.

ੴਸਤਿਨਾਮ

ਕਉਣ ਮਾਸ ਕਉਣ ਸਾਗ ਕਹਾਵੈ

(ਭਾਗ ਪਹਿਲਾ)

ਇਕ ਦਿਨ ਮੇਰੀ ਤਬੀਅਤ ਕੁੱਝ ਜਿਆਦਾ ਖਰਾਬ ਸੀ, ਇਸ ਵਾਸਤੇ ਬਿਸਤਰੇ ਵਿੱਚ ਲੇਟਿਆ ਹੋਇਆ ਸੀ। ਕੋਈ ਹੋਰ ਕੰਮ ਤਾਂ ਕਰ ਨਹੀਂ ਸੀ ਸਕਦਾ, ਸੋ ਬਿਸਤਰੇ ਵਿੱਚ ਲੇਟਿਆ ਲੇਟਿਆ ਹੀ ਲੈਪਟੌਪ ਲੈ ਕੇ ਸਿੱਖ ਮਾਰਗ ਦੇ ਮੁੱਖ ਪੰਨੇਂ ਦੀ ਲੇਖਾਂ ਵਾਲੀ ਲਿਸਟ ਫਰੋਲਣ ਲੱਗਾ। ਇੱਕ ਡਾ: ਵੀਰ, ਸ: ਅਮਰਜੀਤ ਸਿੰਘ ਜੀ ਟਾਂਡਾ ਦਾ ਮਾਸ ਸਬੰਧੀ ਲਿਖਿਆ ਲੇਖ ਪੜ੍ਹ ਰਿਹਾ ਸੀ। ਇੱਕ ਛੋਟੇ ਜਿਹੇ ਲੇਖ ਵਿਚ, ਮਾਸ ਸਬੰਧੀ ਉਹਨਾਂ ਨੇਂ ਕਾਫੀ ਸੁਹਿਰਦਤਾ ਨਾਲ, ਆਪਣੇਂ ਫੁਲਾਂ ਵਰਗੇ ਵਿਚਾਰ ਲਿਖੇ ਹਨ। ਉਸ ਦਿਨ ਮਾਸ ਸਬੰਧੀ ਮੈਂ ਕੁੱਝ ਹੋਰ ਵੀ ਵਿਦਵਾਨ ਲਿਖਾਰੀਆਂ ਦੇ ਲੇਖ ਪੜ੍ਹੇ ਸਨ। ਅੱਜ ਮੈਂ ਕੁੱਝ ਠੀਕ ਸੀ, ਅਤੇ ਐਤਵਾਰ ਦਾ ਦਿਨ ਸੀ, ਇਸ ਵਾਸਤੇ ਮਾਸ ਦੇ ਵਿਸ਼ੇ ਬਾਰੇ ਆਪਣੇਂ ਵਿਚਾਰ ਲਿਖਣ ਲੱਗਾ। ਹਰ ਪਾਸੇ ਮਾਸ ਦਾ ਹੀ ਪਸਾਰਾ ਹੈ, ਮਾਸ ਦਾ ਹੀ ਝਗੜਾ ਹੈ। ਮਨਮ ਤੋਂ ਪਹਿਲੇ ਵੀ, ਅਤੇ ਜਨਮ ਲੈਣ ਤੋਂ ਲੈ ਕੇ, ਮੌਤ ਤੱਕ ਇਨਸਾਨ ਦਾ ਮਾਸ ਨਾਲ ਹੀ ਵਿਹਾਰ ਹੈ। ਮਾਸ ਦਾ ਝਗੜਾ ਆਦਿ ਤੋਂ ਚਲਿਆ ਆ ਰਿਹਾ ਹੈ। ਮਾਸ ਦੇ ਝਗੜੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ, ਗੁਰੂ ਨਾਨਕ ਦੇਵ ਜੀ ਨੇਂ ਦੋ ਸਬਦਾਂ ਦੁਆਰਾ ਸਾਨੂੰ ਸਮਝਾਇਆ ਹੈ, ਪਰ ਝਗੜਾ (ਭੁਲੇਖਾ) ਫਿਰ ਵੀ ਜਾਰੀ ਹੈ।

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨ ਨਹੀ ਜਾਣੈ। ੧੨੮੯ ਮੈਂ ਸੋਚ ਰਿਹਾ ਸੀ, ਕਿ ਗੁਰੂ ਜੀ ਨੇ ਇਹ ਜੋ ਮਾਸ ਦੇ ਝਗੜੇ ਬਾਰੇ ਲਿਖਿਆ ਹੈ, ਇਸ ਝਗੜੇ ਬਾਰੇ ਲਿਖਣ ਦਾ ਉਹਨਾਂ ਦਾ ਅਸਲ ਮਕਸਦ ਕੀ ਸੀ। ਕੀ ਇਹ ਮਾਸ ਦੇ ਝਗੜੇ ਦੇ ਹੱਲ ਦੇ (ਗਿਆਨ) ਵਾਸਤੇ ਲਿਖਿਆ ਹੈ, ਜਾਂ ਇਹ ਇਸ ਗੱਲ ਦੀ ਤਾਈਦ ਵਿੱਚ ਲਿਖ ਦਿਤਾ ਹੈ, ਕੇ ਇਸ ਝਗੜੇ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਹੈ, ਕਿਸੇ ਨੂੰ ਵੀ ਕੁੱਝ ਪਤਾ ਨਹੀਂ ਹੈ। ਸੱਭ ਮੂਰਖਾਂ ਵਾਂਗ ਝਗੜਦੇ ਹਨ। ਅਤੇ ਸਿਰਫ ਇਹ ਕਹਿ ਕੇ ਗੱਲ ਮੁਕਾ ਦਿੱਤੀ ਹੈ, ਕਿ ਮਾਸ ਖਾਣ ਵਿੱਚ ਕੋਈ ਪਾਪ ਨਹੀਂ, ਮਾਸ ਅਤੇ ਸਾਗ ਇਕੋ ਹੀ ਚੀਜ ਹੈ।

ਬੇਸ਼ੱਕ ਉਹਨਾਂ ਨੇਂ (ਗੁਰੂ ਜੀ ਨੇਂ) ਮਾਸ ਖਾਣ ਜਾਂ ਨਾਂ ਖਾਣ ਬਾਰੇ ਸਪੱਸ਼ਟ ਸ਼ਬਦਾਂ ਵਿੱਚ ਕੁੱਝ ਨਹੀਂ ਲਿਖਿਆ, (ਲਿਖਿਆ ਤਾਂ ਬਿਲਕੁਲ ਸਪਸ਼ਟ ਹੋਇਆ ਹੈ, ਪਰ ਜੇ ਸਾਨੂੰ ਹੀ ਗਿਆਨ ਨਾਂ ਹੋਵੇ ਤਾਂ ਇਸ ਵਿੱਚ ਗੁਰੂ ਜੀ ਦਾ ਕੀ ਦੋਸ਼) ਪਰ ਐਸਾ ਵੀ ਨਹੀਂ ਹੋ ਸੱਕਦਾ ਕੇ ਗੁਰੂ ਜੀ ਨੇਂ, ਇਹ ਭੁਲੇਖਾ ਦੂਰ ਨਾਂ ਕੀਤਾ ਹੋਵੇ। ਗੁਰੂ ਨਾਨਕ ਜੀ ਕਹਿ ਰਹੇ ਹਨ, ਮੂਰਖਾਂ ਨੇਂ ਮਾਸ ਦਾ ਝਗੜਾ ਪਾਇਆ ਹੋਇਆ ਹੈ, ਇਸ ਝਗੜੇ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਹੈ, ਕਿ ਕੀ ਪਾਪ ਹੈ ਤੇ ਕੀ ਪੁੰਨ ਹੈ।

