.

ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ

(ਭਾਗ ਤੀਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਦੋ ਭਾਗ ਨਾਲ ਜੋੜ ਲਏ ਜਾਣ ਜੀ)

ਹੁਣ ਤੱਕ ਦੀ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਗੁਰਦੇਵ ਨੇ ਜਿਤਨੇ ਵੀ ਫ਼ੈਸਲੇ ਜਾਂ ਗੁਰਬਾਣੀ ਅੰਦਰ ਜਿਤਣੀਆਂ ਵੀ ਸਾਂਝੀਆਂ ਕੜੀਆਂ ਦੀ ਗੱਲ ਕੀਤੀ ਹੈ ਉਹ ਸੰਪੂਰਣ ਮਨੁੱਖ ਮਾਤ੍ਰ ਲਈ ਹਨ ਨਾ ਕਿ ਕੁੱਝ ਲੋਕਾਂ ਜਾਂ ਕਿਸੇ ਵਿਸ਼ੇਸ਼ ਸਮੁਦਾਯ ਲਈ। ਇਹ ਸਾਂਝੀਆਂ ਕੜੀਆਂ ਕੀ ਹਨ? ਇਸ ਦਾ ਕੁੱਝ ਇਸ਼ਾਰਾ ਅਸੀਂ ਇਸ ਗੁਰਮੱਤ ਪਾਠ ਦੇ ਅਰੰਭ ਤੇ ਪਹਿਲੇ ਭਾਗ `ਚ ਦੇ ਚੁੱਕੇ ਹਾਂ।

ਬਲਕਿ ਸੱਚ ਵੀ ਇਹੀ ਹੈ ਕਿ ਸਮੂਚੇ ਗੁਰਮੱਤ ਪ੍ਰਚਾਰ ਦਾ ਆਧਾਰ ਇਹ ਸਾਂਝੀਆਂ ਕੜੀਆਂ ਹੀ ਹੋਣੀਆਂ ਹਨ। ਇਤਨਾ ਹੀ ਨਹੀਂ ਬਲਕਿ ਗੁਰੂ ਕੀਆਂ ਸੰਗਤਾਂ ਵਿਚਕਾਰ ਇਨ੍ਹਾਂ ਦਾ ਆਰੰਭ ਵੀ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਆਪਣੀ ਜੀਵਨ ਰਹਿਣੀ ਤੋਂ ਹੋਣਾ ਹੈ ਨਾ ਕਿ ਉਨ੍ਹਾਂ ਰਾਹੀਂ ਕੇਵਲ ਇਹ ਪ੍ਰਮਾਣ ਦਿੰਦੇ ਜਾਣਾ ਜਾਂ ਇਨ੍ਹਾਂ ਦਾ ਗਾਇਣ ਕਰਦੇ ਜਾਣਾ। ਇਹੀ ਵੱਡਾ ਸੱਚ ਗੁਰੂ ਪਾਤਸ਼ਾਹੀਆਂ ਰਾਹੀਆਂ ਕੀਤੇ ਜਾਂਦੇ ਗੁਰਮੱਤ ਪ੍ਰਚਾਰ ਸਮੇਂ ਆਪਣੇ ਜੀਵਨ ਕਾਲ `ਚ ਵੀ ਹੁੰਦਾ ਸੀ ਤੇ ਇਹੀ ਉੱਤਮ ਜੀਵਨ, ਉਨ੍ਹਾਂ ਰਾਹੀਂ ਸਮੇਂ ਸਮੇਂ `ਤੇ ਥਾਪੇ ਜਾਂਦੇ ਪ੍ਰਚਾਰਕਾਂ ਦੀ ਜੀਵਨ ਰਹਿਣੀ `ਚ ਵੀ ਹੁੰਦਾ ਸੀ।

ਅਜੋਕਾ ਗੁਰਮੱਤ ਪ੍ਰਚਾਰ ਤੇ ਸਾਂਝੀਆਂ ਕੜੀਆਂ-ਇਸ ਦੇ ਉਲਟ ਅੱਜ ਸਿੱਖ ਧਰਮ ਦਾ ਸਮੂਚਾ ਗੁਰਮੱਤ ਪ੍ਰਚਾਰ ਅਸਲੀਅਤ ਤੋਂ ਖਾਲੀ ਹੋਇਆ ਪਿਆ ਹੈ ਤੇ ਸਿੱਖ ਧਰਮ ਨੂੰ ਵਾਧੇ ਦੀ ਬਜਾਏ ਰਸਾਤਲ ਨੂੰ ਹੀ ਲਿਜਾਅ ਰਿਹਾ ਹੈ। ਉਸ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਇੱਕ ਤਾਂ ਅਜੋਕੇ ਪ੍ਰਚਾਰਕਾਂ ਦੇ ਗਾਇਣ, ਪ੍ਰਮਾਣਾ, ਕਥਾਵਾਂ `ਚ ਤਾਂ ਸਾਂਝੀਆਂ ਕੜੀਆਂ ਨੂੰ ਉਜਾਗਰ ਕਰਣ ਵਾਲੀਆਂ ਇਹ ਗੁਰਬਾਣੀ ਪੰਕਤੀਆਂ. ਸ਼ਬਦ ਤੇ ਪ੍ਰਮਾਣ ਤਾਂ ਬਹੁਤ ਹੁੰਦੇ ਹਨ ਪਰ ਉਨ੍ਹਾਂ ਦੇ ਆਪਣੇ ਜੀਵਨ ਤੇ ਅਮਲ `ਚ ਬਿਲਕੁਲ ਨਹੀਂ ਹਨ। ਅੱਜ ਸਾਡੇ ਸਮੂਚੇ ਸਤਿਸੰਗ ਤੇ ਗੁਰਮੱਤ ਸਮਾਗਮ, ਕੀਰਤਨ ਦਰਬਾਰ, ਨਗਰ ਕੀਰਤਣ ਤੇ ਪ੍ਰਭਾਤ ਫ਼ੇਰੀਆਂ ਜਾਂ ਸ਼ਤਾਬਦੀਆਂ ਤੇ ਹੋਰ ਬਹੁਤ ਕੁਝ, ਇਹ ਸਭ ਕਰਣ ਤੇ ਕਰਾਉਣ ਵਾਲਿਆਂ ਦੇ ਜੀਵਨ ਅੰਦਰ, ਗੁਰਬਾਣੀ ਰਾਹੀਂ ਪ੍ਰਗਟ ਇਹ ਸਾਂਝੀਆਂ ਕੜੀਆਂ ਵਾਲਾ ਅਮਲ ਹੈ ਹੀ ਨਹੀਂ। ਇਸੇ ਦਾ ਨਤੀਜਾ ਹੈ ਕਿ ਸੰਗਤਾਂ ਵਿਚਕਾਰ ਬਜਾਇ ਗੁਰਮੱਤ ਪੱਖੋਂ ਜਾਗ੍ਰਿਤੀ ਆਉਣ ਦੇ, ਤੇਜ਼ੀ ਨਾਲ ਵੱਧ ਰਹੀ ਹੈ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਵਾਲੀ ਭਿਅੰਕਰ ਬਿਮਾਰੀ। ਉਸੇ ਦਾ ਨਤੀਜਾ, ਅੱਜ ਸਿੱਖ ਅਖਵਾਉਣ ਵਾਲਾ ਲਗਭਗ ਹਰੇਕ ਮਨੁੱਖ ਸਿੱਖੀ ਜੀਵਨ ਪੱਖੋਂ ਖਾਲੀ ਪਿਆ ਹੈ ਤੇ ਫ਼ਿਰ ਵੀ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਹੀ ਚੰਗਾ ਤੇ ਵਧੀਆ ਸਿੱਖ ਮੰਨ ਰਿਹਾ ਹੈ।

ਬਹੁਤਾ ਕਰਕੇ ਸਿੱਖਾਂ ਦੇ ਜੀਵਨ ਵਿਚੋਂ ਇਸੇ ਭਿਅੰਕਰ ਬਿਮਾਰੀ ਦਾ ਪ੍ਰਗਟਾਵਾ ਹੈ ਤੇ ਅੱਜ ਲਭਭਗ ਹਰੇਕ ਸਿੱਖ ਸਮਝੀ ਬੈਠਾ ਹੈ “ਕਿ ਮੇਰੇ ਵਰਗਾ ਕੋਈ ਵੱਡਾ ਤੇ ਚੰਗਾ ਸਿੱਖ ਹੈ ਹੀ ਨਹੀਂ”। ਵਿਰਲਿਆਂ ਨੂੰ ਛੱਡ ਕੇ, ਇਸ ਬਿਮਾਰੀ ਦੇ ਕਿਟਾਣੂ ਅਜੋਕੀਆਂ ਸਮੂਚੀਆਂ ਗੁਰੂ ਕੀਆਂ ਸੰਗਤਾਂ ਤੋਂ ਟੱਪ ਕੇ ਇਕੱਲੇ ਇਕੱਲੇ ਸਿੱਖ ਦੇ ਜੀਵਨ `ਚ ਫੈਲ ਚੁੱਕੇ ਹਨ। ਇੱਕ ਇੱਕ ਸਿੱਖ ਅਖਵਾਉਣ ਵਾਲੇ ਵਿਚਕਾਰ ਸਿੱਖੀ ਜੀਵਨ ਤੇ ਰਹਿਣੀ ਪੱਖੋਂ ਨਿਜੀ ਤੇ ਆਪਸੀ ਟੋਕਾ-ਟਾਕੀ ਸ਼ਿਖਰਾਂ `ਤੇ ਪੁੱਜ ਚੁੱਕੀ ਹੈ। ਖ਼ੂਬੀ ਇਹ ਕਿ ਲਗਭਗ ਅੱਜ ਸਾਰੇ ਦੇ ਸਾਰੇ ਸਿੱਖ ਹੀ, ਆਪਣੇ ਆਪ ਨੂੰ ਵੱਡਾ ਤੇ ਪਹੁੰਚਿਆ ਹੋਇਆ ਸਿੱਖ ਮੰਨ ਰਹੇ ਹਨ ਤੇ ਦੂਜਿਆਂ ਦੇ ਸਿੱਖੀ ਜੀਵਨ ਨੂੰ ਆਪਣੇ ਸਾਹਮਣੇ ਟਿੱਚ ਮੰਨ ਰਹੇ ਹਨ। ਦੂਜਿਆਂ `ਤੇ ਟਿਚਕਰਾਂ ਤੇ ਹੁੱਜਤਾਂ ਕਰ ਰਹੇ ਹਨ ਪਰ ਆਪਣੇ ਆਪ ਨੂੰ ਗੁਰੂ ਦੇ ਨਿਰਮਲ ਭਉ `ਚ ਰਹਿ ਕੇ ਇਸ ਪੱਖੋਂ ਘੋਖਣ ਨੂੰ ਉੱਕਾ ਤਿਆਰ ਨਹੀਂ ਹਨ। ਜਦਕਿ ਗੁਰਬਾਣੀ ਦਾ ਨਿਰਮਲ ਮਾਰਗ ਹੀ “ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ” (ਪੰ: ੪੭੦) ਵਾਲਾ ਹੈ ਨਾ ਕਿ ਆਪਸੀ ਟੋਕਾ ਟਾਕੀ ਵਾਲਾ ਜਾਂ ‘ਮੈਂ ਹੀ ਚੰਗਾ ਸਿੱਖ ਹਾਂ ਤੇ ਤੁਸੀ ਮੰਦੇ’।

“ਸਭੁ ਕੋ ਮੀਤੁ ਹਮ ਆਪਨ ਕੀਨਾ” -ਸਿੱਖੀ ਜੀਵਨ ਤਾਂ “ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (੭੨੮) ਵਾਲਾ ਹੋਣਾ ਹੈ ਜਿਸ ਤੋਂ ਅਮਲੀ ਤੌਰ `ਤੇ ਸਾਡੇ ਜੀਵਨ ਅੰਦਰੋਂ ਕੇਵਲ ਪੰਥਕ ਪੱਧਰ `ਤੇ ਹੀ ਨਹੀਂ ਬਲਕਿ ਸੰਸਾਰ ਪੱਧਰ `ਤੇ “ਨਾ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ” (ਪੰ: ੬੭੧) ਜਾਂ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧) ਵਾਲਾ ਜੀਵਨ ਬਣ ਆਵੇ। ਧਿਆਣ ਰਹੇ! ਇਹ ਵੀ ਗੁਰੂ ਕੇ ਸਿੱਖਾਂ ਤੇ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਬਖ਼ਸ਼ੀ ਹੋਈ ਸਾਂਝੀ ਕੜੀ ਤੇ ਸਾਰੇ ਸੰਸਾਰ ਦੇ ਮਨੁੱਖ ਮਾਤ੍ਰ ਲਈ ਹੈ ਨਾ ਕਿ ਕੁੱਝ ਲੋਕਾਂ, ਕਿਸੇ ਖਾਸ ਸਮੁਦਾਯ ਜਾਂ ਆਪਣੇ ਆਪ ਕੇਵਲ ਸਿੱਖ ਤੇ ਪੰਥ ਅਖਵਾਉਣ ਵਾਲਿਆਂ ਤੱਕ ਸੀਮਿਤ ਹੈ। ਫ਼ਿਰ ਵੀ ਜੇ ਕਰ ਇਹ ਸਭ ਸਿੱਖ ਪ੍ਰਚਾਰਕ, ਕਥਾਵਾਚਕ ਕੀਰਤਨੀ ਤੇ ਪਾਠੀ ਸਿੰਘਾਂ ਬਲਕਿ ਹਰੇਕ ਸਿੱਖ ਅਖਵਾਉਣ ਵਾਲੇ ਦੇ ਬੋਲਾਂ ਤੱਕ ਹੀ ਸੀਮਤ ਰਵੇ ਤਾਂ ਉਸ ਦਾ ਲਾਭ ਕਿਸ ਨੂੰ ਹੋਵੇਗਾ?

ਬਲਕਿ ਮਨੁੱਖਾ ਜੀਵਨ ਦੀ ਇਸੇ ਸਾਂਝੀ ਕੜੀ ਦੇ ਦੂਜੇ ਪੱਖ ਵੀ ਹਨ ਜਿਵੇਂ “ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ” (ਪੰ: ੪੪) ਅਤੇ “ਪਰ ਕਾ ਬੁਰਾ ਨ ਰਾਖਹੁ ਚੀਤ” (ਪੰ: ੩੮੬) ਅਥਵਾ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)

