.

ਰਾਮ ਜਪਉ ਜੀ ਐਸੇ ਐਸੇ

ਗੁਰਦੁਆਰਿਆਂ ਵਿਚ, ਰੇਡੀਉ ਉਤੇ, ਸੀ ਡੀ ਉਤੇ, ਡੀ ਵੀ ਡੀ ੳਤੇ ਅਤੇ ਟੈਲੀਵੀਯਨਾਂ ਉਤੇ “ਵਾਹਿਗੁਰੂ” ਸ਼ਬਦ ਨੂੰ ਬੜੀ ਸ਼ਰਧਾ ਨਾਲ ਸਾਜ਼ਾਂ ਨਾਲ ਗਾਇਆ ਜਾਂਦਾ ਹੈ ਤੇ ਇਸ ਕਰਮ ਨੂੰ ਨਾਮ ਦਾ ਜਾਪ, ਸਿਮਰਨ ਜਾਂ ਧਿਆਉਣਾ ਮੰਨਿਆ ਜਾਂਦਾ ਹੈ। ਇਹ ਵੀ ਪੜ੍ਹਨ ਵਿੱਚ ਆਇਆ ਹੈ ਕਿ ਗੁਰਬਾਣੀ ਤੇ ਵੀ ਚਲਣਾ ਹੈ ਤੇ ਇੱਕ ਖਾਸ ਸਮੇ ਉੱਠ ਕੇ “ਵਾਹਿਗੁਰੂ” ਸ਼ਬਦ ਦਾ ਜਾਪ ਵੀ ਕਰਨਾ ਹੈ ਜੋ ਕੇ ਇੱਕ ਭੁਲੇਖਾ ਹੀ ਹੈ।। ਗੁਰਬਾਣੀ ਵਿਚੋਂ ਇੱਕ ਗੁਰਪ੍ਰਮਾਣ “ਧੁੰਨ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕੱਥ ਕਹਾਣੀ (ਮ: 1 … 878)” ਨੂੰ ਲੈ ਕੇ, ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੇ ਡੇਰਿਆਂ ਤੇ ਠਾਠਾਂ ਵਿੱਚ ਇਸ ਕਰਮ ਨੂੰ ਕੀਤਾ, ਕਰਾਇਆ ਅਤੇ ਸਿਖਾਇਆ ਜਾਂਦਾ ਹੈ। ਕਈ ਕੀਰਤਨੀਆਂ, ਉਪਦੇਸ਼ਕਾਂ ਤੇ ਕਥਾਕਾਰਾਂ ਤੋਂ ਵੀ ਇਹੀ ਵਿਆਖਿਆ ਸੁਣਨ ਵਿੱਚ ਆਈ ਹੈ ਜਦ ਕਿ ਗੁਰਬਾਣੀ ਦੇ ਟੀਕਾਕਾਰਾਂ ਨੇ ਇਸ ਗੁਰਪ੍ਰਮਾਣ ਦੇ ਅਰਥ ਇਸ ਤਰਾਂ ਲਿਖੇ ਹਨ:- “ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀ ਹੋ ਸਕਦੀ ਪਰ ਜਿਹੜਾ ਮਨੁਖ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਉਸ ਅਨੁਸਾਰ ਚਲਦਾ ਹੈ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ”। ਇਥੇ ਤਾਂ ਕਿਸੇ ਨਾਮ ਦੇ ਜਪਣ ਜਪਾਣ ਦੀ ਗਲ ਵੀ ਨਹੀ ਹੋਈ। ਕਿਸੇ ਖਾਸ ਸਮੇ ਉੱਠ ਕੇ ਕਿਸੇ ਖਾਸ ਤਰੀਕੇ ਨਾਲ ਪ੍ਰਮਾਤਮਾ ਦਾ ਧਿਆਨ ਧਰਨ ਦੀ ਗਲ ਨਹੀ ਹੋਈ, ਕੇਵਲ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਉਸ ਅਨੁਸਾਰ ਚੱਲਣ ਦੀ ਤਾਕੀਦ ਕੀਤੀ ਗਈ ਹੈ। ਵੇਖਣ ਵਿੱਚ ਆਇਆ ਹੈ ਕਿ ਨਗਾਰੇ ਦੀ ਚੋਟ ਤੇ “ਵਾਹਿਗੁਰੂ” ਸਬਦ ਨੂੰ ਉਚਾਰਦਿਆਂ ਸਰੀਰਾਂ ਨੂੰ ਇਧਰ ਉਧਰ ਇਸਤਰਾਂ ਪਟਕਾਇਆ ਜਾਂਦਾ ਹੈ ਕਿ ਦਸਤਾਰਾਂ ਲਹਿ ਜਾਂਦੀਆਂ ਹਨ, ਕੇਸ ਖਿਲਰ ਜਾਂਦੇ ਹਨ ਤੇ ਇੱਕ ਐਸਾ ਝੱਲ ਚੜ੍ਹਦਾ ਹੈ ਕਿ ਆਪੇ ਦੀ ਸੁੱਧ ਹੀ ਨਹੀ ਰਹਿੰਦੀ। ਕੀ ਇਹ ਨਾਮ ਜਪਣਾ ਹੈ ਕਿ ਸ਼ੁਦਾਈ ਪੁਣਾ? ਇਸ ਤਰਾ ਨਾਮ ਜਪਣ ਤੇ ਜਪਾਉਣ ਵਾਲਿਆਂ ਦੇ ਮਨ ਵਿੱਚ ਕਦੇ ਇਹ ਵਿਚਾਰ ਨਹੀ ਉਠਦਾ ਕਿ ਕੀ ਗੁਰੂ ਸਾਹਿਬਾਨ, ਭਗਤ ਜਾਂ ਗੁਰੂ ਦੇ ਪ੍ਰਸਿੱਧ ਸਿੱਖ ਵੀ ਇਸੇ ਤਰਾਂ ਹੀ ਨਾਮ ਜਪਦੇ ਸਨ? ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਪੰਨੇ ਉਤੇ ਇਸ ਤਰਾਂ ਦੀ ਵਿਧੀ ਦਾ ਜ਼ਿਕਰ ਕੀਤਾ ਨਹੀ ਮਿਲਦਾ। ਹੋ ਸਕਦਾ ਹੈ ਕਿ ਇਹ ਭੁਲੇਖਾ ਭਾਈ ਗੁਰਦਾਸ ਜੀ ਦੀ ਬਾਣੀ ਵਿਚੋਂ ਹੀ ਪਿਆ ਹੋਵੇ ਕਿਉਂਕਿ ਹੋਰ ਕਿਸੇ ਪਾਸੇ ਤਾਂ “ਵਾਹਿਗੁਰੂ” ਨੂੰ ਜਪਣ ਜਪਾਣ ਦਾ (ਪ੍ਰਵਾਣਕ) ਵਰਨਨ ਨਹੀ ਮਿਲਦਾ। ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਕਿਸੇ ਖਾਸ ਸਮੇ ਤੇ ਉੱਠ ਕੇ, ਕਿਸੇ ਖਾਸ ਸਮੇ ਤਕ ਬੈਠ ਕੇ “ਵਾਹਿਗੁਰੂ” ਸ਼ਬਦ ਦਾ ਜਾਪ ਕਰਨਾ ਗੁਰਮਤਿ ਤੇ ਚਲਣ ਨਾਲੋਂ ਬਹੁਤ ਸੌਖਾ ਹੈ। ਗੁਰਮਤਿ ਤੇ ਚਲ ਕੇ ਗੁਣਾਂ ਨੂੰ ਧਾਰਨ ਕਰਨਾ ਤੇ ਔਗਣਾਂ ਤੋਂ ਛੁਟਕਾਰਾ ਪਾਉਣਾ ਕੋਈ “ਖਾਲਾ ਜੀ ਦਾ ਵਾੜਾ ਨਹੀ”, ਕਠਨ ਕੰਮ ਹੈ: ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ॥ (575) ਤੇ ਇਸ ਖੰਡੇ ਧਾਰ ਤੇ ਬਿਖਮ ਮਾਰਗ (ਜਿਸਤੇ ਕੋਈ ਵਿਰਲਾ ਹੀ ਚਲ ਪਾਉਂਦਾ ਹੈ) ਤੋਂ ਬਚਣ ਲਈ ਇਹ ਅਖੌਤੀ ਨਾਮ ਜਪਣ ਦਾ ਸੌਖਾ ਰਾਹ ਵਿਹਲੜ, ਆਲਸੀ ਤੇ ਡਰਪੋਕ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੀ ਹੀ ਕਾਢ ਹੈ। ਇਹ ਭੁਲੇਖਾ ਭਾਈ ਗੁਰਦਾਸ ਜੀ ਦੀ ਵਾਰ (13) ਦੇ ਗਲਤ ਅਰਥ ਕਰਕੇ ਪਾਇਆ ਗਿਆ ਹੈ। ਭਾਈ ਗੁਰਦਾਸ: “ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹੳਮੈ ਖੋਈ (ਵਾਰ 13 ਪਉੜੀ 2) “ਪਹਿਲੀ ਗਲ ਤਾਂ ਇਹ ਕਿ ਇਸ ਪੰਗਤੀ ਦੇ ਅਰਥ ਵੀ ਗੁਰਬਾਣੀ ਵਿਰੁਧ ਨਹੀ ਹੋ ਸਕਦੇ ਕਿਉਂਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਬੈਠ ਕੇ ਗੁਰਬਾਣੀ ਲਿਖਣ ਤੇ ਵਿਚਾਰਨ ਦਾ ਮਾਣ ਹਾਸਲ ਹੈ ਤੇ ਉਹ ਗੁਰਮਤਿ ਦੇ ਸਿਧਾਂਤਾਂ ਤੋਂ ਭਲੀ ਭਾਂਤ ਜਾਣੂ ਸਨ। ਇਥੇ ਉਰੋਕਤ ਪੰਗਤੀ ਨੂੰ ਗਲਤ ਅਰਥਾਇਆ ਗਿਆ ਹੈ। ਸਹੀ ਅਰਥ ਵਿਚਾਰਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਵਾਰ 11 (ਪਉੜੀ 8) ਦੇ ਭਾਈ ਵੀਰ ਸਿੰਘ ਜੀ ਦੇ ਕੀਤੇ ਅਰਥ ਵੇਖਣ ਯੋਗ ਹਨ। ਵਾਹਿਗੁਰੂ ਸ਼ਬਦ ਦੇ ਅਰਥ ਕਰਦਿਆਂ ਭਾਈ ਸਾਹਿਬ ਜੀ ਲਿਖਦੇ ਹਨ: “ਵਾਹਿਗੁਰੂ ਵਡ੍ਹੀ ਵਡਿਆਈ” (ਵਾਰ 11, ਪਉੜੀ 8) ਦੇ ਅਰਥ ਕੀਤੇ ਹਨ “ਧੰਨ ਗੁਰੂ ਹੈ, ਉਸਦੀ ਵਡ੍ਹੀ ਸੋਭਾ ਹੈ”। ਜੇ ਇਥੇ “ਵਾਹਿਗੁਰੂ” ਦੇ ਅਰਥ “ਧੰਨ ਗੁਰੂ” ਹਨ ਤਾਂ ਇਸ ਦੁਆਰਾ ਉਪਰੋਕਤ ਪੰਗਤੀ ਦੇ ਅਰਥ “ਧੰਨ ਗੁਰੂ (ਗੁਰਬਾਣੀ) ਗੁਰ ਮੰਤ੍ਰ ਹੈ ਜਿਸ ਤੇ ਚਲ ਕੇ ਹਉਮੈ ਨੂੰ ਦੂਰ ਕੀਤਾ ਜਾ ਸਕਦਾ ਹੈ” ਹੀ ਹੋ ਸਕਦੇ ਹਨ। ਭਾਈ ਗੁਰਦਾਸ ਜੀ “ਮੂਲ ਮੰਤ੍ਰ” ਬਾਰੇ ਲਿਖਦੇ ਹਨ: “ਮੰਤ੍ਰ ਮੂਲ ਗੁਰਵਾਕ ਹੈ ਸਚ ਸਬਦ ਸਤਿਗੁਰੂ ਸੁਣਾਏ” (ਵਾਰ 13 ਪਉੜੀ 5)। ਸਮੂਹ ਗੁਰਬਾਣੀ ਹੀ ਮੂਲ ਮੰਤ੍ਰ ਹੈ। ਸਪਸ਼ਟ ਹੈ ਕਿ ਭਾਈ ਗੁਰਦਾਸ ਜੀ ਦੀ ਵਾਰ (13) ਦੇ ਭਾਵ ਅਰਥਾਂ ਨੂੰ ਵਿਚਾਰਿਆ ਨਹੀ ਗਿਆ। ਦੂਜੀ ਗਲ ਇਹ ਕਿ ਗੁਰਬਾਣੀ ਤੋਂ ਬਿਨਾ ਨਾਮ ਜਪਣ ਦੀ ਵਿਧੀ ਕਿਸੇ ਹੋਰ ਗ੍ਰੰਥ ਵਿਚੋਂ ਲੈਣੀ ਹੀ ਗੁਰਬਾਣੀ ਦਾ ਘੋਰ ਨਿਰਾਦਰ ਹੈ। ਕੀ ਇਹ ਵਿਧੀ ਗੁਰੂ ਸਾਹਿਬਾਨਾਂ ਦੇ ਸਮੇ ਵੀ ਪ੍ਰਚਲਤ ਸੀ? ਨਾਂ ਗੁਰਬਾਣੀ ਤੇ ਨਾਂ ਹੀ ਇਤਿਹਾਸ ਇਸ ਗਲ ਦੀ ਗਵਾਹੀ ਭਰਦੇ ਹਨ। ਗੁਰੂ ਗ੍ਰੰਥ ਸਾਹਿਬ ਨਾਲ ਸਾਂਝ ਰਖਣ ਵਾਲੇ ਇਹ ਜਾਣਦੇ ਹਨ ਕਿ ਗੁਰਬਾਣੀ ਵਿੱਚ “ਨਾਮ” ਅਤੇ “ਜਪਣ” ਨੂੰ ਨਵੇਂ ਅਰਥਾਂ ਵਿੱਚ ਲਿਆ ਗਿਆ ਹੈ। ਨਾਮ ਜਪਣਾਂ ਕੋਈ ਕਰਮ ਕਾਂਡ ਨਹੀ ਹੋ ਸਕਦਾ ਕਿਉਂਕਿ ਗੁਰਬਾਣੀ ਕਰਮ ਕਾਂਡਾਂ ਨੂੰ ਕਬੂਲ ਨਹੀ ਕਰਦੀ।

