.

ਗੁਰਬਾਣੀ ਮੇਲਾਵਾ ਹੋਇ

ਗੁਰੂ ਗ੍ਰੰਥ ਸਾਹਿਬ ਜੀ ਵਿੱਚ “ਗੁਰੂ” ਪਦ ਦੀ ਵਰਤੋਂ ਸਬਦ, ਬਾਣੀ ਤੇ ਗਿਆਨ ਲਈ ਵੀ ਕੀਤੀ ਗਈ ਹੈ ਜਿਵੇਂ ਗੁਰ ਫੁਰਮਾਨ ਹੈ:-

1. ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943) ਸਬਦ ਨੂੰ ਗੁਰੂ ਪਦਵੀ ਦਿਤੀ ਗਈ ਹੈ।

2. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਮ: 4 … 982) ਇਥੇ ਬਾਣੀ ਨੂੰ ਵੀ ਗੁਰੂ ਕਿਹਾ ਹੈ ਕਿਉਂਕਿ ਸਬਦ ਤੇ ਬਾਣੀ ਦਾ ਭਾਵ ਇਕੋ ਹੈ

3. ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ+॥ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥ (ਕਬੀਰ … 793)। ਇਥੇ ਬਿਬੇਕ ਬੁਧੀ (ਗਿਆਨ) ਨੂੰ ਗੁਰੂ ਕਿਹਾ ਹੈ ਕਿਉਂਕਿ ਸਬਦ, ਬਾਣੀ ਤੇ ਗਿਆਨ ਦਾ ਇਕੋ ਹੀ ਭਾਵ ਹੈ। ਗੁਰਬਾਣੀ ਵਿੱਚ ਇਹਨਾ ਨੂੰ ਗੁਰਉਪਦੇਸ਼, ਗੁਰਮਤ, ਗੁਰਸਿਖਿਆ, ਹੁਕਮ, ਭਾਣਾ, ਰਜ਼ਾ ਅਤੇ ਨਾਮ ਵੀ ਕਿਹਾ ਗਿਆ ਹੈ। ਅਗਰ ਗੁਰਬਾਣੀ ਅਨੁਸਾਰ, ਗੁਰੂ ਪਰਮਾਤਮਾ ਸਰੂਪ ਹੈ:- 1) ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇੱਕ ਵਸਤੁ ਅਨੂਪ ਦਿਖਾਈ॥ ਗੁਰ ਗੋਬਿੰਦ ਗ+ਬਿੰਦ ਗੁਰੂ ਹੈ ਨਾਨਕ ਭੇਦੁ ਨ ਭਾਈ॥ (ਮ: 4 … 442)। 2) ਨਾਨਕ ਸੋਧੇ ਸਿਮ੍ਰਿਤਿ ਬੇਦ॥ ਪਾਰਬ੍ਰਹਿਮ ਗੁਰ ਨਾਹੀ ਭੇਦ॥ (ਮ: 5-1142)। 3) ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ (ਮ: 5-864)। ਤਾਂ ਗੁਰਬਾਣੀ ਵੀ ਪਰਮਾਤਮਾ ਸਰੂਪ ਹੀ ਹੋਵੇਗੀ। ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥ (515)। ਇਸ ਲਈ ਜੋ ਮਨੁਖ ਗੁਰਬਾਣੀ (ਗੁਰੂ) ਨਾਲ ਸਾਂਝ ਪਾਵੇਗਾ ਉਹ ਪਰਮਾਤਮਾ ਨਾਲ ਸਾਂਝ ਪਾ ਲਵੇਗਾ। ਜੋ ਗੁਰਬਾਣੀ ਨਾਲ ਇੱਕ ਮਿਕ ਹੋ ਜਾਵੇਗਾ (ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲ ਲਵੇਗਾ) ਉਹ ਪਰਮਾਤਮਾ ਨਾਲ ਇੱਕ ਮਿਕ ਹੋ ਜਾਵੇਗਾ।

