.

ਜੋਤਿ ਓਹਾ ਜੁਗਤਿ ਸਾਇ

ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਪ੍ਰਭਾਕਰ ਦੇ ਪੰਨਾ ੩੨੮ ਤੇ ਲਿਖਦੇ ਹਨ, “ਜੋ ਸਿੱਖ ਦਸ ਸਤਿਗੁਰਾਂ ਨੂੰ ਇਕਰੂਪ ਨਹੀਂ ਮੰਨਦੇ ਉਹ ਸਿੱਖੀ ਦੇ ਤੱਤ ਤੋਂ ਅਗਯਾਤ ਹਨ”। ਜਿਸਦਾ ਭਾਵ ਇਹ ਹੋਇਆ ਕਿ ਸਰੀਰ ਕਰਕੇ ਗੁਰੂ ਸਾਹਿਬ ਗਿਣਤੀ ਵਿੱਚ ਦਸ ਹੋਏ ਹਨ, ਲੇਕਿਨ ਜੋਤਿ ਕਰਕੇ ਸਾਰੇ ਹੀ ਗੁਰੂ ਸਾਹਿਬਾਨ ਇਕੋ ਇੱਕ ਸੀ। ਜੋ ਮਨੁੱਖ ਦਸ ਗੁਰੂ ਸਾਹਿਬ ਵਿੱਚ ਜੋਤਿ ਕਰਕੇ ਫਰਕ ਸਮਝਦੇ ਹਨ, ਉਹ ਸਿੱਖ ਧਰਮ ਦੇ ਸਿਧਾਂਤ ਤੋਂ ਨਿਰੇ ਅਨਜਾਣ ਹੀ ਹਨ। ਦਸੋਂ ਗੁਰੂ ਸਾਹਿਬਾਨ ਦਾ ਮਿਸ਼ਨ ਮਨੁੱਖਤਾ ਨੂੰ ਸ਼ਬਦ ਗੁਰੂ ਨਾਲ ਜੋੜਨ ਦਾ ਸੀ। ਇਸੀ ਕਰਕੇ ਭਾਵੇਂ ਸਰੀਰ ਕਰਕੇ ਗੁਰੂ ਸਾਹਿਬ ਦਸ ਸੀ, ਪਰ ਸਿਧਾਂਤ ਵਜੋਂ ਉਹ ਇਕੋ ਇੱਕ ਹੀ ਸੀ। ਦਸਵੇਂ ਜਾਮੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋਤਿ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਗੁਰੂ ਦੀ ਮਰਿਯਾਦਾ ਨੂੰ ਸਮਾਪਤ ਕਰਕੇ, ਆਪਣੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਟਿੱਕਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹੀ ਜੋਤਿ ਦਾ ਪਸਾਰਾ ਹੈ ਜਿਸ ਦੇ ਮਾਲਕ ਆਪ ਗੁਰੂ ਨਾਨਕ ਸਾਹਿਬ ਸੀ ਤੇ ਉਹੀ ਜੋਤਿ ਹੋਰ ਗੁਰੂ ਸਾਹਿਬਾਨ ਵਿੱਚ ਵਰਤੀਂ ਸੀ।

ਸਭ ਤੋਂ ਪਹਿਲੀ ਵਾਰ ਗੁਰੂ ਜੋਤਿ ਗੁਰੂ ਨਾਨਕ ਸਾਹਿਬ ਤੋਂ ਭਾਈ ਲਹਿਣਾ ਜੀ ਵਿੱਚ ਵਰਤੀ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਹੋਏ।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ।।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।

ਪੰਨਾ ੯੬੬

ਇਹ ਤਬਦੀਲੀ ਕੇਵਲ ਤੇ ਕੇਵਲ ਗੁਰੂ ਸਰੀਰ ਦੀ ਸੀ। ਜੋਤਿ, ਜੁਗਤ, ਗੁਰਮਤਿ, ਗੁਰੂ ਸਿਧਾਂਤ, ਮਰਿਯਾਦਾ ਜਾਂ ਜੋ ਵੀ ਸ਼ਬਦ ਵਰਤ ਲਈਏ, ਜੋਤਿ ਜਾਂ ਸਿਧਾਂਤ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ ਸੀ। ਇਵੇਂ ਹੀ ਇਹ ਜੋਤਿ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ ਵਿੱਚ ਵਰਤੀ ਤੇ ਆਗੇ ਹੋਰ ਗੁਰੂ ਸਾਹਿਬਾਨਾਂ ਵਿੱਚ ਵਰਤੀ।

ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ।।

ਗੁਰੁ ਡਿਠਾ ਤਾਂ ਮਨੁ ਸਾਧਾਰਿਆ।।

ਪੰਨਾ ੯੬੮

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ।।

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ।।

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ।।

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ।।

ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ।।   ।।

ਪੰਨਾ ੧੪੦੮

ਇਹ ਜੋਤਿ ਗੁਰੂ ਅਰਜਨ ਸਾਹਿਬ ਤੋਂ ਗੁਰੂ ਹਰਿ ਗੋਬਿੰਦ ਸਾਹਿਬ ਵਿੱਚ ਵਰਤੀਂ ਤਾਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਸਿੱਖ ਸਿਧਾਂਤ ਨੂੰ ਪਰਪੱਕ ਕਰਨ ਲਈ, ਆਪ ਜੀ ਨੇ ਦੋ ਤਲਵਾਰਾਂ ਬੰਨ੍ਹ ਕੇ ਫੌਜਾਂ, ਤਖਤ ਤੇ ਸ਼ਾਹੀ ਨਿਸ਼ਾਨਿਆਂ ਧਾਰਨ ਕੀਤਿਆਂ। ਇਸ ਨਾਲ ਆਮ ਸੰਗਤਾਂ ਵਿੱਚ ਦੁਬਿਧਾ ਵਾਲੀ ਸਥਿਤੀ ਬਣ ਗਈ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਭਗਤੀ ਦੇ ਰਸਤੇ ਤੇ ਚਲਦੇ ਸੀ, ਹੁਣ ਇਹ ਤਲਵਾਰਾਂ, ਫੌਜਾਂ ਗੁਰੂ ਘਰ ਕਿਵੇਂ ਆ ਗਈਆਂ? ਕਿ ਗੁਰੂ ਸਾਹਿਬ ਨੇ ਆਪਣੇ ਟੀਚੇ ਬਦਲ ਦਿਤੇਂ? ਇਸ ਬਾਬਤ ਭਾਈ ਗੁਰਦਾਸ ਜੀ ਨੇ ਆਪਣਿਆਂ ਵਾਰਾਂ ਵਿੱਚ ਇਹ ਦ੍ਰਿਸ਼ਟਾਂਤ ਦਿੱਤਾ ਕਿ ਗੁਰੂ ਹਰਿ ਗੋਬਿੰਦ ਸਾਹਿਬ ਵਿੱਚ ਉਹੀ ਜੋਤਿ ਵਰਤ ਰਹੀ ਹੈ ਜੋ ਪੁਰਬਲੇ ਪੰਜ ਗੁਰੂ ਸਾਹਿਬਾਨ ਵਿੱਚ ਵਰਤੀ ਹੈ:

