.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 14)

ੴ ਸਤਿ ਗੁਰ ਪ੍ਰਸਾਦਿ
ਜਿਨੀੑ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ॥ ਤਿਨਾੑ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ॥ ੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ॥ ੧॥ ਰਹਾਉ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ॥ ੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ॥ ਗੁਰ ਬਿਨ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ॥ ੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ॥ ੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ॥ ਹੁਕਮੇ ਬੰਨਿੑ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ॥ ੫॥ ਹੁਕਮੈ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ॥ ਹੁਕਮੁ ਸਿਞਾਪੇ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ॥ ੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ॥ ਜਿਨੀੑ ਸੋ ਸਾਲਾਹਿਆ ਪਿਆਰੇ ਹਉ ਤਿਨੑ ਬਲਿਹਾਰੈ ਜਾਉ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ॥ ੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥ ੮॥ ੩॥ (੬੩੬)
॥ ਰਹਾਉ॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ॥ ੧॥ ਰਹਾਉ॥ ਹੇ ਮੇਰੇ ਪਿਆਰੇ ਪ੍ਰਭੂ, ਹਮੇਸ਼ਾ ਤੇਰੀ ਹੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ, ਤੇਰੀ ਹੀ ਵਡਿਆਈ ਕਰਨੀ ਚਾਹੀਦੀ ਹੈ। ਬੋਹਥ ਤੋਂ ਬਿਨਾ, ਜਹਾਜ਼ ਤੋਂ ਬਿਨਾ, ਡਰਾਉਣੇ ਸਮੁੰਦਰ ਵਿੱਚ ਡੁੱਬ ਜਾਈਦਾ ਹੈ, ਪਾਰਲਾ ਕੰਢਾ ਨਹੀਂ ਲੱਭ ਸਕਦਾ। ਸੰਸਾਰ ਸਮੁੰਦਰ, ਭਵ ਸਾਗਰ ਤੋਂ ਪਾਰ ਲੰਘਣ ਲਈ, ਤੇਰੀ ਸਿਫਤ-ਸਾਲਾਹ ਕਰਨੀ, ਤੇਰੀ ਰਜ਼ਾ ਵਿੱਚ ਚਲਣਾ ਹੀ ਉਹ ਜਹਾਜ਼ ਹੈ, ਜੋ ਜੀਵ ਦਾ ਪਾਰ-ਉਤਾਰਾ ਕਰ ਸਕਦਾ ਹੈ।

॥ ੧॥ ਜਿਨੀੑ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ॥ ਤਿਨਾੑ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ॥ ੧॥ ਜਿਨ੍ਹਾਂ ਨੇ ਸਤਿਗੁਰੁ, ਪ੍ਰਭੂ ਦੀ ਸੇਵਾ ਕੀਤੀ, (ਆਪਾਂ ਇਹ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਗੁਰ, ਸ਼ਬਦ ਗੁਰੂ ਦੀ ਸੇਵਾ, ਸ਼ਬਦ ਦੀ ਵਿਚਾਰ ਕਰਨਾ ਹੈ ਅਤੇ ਗੁਰੁ, ਪਰਮਾਤਮਾ ਦੀ ਸੇਵਾ, ਉਸ ਦੀ ਰਜ਼ਾ, ਉਸ ਦੇ ਹੁਕਮ ਵਿੱਚ ਚਲਣਾ ਹੈ) ਉਨ੍ਹਾਂ ਦੀ ਸੰਗਤ ਵਿੱਚ ਰਹਣ ਵਾਲੇ ਵੀ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਙ ਜਾਂਦੇ ਹਨ। ਜਿਨ੍ਹਾਂ ਦੀ ਰਸਨਾ ਤੇ ਪਰਮਾਤਮਾ ਦਾ ਅੰਮ੍ਰਿਤ ਮਈ (ਅਮਰ ਕਰ ਦੇਣ ਵਾਲਾ) ਨਾਮ ਰਹਿੰਦਾ ਹੈ, ਉਨ੍ਹਾਂ ਦੇ ਆਤਮਕ ਪੰਧ ਵਿਚ, ਵਿਕਾਰ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਉਂਦੇ।
(ਏਥੇ ਰਸਨਾ ਬਾਰੇ ਥੋੜ੍ਹਾ ਵਿਚਾਰ ਵੀ ਲਾਹੇਵੰਦ ਹੋਵੇਗਾ। ਰਸਨਾ ਦਾ ਮਤਲਬ ਹੈ, ਰਸ ਲੈਣ ਵਾਲੀ ਇੰਦਰੀ। ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ, ਜ਼ਬਾਨ, ਜੀਭ ਹੈ। ਸੁਣਨ, ਚੁਗਲੀ-ਨਿੰਦਾ, ਗਾਣਿਆਂ ਤੋਂ ਗੁਰਬਾਣੀ ਤਕ ਦਾ ਰਸ ਲੈਣ ਵਾਲੀ ਰਸਨਾ, ਕੰਨ ਹੈ। ਦੇਖਣ, ਪਰਾਏ ਤਨ ਤੋਂ ਕੁਦਰਤ ਦੀ ਸੁੰਦਰਤਾ ਤੱਕ ਦਾ ਰਸ ਲੈਣ ਵਾਲੀ ਰਸਨਾ, ਅੱਖ ਹੈ। ਵਾਸ਼ਨਾ, ਦੁਰਗੰਧ ਤੋਂ ਕੋਮਲ ਫੁੱਲਾਂ ਤਕ ਦੀ ਸੁਗੰਧੀ ਦਾ ਰਸ ਲੈਣ ਵਾਲੀ ਰਸਨਾ, ਨੱਕ ਹੈ। ਸਪਰਸ਼ ਦਾ ਰਸ ਲੈਣ ਵਾਲੀ ਰਸਨਾ, ਤਵਚਾ, ਚਮੜੀ ਹੈ। ਇਵੇਂ ਹੀ ਪਰਮਾਤਮਾ ਤੋਂ ਦੂਰੀ ਦੇ ਦੁੱਖ ਅਤੇ ਪਰਮਾਤਮਾ ਦੀ ਨੇੜਤਾ ਦਾ ਸੁਖ, ਆਤਮਕ ਆਨੰਦ ਦਾ ਰਸ ਮਾਨਣ ਵਾਲੀ ਰਸਨਾ ਹਿਰਦਾ ਹੈ। ਏਥੇ ਹਿਰਦੇ ਦੀ ਗੱਲ ਹੈ, ਜੀਭ ਦੀ ਨਹੀਂ। ਪਤਾ ਨਹੀਂ ਕਿਸ ਆਧਾਰ ਤੇ, ਕਿਸ ਆਸ਼ੇ ਨਾਲ, ਪੁਜਾਰੀ ਲਾਣੇ ਨੇ, ਜੀਭ ਨੂੰ ਹੀ ਪਰਮਾਤਮਾ ਦੀ ਨੇੜਤਾ ਦਾ ਆਨੰਦ ਮਾਨਣ ਵਾਲੀ ਰਸਨਾ ਮਿਥਿਆ ਹੋਇਆ ਹੈ ? ਸ਼ਾਇਦ ਇਸ ਕਾਰਜ ਦੀ ਸਿੱਧੀ ਲਈ ਕਿ ਜਦ ਤੱਕ ਸਿੱਖ ਦਾ ਗੁਰਬਾਣੀ ਉਚਾਰਨ ਨਾਲ ਹੀ ਸਬੰਧ ਰਹੇਗਾ, ਤਦ ਤੱਕ ਸਾਡੀ ਪੂਜਾ ਹੁੰਦੀ ਰਹੇਗੀ। ਜਦ ਸਿੱਖ ਹਿਰਦੇ ਤੋਂ ਗੁਰਬਾਣੀ ਨਾਲ ਜੁੜ ਜਾਵੇਗਾ, ਫਿਰ ਉਹ ਪਰਮਾਤਮਾ ਦੀ ਹੀ ਗੱਲ ਕਰੇਗਾ, ਸਾਡੇ ਕਰਮ ਕਾਂਡਾਂ ਦੀ ਨਹੀਂ।)
ਜਿਹੜੇ ਬੰਦੇ ਪਰਮਾਤਮਾ ਦੇ ਡਰ, ਨਿਰਮਲ ਭਉ ਤੋਂ ਸੱਖਣੇ ਰਹਿੰਦੇ ਹਨ, ਉਹ ਵਿਕਾਰਾਂ ਦੇ ਭਾਰ ਨਾਲ ਲੱਦੇ, ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ, ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਗਵਾ ਕੇ ਮੁੜ ਜਨਮ-ਮਰਨ ਦੇ ਗੇੜ ਵਿੱਚ ਪੈ ਜਾਂਦੇ ਹਨ। ਪਰ ਜਿਹੜੇ ਬੰਦੇ, ਉਸ ਪ੍ਰਭੂ ਦੇ ਡਰ-ਅਦਬ ਵਿੱਚ ਜੀਵਨ ਬਤੀਤ ਕਰਦੇ ਹਨ, ਪ੍ਰਭੂ ਉਨ੍ਹਾਂ ਤੇ ਬਖਸ਼ਿਸ਼ ਕਰ ਕੇ, ਉਨ੍ਹਾਂ ਨੂੰ ਪਾਰ ਲੰਘਾ ਦਿੰਦਾ ਹੈ। ਜਨਮ-ਮਰਨ ਦੇ ਗੇੜ ਤੋਂ ਮੁਕਤ ਕਰ ਦਿੰਦਾ ਹੈ।