ਮਾਸ ਦਾ ਇਹ ਝਗੜਾ ਅੱਜ ਵੀ ਚੱਲ ਰਿਹਾ ਹੈ। ਚਲੋ ਮੰਨ ਲਿਆ ਕਿ ਮਾਸ ਖਾਣ ਬਾਰੇ ਤਾਂ ਉਹਨਾਂ ਨੇਂ ਸਾਫ ਲੱਫਜ਼ਾਂ ਵਿੱਚ ਬਾਣੀਂ ਵਿੱਚ ਕੁੱਝ ਨਹੀਂ ਕਿਹਾ/ਲਿਖਿਆ ਹੈ, (ਵੈਸੇ ਸਮਝਦਾਰ ਵਾਸਤੇ ਤਾਂ ਇਸ਼ਾਰਾ ਹੀ ਬਹੁਤ ਹੁੰਦਾ ਹੈ) ਇਸ ਵਾਸਤੇ ਇਹ ਝਗੜਾ ਜਾਰੀ ਹੈ। ਪਰ ਕੀ ਸਾਰੀ ਬਾਣੀਂ ਵਿੱਚ ਹੀ, ਗੁਰੂ ਜੀ ਨੇਂ ਕੋਈ ਐਸੀ ਇੱਕ ਅੱਧੀ ਗੱਲ ਵੀ ਲਿਖੀ ਹੈ! ਜਿਸ ਨਾਲ, ਜਾਂ ਜਿਸ ਨੂੰ ਮੰਨ, ਕੇ ਸਾਰਾ ਨਹੀਂ ਤਾਂ ਸਾਡਾ ਕੋਈ ਇੱਕ ਅੱਧਾ ਝਗੜਾ ਹੀ ਖਤਮ ਹੁੰਦਾ ਹੋਵੇ। ਕੀ ਕੋਈ ਵੀਰ ਐਸਾ ਕੋਈ ਪ੍ਰਮਾਣ ਦੇ ਸੱਕਦਾ ਹੈ, ਕਿ ਬਾਣੀਂ ਦੁਆਰਾ ਅੱਜ ਤੱਕ ਕੋਈ ਇੱਕ ਅੱਧਾ ਹੀ ਝਗੜਾ, ਕਦੇ ਕਿਤੇ ਹੱਲ ਹੋਇਆ ਹੋਵੇ। ਮੈਂ ਤਾਂ ਆਪਨੀਂ ਯਾਦਾਸ਼ਤ ਤੇ ਬਹੁਤ ਹੀ ਜੋਰ ਦਿੱਤਾ, ਪਰ ਮੈਨੂੰ ਐਸਾ ਕੋਈ ਵੀ ਸਬੂਤ ਜਾਂ ਨੁਕਤਾ, ਜਾਂ ਝੱਗੜੇ ਦਾ ਹੱਲ, ਪੱੜ੍ਹਨ ਜਾਂ ਸੁਣਨ ਨੂੰ ਨਹੀਂ ਮਿਲਿਆ।

ਐਸਾ ਨਹੀਂ ਲੱਗਦਾ ਕੇ ਗੁਰੂ ਜੀ ਨੇਂ ਸਾਰੀ ਦੀ ਸਾਰੀ ਬਾਣੀਂ, ਲਿਖੀ ਹੀ ਸਿਰਫ ਝਗੜਾ ਕਰਨ ਵਾਸਤੇ ਹੈ। ਮਾਸ ਦੀ ਤਾਂ ਗੱਲ ਹੀ ਛੱਡੋ, ਬਾਣੀਂ ਦੀ ਐਸੀ ਕਿਹੜੀ ਤੁਕ ਹੈ, ਜਿਸ ਦਾ ਅਸੀਂ ਝਗੜਾ ਨਹੀਂ ਕਰਦੇ। ਕੋਈ ਵੀਰ, ਵਿਦਵਾਨ ਜਾਂ ਪ੍ਰਚਾਰਕ ਸਾਰੀ ਬਾਣੀਂ ਵਿਚੋਂ, ਕੋਈ ਇੱਕ ਅੱਧੀ ਐਸੀ ਤੁਕ ਦੱਸ ਸੱਕਦਾ ਹੈ, ਜਿਸ ਦਾ ਝਗੜਾ ਨਾਂ ਹੋਵੇ, ਅਤੇ ਜਿਸ ਤੇ ਸਾਰੇ ਸਹਿਮਤ ਹੋਣ। ਕੋਈ ਵਿਦਵਾਨ ਜਾਂ ਕੋਈ ਪ੍ਰਚਾਰਕ ਵੀਰ ਸਾਰੀ ਬਾਣੀਂ ਵਿਚੋਂ, ਕੋਈ ਇੱਕ ਵੀ ਐਸੀ ਪੰਗਤੀ ਦੱਸ ਸੱਕਦਾ ਹੈ, ਜਿਸ ਨੂੰ ਉਹ ਆਪ ਮੰਨਦਾ ਹੋਏ। ਸਿਰਫ ਅਤੇ ਸਿਰਫ ਇੱਕ ਪੰਗਤੀ।

ਮੇਰਾ ਵਿਚਾਰ ਹੈ, ਕਿਉਂ ਨਾਂ ਪਹਿਲੇ ਮਾਸ ਦੇ ਵਿਸ਼ੇ ਤੇ ਦੁੱਧ ਦਾ ਦੁੱਧ ਤੇ ਪਾਣੀਂ ਦਾ ਪਾਣੀਂ ਕਰ ਲਿਆ ਜਾਵੇ। ਤਾਂ ਜੋ ਬਾਕੀ ਬਾਣੀਂ ਦਾ ਵੀ ਸਾਨੂੰ ਆਪੇ ਹੀ ਪਤਾ ਲੱਗ ਜਾਵੇ, ਕੇ ਅਸੀਂ ਬਾਣੀਂ ਨੂੰ ਕਿੰਨਾਂ ਕੂ ਮੰਨਦੇ ਹਾਂ, ਅਤੇ ਕਿੰਨਾਂ ਕੂ ਸਮਝਦੇ ਹਾਂ।

ਦੁਬਾਰਾ ਮਾਸ ਦੇ ਵਿਸ਼ੇ ਤੇ ਆਉਂਦੇ ਹਾਂ। ਪਰ ਐਸਾ ਤੇ ਨਹੀਂ ਹੋਣਾਂ ਚਾਹੀਦਾ ਕੇ ਗੁਰੂ ਜੀ ਇਸ ਝਗੜੇ ਦਾ ਕੋਈ ਪੱਕਾ ਹੱਲ ਕਰਨ, ਜਾਂ ਇਸਦੇ ਹੱਲ ਵਾਸਤੇ ਕੋਈ ਸਪਸ਼ਟ ਫੈਸਲਾ ਦੇਣ ਤੋਂ ਅਸਮਰੱਥ ਹੋਣ। ਅਤੇ ਇਸ ਦਾ ਕੋਈ ਪੱਕਾ ਹੱਲ ਬਗੈਰ ਹੀ ਇਹ ਮਸਲਾ ਸਾਡੇ ਝਗੜਨ ਵਾਸਤੇ ਛੱਡ ਗਏ ਹੋਣ। ਇਹ ਤੇ ਉਹ ਗੱਲ ਹੋ ਗਈ, ਜਿਵੇਂ ਕੇ ਅੱਜ ਸਾਰੇ ਲਿਖਾਰੀ ਹੀ ਕਹਿੰਦੇ ਹਨ, ਇਹ ਨਾਂ ਕਰੋ, ਉਹ ਨਾਂ ਕਰੋ, ਪਰ ਕਰਨਾਂ ਕੀ ਹੈ, ਇਹ ਕੋਈ ਨਹੀਂ ਦੱਸਦਾ। ਇਹ ਵੀ ਗਲਤ ਹੈ, ਉਹ ਵੀ ਗਲਤ ਹੈ, ਪਰ ਠੀਕ ਕੀ ਹੈ, ਇਹ ਕੋਈ ਵੀ ਨਹੀਂ ਦੱਸਦਾ। ਇਹ ਵੀ ਬ੍ਰਾਹਮਵਾਦ ਹੈ, ਉਹ ਵੀ ਬ੍ਰਾਹਮਣਵਾਦ ਹੈ, ਪਰ ਗੁਰਮਤਿ ਕੀ ਹੈ! ਇਹ ਕੋਈ ਵੀ ਨਹੀਂ ਦੱਸਦਾ। ਕੀ ਇਸੇ ਤਰਾਂ ਗੁਰੂ ਨਾਨਕ ਜੀ ਨੇਂ ਵੀ, ਇਸ ਝਗੜੇ ਦਾ ਕੋਈ ਹੱਲ ਨਹੀਂ ਦੱਸਿਆ, ਜਿਸ ਤੋਂ ਕਿ ਪਤਾ ਲੱਗ ਸਕੇ, ਕਿ ਗੁਰੂ ਜੀ ਮਾਸ ਖਾਣ ਦੇ ਹੱਕ ਵਿੱਚ ਹਨ ਜਾਂ ਨਹੀਂ। ਕੀ ਗੁਰੂ ਜੀ ਨੇਂ ਇਸ ਬਾਰੇ ਆਪਣਾਂ ਕੋਈ ਇੱਕ ਟੁਕ ਫੈਸਲਾ ਨਹੀਂ ਸੁਨਾਇਆ? ਆਪਣੇਂ ਕੋਈ ਵਿਚਾਰ ਨਹੀਂ ਲਿਖੇ? ਕਿਉਂ ਕੇ ਸਾਰੇ ਹੀ ਲਿਖਾਰੀ ਆਪਣੇਂ ਹੀ ਵਿਚਾਰ, ਜਾਂ ਆਪਣੇਂ ਹੀ ਫੈਸਲੇ ਸੁਣਾ ਰਹੇ ਹਨ। ਆਪਣੇਂ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ. ਕਈ ਲਿਖਾਰੀ ਤਾਂ ਇਹ ਵੀ ਲਿਖਦੇ ਹਨ, ਕੇ ਗੁਰੂ ਜੀ ਤਾਂ, ਕਈ ਸਦੀਆਂ ਪਹਿਲੇ ਹੀ ਇਸ ਫੈਸਲੇ ਤੇ ਮੋਹਰ ਲਾਂ ਦਿਤੀ ਹੈ। ਪਰ ਗੁਰੂ ਨਾਨਕ ਜੀ ਦੀ ਮੋਹਰ ਕਿਹੜੀ ਹੈ? । ਕੋਈ ਕਹਿੰਦਾ ਹੈ ਮਾਸ ਖਾ ਲੈਣਾਂ ਚਾਹੀਦਾ ਹੈ, ਕੋਈ ਕਹਿੰਦਾ ਹੈ ਮਾਸ ਨਹੀਂ ਖਾਣਾਂ ਚਾਹੀਦਾ। ਕੀ ਗੁਰੂ ਜੀ ਨੇਂ ਇਸ ਝਗੜੇ ਬਾਰੇ ਆਪਣਾਂ ਸੱਚਮੁਚ ਹੀ ਕੋਈ ਸਪਸ਼ਟ ਫੈਸਲਾ ਨਹੀਂ ਦਿੱਤਾ? ।

ਨਹੀਂ! ਐਸਾ ਨਹੀਂ ਹੋ ਸੱਕਦਾ, ਗੁਰੂ ਜੀ ਦਾ ਫੈਸਲਾ, ਉਪਦੇਸ਼ ਜਾਂ ਹੁਕਮ ਜਾਂ ਵਿਚਾਰ ਸਾਡੇ ਵਾਂਗ ਦੋਗਲੇ ਜਾਂ ਆਪਾ ਵਰੋਧੀ ਜਾਂ ਕੱਚੇ ਨਹੀਂ ਹੋ ਸਕਦੇ। ਪੱਕਾ ਫੈਸਲਾ ਇੱਕ ਹੀ ਹੋਵੇ ਗਾ। ਪਰ ਵੇਖਣਾਂ ਇਹ ਹੈ ਕਿ ਉਹਨਾਂ ਦਾ ਅਸਲ ਹੁਕਮ ਮਾਸ ਖਾਣ ਦੇ ਹੱਕ ਵਿੱਚ ਹੈ, ਜਾਂ ਮਾਸ ਖਾਣ ਦੇ ਵਿਰੋਧ ਵਿੱਚ ਹੈ।

ਇਕ ਬਹੁਤ ਹੀ ਉੱਘੇ ਵਿਦਵਾਨ ਲਿਖਾਰੀ (ਜੋ ਸੱਭ ਤੋਂ ਵੱਧ ਗੁਰਬਾਣੀਂ ਦਾ ਵਿਖਿਆਨ ਕੀਤਾ/ ਕਰ ਰਹੇ ਹਨ) ਨੇਂ ਆਪਣੇਂ ਇੱਕ ਲੇਖ ਵਿੱਚ ਮਾਸ ਬਾਰੇ ਬਹੁਤ ਹੀ ਵਿਸਥਾਰ ਨਾਲ ਲਿਖਿਆ ਹੈ, ਕਿ ਕਿਵੇਂ ਜੀਵਾਂ ਨੂੰ ਜੀਵ ਖਾਂਦੇ ਹਨ, (ਭਾਵ ਮਾਸ ਨੂੰ ਮਾਸ ਖਾਈ ਜਾਂਦਾ ਹੈ) ਇਸ ਤੋਂ ਬਿਨਾਂ ਗੁਜਾਰਾ ਹੀ ਨਹੀਂ ਹੈ। ਇਸ ਦਾ ਕੀ ਮਤਲਬ ਲਿਆ ਜਾਵੇ, ਕਿ ਮਾਸ ਖਾਣਾਂ ਸਾਡੀ ਮਜਬੂਰੀ ਹੈ, ਜਾਂ ਮਾਸ ਖਾਣਾਂ ਗੁਰੂ ਨਾਨਕ ਜੀ ਦਾ ਹੁਕਮ ਹੈ। ਉਹ ਵਿਦਵਾਨ ਵੀਰ ਲਿਖਦੇ ਹਨ, ਕੇ ਸੰਸਾਰ ਵਿੱਚ ਇੱਕ ਵੀ ਅਜੇਹਾ ਮਨੁੱਖ ਨਹੀਂ ਹੈ, ਜੋ ਇਹ ਸਾਬਤ ਕਰ ਸਕੇ, ਕੇ ਇੱਕ ਸ਼ਰੇਣੀ ਦਾ ਜੀਵ ਕਿਸੇ ਦੂਸਰੀ ਸ਼ਰੇਣੀਂ ਦੇ ਜੀਵ ਦੇ ਮਾਸ (ਖਾਣ) ਤੇ ਨਿਰਭਰ ਨਹੀਂ ਹੈ। ਇਸ ਵਾਸਤੇ ਮਾਸ ਖਾਣ ਵਿੱਚ ਕੋਈ ਪਾਪ ਨਹੀ। (ਅਗਰ ਇਸ ਤਰਾਂ ਵੀ ਹੈ, ਤਾਂ ਕੀ ਮਾਸ ਖਾਣਾਂ, ਬਿਲਕੁਲ ਹੀ ਪਾਪ ਨਹੀਂ ਹੈ।) ਕਿਉਂ ਕੇ ਮਾਸ ਖਾਣ ਦੇ ਹੱਕ ਵਿੱਚ ਇੱਕ ਤਰਾਂ ਨਾਲ ਉਹਨਾਂ ਦਾ ਇਹ ਅੰਤਿਮ ਫੈਸਲਾਂ ਹੀ ਹੈ। ਅਤੇ ਬਹੁ ਮੱਤ ਸਿੱਖ ਇਸ ਫੈਸਲੇ ਨਾਲ ਸਹਿਮਤ ਹਨ।