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।।

ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ।।

ਵਾਰ ਭਾਈ ਗੁਰਦਾਸ ਜੀ ਵਾਂ: ੧ ਪ: ੪੮

ਇਨ੍ਹਾਂ ਪ੍ਰਮਾਣਾਂ ਦੇ ਇਲਾਵਾ ਗੁਰੂ ਸਾਹਿਬਾਨ ਵਿੱਚ ਇਕੋ ਇੱਕ ਜੋਤਿ ਹੋਣ ਦੀ ਨਿਸ਼ਾਨੀ ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਵਲੋਂ ਵਰਤਿਆ ਨਾਨਕ ਪਦ ਹੈ। ਸਾਰੇ ਹੀ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਆਪਣੀ ਛਾਪ ਨਾਨਕ ਪਦ ਨਾਲ ਹੀ ਦਿੱਤੀ ਹੈ। ਜੋ ਇਸ ਵਿਚਾਰ ਦਾ ਪ੍ਰਤੱਖ ਸਬੂਤ ਹੈ ਕਿ ਸਾਰੇ ਹੀ ਗੁਰੂ ਸਾਹਿਬ ਆਪਣੇ ਆਪ ਨੂੰ ਇਕੋ ਜੋਤਿ ਦਾ ਹੀ ਹਿੱਸਾ ਮੰਨਦੇ ਸੀ ਤੇ ਉਹ ਜੋਤਿ ਨਾਨਕ ਦੀ ਹੀ ਸੀ। ਕਿਸੀ ਵੀ ਗੁਰੂ ਸਾਹਿਬ ਨੇ ਆਪਣੇ ਲਈ ਵੱਖ ਪਦ ਨਹੀਂ ਵਰਤਿਆ ਹੈ। ਗੁਰਬਾਣੀ ਵਿੱਚ ਗੁਰੂ ਵਿਅਕਤੀ ਪਹਿਚਾਣ ਲਈ ਮਹਲਾ ਪਦ ਵਰਤਿਆ ਗਿਆ ਹੈ।

ਗੁਰੂ ਘਰ ਦੇ ਦੋਖੀ ਵੀ ਸੰਗਤਾਂ ਨੂੰ ਭੱਬਲਭੁਸੇ ਪਾਉਣ ਦੀ ਖਾਤਰ ਆਪਣੇ ਵਲੋਂ ਲਿਖੀ ਰਚਨਾਵਾਂ ਵਿੱਚ ਉਹ ਨਾਨਕ ਸ਼ਬਦ ਦੀ ਵਰਤੋ ਕਰਦੇ ਰਹੇ ਹਨ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਦ ਗੁਰਬਾਣੀ ਪ੍ਰਤੀ ਸ਼ੰਕਾ ਪੈਦਾ ਕਰਨ ਅਤੇ ਆਪਣੇ ਆਪ ਨੂੰ ਗੁਰੂ ਸਥਾਪਿਤ ਕਰਨ ਦੇ ਮਨੋਰਥ ਨਾਲ ਪ੍ਰਿਥੀ ਚੰਦ ਅਤੇ ਉਸ ਦਾ ਪੁੱਤਰ ਮਿਹਰਬਾਨ ਤੇ ਪੋਤਰਾ ਹਰਿਜੀ ਨਾਨਕ ਸ਼ਬਦ ਦੀ ਵਰਤੋਂ ਕਰਕੇ ਬਾਣੀ ਉਚਾਰਦੇ ਰਹੇ। ਇਸ ਬਾਬਤ ਸੋਹਣ ਸਿੰਘ ਜੀ ਸੀਤਲ ਆਪਣੀ ਪੁਸਤਕ ‘ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ` ਵਿੱਚ ਹਵਾਲਾ ਦੇਂਦੇ ਹਨ ਕਿ “ਪ੍ਰਿਥੀ ਚੰਦ ਆਪਣੇ ਆਪ ਨੂੰ ‘ਛੇਵਾਂ ਗੁਰੂ` ਲਿਖਦਾ ਰਿਹਾ। ਉਸ ਦੇ ਸਵਰਗਵਾਸ ਹੋਣ ਪਿਛੋਂ ਉਸ ਦਾ ਇਕੋ ਇੱਕ ਪੁੱਤਰ ਮਿਹਰਬਾਨ ਗੱਦੀ ਉੱਤੇ ਬੈਠਾ। ਉਹ ‘ਸਤਵਾਂ ਗੁਰੂ` ਅਖਵਾਉਣ ਲੱਗਾ। ਉਹਨੇ ਕੁੱਝ ਸ਼ਬਦ ਵੀ ਲਿਖੇ ਹਨ। ਗੁਰਬਾਣੀ ਵਾਂਗ ਉਹ ਵੀ ਆਪਣੀ ਰਚਨਾਂ ਵਿੱਚ ‘ਨਾਨਕ` ਸ਼ਬਦ ਹੀ ਵਰਤਦਾ ਸੀ। ਆਪਣੇ ਆਪ ਨੂੰ ਵੀ ਉਹ ‘ਨਾਨਕ ੭` ਜਾਂ ਸਤਵਾਂ ਲਿਖਦਾ ਸੀ। “