ਦੇਖਿਆ ਜਾਵੇ ਗੁਰਬਾਣੀ ਦੇ ਇਨ੍ਹਾਂ ਸਾਰੇ ਪ੍ਰਮਾਣਾ ਤੇ ਸਬੰਧਤ ਸ਼ਬਦਾਂ ਦਾ ਮਕਸਦ ਹੀ ਸਮੂਚਾ ਮਨੁੱਖ ਮਾਤ੍ਰ ਹੈ। ਜੇ ਕਰ ਸਚਮੁਚ ਅੱਜ ਵੀ ਸਾਡੇ ਸਾਰੇ ਗੁਰਮੱਤ ਪ੍ਰਚਾਰਕਾਂ, ਰਾਗੀ ਜਨਾਂ, ਗੁਰਦੁਆਰਾ ਪ੍ਰਬੰਧਕਾਂ ਤੇ ਸਿੱਖ ਆਗੂਆਂ ਦੇ ਵਤੀਰੇ ਅਤੇ ਪ੍ਰਚਾਰ ਅੰਦਰ ਇਹ ਸਾਰੀਆਂ ਪੰਕਤੀਆਂ ਤੇ ਪ੍ਰਮਾਣ ਆਪਣੇ ਅਸਲ ਅਰਥਾਂ ਤੇ ਭਾਵਨਾ ਅਨੁਸਾਰ ਹੋਣ ਤਾਂ ਯਕੀਨਣ ਘਟੋਘਟ ਅਜੋਕੇ ਸਿੱਖਾਂ ਵਿਚਕਾਰੋਂ ਸਿੱਖੀ ਰਹਿਣੀ ਤੇ ਜੀਵਨ ਪੱਖੋਂ ਆਪਸੀ ਟੋਕਾ-ਟਾਕੀ ਵਾਲੀ ਆ ਚੁੱਕੀ ਬਿਮਾਰੀ ਦਾ ਵੀ ਨਾਸ ਹੋ ਜਾਵੇ। ਇਸੇ ਦਾ ਵੱਡਾ ਲਾਭ ਹੋਵੇਗਾ ਕਿ ਸਿੱਖਾਂ ਵਿਚਕਾਰ ਪੈਦਾ ਹੋ ਚੁੱਕੀਆਂ ਧੜੇ ਬੰਦੀਆਂ, ਗੰਦੀ ਰਾਜਨੀਤੀ ਤੇ ਆਪਸੀਵੱਧ ਰਹੀਆਂ ਦੁਸ਼ਮਣੀਆਂ ਵੀ ਹਵਾ ਹੋ ਜਾਣ ਗੀਆਂ।

ਉਸ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਗੁਰੂ ਸਾਹਿਬਾਨ ਸਮੇਂ ਜਿਹੜੀ ਸਿੱਖ ਧਰਮ ਦੇ ਪ੍ਰਚਾਰ ਦੀ ਸੀਮਾਂ ਸਹੀ ਅਰਥਾਂ `ਚ ਸਾਰੀ ਮਾਨਵਤਾ ਹੁੰਦੀ ਸੀ, ਉਹੀ ਅਵਸਥਾ ਫ਼ਿਰ ਤੋਂ ਪ੍ਰਾਪਤ ਹੋ ਸਕਦੀ ਹੈ।

“ਫਰੀਦਾ ਜੇ ਤੂ ਅਕਲਿ ਲਤੀਫੁ. .”-ਜਿਵੇਂ ਕਿ ਮਿਸਾਲ ਵੱਜੋਂ ਅਸਾਂ ਇਸੇ ਗੁਰਮੱਤ ਪਾਠ ਦੇ ਭਾਗ ਦੋ `ਚ ਇਸ ਵਿਸ਼ੇ ਅਥਵਾ ਸਾਂਝੀ ਕੜੀ ਨੂੰ ਲਿਆ, ਉਹ ਸੀ ਸੰਸਾਰ ਭਰ ਦਾ ਮਨੁੱਖ ਚਾਹੇ ਕੋਈ ਵੀ ਹੋਵੇ, ਵਿਰਲਿਆਂ ਨੂੰ ਛੱਡ ਕੇ ਹਰੇਕ ਮਨੁੱਖ ਅੰਦਰ ਆਪਣੇ ਸਵੈਮਾਨ ਦੀ ਭੁੱਖ ਜ਼ਰੂਰ ਹੁੰਦੀ ਹੈ। ਫ਼ਿਰ ਇਸ ਭੁਖ ਦਾ ਰੂਪ ਚਾਹੇ ਨਿਜੀ ਭੱਲ, ਗ਼ਰੂਰ, ਹਊਮੈ ਆਦਿ (Eago, Self Respect, proud etc.) ਕੁੱਝ ਵੀ ਹੋਵੇ। ਇਸੇ ਦਾ ਵਿਗੜਿਆ ਤੇ ਸਾਮਾਜਿਕ ਪੱਖ ਅਤੇ ਭਿਅੰਕਰ ਰੂਪ ਬਣ ਜਾਂਦਾ ਹੈ ਨਿਜੀ ਤੇ ਆਪਸੀ ਟੋਕਾ-ਟਾਕੀ। ਇਹ ਇਵੇਂ ਹੈ ਜਿਵੇਂ ਕਹਿਣ ਵਾਲਾ ਦੂਜੇ ਨੂੰ ਕਹਿ ਰਿਹਾ ਹੋਵੇ ਕਿ ‘ਮੈਨੂੰ ਵੱਧ ਸਮਝ ਹੈ ਤੇ ਤੈਨੂੰ ਸਮਝ ਨਹੀਂ’ ਜਦਕਿ ਅਸਲ `ਚ ਅਜਿਹਾ ਕੋਈ ਅਖਵਾਉਂਦਾ ਵੀ ਨਹੀਂ।

ਦਰਅਸਲ ਕਿਸੇ ਨਾਸਮਝ ਦੀ ਗੱਲ ਤਾਂ ਦੂਰ, ਸੰਸਾਰ ਭਰ `ਚ ਹਰੇਕ ਮਨੁੱਖ ਅੰਦਰ ਕੁਦਰਤੀ ਕਮਜ਼ੋਰੀ ਹੈ ਕਿ ਕੋਈ ਪਾਗ਼ਲ ਵੀ ਆਪਣੇ ਆਪ ਨੂੰ ਪਾਗ਼ਲ ਨਹੀਂ ਅਖਵਾਉਂਦਾ। ਗੁਰਬਾਣੀ ਦੀ ਸ਼ਬਦਾਵਲੀ `ਚ ਅਤੇ ਸਬੰਧਤ ਸਲੋਕ `ਚ ਧਾਰਮਕ ਆਗੂਆਂ ਤੱਕ ਦੀਆਂ ਮਿਸਾਲਾਂ ਦੇ ਕੇ ਇਹੀ ਸਾਬਤ ਕੀਤਾ ਹੋਇਆ ਹੈ। ਬਲਕਿ ਗੁਰਦੇਵ ਨੇ ਤਾਂ ਇਸੇ ਗੱਲ ਨੂੰ ਇਸ ਤਰ੍ਹਾਂ ਵੀ ਕਿਹਾ ਹੈ ਕਿ ਬੇਸ਼ੱਕ ਉਨ੍ਹਾਂ ਦੇ ਜੀਵਨ ਵਿਕਾਰਾਂ ਨਾਲ ਭਰੇ ਹੋਣ ਫ਼ਿਰ ਵੀ ਜੀਵਨ ਦੀ ਅਸਲੀਅਤ ਤੋਂ ਅਣਜਾਣ ਇਹ ਲੋਕ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਵਾਲ਼ੀ ਸੋਚਣੀ ਤੇ ਅਵਸਥਾ `ਚ ਵਿਚਰ ਰਹੇ ਆਪਣੇ ਅਮੁਲੇ ਮਨੁੱਖਾ ਜਨਮ ਨੂੰ ਬਰਬਾਦ ਹੀ ਕਰ ਰਹੇ ਹੁੰਦੇ ਹਨ। ਇਸੇ ਵਿਸ਼ੇ ਨੂੰ ਫ਼ਰੀਦ ਸਾਹਿਬ ਇਸ ਤਰ੍ਹਾਂ ਵੀ ਫ਼ੁਰਮਾਉਂਦੇ ਹਨ “ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ, ਸਿਰੁ ਨੀਂਵਾਂ ਕਰਿ ਦੇਖੁ” (ਪੰ: ੧੩੭੮)।