ਅੰਡਰ ਲਾਈਨ ਵਾਲੀ ਉਹਨਾਂ ਦੀ ਇਹ ਗੱਲ ਬਿਲਕੁਲ ਠੀਕ ਹੈ, ਬਲਿਕੇ ਮੈਂ ਤਾਂ ਇਹ ਕਹਿੰਦਾ ਹਾਂ, ਕੇ ਕੋਈ ਮਨੁੱਖ ਤਾਂ ਕੀ, ਖੁਦ ਰੱਬ ਵੀ ਉਹਨਾਂ ਦੀ ਇਸ ਗੱਲ ਨੂੰ ਗਲਤ ਸਾਬਿਤ ਨਹੀਂ ਕਰ ਸੱਕਦਾ। ਮੈਂ ਜਨਮ ਤੋਂ ਹੀ ਆਪਣੇਂ ਆਪ ਨੂੰ ਸ਼ਾਕਾਹਾਰੀ ਮੰਨਦਾ ਹਾਂ, ਪਰ ਮੈਂ ਮਾਸ ਤੋਂ ਬਿਨਾਂ ਅੱਜ ਤੱਕ ਕਦੇ ਕੁੱਝ ਨਹੀਂ ਖਾਦਾ, ਸ਼ਾਕਾਹਾਰੀ ਭੋਜਨ ਮੈਂ ਅੱਜ ਤੱਕ ਕਦੇ ਮੁੰਹ ਨੂੰ ਵੀ ਲਾਕੇ ਨਹੀਂ ਵੇਖਿਆ। ਉਹ ਵਿਦਵਾਨ ਵੀਰ ਤਾਂ ਮਾਸਾਹਾਰੀ-ਸ਼ਾਕਾਹਾਰੀ ਦੋ ਤਰਾਂ ਦੇ ਭੋਜਨ ਦੀ ਗੱਲ ਕਰਦੇ ਹਨ, ਪਰ ਮੈਂ ਤਾਂ ਇਹ ਕਹਿੰਦਾ ਹਾਂ, ਕੇ ਸ਼ਾਕਾਹਾਰੀ ਭੋਜਨ ਹੁੰਦਾ ਹੀ ਨਹੀਂ ਹੈ, ਮੈਂ ਤਾਂ ਇਸ ਸੰਸਾਰ ਵਿੱਚ ਸ਼ਾਕਾਹਾਰੀ ਭੋਜਨ ਕਦੇ ਵੇਖਿਆ ਨਹੀਂ, ਕਿਸੇ ਹੋਰ ਨੇਂ ਵੇਖਿਆ ਹੋਵੇ, ਤਾਂ ਕਹਿ ਨਹੀਂ ਸੱਕਦਾ। ਇਸ ਸੰਸਾਰ ਵਿੱਚ ਸ਼ਾਕਾਹਾਰੀ ਭੋਜਨ ਦੀ ਹੋਂਦ ਬਾਰੇ ਸੋਚਨਾਂ ਹੀ ਮੂਰਖਤਾ ਹੈ। ਉਹ ਮੂਰਖ ਹਨ, ਜੋ ਗੁਰੂ ਜੀ ਦੇ ਸਮਝਾਉਣ ਦੇ ਬਾਵਜ਼ੂਦ ਵੀ, ਇਸ ਭੇਦ ਨੂੰ ਸਮਝ ਨਹੀਂ ਸਕਦੇ, ਅਤੇ ਮਾਸਾਹਾਰੀ ਅਤੇ ਸ਼ਾਕਾਹਾਰੀ ਦਾ ਝਗੜਾ ਪਾਈ ਬੈਠੇ ਹਨ।

ਗੁਰੂ ਜੀ ਬਾਣੀਂ ਵਿੱਚ ਇਹ ਸਪਸ਼ਟ ਕਰ ਰਹੇ ਹਨ, ਕੇ ਸਾਗ ਅਤੇ ਮਾਸ ਵਿੱਚ ਕੋਈ ਫਰਕ ਨਹੀਂ ਹੈ। ਕਿਸ ਦੇ ਖਾਣ ਵਿੱਚ ਪਾਪ ਹੈ, ਜਾਂ ਪੁੰਨ ਹੈ, ਹੇ ਪੰਡਿਤ ਤੂੰ ਇਹ ਨਹੀਂ ਜਾਣਦਾ। ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ ਵੈਸੇ ਇਹ ਗੱਲ ਤਾਂ ਸਪੱਸ਼ਟਵੀ ਹੈ ਅਤੇ ਸੱਚ ਵੀ ਹੈ, ਕਿ ਜੇ ਮਾਸ ਖਾਣ ਵਿੱਚ ਪਾਪ ਹੈ, ਤਾਂ ਸਾਗ ਖਾਣ ਵਿੱਚ ਕੋਈ ਪੁੰਨ ਨਹੀਂ ਹੈ, ਸਾਗ ਖਾਣ ਵਿੱਚ ਵੀ ਪਾਪ ਹੈ। ਇਹ ਗੱਲ ਸੌ ਪ੍ਰਤੀਸ਼ਤ ਸਹੀ ਹੈ।

ਪਰ ਸਮੱਅਿਾ ਤਾਂ ਮਾਸ ਦੇ ਝਗੜੇ ਦੀ ਹੈ, ਜੋ ਗੁਰੂ ਨਾਨਕ ਦੇਵ ਜੀ, ਜਾਂ ਹੋਰ ਵੀ ਭਗਤਾਂ ਦੇ ਬਾਣੀਂ ਦੁਆਰਾ ਸਮਝਾਉਣ ਦੇ ਬਾਵਜ਼ੂਦ ਵੀ, ਜਿਉਂ ਦਾ ਤਿਉਂ ਅੱਜ ਵੀ ਮੌਜੂਦ ਹੈ। ਕੀ ਇਹ ਗੁਰੂ ਜੀ ਦੇ ਸਮਝਾਉਣ ਵਿੱਚ ਕਮੀਂ ਹੈ, ਜਾਂ ਸਾਡੇ ਸਮਝਣ ਵਿੱਚ ਕਮੀਂ ਹੈ।

ਗੁਰੂ ਨਾਨਕ ਜੀ, ਨੇਂ ਤਾਂ ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ ਹੀ ਇਹ ਸੱਭ ਸਪੱਸ਼ਟ ਕਰ ਦਿੱਤਾ ਸੀ, (ਇਹ ਸੱਚ ਹੈ) ਇਸ ਵਾਸਤੇ ਝਗੜਾ ਖਤਮ ਹੋ ਜਾਣਾਂ ਚਾਹੀਦਾ ਸੀ। ਪਰ ਪੁਰਾਣੇਂ ਲੇਖ ਪੱੜ੍ਹ ਕੇ ਪਤਾ ਲੱਗਾ, ਕਿ ਇਹ ਝਗੜਾ ਤਾਂ ਅੱਜ ਵੀ ਜਿਉਂ ਦਾ ਤਿਉਂ ਹੀ ਮੌਜੂਦ ਹੈ। ਅੱਜ ਵੀ ਹਰ ਵਿਦਵਾਨ ਲਿਖਾਰੀ, ਇਸ ਵਿਸ਼ੇ ਤੇ ਲੇਖ ਲਿਖ ਕੇ, ਅਤੇ ਇਸ ਚਰਚਾ ਵਿੱਚ ਆਪਣਾਂ ਪੱਖ ਜਾਂ ਵਿਚਾਰ ਦੱਸ ਕੇ, ਆਪਣੇਂ ਆਪ ਨੂੰ ਦੂਜੇ ਨਾਲੋਂ ਵੱਡਾ ਗਿਆਨੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਅਖੀਰ ਬਹੁਤੇ ਇਸ ਗੱਲ ਤੇ ਸਹਿਮਤ ਹੋ ਜਾਂਦੇ ਹਨ, ਕਿ ਗੁਰੂ ਨਾਨਕ ਜੀ ਨੇਂ ਪੰਡਿਤਾਂ ਨੂੰ ਇਹ ਫਿਟਕਾਰ ਪਾਈ ਹੈ, ਕਿ ਤੂੰ ਮਾਸ ਖਾਣਾਂ ਪਾਪ ਗਿਣਦਾ ਹੈਂ, ਪਰ ਮਾਸ ਖਾਣਾਂ ਕੋਈ ਪਾਪ ਨਹੀਂ ਹੈ।

ਮਾਸ ਇੱਕ ਸਥੂਲ ਵਸਤੂ ਹੈ, ਅਤੇ ਇੱਕ ਸੰਸਾਰੀ ਚੀਜ ਹੈ, ਜਿਸਨੂੰ ਅਸੀਂ ਅੱਖਾਂ ਨਾਲ ਵੇਖ ਸੱਕਦੇ ਹਾਂ, ਹੱਥਾਂ ਨਾਲ ਪਕੜ ਵੀ ਸੱਕਦੇ ਹਾਂ। ਅਤੇ ਅਸੀਂ ਖੁਦ ਵੀ ਇਸ ਮਾਸ ਤੋਂ ਬਨੇਂ ਹੋਇ ਹਾਂ, ਸਾਡੇ ਧੀਆਂ ਪੁੱਤ, ਮਾਂ ਬਾਪ, ਸਾਰੇ ਰਿਸਤੇਦਾਰ ਵੀ ਮਾਸ ਤੋਂ ਬਨੇਂ ਹੋਇ ਹਨ। ਇਹ ਮਾਸ ਕਿਵੇਂ ਪੈਦਾ ਹੁੰਦਾ ਹੈ, ਇਹ ਆਪਾਂ ਸਾਰੇ ਹੀ ਜਾਣਦੇ ਹਾਂ। ਦੂਜੀ ਗੱਲ ਇਹ ਹੈ, ਕੇ ਇਸ ਮਾਸ ਨੂੰ ਅਸੀਂ ਕਿਵੇਂ ਪ੍ਰਾਪਤ ਕਰ ਸੱਕਦੇ ਹਾਂ, ਇਹ ਵੀ ਸਾਨੂੰ ਪਤਾ ਹੈ। ਆਪਣਾਂ ਮਾਸ ਕਿਹੜਾ ਹੈ, ਅਤੇ ਪਰਾਇਆ ਮਾਸ ਕਿਹੜਾ ਹੈ, ਇਹ ਵੀ ਸਾਨੂੰ ਪਤਾ ਹੈ। ਇਸ ਕਿਸੇ ਦੇ ਮਾਸ ਨੂੰ ਕਿਵੇਂ ਖਾਣਾਂ ਹੈ। ਜਾਂ ਆਪਣੇਂ (ਆਪਣੇਂ ਭਾਵ ਆਪਣਾਂ ਮਾਸ, ਕਿਉਂ ਕੇ ਦੂਜਿਆਂ ਦਾ ਮਾਸ ਤਾਂ ਭੋਜਨ ਗਿਣਿਆਂ ਜਾਂਦਾ ਹੈ, ਇਸ ਦਾ ਅਹਿਸਾਸ ਤਾਂ ਜਾਨਵਰਾਂ ਨੂੰ ਵੀ ਹੈ ਕੇ ਆਪਣਾਂ ਜਾਂ ਆਪਣਿਆਂ ਦਾ ਮਾਸ ਨਹੀਂ ਖਾਣਾਂ ਹੈ) ਮਾਸ ਨੂੰ ਦੁਸ਼ਮਨ ਤੋਂ ਕਿਵੇਂ ਬਚਾਉਣਾਂ ਹੈ, ਇਹ ਗੱਲ ਤਾਂ ਆਪਾਂ ਵੀ ਜਾਣਦੇ ਹਾਂ ਅਤੇ ਇਹ ਗੱਲ ਜਾਨਵਰ ਵੀ ਜਾਣਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਜੇ ਅਸੀਂ ਇਸ ਮਾਸ ਦੇ ਭੇਦ ਨੂੰ (ਜਿਸ ਦਾ ਕਿ ਕੁੱਝ ਗਿਆਨ ਤਾਂ ਜਾਨਵਰਾਂ ਨੂੰ ਵੀ ਹੈ) ਹੀ ਨਹੀਂ ਬੁੱਝ ਸੱਕਦੇ, ਜਾਂ ਇਸ ਮਾਸ ਬਾਰੇ ਗੁਰੂ ਜੀ ਦੇ ਹੁਕਮ ਨੂੰ ਨਹੀਂ ਸਮਝ ਸੱਕਦੇ। ਤਾਂ ਅਸੀਂ ਉਹ ਪਰਮਾਤਮਾਂ, ਜੋ ਸੂਖਸ਼ਮ ਹੈ, ਜਿਸ ਨੂੰ ਛੂਹਣਾਂ ਤਾਂ ਦੂਰ ਦੇਖਿਆ ਵੀ ਨਹੀਂ ਜਾ ਸੱਕਦਾ, ਗੁਰੂ ਦੇ ਹੁਕਮ ਅਨੂੰਸਾਰ ਉਸ ਦਾ ਭੇਦ ਕਿਵੇਂ ਹਾਸਲ ਕਰ ਸੱਕਦੇ ਹਾਂ।

