.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 23)

ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨਾਲੋਂ ਸਿੱਖ ਸੰਗਤਾਂ ਨੂੰ ਤੋੜਨ ਲਈ ਯਤਨਸ਼ੀਲ ਧਿਰਾਂ ਵਲੋਂ ਕਈ ਤਰ੍ਹਾਂ ਦੇ ਢੰਗ ਅਪਣਾਏ ਗਏ ਹਨ (ਅਤੇ ਅਪਣਾਏ ਜਾ ਰਹੇ ਹਨ)। ਅਜਿਹੀਆਂ ਧਿਰਾਂ ਵਲੋਂ ਅਪਣਾਏ ਗਏ ਇਨ੍ਹਾਂ ਕਈ ਢੰਗਾਂ ਵਿਚੋਂ ਇੱਕ ਢੰਗ ਇਹ ਹੈ ਕਿ ਗੁਰਬਾਣੀ ਦੇ ਕਿਸੇ ਸ਼ਬਦ ਦੇ ਵਿਸ਼ੇਸ਼ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ ਹੀ ਮਨ-ਇੱਛਿਤ ਫਲ ਪ੍ਰਾਪਤ ਕੀਤੇ ਜਾ ਸਕਦੇ ਹਨ। ਅਸੀਂ ਗੁਰਬਾਣੀ ਵਿਚਲੀ ਜੀਵਨ-ਜੁਗਤ ਨਾਲੋਂ ਤੋੜਣ ਵਾਲਿਆਂ ਵਲੋਂ ਅਪਣਾਏ ਗਏ ਅਜਿਹੇ ਢੰਗਾਂ ਨੂੰ ਇਹ ਸੋਚ/ਸਮਝ ਕੇ ਅਪਣਾ ਲਿਆ ਹੋਇਆ ਹੈ ਕਿ ਅਜਿਹੇ ਵਿਅਕਤੀਆਂ ਨੇ ਗੁਰਬਾਣੀ ਜਾਂ ਗੁਰ ਇਤਿਹਾਸ ਪੜ੍ਹਣ ਲਈ ਹੀ ਪ੍ਰੇਰਿਆ ਹੈ। ਕਈ ਸੱਜਣ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਅਜਿਹੇ ਪ੍ਰਾਣੀ ਬਾਣੀ ਨਾਲ ਹੀ ਤਾਂ ਮਨੁੱਖ ਨੂੰ ਜੋੜਦੇ ਹਨ! ਜੇਕਰ ਕੋਈ ਕਿਸੇ ਬਹਾਨੇ ਵੀ ਬਾਣੀ ਪੜ੍ਹਣ ਲੱਗ ਪੈਂਦਾ ਹੈ ਤਾਂ ਇਸ ਵਿੱਚ ਬੁਰਾਈ ਵੀ ਕੀ ਹੈ? ਅਸੀਂ ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਬਾਣੀ ਨੂੰ ਤਾਂ ਇਸ ਲਈ ਪੜ੍ਹਣਾ ਹੈ ਤਾਂ ਕਿ ਸਾਡੀ ਅਗਿਆਨਤਾ ਦਾ ਅੰਧੇਰਾ ਦੂਰ ਹੋ ਸਕੇ, ਵਹਿਮਾਂ-ਭਰਮਾਂ ਤੋਂ ਉਪਰ ਉੱਠ ਸਕੀਏ, ਪ੍ਰਭੂ ਦੇ ਹੁਕਮ ਨੂੰ ਸਮਝ ਕੇ ਹੁਕਮੀ ਬੰਦਾ ਬਣ ਸਕੀਏ। ਪਰ ਜੇਕਰ ਬਾਣੀ ਪੜ੍ਹ ਕੇ ਸਾਡਾ ਅਗਿਆਨਤਾ ਦਾ ਅੰਧੇਰਾ ਘਟਣ ਦੀ ਬਜਾਏ ਵੱਧਦਾ ਹੈ, ਵਹਿਮਾਂ-ਭਰਮਾਂ ਤੋਂ ਖਹਿੜਾ ਛੁਟਣ ਦੀ ਥਾਂ ਇਨ੍ਹਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ, ਅਕਾਲ ਪੁਰਖ ਦੇ ਹੁਕਮ ਨੂੰ ਸਮਝਣ ਦੀ ਬਜਾਏ ਅਸੀਂ ਇਸ ਨੂੰ ਆਪਣੀ ਸੁਖ-ਸੁਵਿਧਾ ਲਈ ਬਦਲਣ ਲਈ ਯਤਨਸ਼ੀਲ ਹੋ ਰਹੇ ਹਾਂ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਿਮਨ ਲਿਖਤ ਬਚਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ:- ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥ (ਪੰਨਾ ੭੮੯) ਅਰਥ-ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿੱਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇੱਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿੱਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ, (ਤੁੰਮੀ ਵਾਲਾ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ।
ਭਲੇ ਮਨੁੱਖ (ਤੀਰਥਾਂ ਤੇ ਨ੍ਹਾਉਣ ਤੋਂ ਬਿਨਾਂ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹਨ।
ਗੁਰੂ ਸਾਹਿਬਾਨ ਨੇ ਮਨੁੱਖ ਦੇ ਮਨ ਦੀ ਹਰੇਕ ਨੁੱਕਰ `ਚੋਂ ਅਗਿਆਨਤਾ ਦੇ ਅੰਧੇਰੇ ਨੂੰ ਗਿਆਨ ਦੁਆਰਾ ਦੂਰ ਕਰਕੇ ਇਸ ਨੂੰ ਜੀਵਨ-ਮੁਕਤ ਦਾ ਪਾਠ ਪੜ੍ਹਾਇਆ ਹੈ। ਸਿੱਖ ਦੇ ਨਿਆਰੇਪਣ ਦਾ ਆਧਾਰ ਗੁਰਬਾਣੀ ਦੀ ਜੀਵਨ-ਜੁਗਤ ਹੀ ਤਾਂ ਹੈ! ਪਰ ਜੇਕਰ ਕੋਈ ਪ੍ਰਾਣੀ ਗੁਰਬਾਣੀ ਨੂੰ ਪੜ੍ਹ ਕੇ ਇਸ ਜੀਵਨ-ਜੁਗਤ ਨਾਲੋਂ ਟੁਟ ਕੇ ਫਿਰ ਉਸ ਡੂੰਘੇ ਟੋਏ ਵਿੱਚ ਡਿੱਗ ਰਿਹਾ ਹੈ ਜਿਸ ਵਿਚੋਂ ਗੁਰਦੇਵ ਨੇ ਬਾਹਰ ਕੱਢਿਆ ਹੈ, ਤਾਂ ਉਸ ਨੂੰ ਸਨਮੁਖ ਆਖਾਂਗੇ ਜਾਂ ਮਨਮੁਖ।
ਗੁਰਬਾਣੀ ਦੀ ਜੀਵਨ-ਜੁਗਤ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਸਮਝਣ ਦੀ ਲੋੜ ਹੈ ਨਾ ਕਿ ਕਿਸੇ ਹੋਰ ਵਸੀਲੇ ਤੋਂ। ਗੁਰਬਾਣੀ ਪੜ੍ਹਣ ਸੁਨਣ ਦਾ ਮਹਾਤਮ ਬਾਣੀ ਵਿਚੋਂ ਹੀ ਦੇਖਣਾ ਹੈ ਨਾ ਕਿ ਕਿਸੇ ਤਾਂਤ੍ਰਿਕ ਵਿਧੀਆਂ ਦੇ ਮੁਦਈ ਲੇਖਕ ਵਲੋਂ ਦਰਸਾਏ ਹੋਏ ਮਹਾਤਮ `ਚੋਂ। ਜਿਸ ਤਰਾਂ ਬਾਣੀ ਦਾ ਮਹਾਤਮ ਅਜਿਹੇ ਵਿਅਕਤੀ ਦਰਸਾ ਰਹੇ ਹਨ, ਇਨ੍ਹਾਂ ਵਿੱਚ ਜੇਕਰ ਰੰਚ-ਮਾਤਰ ਵੀ ਸਚਾਈ ਹੁੰਦੀ ਤਾਂ ਮਨੁੱਖਤਾ ਦੇ ਸੱਚੇ ਹਮਦਰਦ ਸਤਿਗੁਰੂ ਮਨੁੱਖ ਨੂੰ ਇਸ ਤੋਂ ਕਦੀ ਵੀ ਵਾਝਿਆਂ ਨਾ ਰਹਿਣ ਦੇਂਦੇ। ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਦਾ ਮਹਾਤਮ ਜ਼ਰੂਰ ਲਿਖ ਜਾਂਦੇ। ਗੁਰੂ ਸਾਹਿਬ ਨੇ ਮਨੁੱਖ ਦੀ ਕਲਿਆਣ ਨਾਲ ਜੁੜਿਆ ਹੋਇਆ ਕੋਈ ਵੀ ਪੱਖ ਅਧੂਰਾ ਨਹੀਂ ਛਡਿਆ, ਜਿਸ ਨੂੰ ਪੂਰਾ ਕਰਨ ਲਈ ਕਿਸੇ ਸਿੱਖ ਨੂੰ ਗੁਰੂ ਸਾਹਿਬ ਨਾਲੋਂ ਅਗਲੇਰਾ ਕਦਮ ਪੁੱਟਣ ਦੀ ਲੋੜ ਪਵੇ।
‘ਸ਼ਰਧਾ ਪੂਰਨ ਗ੍ਰੰਥ’ ਦੇ ਅਖੌਤੀ ਲੇਖਕ ਵਲੋਂ ਜਪੁਜੀ ਦੀ ਬਾਈਵੀਂ ਪਉੜੀ ਦੇ ਲਿਖੇ ਕਥਿਤ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇੱਕ ਵਾਤ॥ ਅਰਥ:- (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)”।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਅਰਥ:- (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ”। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ ੨੨॥ ਅਰਥ:- ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। ੨੨।
ਭਾਵ:- ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ ‘ਹਜ਼ਾਰਾਂ’ ਜਾਂ ‘ਲੱਖਾਂ’ ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। ੨੨।
“ਇਸ ਪਉੜੀ ਦਾ ਪਾਠ ਇਕੀ ਦਿਨਾਂ ਵਿੱਚ ਬੁਧਵਾਰ ਤੋਂ ਲੈਕੇ ਇਕੀ ਹਜ਼ਾਰ ਕਰਨਾ, ਇਸ ਸਿੱਧ ਹੋਈ ਪਉੜੀ ਦਾ ਸੱਤਾਂ ਖੂਹਾਂ ਦੇ ਪਾਣੀ ਉਤੇ ਸਤ ਵਾਰ ਪਾਠ ਕਰਕੇ ਫੂਕ ਮਾਰਕੇ ਜਿਸ ਇਸਤ੍ਰੀ ਨੂੰ ਪਿਲਾਵੇ ਅਤੇ ਇਸ਼ਨਾਨ ਕਰਾਵੇ ਉਸ ਨੁੰ ਗਰਭ ਹੋਵੇ। ਜੇਕਰ ਪਉੜੀ ਸਿੱਧ ਕਰਨ ਸਮੇਂ ਤਲਵਾਰ ਪਾਸ ਰਖਕੇ ਉਸਨੂੰ ਜਲ ਵਿੱਚ ਫੇਰ ਕੇ ਇਕੀ ਰੋਜ਼ ਹੀ ਇਸਤ੍ਰੀ ਨੂੰ ਪਿਲਾਵੇ ਤਾਂ ਉਸ ਨੂੰ ਜੋਧਾ ਪੁੱਤਰ ਪੈਦਾ ਹੋਵੇ।