ਦਰਅਸਲ ਗੁਰਬਾਣੀ ਰਾਹੀਂ ਪ੍ਰਗਟ ਮਨੁੱਖ ਮਾਤ੍ਰ ਵਿਚਕਾਰ ਸਾਂਝੀਆਂ ਕੜੀਆਂ ਵਿਚਲੇ ਇਸੇ ਸੱਚ ਨੂੰ ਪ੍ਰਗਟ ਕਰਣ ਲਈ ਗੁਰਬਾਣੀ ਵਿਚਲੇ ਇਹ ਦੋਵੇਂ ਪ੍ਰਮਾਣ, ਅਸੀਂ ਵਰਤ ਵੀ ਚੁੱਕੇ ਹਾਂ। ਉਪ੍ਰੰਤ ਇਸੇ ਸਾਂਝੀ ਕੜੀ ਵਾਲੇ ਸੱਚ ਦਾ ਹੀ ਸਾਮਾਜਿਕ ਤੌਰ `ਤੇ ਅਤਿ ਵਿਗੜਿਆ ਰੂਪ ਜੋ ਉਘੜਦਾ ਹੈ ਉਹ ਨਿਜੀ ਹੀ ਨਹੀਂ ਬਲਕਿ ਆਪਸੀ ਟੋਕਾ-ਟਾਕੀ ਜਾਂ ਦੂਜੇ ਲਫ਼ਜ਼ਾਂ `ਚ ਉਹੀ ਗੱਲ ਕਿ ‘ਮੈਂ ਵੱਧ ਸਿਆਣਾ ਹਾਂ ਤੇ ਤੈਨੂੰ ਜਾਂ ਤੁਹਾਨੂੰ ਸਮਝ ਨਹੀਂ”। ਹੋਰ ਤਾਂ ਹੋਰ, ਇਸ ਪੱਖੋਂ ਕਿਸੇ ਧਰਮ ਜਾਂ ਸਮੁਦਾਯ ਦੀ ਗੱਲ ਤਾਂ ਦੂਰ, ਜੇ ਕਰ ਕਿਸੇ ਛੋਟੇ ਜਿਹੇ ਅਥਵਾ ਚਾਰ ਜੀਆਂ ਦੇ ਪ੍ਰਵਾਰ `ਚ ਵੀ ਇਹ ਬਿਮਾਰੀ ਉਭਰ ਆਵੇ ਤਾਂ ਉਹ ਪ੍ਰਵਾਰ ਵੀ ਬਹੁਤੇ ਦਿਨ ਇਕੱਠਾ ਨਹੀਂ ਰਹਿ ਸਕਦਾ। ਜੇ ਕਰ ਇਤਨਾ ਨਹੀਂ ਤਾਂ ਵੀ ਪ੍ਰਵਾਰ `ਚ ਹਰ ਸਮੇਂ ਹੀ ਕਟਾ-ਕਟੀ ਬਣੀ ਰਹਿੰਦੀ ਹੈ ਤੇ ਪ੍ਰਵਾਰ `ਚ ਆਪਸੀ ਪਿਆਰ ਵਾਲਾ ਵਾਤਾਵਰਣ ਪੈਦਾ ਹੀ ਨਹੀਂ ਹੁੰਦਾ।

“ਜਿਥੈ ਏਕੋ ਨਾਮੁ ਵਖਾਣੀਐ” -ਇਤਨਾ ਹੀ ਨਹੀਂ ਕਿ ਇਸ ਬਿਮਾਰੀ ਦਾ ਹੱਲ਼ ਨਹੀਂ ਬਲਕਿ ਗੁਰਬਾਣੀ `ਚ ਤਾਂ ਗੁਰਦੇਵ ਨੇ ਗੁਰੂ ਕੇ ਸਿੱਖ ਲਈ ਇਸ ਮਨੁੱਖੀ ਘਾਟ ਦਾ ਸਪਸ਼ਟ ਹੱਲ ਵੀ ਦਿੱਤਾ ਹੈ। ਇਸ ਦਾ ਹੱਲ਼ ਦਿੱਤਾ ਹੈ ਕਿ ਸਿੱਖ ਨੇ ਗੁਰਬਾਣੀ ਆਧਰਿਤ ਜੇ ਕਰ ਕਿਸੇ ਮਨੁੱਖ ਜਾਂ ਸਮੁਦਾਯ ਦੀ ਕਿਸੇ ਕਮਜ਼ੋਰੀ ਦੀ ਕੋਈ ਗੱਲ ਕਰਣੀ ਵੀ ਹੈ ਤਾਂ ਉਸ ਨੂੰ ਸਮੂਹਿਕ ਤੌਰ `ਤੇ ਸੰਗਤਾਂ ਦੇ ਰੂਪ `ਚ ਸੰਬੋਧਨ ਕਰ ਕੇ ਕਿਹਾ ਜਾਵੇ, ਕਿਸੇ ਇਕੱਲੇ ਇਕੱਲੇ ਨੂੰ ਟੋਕਾ-ਟਾਕੀ ਜਾਂ ਸਮੁਦਾਯ ਨੂੰ ਨਿਸ਼ਾਨਾ ਬਣਾ ਕੇ ਨਹੀ। ਫ਼ਿਰ ਇਸ ਤੋਂ ਬਾਅਦ ਇਹ ਦ੍ਰਿੜਤਾ ਵੀ ਕਰਵਾਈ ਹੈ ਕਿ ਉਸ ਸੰਗਤੀ ਸੰਬੋਧਨ ਦਾ ਆਧਾਰ ਵੀ ਆਪਣੀ ਅਕਲ ਨਹੀਂ ਬਲਕਿ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਹੀ ਹੋਣਾ ਹੈ ਭਾਵ ਨਿਰੋਲ ਗੁਰਬਾਣੀ ਦੀ ਸੇਧ ਤੇ ਰੋਸ਼ਨੀ `ਚ ਹੀ ਹੋਣੀ ਹੈ।

ਇਸ ਤੋਂ ਬਾਅਦ ਕਿਸੇ ਦੀ ਇਛਾ ਹੈ ਕਿ ਉਹ ਕਹਿਣ ਵਾਲੇ ਦੀ ਗੱਲ਼ ਨੂੰ ਠੀਕ ਮੰਨੇ ਜਾਂ ਗ਼ਲ਼ਤ। ਉਸ `ਤੇ ਕੋਈ ਅਮਲ ਕਰੇ ਜਾਂ ਨਾ ਕਰੇ ਪਰ ਕਹਿਣ ਵਾਲੇ ਨੂੰ ਇਹ ਦੇਖਣ ਤੇ ਇਸ ਦੇ ਲਈ ਖਪਣ ਜਾਂ ਇਸ ਦੇ ਲਈ ਉਸ ਨੂੰ ਉਲ੍ਹਾਮੇ ਦੇਣ ਦਾ ਨਾ ਹੱਕ ਹੈ ਨਾ ਲੋੜ ਤੇ ਨਾ ਹੀ ਅਧੀਕਾਰ ਠੀਕ ਉਸੇ ਤਰ੍ਹਾਂ ਜਿਵੇਂ ਕਿ ਇਸ ਗੱਲ ਨੂੰ ਸਪਸ਼ਟ ਕਰਣ ਲਈ ਇੱਕ ਜਮਾਤ ਵਾਲੀ ਮਿਸਾਲ ਤਾਂ ਅਸੀਂ ਪਹਿਲਾਂ ਹੀ ਦੇ ਚੁੱਕੇ ਹੈ। ਸਪਸ਼ਟ ਹੈ ਕਿ ਇੱਕ ਜਮਾਤ ਅੰਦਰ ਵਿਦਿਆਰਥੀ ਚਾਹੇ ਕਿਤਨੇ ਹੋਣ। ਪੜ੍ਹਾਈ ਦਾ ਢੰਗ ਤੇ ਪੜ੍ਹੳਾਣ ਵਾਲੇ ਵੀ ਸਾਰੇ ਉਹੀ ਹੋਣ ਤਾਂ ਵੀ ਸਭ ਦੀ ਤਿਆਰੀ ਵੱਖ ਵੱਖ ਹੀ ਰਹੇਗੀ, ਸਾਰਿਆਂ ਦੀ ਤਆਰੀ ਇਕੋ ਜਿਹੀ ਕਦੇ ਵੀ ਨਹੀਂ ਹੋਵੇਗੀ। ਜਮਾਤ ਉਹੀ ਹੈ ਜਿੱਥੇ ਇੱਕ ੧੦੦% ਨੰਬਰ ਲੈ ਰਿਹਾ ਤੇ ਦੂਜਾ ਫ਼ੇਲ ਵੀ ਉਸੇ ਜਮਾਤ ਵਿਚੋਂ ਹੀ ਹੋ ਰਿਹਾ ਹੈ ਤਾਂ ਕਿਉਂ? ਕਾਰਨ ਇੱਕੋ ਹੀ ਹੈ ਤੇ ਉਹ ਕੁਦਰਤੀ ਹੈ।

ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਕੀਤਾ ਸਿੱਖ ਧਰਮ ਅਥਵਾ ਗੁਰਬਾਣੀ ਦੇ ਆਦੇਸ਼ ਤਾਂ ਹੈਣ ਹੀ ਜਮਾਤੀ ਤੇ ਸਾਰੇ ਸੰਸਾਰ ਦੇ ਮਨੁੱਖ ਮਾਤ੍ਰ ਲਈ ਇੱਕੋ ਜਿਹੇ। ਇਹ ਸਿੱਖ ਧਰਮ ਜਾਂ ਗੁਰਬਾਣੀ ਆਦੇਸ਼ ਕਿਸੇ ਇੱਕ ਮਨੁੱਖ ਜਾਂ ਵਿਸ਼ੇਸ਼ ਸਮੁਦਾਯ ਦੀ ਜਾਗੀਰ ਵੀ ਨਹੀਂ ਹਨ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਿੱਖ ਧਰਮ, ਸੰਗਤੀ ਭਾਵ ਜਮਾਤੀ ਧਰਮ ਹੈ, ਨਾ ਕਿ ਇਕੱਲੇ ਇਕੱਲੇ ਜਾਂ ਨਿਜੀ ਟੋਕਾ-ਟਾਕੀ ਵਾਲਾ ‘ਧਰਮ’। ਇਥੇ ਤਾਂ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ” (ਪੰ: ੭੪੭) ਵਾਲਾ ਰੱਬੀ ਨਿਯਮ ਹੈ। ਇਸ ਦੇ ਬਾਵਜੂਦ ਇਸ `ਤੇ ਇਹ ਵੀ ਗੁਰਬਾਣੀ ਦਾ ਹੀ ਸਪਸ਼ਟ ਸਪਸ਼ਟ ਫ਼ੈਸਲਾ ਹੈ “ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ” (ਪੰ: ੭੪੭ ਉਹੀ) ਭਾਵ ਇਥੇ ਵੀ ਗੁਰਦੇਵ ਨੇ ਨਿਜੀ ਤੌਰ `ਤੇ ਕਿਸੇ ਨੂੰ ਪਾਬੰਦ ਨਹੀਂ ਕੀਤਾ ਕਿ ਹਰੇਕ ਜ਼ਰੂਰ ਮੰਨੇ ਬਲਕਿ ਇਹੀ ਫ਼ੁਰਮਾਇਆ ਹੈ “ਗੁਰਮੁਖਿ ਨਾਮੁ ਜਪੈ ਉਧਰੈ ਸੋ” ਫ਼ਿਰ ਵੀ ਸਾਰੇ ਨਹੀਂ ਬਲਕਿ “ਉਧਰੈ ਸੋ” ਵਿਸ਼ਾ ਇਥੇ ਵੀ ਲਾਗੂ ਹੁੰਦਾ ਹੈ। ਸਪਸ਼ਟ ਹੈ ਕਿ ਇਹ ਗੁਰਬਾਣੀ ਆਦੇਸ਼ ਤਾਂ ਸੰਸਾਰ ਭਰ ਦੇ ਮਨੁੱਖਾਂ ਲਈ ਇਕੋ ਜਿਹੇ ਤੇ ਸਾਰਿਆਂ ਲਈ ਹਨ ਪਰ ਲਾਭ ਉਹੀ ਲੈਣਗੇ ਜੋ ਇਨ੍ਹਾਂ ਆਦੇਸ਼ਾਂ ਨੂੰ ਅਪਨਾਉਣਗੇ ਤੇ ਇਨ੍ਹਾਂ `ਤੇ ਅਮਲ ਕਰਣਗੇ।

“ਭੁਗਤਿ ਗਿਆਨੁ ਦਇਆ ਭੰਡਾਰਣਿ” - ਫ਼ਿਰ ਇਹ ਵੀ ਸਮਝਣਾ ਹੈ ਕਿ ਇਸ ਤੋਂ ਬਾਅਦ ਇਮਾਨਦਾਰੀ ਨਾਲ ਇਨ੍ਹਾਂ ਆਦੇਸ਼ਾਂ ਨੂੰ ਗੁਰੂ ਆਸਰੇ ਅਪਨਾਉਣ ਵਾਲਿਆਂ ਦੇ ਜੀਵਨ ਵੀ ਇਕੋ ਜਿਹੇ ਕਦੇ ਤਿਆਰ ਨਹੀਂ ਹੋਣਗੇ ਕਿਉਂਕਿ ਇਹ ਵੀ ਕਰਤੇ ਦਾ ਹੀ ਵਿਧਾਨ ਹੈ। ਸਮਝਣ ਦਾ ਵਿਸ਼ਾ ਤਾਂ ਇਹ ਹੈ ਕਿ ਫ਼ਿਰ ਨਿਜੀ ਤੇ ਆਪਸੀ ਟੋਕਾ-ਟਾਕੀ ਤੇ ਕਿਉਂ ਕਿੰਤੂ ਕਿਉਂ? ਬਲਕਿ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਗੁਰੂ ਆਦੇਸ਼ਾਂ ਤੇ ਸਾਂਝੀਆਂ ਕੜੀਆਂ ਨੂੰ ਵੰਡਦੇ ਸਮੇਂ ਵੀ “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਹੋਰ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਆਦਿ ਗੁਰ ਫ਼ੁਰਮਾਨਾਂ ਨੂੰ ਆਪਣੀ ਸੋਝੀ ਤੇ ਅਮਲ ਵਿੱਚ ਰਖਣਾ ਹੈ।

ਬਲਕਿ ਉਥੇ ਵੀ ਗੁਰਦੇਵ ਤਾਂ ਇਥੋਂ ਤੱਕ ਫ਼ੁਰਮਾਅ ਰਹੇ ਹਨ ਕਿ “ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ) ਭਾਵ “ਐ ਗੁਰਸਿੱਖ! ਜੇ ਕਰ ਤੇਰੇ ਕੋਲ ਗਿਆਨ ਦਾ ਚੂਰਮਾ ਹੋਵੇ ਤਾਂ ਜ਼ਰੂਰੀ ਹੈ ਕਿ ਤੇਰੇ ਕੋਲ ਵਰਤਾਵੀ ਵੀ ਦਇਆ ਹੋਵੇ। ਉਪ੍ਰੰਤ ਇਹ ਦਇਆ ਕਿਸ ਤਰ੍ਹਾਂ ਦੀ ਹੋਵੇ ਉਸ ਦੇ ਲਈ ਵੀ ਗੁਰਬਾਣੀ `ਚ ਸੇਧ ਹੈ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” (ਪੰ: ੪੭੦) ਕਿਉਂਕਿ “ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ” (ਪੰ: ੪੭੦ ਉਹੀ) ਅਤੇ ਦੂਜੇ ਪਾਸੇ “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ” (ਪੰ: ੪੭੩) ਵਾਲਾ ਤੇਰਾ ਵਿਹਾਰ ਨਹੀਂ ਹੋਣਾ। ਸਪਸ਼ਟ ਹੈ ਕਿ ਇਹ ਗੁਰਬਾਣੀ ਸੇਧਾਂ “ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ) ਤੇ ਗੁਰਬਾਣੀ ਦੇ ਪ੍ਰਚਾਰਕ ਲਈ ਬਾਕੀ ਸਬੰਧਤ ਗੁਰਬਾਣੀ ਆਦੇਸ਼ ਵੀ ਸਾਰੇ ਸੰਸਾਰ ਲਈ ਹਨ ਨਾ ਕਿ ਕੁੱਝ ਬੰਦਿਆਂ ਜਾਂ ਕਿਸੇ ਵਿਸ਼ੇਸ਼ ਸਮੁਦਾਯ ਲਈ।

