ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 15)
ਸ੍ਰਿਸਟੇ ਭੇਉ ਨ ਜਾਣੈ ਕੋਇ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ॥ ਸੰਪੈ ਕਉ ਈਸਰੁ ਧਿਆਈਐ॥ ਸੰਪੈ ਪੁਰਬਿ
ਲਿਖੇ ਕੀ ਪਾਈਐ॥ ਸੰਪੈ ਕਾਰਣਿ ਚਾਕਰ ਚੋਰ॥ ਸੰਪੈ ਸਾਥਿ ਨ ਚਾਲੈ ਹੋਰ॥ ਬਿਨੁ ਸਾਚੇ ਨਹੀ ਦਰਗਹ
ਮਾਨੁ॥ ਹਰਿ ਰਸੁ ਪੀਵੈ ਛੁਟੈ ਨਿਦਾਨਿ॥ ੫੦॥ ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ॥ ਹਉ ਹਉ ਕਰਤੀ
ਮੈ ਮੁਈ ਸਬਦਿ ਰਵੈ ਮਨਿ ਗਿਆਨੁ॥ ਹਾਰ ਡੋਰ ਕੰਕਣ ਘਣੇ ਕਰਿ ਥਾਕੀ ਸੀਗਾਰੁ॥ ਮਿਲਿ ਪ੍ਰੀਤਮ ਸੁਖੁ
ਪਾਇਆ ਸਗਲ ਗੁਣਾ ਗਲਿ ਹਾਰੁ॥ ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ॥ ਹਰਿ ਬਿਨੁ ਕਿਨਿ
ਸੁਖੁ ਪਾਇਆ ਦੇਖਹੁ ਮਨਿ ਬੀਚਾਰਿ॥ ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ॥ ਹਰਿ ਜਪੀਐ ਹਰਿ
ਧਿਆਈਐ ਹਰਿ ਕਾ ਨਾਮੁ ਅਧਾਰੁ॥ ੫੧॥ ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥ ਆਪੇ ਕਾਰਣੁ ਜਿਨਿ
ਕੀਆ ਕਰਿ ਕਿਰਪਾ ਪਗੁ ਧਾਰਿ॥ ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ॥ ਲਿਖਿਆ ਫੇਰਿ ਨ ਸਕੀਐ ਜਿਉ
ਭਾਵੀ ਤਿਉ ਸਾਰਿ॥ ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥ ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ
ਬੀਚਾਰਿ॥ ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ॥ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੇ
ਦਿਤਾ ਦਿਖਾਇ॥ ੫੨॥ (੯੩੭)
॥ ੫੦॥ ਸ੍ਰਿਸਟੇ ਭੇਉ ਨ ਜਾਣੈ ਕੋਇ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ॥ ਸੰਪੈ ਕਉ ਈਸਰੁ ਧਿਆਈਐ॥ ਸੰਪੈ
ਪੁਰਬਿ ਲਿਖੇ ਕੀ ਪਾਈਐ॥ ਸੰਪੈ ਕਾਰਣਿ ਚਾਕਰ ਚੋਰ॥ ਸੰਪੈ ਸਾਥਿ ਨ ਚਾਲੈ ਹੋਰ॥ ਬਿਨੁ ਸਾਚੇ ਨਹੀ
