.

ੴਸਤਿਗੁਰਪ੍ਰਸਾਦਿ ॥

ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

(ਕਿਸ਼ਤ ਨੰ: 04)

ਕੀ ਪੰਥਕ ਫੈਸਲੇ ਕਰਨ ਲਈ ਜਥੇਦਾਰ ਹੀ ਪੰਜ ਪਿਆਰੇ ਹਨ?

ਪੰਜ ਪਿਆਰਿਆਂ ਦੀ ਮਰਿਯਾਦਾ, ਖ਼ਾਲਸਾ ਸਾਜਣਾ ਦੇ ਨਾਲ ਹੋਂਦ ਵਿੱਚ ਆਈ, ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ 30 ਮਾਰਚ, 1699 ਨੂੰ ਵਿਸਾਖੀ ਵਾਲੇ ਦਿਨ, ਸਤਿਗੁਰੂ ਨਾਨਕ ਪਾਤਿਸ਼ਾਹ ਦੇ,

“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥“

ਦੇ ਧਰਮ ਦੀ ਦੁਨੀਆਂ ਵਿੱਚ ਦਾਖਲ ਹੋਣ ਦੇ ਅਨਮੋਲ ਸਿਧਾਂਤ ਅਨੁਸਾਰ ਸਭ ਤੋਂ ਪਹਿਲਾਂ ਸੀਸ ਭੇਟ ਕਰਨ ਵਾਲੇ ਪੰਜ ਗੁਰਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਬਖ਼ਸ਼ ਕੇ ਪੰਜ ਪਿਆਰੇ ਹੋਣ ਦਾ ਸਨਮਾਨ ਬਖ਼ਸ਼ਿਆ। ਕੁੱਝ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਪਹਿਲੇ ਗੁਰੂ ਸਾਹਿਬਾਨ ਦੇ ਵੀ ਪੰਜ ਪਿਆਰੇ ਹੁੰਦੇ ਸਨ ਅਤੇ ਉਦੋਂ ਉਨ੍ਹਾਂ ਦਾ ਰੋਲ ਇੱਕ ਸਲਾਹਕਾਰ ਦੇ ਰੂਪ ਵਿੱਚ ਹੁੰਦਾ ਸੀ। (ਭਾਈ ਕਾਨ੍ਹ ਸਿੰਘ ਨਾਭਾ-ਮਹਾਨਕੋਸ਼ ਪੰਨਾ 971) ਪਰ ਇਸ ਦਾ ਹੋਰ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਖ਼ਾਲਸਾ ਪੰਥ ਨੇ ਇਸ ਸੰਸਥਾ ਨੂੰ ਸਥਾਈ ਮਾਨਤਾ ਦੇਣ ਵਾਸਤੇ, ਇਹ ਰਿਵਾਇਤ ਬਣਾ ਲਈ, ਕਿ ਗੁਰਦੁਆਰੇ ਵਿੱਚ ਦੇਗ ਵਰਤਾਉਣ ਲਗਿਆਂ, ਪਹਿਲਾਂ ਪੰਜ ਪਿਆਰਿਆਂ ਦੀ ਦੇਗ ਕੱਢ ਕੇ ਵਰਤਾਈ ਜਾਵੇ। ਭਾਵੇਂ ਜਪੁ ਬਾਣੀ ਦੀ 16ਵੀਂ ਪਉੜੀ ‘ਪੰਚ ਪਰਵਾਨ ਪੰਚ ਪਰਧਾਨ` ਦੇ ਸੰਕਲਪ ਵਿੱਚ ਤਾਂ ਗੱਲ ਪੰਜ ਦੀ ਗਿਣਤੀ ਨਾਲੋਂ ਵਧੇਰੇ, ਉੱਚੇ ਸੁੱਚੇ ਕਿਰਦਾਰ ਵਾਲੇ ਸ਼੍ਰੋਮਣੀ ਵਿਅਕਤੀਆਂ ਵਾਸਤੇ ਆਉਂਦੀ ਹੈ, ਉਨ੍ਹਾਂ ਗੁਰੂ ਪਿਆਰਿਆਂ ਦੀ ਜਿਨ੍ਹਾਂ ਇਸ ਬਾਣੀ ਦੀ 8ਵੀਂ ਤੋ 11ਵੀਂ ਪਉੜੀ ਦੇ ‘ਸੁਣਿਐ` ਅਤੇ 12ਵੀਂ ਤੋਂ 15ਵੀਂ ਪਉੜੀ ਦੇ ‘ਮੰਨੈ` ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਿਆ ਹੈ। ਪਰ ਨਾਲ ਹੀ ਗੁਰਬਾਣੀ ਵਿੱਚ,