ਇਤਨਾ ਹੀ ਨਹੀਂ ਉਸ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੈ ਕਿ ਇਹ ਅਤੇ ਅਜਿਹੇ ਗੁਰਬਾਣੀ ਫ਼ੁਰਮਾਨ ਹਰੇਕ ਸਿੱਖ, ਖਾਸਕਰ ਗੁਰਬਾਣੀ ਦੇ ਪ੍ਰਚਾਰਕਾਂ, ਰਾਗੀ ਸਿੰਘਾਂ, ਕਥਾਵਾਚਕਾਂ, ਗੁਰਦੁਆਰਾ ਪ੍ਰਬੰਧਕਾਂ ਤੇ ਪੰਥਕ ਆਗੂਆਂ ਦੇ ਆਪਣੇ ਜੀਵਨ, ਰਹਿਣੀ ਤੇ ਅਮਲ `ਚ ਹੋਣੇ ਜ਼ਰੂਰੀ ਹਨ। ਜਦ ਤੱਕ ਅਜਿਹਾ ਨਹੀਂ ਹੁੰਦਾ ਅਤੇ ਜਦੋਂ ਤੱਕ ਇਹ ਸੱਜਨ ਆਪ ਹੀ ਧੜੇਬੰਦੀਆਂ, ਰਾਜਨੀਤੀ, ਇੱਕ ਦੂਜੇ `ਤੇ ਚਿੱਕੜ ਉਛਾਲਣ, ਨਿਜੀ ਅਥਵਾ ਆਪਸੀ ਟੋਕਾ-ਟਾਕੀ `ਚ ਪਏ ਰਹਿਣਗੇ ਤਾਂ ਉਤਨੀ ਦੇਰ ਨਾ ਹੀ ਪੰਥ ਦਾ ਅੰਦਰੂਨੀ ਬਿਖਰਾਵ ਨੂੰ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਸੰਸਾਰ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਨੇੜੇ ਲਿਆਂਦਾ ਜਾ ਸਕਦਾ ਹੈ।

ਸਪਸ਼ਟ ਹੈ ਜਦੋਂ ਤੱਕ ਖਾਸਤੌਰ `ਤੇ ਸਿੱਖ ਪ੍ਰਚਾਰਕਾਂ, ਪ੍ਰਬੰਧਕਾਂ ਤੇ ਪੰਥਕ ਆਗੂਆਂ ਦੇ ਨਿਜੀ ਜੀਵਨ ਤੇ ਅਮਲ `ਚ ਗੁਰਬਾਣੀ ਆਧਾਰਤ ਇਹ ਸਾਂਝੀਆਂ ਕੜੀਆਂ ਨਹੀਂ, ਉਦੋਂ ਤੱਕ ਭਾਵੇਂ ਜਿਤਨੇ ਚਾਹੋ ਕੀਰਤਨ ਦਰਬਾਰ, ਗੁਰਮੱਤ ਸਮਗਮ ਤੇ ਗੁਰਮੱਤ ਪ੍ਰਚਾਰ ਨਾਲ ਸਬੰਧਤ ਨਗਰ ਕੀਰਤਨ ਤੇ ਸ਼ਤਾਬਦੀਆਂ ਆਦਿ ਹੀ ਨਾ ਮਨਾਈਆਂ ਜਾਣ, ਉਤਨੀ ਦੇਰ ਨਾ ਹੀ ਸਿੱਖ ਧਰਮ ਦੀ ਸੰਭਾਲ ਹੋ ਸਕਦੀ ਹੈ, ਨਾ ਫੈਲਾਅ। ਉਤਨੀ ਦੇਰ ਤਾਂ ਸਿੱਖਾਂ ਦੀ ਆਪਸੀ ਪਾਟੋਧਾੜੀ ਤੱਕ ਨੂੰ ਵੀ ਨਹੀਂ ਰੋਕਿਆ ਜਾ ਸਕਦਾ। ਉਹ ਪਾਟੋਧਾੜੀ ਤੇ ਬਿਖਰਾਵ ਜਿਹੜਾ ਕਿ ਅੱਜ ਉਪਰਲੀ ਪੱਧਰ ਤੋਂ ਲੈ ਕੇਪੰਥ ਅੰਦਰ ਨੀਵੀਂ ਤੋਂ ਨੀਵੀਂ ਭਾਵ ਇਕੱਲੇ ਇੱਕਲੇ ਸਿੱਖ ਦੀ ਪੱਧਰ ਪੱਧਰ ਤੱਕ ਪੁੱਜ ਚੁੱਕੀ ਹੈ।

ਆਲਮ ਇਹ ਹੋ ਚੁੱਕਾ ਹੈ ਕਿ ਜੇ ਕਿਧਰੇ ਦੋ ਸਿੱਖ ਇਕੱਲੇ ਬੈਠੇ ਵੀ ਆਪਸ `ਚ ਸਿੱਖੀ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਵਿਚਕਾਰ ਵੀ ਖਿਚਾਤਾਣੀ ਤੋਂ ਸਿਵਾ ਕੁੱਝ ਨਹੀਂ ਹੁੰਦਾ। ਦੋਨਾਂ ਵਿਚੋਂ ਹਰੇਕ ਆਪਣੇ ਆਪ ਨੂੰ ਪੱਕਾ, ਚੰਗਾ ਤੇ ਸਮਝਦਾਰ ਸਿੱਖ ਮੰਨ ਰਿਹਾ ਹੁੰਦਾ ਹੈ ਤੇ ਦੂਜੇ ਨੂੰ ਆਪਣੇ ਮੁਕਾਬਲੇ ਅਨਜਾਣ ਤੇ ਨਾਸਮਝ ਹੀ ਦੱਸ ਰਿਹਾ ਹੁੰਦਾ ਹੈ। ਜਦਕਿ ਦੂਜੇ ਪਾਸੇ ਇਸ ਵਿਸ਼ੇ `ਤੇ ਗੁਰਬਾਣੀ ਨੇ ਸਾਨੂੰ ਜੋ ਸੇਧ ਬਖ਼ਸ਼ੀ ਹੈ ਤੇ ਜਿਸ ਦਾ ਅਸੀਂ ਜ਼ਿਕਰ ਵੀ ਕਰ ਚੁੱਕੇ ਹਾਂ ਉਹ ਇਹ ਹੈ ਕਿ “ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (੭੨੮)। ਇਸ ਤਰ੍ਹਾਂ ਸਪਸ਼ਟ ਹੈ ਕਿ ਅੱਜ ਸਿੱਖ ਦੀ ਸੋਚਣੀ-ਕਰਣੀ ਤੇ ਦੂਜੇ ਪਾਸੇ ਗੁਰਬਾਣੀ ਅਨੁਸਾਰ ਸਿੱਖੀ ਜੀਵਨ ਪੱਖੋਂ ਅੱਜ ਸਾਡੀ ਜੋ ਰਹਿਣੀ ਹੋਣੀ ਚਾਹੀਦੀ ਹੈ, ਦੋਨਾਂ ਗੱਲਾਂ `ਚ ਕਿਤਨਾ ਵੱਡਾ ਫ਼ਰਕ ਆ ਚੁੱਕਾ ਹੈ।