ਦਰਗਹ ਮਾਨੁ॥ ਹਰਿ ਰਸੁ ਪੀਵੈ ਛੁਟੈ ਨਿਦਾਨਿ॥ ੫੦॥ ਸ੍ਰਿਸਟੇ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਦਾ
ਭੇਦ ਕੋਈ ਨਹੀਂ ਪਾ ਸਕਦਾ। ਗੁਰਬਾਣੀ ਸੇਧ ਦਿੰਦੀ ਹੈ,
ਪਿਤਾ ਕਾ ਜਨਮੁ ਕਿ ਜਾਨੈ ਪੂਤੁ॥ (੨੮੪) ਬੰਦੇ ਦੀ ਹੋਂਦ ਵੱਧ ਤੋਂ ਵੱਧ ਸੌ, ਸਵਾ ਸੌ ਸਾਲ ਹੁੰਦੀ
ਹੈ। ਉਸ ਦੇ ਜਨਮ ਤੋਂ ਪਹਿਲਾਂ, ਜਦ ਉਸ ਦੀ ਹੋਂਦ ਨਹੀਂ ਸੀ, ਉਸ ਵੇਲੇ ਦੀ ਗੱਲ ਉਹ ਕਿਵੇਂ ਜਾਣ
ਸਕਦਾ ਹੈ? ਅਤੇ ਮੌਤ ਮਗਰੋਂ ਦੀ ਗੱਲ, ਜਦ ਉਸ ਦੀ ਹੋਂਦ ਨਹੀਂ ਹੋਵੇਗੀ, ਉਸ ਵੇਲੇ ਦੀ ਗੱਲ ਉਹ
ਕਿਵੇਂ ਜਾਣ ਸਕੇਗਾ? ਪਰਮਾਤਮਾ ਤਾਂ ਆਦਿ ਵੀ ਸੀ। ਜੁਗਾਦਿ, ਜੁਗਾਂ ਦੇ ਸ਼ੁਰੂ ਵਿਚ, ਜਦੋਂ ਸ੍ਰਿਸ਼ਟੀ
ਬਣੀ ਸੀ, ਉਸ ਵੇਲੇ ਵੀ ਸੀ। ਅਤੇ ਸ੍ਰਿਸ਼ਟੀ ਦੇ ਅੰਤ ਮਗਰੋਂ ਵੀ ਹੋਵੇਗੀ। ਫਿਰ ਅਜਿਹੀ ਹਸਤੀ ਬਾਰੇ,
ਕੋਈ ਕਿਵੇਂ ਜਾਣ ਸਕਦਾ ਹੈ? ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਜੋ ਕਰਦਾ ਹੈ, ਉਹ ਹਰ ਹਾਲਤ ਵਿੱਚ
ਹੁੰਦਾ ਹੈ। ਕਿਉਂਕਿ ਉਸ ਪ੍ਰਭੂ ਦੀ ਰਜ਼ਾ ਵਿੱਚ ਦਖਲ ਦੇਣ ਦੀ ਸਮਰਥਾ, ਕਿਸੇ ਵੀ ਦੇਵੀ-ਦੇਵਤੇ,
ਅਵਤਾਰ, ਪੀਰ-ਪੈਗੰਬਰ ਵਿੱਚ ਨਹੀਂ ਹੈ। ਬੰਦਾ ਦੁਨਿਆਵੀ ਪਦਾਰਥਾਂ ਲਈ ਹੀ ਰੱਬ ਦੀ ਪੂਜਾ ਕਰਦਾ ਹੈ,
ਪਰ ਵਿਡੰਬਣਾ ਇਹ ਹੈ ਕਿ ਬੰਦੇ ਨੇ ਜੋ ਕਰਮ ਕੀਤੇ ਹੁੰਦੇ ਹਨ, ਉਸ ਦੇ ਲੇਖੇ ਮੁਤਾਬਕ ਹੀ ਬੰਦੇ ਨੂੰ
ਦੁਨਿਆਵੀ ਪਦਾਰਥ ਮਿਲਦੇ ਹਨ। ਮਾਇਕ ਪਦਾਰਥ ਹਾਸਲ ਕਰਨ ਲਈ ਬੰਦਾ ਚੋਰ ਬਣਦਾ ਹੈ, ਬੁਰੇ ਕੰਮ ਕਰਦਾ
ਹੈ, ਦੂਸਰੇ ਦਾ ਹੱਕ ਮਾਰਦਾ ਹੈ। ਦੂਸਰਿਆਂ ਦੀ ਚਾਕਰੀ, ਗੁਲਾਮੀ ਕਰਦਾ ਹੈ। ਪਰ ਮਾਇਕ ਪਦਾਰਥ ਹਮੇਸ਼ਾ
ਸਾਥ ਨਹੀਂ ਨਿਭਦੇ, ਬੰਦੇ ਦੇ ਮਰਦਿਆਂ ਹੀ ਦੂਸਰੇ ਦੇ ਹੋ ਜਾਂਦੇ ਹਨ। ਹਮੇਸ਼ਾ ਕਾਇਮ ਰਹਣ ਵਾਲੇ
ਸ੍ਰਿਸ਼ਟੇ, ਅਕਾਲ ਪੁਰਖ ਨਾਲ ਜੁੜੇ ਬਗੈਰ, ਉਸ ਦੀ ਰਜ਼ਾ ਵਿੱਚ ਚਲੇ ਬਗੈਰ, ਅਕਾਲ ਪੁਰਖ ਦੀ ਦਰਗਾਹ
ਵਿੱਚ ਆਦਰ ਨਹੀਂ ਮਿਲਦਾ। ਜੋ ਮਨੁੱਖ ਹਰੀ ਦਾ ਨਾਮ ਰਸ ਪੀਂਦਾ ਹੈ, ਉਸ ਦੇ ਹੁਕਮ ਵਿੱਚ ਚਲਦਾ ਹੈ,
ਉਹ ਅੰਤ ਵੇਲੇ ਮਾਇਆ-ਮੋਹ ਕਾਰਨ ਪਛਤਾਉਣ ਤੋਂ ਬਚ ਜਾਂਦਾ ਹੈ।
॥ ੫੧॥ ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ॥ ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ॥ ਹਾਰ
ਡੋਰ ਕੰਕਣ ਘਣੇ ਕਰਿ ਥਾਕੀ ਸੀਗਾਰੁ॥ ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ॥ ਨਾਨਕ
ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ॥ ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ॥ ਹਰਿ
ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ॥ ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ॥ ੫੧॥ ਹੇ
ਸਖੀ ਇਹ ਗੱਲ ਵੇਖ-ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ ਕਿ ਸ਼ਬਦ ਦਾ ਰਵਣ ਕਰਦਿਆਂ, ਸ਼ਬਦ ਦੀ ਵਿਚਾਰ
ਕਰਨ ਨਾਲ, ਮਨ ਵਿੱਚ ਗਿਆਨ ਪੈਦਾ ਹੋ ਗਿਆ ਹੈ, ਜਿਸ ਕਾਰਨ ਮੇਰੇ ਅੰਦਰੋਂ, ਹਉਂ-ਹਉਂ ਕਰਨ ਵਾਲੀ
ਹਉਮੈ ਖਤਮ ਹੋ ਗਾਈ ਹੈ। ਇਸ ਨੂੰ ਹੀ ਗੁਰਬਾਣੀ ਵਿੱਚ ਇਵੇਂ ਵੀ ਸਮਝਾਇਆ ਹੈ, ਗੁਰ ਕੀ ਸੇਵਾ ਸਬਦੁ
ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥ ੭॥ (੨੨੩) ਮੈਂ ਬਹੁਤ ਸ਼ੰਗਾਰ ਕਰ-ਕਰ ਕੇ, ਡੋਰਾਂ ਵਾਲੇ ਹਾਰ
ਪਾ-ਪਾ ਕੇ, ਕੰਗਣਾਂ ਨਾਲ ਬਾਹਾਂ ਸਜਾ ਕੇ, ਕਰਮ ਕਾਂਡ ਕਰ-ਕਰ ਕੇ ਥੱਕ ਚੁੱਕੀ ਸਾਂ, ਪਰ ਪ੍ਰਭੂ
ਮਿਲਾਪ ਦਾ ਸੁਖ ਨਹੀਂ ਮਿਲਿਆ ਸੀ। ਹੁਣ ਹਉਮੈ ਮਰਨ ਨਾਲ, ਪ੍ਰਭੂ ਮਿਲਾਪ ਦਾ ਸੁਖ ਮਿਲ ਗਿਆ ਹੈ। ਹੁਣ
ਮੈਂ ਉਸ ਦੇ ਗੁਣਾਂ ਨਾਲ ਸ਼ੰਗਾਰੀ ਗਈ ਹਾਂ। ਹੋਰ ਹਾਰ-ਸ਼ੰਗਾਰ ਦੀ, ਕਿਸੇ ਕਰਮ-ਕਾਂਡ ਦੀ ਲੋੜ ਹੀ
ਨਹੀਂ ਰਹਿ ਗਈ ਹੈ। ਹੇ ਨਾਨਕ, ਗੁਰਮੁਖ ਹੋ ਕੇ ਹੀ, ਗੁਰੁ ਵਲੋਂ ਮਿਲੇ ਗਿਆਨ ਆਸਰੇ ਚਲ ਕੇ ਹੀ,