“ਗੁਰਮਤਿ ਪੰਚ ਸਖੇ ਗੁਰ ਭਾਈ ॥ ਗੁਰਮਤਿ ਅਗਨਿ ਨਿਵਾਰਿ ਸਮਾਈ ॥“ (ਮਾਰੂ ਮਹਲਾ 1, ਪੰਨਾ 1042)

ਜਿਹੇ ਪ੍ਰਮਾਣਾਂ ਵਿੱਚੋਂ ਗਿਣਤੀ ਦੀ ਮਹਤੱਤਾ ਦਾ ਵੀ ਪਤਾ ਲਗਦਾ ਹੈ। ਸਿੱਖ ਸਾਹਿਤ ਦੀਆਂ ਬਹੁਤ ਸਾਰੀਆਂ ਲਿਖਤਾਂ ਵਿੱਚੋਂ ਵੀ, ਜਿੱਥੇ ਉੱਚੇ ਸੁੱਚੇ ਕਿਰਦਾਰ ਵਾਲੇ ਸ਼੍ਰੋਮਣੀ ਵਿਅਕਤੀਆਂ ਦੀ ਗੱਲ ਸਪੱਸ਼ਟ ਹੁੰਦੀ ਹੈ, ਉੱਥੇ ਕਈ ਜਗ੍ਹਾ ਤੇ ਪੰਜ ਦੀ ਗਿਣਤੀ ਦਾ ਅਭਾਸ ਵੀ ਜਾਪਦਾ ਹੈ, ਜਿਵੇਂ, “ਸਨਮੁਖਿ ਮਿਲਿ ਪੰਚ ਆਖੀਅਨਿ ਬਿਰਦੁ ਪੰਚ ਪਰਮੇਸੁਰੁ ਪਾਸੀ॥ ਗੁਰਮੁਖਿ ਮਿਲਿ ਪਰਵਾਣ ਪੰਚ ਸਾਧਸੰਗਤਿ ਸਚ ਖੰਡ ਬਿਲਾਸੀ॥“ (ਭਾਈ ਗੁਰਦਾਸ ਜੀ- ਵਾਰਾਂ, 39-17-5) ਵਿੱਚ ਤਾਂ ਭਾਈ ਸਾਹਿਬ ਨੇ ਸ਼ੁਭ ਗੁਣਾਂ ਵਾਲੇ ਵਿਅਕਤੀਆਂ ਦੀ ਗੱਲ ਕੀਤੀ ਹੈ, ਪਰ “ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ॥ ਸਾਧਸੰਗਤਿ ਸੋਹਨਿ ਗੁਰ ਭਾਈ ॥6॥“ (29-6-7) ਅਤੇ “ਸਬਦ ਸੁਰਤਿ ਲਿਵ ਗੁਰਸਿਖ ਸੰਧ ਮਿਲੇ ਪੰਚ ਪਰਪੰਚ ਮਿਟੇ ਪੰਚ ਪਰਧਾਨੇ ਹੈ। “ (ਭਾਈ ਗੁਰਦਾਸ ਜੀ- ਕਬਿਤ, 29-2) ਅਤੇ “ਗੁਰੁਘਰ ਕੀ ਮਰਜਾਦਾ ਪੰਚਹੁ” (ਸੂਰਜ ਪ੍ਰਕਾਸ਼) ਆਦਿ ਵਿੱਚ ਸ਼ੁਭ ਗੁਣਾਂ ਦੇ ਨਾਲ ਪੰਜ ਦੀ ਗਿਣਤੀ ਦੀ ਗੱਲ ਸਪੱਸ਼ਟ ਹੁੰਦੀ ਹੈ। ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਸਿੱਖੀ ਵਿੱਚ ਸ਼ੁਭ ਗੁਣਾਂ ਨਾਲ ਭਰਪੂਰ, ਉੱਚੇ ਸੁੱਚੇ ਅਮਲੀ ਜੀਵਨ ਵਾਲੇ ਪੰਜ ਗੁਰਸਿੱਖਾਂ ਦੀ ਅਗਵਾਈ ਦਾ ਵਿਧਾਨ ਹੈ। ਜਾਂ ਇਹ ਕਹਿ ਸਕਦੇ ਹਾਂ ਕਿ ਸਿੱਖ ਕੌਮ ਵਿੱਚ ਕਿਸੇ ਇੱਕ ਵਿਅਕਤੀ ਦੀ ਜਗ੍ਹਾ, ਉਤਮ ਗੁਣਾਂ ਵਾਲੇ ਗੁਰਸਿੱਖਾਂ ਦੀ ਸਮੂਹਿਕ ਅਗਵਾਈ ਦਾ ਸਿਧਾਂਤ ਹੈ।

