.

ਸੁਤੜੇ ਅਸੰਖ ਮਾਇਅ ਝੂਠੀ ਕਾਰਣੇ

ਮਨੁੱਖ ਦੀ ਨੀਂਦ ਤੇ ਉਸ ਵਿਚੋਂ ਜਾਗਣਾ ਦੋ ਤਰਾਂ ਦਾ ਹੈ। ਇਕ ਸਰੀਰਕ ਨੀਂਦ ਹੈ ਜੋ ਕੁੱਝ ਕੁ ਘੰਟਿਆਂ ਦੀ ਹੁੰਦੀ ਹੈ ਪਰ ਸਰੀਰ ਦੀ ਤੰਦਰੁਸਤੀ ਲਈ ਬੜੀ ਲਾਭਦਾਇਕ ਹੈ। ਦੂਜੀ (ਅਗਿਆਨਤਾ ਕਾਰਨ) ਮਾਨਸਿਕ ਨੀਂਦ ਹੈ (ਜੋ ਸੁਖੀ, ਸ਼ਾਂਤ ਤੇ ਅਨੰਦਤ ਜੀਵਨ ਲਈ ਬੜੀ ਹਾਨੀਕਾਰਕ ਹੈ) ਜਿਸ ਵਿਚੋਂ ਸਾਰੀ ਜ਼ਿੰਦਗੀ ਨਹੀ ਜਾਗਿਆ ਜਾਂਦਾ। ਸਰੀਰਕ ਨੀਂਦ ਥੋੜੇ ਸਮੇ ਦੀ ਹੋਣ ਕਰਕੇ ਉਸ ਵਿੱਚ ਸੁਫਨੇ ਵੀ ਛੋਟੇ ਹੀ ਹੁੰਦੇ ਹਨ ਪਰ ਮਾਨਸਿਕ ਨੀਂਦ ਲੰਮੀ ਹੋਣ ਕਾਰਨ ਉਸਦੇ ਸੁਫਨੇ (ਆਸਾ, ਕਾਮਨਾ, ਇੱਛਾ) ਵੀ ਸਾਰਾ ਜੀਵਨ ਚਲਦੇ ਰਹਿੰਦੇ ਹਨ। ਮਨੁੱਖ ਸੁਫਨੇ ਲੈਂਦਾ (ਆਸਾਂ ਕਰਦਾ) ਮੁਕ ਜਾਂਦਾ ਹੈ ਪਰ ਸੁਫਨੇ ਨਹੀ ਮੁਕਦੇ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਮਨੁਖ ਦੀ ਸਰੀਰਕ ਨੀਂਦ ਦੀ ਇਤਨੀ ਚਿੰਤਾ ਨਹੀ ਕਿਉਂਕਿ ਉਸ ਤੋਂ ਤਾਂ ਅਕਸਰ ਜਾਗ ਆ ਹੀ ਜਾਣੀ ਹੈ ਪਰ ਮਾਨਸਿਕ ਨੀਂਦ ਦੀ ਚਿੰਤਾ ਹੈ ਜਿਸ ਤੋਂ ਸਾਰੀ ਜ਼ਿੰਦਗੀ ਜਾਗਿਆ ਨਹੀ ਜਾਂਦਾ ਤੇ ਸਾਰਾ ਜੀਵਨ ਮੋਹ ਮਾਇਆ ਦੀ ਨੀਂਦ ਵਿੱਚ ਦੁਖਦਾਇਕ ਤੇ ਨਿਰਾਰਥਕ ਚਲਾ ਜਾਂਦਾ ਹੈ। ਗੁਰਬਾਣੀ ਤਾਂ ਬਹੁਤ ਹਲੂਣੇ ਦੇ ਕੇ ਜਗਾਉਂਦੀ ਹੈ: ਜਾਗਤੁ ਸੋਇਆ ਜਨਮੁ ਗਵਾਇਆ॥ ਮਾਲੁ ਧਨੁ ਜੋਰਿਆ ਭਇਆ ਪਰਾਇਆ॥ ਕਹੁ ਕਬੀਰ ਤੇਈ ਨਰ ਭੂਲੇ॥ ਖਸਮੁ ਬਿਸਾਰਿ ਮਾਟੀ ਸੰਗਿ ਰੂਲੇ॥ (792)। ਭਾਵ: ਜੋ ਮਨੁੱਖ ਜਾਗਦਾ ਹੀ (ਮਾਇਆ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ ਉਹ ਜੀਵਨ ਅਜਾਈਂ ਗਵਾ ਲੈਂਦਾ ਹੈ (ਕਿਉਂਕਿ) ਉਸਦਾ ਸਾਰਾ (ਦੁਨਿਆਵੀ) ਮਾਲ ਧਨ ਇਕੱਠਾ ਕੀਤਾ ਹੋਇਆ ਆਖਰ ਬਿਗਾਨਾ ਹੋ ਜਾਂਦਾ ਹੈ। ਹੇ ਕਬੀਰ, ਆਖ! ਉਹ ਮਨੁੱਖ, ਜਿਨ੍ਹਾ ਨੇ ਪਰਮਾਤਮਾ ਪਤੀ ਨੂੰ ਵਿਸਾਰਿਆ ਹੈ, ਖੁੰਝ ਕੇ ਮਿੱਟੀ ਵਿੱਚ ਹੀ ਰੁਲ ਗਏ ਹਨ। ਮੋਹ ਮਾਇਆ ਦੀ ਨੀਂਦ ਵਿੱਚ ਦੁਨਿਆਵੀ ਪਦਾਰਥਾਂ ਦੇ ਲਏ ਸੁਫਨੇ ਸਭ ਅਧੂਰੇ ਹੀ ਨਹੀ ਬਲਿਕੇ ਨਿਰਾਰਥਕ ਹੋ ਜਾਂਦੇ ਹਨ।

ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥ (793)। ਭਾਵ: ਹੇ ਅਨਜਾਣ! ਹੋਸ਼ ਕਰ, ਜਾਗ, ਤੂੰ ਕਿਉ (ਅਗਿਆਨਤਾ ਵਿੱਚ ਮੋਹ ਮਾਇਆ ਦੀ ਨੀਂਦ) ਸੌਂ ਰਿਹਾ ਹੈਂ? ਤੂੰ ਜਗਤ ਵਿੱਚ ਜਿਉਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ। ਇਸ ਜਗਤ ਤਮਾਸ਼ੇ (ਸੁਫਨੇ) ਦੀ ਖੇਡ ਨੂੰ ਸੱਚ ਮੰਨ ਬੈਠਾ ਹੈਂ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ॥ (1425)। ਅਨੇਕਾਂ ਇਸ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਹਨ ਤੇ ਇਸ ਗਫਲਤ ਦੀ ਨੀਂਦ ਵਿਚੋਂ ਜਾਗਣਾ ਕਿਸੇ ਵਿਰਲੇ ਦੇ ਹਿੱਸੇ ਹੀ ਆਇਆ ਹੈ। ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥ (844)। ਭਾਵ: ਹੇ ਸੋਹਣੇ ਨੇਤ੍ਰਾਂ ਵਾਲੀ ਜੀਵ ਇਸਤ੍ਰੀਏ (ਮੋਹ ਮਾਇਆ ਤੋਂ) ਸਾਵਧਾਨ ਰਹੁ, ਤੈਨੂੰ ਗੁਰੂ ਦੀ ਬਾਣੀ ਜਗਾ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਮਨੁੱਖ ਸਰੀਰਕ ਤੌਰ ਤੇ ਜਾਗਦਾ ਹੋਇਆ ਵੀ ਮਾਨਸਿਕ ਤੌਰ ਤੇ (ਮੋਹ ਮਾਇਆ ਦੀ ਨੀਂਦ ਵਿਚ) ਸੁੱਤਾ ਪਿਆ ਹੈ। ਪਰ ਮਨੁੱਖ ਵਿਚਾਰਾ ਵੀ ਕੀ ਕਰੇ? ਮੋਹ ਮਾਇਆ ਦੀ ਮਿੱਠੀ ਨੀਂਦ ਦੇ ਸੁਫਨੇ (ਲੋਚਾਂ, ਆਸਾਂ, ਕਾਮਨਾਵਾਂ) ਹੀ ਅੇੇਸੇ ਸੁੰਦਰ ਤੇ ਮਨ ਮੋਹਣੇ ਹਨ ਕਿ ਕੌਣ ਜਾਗਣ ਦੀ ਪ੍ਰਵਾਹ ਕਰਦਾ ਹੈ। ਉਤੋਂ ਅਖੌਤੀ ਸੰਤਾਂ ਦੀਆਂ ਧਨ, ਪੁਤ, ਸੁੱਖ ਤੇ ਕਾਰਜ ਰਾਸ ਕਰਨ ਦੀਆਂ ਲੋਰੀਆਂ ਤਾਂ ਨੀਂਦ ਹੋਰ ਗੂੜ੍ਹੀ ਕਰ ਦਿੰਦੀਆਂ ਹਨ। ਕਦੇ ਕਦੇ ਦੁਨਿਆਵੀ ਰੌਲੇ ਰੱਪੇ ਵਿਚੋਂ ਗੁਰੂ ਦੀ ਆਵਾਜ਼ ਕੰਨੀ ਪੈਂਦੀ ਹੈ: ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ 726 ਭਾਵ: ਹੇ ਮਨ ਹੋਸ਼ ਕਰ, ਹੋਸ਼ ਕਰ, ਜਾਗ, ਜਾਗ, ਤੂੰ ਕਿਉ (ਮਾਇਆ ਦੇ ਮੋਹ ਵਿਚ) ਬੇ ਪ੍ਰਵਾਹ ਹੋ ਕੇ ਸੁੱਤਾ ਹੈਂ। ਵੇਖ, ਜਿਹੜਾ ਸਰੀਰ ਮਨੁੱਖ ਦੇ ਨਾਲ ਹੀ ਪੈਦਾ ਹੁੰਦਾ ਹੈ ਇਹ ਭੀ ਆਖਰ ਨਾਲ ਨਹੀ ਜਾਂਦਾ। ਪਰ, ਸਭ ਮਦ ਮਾਤੇ ਕੋਊ ਨ ਜਾਗ॥ (1193) ਸਭ ਮੋਹ ਮਾਇਆ (ਦੀ ਗੂੜ੍ਹੀ ਨੀਂਦ) ਵਿੱਚ ਮੱਤੇ ਪਏ ਹਨ, ਕੋਈ ਜਾਗਦਾ ਨਹੀ ਦਿਸਦਾ। ਦੁਨੀਆਂ ਵਿੱਚ ਅਨੇਕਾਂ ਮੰਦਰ, ਮਸਜਿਦ, ਚਰਚ ਤੇ ਗੁਰਦੁਆਰੇ ਮਨੁੱਖ ਨੂੰ ਗਿਆਨ ਦੁਆਰਾ, ਜਗਾਉਣ ਦੇ ਲਈ ਹੀ ਸਨ ਪਰ ਜਦੋਂ ਜਗਾਉਣ ਵਾਲੇ ਚੌਂਕੀਦਾਰ ਆਪ ਹੀ ਸੌਂ ਜਾਣ ਤਾਂ ਫਿਰ ਜਗਾਵੇ ਕੌਣ? ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖਿਲਾਇ॥ (18) ਜਗਤ ਮਾਨੋ ਇੱਕ ਸੁਪਨੇ ਦੀ ਖੇਡ ਹੀ ਹੈ ਜਿਸ ਵਿੱਚ ਇਹ ਜੀਵ ਆਪਣੇ ਜੀਵਨ ਦੀ ਖੇਡ ਖੇਲਕੇ ਚਲਾ ਜਾਂਦਾ ਹੈ ਪਰ ਗੁਰੂ ਦੀ ਕ੍ਰਿਪਾ ਨਾਲ ਜਦੋਂ ਕੋਈ ਟਾਂਵਾਂ ਟਾਂਵਾਂ ਜਾਗ ਪਵੇ (ਗੁਰ ਪ੍ਰਸਾਦਿ ਕੋ ਵਿਰਲਾ ਜਾਗੇ॥ 375) ਤਾਂ ਉਹ ਦੂਸਰਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਨੀਂਦ ਖਰਾਬ ਹੋਣ ਕਾਰਨ, ਜਗਤ ਵੈਰੀ ਬਣ ਜਾਂਦਾ ਹੈ, ਉਸਨੂੰ ਕੁਰਾਹੀਆ ਕਹਿੰਦਾ ਹੈ, ਸੂਲੀ ਤੇ ਝੜਾ ਦਿੰਦਾ ਹੈ, ਤੱਤੀਆਂ ਤਵੀਆਂ ਤੇ ਬਿਠਾ ਦਿੰਦਾ ਹੈ, ਜ਼ਹਿਰ ਪਿਆਲੇ ਪਿਲਾ ਦਿੰਦਾ ਹੈ, ਪੁਠੀਆਂ ਖੱਲਾਂ ਲੁਹਾ ਦਿੰਦਾ ਹੈ ਤੇ ਕਤਲ ਵੀ ਕਰ ਦਿੰਦਾ ਹੈ। ਮੌਜੂਦਾ ਹਾਲਾਤ ਵੀ ਇਹੀ ਹਨ ਕਿ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਧਰਮ ਦੇ ਆਗੂ ਇਸ ਨੀਂਦ ਤੋਂ ਜਗਾਉਣ ਵਾਲਿਆਂ ਨੂੰ ਧਰਮ ਚੋਂ ਛੇਕੀ ਜਾਂਦੇ ਹਨ, ਉਹਨਾ ਤੇ ਜਾਨ ਲੇਵਾ ਹਮਲੇ ਕਰਵਾ ਦਿੰਦੇ ਹਨ, ਉਹਨਾ ਨੂੰ ਗੁਰਦੁਆਰਿਆਂ ਵਿਚੋਂ ਨਿਕਾਲਾ ਦੇਈ ਜਾਂਦੇ ਹਨ। ਸ਼ਾਇਦ ਇਸੇ ਕਰਕੇ ਹੀ ਗੁਰੂ ਨੇ ਮਨੁੱਖ ਨੂੰ ਜਗਾਉਣ ਲਈ ਇੰਟਰਨੈਟ ਦੀ ਕਾਢ ਕੱਢੀ ਹੈ। ਚੰਗਾ ਹੋਵੇ ਜੇ ਇਸ ਦੀ ਵਰਤੋਂ ਕਰਕੇ ਗੁਰੂ ਦੀ ਬਾਣੀ (ਗਿਆਨ) ਦਾ ਧੂਤਰੂ ਵਜਾ ਕੇ ਇਸ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਸਤਿਗੁਰੂ ਜੀ ਗਿਆਨ ਦੁਆਰਾ ਜਗਾਉਂਦੇ ਹਨ: ਜਿਉ ਸੁਪਨਾ ਅਰੁ ਪੇਖਨਾ ਅੇਸੇ ਜਗ ਕਉ ਜਾਨਿ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ॥ (1427)। ਭਾਵ: ਹੇ ਨਾਨਕ, ਜਿਵੇਂ ਸੁੱਤਾ ਪਿਆ ਜੀਵ ਸੁਫਨੇ ਵਿੱਚ ਅਨੇਕਾਂ ਪਦਾਰਥ ਵੇਖਦਾ ਹੈ ਤਿਵੇਂ ਇਸ ਜਗਤ ਨੂੰ ਵੀ ਇੱਕ ਸੁਫਨਾ ਹੀ ਸਮਝ। ਪਰਮਾਤਮਾ ਦੇ ਨਾਮ (ਹੁਕਮ) ਤੋਂ ਬਿਨਾ, ਜਗਤ ਵਿਚੋਂ ਕਿਸੇ ਵੀ ਦਿਸਦੇ ਪਦਾਰਥ ਨੇ ਸਦਾ ਸਾਥ ਨਹੀ ਨਿਭਣਾ। ਜਗਤ ਵਿੱਚ ਅਨੇਕਾਂ ਵਡੇਰੀ ਉਮਰ ਦੇ ਮਨੁੱਖ ਐਸੇ ਹਨ, ਜਿਨ੍ਹਾ ਕੋਲ ਇਤਨਾ ਧਨ ਹੈ ਕਿ ਉਹਨਾ ਦੀਆਂ ਦੋ ਤਿੰਨ ਪੁਸ਼ਤਾਂ ਨੂੰ ਵੀ ਕੋਈ ਕੰਮ ਕਰਨ ਦੀ ਜ਼ਰੂਰਤ ਨਹੀ ਪਰ ਉਹ ਅਜੇ ਵੀ ਹੋਰ ਇਕੱਠਾ ਕਰੀ ਜਾ ਰਹੇ ਹਨ ਕਿਉਕਿ ਤ੍ਰਿਸ਼ਨਾ ਰੁਕਣ ਨਹੀ ਦਿੰਦੀ। ਸੁੱਤਾ ਮਨੁੱਖ ਹੀ ਐਸਾ ਕਰ ਸਕਦਾ ਹੈ ਪਰ ਦੁਨੀਆਂ ਦੀ ਨਜ਼ਰ ਵਿੱਚ ਉਹ ਜਾਗਦਾ ਤੇ ਸੁਚੇਤ ਹੀ ਗਿਣਿਆ ਜਾਂਦਾ ਹੈ: ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ (229)। ਭਾਵ: ਮੋਹ ਮਾਇਆ ਦੀ ਨੀਂਦ ਵਿੱਚ ਸੁਤੇ ਨੂੰ ਜਗਤ ਜਾਗਦਾ ਤੇ ਸੁਚੇਤ ਆਖਦਾ ਹੈ ਪਰ ਜਿਹੜਾ ਮਨੁੱਖ ਗਿਆਨ ਦੁਆਰਾ ਪਰਮਾਤਮਾ ਦੀ ਯਾਦ ਵਿੱਚ ਜਾਗਦਾ ਹੈ, ਉਸਨੂੰ ਸੁੱਤਾ ਗਿਣਿਆ ਜਾਂਦਾ ਹੈ। ਮਨੁੱਖ ਧਰਮ ਅਸਥਾਨਾਂ ਤੇ ਵੀ ਜਾਂਦਾ ਹੈ ਤੇ ਇਸ ਦੇ ਕਰਮ ਕਾਂਡਾਂ ਤੇ ਰੀਤਾਂ ਰਸਮਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਸਭ ਕੁਛ ਨੀਂਦ ਵਿੱਚ ਹੀ ਕਰ ਰਿਹਾ ਹੋਵੇ ਕਿਉਂਕਿ ੳਹਦਾ ਹਰ ਕਰਮ ਗੁਰਮਤਿ ਦੇ ਉਲਟ ਹੀ ਹੁੰਦਾ ਹੈ। ਇਹ ਤਕਰੀਬਨ ਸਾਰੇ ਧਰਮਾ ਵਿੱਚ ਹੋ ਰਿਹਾ ਹੈ ਪਰ ਸਿੱਖ ਧਰਮ ਵਿੱਚ ਕੁੱਝ ਬਹੁਤਾ ਹੀ ਹੈ। ਸਿੱਖ ਧਰਮ ਦੇ ਆਗੂ ਤਾਂ ਆਪ ਹੀ ਭਰਮਾਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਅਖੌਤੀ ਦਸਮ ਗ੍ਰੰਥ ਨੂੰ ਮੱਥੇ ਟੇਕਣਾ ਵੇਖ ਕੇ ਕੌਣ ਕਹਿ ਸਕਦਾ ਹੈ ਕਿ ਇਹ ਜਾਗਦੇ ਹਨ? ਕੇਵਲ ਸੁੱਤਾ ਮਨੁਖ ਹੀ ਗੁਰਮਤਿ ਵਿਰੁੱਧ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਮਹੱਦਤਾ ਦੇ ਸਕਦਾ ਹੈ। ਜਿਨਾ ਸ਼ਬਦਾਂ ਦੁਆਰਾ ਆਰਤੀ ਦੀ ਰਸਮ ਨੂੰ ਖੰਡਨ ਕੀਤਾ ਹੈ ਉਹੀ ਸ਼ਬਦਾਂ ਦੁਆਰਾ ਕੀਤੀ ਜਾਂਦੀ ਆਰਤੀ ਨੂੰ ਵੇਖ ਕੇ ਕਉਣ ਕਹਿ ਸਕਦਾ ਹੈ ਕਿ ਉਹ ਜਾਗਦੇ ਹਨ? ਜੋ ਗੁਰਬਾਣੀ, ਬਿਨਾ ਵਿਚਾਰ ਮੰਤਰ ਵਾਂਗ ਨਿਰਾ ਪੜ੍ਹਨ ਦੀ ਨਿਖੇਦੀ ਕਰਦੀ ਹੈ ਉਸੇ ਗੁਰਬਾਣੀ ਦੇ ਕਰਾਏ ਜਾ ਰਹੇ ਅਖੰਡ ਪਾਠਾਂ ਨੂੰ ਵੇਖ ਕੇ ਕਉਣ ਕਹਿ ਸਕਦਾ ਹੈ ਕਿ ਉਹ ਜਾਗਦੇ ਹਨ? ਮੌਜੂਦਾ ਪ੍ਰਚਲਤ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਗੁਰਬਾਣੀ ਵਿੱਚ ਪ੍ਰਵਾਨਗੀ ਨਹੀ ਕਿਉਂਕਿ :

ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸਨਬੰਧੁ॥ ਮਮਤਾ ਮੋਹ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ॥ ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ॥ (551)। ਭਾਵ: ਕਰਮ ਧਰਮ (ਕਰਮ ਕਾਂਡ) ਸਾਰੇ ਬੰਧਨ ਹੀ ਹਨ ਤੇ ਚੰਗੇ ਮੰਦੇ ਕੰਮ ਵੀ ਸੰਸਾਰ ਨਾਲ ਜੁੜਨ ਦਾ ਵਸੀਲਾ ਹੀ ਹਨ। ਪੁੰਨ ਪਾਪ ਜਾਂ ਕਰਮ ਕਾਂਡਾਂ ਨਾਲ ਜਨਮ ਮਰਨ ਤੋਂ ਮੁਕਤ ਨਹੀ ਹੋਇਆ ਜਾ ਸਕਦਾ। ਮਮਤਾ ਤੇ ਮੋਹ ਵੀ ਬੰਧਨ ਹਨ, ਪੁਤ੍ਰ ਤੇ ਇਸਤ੍ਰੀ ਦਾ ਪਿਆਰ ਵੀ ਕਸ਼ਟ ਦਾ ਕਾਰਨ ਹੈ। ਜਿੱਧਰ ਵੀ ਵੇਖਦਾ ਹਾਂ ਉਧਰ ਮੋਹ ਮਾਇਆ ਦੀ ਫਾਹੀ ਹੀ ਹੈ। ਹੇ ਨਾਨਕ, ਸਚੇ ਨਾਮ (ਹੁਕਮ) ਤੋਂ ਬਿਨਾ ਅੰਨ੍ਹਾ ਮਨੁੱਖ ਮਾਇਆ ਦੀ ਵਰਤੋਂ ਹੀ ਵਰਤਦਾ ਹੈ। ਅਜ ਵੇਖਿਆ ਜਾ ਸਕਦਾ ਹੈ ਕਿ ਬਹੁਤਾਤ ਵਿੱਚ ਗੁਰਦੁਆਰੇ ਕਰਮ ਧਰਮ ਤੇ ਰੀਤਾਂ ਰਸਮਾ ਵਿੱਚ ਹੀ ਉਲਝੇ ਪਏ ਹਨ ਤੇ ਇਹ ਮੋਹ ਮਾਇਆ ਦੀ ਨੀਂਦ ਦਾ ਪ੍ਰਤੱਖ ਪ੍ਰਮਾਣ ਹੈ। ਗੁਰਦੁਆਰੇ (ਧਨ ਦੀ ਖਾਤਰ) ਵਾਪਾਰ ਦੇ ਅੱਡੇ ਬਣਦੇ ਜਾ ਰਹੇ ਹਨ। ਗੁਰਬਾਣੀ ਮਾਨਸਿਕ ਤੌਰ ਤੇ ਸੁੱਤੇ ਪਏ ਮਨੁੱਖ ਦੀ ਫਿਤਰਤ ਬਿਆਨ ਕਰਦੀ ਹੈ: ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ (229)। ਭਾਵ: ਮੋਹ ਮਾਇਆ ਵਿੱਚ ਅੰਨ੍ਹਾ ਹੋਇਆ ਮਨੁੱਖ, ਉਸ ਧਨ ਨੂੰ, ਜੋ ਪਰਮਾਤਮਾ ਦੀ ਦਰਗਾਹ ਵਿੱਚ ਮੁਲ ਨਹੀ ਪਾਂਦਾ, ਅਸਲ ਧਨ ਆਖਦਾ ਹੈ ਪਰ ਅਸਲ ਨਾਮ ਧਨ (ਗੁਰਬਾਣੀ) ਦੀ ਕੋਈ ਕਦਰ ਹੀ ਨਹੀ ਜਾਣਦਾ। ਗੁਰਬਾਣੀ ਦੀ ਸਿਖਿਆ ਦਾ ਗੁਰਦੁਆਰਿਆਂ ਵਿਚੋਂ ਅਲੋਪ ਹੋ ਜਾਣਾ ਹੀ ਇਸਦਾ ਪ੍ਰਤੱਖ ਪ੍ਰਮਾਣ ਹੈ। ਮੋਹ ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ (ਤੇ ਸਮਝਦਾਰ) ਆਖਿਆ ਜਾ ਰਿਹਾ ਹੈ। ਅਖੌਤੀ ਸਾਧ ਸੰਤਾਂ ਦੀ ਭ੍ਰਮਾਰ ਹੋ ਜਾਣੀ ਅਮਨ੍ਹੇਪਣ ਦਾ ਜਿਉਂਦਾ ਜਾਗਦਾ ਸਬੂਤ ਹੈ, ਤੇ ਇਹ ਹੀ ਅਸਚਰਜ ਚਾਲ ਹੈ ਦੁਨੀਆਂ ਵਾਲਿਆਂ ਦੀ। ਇਹੋ ਜਿਹੀ ਹਾਲਤ ਵਿੱਚ ਮਨੁੱਖ ਨੂੰ ਜਾਗਦਾ ਕਿਵੇਂ ਆਖਿਆ ਜਾ ਸਕਦਾ ਹੈ? ਜਿਨ੍ਹਾ ਨੂੰ ਧਰਮ ਦਾ ਕੋਈ ਗਿਆਨ ਹੀ ਨਹੀ ਉਹੀ ਧਰਮ ਆਗੂ ਬਣੇ ਬੈਠੇ ਹਨ। ਗੁਰਬਾਣੀ ਫੁਰਮਾਨ ਹੈ: ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ (767)। ਭਾਵ: ਜੇ ਧਰਮ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮੋਹ ਮਾਇਆ ਵਿੱਚ ਅੰਨ੍ਹਾ ਹੋਇਆ ਪਿਆ ਹੈ (ਸੁੱਤਾ ਹੋਇਆ ਹੈ), ਹੋਛੀ ਅਕਲ ਦੇ ਕਾਰਨ ਵਿਕਾਰਾਂ ਹਥੋਂ ਲੁਟਿਆ ਜਾ ਰਿਹਾ ਹੈ ਤਾਂ ਉਹ ਧਰਮ ਦਾ ਸਹੀ ਰਾਹ ਕਿਵੇਂ ਦਸ ਸਕਦਾ ਹੈ। ਸੁੱਤਾ ਪਿਆ ਮਨੁੱਖ ਹੀ ਫਿਰ ਐਸੀਆਂ ਗਲਾਂ ਕਰਦਾ ਹੈ: ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ (229)। ਭਾਵ: ਪਰਮਾਤਮਾ (ਗੁਰੂ) ਦੇ ਰਸਤੇ ਤੇ ਚਲਣ ਵਾਲੇ ਨੂੰ ਜਗਤ ਗਿਆ ਗੁਜ਼ਰਿਆ ਆਖਦਾ ਹੈ ਪਰ ਪ੍ਰਭੂ ਵਲੋਂ ਗਏ ਗੁਜ਼ਰੇ ਦਾ ਜਗਤ ਵਿੱਚ ਆਉਣਾ ਸਫਲ ਸਮਝਦਾ ਹੈ। ਜਿਸ ਮਾਇਆ ਨੇ ਕਲ ਨੂੰ ਦੂਜੇ ਦੀ ਬਣ ਜਾਣਾ ਹੈ ਉਸਨੂੰ ਆਪਣੀ ਆਖਦਾ ਹੈ ਪਰ ਅਸਲੀ ਨਾਮ ਧਨ (ਜਿਸਨੇ ਸਦਾ ਨਾਲ ਨਿਭਣਾ ਹੈ) ਚੰਗਾ ਨਹੀ ਲਗਦਾ। ਗੁਰਮਤਿ ਦੇ ਸੂਝਵਾਨਾਂ ਨੂੰ ਗੁਰੂ ਨਿੰਦਕ ਆਖਿਆ ਜਾ ਰਿਹਾ ਹੈ ਤੇ ਗੁਰ ਨਿੰਦਕਾਂ ਨੂੰ ਸੂਝਵਾਨ, ਇਹ ਹੁਣ ਸੁੱਤੇ ਪਏ ਮਨੁਖ ਦੀ ਨਿਸ਼ਾਨੀ ਨਹੀ ਤਾਂ ਕੀ ਹੈ? ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਅੇਸਾ ਕਲਿ ਮਹਿ ਡੀਠਾ॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖੁਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ (229)। ਭਾਵ: ਮਿੱਠੇ ਨਾਮ ਰਸ ਨੂੰ ਕੌੜਾ ਤੇ (ਅੰਤ ਨੂੰ ਕੌੜੇ ਤੇ ਦੁਖਦਾਈ) ਦੁਨਿਆਵੀ ਰਸਾਂ ਨੂੰ ਮਿੱਠਾ ਕਹਿਣਾ ਜਾਗਦੇ ਮਨੁੱਖ ਦਾ ਕੰਮ ਨਹੀ ਹੋ ਸਕਦਾ। ਮੋਹ ਮਾਇਆ ਦੀ ਗੂੜ੍ਹੀ ਤੇ ਮਿੱਠੀ ਨੀਂਦ ਵਿੱਚ ਸੁੱਤਾ ਮਨੁੱਖ ਚੰਗੇ ਮੰਦੇ ਦੀ ਪਰਖ ਕਿਵੇਂ ਕਰ ਸਕਦਾ ਹੈ? ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਇਆਂ ਨੂੰ ਨਿੰਦਣਾ ਇਸ ਸੁੱਤੇ ਪਏ ਜਗਤ ਦਾ ਅਚਰਜ ਤਮਾਸ਼ਾ ਦੇਖਿਆ ਜਾ ਸਕਦਾ ਹੈ। ਦੁਨੀਆ ਮਾਇਆ (ਪਰਮਾਤਮਾ ਦੀ ਦਾਸੀ) ਦੀ ਤਾਂ ਸੇਵਾ-ਖੁਸ਼ਾਮਦੀ ਕਰ ਰਹੀ ਹੈ ਪਰ ਉਸ ਦਾ ਮਾਲਕ (ਪ੍ਰਭੂ), ਦਿਸਦਾ ਹੀ ਨਹੀ। ਕੀ ਇਹ ਜਾਗਦੇ ਮਨੁੱਖ ਦੀ ਨਿਸ਼ਾਨੀ ਹੈ?

