.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 22)

ਅਖੌਤੀ ‘ਸ਼ਰਧਾ ਪੂਰਨ ਗ੍ਰੰਥ` ਦੇ ਗੁਮਨਾਮ ਲੇਖਕ ਵਲੋਂ ਜਪੁਜੀ ਦੀ ਇਕਵੀਂ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵ ਅਰਥ ਲਿਖ ਰਹੇ ਹਾਂ। (ਗੁਮਨਾਮ ਲੇਖਕ ਇਸ ਲਈ ਲਿਖ ਰਹੇ ਹਾਂ ਕਿ ਇਸ ਪੁਸਤਕ ਕਰਤਾ ਨੇ ਆਪਣਾ ਨਾਮ ਲਿਖਣ ਦੀ ਬਜਾਏ ਭਾਈ ਮਨੀ ਸਿੰਘ ਜੀ ਦਾ ਨਾਮ ਲਿਖਿਆ ਹੈ। ਲੇਖਕ ਨੇ ਨਿਮਰਤਾ ਵਸ ਅਜਿਹਾ ਨਹੀਂ ਕੀਤਾ ਬਲਕਿ ਇਸ ਪੁਸਤਕ ਵਿੱਚ ਲਿਖੀ ਮਨਮਤਿ ਨੂੰ ਮਾਨਤਾ ਦਿਵਾਉਣ ਦੀ ਭਾਵਨਾ ਨਾਲ ਲਿਖਿਆ ਹੈ। ਲੇਖਕ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂੰ ਹੈ ਕਿ ਜੇਕਰ ਉਹ ਆਪਣਾ ਨਾਮ ਲਿਖਦਾ ਹੈ ਤਾਂ ਸਿੱਖ ਸੰਗਤਾਂ ਨੇ ਇਸ ਲਿਖਤ ਨੂੰ ਮਾਨਤਾ ਨਹੀਂ ਦੇਣੀ।)
ਤੀਰਥੁ ਤਪੁ ਦਇਆ ਦਤੁ ਦਾਨੁ।। ਜੇ ਕੋ ਪਾਵੈ ਤਿਲ ਕਾ ਮਾਨੁ।। ਅਰਥ:-ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ- (ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।
ਸੁਣਿਆ ਮੰਨਿਆ ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ ਮਲਿ ਨਾਉ।। ਅਰਥ:- (ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ, (ਅਤੇ ਜਿਸ ਨੇ ਆਪਣੇ ਮਨ) ਵਿੱਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿੱਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।
ਸਭਿ ਗੁਣ ਤੇਰੇ ਮੈ ਨਾਹੀ ਕੋਇ।। ਵਿਣੁ ਗੁਣ ਕੀਤੇ ਭਗਤਿ ਨ ਹੋਇ।। ਸੁਅਸਤਿ ਆਥਿ ਬਾਣੀ ਬਰਮਾਉ।। ਸਤਿ ਸੁਹਾਣੁ ਸਦਾ ਮਨਿ ਚਾਉ।। ਅਰਥ:- (ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। (ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ), ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿੱਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ।। ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।। ਅਰਥ:- ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ।। ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ।। ਅਰਥ:- (ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ, ਜੇਕਰ ਉਨ੍ਹਾਂ ਨੂੰ ਇਸ ਦਾ ਪਤਾ ਹੁੰਦਾ ਤਾਂ ਉਨ੍ਹਾਂ ਨੇ (ਇਸ ਮਜ਼ਮੂਨ ਉੱਤੇ ਭੀ) ਇੱਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। ਅਰਥ:- (ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ।। ਨਾਨਕ ਆਖਣਿ ਸਭੁ ਕੋ ਆਖੈ ਇੱਕ ਦੂ ਇਕੁ ਸਿਆਣਾ।। ਅਰਥ:-ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ? ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ)।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।। ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ।। ੨੧।। ਅਰਥ:- ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ `ਤੇ ਜਾ ਕੇ ਆਦਰ ਨਹੀਂ ਪਾਂਦਾ।
ਭਾਵ:- ਜਿਸ ਮਨੁੱਖ ਨੇ ‘ਨਾਮ` ਵਿੱਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦੀ ਆਤਮਾ ਸੁੱਧ ਪਵਿੱਤਰ ਹੋ ਜਾਂਦੀ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ। ਨਾਹ ਪੰਡਤ, ਨਾਹ ਕਾਜ਼ੀ, ਨਾਹ ਜੋਗੀ, ਕੋਈ ਭੀ ਇਹ ਭੇਤ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ। ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ।
ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖਣ ਮਗਰੋਂ ਇਸ ਪੁਸਤਕ ਦੇ ਲੇਖਕ ਵਲੋਂ ਇਸ ਪਉੜੀ ਦੇ ਮਹਾਤਮ ਦੀ ਚਰਚਾ ਕਰ ਰਹੇ ਹਾਂ। ਲੇਖਕ ਲਿਖਦਾ ਹੈ ਕਿ, “ਇਸ ਪਉੜੀ ਦਾ ਨੌ ਹਜ਼ਾਰ (੯੦੦੦) ਪਾਠ ਵੀਰਵਾਰ ਤੋਂ ਆਰੰਭ ਕਰਕੇ ਪੰਦਰਾਂ ਦਿਨਾਂ ਵਿੱਚ ਕਰਨਾ। ਮਾਨ ਵਡਿਆਈ ਮਿਲੇ, ਸੁਰਗ ਦਾ ਸੁਖ ਪ੍ਰਾਪਤ ਹੋਵੇ। “
ਗੁਰਬਾਣੀ ਮਨੁੱਖ ਨੂੰ ਚੰਗਾ ਆਚਰਣ ਬਣਾਉਣ ਦੀ ਪ੍ਰੇਰਨਾ ਕਰਦਿਆਂ ਹੋਇਆਂ ਇਹ ਸਪਸ਼ਟ ਕਰਦੀ ਹੈ ਕਿ ਗੁਣਾਂ ਨਾਲ ਹੀ ਮਨੁੱਖ ਨੂੰ ਸਹੀ ਅਰਥਾਂ ਵਿੱਚ ਮਾਨ ਵਡਿਆਈ ਮਿਲਦੀ ਹੈ। ਜਾਂ ਇੰਜ ਆਖੀਏ ਗੁਣਾਂ ਕਾਰਨ ਮਿਲਿਆ ਹੋਇਆ ਮਾਨ ਹੀ ਅਰਥ-ਭਰਪੂਰ ਹੈ। ਪਰ ਲੇਖਕ ਮਨੁੱਖ ਨੂੰ ਸਦ ਗੁਣਾਂ ਦਾ ਧਾਰਨੀ ਹੋ ਕੇ ਅਜਿਹੀ ਮਾਨ ਵਡਿਆਈ ਨੂੰ ਹਾਸਲ ਕਰਨ ਦੀ ਪ੍ਰੇਰਨਾ ਦੇਣ ਦੀ ਬਜਾਏ ਕੇਵਲ ਤਾਂਤ੍ਰਿਕ ਵਿਧੀ ਨਾਲ ਇਸ ਪਉੜੀ ਦੇ ਗਿਣਤੀ ਦੇ ਕੁੱਝ ਦਿਨ ਪਾਠ ਕਰਨ ਨਾਲ ਹੀ ਮਾਨ ਵਡਿਆਈ ਮਿਲਣ ਦੀ ਗੱਲ ਕਰ ਰਿਹਾ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਪਾਸੋਂ ਵਡਿਆਈ ਦੀ ਕਾਮਨਾ ਕੀਤੀ ਗਈ ਹੈ, ਪਰੰਤੂ ਇਸ ਵਡਿਆਈ ਦਾ ਆਧਾਰ ਗੁਣਾਂ ਦੇ ਮਾਲਕ ਦੇ ਗੁਣਾਂ ਦੀ ਚਰਚਾ ਕਰਕੇ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੈ:
ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ।। ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ।। ਰਹਾਉ।। (ਪੰਨਾ ੬੦੭) ਅਰਥ: ਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼ (ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿੱਚ ਰੱਖ। ਰਹਾਉ।
ਗੁਰਬਾਣੀ ਤਾਂ ਮਨੁੱਖ ਨੂੰ ਇਹੋ ਜਿਹੀ ਮਾਨ ਵਡਿਆਈ ਹਾਸਲ ਕਰਨ ਲਈ ਉਤਸ਼ਾਹਤ ਕਰਦੀ ਹੈ।
ਪਰੰਤੂ ਜਿਸ ਮਾਨ ਵਡਿਆਈ ਦੀ ਲੇਖਕ ਗੱਲ ਕਰ ਰਿਹਾ ਹੈ, ਉਸ ਬਾਰੇ ਤਾਂ ਗੁਰੁਬਾਣੀ ਵਿੱਚ ਇਉਂ ਆਇਆ ਹੈ: ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ।। ਏਨੀ ਜਲੀਈਂ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ।। (ਪੰਨਾ ੧੨੯੦) ਅਰਥ: ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ। ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ ਨਾਲ ਨਹੀਂ ਜਾਂਦੀ। {ਭਾਵ, ਆਤਮਕ ਜੀਵਨ ਦੇ ਕੰਮ ਨਹੀਂ ਆਉਂਦੀ}
ਲੇਖਕ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਨਾਲ ਸੁਰਗ ਦੇ ਸੁਖ ਪ੍ਰਾਪਤ ਹੋਣ ਦੀ ਗੱਲ ਵੀ ਕਰ ਰਿਹਾ ਹੈ। ਪੁਸਤਕ ਕਰਤਾ ਨੇ ਸੁਰਗ ਦੇ ਸੁਖ ਦੀ ਗੱਲ ਕੀਤੀ ਹੈ ਪਰ ਸੁਰਗ ਵਿੱਚ ਮਿਲਣ ਵਾਲੇ ਸੁਖਾਂ ਦਾ ਵੇਰਵਾ ਨਹੀਂ ਦਿੱਤਾ। ਪਾਠਕਾਂ ਦੀ ਜਾਣਕਾਰੀ ਲਈ ਪੁਰਾਣ ਸਾਹਿਤ ਵਿੱਚ ਵਰਣਿਤ ਸੁਰਗ ਲੋਕ ਵਿੱਚ ਮਿਲਣ ਵਾਲੇ ਸੁਖਾਂ ਦੇ ਵੇਰਵੇ ਦਾ ਸੰਖੇਪ ਵਿੱਚ ਜ਼ਿਕਰ ਕਰ ਰਹੇ ਹਾਂ। ‘ਪਦਮ-ਪੁਰਾਣ` (ਸਵਰਗ-ਖੰਡ) ਵਿੱਚ ਸਵਰਗ ਦਾ ਵਰਣਨ ਕਰਦਿਆਂ ਲਿਖਿਆ ਗਿਆ ਹੈ ਕਿ,” ਇਸ ਵਿੱਚ ਬਹੁਤ ਸੁੰਦਰ ਬਾਗ਼ ਅਤੇ ਉਪਵਨ ਹਨ। ਹਰ ਪਾਸੇ ਫੁੱਲਾਂ ਨਾਲ ਲੱਦੇ ਬ੍ਰਿਛ ਲਹਿਰਾ ਰਹੇ ਹਨ। ਬੈਠਣ ਲਈ ਚਾਂਦੀ ਦੇ ਆਸਣ ਅਤੇ ਸੌਣ ਲਈ ਸੁਨਹਿਰੀ ਪਲੰਘ ਹਨ। ਰਹਿਣ ਲਈ ਸੁੰਦਰ ਮਹੱਲ ਹਨ, ਸੇਵਾ ਲਈ ਮਨਮੋਹਣੀਆਂ ਅਪਛਰਾਵਾਂ/ਅਪਸਰਾਂ ਹਨ। “
ਗੁਰਬਾਣੀ ਨੂੰ ਵਿਚਾਰ ਨਾਲ ਪੜ੍ਹਨ ਵਾਲਾ ਹਰੇਕ ਵਿਅਕਤੀ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਗ ਦੀ ਇਸ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਬਾਣੀ ਸੁਰਗ ਦੀ ਇਸ ਪ੍ਰਚਲਤ ਧਾਰਨਾ ਨੂੰ ਮੁੱਢੋਂ ਹੀ ਨਕਾਰਦੀ ਹੋਈ ਮਨੁੱਖ ਨੂੰ ਇਸ ਤੋਂ ਉਪਰ ਉਠਾਉਂਦੀ ਹੈ। ਗੁਰਬਾਣੀ ਵਿੱਚ ਭਾਵੇਂ ਸੁਰਗ ਸ਼ਬਦ ਕਈ ਥਾਂਈਂ ਆਇਆ ਹੈ ਪਰੰਤੂ ਕਿਧਰੇ ਵੀ ਸੁਰਗ ਸ਼ਬਦ ਪ੍ਰਚਲਤ ਧਾਰਨਾ ਦੀ ਸਵੀਕ੍ਰਿਤੀ ਦੇ ਰੂਪ ਨਹੀਂ ਆਇਆ ਹੈ। ਬਾਣੀ ਵਿੱਚ ਕੇਵਲ ਸੁਰਗ ਸ਼ਬਦ ਦੀ ਵਰਤੋਂ ਦੇਖ ਕੇ ਹੀ ਇਹ ਅੰਦਾਜ਼ਾ ਨਹੀਂ ਲਗਾ ਲੈਣਾ ਚਾਹੀਦਾ ਕਿ ਬਾਣੀਕਾਰਾਂ ਨੇ ਇਸ ਦੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਕੀਤਾ ਹੋਇਆ ਹੈ। ਜਿੱਥੇ ਵੀ ਇਹ ਸ਼ਬਦ ਆਇਆ ਹੈ, ਉਸ ਸ਼ਬਦ ਵਿਚੋਂ ਇਹ ਸਮਝਣ ਦੀ ਲੋੜ ਹੈ ਕਿ ਮੁੱਖ ਰੂਪ ਵਿੱਚ ਇੱਥੇ ਕੀ ਕਿਹਾ ਗਿਆ ਹੈ। ਜਿਵੇਂ ਜੈਤਸਰੀ ਕੀ ਵਾਰ ਵਿੱਚ ਗੁਰੂ ਸਾਹਿਬ ਫ਼ਰਮਾਂਉਂਦੇ ਹਨ:-
ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ।। ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ।। (ਪੰਨਾ ੭੦੭) ਅਰਥ: ਜੇ ਸੁਰਗ ਵਰਗੇ ਦੇਸ ਵਿੱਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ, ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ ਮਾਨੋ ਜੰਗਲ ਵਿੱਚ ਭਟਕ ਰਹੇ ਹਨ।
ਇਸ ਸ਼ਲੋਕ ਵਿੱਚ ਹਜ਼ੂਰ ਪ੍ਰਭੂ ਨਾਮ ਅਥਵਾ ਗੁਣਾਂ ਦੀ ਮਹਾਨਤਾ ਦਾ ਵਰਣਨ ਕਰਦਿਆਂ ਹੋਇਆਂ ਸਾਨੂੰ ਇਹ ਗੱਲ ਸਮਝਾ ਰਹੇ ਹਨ ਕਿ ਜੇਕਰ ਮਨੁੱਖ ਅਕਾਲ ਪੁਰਖ ਨੂੰ ਭੁਲਾ ਦੇਵੇ ਤਾਂ ਇਸ ਦੇ ਦੁਨਿਆਵੀ ਐਸ਼-ਇਸ਼ਰਤ ਅਤੇ ਪ੍ਰਾਪਤੀਆਂ ਦਾ ਕੋਈ ਮੁੱਲ ਨਹੀਂ ਹੈ। ਇਸ ਭਾਵ ਨੂੰ ਹੀ ਇਸ ਸ਼ਲੋਕ ਤੋਂ ਅਗਲੇ ਸ਼ਲੋਕ ਅਤੇ ਪਉੜੀ ਵਿੱਚ ਦੇਖਿਆ ਜਾ ਸਕਦਾ ਹੈ:
ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ।। ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ।। ੨।। ਅਰਥ: ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਯਾਦ ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ।
ਪਉੜੀ।। ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ।। ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ।। ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ।। ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ।। ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ।। ਅਰਥ: ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ, ਇਨ੍ਹਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ। ਇਸ ਲਈ ਇਨ੍ਹਾਂ ਦੀ ਖ਼ਾਤਰ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਝੱਲੇ ਹੋੲ ਫਿਰਦੇ ਹਨ, ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ। ਹੇ ਭਾਈ! ਮਨੁੱਖ ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ।)