ਇੱਥੇ ਸਾਡਾ ਵਿਸ਼ਾ ਵਧੇਰੇ ਇਸ ਗੱਲ ਨਾਲ ਸਬੰਧਤ ਹੈ ਕਿ ਕੀ ਅੱਜ ਸਿੱਖ ਕੌਮ ਵਿੱਚ ਇਹ ਪੰਜ ਜਥੇਦਾਰ ਹੀ ਪੰਜ ਪਿਆਰੇ ਅਖਵਾਉਣ ਦਾ ਅਤੇ ਕੌਮੀ ਫੈਸਲੇ ਕਰਨ ਦਾ ਹੱਕ ਰਖਦੇ ਹਨ? ਇਸ ਗੱਲ ਨੂੰ ਸਮਝਣ ਵਾਸਤੇ ਅਸੀਂ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਜੀਵਨ ਕਾਲ ਦੇ ਇਤਿਹਾਸ ਤੋਂ ਹੀ ਅਗਵਾਈ ਲੈਂਦੇ ਹਾਂ। ਪਾਹੁਲ ਛਕਾਉਣ ਤੋਂ ਇਲਾਵਾ, ਸਾਡੇ ਸਾਹਮਣੇ ਤਿੰਨ ਇਤਿਹਾਸਕ ਮੌਕੇ ਹਨ, ਜਿੱਥੇ ਇਸ ਸੰਸਥਾ ਦੀ ਜ਼ਾਹਿਰਾ ਵਰਤੋਂ ਕੀਤੀ ਮਿਲਦੀ ਹੈ।