ਨੋਟ: ਹਰ ਇੱਕ ਗੁਰ ਸਿੱਖ ਨੂੰ ਆਪਣੇ ਘਰ ਜੋਧਾ ਪੁੱਤ੍ਰ ਪੈਦਾ ਕਰਨ ਵਾਸਤੇ ਇਸ ਪਉੜੀ ਨੂੰ ਸਿੱਧ ਕਰਨਾ ਚਾਹੀਦਾ ਹੈ।”

ਇਸ ਪਉੜੀ ਦੇ ਗਿਣਤੀ ਦੇ ਪਾਠ ਦਾ ਜੋ ਮਹਾਤਮ ਲੇਖਕ ਲਿਖ ਰਿਹਾ ਹੈ, ਉਸ ਦਾ ਇਸ ਪਉੜੀ ਵਿੱਚ ਕਿਧਰੇ ਵੀ ਵਰਣਨ ਨਹੀਂ ਹੈ। ਇਸ ਪਉੜੀ ਵਿੱਚ ਤਾਂ ਕੀ, ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਇਸ ਤਰ੍ਹਾਂ ਦੀ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਅਤੇ ਇਸ ਤਰ੍ਹਾਂ ਦਾ ਮਹਾਤਮ ਨਹੀਂ ਲਿਖਿਆ ਹੋਇਆ। ਇਸ ਪੁਸਤਕ ਦਾ ਲੇਖਕ ਸਾਰੀ ਪੁਸਤਕ ਵਿੱਚ ਕਿਧਰੇ ਵੀ ਇਸ ਗੱਲ ਦਾ ਵਰਣਨ ਨਹੀਂ ਕਰਦਾ ਕਿ ਉਸ ਨੂੰ ਇਸ ਬਾਰੇ ਕਿਵੇਂ ਗਿਆਨ ਹੋਇਆ ਕਿ ਇਨ੍ਹਾਂ ਪਉੜੀਆਂ ਜਾਂ ਸ਼ਬਦਾਂ ਦੇ ਗਿਣਤੀ ਦੇ ਪਾਠ ਕਰਨ ਨਾਲ ਇਹੋ ਜਿਹਾ ਫਲ ਮਿਲਦਾ ਹੈ। ਕੀ ਇਹ ਸਮਝਿਆ ਜਾਵੇ ਕਿ ਲੇਖਕ ਨੂੰ ਬਾਣੀ ਰਚਣਹਾਰਿਆਂ ਨਾਲੋਂ ਵਧੇਰੇ ਬਾਣੀ ਦੇ ਮਹਾਤਮ ਦਾ ਪਤਾ ਹੈ? ਬਾਣੀਕਾਰਾਂ ਨੇ ਮਨੁੱਖ ਨੂੰ ਬਾਣੀ ਬਾਰੇ ਇਹ ਗੱਲ ਸਮਝਾਈ ਹੈ ਕਿ, “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥ (ਪੰਨਾ ੩੩੫) ਅਰਥ: ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ (ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿੱਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ)।