ਸੋ, ਇਸ ਸ਼ਲੋਕ ਵਿੱਚ ਸਤਿਗੁਰੂ ਜੀ ਸੁਰਗ ਲੋਕ ਵਿੱਚ ਮਿਲਣ ਵਾਲੇ ਕਥਿਤ ਸੁਖਾਂ ਦੀ ਧਾਰਨਾ ਨੂੰ ਸਵੀਕਾਰਨ ਦੀ ਗੱਲ ਨਹੀਂ ਕਰ ਰਹੇ ਹਨ। ਹਜ਼ੂਰ ਤਾਂ ਕੇਵਲ ਗੁਰਬਾਣੀ ਦਾ ਸੱਚ ਸਮਝਾਉਣ ਲਈ ਸੁਰਗ ਦੇ ਸੁਖ ਸਬੰਧੀ ਪ੍ਰਲਚਤ ਧਾਰਨਾ ਦਾ ਹਵਾਲਾ ਦੇ ਕੇ ਪ੍ਰਭੂ ਨਾਮ ਦੀ ਮਹੱਤਾ ਹੀ ਦ੍ਰਿੜ ਕਰਵਾ ਰਹੇ ਹਨ। ਬਾਣੀਕਾਰਾਂ ਵਲੋਂ ਗੁਰਮਤਿ ਦ੍ਰਿੜ ਕਰਵਾਉਣ ਲਈ ਇਹ ਢੰਗ ਆਮ ਹੀ ਵਰਤਿਆ ਗਿਆ ਹੈ। ਚੂੰਕਿ ਉਹ ਲੋਕ ਜਿਨ੍ਹਾਂ ਨੂੰ ਬਾਣੀਕਾਰਾਂ ਨੇ ਗੁਰਮਤਿ ਦੀ ਜੀਵਨ-ਜੁਗਤ ਸਮਝਾਈ ਹੈ, ਉਹ ਭਿੰਨ ਭਿੰਨ ਧਰਮਾਂ ਦੇ ਪੈਰੋਕਾਰ ਸਨ। ਇਸ ਲਈ ਉਨ੍ਹਾਂ ਵਿੱਚ ਪ੍ਰਚਲਤ ਧਾਰਨਾਵਾਂ ਵਿਸ਼ਵਾਸਾਂ ਨਾਲ ਸਬੰਧਤ ਹਵਾਲੇ ਦੇ ਕੇ ਹੀ ਬਾਣੀਕਾਰਾਂ ਨੇ ਗੁਰਮਤਿ ਦਾ ਸੱਚ ਦ੍ਰਿੜ ਕਰਵਾਇਆ ਹੈ। ਗੁਰਬਾਣੀ ਪੁਰਾਣ ਸਾਹਿਤ ਵਿੱਚ ਵਰਣਿਤ ਸੁਰਗ ਲੋਕ ਵਿੱਚ ਮਿਲਣ ਵਾਲੇ ਸੁਖ-ਸੁਵਿਧਾਵਾਂ ਵਿੱਚ ਵਿਸ਼ਵਾਸ ਨਹੀਂ ਕਰਦੀ। ਇਸ ਲਈ ਪੁਸਤਕ ਕਰਤਾ ਦੀ ਕਲਪਣਾ ਪੁਰਾਣ ਲੇਖਕਾਂ ਦੇ ਸੁਰਗ ਲੋਕ ਦੇ ਸੁਖ ਤੋਂ ਵੱਧ ਕੁਛ ਨਹੀਂ ਹੈ। ਗੁਰਬਾਣੀ ਵਿੱਚ ਕਿਧਰੇ ਵੀ ਇਸ ਗੱਲ ਦਾ ਵਰਣਨ ਨਹੀਂ ਕੀਤਾ ਗਿਆ ਹੈ ਕਿ ਮਨੁੱਖ ਨੂੰ ਸੁਰਗ ਲੋਕ ਦੇ ਸੁਖ ਪ੍ਰਾਪਤ ਹੋਣਗੇ। ਗੁਰਬਾਣੀ ਵਿੱਚ ਜਦ ਸੁਰਗ ਲੋਕ ਦੀ ਹੋਂਦ ਨੂੰ ਹੀ ਨਹੀਂ ਮੰਨਿਆ ਗਿਆ ਤਾਂ ਇਸ ਵਿੱਚ ਮਿਲਦੇ ਸੁਖ ਦੀ ਗੱਲ ਆ ਵੀ ਕਿਵੇਂ ਸਕਦੀ ਹੈ।
ਸੋ, ਸਾਨੂੰ ਬਾਣੀ ਨੂੰ ਧਿਆਨ ਨਾਲ ਪੜ੍ਹਣ ਵਿਚਾਰਨ ਦੀ ਜ਼ਰੂਰਤ ਹੈ ਨਾ ਕਿ ਤਾਂਤ੍ਰਿਕ ਵਿਧੀਆਂ ਨਾਲ ਕਿਸੇ ਸ਼ਬਦ ਜਾਂ ਪਉੜੀ ਨੂੰ ਸਿੱਧ ਕਰਨ ਦੀ। ਇਸ ਤਰ੍ਹਾਂ ਕਰਨ ਨਾਲ ਨਾ ਤਾਂ ਕਿਸੇ ਨੇ ਪਹਿਲਾਂ ਕੁੱਝ ਹਾਸਲ ਕੀਤਾ ਹੈ ਅਤੇ ਨਾ ਹੀ ਭਵਿੱਖ ਵਿੱਚ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡਾ ਗੁਰਬਾਣੀ ਵਿਚਲੀ ਦਰਸਾਈ ਜੀਵਨ-ਜੁਗਤ ਵਿੱਚ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ ਨਾ ਕਿ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਅਨੁਸਾਰ ਪੜ੍ਹਣ ਦੀ ਪ੍ਰੇਰਨਾ ਕਰਨ ਵਾਲਿਆਂ ਦੀਆਂ ਕਲਪਣਾਵਾਂ `ਚ।
ਜਸਬੀਰ ਸਿੰਘ ਵੈਨਕੂਵਰ
.