1. ਅਨਿਕ ਕਰਮ ਕੀਏ ਬਹੁਤੇਰੇ॥ ਜੋ ਕੀਜੈ ਸੋ ਬੰਧਨੁ ਪੈਰੇ॥ (1075)

2. ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ॥ ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ॥ 1261

3. ਬਹੁ ਕਰਮ ਕਮਾਵੈ ਮੁਕਤਿ ਨ ਪਾਏ॥ ਦੇਸੰਤਰੁ ਭਵੈ ਦੂਜੈ ਭਾਇ ਖੁਆਇ॥ (123)

4. ਕਰਮ ਕਾਂਡ ਬਹੁ ਕਰਹਿ ਅਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥ (162)

5. ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥ ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ॥ (379)।

ਇਸ ਲਈ ਮੂੰਹ ਨਾਲ ਕੀਤਾ ਕੋਈ ਜਪਣ ਦਾ ਕਰਮ ਕਾਂਡ ਵੀ ਗੁਰਮਤਿ ਵਿੱਚ ਪ੍ਰਵਾਨ ਨਹੀ।

1. ਕਾਹੂ ਬੋਲ ਨ ਪਹੁਚਤ ਪ੍ਰਾਨੀ॥ ਅਗਮ ਅਗੋਚਰ ਪ੍ਰਭ ਨਿਰਬਾਨੀ॥ (287)

ਕੁਛ ਬੋਲਣ (ਦੇ ਕਰਮ ਕਾਂਡ) ਨਾਲ ਪਰਮਾਤਮਾ ਨਹੀ ਪਾਇਆ ਜਾ ਸਕਦਾ ਕਿਉਂਕਿ ਉਹ ਇੰਦ੍ਰੀਆਂ ਦੀ ਪਕੜ ਤੋਂ ਪਰੇ ਹੈ। ਫਿਰ ਬੋਲ ਕੇ ਜਪਣਾ ਤਾਂ ਇੱਕ ਨਿਸਫਲ ਕਰਮ ਹੀ ਹੋ ਜਾਂਦਾ ਹੈ।

2. ਅੰਤਰਿ ਗਿਆਨੁ ਨ ਆਇਉ ਜਿਤੁ ਕਿਛੁ ਸੋਝੀ ਪਾਇ॥ ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ॥ (646)

ਜਿਸ ਗਿਆਨ ਨਾਲ ਪਰਮਾਤਮਾ ਦੀ ਸਮਝ ਪੈਣੀ ਸੀ ਉਹ ਤਾਂ ਲਿਆ ਨਹੀ ਫਿਰ ਜਿਸ ਪ੍ਰਭੂ ਨੂੰ ਵੇਖਿਆ ਨਹੀ ਉਸਦੀ ਸਿਫਤ ਸਾਲਾਹ ਕਿਵੇਂ ਹੋ ਸਕਦੀ ਹੈ? ਅਗਿਆਨੀ ਅਗਿਆਨਤਾ ਦੀ ਹੀ ਕਮਾਈ ਕਰਦਾ ਹੈ। ਜੇ ਅਦ੍ਰਿਸ਼ਟ ਪ੍ਰਭੂ ਨੂੰ ਵੇਖੇ ਬਿਨਾ, ਜਾਣੇ ਬਿਨਾ, ਸਿਫਤ ਸਾਲਾਹ ਨਹੀ ਹੋ ਸਕਦੀ ਤਾਂ ਅਦ੍ਰਿਸ਼ਟ ਨੂੰ ਬਿਨਾ ਵੇਖੇ ਧਿਆਇਆ ਜਾਂ ਧਿਆਨ ਵਿੱਚ ਕਿਵੇਂ ਲਿਆਇਆ ਜਾ ਸਕਦਾ ਹੈ?

3. ਬਿਨੁ ਗੁਰ ਦੀਖਿਆ ਕੈਸੇ ਗਿਆਨੁ॥ ਬਿਨੁ ਪੇਖੈ ਕਹੁ ਕੈਸੇ ਧਿਆਨੁ॥ (1140)

ਗੁਰੂ ਦੇ ਉਪਦੇਸ਼ (ਗੁਰਬਾਣੀ, ਗਿਆਨ) ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀ ਹੋ ਸਕਦੀ ਅਤੇ ਪਰਮਾਤਮਾ ਨੂੰ ਵੇਖੇ ਬਿਨਾ ਉਸਦਾ ਧਿਆਨ ਨਹੀ ਕੀਤਾ ਜਾ ਸਕਦਾ। ਉਸਦੇ ਧਿਆਨ ਤੋਂ ਬਿਨਾ ਉਸਨੂੰ ਜਪਿਆ ਵੀ ਕਿਵੇਂ ਜਾ ਸਕਦਾ ਹੈ?

ਗੁਰਬਾਣੀ ਦਾ ਇੱਕ ਹੋਰ ਪੱਖ ਵੀ ਹੈ ਕਿ ਨਾਮ ਕਿਸੇ ਖਾਸ ਸਮੇ ਹੀ ਨਹੀ ਬਲਿਕੇ:-

1. ਆਠ ਪਹਿਰ ਹਰਿ ਹਰਿ ਜਪ ਜਾਪ॥ (1149)

2. ਗੁਣ ਗੋਪਾਲ ਦਿਨ ਰੈਣ ਧਿਆਇਆ॥ (1150)

3. ਸ੍ਰਵਣੀ ਕੀਰਤਨ ਸੁਨਉ ਦਿਨ ਰਾਤੀ॥ (1199)

4. ਅਨਿਦਿਨ ਸਿਮਰਹੁ ਨਾਮ ਤਜਿ ਲਾਜ ਲੁਕਾਣੀਆ॥ (399)

5. ਆਠ ਪਹਿਰ ਆਰਾਧਉ ਹਰਿ ਹਰਿ … …. . (627)

6. ਗਿਆਨੀ ਹਰਿ ਬੋਲਹੁ ਦਿਨ ਰਾਤਿ॥ (1264)

7. ਅਨਦਿਨ ਨਾਮ ਸਾਲਾਹਣਾ ਹਰਿ ਜਪਿਆ ਮਨ ਆਨੰਦ॥ (1421)

ਉਪਰੋਕਤ ਗੁਰ ਪ੍ਰਮਾਣਾਂ ਦੁਆਰਾ ਦੋ ਨੁਕਤੇ ਸਿਧਿ ਹੋ ਜਾਂਦੇ ਹਨ। ਪਹਿਲਾ ਇਹ ਕਿ ਜਪਣਾਂ, ਧਿਆਉਣਾ, ਕੀਰਤਨ ਸੁਣਨਾ, ਸਿਮਰਨਾ, ਆਰਾਧਨਾ, ਬੋਲਣਾ ਤੇ ਸਾਲਾਹਣਾ ਦਾ ਭਾਵ ਇਕੋ ਹੀ ਹੈ, ਨਹੀ ਤਾਂ ਪਤਾ ਨਹੀ ਚਲੇਗਾ ਕਿ ਅੱਠੇ ਪਹਿਰ ਤੇ ਦਿਨ ਰਾਤ ਕਿਹੜਾ ਕਰਮ ਕਰਨਾ ਹੈ। ਦੂਸਰਾ ਇਹ ਕਿ ਇਹ ਕਰਮ ਅੱਠੇ ਪਹਿਰ ਤੇ ਦਿਨ ਰਾਤ ਕਰਨਾ ਹੈ ਜੋ ਕੇ ਮੁਸ਼ਕਿਲ ਹੀ ਨਹੀ ਬਲਿਕੇ ਅਸੰਭਵ ਹੈ। ਸੰਸਾਰ ਵਿੱਚ ਵਿਚਰਨ ਲਈ ਖਾਣਾ, ਪੀਣਾ, ਹਸਣਾ, ਖੇਡਣਾ, ਸੌਣਾ ਤੇ ਹੋਰ ਦੁਨਿਆਵੀ ਧੰਧੇ ਵੀ ਕਰਨੇ ਹਨ ਜੋ ਕੇ ਜੀਵਨ ਦੀਆਂ ਜ਼ਰੂਰਤਾਂ ਹਨ। ਇਹਨਾਂ ਜ਼ਰੂਰਤਾਂ ਨੂੰ ਨਿਭਾਉਂਦੇ ਹੋਏ ਅੱਠੇ ਪਹਿਰ ਤੇ ਰਾਤ ਦਿਨ ਮੂੰਹ ਨਾਲ ਨਾਮ ਜਪਣ ਦਾ ਕਰਮ ਕਾਂਡ ਨਹੀ ਹੋ ਸਕਦਾ, ਇਸ ਲਈ ਜ਼ਰੂਰ ਨਾਮ ਜਪਣ ਦੇ ਅਰਥ ਕੋਈ ਕਰਮ ਕਾਂਡ ਨਹੀ ਹੋ ਸਕਦੇ, ਕੁੱਝ ਹੋਰ ਹੋਵਣਗੇ। ਕਈ ਅਜੇਹਾ ਮੰਨਦੇ ਹਨ ਕਿ ਇਹ ਦੋਨੋਂ ਕਰਮ ਹੋ ਸਕਦੇ ਹਨ ਜੇ “ਹੱਥ ਕਾਰ ਵਲ ਤੇ ਦਿਲ ਯਾਰ ਵਲ” ਰਖਿਆ ਜਾਵੇ। ਪਰ ਇਹ ਗੁਰਪ੍ਰਮਾਣ ਤੇ ਪੂਰਾ ਨਹੀ ਉਤਰਦਾ। ਗੁਰ ਫੁਰਮਾਨ ਹੈ:-ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ॥ (303) ਭਾਵ:- ਮਨ ਇੱਕ ਹੈ ਤੇ (ਇਕ ਵੇਲੇ) ਇੱਕ ਪਾਸੇ ਹੀ ਲਗ ਸਕਦਾ ਹੈ। ਜਿਧਰ ਵੀ ਇਹ ਲਗਦਾ ਹੈ, ਸਫਲਤਾ ਹਾਸਲ ਕਰਿ ਲੈਂਦਾ ਹੈ। ਇਸ ਲਈ ਜਾਂ ਤਾਂ ਇਹ ਕਾਰ ਵਲ ਲਗ ਸਕਦਾ ਹੈ ਤੇ ਜਾਂ ਯਾਰ ਵਲ। ਇਕੋ ਵੇਲੇ ਦੋਨਾਂ ਵਲ ਨਹੀਂ ਲਗ ਸਕਦਾ। ਇਕੋ ਮਨ ਨੂੰ ਦੋ ਪਾਸੇ ਲਾਉਣਾ ਮਨ ਨੂੰ ਏਧਰ ਓਧਰ ਦੁੜਾਨਾ ਹੈ ਜਿਸ ਨਾਲ ਮਨ ਤਨਾਉ ਵਿੱਚ ਆ ਕੇ ਥੱਕ ਜਾਵੇਗਾ ਤੇ ਸਫਲਤਾ ਹਾਸਲ ਨਹੀ ਕਰ ਸਕੇਗਾ। ਦੂਸਰੇ ਸ਼ਬਦਾਂ ਵਿੱਚ ਇਸਨੂੰ ਮਨ ਦਾ ਡੋਲਣਾ ਵੀ ਕਿਹਾ ਜਾ ਸਕਦਾ ਹੈ। ਮਸੀਤ ਵਿੱਚ ਕਾਜ਼ੀ ਨਾਲ ਨਮਾਜ਼ ਪੜਨ ਗਏ ਬਾਬੇ ਨਾਨਕ ਨੇ ਇਹੀ ਅਸੂਲ ਨੂੰ ੳਜਾਗਰ ਕੀਤਾ ਸੀ। ਜੇ ਧਿਆਨ ਹੋ ਰਹੀ ਕਾਰ (ਨਮਾਜ਼ ਕਰਨ) ਵਿੱਚ ਨਹੀ ਹੈ ਤਾਂ ਕਾਰ ਨਿਸਫਲ ਹੋ ਜਾਵੇਗੀ। ਇਸ ਲਈ ਮਨ ਨੂੰ ਦੋ ਪਾਸੇ ਲਾਉਣ ਵਾਲਾ ਫੌਰਮੂਲਾ ਇਥੇ ਕੰਮ ਨਹੀ ਆ ਸਕਦਾ। ਪਰ ਗੁਰਬਾਣੀ ਇਹਨਾਂ ਦੋਹਾਂ ਕੰਮਾਂ ਨੂੰ ਇਕੋ ਵੇਲੇ ਕਰਨਾ ਸੰਭਵ ਦਸਦੀ ਹੈ:-

ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (522)