ਇਸ ਵਾਸਤੇ ਇਸ ਸੱਚ ਨੂੰ ਜਾਨਣਾਂ ਬਹੁਤ ਜਰੂਰੀ ਹੈ। ਇਸ ਸੱਚ ਨੂੰ ਜਾਣਿਆਂ/ ਜਾਣ ਕੇ ਹੋਰ ਵੀ ਕਈ ਤਰਾਂ ਦੇ ਭੁਲੇਖੇ ਦੂਰ ਹੋ ਸੱਕਦੇ ਹਨ। ਏਕੇ ਵਾਸਤੇ ਵੀ ਅਜੇਹੇ ਝਗੜਿਆਂ ਦਾ ਹੱਲ ਬਹੁਤ ਜਰੂਰੀ ਹੈ। ਅੱਜ ਕਾਫੀ ਵੀਰ ਏਕੇ ਦੀ ਜਰੂਰਤ ਨੂੰ ਮਹਿਸੂਸ ਕਰਨ ਲੱਗੇ ਹਨ। ਪਰ ਇਸ ਦਾ ਹੱਲ ਕਿਸੇ ਪਾਸ ਵੀ ਨਹੀਂ ਹੈ। ਵੱਖ ਮੁੱਦਿਆਂ ਤੇ ਆਪਾਂ ਵਿਚਾਰਾਂ ਕਰ ਕੇ ਵੇਖ ਲਈਆਂ ਹਨ, ਨਤੀਜੇ ਸਾਡੇ ਸੱਭ ਦੇ ਸਾਹਮਣੇਂ ਹਨ, ਅਤੇ ਇਹਨਾਂ ਵਿਚਾਰਾਂ ਦਾ ਜੋ ਨਤੀਜਾ ਅਗੋਂ ਵਾਸਤੇ ਨਿਕਲੇ ਗਾ, ਉਹ ਵੀ ਅਸੀਂ ਜਾਣਦੇ ਹਾਂ। ਇਹਨਾਂ ਵਿਚਾਰਾਂ ਨੂੰ ਅਸੀਂ ਗੁਰਮਤਿ ਦੀ ਵਿਚਾਰ ਜਾਂ ਗੁਰਮਤਿ ਅਨੂੰਸਾਰੀ ਹੱਲ, ਕਹਿੰਦੇ ਹਾਂ। ਗੁਰਮੱਤ ਕਿਸੇ ਦੀ ਮੁਥਾਜ ਨਹੀਂ ਹੈ, ਗੁਰਮਤਿ ਕਿਸੇ ਚਰਚਾ ਗੋਚਰੀ ਨਹੀਂ ਹੈ। ਗੁਰਮਤਿ ਨੂੰ ਕਿਸੇ ਦੇ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ। ਗੁਰਮਤਿ ਕਦੇ ਪੁਰਾਣੀਂ ਨਹੀਂ ਹੁੰਦੀ, ਗੁਰਮਤਿ ਕਦੇ ਝੂਠੀ ਨਹੀਂ ਹੁੰਦੀ, ਗੁਰਮਤਿ ਕਦੇ ਬਦਲਦੀ ਨਹੀਂ। ਅਤੇ ਗੁਰਮਤਿ ਇੱਕ ਹੀ ਹੁੰਦੀ ਹੈ। ਭਾਵੇਂ ਉਹ ਸਤਿਯੁਗ ਦੇ ਕਿਸੇ ਸੰਤ ਦੀ ਹੋਵੇ, ਜਾਂ ਕਲਯੁਗ ਦੇ ਕਿਸੇ ਸੰਤ ਦੀ ਹੋਵੇ। ਭਾਵੇਂ ਕਿਸੇ ਬ੍ਰਾਹਮਣ ਸੰਤ ਦੀ ਹੋਵੇ, ਅਤੇ ਭਾਵੇਂ ਕਿਸੇ ਸ਼ੂਦਰ ਜਾਤ ਦੇ ਸੰਤ ਦੀ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆਂ ਤੋਂ ਇਲਾਵਾ ਜੋ ਵੱਖ ਵੱਖ ਜਾਤਾਂ ਧਰਮਾਂ ਦੇ ਭਗਤਾਂ ਦੀ ਬਾਣੀਂ ਹੈ। ਕੀ ਉਹ ਗੁਰਮਤਿ ਨਹੀਂ ਹੈ? ਕੀ ਗੁਰਮਤਿ ਮਰ ਗਈ ਹੈ ਜੋ ਅਸੀਂ ਇਸ ਨੂੰ ਦੁਬਾਰਾ ਜਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਹੜੇ ਬੰਦੇ, ਕਿਹੜੇ ਵਿਦਵਾਨ, ਕਿਹੜੇ ਲਿਖਾਰੀ, ਕਿਹੜੇ ਗਰੁਪ, ਕਿਹੜੇ ਅਦਾਰੇ, ਦੇ ਗੁਰਮੱਤਿ ਸੁਝਾਉ ਨੂੰ ਅਸੀਂ ਗੁਰਮਤਿ ਦਾ ਸਰਟੀਫਿਕੇਟ ਦੇ ਸੱਕਦੇ ਹਾਂ। ਐਸਾ ਕਿਹੜਾ ਬੰਦਾ ਹੈ ਜੋ ਇਹ ਕਹਿੰਦਾ ਹੈ, ਕੇ ਮੈਂ (ਉਹ) ਗੁਰਮਤਿ ਨਹੀਂ ਜਾਣਦਾ, ਅਤੇ ਕਿਹੜਾ ਬੰਦਾ ਹੈ, ਜੋ ਉਹ ਗੁਰਮਤਿ ਦੇ ਸੁਝਾਉ ਨਹੀਂ ਦੇ ਰਿਹਾ। ਅਜੇਹੇ ਰੌਲੇ ਝਗੜੇ ਕਈ ਦਹਾਕਿਆਂ ਤੋਂ ਚਲੇ ਆ ਰਹੇ ਹਨ, ਕਿਸੇ ਦਾ ਵੀ ਅੱਜ ਤੱਕ ਹੱਲ ਨਹੀਂ ਹੋਇਆ। ਜੇ ਕਿਸੇ ਮਸਲੇ ਤੇ ਕਦੇ ਕੁੱਝ ਸਹਿਮਤੀ ਨਾਲ, ਕੋਈ ਮਰਿਆਦਾ ਬਨੀਂ ਹੈ, ਤਾਂ ਉਸ ਨੂੰ ਅਸੀਂ ਸ਼ਰ੍ਹਾ ਕਹਿ ਸੱਕਦੇ ਹਾਂ, ਗੁਰਮਤਿ ਨਹੀਂ ਕਹਿ ਸੱਕਦੇ। ਉਸ ਸ਼ਰ੍ਹਾ ਵਰੁੱਧ ਵੀ ਜਲਦੀ ਹੀ ਅਵਾਜ਼ਾਂ ਉੱਠ ਪੈਂਦੀਆਂ ਹਨ। (ਕੀ ਗੁਰਮਤਿ ਦੇ ਖਿਲਾਫ ਕੋਈ ਆਵਾਜ਼ ਉਠਾਈ ਜਾਂ ਸੱਕਦੀ ਹੈ) ਅਸੀਂ ਵੀ ਅੱਜ ਜੇ ਕੋਈ ਮਸਲਾ ਹੱਲ ਕਰ ਵੀ ਲੈਦੇ ਹਾਂ, ਤਾਂ ਇਸ ਨੂੰ ਸ਼ਰ੍ਹਾ ਜਾਂ ਮਰਿਆਦਾ ਤਾਂ ਕਹਿ ਸੱਕਦੇ ਹਾਂ, ਇਹ ਕਦੇ ਵੀ ਗੁਰਮਤਿ ਨਹੀਂ ਹੋ ਸੱਕਦੀ। ਗੁਰਮਤਿ ਨੂੰ ਆਪਾਂ ਨਹੀਂ ਬਨਾ ਸੱਕਦੇ, ਪਰ ਅਸੀਂ ਸਾਰੇ ਹੀ ਗੁਰਮਤਿ ਬਨਾਉਣ ਲੱਗੇ ਹੋਇ ਹਾਂ। ਗੁਰਮੱਤਿ ਖੋਜਿਆਂ ਮਿਲਦੀ ਹੈ, ਬਨਾਇਆਂ ਨਹੀਂ ਬਣਦੀ।

