.

ਸੰਗਤੀ ਕੁਲਾਂ ਤਰਦੀਆਂ ਹਨ ਕਿ ਜਦੀ-ਪੁਸ਼ਤੀ?

ਅਵਤਾਰ ਸਿੰਘ ਮਿਸ਼ਨਰੀ-5104325827

ਮਹਾਨ ਕੋਸ਼ ਅਨੁਸਾਰ ਕੁਲ ਸ਼ਬਦ ਸੰਸਕ੍ਰਿਤ ਦਾ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਜਿਵੇਂ ਨਸਲ, ਵੰਸ਼, ਪੁਸ਼ਤ, ਪੀੜ੍ਹੀ, ਵੰਸ਼ਾਵਲੀ, ਅਬਾਦ ਦੇਸ਼, ਘਰ, ਗ੍ਰਿਹ, ਸਭ ਅਤੇ ਤਮਾਮ ਆਦਿਕ। ਇਨਹਾਂ ਵਿੱਚੋਂ ਕੁਲ, ਵੰਸ਼, ਪੁਸ਼ਤ ਅਤੇ ਪੀੜ੍ਹੀ ਸਮ ਅਰਥਕ ਹਨ। ਕੁਲ ਦਾ ਬਹੁਵਚਨ ਕੁਲਾਂ ਅਤੇ ਕੁਲਹ ਹੈ-ਕੁਲਹ ਸਮੂੰਹ ਉਧਾਰਣ ਸਉ (1387) ਕੁਲਾਹ ਫਾਰਸੀ ਸ਼ਬਦ ਹੈ ਅਰਥ ਹੈ ਟੋਪੀ-ਕੁਲਾਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ (1286) ਕੁਲਘਾਤੀ-ਕੁਲਘਾਤ ਕਰਨ ਵਾਲਾ, ਕੁਲਪਤਿ-ਖਾਨਦਾਨ ਦਾ ਸਰਦਾਰ, ਕੁਲਦੀਪ-ਵੰਸ਼ ਨੂੰ ਰੋਸ਼ਨ ਅਤੇ ਕੁਲਪਾਲਕ-ਵੰਸ਼ ਦੀ ਪਾਲਨਾ ਕਰਨ ਵਾਲਾ। ਕੁਲਪੂਜ-ਕੁਲ ਪ੍ਰਵਾਰ ਬੰਸ ਵਿੱਚ ਪੂਜਿਆ ਜਾਣ ਵਾਲਾ। ਕੁਲ ਦਾ ਅਰਥ ਵੰਸ਼ ਅਤੇ ਕੁੱਲ ਦਾ ਸਭ, ਤਮਾਮ ਅਤੇ ਪੂਰਾ ਹੈ। ਪੁਸ਼ਤ ਫਾਰਸੀ ਦਾ ਲਫਜ਼ ਹੈ ਅਰਥ ਹੈ ਪੀੜ੍ਹੀ, ਕੁਲ, ਖਾਨਦਾਨ। ਗੁਣੀ ਗਿਆਨੀ, ਕਥਾਵਾਚਕ, ਮੰਨੇ ਗਏ ਸੰਤ ਮਹਾਤਮਾਂ ਅਤੇ ਕੁੱਝ ਲਿਖਾਰੀ ਸਜਨ ਆਪਣੇ ਵਖਿਆਨਾਂ ਅਤੇ ਲੇਖਾਂ ਵਿੱਚ ਕੁਲਾਂ ਦੀ ਮਿਥਿਹਾਸਕ ਗਿਣਤੀ-ਮਿਣਤੀ ਕਰਕੇ ਤਰਨ ਜਾਂ ਉਧਰਨ ਦੀ ਗੱਲ ਕਰਦੇ ਹਨ ਜਿਵੇਂ ਫਲਾਨੇ ਦੀਆਂ ਦੋ ਕੁਲਾਂ, ਸੱਤ ਕੁਲਾਂ ਅਤੇ ਇੱਕੀ ਕੁਲਾਂਹ ਤਰ ਗਈਆਂ ਆਦਿਕ। ਦੁਨਿਆਵੀ ਤੌਰ ਤੇ ਦੋ ਕੁਲਾਂ ਨਾਨਕੇ ਅਤੇ ਦਾਦਕੇ, ਇੱਕੀ ਕੁਲਾਂ ਮਹਾਨਕੋਸ਼ ਦੇ ਪੰਨਾ 121 ਤੇ ਲਿਖਿਆ ਹੈ ਕਿ ਭਗਤਮਾਲਾ ਆਦਿਕ ਪੁਸਤਕਾਂ ਵਿੱਚ ਦੇਖੀਦਾ ਹੈ ਕਿ ਜੋ ਵਾਹਗੁਰੂ ਦਾ ਭਗਤ ਹੈ, ਉਹ ਇੱਕ ਆਪ ਵੀ ਉਧਰਦਾ ਹੈ ਅਤੇ ਉਸ ਦੀਆਂ ਦਸ ਪੀੜ੍ਹੀਆਂ ਪਹਿਲੀਆਂ ਅਤੇ ਦਸ ਅੱਗੇ ਆਉਣ ਵਾਲੀਆਂ ਭੀ ੳਧਰ ਜਾਂਦੀਆਂ ਹਨ-ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ (1133) ਕਈ ਗਯਾਨੀ ਲਿਖਦੇ ਹਨ ਕਿ ਸੱਤ ਪੀੜ੍ਹੀਆਂ ਪਿਤਾ ਦੀਆਂ, ਸੱਤ ਨਾਨੇ ਦੀਆਂ ਅਤੇ ਸੱਤ ਸਹੁਰੇ ਕੁਲ ਦੀਆਂ ਭਾਵ ਇਹ ਹੈ ਕੇ ਤੱਤ ਗਿਆਨੀ ਦੀ ਸੰਗਤ ਵਾਲੇ ਦੁਨਿਆਵੀ ਮਾਇਆਜਾਲ, ਭਰਮ ਭੁਲੇਖਿਆਂ ਅਤੇ ਛਲ ਫਰੇਬੀ ਡਰਾਵਿਆਂ ਤੋਂ ਮੁਕਤ ਹੋ ਜਾਂਦੇ ਹਨ।

ਜਿਆਦਾ ਪ੍ਰਚਾਰ ਇਹ ਹੁੰਦਾ ਰਿਹਾ ਅਤੇ ਹੋ ਰਿਹਾ ਹੈ ਕਿ ਭਗਤ, ਗੁਰਮ਼ੁਖ ਬ੍ਰਹਮਗਿਆਨੀ ਜਾਂ ਗੁਰੂ ਦੀਆਂ ਸੱਤ ਜਾਂ ਇੱਕੀ ਕੁਲਾਂ ਤਰ ਜਾਂਦੀਆਂ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਬਾਕੀ ਕੁਲਾਂ ਦਾ ਕੀ ਬਣਦਾ ਹੈ? ਕੀ ਭਗਤ, ਗੁਰਮੁਖ ਬ੍ਰਹਮਗਿਆਨੀ ਜਾਂ ਗੁਰੂ ਬਾਕੀ ਸਭ ਨੂੰ ਛੱਡ ਕੇ 2, 7 ਜਾਂ 21 ਆਦਿਕ ਗਿਣਤੀ ਦੀਆਂ ਕੁਲਾਂ ਹੀ ਤਾਰਦੇ ਹਨ? ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਗਤਾਂ, ਗੁਰਮੁਖਾਂ, ਬ੍ਰਹਮਗਿਆਨੀਆਂ ਬਲਕਿ ਗੁਰੂਆਂ ਦੀ ਬਹੁਤੀ ਉਲਾਦ ਉਨ੍ਹਾਂ ਤੋਂ ਬਾਗੀ ਹੋ ਕੇ ਅਖੌਤੀ ਕਰਮਕਾਂਡਾਂ ਵਿੱਚ ਡੁਬਦੀ ਰਹੀ। ਸਮਰੱਥ ਗੁਰੂ ਨਾਨਕ ਦੇ ਬੱਚੇ ਵੀ ਗੁਰੂ ਤੋਂ ਬਾਗੀ ਰਹੇ-ਪੁਤ੍ਰੀਂ ਕਉਲੁ ਨ ਪਾਲਿਓ …॥ (967) ਦਾਸ ਨੇ ਕਈ ਗੁਣੀ ਗਿਆਨੀ ਅਤੇ ਕਥਾਵਾਚਕਾਂ ਨਾਲ ਵਿਚਾਰ ਕੀਤੀ, ਬਹੁਤੇ ਗਿਣਤੀ-ਮਿਣਤੀ ਦੀਆਂ ਕੁਲਾਂ ਤਰਨ ਦੇ ਹੀ ਅਰਥ ਕਰਦੇ ਰਹੇ ਪਰ ਕੁੱਝ ਨੇ ਦੂਜਿਆਂ ਤੋਂ ਫਰਕ ਨਾਲ ਕੁੱਝ ਠੀਕ ਦੱਸੇ। ਅਖੀਰ ਬਜੁਰਗ ਪਰ ਸ਼ੇਰ ਦਿਲ ਵਿਦਵਾਨ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਰਵਾਇਤੀ ਅਰਥਾਂ ਤੋਂ ਉਪਰ ਗੁਰਮਤਿ ਸਿਖਿਆ ਵਾਲੇ ਅਰਥ ਦੱਸੇ।

ਗੁਰਬਾਣੀ ਵਿਖੇ ਵੀ ੋ, ਇੱਕੀ ਅਤੇ ਸਭ ਕੁਲਾਂ ਦਾ ਜਿਕਰ ਆਇਆ ਹੈ-ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ (858) ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ (1133) ਹਰਿ ਗੁਰੁ ਨਾਨਕੁ ਜਿਨ੍ਹ ਪਰਸਿਓ ਤਿਨ੍ਹ ਸਭ ਕੁਲ ਕੀਓ ਉਧਾਰੁ॥ (1386) ਪਹਿਲੀ ਪੰਗਤੀ ਭਗਤ ਰਵਿਦਾਸ ਜੀ ਦੀ ਹੈ ਕਿ-ਹੋਇ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਇ॥ ਉਸ ਵੇਲੇ ਊਚ ਅਤੇ ਨੀਚ ਕੁਲ ਦਾ ਬੜਾ ਜੋਰ ਸੀ। ਉਚ-ਨੀਚ ਕੁਲਾਂ ਪੈਦਾ ਕਰਨ ਵਾਲਾ ਚਲਾਕ ਬ੍ਰਾਹਮਣ ਉੱਚੀ ਕੁਲ ਦਾ ਉਧਾਰ ਕਰਦਾ, ਨੀਚ ਕੁਲ ਨੂੰ ਦਰੁਕਾਰਦਾ ਅਤੇ ਨਰਕਾਂ ਦਾ ਭਾਗੀ ਹੋਣਾ ਦਸਦਾ ਸੀ। ਇੱਥੇ ਭਗਤ ਰਵਿਦਾਸ ਜੀ ਨੇ ਹਿੱਕ ਤੇ ਹੱਥ ਧਰਕੇ ਇਸ ਅਖੌਤੀ ਬ੍ਰਹਮਗਿਆਨੀ ਦਾ ਭਾਂਡਾ ਚੁਰਾਹੇ ਵਿੱਚ ਭੰਨਦਿਆਂ, ਨੀਚ ਕੁਲ ਦਾ ਸੰਤਾਪ ਭੋਗ ਰਹੇ ਲੋਕਾਂ ਨੂੰ ਹੌਂਸਲਾ ਦਿੱਤਾ ਕਿ ਸਰਬ ਨਿਵਾਸੀ ਰਾਮ ਭਗਵੰਤ ਦਾ ਭਜਨ ਭਾਵ ਯਾਦ ਕਰਨ ਵਾਲਾ ਹਰ ਇਨਸਾਨ ਆਪ ਤਰਦਾ ਅਤੇ ਉੱਚੀ-ਨੀਵੀਂ ਕੁਲ ਦੋਹਾਂ ਨੂੰ ਵੀ ਤਾਰ ਲੈਂਦਾ ਹੈ। ਇੱਥੇ ਕਿਸੇ ਗਿਣਤੀ ਵਾਲੇ ਨਾਨਕਿਆਂ ਅਤੇ ਦਾਦਕਿਆਂ ਦੀਆਂ ਕੁਲਾਂ ਦੀ ਗੱਲ ਨਹੀਂ ਸਗੋਂ ਊਚ ਅਤੇ ਨੀਚ ਕੁਲ, ਜਾਤ, ਬਰਾਦਰੀ ਦੀ ਹੈ। ਕੋਈ ਕੁਲ ਜਾਂ ਕਿਸਮ ਮਾੜੀ ਨਹੀਂ ਸਗੋਂ ਮਾੜੇ ਕਰਮਾਂ ਕਰਕੇ ਨੀਚ ਅਤੇ ਚੰਗੇ ਕਰਮਾਂ ਕਰਕੇ ਊਚ ਹੈ। ਗੁਰਬਾਣੀ ਵਿੱਚ ਪ੍ਰਚਲਤ ਮੁਹਾਵਰੇ, ਅਖੌਤਾਂ, ਇਤਿਹਾਸ ਅਤੇ ਮਿਥਿਹਾਸ ਦੀ ਵੀ ਸਮਝਣ-ਸਮਝੌਣ ਲਈ ਵਰਤੋਂ ਕੀਤੀ ਗਈ ਹੈ ਨਾਂ ਕਿ ਉਹ ਗੁਰੂ ਦਾ ਆਪਣਾ ਵਿਚਾਰ ਹੈ। ਦੂਜੀ ਪੰਗਤੀ ਭੈਰੋਂ ਰਾਗ ਵਿਖੇ ਗੁਰੂ ਅਮਰਦਾਸ ਜੀ ਦੀ ਹੈ ਕਿ-ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥ ਇੱਥੇ ਵੀ ਜੇ ਪ੍ਰਵਾਰਕ, ਜਾਤ ਬਰਾਦਰੀ ਜਾਂ ਕੁਲ ਨੂੰ ਦੇਖੀਏ ਤਾਂ ਪ੍ਰਹਲਾਦ ਦਾ ਪਿਉ ਹਰਨਾਸ਼ਕ ਇੱਕ ਹੰਕਾਰੀ ਦੈਂਤ ਸੀ ਜਿਸ ਨੇ ਪ੍ਰਹਿਲਾਦ ਨੂੰ ਭਾਰੀ ਦੁੱਖ ਦਿੱਤੇ। ਦੂਜਾ ਕੀ ਭਗਵਾਨ ਨੇ ਪ੍ਰਹਲਾਦ ਭਗਤ ਦੀਆਂ ਇੱਕੀ ਕੁਲਾਂ ਹੀ ਤਾਰਨੀਆਂ ਸਨ? ਬਾਕੀਆਂ ਨਾਲ ਦੁਸ਼ਮਣੀ ਕਰਨੀ ਸੀ? ਕੀ ਭਗਵਾਨ ਵੀ ਵਿਤਕਰਾ ਕਰਦਾ ਹੈ? ਨਹੀਂ ਪਾਠਕ ਜਨੋਂ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ ਸੰਗਤ ਕਰਨ ਵਾਲੇ ਸਦਾ ਹੀ ਤਰਦੇ ਰਹਿੰਦੇ ਹਨ ਭਾਵ ਵਹਿਮਾਂ-ਭਰਮਾਂ, ਊਚ-ਨੀਚ, ਥੋਥੇ ਕਰਮਾਂ ਅਤੇ ਅਗਿਆਨਤਾ ਦੇ ਸਾਗਰ ਵਿੱਚ ਨਹੀਂ ਡੁੱਬਦੇ ਸਗੋਂ ਗੁਰਮੁਖਾਂ ਦੀ ਸੰਗਤ ਰਾਹੀਂ ਗੁਰੂ ਦਾ ਗਿਆਨ ਲੈ ਕੇ ਉਧਰਦੇ ਹਨ। ਪ੍ਰਹਿਲਾਦ ਜਨ ਕੇ ਇੱਕੀਹ ਕੁਲ ਉਧਾਰੇ ਭਾਵ ਪ੍ਰਹਲਾਦ ਦੀ ਸੰਗਤ ਕਰਨ ਅਤੇ ਅੱਗੇ ਪ੍ਰਹਲਾਦ ਦੀ ਸੰਗਤ ਕਰਨ ਵਾਲਿਆਂ ਦੀ ਸੰਗਤ ਕਰਨ ਭਾਵ ਸਦਾ ਰੱਬੀ ਰਜ਼ਾ ਵਿੱਚ ਰਹਿ ਗੁਰਮੁਖਾਂ ਤੋਂ ਗਿਆਨ ਧਾਰਨ ਕਰਨ ਅਤੇ ਅੱਗੇ ਊਚ-ਨੀਚ ਸਭ ਨੂੰ ਬਰਾਬਰ ਗਿਆਨ ਵੰਡਣ ਵਾਲੇ ਸਦਾ ਹੀ ਤਰਦੇ ਹਨ। ਤੀਜੀ ਪੰਗਤੀ ਵਿੱਚ ਗੁਰੂ ਅਰਜਨ ਸਾਹਿਬ ਜੀ ਦਰਸਾਂਦੇ ਹਨ ਕਿ-ਹਰਿ ਗੁਰੁ ਨਾਨਕੁ ਜਿਨ੍ਹਹ ਪਰਸਿਓ ਤਿਨ੍ਹ ਸਭ ਕੁਲ ਕੀਓ ਉਧਾਰੁ॥ ਭਾਵ ਹਰੀ ਦੇ ਮਾਰਗ ਦਰਸ਼ਕ ਗੁਰੂ ਨਾਨਕ ਨੂੰ ਜਿਨ੍ਹਾਂ ਪਰਸਿਆ ਭਾਵ ਗੁਰੂ ਨਾਨਕ ਦੇ ਮਾਰਗ ਨੂੰ ਧਾਰਨ ਕੀਤਾ ਤਿਨ੍ਹਾਂ ਨੇ ਗੁਰੂ ਗਿਆਨ ਦੁਆਰਾ ਸਭ ਕੁਲਾਂ ਉਧਾਰ ਲਈਆਂ ਭਾਵ ਗੁਰੂ ਦੀ ਤਤਕਾਲੀ ਅਤੇ ਸ਼ਬਦੀ ਗਿਆਨ ਦੀ ਸੰਗਤ ਕਰਕੇ ਊਚ-ਨੀਚ ਸਭ ਪ੍ਰਕਾਰ ਦੀਆਂ ਕੁਲਾਂ ੳਧਾਰ ਲਈਆਂ ਭਾਵ ਸਿੱਧੇ ਰਸਤੇ ਪਾ ਲਿਆ।।

ਚੇਤੇ ਰੱਖੋ ਭਗਤ, ਗੁਰਮੁਖ, ਬ੍ਰਹਮਗਿਆਨੀ ਜਾਂ ਗੁਰੂ ਦੀ ਕੁਲ ਉਹ ਹੀ ਹੁੰਦੀ ਅਤੇ ਤਰਦੀ ਹੈ ਜੋ ਉਨ੍ਹਾਂ ਦੇ ਸੱਚੇ-ਸੁੱਚੇ ਉਪਦੇਸ਼ ਨੂੰ ਫਾਲੋ ਕਰਦੀ ਹੈ। ਭਗਤਾਂ ਅਤੇ ਗੁਰੂਆਂ ਤੋਂ ਬਾਗੀ ਗੁਰਮੁਖਾਂ ਦੀ ਬਜਾਏ ਮਨਮੁਖਾਂ ਦੀ ਸੰਗਤ ਕਰਨ ਵਾਲੇ ਅਗਿਆਨਤਾ ਦੇ ਸਾਗਰ ਵਿੱਚ ਡੁੱਬਦੇ ਰਹਿੰਦੇ ਹਨ। ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਇਹ ਨੰਗੀਆਂ ਲੱਤਾਂ ਅਤੇ ਗੋਲ ਪੱਗਾਂ ਵਾਲੇ ਡੇਰੇਦਾਰ ਗੁਰਬਾਣੀ ਦੇ ਗਲਤ ਅਰਥ ਕਰਕੇ ਭਾਵ ਬ੍ਰਾਹਮਣ ਦੀਆਂ ਪੈਦਾ ਕੀਤੀਆਂ ਮਨਘੜਤ ਲੋਟੂ ਸਾਖੀਆਂ (ਕਹਾਣੀਆਂ) ਸੁਣਾ-ਸੁਣਾ ਕੇ ਥੋਥੇ ਕਰਮਕਾਂਡਾਂ, ਨਰਕ ਦਾ ਡਰ ਅਤੇ ਸਵਰਗ ਦਾ ਲਾਲਚ, ਗਿਣਤੀ-ਮਿਣਤੀ ਦੇ ਮੰਤ੍ਰ ਪਾਠ ਅਤੇ ਗਿਣਤੀ-ਮਿਣਤੀ ਦੇ ਲੋਕ-ਪ੍ਰੋਲਕ, ਜਾਤਾਂ ਪਾਤਾਂ ਅਤੇ ਗਿਣਤੀ ਦੀਆਂ ਕੁਲਾਂ ਵਿੱਚ ਉਲਝਾ, ਸਾਡੇ ਗਿਆਨ ਦੇ ਦਰਵਾਜੇ ਬੰਦ ਕਰ, ਸਾਨੂੰ ਅੰਧ ਵਿਸ਼ਵਾਸ਼ੀ ਬਣਾ ਕੇ ਸਦਾ ਹੀ ਲੁੱਟਦੇ ਰਹਿਣਗੇ। ਗੁਰੂ ਦਾ ਸਿਧਾਂਤ ਸਾਰਥਕ ਖੋਜ ਦਾ ਹੈ ਨਾਂ ਕਿ ਅੰਧ ਵਿਸ਼ਵਾਸ਼ੀ ਹੋ ਗਿਣਤੀ-ਮਿਣਤੀ ਦੇ ਪਾਠ, ਪੂਜਾ ਕਰੀ ਜਾਣ ਜਾਂ ਦੇਖਾ-ਦੇਖੀ ਜਣੇ-ਖਣੇ ਨੂੰ ਮੱਥੇ ਟੇਕੀ ਜਾਣ ਦਾ ਹੈ। ਸੋ ਸਾਨੂੰ ਪੰਜਾਬੀ, ਗੁਰਮੁਖੀ, ਪੰਜਾਬੀ ਵਿਆਕਰਣ ਅਤੇ ਗੁਰਬਾਣੀ ਵਿਆਕਰਣ ਸਿੱਖ ਕੇ ਗੁਰਬਾਣੀ ਦਾ ਪਾਠ, ਅੱਖਰੀ ਅਰਥ ਅਤੇ ਭਾਵ ਅਰਥ ਕਰਕੇ ਗੁਰਬਾਣੀ ਨੂੰ ਗੁਰੂ ਸਿਧਾਂਤਾਂ ਅਨੁਸਾਰ ਸਮਝ ਕੇ ਉਸ ਤੇ ਚੱਲਣ ਅਤੇ ਦੂਜਿਆਂ ਨੂੰ ਸਿਖਾਉਣ ਦੀ ਲੋੜ ਹੈ। ਗੁਰ ਫੁਰਮਾਨ ਵੀ ਹੈ-ਖੋਜੀ ਉਪਜੈ ਬਾਦੀ ਬਿਨਸੇ ਹਉ ਬਲਿ ਬਲਿ ਗੁਰ ਕਰਤਾਰਾ (1255) ਸੋ ਸੰਗਤੀ ਕੁਲਾਂ ਹੀ ਤਰਦੀਆਂ ਹਨ ਨਾਂ ਕਿ ਜਦੀ ਪੁਸ਼ਤੀ ਜਾਂ ਜਾਤ ਪਾਤੀ। ਗੁਰਮਤਿ ਕੁਲਵਾਦ ਦੀ ਪ੍ਰਚਾਰਕ ਨਹੀਂ ਸਗੋਂ ਕਰਤਾਰ ਅਤੇ ਮਨੁੱਖਤਾਵਾਦ ਦੀ ਹਾਮੀ ਹੈ।
.