.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 13)

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
ਡਰਪੈ ਧਰਤਿ ਅਕਾਸੁ ਨਖ੍ਹਤ੍ਰਾ ਸਿਰ ਊਪਰਿ ਅਮਰੁ ਕਰਾਰਾ॥ ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ॥ ੧ ॥ (੯੯੮) ਏਕਾ ਨਿਰਭਉ ਬਾਤ ਸੁਨੀ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥ ੧॥ ਰਹਾਉ॥ ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ॥ ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ॥ ੨॥ ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ॥ ੩॥ ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ॥ ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ॥ ੪॥ (੯੯੯)
॥ ਰਹਾਉ॥ ਏਕਾ ਨਿਰਭਉ ਬਾਤ ਸੁਨੀ॥ ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥ ੧॥ ਰਹਾਉ॥ ਹੇ ਭਾਈ ਅਸੀਂ ਇਕੋ ਗੱਲ ਸੁਣੀ ਅਤੇ ਸਮਝੀ ਹੈ, ਜਿਸ ਆਸਰੇ ਬੰਦਾ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਸਕਦਾ ਹੈ। ਅਤੇ ਉਹ ਗੱਲ ਇਹ ਹੈ ਕਿ ਜਿਹੜਾ ਮਨੁੱਖ ਗੁਰ, ਸ਼ਬਦ ਗੁਰੂ ਨੂੰ ਮਿਲ ਕੇ, ਉਸ ਨੂੰ ਵਿਚਾਰ ਕੇ, ਉਸ ਅਨੁਸਾਰ ਜੀਵਨ ਢਾਲ ਕੇ, ਪਰਮਾਤਮਾ ਦੀ ਰਜ਼ਾ ਅਨੁਸਾਰ, ਖੁਸ਼ੀ ਪੂਰਵਕ ਜਿਊਣਾ ਸਿੱਖ ਲੈਂਦਾ ਹੈ, ਉਹੀ ਡਰ ਤੋਂ ਮੁਕਤ, ਸੁਖੀ ਜੀਵਨ ਵਾਲਾ ਹੈ। ॥ ੧॥ ਡਰਪੈ ਧਰਤਿ ਅਕਾਸੁ ਨਖ੍ਹਤ੍ਰਾ ਸਿਰ ਊਪਰਿ ਅਮਰੁ ਕਰਾਰਾ॥ ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ॥ ੧ ॥ (੯੯੮) ਹੇ ਭਾਈ, ਧਰਤੀ, ਆਕਾਸ਼, ਤਾਰੇ ਆਦਿ ਸਾਰੇ ਹੀ, ਪਰਮਾਤਮਾ ਦੇ ਕਰੜੇ, ਨਾ ਟਾਲੇ ਜਾ ਸਕਣ ਵਾਲੇ ਹੁਕਮ ਦੇ ਡਰ ਅਧੀਨ ਚਲ ਰਹੇ ਹਨ। ਇਨ੍ਹਾਂ ਵਿਚੋਂ ਕੋਈ ਵੀ, ਪ੍ਰਭੂ ਦੀ ਰਜ਼ਾ ਦੀ ਅਵਹੇਲਣਾ ਕਰਨ ਦੀ ਹਿੱਮਤ ਨਹੀਂ ਰਖਦਾ। ਏਸੇ ਕਰ ਕੇ ਲੱਖਾਂ-ਕਰੋੜਾਂ ਸਾਲਾਂ ਤੋਂ, ਆਪਣੀ ਮਿਥੀ ਚਾਲ ਨਾਲ, ਨਿਰ ਵਿਘਨ ਚਲ ਰਹੇ ਹਨ। ਇਵੇਂ ਹੀ ਜਿਨ੍ਹਾਂ ਹਵਾ-ਪਾਣੀ, ਅੱਗ ਨੂੰ ਦੇਵਤਿਆਂ ਦੇ ਰੂਪ ਵਿੱਚ ਥਾਪ ਕੇ, ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਉਹ ਸਾਰੇ ਹੀ ਕਰਤਾਰ ਦੇ ਡਰ ਅਧੀਨ, ਉਸ ਦੇ ਹੁਕਮ ਵਿੱਚ ਹੀ ਚਲ ਰਹੇ ਹਨ, ਸਾਰੇ ਦੇਵਤਿਆਂ ਦਾ ਕਿਹਾ ਜਾਂਦਾ ਰਾਜਾ, ਇੰਦਰ ਵੀ, ਉਸ ਪ੍ਰਭੂ ਦੇ ਡਰ ਅਧੀਨ ਉਸ ਦੇ ਹੁਕਮ ਵਿੱਚ ਹੀ ਚਲ ਰਿਹਾ ਹੈ।
॥ ੨॥ ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ॥ ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰ ਫਿਰ ਜੋਨੀ ਜੋਇਆ॥ ੨॥ ਸਾਰੇ ਦੇਹਧਾਰੀ ਜੀਵ, ਅਤੇ ਬਿਨਾ ਦੇਹ ਦੇ ਕਹੇ ਜਾਂਦੇ ਦੇਵਤੇ ਵੀ ਉਸ ਕਰਤਾਰ ਦੇ ਡਰ ਅਧੀਨ, ਉਸ ਦੇ ਹੁਕਮ ਅਨੁਸਾਰ ਹੀ ਚਲ ਰਹੇ ਹਨ। ਸਿੱਧ, ਜੋ ਆਪਣੇ ਆਪ ਨੂੰ, ਸਾਧਨਾ ਕਰ ਕੇ, ਸਿੱਧ ਹੋ ਗਏ ਅਖਵਾਉਂਦੇ ਹਨ ਅਤੇ ਸਾਧਿਕ, ਜੋ ਸਿੱਧ ਹੋਣ ਦੀ ਪਰਕਿਰਿਆ ਵਿੱਚ ਅਜੇ ਸਾਧਨਾ ਕਰ ਰਹੇ ਹਨ, ਉਹ ਪ੍ਰਭੂ ਦੇ ਹੁਕਮ ਅੱਗੇ ਥਰ-ਥਰ ਕੰਬਦੇ ਹਨ। ਚੌਰਾਸੀ ਲੱਖ (ਬੇਗਿਣਤ) ਜੂਨਾਂ ਵਿਚਲੇ ਸਾਰੇ ਜੀਵ, ਜੋ ਉਸ ਦੀ ਰਜ਼ਾ ਦੀ ਉਲੰਘਣਾ ਕਰਦੇ ਹਨ, ਹਮੇਸ਼ਾ ਜਨਮ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਪਰਮਾਤਮਾ ਦੇ ਨਿਯਮ-ਕਾਨੂਨਾਂ ਅਨੁਸਾਰ, ਅਲੱਗ-ਅਲੱਗ ਜੂਨਾਂ ਵਿੱਚ ਪਾਏ ਜਾਂਦੇ ਹਨ।