1. ਹਰਿ ਜੀਉ ਸਦਾ ਸਚੁ ਹੈ ਸਚੀ ਗੁਰਬਾਣੀ॥ ਸਤਿਗੁਰ ਤੇ ਸਚੁ ਪਛਾਣਿਆ ਸਚਿ ਸਹਿਜ ਸਮਾਣੀ॥ (ਮ: 3 … 515)। ਭਾਵ: ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ ਤੇ ਗੁਰੂ (ਗੁਰਬਾਣੀ) ਰਾਹੀਂ ਹੀ ਉਸ ਨਾਲ ਜਾਣ ਪਛਾਣ ਬਣਦੀ ਹੈ ਤੇ ਅਡੋਲ (ਥਿਰ) ਅਵਸਥਾ ਪ੍ਰਾਪਤ ਹੁੰਦੀ ਹੈ। ਦੋਵੇਂ ਇਕੋ ਰੂਪ ਹੋਣ ਕਾਰਨ ਗੁਰੂ (ਗੁਰਬਾਣੀ) ਦੁਆਰਾ ਹੀ ਪਰਮਾਤਮਾ ਨਾਲ ਜਾਣ ਪਛਾਣ, ਅਭੇਦਤਾ ਜਾਂ ਲੀਨਤਾ ਹੋ ਸਕਦੀ ਹੈ।

1. ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ॥ (ਮ: 3 … 600)

2. ਏਕੋ ਕਰਤਾ ਅਵਰੁ ਨ ਕੋਇ॥ ਗੁਰਸਬਦੀ ਮੇਲਾਵਾ ਹੋਇ॥ (ਮ: 3-1174)

3. ਭੋਜਨ ਗਿਆਨੁ ਮਹਾ ਰਸੁ ਮੀਠਾ॥ ਜਿਨ ਚਾਖਿਆ ਤਿਨਿ ਦਰਸਨੁ ਡੀਠਾ॥ (ਮ: 1 … 1031)।

4. ਸ਼ਬਦੁ ਬੀਚਾਰਿ ਭਏ ਨਿਰੰਕਾਰੀ॥ ਗੁਰਮਤਿ ਜਾਗੇ ਦੁਰਮਤਿ ਪਰਿਹਾਰੀ॥ (ਮ: 1 … 904)।

5. ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ॥ ਗੁਰ ਕੈ ਸਬਦ ਮਨ ਕਉ ਸਮਝਾਵਹਿ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ॥ (ਮ: 1 … 1028)।

ਗੁਰੂ (ਗੁਰਬਾਣੀ, ਗੁਰਗਿਆਨ) ਦੁਆਰਾ ਹੀ ਪਰਮੇਸ਼ਰ ਨਾਲ ਅਭੇਦਤਾ ਹੋ ਸਕਦੀ ਹੈ। ਇਥੇ ਵਰਨਨ ਕਰਨਾ ਜ਼ਰੂਰੀ ਬਣਦਾ ਹੈ ਕਿ ਅਗਰ ਗੁਰੂ ਦੀ ਬਾਣੀ ਤੇ ਚਲਿਆ ਆਤਮ ਰਾਮ ਵਿੱਚ ਲੀਨਤਾ ਹੋ ਸਕਦੀ ਹੈ ਤਾਂ ਇੱਕ ਸਬਦ ਦੇ ਜਾਪ (ਜਿਸਨੂੰ ਸਿਮਰਨ ਵੀ ਆਖਿਆ ਜਾਂਦਾ ਹੈ) ਕਰਨਾ ਨਿਰਾਰਥ ਹੋ ਜਾਂਦਾ ਹੈ। ਗੁਰਬਾਣੀ ਕਥਨ ਹੈ:- ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ॥ (ਮ: 1 … 1034)। ਭਾਵ:- ਗੁਰਬਾਣੀ ਦੁਆਰਾ ਆਪਾ ਭਾਵ ਮਿਟਾਣਾ (ਗੁਰਬਾਣੀ ਤੇ ਚਲਣਾ) ਹੀ ਹਰੀ ਦੇ ਰੰਗ ਵਿੱਚ ਰੰਗਿਆ ਜਾਣਾ ਹੈ ਤੇ ਇਹੀ ਰਾਤ ਦਿਨ ਪ੍ਰਭੂ ਦਾ ਨਾਮ ਸਿਮਰਨ ਹੈ। ਨਾਮ ਜਪਣ ਬਾਰੇ ਇੱਕ ਵੱਖਰੇ ਲੇਖ (ਨਾਮ ਕੋਈ ਗੋਰਖ ਧੰਧਾ ਨਹੀ) ਵਿੱਚ ਵਿਚਾਰ ਕੀਤੀ ਗਈ ਹੈ। ਗਿਆਨ ਦੁਆਰਾ ਜਗਦਾ ਦੀਵਾ ਹੀ (ਅਗਿਆਨਤਾ ਕਾਰਨ) ਬੁਝੇ ਦੀਵੇ ਨੂੰ ਜਗਾ ਸਕਦਾ ਹੈ। ਏਸੇ ਪ੍ਰਥਾਇ ਗੁਰਬਾਣ ਫੁਰਮਾਨ ਹੈ:-

1. ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ॥ ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ॥ (ਮ: 3 … 490)। ਭਾਵ: ਹੇ ਭਾਈ, ਵੇਖੋ ਪਰਮਾਤਮਾ ਦੀ ਮਰਜ਼ੀ, ਜੋ ਗੁਰੂ (ਗੁਰਬਾਣੀ) ਦੀ ਸਰਨ ਪੈਂਦਾ ਹੈ (ਗੁਰਬਾਣੀ ਤੇ ਚਲਦਾ ਹੈ) ਉਹ ਗੁਰੂ ਰੂਪ ਹੋ ਜਾਂਦਾ ਹੈ ਤੇ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਿ ਲੈਂਦਾ ਹੈ। (ਗੁਰਬਾਣੀ ਮਨੁਖ ਨੂੰ ਗੁਰੂ ਬਨਾਉਣ ਦੀ ਸਮਰੱਥਾ ਰਖਦੀ ਹੈ)।

2. ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ॥ (ਮ: 4 … 444) ਭਾਵ:- ਜਦੋਂ ਸਿਖ ਗੁਰਸਬਦ (ਗੁਰਬਾਣੀ) ਨੂੰ ਪੂਰਨ ਤੌਰ ਤੇ ਅਪਨਾ ਲੈਂਦਾ ਹੈ ਤਾਂ ਉਹ ਗੁਰੂ ਵਿੱਚ ਲੀਨ ਹੋ ਕੇ ਗੁਰੂ ਰੂਪ ਹੀ ਹੋ ਨਿਬੜਦਾ ਹੈ। ਫਿਰ ਓਸੇ ਗੁਰਸਬਦ ਨੂੰ ਅਗੇ ਤੋਰਦਾ (ਪ੍ਰਚਾਰਦਾ) ਹੈ। (ਯਾਦ ਰਹੇ ਸਿਖ ਤੋਂ ਗੁਰੂ ਬਣਨ ਲਈ ਕਿਸੇ ਅਖੌਤੀ ਨਾਮ ਸਿਮਰਨ ਦੀ ਜ਼ਰੂਰਤ ਨਹੀ ਕਿਉਂਕਿ ਗੁਰਬਾਣੀ ਹੀ ਨਾਮ ਹੈ ਤੇ ਗੁਰਬਾਣੀ ਤੇ ਚਲਣਾ ਹੀ ਨਾਮ ਸਿਮਰਨ ਹੈ-ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ ਮ: 2 … 1239)। ਗੁਰੂ ਦੀ ਬਾਣੀ ਹੀ ਨਾਮ ਹੈ ਤੇ ਇਸੇ ਨੂੰ ਹੀ ਹਿਰਦੇ ਵਿੱਚ ਵਸਾਉਣਾ ਹੈ। ਸਪਸ਼ਟ ਹੈ ਕਿ ਗੁਰਬਾਣੀ ਦੁਆਰਾ ਮਨੁਖ ਗੁਰੂ ਰੂਪ ਹੋ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਦੂਜੇ ਪਾਸਿਉਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਮਨੁਖ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਿ ਲੈਂਦਾ ਹੈ, ਉਹ ਗੁਰੂ ਹੋ ਨਿਬੜਦਾ ਹੈ। ਸੋ ਗੁਰੂ ਬਣਨ ਦੀ ਕਸਵੱਟੀ ਪਰਮਾਤਮਾ (ਜਾਂ ਗੁਰਬਾਣੀ) ਨਾਲ ਅਭੇਦਤਾ ਹੀ ਹੋਵੇਗੀ। ਦੁਨੀਆ ਭਾਵੇਂ ਉਹਨਾ ਨੂੰ ਭਗਤ, ਜਨ, ਦਾਸ ਜਾਂ ਹੋਰ ਨਾਮ ਨਾਲ ਸੰਬੋਧਨ ਕਰੇ ਪਰ ਜੋ ਪਰਮਾਤਮਾ ਨਾਲ ਅਭੇਦ ਹੋ ਜਾਂਦਾ ਹੈ ਉਹ ਗੁਰੂ ਪਦਵੀ ਦਾ ਅਧਿਕਾਰੀ ਹੋ ਜਾਂਦਾ ਹੈ। ਗੁਰਬਾਣੀ ਤੇ ਚਲਣ ਨੂੰ “ਆਪਾ ਗਵਾਉਣਾ” ਵੀ ਕਿਹਾ ਗਿਆ ਹੈ ਜਿਵੇਂ ਗੁਰ ਫੁਰਮਾਨ ਹੈ:-