ਸਾਡੇ ਸਾਰਿਆਂ ਦੇ ਪਾਸ ਹੀ ਗੁਰਮਤਿ ਹੈ। ਕੌਣ ਕਹਿੰਦਾ ਹੈ ਕੇ ਮੈਂ ਗੁਰਮਤਿ ਅਨੂੰਸਾਰੀ ਨਹੀਂ ਹਾਂ। ਜੇ ਗੁਰੂ ਦੇ ਸਿੱਖ ਦੇ ਪਾਸ ਗੁਰਮੱਤਿ ਨਹੀਂ ਹੋਣੀਂ, ਤਾਂ ਕੀ ਹੋਰ ਚਿੜੀਆਂ ਜਨੌਰਾਂ ਪਾਸ ਗੁਰਮਤਿ ਹੁੰਦੀ ਹੋਵੇ ਗੀ। ਜੇ ਗੁਰੂ ਆਪਣਾਂ ਕੋਈ ਸਿੱਖ ਬਨਾਉਂਦਾ ਹੈ, ਤਾਂ ਕੀ ਗੁਰੂ ਉਸ ਨੂੰ ਕੋਈ ਮੱਤ ਜਾਂ ਸਿੱਖਿਆ ਨਹੀਂ ਦੇਂਦਾ? ਕੀ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ? ਕੀ ਗੁਰੂ ਨੇਂ ਸਾਨੂੰ ਕਿਸੇ ਨੂੰ ਕੋਈ ਸਿੱਖਿਆ ਜਾਂ ਮਤਿ ਨਹੀਂ ਦਿੱਤੀ ਹੈ? ਕਿਹੜਾ ਸਿੱਖ ਹੈ ਜਿਸ ਨੇਂ ਗੁਰੂ ਦੀ ਮੱਤ ਲਈ ਹੈ, ਜਾਂ ਨਹੀਂ ਲਈ ਹੈ? ਜੇ ਲਈ ਹੈ, ਤਾਂ ਕੀ ਸਾਰਿਆਂ ਨੇਂ ਵਖਰੀ ਵੱਖਰੀ ਮੱਤ ਲਈ ਹੈ, ਜਾਂ ਕਿ ਗੁਰੂ ਨੇਂ ਸੱਭ ਨੂੰ ਵੱਖਰੀ ਵੱਖਰੀ ਮੱਤਿ ਦਿੱਤੀ ਹੈ। ਜੋ ਕਿ ਇਸ ਵੇਲੇ ਅਸੀਂ ਮੱਤਾਂ (ਆਪਣੀਆਂ ਆਪਣੀਆਂ ਗੁਰਮੱਤਾਂ) ਦਾ ਮਕਾਬਲਾ ਕਰ ਰਹੇ ਹਾਂ? । ਕੀ ਗੁਰਮਤਿ ਇੱਕ ਨਹੀਂ ਹੁੰਦੀ। ਕੀ ਗੁਰੂ ਸੱਭ ਨੂੰ ਵੱਖਰੀ ਵੱਖਰੀ ਮੱਤ ਦੇਂਦਾ ਹੈ। ਕੀ ਗੁਰਬਾਣੀਂ ਗੁਰਮਤਿ ਨਹੀਂ ਹੈ, ਜੋ ਸਾਨੂੰ ਕਿਸੇ ਹੋਰ ਗੁਰਮਤਿ ਤਲਾਸ਼ ਕਰਨ ਦੀ ਜਰੂਰਤ ਪੈ ਰਹੀ ਹੈ? ਅਤੇ ਅਸੀਂ ਨਵੀਂ ਗੁਰਮੱਤ ਬਨਾਉਣੀਂ ਚਾਹੁੰਦੇ ਹਾਂ। ਅਤੇ ਜੇ ਗੁਰਮਤਿ ਇੱਕ ਹੁੰਦੀ ਹੈ, ਤਾਂ ਕੀ ਗੁਰਮਤਿ ਤੋਂ ਵੱਡਾ ਏਕਾ ਕੋਈ ਹੋਰ ਹੋ ਸੱਕਦਾ ਹੈ? । ਜੇ ਗੁਰਮਤਿ ਏਕਾ ਨਹੀਂ ਕਰਾ ਸੱਕਦੀ, ਤਾਂ ਅਸੀਂ ਏਕਾ ਕਿਵੇਂ ਕਰਾ ਸੱਕਦੇ ਹਾਂ। ਕੀ ਗੁਰਮਤਿ ਤੋਂ ਬਿਨਾਂ ਕਿਸੇ ਕਿਸਮ ਦਾ ਏਕਾ ਹੋਣਾਂ ਸੰਭਵ ਹੈ? । ਜੇ ਨਹੀਂ! ਤਾਂ ਅਸੀਂ ਏਕੇ ਵਾਸਤੇ ਜਾਂ ਕਿਸੇ ਝਗੜੇ ਦੇ ਹੱਲ ਵਾਸਤੇ ਗੁਰਮਤਿ ਦੀ ਸਹਾਇਤਾ ਕਿਉਂ ਨਹੀਂ ਲੈਂਦੇ। ਕੀ ਕਿਸੇ ਝਗੜੇ ਦਾ ਹੱਲ ਗੁਰਮਤਿ ਦੇ ਵੱਸ ਤੋਂ ਬਾਹਰ ਹੈ, ਜੋ ਅਸੀਂ ਹਲ ਕਰਨ ਦੀ ਕੋਸ਼ਿਸ਼ ਕਰੀਏ। ਜਿੱਥੇ ਗੁਰਮਤਿ ਹੈ, ਕੀ ਉਥੇ ਕੋਈ ਝਗੜਾ ਰਹਿ ਸੱਕਦਾ ਹੈ? ਜੇ ਨਹੀਂ ਰਹਿ ਸੱਕਦਾ, ਤਾਂ ਫਿਰ ਅੱਜ ਇਹ ਹਜਾਰਾਂ ਹੀ ਕਿਸਮ ਦਾ ਝਗੜਾ ਕਿਉਂ ਹੈ। ਝਗੜਾ ਤਾਂ ਉਥੇ ਵੀ ਨਹੀਂ ਰਹਿ ਸੱਕਦਾ ਜਿੱਥੇ ਨਕਲੀ ਗੁਰਮੱਤਿ ਹੋਵੇ, ਪਰ ਜਿੱਥੇ ਅਸਲੀ ਗੁਰਮੱਤਿ ਹੋਵੇ, ਉਥੇ ਝਗੜੇ ਦਾ ਕੀ ਕੰਮ। ਜੇ ਮੇਰੀ ਇਹ ਗੱਲ ਸੱਚੀ ਹੈ ਤਾਂ ਸਮਝ ਲਵੋ, ਕੇ ਸਾਡੇ ਪਾਸ ਤਾਂ ਨਕਲੀ ਗੁਰਮਤਿ ਵੀ ਨਹੀਂ ਹੈ।