॥ ੩॥ ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ॥ ੩॥ ਹੇ ਭਾਈ, ਕਰਤਾਰ ਵਲੋਂ ਪੈਦਾ ਕੀਤੇ, ਬੇਅੰਤ ਰੂਪਾਂ-ਰੰਗਾਂ ਦੇ ਬੇਅੰਤ ਜੀਵ, ਜੋ ਮਾਇਆ ਦੇ ਤਿੰਨਾਂ ਗੁਣਾਂ, ਰਾਜਸੁ, (ਜਿਸ ਵਿੱਚ ਰਜੋ-ਗੁਣ, ਰਾਜ ਕਰਨ ਦੀ ਪਰਵਿਰਤੀ ਦਾ ਵਾਧਾ ਹੋਵੇ) ਸਾਤਕੁ, (ਜਿਸ ਵਿੱਚ ਸਤੋ-ਗੁਣ, ਸਤ, ਸਚ ਨਾਲ ਜੁੜਨ ਦੀ ਪਰਵਿਰਤੀ ਅਧਿਕ ਮਾਤਰਾ ਵਿੱਚ ਹੋਵੇ) ਅਤੇ ਤਾਮਸੁ, (ਜਿਸ ਵਿੱਚ ਤਮੋ-ਗੁਣ, ਤਮ੍ਹਾ, ਲਾਲਚ ਦੀ ਪਰਵਿਰਤੀ ਵਾਧੂ ਹੋਵੇ) ਦੇ ਅਧੀਨ ਚਲਦੇ ਹਨ, ਇਹ ਸਾਰੇ ਵੀ ਉਸ ਵਾਹਿਗੁਰੂ ਦੇ ਡਰ ਅੰਦਰ ਉਸ ਦੀ ਰਜ਼ਾ ਅਨੁਸਾਰ ਹੀ ਕੰਮ ਕਰਦੇ ਹਨ। ਜਿਸ ਲੱਛਮੀ, ਜਿਸ ਮਾਇਆ ਨੇ ਦੁਨੀਆ ਦੇ ਸਾਰੇ ਜੀਵਾਂ ਨੂੰ ਭਰਮ-ਜਾਲ ਵਿੱਚ ਫਸਾ ਕੇ ਛਲਿਆ ਹੋਇਆ ਹੈ, ਉਹ ਵੀ ਰੱਬ ਦੇ ਡਰ ਅਧੀਨ, ਉਸ ਦੇ ਹੁਕਮ ਵਿੱਚ ਹੀ ਚਲ ਰਹੀ ਹੈ। ਧਰਮ-ਰਾਜ, ਜਿਸ ਬਾਰੇ ਕਿਹਾ ਜਾਂਦਾ ਹੈ ਕਿ, ਉਹ ਜੀਵਾਂ ਦੇ ਕਰਮਾਂ ਦਾ ਲੇਖਾ, ਹਿਸਾਬ ਕਿਤਾਬ ਕਰਦਾ ਹੈ, ਉਹ ਵੀ ਪਰਮਾਤਮਾ ਦੇ ਅਟੱਲ ਨਿਯਮ-ਕਾਨੂਨਾਂ ਅੱਗੇ ਥਰ-ਥਰ ਕੰਬਦਾ ਹੈ।
॥ ੪॥ ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ॥ ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ॥ ੪॥ (੯੯੯) ਦੁਨੀਆ ਦੀ ਹਰ ਚੀਜ਼ ਵਿਚ, ਹਰ ਜੀਵ ਵਿਚ, ਉਸ ਸਿਰਜਣਹਾਰ ਦਾ ਡਰ, ਵਿਆਪ ਰਿਹਾ ਹੈ। ਉਸ ਦੇ ਡਰ ਅਧੀਨ ਹੀ, ਸ੍ਰਿਸ਼ਟੀ ਦਾ ਕਣ-ਕਣ, ਉਸ ਦੇ ਨਿਯਮ-ਕਾਨੂਨ ਵਿਚ ਬੱਧਾ, ਆਪਣੀ-ਆਪਣੀ ਚਾਲ ਵਿੱਚ ਚਲ ਰਿਹਾ ਹੈ। ਇਸ ਡਰ ਤੋਂ ਰਹਤ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ, ਜੋ ਨਿਰਭਉ ਹੈ, ਉਹ ਕੇਵਲ ਤੇ ਕੇਵਲ, ਕਰਣੇਹਾਰ, ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾ-ਪੁਰਖ ਹੀ ਹੈ। ਹੇ ਨਾਨਕ ਆਖ, ਸੰਸਾਰ ਦੀ ਉਹ ਇਕੋ-ਇਕ ਨਿਰਭਉ ਹਸਤੀ ਹੀ, ਭਗਤਾਂ ਦੀ ਸੰਗੀ ਸਾਥੀ ਹੈ, ਉਨ੍ਹਾਂ ਦੀ ਰਖਵਾਲੀ ਕਰਨ ਵਾਲੀ ਹੈ। ਉਸ ਪ੍ਰਭੂ ਦੇ ਦਰਬਾਰ ਵਿਚ, ਸਿਰਫ ਭਗਤਾਂ ਨੂੰ ਹੀ ਸੋਭਾ, ਇਜ਼ਤ ਮਿਲਦੀ ਹੈ।
ਅਮਰ ਜੀਤ ਸਿੰਘ ਚੰਦੀ




.