ਇਸ ਤੋਂ ਬਾਅਦ ਸਾਡੇ ਲਈ ਇਨ੍ਹਾਂ ਗੁਰਬਾਣੀ ਸੇਧਾਂ ਤੇ ਗੁਰਬਾਣੀ ਆਦੇਸ਼ਾਂ ਦੀ ਵਰਤੋਂ ਲਈ ਜੋ ਗੁਰਬਾਣੀ ਆਧਾਰ ਹੋਣਾ ਹੈ ਉਹ ਵੀ “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਹੋਰ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਆਦਿ ਗੁਰ ਫ਼ੁਰਮਾਨ ਵੀ ਸਮੂਚੀ ਮਾਨਵਤਾ ਲਈ ਸਾਂਝੀਆਂ ਕੜੀਆਂ ਹੀ ਹਨ ਜਿਨ੍ਹਾਂ `ਤੇ ਅਮਲ ਨੇ ਹੀ, ਪਹਿਲਾਂ ਤਾਂ ਸਿੱਖ ਨੂੰ ਸਿੱਖ ਦੇ ਨੇੜੇ ਲਿਆਉਣਾ ਹੈ ਉਪ੍ਰੰਤ ਸੰਸਾਰ `ਚ ਗੁਰੂ ਕੀ ਸਿੱਖੀ ਨੇ ਆਪਣੀਆਂ ਜੜ੍ਹਾਂ ਬਨਾਉਣੀਆਂ ਤੇ ਗੁਰਬਾਣੀ ਜੀਵਨ ਦੀ ਖੁਸ਼ਬੂ ਨੂੰ ਫੈਲਣਾ ਹੈ।

ਸਪਸ਼ਟ ਹੈ ਜੇ ਕਰ ਸਿੱਖ ਤੇ ਖਾਸਕਰ ਸਿੱਖ ਪ੍ਰਚਾਰਕ ਦੇ ਜੀਵਨ ਅੰਦਰੋਂ ਇਹ ਤੇ ਅਜਿਹੀਆਂ ਬੇਅੰਤ ਗੁਰਬਾਣੀ ਰਾਹੀਂ ਪ੍ਰਗਟ ਸਾਂਝੀਆਂ ਕੜੀਆਂ ਉਜਾਗਰ ਹੋਣ ਭਾਵ ਉਨ੍ਹਾਂ ਦੇ ਜੀਵਨ ਅੰਦਰ ਇਨ੍ਹਾਂ `ਤੇ ਅਮਲ ਹੋਵੇ ਤਾਂ ਨਾ ਕੇਵਲ ਕੌਮ ਅੰਦਰ ਨਿਜੀ ਤੇ ਆਪਸੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਰਵੇਗੀ ਤੇ ਨਾ ਹੀ ਪੰਥ `ਚ ਨਿੱਤ ਵਾਧੇ `ਤੇ ਜਾ ਰਿਹਾ ਬਿਖਰਾਵ ਹੀ ਰਵੇਗਾ। ਉਹ ਬਿਖਰਾਵ ਜਿਹੜਾ ਅੱਜ ਸਾਰੇ ਪੰਥ ਅੰਦਰ ਸ਼ਿਖਰਾਂ ਤੇ ਪੁੱਜਾ ਹੋਇਆ ਹੈ ਤੇ ਦਿਨੋ ਦਿਨ ਤੇਜ਼ੀ ਨਾਲ ਵਾਧੇ `ਤੇ ਹੈ। ਇਸ ਸਾਰੀ ਬਿਮਾਰੀ ਦਾ ਮੁੱਖ ਕਾਰਨ ਹੀ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਵਾਲਾ ਰੋਗ ਹੀ ਹੈ ਜੋ ਪੰਥ `ਚ ਆਪਣੀਆਂ ਜੜ੍ਹਾਂ ਜਮਾਈ ਖੜਾ ਹੈ।

ਗੁਰਬਾਣੀ ਆਦੇਸ਼ ਤਾਂ ਉਹੀ ਰਹਿਣੇ ਹਨ ਤੇ ਇਨ੍ਹਾਂ ਨੇ ਸਦੀਵਕਾਲ ਲਈ ਮਨੁੱਖਾ ਜੀਵਨ ਦੀ ਅਗਵਾਹੀ ਕਰਣੀ ਹੈ। ਇਸ ਦੇ ਬਾਵਜੂਦ ਕੁਦਰਤ ਦਾ ਨਿਯਮ ਹੈ ਕਿ ਹਰੇਕ ਦਾ ਜੀਵਨ ਵੀ ਆਪਣਾ ਆਪਣਾ ਤੇ ਆਪਸੀ ਫ਼ਰਕ ਵਾਲਾ ਹੀ ਤਿਆਰ ਹੋਣਾ ਹੈ। ਇਸੇ ਲਈ ਗੁਰਦੇਵ ਨੇ ਆਪਣੇ ਦਸਾਂ ਹੀ ਜਾਮਿਆਂ `ਚ ਇਸ ਨੂੰ ਸੰਗਤੀ ਤੇ ਜਮਾਤੀ ਧਰਮ ਬਣਾਇਆ ਤੇ ਕਾਇਮ ਕੀਤਾ ਹੈ। ਇਕੱਲੇ ਇਕੱਲੇ ਨੂੰ ਨਹੀਂ ਬਲਕਿ ਸਾਰਿਆਂ ਨੂੰ ਗੁਰਬਾਣੀ ਆਦੇਸ਼ਾਂ ਤੇ ਸਿੱਖਆ ਤੇ ਚਲਣ ਲਈ ਆਵਾਜ਼ ਮਾਰੀ ਤੇ ਪ੍ਰੇਰਿਆ ਹੈ ਉਪ੍ਰੰਤ ਫ਼ਿਰ ਵੀ ਕਿਸੇ ਦੇ ਨਿਜੀ ਜੀਵਨ `ਤੇ ਕਿਉਂ-ਕਿੰਤੂ ਨਹੀਂ ਕੀਤਾ। ਬਲਕਿ ਉਥੇ ਵੀ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ, ਇਹੁ ਬਿਰਦੁ ਸੁਆਮੀ ਸੰਦਾ” (ਪੰ: ੫੪੪) ਵਾਲਾ ਗੁਰਬਾਣੀ ਸਿਧਾਂਤ ਹੀ ਬਖ਼ਸ਼ਿਆ ਤੇ ਵਰਤਿਆ ਤੇ ਵਰਤਵਾਇਆ ਵੀ ਹੈ।

ਜਦਕਿ ਕੌਮ ਦੀ ਅੱਜ ਜੋ ਤਬਾਹੀ ਹੋ ਰਹੀ ਹੈ ਤਾਂ ਉਹ ਇਸ ਧਰਮ ਦੇ ਅਖਵਾਉਣ ਵਾਲਿਆਂ ਵਿਚਕਾਰ ਨਿਜੀ ਤੇ ਆਪਸੀ ਟੋਕਾ-ਟਾਕੀ ਦੀ ਹੋ ਚੁੱਕੀ ਇੰਤਹਾ ਹੀ ਹੈ। ਇਸੇ ਦਾ ਉਲਟਾ ਇਹ ਨਤੀਜਾ ਆ ਰਿਹਾ ਹੈ ਕਿ ਅੱਜ ਸਿੱਖ ਅਖਵਾਉਣ ਵਾਲਿਆਂ ਨੇ ਇਸ ਪੱਖ ਤੋਂ ਸੰਸਾਰ ਨੂੰ ਆਪਣੇ ਨੇੜੇ ਤਾਂ ਕੀ ਲਿਆਉਣਾ ਹੈ, ਇਸ ਦੇ ਉਲਟ ਆਪਸ `ਚ ਵੀ ਦੋ ਸਿੱਖ ਇੱਕ ਦੂਜੇ ਦੇ ਨੇੜੇ ਨਹੀਂ ਆ ਪਾ ਰਹੇ। ਸੱਚ ਇਹੀ ਹੈ ਕਿ ਜੇ ਕਰ ਅੱਜ ਵੀ, ਬਿਨਾ ਕਿਸੇ ਢਿੱਲ ਦੇ ਆਪਣੀ ਆਪਣੀ ਧਾਰਮਿਕ ਰਹਿਣੀ ਪੱਖੋਂ, ਸਿੱਖਾਂ ਵਿਚਕਾਰ ਸ਼ਿਖਰਾਂ `ਤੇ ਪੁੱਜ ਚੁੱਕੀ ਆਪਸੀ ਤੇ ਨਿਜੀ ਟੋਕਾ-ਟਾਕੀ ਨੂੰ ਲਗ਼ਾਮ ਪੈ ਜਾਵੇ ਤਾਂ ਘਟੋਘਟ ਸਮੂਚਾ ਪੰਥ ਅਤੇ ਹਰੇਕ ਸਿੱਖ ਅੱਜ ਵੀ ਇੱਕ ਦੂਜੇ ਦੇ ਨੇੜੇ ਆ ਸਕਦਾ ਹੈ।