ਗੁਰਬਾਣੀ ਬਾਰੇ ਮਨੁੱਖ ਨੂੰ ਇਹ ਸੋਝੀ ਪ੍ਰਦਾਨ ਕਰਕੇ ਕਿ ਫਿਰ ਪ੍ਰੇਰਿਨਾ ਕੀਤੀ ਹੈ: ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ॥ (ਪੰਨਾ ੧੦੩੮) ਅਰਥ: ਹੇ ਭਾਈ! ਸਤਿਗੁਰੂ ਦੀ ਬਾਣੀ ਵਿੱਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿੱਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿੱਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ)।
ਪੁਸਤਕ ਕਰਤਾ ਵਲੋਂ ਇਸ ਪਉੜੀ ਦੇ ਲਿਖੇ ਹੋਏ ਮਹਾਤਮ ਨਿਰਸੰਦੇਹ ਉਹ ਲੇਖਕ ਅਣਜਾਣ ਸਨ, ਜਿਨ੍ਹਾਂ ਨੇ ਗੁਰੂ ਹਰਿਗੋਬਿੰਦ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਣ ਦੀ ਕਲਪਣਾ ਕੀਤੀ ਹੈ। ਜੇਕਰ ਇਹ ਲੇਖਕ ਇਸ ਪਉੜੀ ਦੇ ਮਹਾਤਮ ਤੋਂ ਜਾਣੂੰ ਹੁੰਦੇ ਤਾਂ ਉਨ੍ਹਾਂ ਨੂੰ ਇਹ ਵਰ ਵਾਲੀ ਸਾਖੀ ਘੜਨ ਦੀ ਲੋੜ ਨਹੀਂ ਸੀ। ਪਰ ਚੂੰਕਿ ਇਹ ਪੁਸਤਕ ਬਹੁਤ ਬਾਅਦ ਵਿੱਚ ਲਿਖੀ ਗਈ ਹੈ, ਇਸ ਲਈ ਲੇਖਕਾਂ ਨੂੰ ਅਜਿਹੀ ਸਾਖੀ ਘੜਣ ਦੀ ਲੋੜ ਪੈ ਗਈ। ਇਸ ਤੋਂ ਇੱਕ ਗੱਲ ਹੋਰ ਵੀ ਸਪਸ਼ਟ ਹੁੰਦੀ ਹੈ ਕਿ ਗੁਰੂ ਕਾਲ ਤੋਂ ਢੇਰ ਚਿਰ ਬਾਅਦ ਤੱਕ ਵੀ ਗੁਰਬਾਣੀ ਦੇ ਇਸ ਤਰ੍ਹਾਂ ਦੇ ਮਹਾਤਮ ਦਾ ਭਰਮ ਪੈਦਾ ਨਹੀਂ ਸੀ ਹੋਇਆ। ਬਾਣੀ ਬਾਰੇ ਜੇਕਰ ਇਸ ਤਰ੍ਹਾਂ ਦੀ ਧਾਰਨਾ ਪ੍ਰਚਲਤ ਹੋਈ ਹੁੰਦੀ ਤਾਂ ਜ਼ਰੂਰ ਇਤਿਹਾਸ ਵਿਚੋਂ ਇਸ ਦੀ ਇਸ ਤਰ੍ਹਾ ਦੀ ਝਲਕ ਦੇਖਣ ਨੂੰ ਮਿਲਦੀ। ਇਤਿਹਾਸ ਵਿੱਚ ਇਹ ਤਾਂ ਲਿਖਿਆ ਮਿਲਦਾ ਹੈ ਕਿ ਕਿਸੇ ਲੇਖਕ ਨੇ ਕਿਸੇ ਬਾਣੀ ਜਾਂ ਸਥਾਨ ਬਾਰੇ ਇਹੋ ਜਿਹੀ ਕਲਪਣਾ ਕੀਤੀ ਹੋਈ ਹੈ, ਪਰ ਭਿੰਨ ਭਿੰਨ ਸ਼ਬਦਾਂ ਦੇ ਇਸ ਤਰ੍ਹਾਂ ਦੇ ਮਹਾਤਮ ਦੀ ਨਹੀਂ, ਜਿਸ ਤਰ੍ਹਾਂ ਦੀ ਕਲਪਣਾ ਇਸ ਪੁਸਤਕ ਦਾ ਲੇਖਕ ਕਰ ਰਿਹਾ ਹੈ।
ਸਾਡੀ ਅਣਗਹਿਲੀ ਦਾ ਹੀ ਇਹ ਸਿੱਟਾ ਹੈ ਕਿ ਸੰਗਤਾਂ ਨੂੰ ਗੁਰਬਾਣੀ ਵਿਚਲੀ ਜੀਵਨ-ਜੁਗਤ ਨਾਲੋਂ ਤੋੜਨ ਲਈ ਯਤਨਸ਼ੀਲ ਤਾਕਤਾਂ ਵਲੋਂ ਧੜਾ-ਧੜ ਅਜਿਹੀਆਂ ਪੁਸਤਕਾਂ ਛਾਪੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਲੇਖਕ ਗੁਰੂ ਸਾਹਿਬਾਨ ਜਾਂ ਗੁਰੂ ਜੀ ਦੇ ਨਿਕਟਵਰਟਤੀ ਸਿੱਖਾਂ ਨੂੰ ਦਰਸਾਇਆ ਗਿਆ ਹੈ। ਮਨਮਤਿ ਨਾਲ ਭਰਪੂਰ ਇਨ੍ਹਾਂ ਪੁਸਤਕਾਂ ਨੂੰ ਗੁਰੂ ਸਾਹਿਬਾਨ ਜਾਂ ਗੁਰਸਿੱਖਾਂ ਦੀਆਂ ਲਿਖਤਾਂ ਆਖ ਕੇ ਪ੍ਰਚਾਰਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕਈ ਪੁਸਤਕਾਂ ਤਾਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਇੱਕ ਵੀ ਪ੍ਰਸੰਗ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ।। ਕੁੱਝ ਅਜਿਹੀਆਂ ਹਨ, ਜਿਨ੍ਹਾਂ ਵਿੱਚ ਕੁੱਝ ਕੁ ਪ੍ਰਸੰਗ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਹਨ ਪਰ ਜ਼ਿਆਦਾਤਰ ਮਨਮਤਿ ਨਾਲ ਭਰਪੂਰ ਹਨ। ਇਹੋ ਜਿਹੀਆਂ ਪੁਸਤਕਾਂ ਵਿਚਲੀਆਂ ਕਲਪਿਤ ਕਹਾਣੀਆਂ ਨੂੰ ਸੱਚੀਆਂ ਮੰਨ ਕੇ ਅਸੀਂ ਇਹ ਸਾਬਤ ਕਰ ਰਹੇ ਹੁੰਦੇ ਹਾਂ ਕਿ ਗੁਰੂ ਸਾਹਿਬਾਨ ਦੀ ਕਰਣੀ ਅਤੇ ਕਥਨੀ ਵਿੱਚ ਇਕਸਾਰਤਾ ਨਹੀਂ ਸੀ। ਸਾਨੂੰ ਗੁਰਦੇਵ ਨੇ ਗੁਰਬਾਣੀ ਦੇ ਲੜ੍ਹ ਆਪ ਲਾਇਆ ਹੈ। ਇਸ ਬਾਣੀ ਦੁਆਰਾ ਹੀ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਵਾ ਕੇ ਜੀਵਨ-ਮੁਕਤ ਕੀਤਾ ਹੈ। ਅੱਜ ਵੀ ਇਸ ਬਾਣੀ ਵਿਚਲੀ ਵਿਚਾਰਧਾਰਾ ਨੂੰ ਹੀ ਅਪਣਾ ਕੇ ਅਸੀਂ ਜੀਵਨ-ਮੁਕਤ ਹੋ ਸਕਦੇ ਹਾਂ। ਇਸ ਲਈ ਗੁਰਬਾਣੀ ਵਿਚਲੀ ਜੀਵਨ-ਜਾਚ ਹੀ ਸਿੱਖ ਨੇ ਅਪਣਾਉਣੀ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਕੁੱਝ ਹੋਰ ਕਿਹਾ ਹੋਵੇ ਅਤੇ ਸਿੱਖਾਂ ਨੂੰ ਕੁੱਝ ਹੋਰ ਆਖਿਆ ਹੋਵੇ। ਗੁਰਬਾਣੀ ਦੇ ਆਸ਼ੇ ਨਾਲੋਂ ਉਲਟ ਗੱਲਾਂ ਨੂੰ ਗੁਰੂ ਸਾਹਿਬਾਨ ਦੇ ਮੁੱਖੋਂ ਨਿਕਲੇ ਹੋਏ ਬੋਲ ਕਿਵੇਂ ਮੰਨਿਆ ਜਾ ਸਕਦਾ ਹੈ? ਗੁਰਬਾਣੀ ਦੇ ਆਸ਼ੇ ਨਾਲੋਂ ਉਲਟ ਗੱਲਾਂ ਨੂੰ ਸੱਚੀਆਂ ਮੰਨ ਕੇ, ਕੀ ਅਸੀਂ ਇਹ ਸਿੱਧ ਕਰਨਾ ਚਾਹੁੰਦੇ ਹਾਂ ਕਿ ਗੁਰੂ ਸਾਹਿਬਾਨ ਦੀ ਕਰਣੀ ਅਤੇ ਕਥਨੀ ਵਿੱਚ ਅੰਤਰ ਸੀ?
ਲੇਖਕ ਹਰੇਕ ਪ੍ਰਾਣੀ ਨੂੰ ਇਹ ਨੇਕ ਸਾਲਾਹ ਦੇ ਰਿਹਾ ਹੈ ਕਿ ਜੋਧਾ ਪੁੱਤਰ ਪੈਦਾ ਕਰਨ ਲਈ ਇਸ ਪਉੜੀ ਨੂੰ ਸਿੱਧ ਕੀਤਾ ਜਾਵੇ। ਪਰ ਕਰਤੇ ਨੇ ਸੰਤਾਨ ਉਤਪੱਤੀ ਦਾ ਆਧਾਰ ਮਾਤਾ-ਪਿਤਾ ਦੇ ਸਰੀਰਕ ਸੰਜੋਗ ਨੂੰ ਬਣਾਇਆ ਹੈ। ਕੁਦਰਤ ਦੀ ਇਸ ਪ੍ਰਕ੍ਰਿਰਿਆ ਨੂੰ ਤਾਂਤ੍ਰਿਕ ਵਿਧੀਆਂ ਨਾਲ ਬਦਲਿਆ ਨਹੀਂ ਜਾ ਸਕਦਾ ਹੈ। ਬੱਚੇ ਦੀ ਸੁਡੌਲ ਸਰੀਰਕ ਬਣਤਰ ਲਈ ਜਿੱਥੇ ਕੁੱਝ ਹੋਰ ਗੱਲਾਂ ਦਾ ਹੋਣਾ ਜ਼ਰੂਰੀ ਹੈ ਉੱਥੇ ਨਾਲ ਹੀ ਮਾਤਾ-ਪਿਤਾ ਦਾ ਸਿਹਤਮੰਦ ਹੋਣਾ ਵੀ ਲਾਜ਼ਮੀ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਪਤੀ ਪਤਨੀ ਦੋਹਾਂ ਨੂੰ ਹੀ ਗੁਰਬਾਣੀ ਦਾ ਵੱਧ ਤੋਂ ਅਭਿਆਸ ਕਰਨਾ ਚਾਹੀਦਾ ਹੈ। ਬਾਣੀ ਦਾ ਅਭਿਆਸ ਮਨੁੱਖ ਨੂੰ ਹੀ ਆਤਮਕ ਤੌਰ `ਤੇ ਬਲਵਾਨ ਨਹੀਂ ਬਣਾਉਂਦਾ ਸਗੋਂ ਸੰਤਾਨ ਨੂੰ ਵੀ ਸਿਹਤਮੰਦ ਬਣਾਉਣ ਵਿੱਚ ਸਹਾਈ ਹੁੰਦਾ ਹੈ। ਪਰ ਤਾਂਤ੍ਰਿਕ ਵਿਧੀਆਂ ਨਾਲ ਇਸ ਤਰ੍ਹਾਂ ਦੀ ਕਾਮਨਾ ਕਰਨਾ ਗੁਰਮਤਿ ਦੇ ਜੀਵਨ ਦਾ ਅੰਗ ਨਹੀਂ ਹੈ।
ਜਸਬੀਰ ਸਿੰਘ ਵੈਨਕੂਵਰ




.