ਸਮੇਂ ਮੁਤਾਬਕ ਸਿੱਖ ਤਾਂ ਅੰਮ੍ਰਿਤਸਰ ਤੋਂ ਦੂਰ-ਦੁਰਾਡੇ ਬੈਠ ਕੇ ਵੀ ਸਰਬੱਤ ਖਾਲਸਾ ਕਰ ਲੈਂਦੇ ਸਨ ਅਤੇ ਗੁਰਮਤਾ ਜਾਰੀ ਕਰ ਲੈਂਦੇ ਹਨ। ਅਗਸਤ 1740 ਈਸਵੀ ਵਿੱਚ ਮੱਸੇ ਰੰਗੜ ਨੂੰ ਸੋਧਣ ਲਈ ਬੀਕਾਨੇਰ ਵਿੱਚ ਹੋਇਆ ਸਰਬੱਤ ਖਾਲਸਾ ਅਤੇ ਵੱਡੇ ਘਲੂਘਾਰੇ ਤੋਂ ਪਿੱਛੋਂ 1762 ਈਸਵੀ ਵਿੱਚ ਮੁਕਤਸਰ ਵਿਖੇ ਹੋਇਆ ਸਰਬੱਤ ਖਾਲਸਾ ਇਸ ਦੀਆਂ ਪਰਮੁੱਖ ਉਦਾਹਰਣਾਂ ਹਨ।

ਸਿੱਖ ਮਿਸਲਾਂ ਦੇ ਹੱਥ ਰਾਜ-ਭਾਗ ਆ ਜਾਣ ਪਿੱਛੋਂ ਸਰਬੱਤ ਖਾਲਸੇ ਦੀ ਪਰੰਪਰਾ ਤਾਂ ਖਤਮ ਹੋ ਗਈ ਸੀ। ਪੰਜਾਬ ਵਿੱਚ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਕਾਲ ਬੁੰਗੇ ਦੀ ਇਮਾਰਤ ਹੋਰ ਉੱਚੀ ਕਰ ਦਿੱਤੀ ਗਈ ਅਤੇ ਇਸ ਦੇ ਗੁੰਬਦ ਉੱਤੇ ਸੋਨਾਂ ਵੀ ਲੇਪ ਦਿੱਤਾ ਗਿਆ ਭਾਵੇਂ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ਅਲੋਪ ਹੋ ਗਈ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖੀ ਦਾ ਪੂਰੀ ਤਰ੍ਹਾਂ ਘਾਣ ਹੋਇਆ ਜਿਸ ਲਈ ਮੁੱਖ ਤੌਰ ਤੇ ਖੁਦ ਮਹਾਰਾਜਾ ਹੀ ਜ਼ਿਮੇਵਾਰ ਸੀ। ਮਿਸਲ ਸ਼ਹੀਦਾਂ ਦਾ ਮੁਖੀ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਸੀ ਅਤੇ ਉਹ ਦਰਬਾਰ ਸਾਹਿਬ ਦੇ ਇਲਾਕੇ ਅਤੇ ਬਾਹਰਲੇ ਕਈ ਗੁਰਧਾਮਾਂ ਵਿੱਚ ਸਿੱਖ ਸਿਧਾਂਤਾਂ ਅਨੁਸਾਰ ਪ੍ਰਬੰਧ ਅਤੇ ਦੇਖ-ਰੇਖ ਦੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ ਸੀ। ਪਰੰਤੂ ਉਹ ਕਦੀ ਵੀ ਅਕਾਲ ਬੁੰਗੇ ਦਾ ਗ੍ਰੰਥੀ ਜਾਂ ‘ਜਥੇਦਾਰ’ ਨਹੀਂ ਰਿਹਾ। ਅਕਾਲੀ ਫੂਲਾ ਸਿੰਘ ਦੀ 1823 ਵਿੱਚ ਹੋਈ ਸ਼ਹੀਦੀ ਤੋਂ ਬਾਦ ਦਰਬਾਰ ਸਾਹਿਬ ਦੇ ਨਾਲ-ਨਾਲ ਅਕਾਲ ਬੁੰਗੇ ਵਿੱਚ ਵੱਖਰੇ ਤੌਰ ਤੇ ਗਿਆਨੀ ਸੰਤ ਸਿੰਘ ਨਿਰਮਲੇ ਦੇ ਪਰਿਵਾਰ ਵਿੱਚੋਂ ਪੁਜਾਰੀ ਨਿਯੁਕਤ ਕਰ ਦਿੱਤਾ ਗਿਆ। ਇਸ ਤਰ੍ਹਾਂ ਦਰਬਾਰ ਸਾਹਿਬ ਦੇ ਐਨ ਸਾਹਵੇਂ ਇੱਕ ਸ਼ਰੀਕ ਪੈਦਾ ਕਰ ਦਿੱਤਾ ਗਿਆ ਤਾਂ ਕਿ ਇਸ ਦੇ ਨਾਮ ਹੇਠਾਂ ਸਿੱਖ ਮੱਤ ਦੇ ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਭੰਗ ਕਰਨ ਵਾਲੀਆਂ ਕਾਰਵਾਈਆਂ ਨੂੰ ਸਹਿਜੇ ਹੀ ਮਾਨਤਾ ਦੁਆਈ ਜਾ ਸਕੇ। ਅਕਾਲ ਬੁੰਗੇ ਵਿੱਚ ਪੁਜਾਰੀ ਦੀ ਨਿਯੁਕਤੀ ਇੱਕ ਹੀ ਪਰਿਵਾਰ ਵਿੱਚੋਂ ਪੀੜ੍ਹੀ ਦਰ ਪੀੜ੍ਹੀ ਚਲਣੀ ਸੀ (ਅਤੇ ਉਹ ਵੀ ਨਿਰਮਲੇ ਪਰਿਵਾਰ ਵਿੱਚੋਂ) ਜਿਸ ਤੋਂ ਪਰਭਾਵ ਇਹ ਬਣਦਾ ਹੈ ਕਿ ਅਕਾਲ ਬੁੰਗੇ ਨੂੰ ਇੱਕ ਮੱਠ ਜਾਂ ਡੇਰੇ ਦਾ ਰੂਪ ਦਿੱਤੇ ਜਾਣ ਦੀ ਯੋਜਨਾ ਸੀ ਤਾਂ ਕਿ ਇਸ ਦੇ ਪੁਜਾਰੀ ਨੂੰ ਸ਼ਖਸੀ ਗੁਰੂ ਦੇ ਰੂਪ ਵਿੱਚ ਉਭਾਰਿਆ ਜਾ ਸਕੇ। ਉਧਰ ਦਰਬਾਰ ਸਾਹਿਬ ਦੇ ‘ਹਰਿਮੰਦਰ’ ਅਤੇ ‘ਸਵਰਣ-ਮੰਦਰ’ ਵਰਗੇ ਨਾਮ ਪਰਚਲਤ ਕਰ ਦਿੱਤੇ ਗਏ। ਇਸ ਸਮੇਂ ਤਕ ਦਰਬਾਰ ਸਾਹਿਬ ਇਲਾਕੇ ਵਿੱਚ ਨਿਰਮਲਿਆਂ ਅਤੇ ਉਦਾਸੀਆਂ ਦਾ ਪੂਰਾ ਪਰਭਾਵ ਰਿਹਾ ਜੋ ਅੰਗਰਜ਼ਾਂ ਦਾ ਰਾਜ ਆਉਣ ਤੇ ਹੋਰ ਵੀ ਵਧ ਗਿਆ। ਦਰਬਾਰ ਸਾਹਿਬ ਦੀਆਂ ਪਰਿਕਰਮਾਂ ਵਿੱਚ ਮੂਰਤੀਆਂ ਤਕ ਸਥਾਪਤ ਕਰ ਦਿੱਤੀਆਂ ਗਈਆਂ ਸਨ। ਅੰਗਰੇਜ਼ਾਂ ਦੀ ਨੀਤੀ ਵੀ ਹਮੇਸ਼ਾ ਹੀ ਸਿੱਖੀ ਨੂੰ ਢਾ ਲਾਉਣ ਦੀ ਹੀ ਰਹੀ। ਅੰਗਰੇਜ਼ਾਂ ਵੇਲੇ ਦਰਬਾਰ ਸਾਹਿਬ ਇਲਾਕੇ ਦੇ ਪ੍ਰਬੰਧ ਵਿੱਚ ਸਿੱਧਾ ਸਰਕਾਰੀ ਦਖਲ ਸ਼ੁਰੂ ਹੋ ਗਿਆ। ਇਥੇ ਸਰਕਾਰੀ ਤੌਰ ਤੇ ਸਰਬਰਾਹ ਦੀ ਨਿਯੁਕਤੀ ਕਰ ਦਿੱਤੀ ਗਈ। ਇਸੇ ਦੌਰਾਨ ਅਕਾਲ ਬੁੰਗੇ ਦਾ ਨਾਮ ਪਹਿਲਾਂ “ਤਖਤ ਅਕਾਲ ਬੁੰਗਾ” ਪਰਚਲਤ ਕਰ ਦਿੱਤਾ ਗਿਆ ਜੋ ਵੀਹਵੀਂ ਸਦੀ ਤਕ ਪਹੁੰਚਦਿਆਂ “ਅਕਾਲ ਤਖਤ” ਵਿੱਚ ਬਦਲ ਦਿੱਤਾ ਗਿਆ (ਐਨ ਉਸੇ ਤਰ੍ਹਾਂ ਜਿਵੇਂ ਪਹਿਲਾਂ ‘ਬਚਿੱਤਰ ਨਾਟਕ’ ਦੀ ਕਾਢ, ਫਿਰ ਇਸ ਤੋਂ ‘ਦਸਮ ਗ੍ਰੰਥ’ ਅਤੇ ਫਿਰ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ’ ਦੇ ਨਾਮ ਪਰਚਲਤ ਕਰਦੇ ਹੋਏ ਸ੍ਰੀ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਨ ਦਾ ਯਤਨ ਕੀਤਾ ਗਿਆ ਹੈ)। ਇਸੇ ਦੌਰਾਨ ਕਥਿਤ “ਅਕਾਲ ਤਖਤ” ਵਿੱਚ ਸ੍ਰੀ ਗ੍ਰੰਥ ਸਾਹਿਬ ਦਾ ਪਰਕਾਸ਼ ਕਰਵਾ ਕੇ ਵੀਹਵੀਂ ਸਦੀ ਦੇ ਅਰੰਭ ਵਿੱਚ ਬਣੇ ਗੁਰਦੁਆਰਾ ਐਕਟ ਰਾਹੀਂ “ਅਕਾਲ ਤਖਤ” ਦੇ ਗ੍ਰੰਥੀ ਦੀ ਅਸਾਮੀ ਪੱਕੀ ਕਰ ਦਿੱਤੀ ਗਈ। ਉਨ੍ਹੀਵੀਂ ਸਦੀ ਵਿੱਚ ਅਕਾਲ ਬੁੰਗੇ ਦੇ ਪੁਜਾਰੀ ਦੇ ਰੂਪ ਵਿੱਚ ਸ਼ਖਸੀ ਗੁਰੂ ਸਥਾਪਤ ਕਰਨ ਦੀ ਜੋ ਯੋਜਨਾਂ ਸਿੰਘ ਸਭਾ ਦੇ ਉਥਾਨ ਨਾਲ ਅਧੂਰੀ ਰਹਿ ਗਈ ਸੀ ਉਸ ਨੂੰ ਵੀਹਵੀਂ ਸਦੀ ਵਿੱਚ ਕਥਿਤ “ਅਕਾਲ ਤਖਤ” ਦੇ ਪੁਜਾਰੀ ਨੂੰ ‘ਜਥੇਦਾਰ’ ਦਾ ਲਕਬ ਦੇ ਕੇ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਥਿਤ “ਅਕਾਲ ਤਖਤ” ਦਾ ਤਜਰਬਾ ਕਾਮਯਾਬ ਹੁੰਦਾ ਵੇਖ ਕੇ ਇਸ ਦੀ ਤਰਜ਼ ਤੇ ਚਾਰ ਹੋਰ “ਤਖਤ” ਵੀ ਹੋਂਦ ਵਿੱਚ ਲੈ ਆਂਦੇ ਗਏ ਹਨ। ਇਸ ਸਮੁੱਚੀ ਵਿਵਸਥਾ ਦੇ ਮਾਰੂ ਪਰਭਾਵ ਜਾਗਰੂਕ ਸਿੱਖ ਸ਼ਰਧਾਲੂਆਂ ਤੋਂ ਕੋਈ ਲੁਕੇ-ਛਿਪੇ ਨਹੀਂ।

