.

ਮਰਯਾਦਾ
ਪਹਿਲੀ ਘਟਨਾ

ਚਲਾਣਾ ਕਰ ਗਏ ਬਜ਼ੁਰਗ਼ ਦੇ ਨਮਿੱਤ ਗੁਰਦੁਆਰੇ ਵਿੱਚ ਸਹਿਜ ਪਾਠ ਦੇ ਭੋਗ ਤੋਂ ਬਾਅਦ ਗ੍ਰੰਥੀ ਨੇ ਅਨਾਊਂਸ ਕੀਤਾ ਕਿ ਕੁੱਝ ਬੁਲਾਰਿਆਂ ਵਲੋਂ ਵਿਛੜੇ ਬਜ਼ੁਰਗ਼ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ। ਇਸ ਮਕਸਦ ਵਾਸਤੇ ਗੁਰਦੁਆਰੇ ਦੀ ਸਟੇਜ ਨਾ ਦਿੱਤੀ ਗਈ। ਇਕ ਸੇਵਾਦਾਰ ਨੇ ਮਾਈਕਰੋਫੋਨ ਸਟੈਂਡ ਸੰਗਤ ਵਿੱਚ ਹੀ ਲਿਆ ਰੱਖਿਆ। ਸਟੇਜ ਦੇ ਅੱਗੇ ਇੱਕ ਨੋਟਿਸ ਲੱਗਾ ਹੋਇਆ ਸੀ ਜਿਸ ਅਨੁਸਾਰ ਜੁਰਾਬਾਂ ਉਤਾਰ ਕੇ ਹੀ ਬੁਲਾਰੇ ਸਟੇਜ ਉੱਪਰ ਜਾ ਸਕਦੇ ਸਨ।
ਜਿਥੇ ਕੁ ਮਾਈਕਰੋਫੋਨ ਸਟੈਂਡ ਰੱਖਿਆ ਗਿਆ, ਸਟੇਜ ਉਥੋਂ ਦਸ ਬਾਰਾਂ ਫੁੱਟ ਦੀ ਦੂਰੀ `ਤੇ ਸੀ।
ਸਟੇਜ ਸਕੱਤਰ ਦੀ ਗ਼ੈਰਹਾਜ਼ਰੀ ਵਿੱਚ ਸਟੇਜ ਦੀ ਸੇਵਾ ਗ੍ਰੰਥੀ ਗੁਰੂ ਮਹਾਰਾਜ ਦੀ ਤਾਬਿਆ ਬੈਠਾ ਹੀ ਨਿਭਾ ਰਿਹਾ ਸੀ।
ਸ਼ਰਧਾਂਜਲੀ ਦੇਣ ਲਈ ਉਸ ਨੇ ਪਹਿਲੇ ਵਿਅਕਤੀ ਦਾ ਨਾਮ ਅਨਾਊਂਸ ਕੀਤਾ। ਬੁਲਾਰੇ ਨੇ ਮਾਈਕਰੋਫੋਨ `ਤੇ ਆ ਕੇ ਅਜੇ ਫਤਿਹ ਵੀ ਨਹੀਂ ਸੀ ਬੁਲਾਈ ਕਿ ਦਸ ਬਾਰਾਂ ਫੁੱਟ ਦੀ ਦੂਰੀ `ਤੇ ਤਾਬਿਆ ਬੈਠੇ ਗ੍ਰੰਥੀ ਨੇ ਬੜੇ ਕੁਰੱਖ਼ਤ ਲਹਿਜ਼ੇ ਵਿੱਚ ਬੁਲਾਰੇ ਨੂੰ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਕਿ ਉਹ ਪਹਿਲਾਂ ਆਪਣੀਆਂ ਜੁਰਾਬਾਂ ਉਤਾਰੇ ਤੇ ਫਿਰ ਹੀ ਸਟੇਜ `ਤੇ ਬੋਲੇ। ਹਾਜ਼ਰ ਸੰਗਤ ਹੈਰਾਨ ਸੀ ਕਿ ਸਟੇਜ ਤਾਂ ਉਥੋਂ ਦਸ ਬਾਰਾਂ ਫੁੱਟ ਦੂਰ ਸੀ, ਗ੍ਰੰਥੀ ਕਿਹੜੀ ਸਟੇਜ ਦੀ ਗੱਲ ਕਰ ਰਿਹਾ ਸੀ? ਕੁੱਝ ਸੱਜਣ ਇਸ ਬਾਰੇ ਕੁੱਝ ਕਹਿਣਾ ਚਾਹੁੰਦੇ ਹੋਏ ਵੀ ਮੌਕੇ ਦੀ ਨਜ਼ਾਕਤ ਨੂੰ ਜਾਣ ਕੇ ਚੁੱਪ ਹੀ ਰਹੇ।
ਬੁਲਾਰਾ ਵਿਚਾਰਾ ਪਾੜ ਉੱਪਰ ਫੜੇ ਗਏ ਚੋਰ ਵਾਂਗ ਸਹਿਮ ਗਿਆ ਤੇ ਉਹਨੇ ਕੰਬਦੇ ਹੋਏ ਹੱਥਾਂ ਨਾਲ ਆਪਣੀਆਂ ਜੁਰਾਬਾਂ ਉਤਾਰ ਕੇ ਉੱਥੇ ਹੀ ਮਾਈਕਰੋਫੋਨ ਸਟੈਂਡ ਦੇ ਕੋਲ ਰੱਖ ਦਿੱਤੀਆਂ।
ਜੁਰਾਬਾਂ `ਚੋਂ ਅਤੇ ਬੁਲਾਰੇ ਦੇ ਪੈਰਾਂ `ਚੋਂ ਉਡੀ ਬਦਬੂ ਨੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਆਪਣੇ ਆਪਣੇ ਨੱਕ ਬੰਦ ਕਰਨ ਲਈ ਮਜਬੂਰ ਕਰ ਦਿੱਤਾ।
ਗ੍ਰੰਥੀ ਖ਼ੁਸ਼ ਸੀ ਕਿ ਉਹਨੇ ਗੁਰਦੁਆਰੇ ਦੀ ਮਰਯਾਦਾ ਟੁੱਟਣੋਂ ਬਚਾ ਲਈ ਸੀ।