ਹੇਮਕੁੰਟ ਦੀ ਪਰਿਕੱਲਪਨਾ ਦੇ ਮੂਲ ਸਿਧਾਂਤ ਵਿੱਚ ਇਹ ਵਿਚਾਰ ਪੁਖਤਾ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੀ ਜੋਤਿ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟੀਚੇ ਅੰਤਰ ਹੈ। ਉਪਰ ਕੀਤੇ ਵਿਚਾਰ ਮੁਤਾਬਿਕ ਗੁਰਬਾਣੀ ਦੀ ਕਸਵੱਟੀ ਤੇ ਇਹ ਪਰਿਕੱਲਪਨਾ ਪ੍ਰਵਾਨ ਨਹੀਂ ਹੁੰਦੀ ਹੈ। ਹੇਮਕੁੰਟ ਦੀ ਪਰਿਕੱਲਪਨਾ ਬਚਿਤ੍ਰ ਨਾਟਕ ਦੇ ਅਧਿਆਇ ਛਵੇਂ ਵਿੱਚ ਦਿੱਤੀ ਗਈ ਹੈ। ਜੋ ‘ਬਚਿਤ੍ਰ ਨਾਟਕ ਸਟੀਕ` ਜੇ. ਪੀ. ਸੰਗਤ ਸਿੰਘ ਵਿੱਚ ਇਸ ਤਰ੍ਹਾਂ ਨਾਲ ਦਿੱਤੀ ਗਈ ਹੈ

ਅਬ ਮੈ ਅਪਨੀ ਕਥਾ ਬਖਾਨੋ।।

ਤਪ ਸਾਧਤ ਜਿਹ ਬਿਧਿ ਮੁਹਿ ਆਨੋ।।

ਹੇਮ ਕੁੰਟ ਪਰਬਤ ਹੈ ਜਹਾਂ।।

ਸਪਤ ਸ੍ਰਿੰਗ ਸੋਭਿਤ ਹੈ ਤਹਾਂ।।

ਤੁਕਾਰਥ: ਹੁਣ ਮੈ ਅਪਨੀ ਕਥਾ ਵਰਣਨ ਕਰਦਾ ਹਾਂ ਕਿ ਕਿਵੇਂ ਮੈਨੂੰ ਤਪੱਸਿਆ ਕਰਦੇ ਹੋਏ ਨੂੰ ਪ੍ਰਿਥਵੀ ਉਤੇ ਲਿਆਂਦਾ ਗਿਆ। ਜਿਥੇ ਹੇਮ ਕੂੰਟ ਨਾਮ ਦਾ ਪਰਬਤ ਹੈ ਤੇ ਇਸ ਪਰਬਤ ਦੀਆਂ ਸੱਤ ਚੋਟੀਆਂ ਹਨ। ੧।

ਸਪਤ ਸ੍ਰਿੰਗ ਤਿਹ ਨਾਮੁ ਕਹਾਵਾ।।

ਪੰਡ ਰਾਜ ਜਹ ਜੋਗੁ ਕਮਾਵਾ।।

ਤਹ ਹਮ ਅਧਿਕ ਤੱਪਸਿਆ ਸਾਧੀ।।

ਮਹਕਾਲ ਕਾਲਿਕਾ ਆਰਾਧੀ।। ੨।।

ਤੁਕਾਰਥ: ਜਿੱਥੇ ਪਾਂਡਵਾਂ ਦੇ ਪਿਤਾ ਨੇ ਤਪ ਕੀਤਾ ਸੀ, ਉਸ ਥਾਂ ਨੂੰ ਸ੍ਰਪਤ ਸ੍ਰਿੰਗ ਕਰਕੇ ਜਾਣਿਆ ਜਾਂਦਾ ਹੈ। ਉਥੇ ਅਸੀਂ ਕਠਿਨ ਤਪੱਸਿਆ ਕੀਤੀ ਅਤੇ ਮਹਾਂਕਾਲ ਦੀ ਅਰਾਧਨਾ ਕੀਤੀ। ੨।