ਭਾਵ:- ਹੇ ਨਾਨਕ ਜੇ ਸਤਿਗੁਰ (ਸਤਿ=ਸੱਚਾ, ਗੁਰ=ਗਿਆਨ) ਮਿਲ ਜਾਇ ਤਾਂ ਜਿਉਣ ਦੀ ਸਚੀ ਜੁਗਤਿ (ਵਿਧੀ) ਆ ਜਾਂਦੀ ਹੈ ਤੇ ਫਿਰ ਹਸਦਿਆਂ, ਖੇਡਦਿਆਂ, ਪਹਿਨਦਿਆਂ ਤੇ ਖਾਂਦਿਆਂ (ਭਾਵ ਦੁਨਿਆਵੀ ਕੰਮ ਕਾਰ ਕਰਦਿਆਂ) ਮੋਹ ਮਾਇਆ (ਦੇ ਵਿਕਾਰਾਂ) ਤੋਂ ਬਚੇ ਰਹੀਦਾ ਹੈ। ਇਹ ਗੁਰ ਗਿਆਨ ਦੁਆਰਾ ਸਚੀ ਜੀਵਨ ਜੁਗਤ ਹੀ ਸਾਸ ਸਾਸ ਨਾਮ ਜਪਣ ਦੀ ਵਿਧੀ ਹੈ। ਇਹ ਪੜਨ ਨੂੰ ਪਹਿਲਾਂ ਭਾਵੇਂ ਅਜੀਬ ਲਗੇ ਪਰ ਗੁਰਫੁਰਮਾਨ ਇਸ ਦਾ ਸਪਸ਼ਟੀਕਰਨ ਕਰਦੇ ਹਨ:- ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ (759)। ਭਾਵ:- ਗੁਰੂ ਦੀ ਸੂਝ (ਗੁਰਬਾਣੀ, ਗੁਰਗਿਆਨ) ਹੀ ਨਾਮ ਹੈ ਜੋ ਗੁਰੂ ਸਿਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ। ਜਿਸਦੇ ਭਾਗਾਂ ਵਿੱਚ ਇਹ ਪ੍ਰਾਪਤੀ ਲਿਖੀ ਹੈ (ਜੋ ਕੋਸ਼ਿਸ਼ ਕਰਦਾ ਹੈ) ਉਹ ਗੁਰੂ ਦੀ ਚਰਣੀ ਆ ਲਗਦਾ ਹੈ (ਗੁਰ ਸਿਖਿਆ ਤੇ ਚਲਦਾ ਹੈ) ਤੇ ਨਾਮ ਪਦਾਰਥ ਹਾਸਲ ਕਰ ਲੈਂਦਾ ਹੈ। ਜੇ ਗੁਰਉਪਦੇਸ਼ (ਗੁਰਗਿਆਨ) ਨਾਮ ਹੈ ਤਾਂ ਉਪਦੇਸ਼ ਤੇ ਚਲਣਾ ਹੀ ਨਾਮ ਜਪਣਾ ਹੋ ਸਕਦਾ ਹੈ ਤੇ ਇਹ ਕੋਈ ਕਰਮ ਕਾਂਡ ਨਹੀ ਹੈ, ਬਲਿਕੇ ਮਨ ਦੀ ਸਾਧਨਾ ਹੈ ਅਤੇ ਇਹ ਦੁਨਿਆਵੀ ਧੰਧੇ ਕਰਦਿਆਂ ਅੱਠੇ ਪਹਿਰ ਅਤੇ ਰਾਤ ਦਿਨ ਹੋਣਾ ਵੀ ਸੰਭਵ ਹੈ। ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ॥ (1239) ਭਾਵ:- ਗੁਰੂ ਦੀ ਬਾਣੀ ਹੀ ਨਾਮ ਹੈ ਜਿਸਨੂੰ ਗੁਰੂ ਹਿਰਦੇ ਵਿੱਚ ਪੱਕਾ ਕਰਾਉਂਦਾ ਹੈ। ਗੁਰਬਾਣੀ ਦੁਆਰਾ ਹੀ ਪੰਛੀ (ਵਾਂਗ ਉਡਾਰੂ ਇਹ) ਮਤਿ ਵਸ ਵਿੱਚ ਆ ਜਾਂਦੀ ਹੈ। ਸੋ ਗੁਰੂ ਦੀ ਬਾਣੀ (ਗੁਰ ਗਿਆਨ) ਹੀ ਨਾਮ ਹੈ ਤੇ ਇਸ ਨੂੰ ਹਿਰਦੇ ਵਸਾਉਣਾ (ਉਸ ਤੇ ਚਲਣਾ) ਹੀ ਨਾਮ ਜਪਣਾ ਹੈ। ਮਹਾਨ ਕੋਸ਼ ਵਿੱਚ “ਨਾਮ” ਦੇ ਅਰਥ “ਕਰਤਾਰ ਅਤੇ ੳੇਸਦਾ ਹੁਕਮ ਬੋਧਕ ਸਬਦ” ਵੀ ਕੀਤੇ ਗਏ ਹਨ ਅਤੇ ਜਪਹੁ ਦੇ ਅਰਥ “ਜਾਣਹੁ, ਸਮਝਹੁ, ਦੇਖੋ” ਵੀ ਕੀਤੇ ਗਏ ਹਨ ਜਿਨਾ ਦੇ ਅਨੁਸਾਰ ਨਾਮ ਜਪਣ ਦੇ ਅਰਥ ਹੁਕਮ ਨੂੰ ਜਾਨਣਾ ਬਣਦੇ ਹਨ। ਗੁਰੂ ਦਾ ਹੁਕਮ, ਗੁਰ ਉਪਦੇਸ਼, ਹੀ ਨਾਮ ਹੈ ਇਸ ਲਈ ਗੁਰ ਉਪਦੇਸ਼ ਨੂੰ ਜਾਨਣਾ (ਗੁਰ ਉਪਦੇਸ਼ ਤੇ ਚਲਣਾ) ਹੀ ਨਾਮ ਜਪਣਾ ਹੈ। “ਜਪਣ” ਨੂੰ ਜਾਨਣ ਤੇ ਸਮਝਣ ਦੇ ਨਵੇਂ ਅਰਥਾਂ ਵਿੱਚ ਲਿਆ ਗਿਆ ਹੈ ਜਿਵੇਂ ਗੁਰ ਪ੍ਰਮਾਣ ਹੈ:-

1. ਐਸਾ ਗਿਆਨੁ ਜਪਹੁ ਮਨ ਮੇਰੇ॥ (728) ਗਿਆਨ ਨੂੰ ਜਾਣਿਆ ਜਾਂਦਾ ਹੈ ਜਪਿਆ ਨਹੀ। ਗੁਰਬਾਣੀ ਗੁਰ ਗਿਆਨ ਹੈ ਜਿਸਨੂੰ ਜਾਨਣਾ ਹੈ, ਤੋਤਾ ਰਟਣ ਨਹੀ ਕਰਨਾ।

2. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ॥ (192) ਗੋਬਿੰਦ ਕੀ ਬਾਣੀ ਨੂੰ ਜਾਨਣਾ ਹੈ, ਸਮਝਣਾ ਹੈ ਤੇ ਇਸ ਨੂੰ ਕੋਈ ਜਪਣ ਦਾ ਕਰਮ ਕਾਂਡ ਨਹੀ ਬਣਾ ਲੈਣਾ।

3. ਸੱਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ॥ (1087)। ਸਚੇ ਉਪਦੇਸ਼ ਨੂੰ ਜਾਣ ਕੇ, ਬੁੱਝ ਕੇ (ਉਸ ਤੇ ਚਲ ਕੇ)। ਹੀ ਹਰੀ ਨਾਲ ਬਣ ਆਵੇਗੀ ਕਿਸੇ ਇੱਕ ਸਬਦ ਨੂੰ ਰੱਟਣ ਦੇ ਕਰਮ ਕਾਂਡ ਨਾਲ ਨਹੀ। ਇਹ ਕਰਮ ਕਾਂਡ ਗੁਰਮਤਿ ਵਿੱਚ ਪ੍ਰਵਾਨ ਨਹੀ। ਬਿਨ ਪੇਖੇ ਧਿਆਨ ਨਹੀ ਹੋ ਸਕਦਾ ਤੇ ਬਿਨ ਧਿਆਨ ਜਪਣਾ ਨਿਸਫਲ ਹੈ।

 

1. ਮਨਮੁਖਿ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥ (39) ਆਪਣੇ ਮਨ ਦੇ ਪਿਛੇ ਤੁਰਨ ਵਾਲੇ (ਕਿਸੇ ਵੀ ਇਕ) ਨਾਮ ਦਾ ਰਟਣ ਕਰਕੇ ਥਕ ਗਏ ਪਰ ਆਪਣੇ ਮਨ ਦੀ ਮੈਲ ਨੂੰ ਨਾ ਧੋ ਸਕੇ। ਮੂੰਹ ਨਾਲ ਜਪਣ ਦੇ ਕਿਸੇ ਕਰਮ ਕਾਂਡ ਨੇ ਮਨ ਦੀ ਮੈਲ ਨੂੰ ਨਹੀ ਧੋ ਸਕਣਾ ਇਸ ਲਈ ਇਹ ਕਰਮ ਕਾਂਡ ਨਿਸਫਲ ਹੈ।

2. ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ (555)

ਇਕ ਸ਼ਬਦ ਦਾ ਜਾਪ ਤਾਂ ਸਾਰਾ ਜਗਤ ਕਰਦਾ ਫਿਰਦਾ ਹੈ ਪਰ ਇਸਤਰਾਂ ਕਰਨ ਨਾਲ ਪਰਮਾਤਮਾ ਨਹੀ ਪਾਇਆ ਜਾਣਾ। ਮੂੰਹ ਨਾਲ ਜਪਣ ਦੇ ਕਰਮ ਕਾਂਡ ਨੂੰ ਫੇਰ ਕੋਈ ਪ੍ਰਵਾਨਗੀ ਨਹੀ ਦਿੱਤੀ ਗਈ।

 