ਇਸ ਤਰ੍ਹਾਂ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਕਾਲ ਤੋਂ ਪਿੱਛੋਂ ਉਹਨਾਂ ਦੇ ਅੰਮ੍ਰਿਤਸਰ ਵਾਲੇ ਤਖਤ ਦੇ ਵਜੂਦ ਦੀ ਸਿੱਖ ਮੱਤ ਵਿੱਚ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਕਥਿਤ “ਅਕਾਲ ਤਖਤ” ਪਿਛਲੀਆਂ ਲਗ-ਭਗ ਦੋ ਸਦੀਆਂ ਤੋਂ ਸਿੱਖ ਸਭਿਆਚਾਰ ਵਿੱਚ ਵਿਆਪਕ ਤੌਰ ਤੇ ਫੈਲੇ ਪਰਦੂਸ਼ਣ ਅਤੇ ਸਿੱਖ ਮੱਤ ਦੇ ਹਿੰਦੂਕਰਣ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ। ਦੇਸ਼ ਵਿਦੇਸ਼ ਦਾ ਹਰ ਗੁਰਦੁਆਰਾ ਅੱਜ ਕਥਿਤ “ਅਕਾਲ ਤਖਤ” ਦੀ ਸ਼ੈਲੀ (style) ਅਨੁਸਾਰ ਹੀ ਕਾਰਜ ਕਰ ਰਿਹਾ ਹੈ। ਦੂਸਰੇ ਪਾਸੇ ਕੁੱਝ ਵਿਦਵਾਨਾਂ ਵੱਲੋਂ ਭਾਵੁਕਤਾ ਵੱਸ ਛੇਵੇਂ ਗੁਰੂ ਜੀ ਤੋਂ ਲੈ ਕੇ ਸਿੱਖ ਇਤਹਾਸ ਦੀ ਹਰ ਘਟਨਾ ਨੂੰ ਕਥਿਤ “ਅਕਾਲ ਤਖਤ” ਨਾਲ ਜੋੜਨ ਦੀ ਫਜ਼ੂਲਂ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ ਦਰਬਾਰ ਸਾਹਿਬ ਦੇ ਨੇੜੇ ਬਣੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਤਖਤ ਵਾਲੀ ਜਗਹ ਦੀ ਗੌਰਵਮਈ ਸਿੱਖ ਵਿਰਸੇ ਦੇ ਮਹੱਤਵਪੂਰਨ ਅੰਗ ਵਜੋਂ ਸੰਭਾਲ ਕਰ ਲਈ ਜਾਂਦੀ। ਪਰੰਤੂ ਅਜਿਹਾ ਕਰਨ ਦੀ ਬਜਾਏ ਇਸ ਜਗਹ ਤੇ ਕਥਿਤ “ਅਕਾਲ ਤਖਤ” ਐਨ ਉਸੇ ਤਰ੍ਹਾਂ ਪਰਗਟ ਕਰ ਦਿੱਤਾ ਗਿਆ ਜਿਸ ਤਰ੍ਹਾਂ ਦੁਖ-ਭੰਜਨੀ ਬੇਰੀ, ਹੇਮ ਕੁੰਟ ਅਤੇ ਦਸਮ ਗ੍ਰੰਥ ਹੋਂਦ ਵਿੱਚ ਆਏ ਹਨ। ਸੁਹਿਰਦ ਵਿਦਵਾਨਾਂ ਅਤੇ ਜਾਗਰੂਕ ਸਿੱਖ ਸ਼ਰਧਾਲੂਆਂ ਨੂੰ ਚਾਹੀਦਾ ਹੈ ਕਿ ਉਹ ਸਿੱਖ ਮਾਨਸਿਕਤਾ ਅਤੇ ਸਿੱਖ ਇਤਹਾਸ ਨੂੰ ਕਥਿਤ “ਅਕਾਲ ਤਖਤ” ਦੇ ਜੂਲੇ ਹੇਠੋਂ ਕੱਢਣ ਦਾ ਉਪਰਾਲਾ ਕਰਨ ਤਾਂ ਕਿ ਸਿੱਖ ਮੱਤ ਦਾ ਭਵਿਖ ਸੁਰਖਿਅਤ ਹੋ ਸਕੇ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ। (ਸੰਪਰਕ ਲਈ ਫੋਨ ਨੰ. 09317910734)




.