ਅਜੋਕਾ ਸਿੱਖ ਧਰਮ ਤੇ ਦੂਜੇ ਧਰਮਾਂ ਵਾਲੇ-ਇਹ ਇੱਕ ਸਚਾਈ ਹੈ ਕਿ ਜੇ ਕਰ ਅੱਜ ਦੀ ਤਾਰੀਖ ਅੰਦਰ ਜੇਕਰ ਗਵਾਂਡੀ ਤੇ ਦੂਜੇ ਧਰਮਾਂ ਦੀ ਗੱਲ ਕਰੀਏ ਤਾਂ ਕੇਵਲ ਸਿੱਖ ਅਖਵਾਉਣ ਵਾਲਿਆਂ ਨੂੰ ਛੱਡ ਕੇ ਹਰੇਕ ਧਰਮ ਦੇ ਅਨੁਯਾਯੀਆਂ ਵਿਚਕਾਰ ਆਪਸੀ ਪ੍ਰੇਮ ਪਿਆਰ ਬਹੁਤ ਵਾਧੇ `ਤੇ ਜ਼ਿਆਦਾ ਹੈ। ਬੇਸ਼ੱਕ ਉਥੇ ਇਸ ਦੇ ਕਾਰਨ ਹੋਰ ਵੀ ਬਹੁਤੇਰੇ ਹਨ ਪਰ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉਨ੍ਹਾਂ `ਚੋਂ ਕਿਸੇ ਧਰਮ ਦੇ ਅਨੁਯਾਯੀਆਂ ਵਿਚਕਾਰ ਨਿਜੀ ਟੋਕਾ-ਟਾਕੀ ਵਾਲੀ ਭਿਅੰਕਰ ਬਿਮਾਰੀ ਨਹੀਂ ਮਿਲਦੀ। ਜਿਵੇਂ ਕੋਈ ਰਹਿਣਾ ਚਾਹੁੰਦਾ ਹੈ ਰਹਿ ਰਿਹਾ ਹੈ। ਇਹ ਟੋਕਾ-ਟਾਕੀ ਅੱਜ ਨਾ ਮੁਸਲਮਾਨ ਵੀਰਾਂ ਵਿਚਕਾਰ, ਨਾ ਇਸਾਈਆਂ ਵਿਚਕਾਰ ਤੇ ਨਾ ਹਿੰਦੂਆਂ ਤੇ ਨਾ ਹੀ ਕਿਸੇ ਹੋਰ ਧਰਮ ਵਾਲਿਆਂ ਵਿਚਕਾਰ ਮਿਲਦੀ ਹੈ। ਜਦਕਿ ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਆਲਮੀ ਮੱਤ ਵਿਚਕਾਰ ਤਾਂ ਜਿੱਥੇ ਇੱਕ ਵਾਰੀ ਨਹੀਂ ਬਲਕਿ ਹਜ਼ਾਰਹਾਂ ਵਾਰੀ ਪਾਤਸ਼ਾਹ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਹਰੇਕ ਦੇ ਜੀਵਨ ਦੇ ਸੁਆਸ ਸੁਆਸ ਦਾ ਨਿਆਂ ਕਰਤਾ ਤੇ ਨਿਆਂ ਦਾ ਵਾਰਿਸ ਕੇਵਲ ਤੇ ਕੇਵਲ ਅਕਾਲਪੁਰਖ ਆਪ ਹੀ ਹੈ ਤੇ ਦੂਜਾ ਕੋਈ ਨਹੀਂ। ਇਸ ਦੇ ਲਈ ਇਥੇ ਤਾਂ ਗੁਰਬਾਣੀ ਰਾਹੀਂ ਸਪਸ਼ਟ ਉਪਦੇਸ਼ ਤੇ ਆਦੇਸ਼ ਵੀ ਹਨ ਜਿਵੇਂ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) “ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ” (ਪੰ: ੪੭੩) “ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਫ਼ਿਰ ਵੀ ਅੱਜ ਲਗਭਗ ਹਰੇਕ ਸਿੱਖ ਅਖਵਾਉਣ ਵਾਲਾ ਗੁਰਬਾਣੀ ਰਾਹੀਂ ਸਾਰੀ ਮਾਨਵਤਾ ਵਾਸਤੇ ਸਥਾਪਤ ਸਾਂਝੀਆਂ ਕੜੀਆਂ ਤੇ ਗੁਰਬਾਣੀ ਦੇ ਸਾਂਝੇ ਉਪਦੇਸ਼ਾਂ ਨੂੰ ਵਿਸਾਰ ਕੇ ਇੱਕ ਦੂਜੇ ਲਈ ਸਿੱਖੀ ਦੇ ਜੀਵਨ ਦਾ ਠੇਕੇਦਾਰ ਕਿਉਂ ਬਣਿਆਂ ਪਿਆ ਹੈ ਕਿ ‘ਬੱਸ ਮੈਂ ਹੀ ਚੰਗਾ ਸਿੱਖ ਹਾਂ ਤੇ ਬਾਕੀ ਸਾਰੇ ਮੇਰੇ ਤੋਂ ਪਿੱਛੇ ਹਨ’ ਜਾਂ ‘ਮੈਂ ਹੀ ਪੱਕਾ ਸਿੱਖ ਹਾਂ’ ਆਦਿ।

ਅਕਾਲਪੁਰਖ ਹੀ ਬਖ਼ਸ਼ਿਸ਼ ਕਰੇ ਤਾਂ ਇਸ ਤੋਂ ਕੌਮ ਦਾ ਬਚਾਅ ਹੋ ਸਕਦਾ ਹੈ ਨਹੀਂ ਤਾਂ ਨਹੀਂ। ਕਾਸ਼ ਕੌਮ ਦੇ ਪ੍ਰਚਾਰਕਾਂ, ਪ੍ਰਬੰਧਕਾਂ ਦੇ ਜੀਵਨ, ਅਮਲ ਤੇ ਪ੍ਰਚਾਰ ਵਿੱਚ ਗੁਰਬਾਣੀ ਰਾਹੀਂ ਪ੍ਰਗਟ ਸਮੂਚੀ ਮਾਨਵਤਾ ਲਈ ਸਾਂਝੀਆਂ ਕੜੀਆਂ ਜਾਗਣ ਤੇ ਹਰੇਕ ਸਿੱਖ ਅਖਵਾਉਣ ਵਾਲਾ ਗੁਰਬਾਣੀ ਦੇ ਨਿਰਮਲ ਭਉ `ਚ ਨਿਮਾਨਾ ਸਿੱਖ ਬਣ ਕੇ ਜੀਵਨ ਜੀਵੇ ਤਾ ਕਿ ਸਾਡੇ ਜੀਵਨ ਵਿੱਚੋਂ ਫ਼ਿਰ ਤੋਂ ਸਾਡਾ ਗੌਰਵਮਈ ਸਿੱਖ ਇਤਿਹਾਸ ਉਜਾਗਰ ਹੋ ਸਕੇ ਅਤੇ ਇਹ ਆਪਸੀ ਨਿਜੀ ਟੋਕਾ-ਟਾਕੀ ਵਾਲੇ ਭਿਅੰਕਰ ਰੋਗ ਤੋਂ ਨਿਜਾਤ ਹਾਸਲ ਕਰ ਸਕੀਏ। #215s011.02s011# ਸਮਾਪਤ੦੦੦

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 215-III

ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ (ਭਾਗ ਤੀਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.