3. ਰਸਨਾ ਨਾਮੁ ਸਭੁ ਕੋਈ ਕਹੈ॥ ਸਤਿਗੁਰੁ ਸੇਵੇ ਤਾ ਨਾਮੁ ਲਹੈ॥ (1262)।

ਹੁਣ ਇਥੇ ਤਾਂ ਗੁਰੂ ਨੇ ਫੈਸਲਾ ਹੀ ਕਰਿ ਦਿਤਾ (ਸਪਸ਼ਟ ਕਰ ਦਿੱਤਾ) ਕਿ ਰਸਨਾ ਨਾਲ ਤਾਂ ਸਭ ਨਾਮ ਲੈਂਦੇ ਹਨ (ਜਪਦੇ ਹਨ) ਪਰ ਨਾਮ ਦੀ ਦਾਤ ਉਸਨੂੰ ਪ੍ਰਾਪਤ ਹੁੰਦੀ ਹੈ ਜੋ ਸਤਿਗੁਰ ਦੀ ਸ਼ਰਨ ਪੈਂਦਾ ਹੈ। ਸਤਿਗੁਰ ਦੀ ਸ਼ਰਨ ਪੈਣਾ ਸਤਿਗੁਰ ਦੇ ਉਪਦੇਸ਼ ਤੇ ਚਲਣਾਂ ਹੈ ਤੇ ਇਹੀ ਨਾਮ ਦੀ ਪ੍ਰਾਪਤੀ ਹੈ। ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ॥ (317) ਸਤਿਗੁਰ ਦੀ ਕਾਰ (ਹੁਕਮ, ਸਬਦ, ਗੁਰਬਾਣੀ) ਕਮਾਉਣੀ ਹੀ ਜਪੁ ਕਮਾਉਣਾ ਹੈ ਜਿਸ ਨਾਲ ਘਾਲ ਥਾਇ ਪੈ ਸਕਦੀ ਹੈ।

ਉਪਰੋਕਤ ਗੁਰ ਪ੍ਰਮਾਣ ਸਪਸ਼ਟ ਕਰਦੇ ਹਨ ਕਿ ਨਾਮ ਜਪਣ ਦੇ ਕਿਸੇ ਬਾਹਰਲੇ ਕਰਮ ਕਾਂਡ ਦੁਆਰਾ ਪਰਮਾਤਮਾ ਨੂੰ ਨਹੀ ਪਾਇਆ ਜਾ ਸਕਦਾ। ਗੁਰੂ ਦੀ ਮਤ (ਸ਼ਬਦ, ਬਾਣੀ, ਗਿਆਨ, ਉਪਦੇਸ਼) ਹੀ ਨਾਮ ਹੈ ਤੇ ਇਸ ਤੇ ਚਲਣਾ ਹੀ ਨਾਮ ਜਪਣਾ ਹੈ ਜੋ ਕੋਈ ਕਰਮ ਕਾਂਡ ਨਹੀ ਅਤੇ ਦੁਨਿਆਵੀ ਧੰਧੇ ਕਰਦਿਆਂ ਵੀ ਅਠੇ ਪਹਿਰ ਜਾਂ ਦਿਨ ਰਾਤ ਹੋ ਸਕਦਾ ਹੈ। ਗੁਰਬਾਣੀ ਦੀ ਮੋਹਰ ਹੈ:-

1. ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥ (644)। ਭਾਵ: ਸਤਿਗੁਰੂ ਦੇ ਸ਼ਬਦ (ਗੁਰਬਾਣੀ, ਗਿਆਨ) ਦੁਆਰਾ ਹੀ ਨਾਮ ਉਪਜਦਾ ਹੈ ਤੇ ਹਰੀ ਨਾਲ ਮੇਲ ਪ੍ਰਾਪਤ ਹੁੰਦਾ ਹੈ। ਸ਼ਬਦ (ਗੁਰ ਗਿਆਨ) ਤੋਂ ਬਿਨਾ ਸੰਸਾਰ ਪਾਗਲ ਹੋਇਆ ਫਿਰਦਾ ਹੈ ਤੇ ਮਨੁੱਖਾ ਜਨਮ ਵਿਅਰਥ ਚਲਾ ਜਾਂਦਾ ਹੈ। ਸਪਸ਼ਟ ਹੈ ਕਿ ਜੇ ਗੁਰਬਾਣੀ ਤੋਂ ਹੀ ਨਾਮ ਉਪਜਣਾ ਹੈ ਤਾਂ ਗੁਰਬਾਣੀ ਹੀ ਨਾਮ ਹੈ ਤੇ ਇਸ ਤੇ ਚਲਣਾ ਹੀ ਨਾਮ ਜਪਣਾ ਹੈ।

2. ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮ ਲੀਜੈ ਹੇ॥ (1049)। ਭਾਵ: ਹੇ ਭਾਈ, ਗੁਰੂ ਦੀ ਮੱਤ ਉਤੇ ਤੁਰਿਆਂ ਅੰਦਰ ਠੰਡ ਤੇ ਆਤਮਕ ਆਨੰਦ ਵਰਤ ਜਾਂਦਾ ਹੈ। ਇਸ ਤੇ ਚਲਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਸਪਸ਼ਟ ਹੈ ਕਿ ਗੁਰੂ ਦੀ ਮਤ ਹੀ ਨਾਮ ਹੈ ਤੇ ਇਸਤੇ ਚਲਣਾ ਹੀ ਨਾਮ ਸਿਮਰਨ ਹੈ।

3. ਗੁਰਬਾਣੀ ਸੁਣਿ ਮੈਲੁ ਗਵਾਏ॥ ਸਹਜੇ ਹਰਿ ਨਾਮੁ ਮੰਨਿ ਵਸਾਇ॥ (665)। ਭਾਵ: ਹੇ ਭਾਈ ਗੁਰੂ ਦੀ ਬਾਣੀ ਸੁਣਿਆ ਕਰ (ਉਸਤੇ ਚਲਿਆ ਕਰ) ਕਿਉਂਕਿ ਇਹ (ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦਿੰਦੀ ਹੈ। ਮਨ ਨੂੰ ਅਡੋਲ ਕਰਕੇ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਦਿੰਦੀ ਹੈ। ਗੁਰਬਾਣੀ ਹੀ ਮਨ ਨੂੰ ਵਿਕਾਰਾਂ ਤੋਂ ਮੁਕਤ ਕਰਾ ਕੇ ਮਨ ਅਡੋਲ ਕਰਦੀ ਹੈ ਤੇ ਇਹੀ ਨਾਮ ਦੀ ਪ੍ਰਾਪਤੀ ਹੈ। ਨਾਮ ਜਪਣਾ ਕੋਈ ਗੋਰਖ ਧੰਧਾ ਨਹੀ ਹੈ। ਗੁਰਬਾਣੀ ਤੇ ਚਲ ਕੇ ਗੁਣਾ ਨੂੰ ਧਾਰਨ ਕਰਨਾ ਤੇ ਅਵਗੁਣਾ ਨੂੰ ਤਿਆਗਣਾ ਹੀ ਨਾਮ ਜਪਣਾ ਹੈ ਜੋ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਣਾ ਦੇਵੇਗਾ।

4. ਗੁਰਮਤਿ ਵਿਰਲਾ ਬੂਝੈ ਕੋਇ॥ ਨਾਨਕ ਨਾਮ ਸਮਾਇ ਸੋਇ॥ (161)। ਭਾਵ: ਗੁਰੂ ਦੀ ਮਤ ਲੈ ਕੇ ਹੀ ਕੋਈ ਵਿਰਲਾ ਮਨੁੱਖ (ਜੀਵਨ ਮਨੋਰਥ ਨੂੰ) ਸਮਝਦਾ ਹੈ ਤੇ ਹੇ ਨਾਨਕ, ਉਹ ਮਨੁੱਖ ਪਰਮਾਤਮਾ ਦੇ ਨਾਮ (ਗੁਰਬਾਣੀ) ਵਿੱਚ ਲੀਨ ਰਹਿੰਦਾ ਹੈ। ਸਪਸ਼ਟ ਹੈ ਕਿ ਗੁਰੂ ਦੀ ਮਤ ਤੇ ਚਲਣਾ ਹੀ ਨਾਮ ਵਿੱਚ ਲੀਨ ਰਹਿਣਾ ਹੈ।

5. ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ (1066)। ਭਾਵ: ਹੇ ਭਾਈ, ਇਸ ਜਗਤ ਵਿੱਚ (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਬਾਣੀ ਆ ਵਸਦੀ ਹੈ, ਉਹ ਇਸ ਬਾਣੀ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਗੁਰਬਾਣੀ ਹੀ ਨਾਮ ਹੈ ਤੇ ਇਸਤੇ ਚਲਣਾ ਨਾਮ ਜਪਣਾ ਹੈ। ਜਿਨਾ ਨੇ ਵੀ ਪਰਮਾਤਮਾ ਨੂੰ ਪਾਇਆ, ਉਹਨਾ ਇਸੇ ਤਰਾਂ ਹੀ ਨਾਮ ਨੂੰ ਜਪ ਕੇ ਪਾਇਆ। ਗੁਰ ਫੁਰਮਾਨ ਹੈ:-

1. ਜਿਨੀ ਸਖੀ ਸਹੁ ਰਾਵਿਆ ਤਿਨੁ ਪੂਛਉਗੀ ਜਾਏ॥ ਪਾਇ ਲਗੳੇੁ ਬੇਨਤੀ ਕਰਉ ਲੇਉਗੀ ਪੰਥੁ ਬਤਾਏ॥ (725)। ਭਾਵ: ਮੈ ਉਹਨਾ ਸਹੇਲੀਆ ਨੂੰ ਜਾ ਕੇ ਪੁਛਾਂਗੀ, ਜਿਨ੍ਹਾ ਨੇ ਪਤੀ (ਪਰਮਾਤਮਾ) ਨੂੰ ਪਾਇਆ ਹੈ। ਉਹਨਾ ਦੇ ਚਰਨੀ ਲਗਾਂਗੀ, ਬੇਨਤੀ ਕਰਾਂਗੀ ਤੇ ਪਤੀ (ਪਰਮਾਤਮਾ) ਦੇ ਮਿਲਾਪ ਦਾ ਰਸਤਾ ਪੁਛਾਂਗੀਤਾਂ ਜਵਾਬ ਵਿੱਚ ਫੁਰਮਾਇਆ ਹੈ: ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ॥ ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ॥ ਭਾਵ: ਹੇ ਨਾਨਕ, ਜਦੋਂ ਜੀਵ ਇਸਤ੍ਰੀ ਪ੍ਰਭੂ-ਪਤੀ ਦੀ ਰਜ਼ਾ ਨੂੰ ਸਮਝ ਲੈਂਦੀ ਹੈ, ਉਸਦੇ ਅਦਬ ਨੂੰ ਸੁਗੰਧੀ (ਵਾਲਾ ਚੰਦਨ) ਬਣਾ ਕੇ ਲਾਂਦੀ ਹੈ, ਗੁਣਾਂ ਨੂੰ ਟੂਣੇ ਬਣਾਂਦੀ ਹੈ ਤਾਂ ਉਹ ਪਿਆਰੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ। ਕੋਈ ਮੂੰਹ ਨਾਲ ਨਾਮ ਜਪਣ ਜਪਾਣ ਦਾ ਕਰਮ ਕਾਂਡ ਨਹੀ ਕੀਤਾ ਪਰ ਪਰਮਾਤਮਾ ਨਾਲ ਮਿਲਾਪ ਹੋ ਗਿਆ ਕਿਉਂਕਿ ਉਹਦੇ ਭਾਣੇ ਵਿੱਚ ਚੱਲ ਕੇ ਗੁਣਾ ਨੂੰ ਧਾਰਨ ਕਰਨਾ ਹੀ ਨਾਮ ਜਪਣਾ ਹੈ ਤੇ ਇਹ ਕੋਈ ਕਰਮ ਕਾਂਡ ਨਹੀ। ਗੁਰਬਾਣੀ ਤੇ ਚਲਣਾ ਹੀ “ਹੁਕਮ ਰਜਾਈ ਚਲਣਾ” ਹੈ।

2. ਲਾਲਨੁ ਰਾਵਿਆ ਕਵਨ ਗਤੀ ਰੀ॥ ਸਖੀ ਬਤਾਵਹੁ ਮੁਝਹਿ ਮਤੀ ਰੀ॥ ਭਾਵ: ਹੇ ਸਖੀ ਮੈਨੂੰ ਵੀ ਉਹ ਅਕਲ (ਗੁਰਗਿਆਨ) ਦਸ ਕਿ ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ (ਪ੍ਰਭੂ) ਦਾ ਮਿਲਾਪ ਹਾਸਲ ਕੀਤਾ? ਤਾਂ ਜਵਾਬ ਮਿਲਦਾ ਹੈ: ਮਾਣੁ ਤਾਣੁ ਅਹੰਬੁਧਿ ਹਤੀ ਰੀ॥ ਸਾ ਨਾਨਕ ਸੁਹਾਗਵਤੀ ਰੀ॥ (739)। ਹੇ ਨਾਨਕ, ਜਿਹੜੀ ਵੀ ਜੀਵ ਇਸਤ੍ਰੀ ਮਿਥੇ ਹੋਏ ਪਦਾਰਥਾਂ ਜਾਂ ਉਹਨਾ ਦੇ ਉਦਮ ਦਾ ਮਾਣ ਤਾਣ ਛੱਡ ਕੇ ਹਉਮੈ ਨੂੰ ਤਿਆਗ ਦਿੰਦੀ ਹੈ ਉਹ ਸੁਹਾਗਵਤੀ ਹੋ ਜਾਂਦੀ ਹੈ॥ ਇਥੇ ਫੇਰ ਕੋਈ ਮੂੰਹ ਨਾਲ ਜਪਣ ਜਪਾਣ ਦਾ ਕਰਮ ਕਾਂਡ ਨਹੀ ਹੋਇਆ ਪਰ ਸੁਹਗਣ ਦਾ ਮਾਣ ਪ੍ਰਾਪਤ ਹੋ ਗਿਆ ਕਿਉਂਕਿ ਅਉਗਣਾ ਨੂੰ ਛੱਡ ਕੇ ਗੁਣਾ ਨੂੰ ਧਾਰਨ ਕਰਨਾ ਹੀ ਗੁਰਮਤਿ ਸਿਧਾਂਤ (ਗੁਰ ਉਪਦੇਸ਼) ਹੈ।