ਜੇ ਅਸੀਂ ਗੁਰੂ ਨਾਨਕ ਜੀ ਦੁਆਰਾ, ਗੁਰਬਾਣੀਂ ਰਾਹੀ ਦੱਸੇ/ਸਮਝਾਇ, ਜਾਂ ਹੱਲ ਕੀਤੇ, ਮਾਸ ਦੇ ਇਸ ਝਗੜੇ ਦੇ ਅਸਲ ਭੇਦ ਨੂੰ ਸਮਝਣ ਤੋਂ ਗਲਤ/ਅਸਮਰੱਥ ਹੋ ਜਾਂਦੇ ਹਾਂ, ਤਾਂ ਬਾਕੀ ਸਾਰੇ ਝਗੜਿਆਂ ਦਾ ਹੱਲ, ਅਸੀਂ ਆਪਣੇਂ ਆਪ ਇਕੱਲੇ ਆਪਣੀਂ ਮੱਤ ਨਾਲ ਕਿਵੇਂ ਕਰ ਲਵਾਂ ਗੇ, ਜਿੰਨਾਂ ਵਿੱਚ ਕੇ ਗੁਰਬਾਣੀਂ ਆਪਣਾਂ ਕੋਈ ਪੱਖ, ਪੇਸ਼ ਹੀ ਨਹੀਂ ਕਰਦੀ। (ਮਸਲਨ, ਦਸਮ ਗ੍ਰੰਥ, ਰਾਗਮਾਲਾ, ਜਾਂ ਅਜੇਹੇ ਹੋਰ ਅਜੇਹੇ ਦਰਜਨਾਂ ਮਸਲੇ ਹਨ, ਜਿਨਾਂ ਦਾ ਕਿ ਬਾਣੀਂ ਵਿੱਚ ਕੋਈ ਜਿਕਰ ਨਹੀਂ ਹੈ, ਪਰ ਮਾਸ ਦੇ ਝਗੜੇ ਦਾ ਤਾਂ ਬਾਣੀਂ ਵਿੱਚ ਵੀ ਜਿਕਰ ਹੈ, ਜੇ ਅਸੀਂ ਗੁਰਬਾਣੀਂ ਦੁਆਰਾ ਸੁਲਝਾਇ ਹੋਇ ਮਾਸ ਦੇ ਝਗੜੇ ਦਾ ਹੀ ਝਗੜਾ ਪਾਈ ਬੈਠੇ ਹਾਂ, ਅਤੇ ਇਸ ਵਿਚੋਂ ਹੀ ਨਹੀਂ ਨਿਕਲ ਸੱਕਦੇ, ਤਾਂ ਅਸੀਂ ਬਾਕੀ ਝਗੜਿਆ ਵਿਚੋਂ ਕਿਵੇਂ ਨਿਕਲਾਂ ਗੇ) ਸੋ ਆਉ ਪਹਿਲੇ ਅਸੀਂ ਇਸ ਮਾਸ ਦੇ, ਝਗੜੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਵੇਖੀਏ, ਜਿਸ ਵਿੱਚ ਕੇ ਗੁਰੂ ਨਾਨਕ ਦੇਵ ਜੀ ਦੀ ਵੀ ਸ਼ਮੂਲੀਅਤ ਹੈ। ਅਤੇ ਇਸ ਮਸਲੇ ਤੇ ਜੇ ਅਸੀਂ ਕਿਤੇ ਭੁਲਦੇ ਵੀ ਹੋਈਏ, ਤਾਂ ਅਸੀਂ ਗੁਰੂ (ਗੁਰਬਾਣੀ) ਦੀ ਸਹਾਇਤਾ ਵੀ ਲੈ ਸੱਕਦੇ ਹਾਂ। ਜੇ ਅਸੀਂ ਗੁਰਮਤਿ ਦਾ ਅਸਾਰਾ ਲੈ ਲੈਂਦੇ ਹਾਂ, ਤਾਂ ਦੁਨੀਆਂ ਦਾ ਕੋਈ ਵੀ ਵੱਡੇ ਤੋਂ ਵੱਡਾ ਮਸਲਾ ਸਾਨੂੰ ਉਲਝਾ ਨਹੀਂ ਸੱਕਦਾ।

ਜੇ ਅਸੀਂ ਮਾਸ ਦੀ ਚਰਚਾ ਜਾਂ ਵਿਚਾਰ ਕਰਾਂ ਗੇ ਤਾਂ, ਪਾਪ ਅਤੇ ਪੁੰਨ ਦਾ ਜ਼ਿਕਰ ਇਸ ਵਿੱਚ ਜਰੂਰ ਆਵੇ ਗਾ, ਕਿਉਂ ਕੇ ਕਿਸੇ ਜਿੰਦਾ ਜਾਨਵਰ ਦੀ ਹੱਤਿਆ ਕੀਤੇ ਬਗੈਰ ਖਾਣ ਵਾਸਤੇ ਮਾਸ ਪਰਾਪਤ ਨਹੀਂ ਹੋ ਸੱਕਦਾ। ਕੁਦਰਤ ਦੇ ਆਪਣੇਂ ਹੁਕਮ ਜਾਂ ਕੁਦਰਤੀ ਢੰਗ ਨਾਲ ਜੇ ਸਾਡੇ ਘਰ ਦੀ ਮੁਰਗੀ ਵੀ ਮਰ ਜਾਵੇ ਤਾਂ ਅਸੀਂ ਉਸ ਦਾ ਮਾਸ ਨਹੀਂ ਖਾਂਦੇ। ਜਾਂ ਰੱਬ ਦੇ ਮਾਰੇ ਹੋਇ ਨੂੰ ਅਸੀਂ ਨਹੀਂ ਖਾਂਦੇ। ਆਪਣੇਂ ਖਾਣ ਵਾਸਤੇ ਮਾਸ ਪ੍ਰਾਪਤ ਕਰਨ ਵਾਸਤੇ ਸਾਨੂੰ ਆਪਣੇਂ ਹੱਥੀ ਕਿਸੇ ਜਿੰਦਾ ਜੀਵ ਹਤਿਆ ਕਰਨੀਂ ਹੀ ਪਵੇ ਗੀ। ਕਿਸੇ ਜੀਵ ਦੀ ਹਤਿਆ ਕਰਨਾਂ ਕੀ ਪਾਪ ਹੈ ਜਾਂ ਪੁੰਨ? । ਜੇ ਇਹ ਪਾਪ ਅਤੇ ਪੂੰਨ ਇੱਕ ਬ੍ਰਾਹਮਣੀਂ ਡਰਾਮਾਂ ਹੈ, ਤਾਂ ਗੁਰਮਤਿ ਅਨੂੰਸਾਰ ਕਿਸੇ ਜੀਵ ਦੀ ਹਤਿਆ ਨੂੰ ਕੀ ਕਹਿੰਦੇ ਹਨ? । ਕਿਸੇ ਦੀ ਹੱਤਿਆਂ ਕਰਨੀ, ਕੀ ਇਹ ਕੰਮ ਭਗਤੀ ਵਿੱਚ ਸ਼ਾਮਲ ਹੈ, ਜਾਂ ਭਲਾਈ ਵਿਚ, ਜਾਂ ਫਿਰ ਪਰਉਪਕਾਰ ਜਾਂ ਸੇਵਾ ਵਿਚ? ।

ਇਸ ਵਾਸਤੇ ਮਾਸ ਦੇ ਵਿਸ਼ੇ ਵਿਚ, ਸੱਭ ਤੋਂ ਪਹਿਲਾ ਅਤੇ ਅਹਿਮ ਸਵਾਲ; ਕੀ ਗੁਰਮਤਿ ਕਿਸੇ ਜੀਵ ਦੀ ਹਤਿਆ ਕਰਨ ਦੀ, ਸਿੱਖ ਨੂੰ ਇਜਾਜਤ ਦੇਂਦੀ ਹੈ? ।

ਸਬਜੀਆਂ ਨੂੰ ਕੀੜਿਆਂ ਤੋਂ ਬਚਾਉਣ ਵਾਸਤੇ, ਕੀੜੇ ਮਾਰ ਦਵਾਈ ਦੀ ਸਪਰੇ ਨਾਲ ਜੇ ਲੱਖਾਂ ਕੀੜੇ ਮਰ ਜਾਂਦੇ ਹਨ, ਤਾਂ ਅਸੀਂ ਇੱਕ ਮੁਰਗੀ ਮਾਰ ਦਿੱਤੀ, ਤਾਂ ਇਸ ਵਿੱਚ ਕੀ ਹਰਜ ਹੈ। ਐਸੀਆਂ ਮਿਸਾਲਾਂ ਇਥੇ ਢੁੱਕਦੀਆਂ ਨਹੀਂ ਹਨ। ਕਿਉਂਕੇ ਗੁਰਬਾਣੀਂ ਵਿੱਚ ਐਸੀ ਕੋਈ ਸ਼ਰਤ ਨਹੀਂ ਹੈ, ਕਿ ਜੇ ਕੋਈ ਕਰੋੜ ਜੀਵ ਮਾਰਦਾ ਹੈ, ਤਾਂ ਸਾਨੂੰ ਇੱਕ ਜੀਵ ਨੂੰ ਮਾਰਨ ਦੀ ਇਜਾਜ਼ਤ ਤਾਂ ਹੋਣੀਂ ਹੀ ਚਾਹੀਦੀ ਹੈ। (ਚੱਲਦਾ)

ਬਲਦੇਵ ਸਿੰਘ ਫਿਰੋਜ਼ਪੁਰ
.