ਪਾਣੀ ਨੂੰ ਰਿੜਕ ਕੇ ਮੱਖਣ ਦੀ ਆਸ ਕਰਨੀ ਤਾਂ ਅੰਨ੍ਹੇ ਤੋਂ ਅੰਨ੍ਹੇ ਮਨੁੱਖ ਦੀ ਹੀ ਨਿਸ਼ਾਨੀ ਹੈ। ਬਹੁਤੀ ਮਾਇਆ ਭੇਟ ਕਰਨ ਵਾਲੇ ਨੂੰ ਸਿਰੋਪਾ ਦੇਣਾ ਹੀ ਮਾਇਆ (ਚੇਰੀ) ਦੀ ਸੇਵਾ ਹੈ। ਭੇਟਾ ਵਿੱਚ ਵਖਰੇਵਾਂ ਕਿਉਂ? ਕੀ ਕਉਡੀ ਭੇਟ ਕਰਨ ਵਾਲਾ ਗੁਰੂ ਨੂੰ ਪ੍ਰਵਾਨ ਨਹੀ? ਗੁਰੂ ਭੇਟਾ ਨਹੀ ਵੇਖਦਾ ਉਹ (ਅੰਦਰੂਨੀ) ਭਾਵਨਾ ਨੂੰ ਵੇਖਦਾ ਹੈ ਤੇ ਭਾਵਨਾ, ਬਿਨਾ ਭੇਟਾ ਦੇ ਵੀ ਹੋ ਸਕਦੀ ਹੈ। ਗੁਰੂ ਦਾ ਸਿਰੋਪਾ ਕੋਈ ਦੁਨਿਆਵੀ ਪਦਾਰਥ ਨਹੀ ਹੋ ਸਕਦਾ, ਕੇਵਲ ਆਤਮਕ ਪਦਾਰਥ (ਸਤ, ਸੰਤੋਖ, ਦਇਆ ਨਿਮਰਤਾ, ਪਿਆਰ ਤੇ ਖਿਮਾ ਆਦਿ …) ਹੀ ਹੋ ਸਕਦਾ ਹੈ। ਉਸਦੇ ਘਰ ਤਾਂ ਕੇਵਲ ਨਾਮ ਹੀ ਹੈ ਤੇ ਉਸਦਾ ਹੀ ਉਹ ਸਿਰੋਪਾ ਦੇਵੇਗਾ। ਗੁਰੂ ਤਾਂ ਸੁੱਤੇ ਪਏ ਮਨੁੱਖ ਨੂੰ ਸਦਾ ਜਗਾਉਂਦਾ ਹੈ: ਅਬ ਮਨ ਜਾਗਤ ਰਹੁ ਰੇ ਭਾਈ॥ ਗਾਫਲੁ ਹੋਇ ਕੈ ਜਨਮੁ ਗਵਾਇਉ ਚੋਰੁ ਮੁਸੈ ਘਰੁ ਜਾਈ॥ (339)। ਭਾਵ: ਹੇ ਪਿਆਰੇ ਮਨ, ਹੁਣ ਜਾਗਦਾ ਰਹੁ। ਬੇ ਪ੍ਰਵਾਹ (ਗਾਫਲ) ਹੋ ਕੇ (ਮਾਨਸਿਕ ਨੀਂਦ ਵਿਚ) ਜਨਮ ਅਜਾਈਂ ਗਵਾ ਲਿਆ ਹੈ। ਗਾਫਲ ਹੋ ਕੇ ਸੁੱਤੇ ਹੋਏ ਦੇ ਘਰ ਨੂੰ ਚੋਰ ਲੁੱਟ ਲੈਂਦੇ ਹਨ। ਕਹਾ ਭੂਲਿਓ ਰੇ ਝੂਠੇ ਲੋਭ ਲਾਗ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ॥ (1187)। ਭਾਵ: ਹੇ ਭਾਈ, ਦੁਨੀਆਂ ਦੇ ਲੋਭ (ਮੋਹ ਮਾਇਆ) ਵਿੱਚ ਫਸ ਕੇ ਕਿੱਥੇ ਖੁੰਝਿਆ ਫਿਰਦਾ ਏਂ (ਸੁੱਤਾ ਪਿਆ ਏਂ)। ਜਾਗ ਜਾ, ਅਜੇ ਵੀ ਕੁਛ ਨਹੀ ਬਿਗੜਿਆ। ਪਰ ਜੇ ਮਨੁੱਖ ਜਾਗਣਾ ਹੀ ਨਹੀ ਚਹੁੰਦਾ ਤਾਂ ਗੁਰੂ ਵਿਚਾਰਾ ਕੀ ਕਰੇ। ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ (1372)। ਭਾਵ: ਹੇ ਕਬੀਰ, ਜੇ ਸਿੱਖਾਂ ਵਿੱਚ ਹੀ ਉਕਾਈ ਹੋਵੇ (ਜਾਗਣਾ ਹੀ ਨਾ ਚਹੁੰਦੇ ਹੋਣ) ਤਾਂ ਸਤਿਗੁਰ ਵੀ ਕੁੱਝ ਸਵਾਰ ਨਹੀ ਸਕਦਾ। ਅੰਨ੍ਹੇ ਮਨੁੱਖ ਨੂੰ ਗੁਰੂ ਦੀ ਸਿਖਿਆ ਦੀ ਕੋਈ ਵੀ ਗਲ ਪੋਹ ਨਹੀ ਸਕਦੀ (ਮੋਹ ਮਾਇਆ ਵਿੱਚ ਸੁੱਤੇ ਮਨੁੱਖ ਨੂੰ ਗੁਰੂ ਦੀ ਕੋਈ ਗਲ ਨਹੀ ਪੋਂਹਦੀ) ਜਿਵੇਂ ਬਾਂਸ ਦੀ ਬੰਸੁਰੀ ਵਿੱਚ ਇੱਕ ਸਿਰਿਉਂ ਫੂਕ ਮਾਰਿਆਂ ਦੂਸਰੇ ਸਿਰੇ ਬਿਨਾ ਰੁਕੇ ਨਿਕਲ ਜਾਂਦੀ ਹੈ ਤਿਵੇਂ ਗੁਰੂ ਦੀ ਗਲ ਮੋਹ ਮਾਇਆ ਵਿੱਚ ਸੁੱਤੇ ਮਨੁੱਖ ਦੇ ਇੱਕ ਕੰਨੋਂ ਜਾ ਕੇ, ਬਿਨਾ ਕੋਈ ਅਸਰ ਕੀਤੇ, ਦੂਜੇ ਕੰਨੋਂ ਨਿਕਲ ਜਾਂਦੀ ਹੈ। ਬਿਲਕੁਲ ਇਹੀ ਹਾਲਤ ਅਜ ਮਨੁੱਖ ਦੀ ਧਰਮ ਵਿੱਚ ਹੈ। ਗੁਰੂ ਦੀ ਗਲ ਵਲੋਂ ਮਨੁੱਖ ਸੁੱਤਾ ਹੀ ਪਿਆ ਹੈ। ਗੁਰੂ ਦੀ ਹਰ ਸੋਚ ਤੇ ਧਰਮ ਦੇ ਆਗੂਆਂ ਨੇ ਆਪਣੀ ਹੀ ਸੋਚ ਨੂੰ ਥੋਪਕੇ ਧਰਮ ਦੇ ਅਸੂਲ (ਮਰਯਾਦਾ) ਬਣਾ ਕੇ (ਆਪਣੀ ਬਨਾਈ ਮਰਯਾਦਾ ਨੂੰ) ਗੁਰ ਮਰਯਾਦਾ (ਗੁਰਬਾਣੀ) ਤੇ ਹਾਵੀ ਕਰ ਦਿੱਤਾ। ਕੀ ਇਹ ਜਾਗਦੇ ਮਨੁੱਖ ਦਾ ਕਰਤੱਵ ਹੋ ਸਕਦਾ ਹੈ? ਇਸੇ ਕਾਰਨ ਨੇ ਹੀ ਸਿੱਖੀ ਵਿੱਚ ਤ੍ਰੇੜਾਂ ਪਾ ਕੇ ਰੱਖ ਦਿੱਤੀਆਂ। ਇਸ ਹਾਨੀਕਾਰਕ ਮਾਨਸਿਕ ਨੀਂਦ ਵਿਚੋਂ ਜਾਗਣ ਦਾ ਇਕੋ ਹੀ ਉਪਾਉ ਹੈ ਤੇ ਉਹ ਹੈ ਗੁਰਬਾਣੀ ਨਾਲ ਜੁੜਨਾ। ਸਬਦੁ ਬੀਚਾਰਿ ਭਏ ਨਿਰੰਕਾਰੀ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ॥ ਅਨਦਿਨੁ ਜਾਗਿ ਰਹੇ ਲਿਵ ਲਾਈ॥ ਜੀਵਨ ਮੁਕਤਿ ਗਤਿ ਅੰਤਰਿ ਪਾਈ॥ (904)। ਭਾਵ: ਗੁਰੂ ਦੇ ਸਬਦ ਦੀ ਵਿਚਾਰ ਨਾਲ ਹੀ ਪਰਮਾਤਮਾ ਨਾਲ ਸਾਂਝ ਪੈਂਦੀ ਹੈ। ਮਨ ਵਿੱਚ ਗੁਰੂ ਦੀ ਸਿਖਿਆ ਨਾਲ ਮਨ (ਮੋਹ ਮਾਇਆ ਦੀ ਨੀਂਦ ਤੋਂ) ਜਾਗ ਜਾਂਦਾ ਹੈ ਤੇ ਭੈੜੀ ਮਤ ਦੂਰ ਹੋ ਜਾਂਦੀ ਹੈ। ਜਿਹੜੇ ਮਨੁੱਖ ਗੁਰਸਬਦ ਨਾਲ ਸੁਰਤ ਜੋੜ ਕੇ ਮੋਹ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦੇ ਹਨ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਤੇ ਮਾਇਆ ਵਿੱਚ ਵਰਤਦਿਆਂ ਵੀ ਨਿਰਲੇਪ ਰਹਿੰਦੇ ਹਨ। ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥ (229)। ਭਾਵ: ਹੇ ਭਾਈ, ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਆਤਮਕ ਹਨੇਰੇ ਤੋਂ) ਖਲਾਸੀ ਨਹੀ ਹੋ ਸਕਦੀ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਇਹ ਹਨੇਰਾ ਦੂਰ ਨਹੀ ਹੋ ਸਕਦਾ ਭਾਵੇਂ ਲੱਖਾਂ ਹੀ ਕਰਮ ਧਰਮ ਕੀਤੇ ਜਾਣ। ਸਪਸ਼ਟ ਹੈ ਕਿ ਗੁਰਬਾਣੀ ਤੇ ਚਲੇ ਬਿਨਾ ਇਹ ਮੋਹ ਮਾਇਆ ਦੀ ਨੀਂਦ ਤੋਂ ਜਾਗਿਆ ਨਹੀ ਜਾ ਸਕਦਾ ਤੇ ਨੀਂਦ ਵਿੱਚ ਕੀਤਾ ਕੋਈ ਵੀ ਕਰਮ ਸਫਲ ਨਹੀ ਹੋ ਸਕਦਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.