ਇਹ ਬਿਧਿ ਕਰਤ ਤਪੱਸਿਆ ਭਯੋ।।

ਦ੍ਵੈ ਤੇ ਏਕ ਰੂਪ ਹ੍ਵੈ ਗਯੋ।।

ਤਾਤ ਮਾਤ ਮੁਰ ਅਲਖ ਅਰਾਧਾ।।

ਬਹੁ ਬਿਧਿ ਜੋਗ ਸਾਧਨਾ ਸਾਧਾ।। ੩।।

ਤੁਕਾਰਥ: ਇਸ ਪ੍ਰਕਾਰ ਤਪੱਸਿਆ ਕਰਕੇ ਮੈ ਦ੍ਵੈਤ ਤੋਂ ਅਦ੍ਵੈਤ ਰੂਪ ਧਾਰਨ ਕਰ ਲਿਆ। ਭਾਵ ਪ੍ਰਭੂ ਨਾਲ ਵਿਲੀਨ ਹੋ ਗਿਆ। ਉਧਰ ਮੇਰੇ ਪਿਤਾ ਤੇ ਮਾਤਾ ਵੀ ਨਿਰੰਕਾਰ ਦੀ ਅਰਾਧਨਾ ਵਿੱਚ ਲੱਗੇ ਹੋਏ ਸਨ। ਉਨ੍ਹਾਂ ਨੇ ਵੀ ਕਾਈ ਪ੍ਰਕਾਰ ਦੀ ਜੋਗ ਸਾਧਨਾ ਕੀਤੀ। ੩।

ਤਿਨ ਜੋ ਕਰੀ ਅਲਖ ਕੀ ਸੇਵਾ।।

ਤਾ ਤੇ ਭਏ ਪ੍ਰਸੰਨਿ ਗੁਰਦੇਵਾ।।

ਤਿਨ ਪ੍ਰਭ ਜਬ ਆਇਸ ਮੁਹਿ ਦੀਆ।।

ਤਬ ਹਮ ਜਨਮ ਕਲੂ ਮਹਿ ਲੀਆ।। ੪।।

ਤੁਕਾਰਥ: ਮੇਰੇ ਮਾਤਾ ਪਿਤਾ ਨੇ ਅਗੋਚਰ ਪਾਰਬਰਹਮ ਪ੍ਰਭੂ ਦੀ ਇਤਨੀ ਸੇਵਾ ਕੀਤੀ ਕਿ ਪ੍ਰਭੂ ਉਨ੍ਹਾਂ ਤੇ ਪ੍ਰਸਨ ਹੋ ਗਏ ਅਤੇ ਪ੍ਰਭੂ ਨੇ ਮੈਨੂੰ ਜਦੋਂ ਹੁਕਮ ਕੀਤਾ ਤਾਂ ਅਸੀਂ ਇਸ ਕਲਜੁਗ ਵਿੱਚ ਜਨਮ ਲਿਆ।। ੪।।

ਚਿਤ ਨ ਭਯੋ ਹਮਰੋ ਆਵਨ ਕਹ।।

ਚੁਭੀ ਰਹੀ ਸ੍ਰੁਤਿ ਪ੍ਰਭੁ ਛਰਨਨ ਮਹਿ।।

ਜਿਉ ਤਿਉ ਪ੍ਰਭ ਹਮ ਕੋ ਸਮਝਾਯੋ।।

ਇਮ ਕਹਿ ਕੈ ਇਹ ਲੋਕ ਪਠਾਯੋ।। ੫।।

ਤੁਕਾਰਥ: ਮੇਰਾ, ਸੰਸਾਰ ਵਿੱਚ ਆਉਣ ਨੂੰ ਮਨ ਨਹੀਂ ਸੀ ਕਰਦਾ ਕਿਉਂ ਜੋ ਮੇਰੀ ਲਿਵ ਪ੍ਰਭੂ ਚਰਨਾਂ ਵਿੱਚ ਲਗੀ ਹੋਈ ਸੀ। ਜਿਵੇਂ ਕਿਵੇਂ ਪ੍ਰਭੂ ਜੀ ਨੇ ਮੈਨੂੰ ਸਮਝਾਇਆ ਤੇ ਰਾਜੀ ਕਰ ਲਿਆ ਅਤੇ ਮੈਨੂੰ ਇਹ ਬਚਨ ਕਹਿ ਕੇ ਇਸ ਲੋਕ ਵਿੱਚ ਭੇਜਿਆ।। ੫।।