ਕਰਤਾਰ ਨਾਲ ਪਿਆਰ ਪੈ ਸਕਦਾ ਹੈ। ਆਪਣੇ ਮਨ ਵਿੱਚ ਵਿਚਾਰ ਕਰ ਕੇ ਵੇਖੋ, ਪ੍ਰਭੂ ਨਾਲ ਪਿਆਰ ਪਾ ਕੇ
ਵੇਖੋ, ਤੁਹਾਨੂੰ ਸਮਝ ਆ ਜਾਵੇਗੀ ਕਿ ਕਰਤਾਰ ਨਾਲ ਮਿਲੇ ਬਗੈਰ, ਕਦੇ ਕਿਸੇ ਨੇ ਸੁਖ ਨਹੀਂ ਪਾਇਆ। ਇਸ
ਲਈ ਹੇ ਭਾਈ, ਹੇ ਵੀਰ, ਜੇ ਸੁਖ ਪਾਉਣਾ ਹੋਵੇ ਤਾਂ ਪ੍ਰਭੂ ਬਾਰੇ ਜਾਨਣਾ, ਉਸ ਦੀ ਰਜ਼ਾ ਨੂੰ ਸਮਝਣਾ,
ਉਸ ਨੂੰ ਹੀ ਪਿਆਰ ਕਰਨਾ ਚਾਹੀਦਾ ਹੈ। ਹਰੀ ਨੂੰ ਹੀ ਮਨ ਵਿੱਚ ਜਪਣਾ, ਯਾਦ ਰੱਖਣਾ ਚਾਹੀਦਾ ਹੈ, ਉਸ
ਦਾ ਹੀ ਧਿਆਨ ਧਰਨਾ ਚਾਹੀਦਾ ਹੈ। ਹਰੀ ਦੇ ਨਾਮ, ਉਸ ਦੇ ਹੁਕਮ ਨੂੰ ਹੀ ਜ਼ਿੰਦਗੀ ਦਾ ਆਧਾਰ ਬਨਾਉਣਾ
ਚਾਹੀਦਾ ਹੈ।
॥ ੫੨॥ ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥ ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ॥
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ॥ ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ॥ ਨਦਰਿ ਤੇਰੀ
ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥ ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ॥ ਜਿ ਪੁਰਖੁ ਨਦਰਿ ਨ
ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ॥ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੇ ਦਿਤਾ ਦਿਖਾਇ॥ ੫੨॥ (੯੩੭)
ਹੇ ਸਖੀ, ਸਾਡੇ ਕੀਤੇ ਕਰਮਾਂ ਕਾਰਨ, ਮਨ ਵਿੱਚ ਬਣੇ ਸੰਸਕਾਰਾਂ ਅਨੁਸਾਰ, ਕਰਤਾਰ ਨੇ ਜੋ ਲੇਖ, ਸਾਡੇ
ਮੱਥੇ ਤੇ ਲਿਖ ਦਿੱਤਾ ਹੈ, ਉਹ ਸਾਡੀ ਆਪਣੀ ਸਿਆਣਪ ਜਾਂ ਚਤਰਾਈ ਨਾਲ ਨਹੀਂ ਮਿਟ ਸਕਦਾ। ਜਦ ਤਕ ਜਿਸ
ਵਾਹਿਗੁਰੂ ਨੇ, ਹਉਮੈ ਕਾਰਨ, ਆਪਣੇ ਵਿਛੋੜੇ ਦਾ ਸਾਧਨ ਬਣਾਇਆ ਹੈ, ਉਹ ਆਪ ਹੀ ਕਿਰਪਾ ਕਰ ਕੇ ਸਾਡੇ
ਹਿਰਦੇ ਵਿੱਚ ਨਾ ਵੱਸ ਜਾਵੇ, ਤਦ ਤੱਕ ਇਹ ਲੇਖ ਨਹੀਂ ਮਿਟ ਸਕਦਾ। ਕਰਤਾਰ ਦੇ ਆਪਣੇ ਹੱਥ ਵਿੱਚ ਹੀ,