॥ ੨॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ॥ ੨॥ ਹੇ ਪਿਆਰੇ ਮਿਤਰ, ਸਾਲਾਹੁਣ-ਜੋਗ ਪਰਮਾਤਮਾ ਦੀ ਹੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ, ਦੂਸਰਾ ਨਹੀਂ ਹੈ। ਜਿਹੜੇ ਬੰਦੇ ਪ੍ਰਭੂ ਦੀ ਹੀ ਸਿਫਤ-ਸਾਲਾਹ ਕਰਦੇ ਹਨ, ਉਹ ਹੀ ਭਲੇ ਹਨ ਭਾਗਾਂ ਵਾਲੇ ਹਨ, ਸ਼ਬਦ ਵਿਚਾਰ ਨਾਲ ਜੁੜਨ ਵਾਲਿਆਂ ਤੇ ਹੀ, ਪ੍ਰਭੂ ਦੇ ਪ੍ਰੇਮ ਦਾ ਰੰਗ ਚੜ੍ਹਦਾ ਹੈ। ਜੇ ਕਿਸੇ ਨੂੰ ਅਜਿਹੇ ਬੰਦੇ ਦੀ ਸੰਗਤ ਮਿਲ ਜਾਵੇ, ਤਾਂ ਉਹ ਇਸ ਸੰਗਤ (ਸਤਸੰਗ) ਵਿਚੋਂ ਹੀ, ਹਰੀ ਦੀ ਰਜ਼ਾ ਦਾ ਆਨੰਦ ਮਾਣਦਾ ਹੈ, ਉਸ ਸੰਗਤ ਵਿਚੋਂ ਹੀ ਪ੍ਰਭੂ ਦੀ ਭਾਲ ਕਰਦਾ ਹੈ।

॥ ੩॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ॥ ਗੁਰ ਬਿਨ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ॥ ੩॥ ਹੇ ਭਾਈ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਨੂੰ ਮਿਲਣ ਲਈ, ਪ੍ਰਭੂ ਦਾ ਨਾਮ, ਪ੍ਰਭੂ ਦੀ ਰਜ਼ਾ ਵਿੱਚ ਚਲਣਾ ਹੀ, ਰਾਹਦਾਰੀ ਅਤੇ ਰਾਹਦਾਰੀ ਤੇ ਲੱਗੀ, ਇਜ਼ਤ ਦਿਵਾਉਣ ਵਾਲੀ ਮੋਹਰ ਹੈ। ਉਸ ਹੁਕਮੀ (ਹੁਕਮ ਕਰਨ ਵਾਲੇ) ਦਾ ਹੁਕਮ ਪਛਾਣ। ਵਾਹਿਗੁਰੂ ਦਾ ਇਹੋ ਹੁਕਮ ਹੈ ਕਿ ਜਗਤ ਵਿੱਚ ਆਉਣ ਵਾਲੇ ਬੰਦੇ ਨੇ, ਏਥੇ ਪਰਮਾਤਮਾ ਨੂੰ ਮਿਲਣ ਦਾ ਉਪਰਾਲਾ ਕਰਨਾ ਹੈ। ਉਪਰਾਲੇ ਵਜੋਂ, ਪ੍ਰਭੂ ਦੇ ਹੁਕਮ ਵਿੱਚ ਚੱਲਣ ਦਾ ਪਰਵਾਨਾ, ਸਬੂਤ ਲਿਖ ਕੇ ਨਾਲ ਲੈ ਕੇ ਜਾਣਾ ਹੈ। ਪਰ ਕਰਤਾਰ ਦੇ ਹੁਕਮ ਬਾਰੇ ਸੋਝੀ, ਸ਼ਬਦ ਗੁਰੂ ਤੋਂ ਬਗੈਰ, ਹੋਰ ਕਿਸੇ ਕੋਲੋਂ ਹੋਣੀ ਸੰਭਵ ਨਹੀਂ ਹੈ। ਸ਼ਬਦ ਵਿਚਾਰ ਨਾਲ ਜੁੜਿਆਂ ਹੀ ਸੋਝੀ ਹੁੰਦੀ ਹੈ ਕਿ ਵਿਕਾਰਾਂ ਦੇ ਟਾਕਰੇ ਲਈ ਪ੍ਰਭੂ ਦੇ ਸਦੀਵੀ ਤਾਣ ਦੀ ਲੋੜ ਹੁੰਦੀ ਹੈ, ਜੋ ਸ਼ਬਦ ਦੀ ਸਿਖਿਆ ਅਨੁਸਾਰ, ਪ੍ਰਭੂ ਨਾਲ ਜੁੜਿਆਂ ਹੀ ਹਾਸਲ ਹੋ ਸਕਦਾ ਹੈ।