ਪਹਿਲਾਂ ਚਮਕੌਰ ਦੀ ਗੜ੍ਹੀ ਵਿੱਚ, ਜਿੱਥੇ ਇਹ ਸਪੱਸ਼ਟ ਨਜ਼ਰ ਆਉਂਦਾ ਸੀ ਕਿ ਮੈਦਾਨੇ ਜੰਗ ਵਿੱਚੋਂ ਕਿਸੇ ਸਿੱਖ ਦਾ ਜੀਉਂਦੇ ਬੱਚ ਕੇ ਆਉਣਾ ਸੰਭਵ ਨਹੀਂ। ਜਿਸ ਵੇਲੇ ਸਿੱਖਾਂ ਨੇ ਮਹਿਸੂਸ ਕੀਤਾ ਕਿ ਜੇ ਸਤਿਗੁਰੂ ਇੱਥੇ ਸ਼ਹੀਦ ਹੋ ਗਏ ਤਾਂ ਖ਼ਾਲਸਾ ਪੰਥ ਨੂੰ, ਜੋ ਉਸ ਸਮੇਂ ਪੂਰੀ ਤਰ੍ਹਾਂ ਖੇਰੂੰ ਖੇਰੂੰ ਹੋਇਆ ਪਿਆ ਸੀ, ਮੁੜ ਸੰਗਠਤ ਕਰਨਾ ਮੁਸ਼ਕਿਲ ਹੋ ਜਾਵੇਗਾ। ਸਿੱਖਾਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਆਪ ਰਾਤ ਦੇ ਹਨੇਰੇ ਵਿੱਚ ਗੜ੍ਹੀ ਛੱਡ ਕੇ ਨਿਕਲ ਜਾਵੋ, ਪਰ ਸਤਿਗੁਰੂ ਨਹੀਂ ਮੰਨੇ, ਤਾਂ ਗੜ੍ਹੀ ਵਿੱਚ ਬਚੇ ਸਿੱਖਾਂ ਨੇ ਗੁਰਮਤਾ ਕਰਕੇ ਸਤਿਗੁਰੂ ਨੂੰ, ਗੜ੍ਹੀ ਛੱਡ ਜਾਣ ਦਾ ਪੰਥ ਦਾ ਫੈਸਲਾ ਸੁਣਾਇਆ। ਜਿਨ੍ਹਾਂ ਪੰਜਾਂ ਨੇ ਪੰਥ ਦਾ ਇਹ ਫੈਸਲਾ ਸਤਿਗੁਰੂ ਨੂੰ ਸੁਣਾਇਆ, ਉਹ ਭਾਈ ਸੰਗਤ ਸਿੰਘ ਦੀ ਅਗਵਾਈ ਵਿੱਚ ਅਲੱਗ ਪੰਜ ਸਿੰਘ ਸਨ।

ਦੂਸਰਾ ਜਦੋਂ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਸਿੱਖਾਂ ਦਾ ਇਮਤਿਹਾਨ ਲੈਣ ਲਈ, ਦਾਦੂ ਪੀਰ ਦੀ ਦਰਗਾਹ ਤੇ ਤੀਰ ਝੁਕਾ ਕੇ ਨਮਸਕਾਰ ਕੀਤੀ, ਤਾਂ ਸਿੱਖਾਂ ਨੇ ਇਮਤਿਹਾਨ ਚੋਂ ਪੂਰੀ ਤਰ੍ਹਾਂ ਪਾਸ ਹੁੰਦੇ ਹੋਏ, ਸਤਿਗੁਰੂ ਨੂੰ ਉਸੇ ਵੇਲੇ ਟੋਕ ਦਿੱਤਾ ਕਿ ਸਤਿਗੁਰੂ, ਸਾਨੂੰ ਤਾਂ ਸਿਖਾਉਂਦੇ ਹੋ ਕਿ ਮੜ੍ਹੀ ਮਸਾਣ ਪੂਜਣੀ ਨਹੀਂ ਪਰ ਆਪ ਤੁਸੀਂ ਮੜ੍ਹੀ ਤੇ ਤੀਰ ਨਿਵਾਂ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਬਹੁਤ ਪ੍ਰਸੰਨ ਹੋਏ ਅਤੇ ਫੁਰਮਾਇਆ, ਮੈਂ ਇਹੀ ਵੇਖਣਾ ਚਾਹੁੰਦਾ ਸੀ ਕਿ ਤੁਸੀਂ ਕਿੰਨੇ ਕੁ ਸੁਚੇਤ ਹੋ? ਸਤਿਗੁਰੂ ਨੇ ਆਪ ਫੁਰਮਾਇਆ, ਭਾਵੇਂ ਮੈਂ ਇਹ ਤੁਹਾਡਾ ਇਮਤਿਹਾਨ ਲੈਣ ਵਾਸਤੇ ਕੀਤਾ ਹੈ, ਪਰ ਗੁਰਮਤਿ ਸਿਧਾਂਤਾਂ ਦੀ ਅਵੱਗਿਆ ਤਾਂ ਕੀਤੀ ਹੈ, ਇਸ ਵਾਸਤੇ ਮੈਨੂੰ ਤਨਖਾਹ ਜ਼ਰੂਰ ਲਾਈ ਜਾਵੇ। ਜਿਨ੍ਹਾਂ ਪੰਜ ਗੁਰਸਿੱਖਾਂ ਨੇ ਉਸ ਸਮੇਂ ਸਤਿਗੁਰੂ ਨੂੰ ਪੰਥ ਦਾ ਤਨਖਾਹ ਦਾ ਫੈਸਲਾ ਸੁਣਾਇਆ, ਉਹ ਸਭ ਤੋਂ ਪਹਿਲਾਂ ਪਾਹੁਲ ਛੱਕਣ ਵਾਲੇ ਪੰਜ ਪਿਆਰੇ ਨਹੀਂ ਸਨ।