ਬਚਿਤ੍ਰ ਨਾਟਕ ਦਾ ਕਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ ਇਹ ਕਥਨ ਕਰਦਾ ਹੈ, ਜਿਸਦਾ ਸਮੁਚਾ ਭਾਵ ਇਹ ਹੋਇਆ ਕਿ ਮੈਂ ਆਪਣੇ ਪੂਰਬਲੇ ਜਨਮ ਵਿੱਚ ਹੇਮਕੁੰਟ ਪਰਬਤ, ਜਿਥੇਂ ਪੰਾਡਵਾਂ ਦੇ ਪਿਤਾ ਨੇ ਜੋਗ ਸਾਧਨਾ ਕੀਤੀ ਸੀ, ਤੇ ਤਪਸਿਆ ਕਰ ਰਿਹਾ ਸੀ। ਤਪਸਿਆ ਕਰਦੇ ਨੂੰ ਮੈ ਮਹਾਕਾਲ ਦੀ ਅਰਾਧਨਾ ਕੀਤੀ। ਇਹ ਸਭ ਕਰਦੇ ਹੋਏ ਮੇਰਾ ਸਰੀਰ ਦੈਵਤ੍ਵ ਤੋਂ ਅਦ੍ਵੈਤ ਹੋ ਗਿਆ। ਮੇਰੇ ਮਾਤਾ ਪਿਤਾ ਦੀ ਜੋਗ ਸਾਧਨਾ ਤੋਂ ਪ੍ਰਸੰਨ ਹੋ ਕੇ ਮੇਰਾ ਜਨਮ ਹੋਇਆ। ਮੇਰਾ ਮਿਨ ਧਰਤੀ ਤੇ ਆਉਣ ਨੂੰ ਨਹੀਂ ਕਰ ਰਿਹਾ ਸੀ।

ਇਥੇਂ ਜਰਾ ਰੁਕ ਕੇ ਗੁਰਬਾਣੀ ਦੀ ਕਸਵੱਟੀ ਤੇ ਇਸ ਕਹਾਣੀ ਨੂੰ ਪਰਖਦੇ ਹਾਂ

ਧਨਾਸਰੀ ਮਹਲਾ ੯

ਕਾਹੇ ਰੇ ਬਨ ਖੋਜਨ ਜਾਈ।।

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ।। ੧।। ਰਹਾਉ।।

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ।।

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ।। ੧।।

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ।।

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ।। ੨।। ੧।।

ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਾਵਨ ਸ਼ਬਦ ਮੁਤਾਬਿਕ ਤੇ ਗੁਰੂ ਸਾਹਿਬ ਮਨੁੱਖ ਨੂੰ ਜੰਗਲਾਂ ਵਿੱਚ ਜਾ ਕੇ ਪਰਮਾਤਮਾ ਦੀ ਬੰਦਗੀ ਕਰਣ ਤੋਂ ਵਰਜ ਰਹੇ ਹਨ, ਲੇਕਿਨ ਬਚਿਤ੍ਰ ਨਾਟਕ ਦੀ ਕਹਾਣੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪੁਰਬਲੇ ਜਨਮ ਵਿੱਚ ਇੱਕ ਏਸੇ ਅਸਥਾਨ ਤੇ ਤਪਸਿਆ ਕਰ ਰਹੇ ਹਨ ਜਿਥੇਂ ਅਜ ਵੀ ਬਰਫ ਹੀ ਬਰਫ ਹੈ ਤੇ ਮਨੁੱਖੀ ਜੀਵਨ ਦਾ ਅਧਾਰ ਆਕਸੀਜਨ ਵੀ ਨਹੀਂ ਹੈ। ਏਸੇ ਹਲਾਤਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਤਪਸਿਆ ਗੁਰਮਤਿ ਸਿਧਾਂਤ ਦੇ ਅਧਾਰ ਤੇ ਨੀਰੀ ਕੋਰੀ ਮਨੋਕਲਪਨਾ ਹੀ ਹੈ।