॥ ੪॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ॥ ੪॥ ਹੇ ਭਾਈ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਜੀਵ, ਮਾਤਾ ਦੀ ਕੁੱਖ ਵਿੱਚ ਪਰਵੇਸ਼ ਕਰਦਾ ਹੈ, ਹੁਕਮ ਅੰਦਰ ਹੀ ਓਥੇ ਨਿਸਚਿਤ ਸਮੇ ਲਈ ਟਿਕਿਆ ਰਹਿੰਦਾ ਹੈ। ਸਮਾ ਆਉਣ ਤੇ, ਹੁਕਮ ਅਨੁਸਾਰ ਹੀ ਉਲਟਾ, ਸਿਰ ਦੇ ਭਾਰ ਜਨਮ ਲੈਂਦਾ ਹੈ। ਇਹ ਸਾਰਾ ਕੁੱਝ ਕਿਸੇ ਮਨੋਰਥ ਦੀ ਪੂਰਤੀ ਲਈ ਹੀ ਹੁੰਦਾ ਹੈ, ਜਿਸ ਦੀ ਸੋਝੀ ਸ਼ਬਦ ਗੁਰੂ ਤੋਂ ਹਾਸਲ ਹੁੰਦੀ ਹੈ। ਜੋ ਬੰਦਾ ਗੁਰਮੁਖ ਹੋ ਕੇ, ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲ ਕੇ, ਉਸ ਜੀਵਨ-ਮਨੋਰਥ ਨੂੰ ਪੂਰਾ ਕਰ ਕੇ ਏਥੋਂ ਜਾਂਦਾ ਹੈ, ਉਹ ਹੀ ਪਰਮਾਤਮਾ ਦੀ ਦਰਗਾਹ ਵਿੱਚ ਜਾਣਿਆ ਜਾਂਦਾ ਹੈ, ਉਸ ਦੀ ਹੀ ਪੁੱਛ-ਪੜਤਾਲ, ਇਜ਼ਤ ਹੁੰਦੀ ਹੈ।

॥ ੫॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ॥ ਹੁਕਮੇ ਬੰਨਿੑ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ॥ ੫॥ ਹੇ ਸੱਜਣ, ਜੀਵ ਇਸ ਦੁਨੀਆ ਵਿਚ, ਪਰਮਾਤਮਾ ਦੇ ਹੁਕਮ ਅਨੁਸਾਰ ਹੀ ਆਉਂਦਾ ਹੈ ਅਤੇ ਹੁਕਮ ਅੰਦਰ ਹੀ ਇਸ ਸੰਸਾਰ ਤੋਂ ਚਲੇ ਜਾਂਦਾ ਹੈ। ਨਾ ਬੰਦਾ ਆਪਣੀ ਮਰਜ਼ੀ ਨਾਲ ਇਸ ਸੰਸਾਰ ਤੇ ਆਉਂਦਾ ਹੈ, ਨਾ ਹੀ ਆਪਣੀ ਮਰਜ਼ੀ ਨਾਲ ਇਸ ਸੰਸਾਰ ਤੋਂ ਜਾਂਦਾ ਹੈ। (ਜੋ ਅਜਿਹੀਆਂ ਗੱਪਾਂ ਮਾਰਦੇ ਹਨ, ਸਮਝ ਲਵੋ ਉਹ ਕਿਸੇ ਚਾਲ ਅਧੀਨ, ਝੂਠ ਬੋਲ ਰਹੇ ਹਨ। ਏਥੇ ਤਾਂ ਆਪਣੇ ਵਡੇਰਿਆਂ ਦੇ, ਆਪਣੀ ਮਰਜ਼ੀ ਨਾਲ ਆਉਣ ਅਤੇ ਜਾਣ ਦੇ ਗਪੌੜੇ ਹੀ ਨਹੀਂ ਸੁਣਾਏ ਜਾਂਦੇ ਬਲਕਿ, ਰੱਬ ਦੀ ਰਜ਼ਾ ਨੂੰ ਟਿੱਚ ਸਮਝਦਿਆਂ, ਦੂਸਰੇ ਮਰੇ ਹੋਏ ਬੰਦਿਆਂ ਅਤੇ ਜੀਵਾਂ ਨੂੰ ਵੀ ਉਨ੍ਹਾਂ ਵਲੋਂ ਜਿਊਂਦੇ ਕਰਨ ਦੀਆਂ ਗੱਪਾਂ ਦਾ ਵੀ ਕੋਈ ਘਾਟਾ ਨਹੀਂ ਹੈ।) ਜਿਹੜਾ ਮਨੁੱਖ, ਸ਼ਬਦ ਗੁਰੂ ਤੋਂ ਸਿਖਿਆ ਲੈਣ ਦੀ ਥਾਂ, ਆਪਣੇ ਮਨ ਦੇ ਕਹੇ ਵਿੱਚ ਚਲਦਾ ਹੈ, ਉਸ ਮਨਮੁਖਿ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ, ਇਸ ਸੰਸਾਰ ਤੋਂ ਬੰਨ੍ਹ ਕੇ ਤੋਰਿਆ ਜਾਂਦਾ ਹੈ ਅਤੇ ਉਹ ਸਜ਼ਾ ਪਾਉਂਦਾ ਹੈ, ਜਨਮ-ਮਰਨ ਦਾ ਗੇੜ ਭੋਗਦਾ ਹੈ। ਪ੍ਰਭੂ ਦੇ ਹੁਕਮ ਅਨੁਸਾਰ ਹੀ ਜਿਹੜਾ ਬੰਦਾ, ਸ਼ਬਦ ਵਿਚਾਰ ਆਸਰੇ, ਜੀਵਨ ਮਨੋਰਥ ਨੂੰ ਸਮਝ ਕੇ, ਉਸ ਅਨੁਸਾਰ ਜੀਵਨ ਢਾਲ ਲੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਸਤਿਕਾਰ ਨਾਲ ਜਾਂਦਾ ਹੈ।

॥ ੬॥ ਹੁਕਮੈ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ॥ ਹੁਕਮੁ ਸਿਞਾਪੇ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ॥ ੬॥ ਹੇ ਭਾਈ, ਪਰਮਾਤਮਾ ਦੇ ਹੁਕਮ ਅਨੁਸਾਰ ਹੀ ਕਿਤੇ ਮਾਇਆ ਦੀਆਂ ਗਿਣਤੀਆਂ-ਮਿਣਤੀਆਂ ਕੀਤੀਆਂ ਜਾ ਰਹੀਆਂ ਹਨ। ਉਸ ਦੇ ਹੁਕਮ ਵਿੱਚ ਹੀ ਕਿਤੇ ਹਉਮੈ ਅਤੇ ਕਿਤੇ ਦਵੈਤ ਭਾਵ ਪਸਰ ਰਿਹਾ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ ਕਿਤੇ ਕੋਈ ਮਾਇਆ ਦੀ ਖਾਤਰ ਭਟਕ ਰਿਹਾ ਹੈ, ਕਿਸੇ ਨੂੰ ਜੂਨੀਆਂ ਦੇ ਗੇੜ ਵਿੱਚ ਭਵਾਇਆ ਜਾ ਰਿਹਾ ਹੈ। ਕਿਤੇ ਆਪਣੇ ਅਵਗੁਣਾਂ ਕਰ ਕੇ ਠੱਗੇ ਹੋਏ ਮਨੁੱਖ ਰੋ ਰਹੇ ਹਨ, ਪਛਤਾਅ ਰਹੇ ਹਨ। ਜਿਸ ਮਨੁੱਖ ਨੂੰ ਸੱਚੇ ਸ਼ਾਹ, ਪ੍ਰਭੂ ਦੇ ਹੁਕਮ ਬਾਰੇ ਸੋਝੀ ਹੋ ਜਾਂਦੀ ਹੈ, ਉਸ ਨੂੰ ਸੱਚ, ਹਮੇਸ਼ਾ ਕਾਇਮ ਰਹਣ ਵਾਲਾ ਕਰਤਾਰ ਮਿਲ ਪੈਂਦਾ ਹੈ। ਉਸ ਦੀ ਲੋਕ ਅਤੇ ਪਰਲੋਕ ਵਿੱਚ ਵਡਿਆਈ ਹੁੰਦੀ ਹੈ।