ਉਸ ਦੀ ਵਡਿਆਈ ਨਾਲ ਜੁੜਨ ਦਾ ਸੰਜੋਗ ਹੈ, ਜਿਸ ਨੂੰ ਸ਼ਬਦ ਦੀ ਵਿਚਾਰ ਕਰਨ ਨਾਲ ਸਮਝਿਆ ਜਾ ਸਕਦਾ ਹੈ।
ਹੇ ਨਾਨਕ ਆਖ, ਸ਼ਬਦ ਨੂੰ ਵਿਚਾਰ ਕੇ ਸਮਝ ਲਿਆ ਹੈ ਕਿ ਤੇਰੀ ਬਖਸ਼ਿਸ਼ ਦੀ ਨਜ਼ਰ ਨਾਲ ਹੀ ਸੁਖ ਮਿਲਦਾ
ਹੈ। ਜਿਹੜੇ ਮਨੁੱਖ ਆਪਣੇ ਮਨ ਦੇ ਕਹੇ ਚਲਦੇ ਹਨ, ਉਹ ਹਉਮੈ ਦੇ ਗੇੜ ਵਿੱਚ ਫਸ ਕੇ, ਭਰਮ ਭੁਲੇਖਿਆਂ
ਵਿੱਚ ਫਸੇ, ਮਾਇਆ ਦੀ ਅੱਗ ਵਿੱਚ ਸੜ ਕੇ ਉਸ ਦਾ ਹੀ ਹਿੱਸਾ ਬਣ ਗਏ। ਇਸ ਵਿਚੋਂ ਉਹੀ ਤਰ ਕੇ ਪਾਰ
ਲੱਗਾ, ਜਿਸ ਨੇ ਸ਼ਬਦ ਦੀ ਵਿਚਾਰ ਨਾਲ, ਹਉਮੈ ਤੋਂ ਮੁਕਤੀ ਹਾਸਲ ਕਰ ਲਈ। ਜਿਸ ਕਰਤਾਰ ਦਾ ਕੋਈ ਆਕਾਰ
ਨਹੀਂ ਹੈ, ਜਿਸ ਨੂੰ ਵੇਖਿਆ ਨਹੀਂ ਜਾ ਸਕਦਾ, ਉਸ ਦਾ ਧਿਆਨ ਕਿਵੇਂ ਧਰਿਆ ਜਾ ਸਕਦਾ ਹੈ? ਪਰ ਮੈਂ
ਆਪਣੇ ਗੁਰ, ਸ਼ਬਦ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਸ ਨੇ ਉਸ ਪ੍ਰਭੂ ਨੂੰ
ਮੇਰੇ ਹਿਰਦੇ ਵਿਚੋਂ ਹੀ ਵਿਖਾ ਦਿੱਤਾ ਹੈ। ਹਿਰਦੇ ਵਿੱਚ ਹੀ ਉਸ ਦਾ ਅਹਿਸਾਸ ਕਰਵਾ ਦਿੱਤਾ ਹੈ।
ਅਮਰ ਜੀਤ ਸਿੰਘ ਚੰਦੀ ੨੭-੩-੨੦੧੧
(ਨੋਟ:- ਅੱਜ ਇਸ ਵਿਸ਼ੇ ਦੀਆਂ ਪੰਦਰਾਂ ਕਿਸਤਾਂ ਪੂਰੀਆਂ ਹੋ ਗਈਆਂ ਹਨ, ਪੇਸ਼ ਕਰਨ ਨੂੰ ਤਾਂ
ਹੋਰ ਬਹੁਤ ਸਾਰੀਆਂ ਕਿਸਤਾਂ ਹਨ, ਪਰ ਉਨ੍ਹਾਂ ਨੂੰ ਕਿਤਾਬ ਵਿੱਚ ਪਾ ਦਿੱਤਾ ਜਾਵੇਗਾ। ਸਮੇ ਦੀ ਮੰਗ
ਹੈ ਕਿ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਵੱਲ ਧਿਆਨ ਦਿੱਤਾ ਜਾਵੇ, ਇਸ ਲਈ ਦੋ ਕਿਸਤਾਂ ਹੀ ਹੋਰ ਪੇਸ਼
ਕੀਤੀਆਂ ਜਾਣਗੀਆਂ, ਤਾਂ ਜੋ, ਜਿਨ੍ਹਾਂ ਵੀਰਾਂ ਨੇ ਇਨ੍ਹਾਂ ਕਿਸਤਾਂ ਨੂੰ ਵਾਚਿਆ ਹੈ, ਉਨ੍ਹਾਂ
ਵਿਚੋਂ ਜੋ ਇਨ੍ਹਾਂ ਬਾਰੇ, ਇਨ੍ਹਾਂ ਦੇ ਅਰਥਾਂ ਬਾਰੇ, ਜਾਂ ਇਨ੍ਹਾਂ ਨਾਲ ਸਬੰਧਤ ਹੋਰ ਕਿਸੇ ਵਿਸ਼ੇ
ਬਾਰੇ ਵਿਚਾਰ ਸਾਂਝ ਕਰਨੀ ਚਾਹੁਣ, ਉਨ੍ਹਾਂ ਨੂੰ ਮੌਕਾ ਮਿਲ ਸਕੇ। ਸੁਹਿਰਦ ਵਿਚਾਰ ਸਾਂਝ ਨੂੰ ਪੂਰਾ
ਸਤਿਕਾਰ ਦਿੱਤਾ ਜਾਵੇਗਾ।)