ਇਸ ਕਹਾਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਰਬਲੇ ਜਨਮ ਦਾ ਇਸ਼ਟ ਮਹਾਕਾਲ ਦਰਸਾਇਆ ਗਿਆ ਹੈ, ਜੋ ਕਿ ਹਿੰਦੂ ਧਰਮ ਦੇ ਤੀਨ ਮੁਖ ਦੇਵਤਿਆਂ ਵਿਚੋਂ ਸ਼ਿਵ ਜੀ ਦਾ ਹੀ ਇੱਕ ਸਰੂਪ ਹੈ। ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੇ ਸਬੰਧ ਵਿੱਚ ਇਹ ਸ਼ਬਦ ਬੜਾ ਹੀ ਵਿਚਾਰਜੋਗ ਹੈ

ਭੈਰਉ ਭੂਤ ਸੀਤਲਾ ਧਾਵੈ।।

ਖਰ ਬਾਹਨੁ ਉਹੁ ਛਾਰੁ ਉਡਾਵੈ।। ੧।।

ਹਉ ਤਉ ਏਕੁ ਰਮਈਆ ਲੈਹਉ।।

ਆਨ ਦੇਵ ਬਦਲਾਵਨਿ ਦੈਹਉ।। ੧।। ਰਹਾਉ।।

ਸਿਵ ਸਿਵ ਕਰਤੇ ਜੋ ਨਰੁ ਧਿਆਵੈ।।

ਬਰਦ ਚਢੇ ਡਉਰੂ ਢਮਕਾਵੈ।। ੨।।

ਮਹਾ ਮਾਈ ਕੀ ਪੂਜਾ ਕਰੈ।।

ਨਰ ਸੈ ਨਾਰਿ ਹੋਇ ਅਉਤਰੈ।। ੩।।

ਤੂ ਕਹੀਅਤ ਹੀ ਆਦਿ ਭਵਾਨੀ।।

ਮੁਕਤਿ ਕੀ ਬਰੀਆ ਕਹਾ ਛਪਾਨੀ।। ੪।।

ਗੁਰਮਤਿ ਰਾਮ ਨਾਮ ਗਹੁ ਮੀਤਾ।।
ਪ੍ਰਣਵੈ ਨਾਮਾ ਇਉ ਕਹੈ ਗੀਤਾ।। ੫।।

ਪੰਨਾ ੮੭੪

ਜੋਗ ਸਾਧਨਾ ਦੀ ਜੋ ਵਿਚਾਰ ਬਚਿਤ੍ਰ ਨਾਟਕ ਵਿੱਚ ਕੀਤੀ ਗਈ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਿਧਾਂਤ ਮੁਤਾਬਿਕ ਮੇਲ ਨਹੀਂ ਖਾਂਦਾ ਹੈ

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿਙੰØੀ ਵਾਈਐ।।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੧।।

ਗਲੀ ਜੋਗੁ ਨ ਹੋਈ।।

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।। ੧।। ਰਹਾਉ।।

ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ।।

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ।।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੨।।

ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ।।

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ।।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।। ੩।।
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ।।

ਵਾਜੇ ਬਾਝਹੁ ਸਿਙੰØੀ ਵਾਜੈ ਤਉ ਨਿਰਭਉ ਪਦੁ ਪਾਈਐ।।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ।। ੪।। ੧।। ੮।।

ਪੰਨਾ ੭੩੦

ਇਸ ਜੋਗ ਸਾਧਨਾ ਕਰਣ ਵਾਲੇ ਜੋਗਿਆਂ ਦੇ ਮਨ ਵਿੱਚ ਕਾਮ ਦੀ ਸਥਿਤੀ ਬਾਰੇ ਆਪ ਗੁਰੂ ਤੇਗ ਬਹਾਦਰ ਸਾਹਿਬ ਬਸੰਤ ਰਾਗ ਵਿੱਚ ਫਰਮਾ ਰਹੇ ਹਨ

ਬਸੰਤੁ ਮਹਲਾ ੯

ਪਾਪੀ ਹੀਐ ਮੈ ਕਾਮੁ ਬਸਾਇ।।
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ।। ੧।। ਰਹਾਉ।।