॥ ੭॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ॥ ਜਿਨੀੑ ਸੋ ਸਾਲਾਹਿਆ ਪਿਆਰੇ ਹਉ ਤਿਨੑ ਬਲਿਹਾਰੈ ਜਾਉ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ॥ ੭॥ ਨਾਮ ਸਿਮਰਨਾ, ਪ੍ਰਭੂ ਦੇ ਹੁਕਮ ਵਿੱਚ ਚਲਣਾ, ਬੜਾ ਔਖਾ ਹੈ। ਮਾਇਆ ਦੇ ਪ੍ਰਭਾਵ ਹੇਠ, ਨਾ ਹੀ ਪ੍ਰਭੂ ਦਾ ਨਾਮ ਸੁਣਿਆ ਜਾ ਰਿਹਾ ਹੈ, ਨਾ ਹੀ ਪ੍ਰਭੂ ਦੀ ਰਜ਼ਾ ਬਾਰੇ ਸੋਝੀ ਹਾਸਲ ਕੀਤੀ ਜਾ ਰਹੀ ਹੈ। ਹੇ ਭਾਈ, ਮੈਂ ਉਨ੍ਹਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪ੍ਰਭੂ ਦੀ ਸਿਫਤ-ਸਾਲਾਹ ਕੀਤੀ ਹੈ, ਉਸ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਢਾਲਿਆ ਹੈ। ਮੇਰੀ ਇਹੀ ਚਾਹ ਹੈ ਕਿ ਮੈਨੂੰ ਵੀ ਨਦਰੀ, ਬਖਸ਼ਿਸ਼ ਕਰਨ ਵਾਲਾ, ਅਜਿਹੇ ਬੰਦਿਆਂ ਨਾਲ ਮੇਲੇ, ਤਾਂ ਜੋ ਮੈਂ ਉਨ੍ਹਾਂ ਨਾਲ ਮਿਲ ਕੇ, ਉਨ੍ਹਾਂ ਦੀ ਸੰਗਤ ਵਿੱਚ ਜੁੜ ਕੇ, ਪਰਮਾਤਮਾ ਦੀ ਰਜ਼ਾ ਬਾਰੇ ਸੋਝੀ ਹਾਸਲ ਕਰਾਂ, ਜਿਸ ਆਸਰੇ ਮੇਰਾ ਜੀਵਨ ਵੀ ਸੰਤੋਖੀ ਹੋ ਜਾਵੇ।

॥ ੮॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ॥ ੮॥ ੩॥ (੬੩੬)
ਹੇ ਭਾਈ, ਜੇ ਸਾਡਾ ਸਰੀਰ, ਕਾਗਜ਼ ਬਣ ਜਾਵੇ, ਮਨ ਨੂੰ ਸਿਆਹੀ ਵਾਲੀ ਦਵਾਤ ਸਮਝ ਲਿਆ ਜਾਵੇ, ਜੇ ਜੀਭ ਕਲਮ ਬਣ ਜਾਵੇ, ਅਰਥਾਤ ਜੋ-ਜੋ ਕੁੱਝ ਜ਼ਬਾਨ ਕਹਿੰਦੀ ਹੈ, ਉਹ ਖਾਲੀ ਕਹਿਣ ਤਕ ਹੀ ਸੀਮਤ ਨਾ ਰਹੇ, ਬਲਕਿ ਉਸ ਦੀ, ਮਨ ਨਾਲ ਇਕ-ਸੁਰਤਾ ਹੋ ਜਾਵੇ, ਅਤੇ ਦੋਵਾਂ ਦੇ ਸੁਮੇਲ ਨਾਲ, ਜੋ ਸਚ ਦੀ, ਪ੍ਰਭੂ ਦੀ ਗੱਲ ਹੋਵੇ, ਪ੍ਰਭੂ ਦੇ ਗੁਣਾਂ ਦੀ ਵਿਚਾਰ ਹੋਵੇ, ਉਨ੍ਹਾਂ ਗੁਣਾਂ ਨੂੰ ਵਿਚਾਰ-ਵਿਚਾਰ ਕੇ, ਅਕਲ ਦੀ ਕਸਵੱਟੀ ਤੇ ਚੰਗੀ ਤਰ੍ਹਾਂ ਪਰਖ ਕੇ ਸਰੀਰ ਦੇ ਕਾਗਜ਼ ਤੇ ਲਿਖਾਂ, ਸਰੀਰ ਉਸ ਵਿਚਾਰ ਅਨੁਸਾਰ ਕਰਮ ਕਰੇ। ਫਿਰ ਉਹ ਲਿਖਾਰੀ ਧੰਨ ਹੈ, ਜੋ ਪ੍ਰਭੂ ਦੇ ਹੁਕਮ ਦੇ ਉਨ੍ਹਾਂ ਵਿਚਾਰਾਂ ਨੂੰ ਆਪਣੇ ਹਿਰਦੇ ਵਿਚ, ਪੱਕੀ ਤਰ੍ਹਾਂ ਉੱਕਰ ਲੈਂਦਾ ਹੈ।
ਅਮਰ ਜੀਤ ਸਿੰਘ ਚੰਦੀ




.