1. ਆਪੁ ਗਵਾਈਐ ਤਾ ਸਹੁ ਪਾਈਐ ਅਉਰ ਕੈਸੀ ਚਤੁਰਾਈ॥ (ਮ: 1-722)

2. ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ॥ (ਮ: 3-118)

3. ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦ ਸਮਾਇਆ॥ (567)।

ਜਿਸ ਮਨੁਖ ਨੇ ਗੁਰਬਾਣੀ ਦੁਆਰਾ ਆਪਾ ਮਿਟਾ ਕੇ (ਆਪਣੀ ਮਨ ਮਤ ਛਡ ਕੇ ਤੇ ਗੁਰੂ ਦੀ ਮਤ ਲੈ ਕੇ) ਸਹੁ ਨੂੰ ਪਾ ਲਿਆ, ਪਰਮਾਤਮਾ ਨਾਲ ਅਭੇਦਤਾ ਪਾ ਲਈ, ਉਹ ਫਿਰ ਪਰਮਾਤਮਾ ਦੀ ਬੋਲੀ ਤੋਂ ਬਿਨਾ, ਖਸਮ ਦੇ ਬੋਲਾਂ ਤੋਂ ਬਿਨਾ ਹੋਰ ਕੀ ਬੋਲ ਸਕਦਾ ਹੈ? ਫਿਰ ਉਸਦੀ ਬੋਲੀ ਇਹੀ ਹੋਵੇਗੀ:-

1. ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ (ਮ: 1 … 763)।

2. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਮ: 1 … 722)।

ਅਸਲ ਵਿੱਚ ਗੁਰੂ ਨਾਲ ਅਭੇਦਤਾ ਹੁੰਦੀ ਹੀ ਉਦੋਂ ਹੈ ਜਦੋਂ ਸਿਖ ਅਤੇ ਗੁਰੂ ਦੀ ਵਿਚਾਰ ਇੱਕ ਹੋ ਜਾਵੇ ਤੇ ਵਿਚਾਰ ਦੇ ਇੱਕ ਹੁੰਦਿਆਂ, ਬੋਲ ਵੀ ਇਕੋ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਨਾਂ ਨੇ ਭਗਤਾਂ ਦੀ ਬਾਣੀ ਨੂੰ ਆਪਣੀ ਬਾਣੀ ਨਾਲ ਰਲਾ ਕੇ ਲਿਖਿਆ ਕਿਉਂਕਿ ਭਗਤਾਂ ਦੀ ਵਿਚਾਰ ਵੀ ਉਹੀ ਸੀ ਜੋ ਗੁਰੂ ਸਾਹਿਬਾਨ ਜੀ ਦੀ ਆਪਣੀ ਸੀ। ਜਿਸ ਨੇ ਵੀ ਪ੍ਰਭੂ ਨੂੰ ਪਾਇਆ ਉਹਨਾਂ ਦੀ ਵਿਚਾਰ ਤੇ ਬੋਲਾਂ ਵਿੱਚ ਵਖਰੇਵਾਂ ਨਹੀ ਹੋ ਸਕਦਾ। ਗੁਰੂ ਇਸ ਦਾ ਸਪਸ਼ਟੀਕਰਨ ਦਿੰਦੇ ਹਨ:- ਭਗਤਾਂ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ॥ ਭਗਤਾਂ ਤੇਰੀ ਟੇਕ ਰਤੇ ਸਚਿ ਨਾਇ॥ (ਮ: 5-521) ਪਰਮਾਤਮਾ ਵਿੱਚ ਲੀਨ ਹੋਣ ਵਾਲਾ ਭਾਵੇਂ ਛੀਂਬਾ ਹੋਵੇ, ਨਾਈ ਹੋਵੇ, ਜੱਟ, ਜੁਲਾਹਾ ਜਾਂ ਕਸਾਈ ਹੋਵੇ ਸਭ ਇਕੋ ਗੁਰੂ ਰੂਪ ਹੋ ਜਾਂਦੇ ਹਨ ਤੇ ਉਹਨਾ ਵਿੱਚ ਕਿਸੇ ਕਿਸਮ ਦਾ ਵਖਰੇਵਾਂ ਕਰਨਾ ਵਡੀ ਅਗਿਆਨਤਾ ਹੋਵੇਗੀ। ਗੁਰੂ ਪਦਵੀ ਧਰਮ ਦੀ ਆਖਰੀ ਮੰਜ਼ਿਲ ਹੈ, ਇਸ ਤੋਂ ਉਚ-ਕੋਟੀ, ਸਿਖਰਤਾ, ਜਾਂ ਪੜਾ ਹੋਰ ਕੋਈ ਨਹੀ। ਗੁਰੂ ਤੋਂ ਉਚਾ ਜਾਂ ਵਡਾ ਨਹੀ ਹੋਇਆ ਜਾ ਸਕਦਾ ਕਿਉਂਕਿ ਗੁਰੂ ਹੋਣਾ ਪਰਮਾਤਮਾ ਨਾਲ ਇੱਕ ਮਿਕਤਾ ਹੈ ਜਿਸਤੋਂ ਉਚਾ ਨਹੀ ਹੋਇਆ ਜਾ ਸਕਦਾ।

1. ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ (ਮ: 5 … 278)।

2. ਸੂਰਜ ਕਿਰਨ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ॥ (ਮ: 5 … 846)।

ਐਸੀ ਅਭੇਦਤਾ ਵਿੱਚ ਉਚੇ ਜਾਂ ਵਡੇ ਦਾ ਵਖਰੇਵਾਂ ਅਗਿਆਨਤਾ ਹੀ ਨਹੀ ਬਲਿਕੇ ਨਿੰਦਿਆ ਵੀ ਹੋਵੇਗੀ।

ਕਈ ਵਾਰ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਭਗਤ ਗੁਰੂ ਨਾਲੋਂ ਕੁੱਝ ਨੀਵੀ ਪਧਵੀ ਤੇ ਸਨ ਤੇ ਉਹਨਾ ਦੀ ਰਚੀ ਬਾਣੀ ਵੀ ਗੁਰੂਆਂ ਦੀ ਬਾਣੀ ਸਮਾਨ ਨਹੀ ਸੀ ਪਰ ਇਹ ਕੋਰੀ ਅਗਿਆਨਤਾ ਤੇ ਭਗਤਾਂ ਦੀ ਨਿਰਾਦਰੀ ਹੀ ਨਹੀ ਬਲਿਕੇ ਗੁਰੂ ਸਾਹਿਬਾਨਾਂ ਦੀ ਵੀ ਵਿਰੋਧਤਾ ਹੈ। ਪਰਮਾਤਮਾ ਵਿੱਚ ਅਭੇਦ ਹੋਣ ਪਿਛੋਂ, ਬਿਨਾ ਕਿਸੇ ਵਿਤਕਰੇ, ਸਭ ਗੁਰੂ ਰੂਪ ਹੋ ਨਿਬੜਦੇ ਹਨ। ਬਾਬੇ ਨਾਨਕ ਨੇ ਆਪਣੀਆਂ ਉਦਾਸੀਆਂ ਸਮੇਂ ਅਨੇਕ ਤਰਾਂ ਦੀਆਂ ਦੁਖ, ਤਕਲੀਫਾਂ, ਗਰਮੀਆਂ, ਸਰਦੀਆਂ, ਮੀਂਹ, ਕੱਕਰ ਤੇ ਝੱਖੜਾਂ ਨੂੰ ਝੱਲ ਕੇ ਭਗਤਾਂ ਦੀ ਬਾਣੀ ਨੂੰ ਸਾਂਭ ਕੇ ਲਿਆਂਦਾ। ਅਗਰ ਭਗਤ ਕੁੱਝ ਨੀਵੀ ਪੱਧਰ ਤੇ ਹੁੰਦੇ ਤਾਂ ਉਹਨਾ ਦੀ ਬਾਣੀ ਏਨੀਆਂ ਮੁਸ਼ਕਲਾਂ ਨਾਲ ਲਿਖ ਕੇ ਲਿਆਵਣ ਦਾ ਕੀ ਲਾਭ? ਕੀ ਬਾਬਾ ਨਾਨਕ ਭਗਤਾਂ ਦੀ ਬਾਣੀ ਨੂੰ ਪਰਖਣ ਤੋਂ ਅਸਮਰੱਥ ਸਨ? ਜਿਸ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੀਆਂ ਲਗਾਂ ਮਾਤਰਾਂ, ਕਾਵਿ ਰੂਪ ਸ਼ੈਲੀ, ਗਿਣਤੀ ਮਿਣਤੀ ਤੇ ਗੁਰਮਤ ਸਿਧਾਂਤਾਂ ਦਾ ਇਨਾ ਖਿਆਲ ਰਖਿਆ, ਕੀ ਉਹ ਭਗਤ ਬਾਣੀ ਦੇ ਆਸ਼ੇ ਨੂੰ ਸਮਝਣ ਤੇ ਪਰਖਣ ਦੇ ਸਮਰੱਥ ਨਹੀ ਸਨ? ਇਸ ਲਈ ਭਗਤ ਬਾਣੀ ਤੇ ਕਿੰਤੂ ਪਰੰਤੂ ਕਰਨਾ ਗੁਰੂ ਦਾ ਨਿਰਾ ਘੋਰ ਨਿਰਾਦਰ ਤੇ ਨਿੰਦਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਦੇ ਮਕਾਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਪ ਲਿਖਵਾਈ, ਕੀ ਉਹ ਵੀ ਭਗਤ ਬਾਣੀ ਦੇ ਆਸ਼ੇ ਤੋਂ ਅਨਜਾਣ ਸਨ? ਗੁਰੂ ਨੇ ਤਾਂ ਭਗਤ ਬਾਣੀ ਨੂੰ ਆਪਣੀ ਬਾਣੀ ਨਾਲ ਰਲਾ ਕੇ ਲਿਖਿਆ ਤੇ ਹੁਕਮ ਕੀਤਾ:-

1. ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ॥ (ਮ: 3 … 909)

2. ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕੱਥ ਕਥਾ ਨਿਤਿ ਨਿਆਰੀ॥ (ਮ: 4-506)।

ਜਿਨ੍ਹਾ ਭਗਤਾਂ ਦੀ ਬਾਣੀ ਨੂੰ ਗੁਰੂ ਆਪ “ਉਤਮ ਬਾਣੀ” ਕਹਿਕੇ ਸ਼ਲਾਘਾ ਕਰਦੇ ਹਨ, ਉਸ ਉਤੇ ਸਿਖ ਦਾ ਕਿੰਤੂ ਪਰੰਤੂ ਕਰਨਾ ਗੁਰੂ ਤੇ ਸ਼ਕ ਕਰਨਾ ਹੈ ਤੇ ਗੁਰੂ ਵੀ ਸੁਚੇਤ ਕਰਦਾ ਹੈ ਕਿ:- ਸਲਾਮੁ ਜਬਾਬੁ ਦੋਵੇਂ ਕਰੇ ਮੁਢਹੁ ਘੁਥਾ ਜਾਇ। (ਮ: 2 … 474)। ਇਸ ਲਈ ਗੁਰੂ (ਗੁਰਬਾਣੀ) ਤੋਂ ਉਤਮ ਹੋਰ ਕੁੱਝ ਨਹੀ: ਵਾਹੁ ਵਾਹੁ ਪੂਰੇ ਕੀ ਬਾਣੀ॥ ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ॥ (ਮ: 3 … 754)। ਗੁਰਬਾਣੀ ਦੁਆਰਾ ਹੀ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ।

ਦਰਸ਼ਨ ਸਿੰਘ

ਵੁਲਵਰਹੈਂਪਟਨ, ਯੂ. ਕੇ.
.