ਜੋਗੀ ਜੰਗਮ ਅਰੁ ਸੰਨਿਆਸ।।

ਸਭ ਹੀ ਪਰਿ ਡਾਰੀ ਇਹ ਫਾਸ।। ੧।।

ਜਿਹਿ ਜਿਹਿ ਹਰਿ ਕੋ ਨਾਮੁ ਸਮਾੑਰਿ।।

ਤੇ ਭਵ ਸਾਗਰ ਉਤਰੇ ਪਾਰਿ।। ੨।।

ਜਨ ਨਾਨਕ ਹਰਿ ਕੀ ਸਰਨਾਇ।।

ਦੀਜੈ ਨਾਮੁ ਰਹੈ ਗੁਨ ਗਾਇ।। ੩।। ੨।।

ਪੰਨਾ ੧੧੮੬

ਇਹ ਸਾਰੀ ਕਹਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਕਿੱਧਰੇ ਵੀ ਖਰੀ ਨਹੀਂ ਉਤਰਦੀ ਹੈ। ਜੋ ਕਿ ਬਚਿਤ੍ਰ ਨਾਟਕ ਤੇ ਬਚਿਤ੍ਰ ਕਵੀ ਦੀ ਬਚਿਤ੍ਰ ਮਨੋਲਕਪਨਾ ਹੀ ਜਾਪਦੀ ਹੈ। ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਚਰਿਤ੍ਰ ਨਾਲ ਜੋੜ ਕੇ ਉਸ ਨੂੰ ਇਕੋ ਗੁਰੂ ਦੇ ਸਿਧਾਂਤ ਨੂੰ ਭਰਮਾਉਣ ਦਾ ਹੀ ਜਤਨ ਹੈ। ਗੁਰੂ ਨਾਨਕ ਸਾਹਿਬ ਕੋਈ ਹੋਰ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਹੋਰ ਸਨ। ਜੋ ਗੁਰਬਾਣੀ ਮੁਤਾਬਿਕ ਕੀਤੀ ਗਈ ਵਿਚਾਰ ਤੋਂ ਦੂਰ ਦੂਰ ਤਕ ਦਾ ਸਬੰਧ ਨਹੀਂ ਰਖਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਮੁਤਾਬਿਕ ਸਾਰੇ ਹੀ ਗੁਰੂ ਸ਼ਰੀਰ ਇਕੋ ਇੱਕ ਜੋਤਿ ਦੇ ਮਾਲਕ ਸਨ ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਜੋਤਿ ਰਲਣ ਨਾਲ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਆਪ ਹੀ ਗੁਰੂ ਨਾਨਕ ਸੀ। ਠੀਕ ਉਵੇਂ ਹੀ ਸਾਰੇ, ਗੁਰੂ ਸਾਹਿਬਾਨ ਦੁਰੂ ਨਾਨਕ ਸਾਹਿਬ ਦੀ ਹੀ ਸਿਧਾਂਤ ਨੂੰ ਪ੍ਰਚਾਰਦੇ ਤੇ ਪ੍ਰਫੁਲਿਤ ਕਰਦੇ ਰਹੇ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਹੀ ਜੋਤਿ (ਸਿਧਾਂਤ) ਦਾ ਪਸਾਰਾ ਸਾਰੇ ਸੰਸਾਰ ਵਿੱਚ ਰਹਿੰਦੀ ਦੂਨਿਆ ਤਕ ਕਰਣ ਲਈ ਗੁਰਗਦੀ ਤੇ ਵਿਰਾਜਮਾਨ ਹਨ ਤੇ ਆਪ ਹੀ

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।

ਪੰਨਾ ੯੬੬

ਦੇ ਮੁਬਾਰਕ ਬਚਨ ਮੁਤਾਬਿਕ ਗੁਰੂ ਨਾਨਕ ਦਾ ਅਸਲ ਤੇ ਸੱਚਾ ਸਰੂਪ ਹਨ।

ਮਨਮੀਤ ਸਿੰਘ ਕਾਨਪੁਰ
.