ਘਟਨਾ ਦੂਜੀ

ਗੁਰਦੁਆਰੇ ਵਿੱਚ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਵਾਲੀ ਸੀ। ਵੀਡੀਓ ਬਣਾਉਣ ਵਾਲਾ ਕੈਮਰਾਮੈਨ ਘੁੰਮ ਫਿਰ ਕੇ ਵੱਖ ਵੱਖ ਕੋਣਿਆਂ ਤੋਂ ਫਿਲਮ ਬਣਾ ਰਿਹਾ ਸੀ।
ਤਦੇ ਅਚਾਨਕ ਗੁਰਦੁਆਰੇ ਦੇ ਪ੍ਰਧਾਨ ਨੇ ਦੇਖਿਆ ਕਿ ਕੈਮਰਾਮੈਨ ਨੇ ਜੁਰਾਬਾਂ ਪਾਈਆਂ ਹੋਈਆਂ ਸਨ। ਉਸ ਨੇ ਇਸ਼ਾਰੇ ਨਾਲ ਕੈਮਰਾਮੈਨ ਨੂੰ ਕੋਲ ਬੁਲਾਇਆ ਤੇ ਜੁਰਾਬਾਂ ਉਤਾਰਨ ਲਈ ਕਿਹਾ। ਕੈਮਰਾਮੈਨ ਨੇ ਇੱਕ ਮਿੰਟ ਲਈ ਕੈਮਰਾ ਬੰਦ ਕਰ ਕੇ ਹੇਠਾਂ ਰੱਖਿਆ ਅਤੇ ਜੁਰਾਬਾਂ ਉਤਾਰ ਕੇ ਆਪਣੀ ਜੈਕਟ ਦੀਆਂ ਜੇਬਾਂ ਵਿੱਚ ਪਾ ਲਈਆਂ ਤੇ ਫਿਲਮ ਬਣਾਉਣ ਵਿੱਚ ਰੁੱਝ ਗਿਆ।
ਹੁਣ ਉਹ ਮੁਸ਼ਕ ਮਾਰਦੀਆਂ ਗੰਦੀਆਂ ਜੁਰਾਬਾਂ ਜੇਬਾਂ `ਚ ਪਾਈ ਪਾਲਕੀ ਦੇ ਆਲੇ ਦੁਆਲੇ ਘੁੰਮ ਕੇ ਲਾਵਾਂ ਦੀ ਫਿਲਮ ਬਣਾ ਰਿਹਾ ਸੀ ਤੇ ਗੰਦੀਆਂ ਜੁਰਾਬਾਂ ਦੀ ਬਦਬੂ ਚਾਰੇ ਪਾਸੇ ਖ਼ਿਲਾਰ ਰਿਹਾ ਸੀ ਪਰ ਵਿਆਂਦ੍ਹੜ ਜੋੜੀ ਜੁਰਾਬਾਂ ਸਣੇ ਹੀ ਪ੍ਰਕਰਮਾ ਕਰ ਰਹੀ ਸੀ।
ਪ੍ਰਧਾਨ ਮਰਯਾਦਾ ਪਰਸ਼ੋਤਮ ਬਣਿਆ ਧੌਣ ਅਕੜਾਈ ਬੈਠਾ ਸੀ ਕਿ ਉਸ ਨੇ ਗੁਰਦੁਆਰੇ ਦੀ ਮਰਯਾਦਾ ਟੁੱਟਣੋਂ ਬਚਾ ਲਈ ਸੀ।

ਨਿਰਮਲ ਸਿੰਘ ਕੰਧਾਲਵੀ
.