3. ਹਮ ਨੀਵੀ ਪ੍ਰਭੁ ਅਤਿ ਊਚਾ ਕਿਉਂ ਕਰਿ ਮਿਲਿਆ ਜਾਏ ਰਾਮ॥ ਗੁਰਿ ਮੇਲੀ ਬਹੁ ਕਿਰਪਾ ਧਾਰੀ ਹਰਿ ਕੈ ਸਬਦਿ ਸੁਭਾਏ ਰਾਮ॥ ਮਿਲ ਸਬਦਿ ਸੁਭਾਏ ਆਪੁ ਗਵਾਏ ਰੰਗਿ ਸਿਉ ਰਲੀਆ ਮਾਣੇ॥ (772)। ਭਾਵ: ਹੇ ਭਾਈ, ਅਸੀਂ ਜੀਵ ਇਸਤ੍ਰੀਆਂ ਨੀਵੀ ਪੱਧਰ ਤੇ ਹਾਂ, ਤੇ ਪ੍ਰਭੂ ਬਹੁਤ ਉਚਾ ਹੈ, ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ? ਤਾਂ ਉਤਰ ਵਿੱਚ ਲਿਖਿਆ ਹੈ: ਜਿਸ ਉਤੇ ਗੁਰੂ ਨੇ ਕਿਰਪਾ ਕਰਿ ਦਿੱਤੀ (ਕਿਰਪਾ ਉਦਮੀ ਤੇ ਹੀ ਹੋਵੇਗੀ) ਉਸਨੂੰ ਪ੍ਰਭੂ ਚਰਨਾ ਵਿੱਚ ਜੋੜ ਦਿੱਤਾ। ਗੁਰੂ ਦੇ ਸਬਦ (ਸਿਖਿਆ) ਦੇ ਰਾਹੀ ਉਹ ਜੀਵ ਇਸਤ੍ਰੀ ਪ੍ਰਭੂ ਦੇ ਪਿਆਰ ਵਿੱਚ ਲੀਨ ਹੋ ਜਾਂਦੀ ਹੈ। ਗੁਰੂ ਦਾ ਸਬਦ ਹੀ ਨਾਮ ਹੈ ਤੇ ਗੁਰਸਬਦ ਤੇ ਚਲਣਾ ਹੀ ਨਾਮ ਵਿੱਚ ਲੀਨ ਹੋਣਾ ਹੈ ਜਿਸ ਦੁਆਰਾ ਪ੍ਰਭੂ ਨਾਲ ਮੇਲ ਸੰਭਵ ਹੈ। ਇਹੀ ਨਾਮ ਜਪਣ ਦੀ ਵਿਧੀ ਧ੍ਰੂ ਤੇ ਪ੍ਰਹਿਲਾਦ ਦੀ ਸੀ। ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ॥ ਇਸ ਬੇੜੇ ਕਉ ਪਾਰਿ ਲਘਾਵੈ॥ ਗੁਰ ਪਰਸਾਦਿ ਐਸੀ ਬੁਧੁ ਸਮਾਨੀ॥ ਚੂਕਿ ਗਈ ਫਿਰਿ ਆਵਨ ਜਾਨੀ॥ (337)। ਭਾਵ: ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ ਆਪਣਾ ਹੁਕਮ ਮਨਾਉਂਦਾ ਹੈ ਤੇ ਇਸਤਰਾਂ ਸਾਰੇ ਪੂਰ (ਸਭ ਇੰਦ੍ਰੀਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ। ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜੇਹੀ ਅਕਲ (ਗੁਰਮਤ) ਪ੍ਰਗਟ ਹੋ ਜਾਂਦੀ ਹੈ ਉਸਦਾ ਜੰਮਣ ਮਰਨ ਮੁੱਕ ਜਾਂਦਾ ਹੈ। ਸ਼ਬਦ ਦਾ ਭਾਵ ਇਹੀ ਹੈ ਕਿ ਜੋ ਮਨੁੱਖ ਗੁਰੂ ਦੇ ਦੱਸੇ ਰਾਹ (ਗੁਰਮਤਿ) ਤੇ ਤੁਰ ਕੇ ਆਪਣੇ ਮਨ ਨੂੰ ਸੰਸਾਰ ਸਮੁੰਦ੍ਰ ਦੀਆਂ ਵਿਕਾਰੀ ਲਹਿਰਾਂ (ਅਉਗਣਾ) ਤੋਂ ਬਚਾ ਲੈਂਦਾ ਹੈ ਉਸਦੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਇਸੇ ਨਾਮ ਜਪਣ ਦੀ ਵਿਧੀ ਨੂੰ ਹੀ ਧ੍ਰੂ ਤੇ ਪ੍ਰਹਿਲਾਦ ਨੇ ਅਪਨਾਇਆ ਸੀ ਤੇ ਇਹੀ ਵਿਧੀ ਗੁਰਬਾਣੀ ਵਿੱਚ ਵਾਰ ਵਾਰ ਦੁਹਰਾਈ ਗਈ ਹੈ: ਰਾਮ ਜਪਉ ਜੀਅ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥ (337)

ਅਸਚਰਜਤਾ ਦੀ ਗਲ ਹੈ ਕਿ ਜਿਸ ਪ੍ਰਚਲਤ ਨਾਮ (ਵਾਹਿਗੁਰੂ) ਦੇ ਜਪਣ ਦੀ ਵਿਧੀ ਦਾ ਗੁਰਬਾਣੀ ਵਿੱਚ ਕਿਤੇ ਜ਼ਿਕਰ ਵੀ ਨਹੀ ਆਉਂਦਾ ਉਹ ਸਿਖ ਜਗਤ ਵਿੱਚ ਕਿਤਨੀ ਪ੍ਰਚਲਤ ਹੈ ਅਤੇ ਜਿਸ ਵਿਧੀ ਨੂੰ ਗੁਰਬਾਣੀ ਵਿੱਚ ਅਨੇਕਾਂ ਵਾਰ ਦੁਹਰਾਇਆ ਗਿਆ ਹੈ ਉਸ ਵਲ ਕਿਸੇ ਦਾ ਧਿਆਨ ਹੀ ਨਹੀ। ਇਹੀ ਕਾਰਨ ਹੈ ਕਿ ਅਨੇਕਾਂ ਪਖੰਡੀ ਸਾਧ ਸੰਤ ਤੇ ਬਾਬਿਆਂ ਨੇ ਅਖੌਤੀ ਨਾਮ ਜਪਣ ਦੇ ਭਰਮ ਭੁਲੇਖੇ ਪਾ ਕੇ ਆਪਣੀ ਆਪਣੀ ਵੱਖਰੀ ਮਰਯਾਦਾ ਬਣਾ ਕੇ ਭੋਲੀ ਭਾਲੀ ਜੰਤਾ ਨੂੰ ਗੁਮਰਾਹ ਕਰ ਦਿੱਤਾ। ਜਦ ਤਕ ਸਿੱਖ ਗੁਰਬਾਣੀ ਨਾਲ ਜੁੜਿਆ ਹੈ ਤਾਂ ਗੁਰੂ ਆਪਣਾ ਸਾਰਾ ਤੇਜ ਉਸਨੂੰ ਦੇਵੇਗਾ ਪਰ ਜਦੋਂ ਗੁਰਬਾਣੀ ਨਾਲੋਂ ਟੁੱਟਿਆ ਤਾਂ ਭਰਮਾ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਜੀਵਨ ਵਿਅਰਥ ਗਵਾ ਲਵੇਗਾ। ਧਰਮ ਦੇ ਮੌਜੂਦਾ ਹਾਲਾਤ ਇਸਦਾ ਪ੍ਰਤੱਖ ਪ੍ਰਮਾਣ ਹੈ। ਗੁਰਬਾਣੀ ਹੀ ਸਿੱਖ ਦਾ ਪੰਥ (ਰਾਹ) ਤੇ ਮਰਯਾਦਾ ਹੈ ਤੇ ਸਿੱਖ ਨੇ ਕੇਵਲ ਤੇ ਕੇਵਲ ਇਸੇ ਤੋਂ ਹੀ ਜੀਵਨ ਦੀ ਸੇਧ ਲੈਣੀ ਹੈ। ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ॥ (1049)।

ਦਰਸ਼ਨ ਸਿੰਘ

ਵੁਲਵਰਹੈਂਪਟਨ. ਯੂ. ਕੇ
.