ਤੀਸਰਾ ਮੌਕਾ ਜਦੋਂ ਸਤਿਗੁਰੂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚੋਂ ਜ਼ੁਲਮ ਦਾ ਰਾਜ ਖ਼ਤਮ ਕਰਨ ਅਤੇ ਸਾਹਿਬਜ਼ਾਦਿਆਂ ਦੇ ਕਾਤਲ ਦੁਸ਼ਟਾਂ ਨੂੰ ਸਜ਼ਾ ਦੇਣ ਲਈ ਪੰਜਾਬ ਭੇਜਿਆ ਤਾਂ ਉਨ੍ਹਾਂ ਨਾਲ ਸਲਾਹਕਾਰ ਦੇ ਤੌਰ ਤੇ ਭੇਜੇ ਪੰਜ ਸਿੰਘਾਂ ਦੇ ਨਾ ਬਾਬਾ ਬਿਨੋਦ ਸਿੰਘ, ਕਾਨ੍ਹ ਸਿੰਘ, ਬਾਜ ਸਿੰਘ, ਬਿਜੈ ਸਿੰਘ, ਰਾਮ ਸਿੰਘ ਸਨ (ਭਾਈ ਕਾਨ੍ਹ ਸਿੰਘ ਨਾਭਾ- ਮਹਾਨਕੋਸ਼ ਪੰਨਾ 894), ਜਦਕਿ ਉਸ ਸਮੇਂ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵੀ ਉਥੇ ਨੰਦੇੜ ਵਿੱਖੇ ਹੀ ਸਨ।

ਇਥੇ ਇੱਕ ਹੋਰ ਅਤਿ ਮਹੱਤਵ ਪੂਰਨ ਗੱਲ ਸਮਝ ਲੈਣੀ ਜ਼ਰੂਰੀ ਹੈ। ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਬਖਸ਼ਣ ਤੋਂ ਬਾਅਦ ਹੀ, ਗੁਰੂ ਪਾਤਿਸ਼ਾਹ ਨੇ ਪੰਜ ਸਿੱਖਾਂ ਨੂੰ ਗੁਰੂ ਰੂਪ ਹੋ ਕੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਅਧਿਕਾਰ ਦੇ ਦਿੱਤਾ ਸੀ। ਤਾਂ ਹੀ 1699 ਦੀ ਵਿਸਾਖੀ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ, ਖਾਲਸੇ ਸੱਜ ਗਏ ਸਨ। ਜੇ ਸਤਿਗੁਰੂ ਕੇਵਲ ਆਪ ਹੀ ਇਹ ਬਖ਼ਸ਼ਿਸ਼ ਕਰਦੇ ਜਾਂ ਕੇਵਲ ਪਹਿਲਾਂ ਪਾਹੁਲ ਪ੍ਰਾਪਤ ਕਰਨ ਵਾਲੇ ਪੰਜ ਪਿਆਰਿਆਂ ਨੂੰ ਹੀ ਇਹ ਅਧਿਕਾਰ ਦੇਂਦੇ, ਤਾਂ ਸ਼ਾਇਦ ਇਹ ਗਿਣਤੀ ਕੁੱਝ ਸੈਂਕੜਿਆਂ ਤੋਂ ਨਾ ਵੱਧ ਸਕਦੀ। ਉਦੋਂ ਤੋਂ ਹੀ ਇਹ ਮਰਿਯਾਦਾ ਚੱਲੀ ਆਉਂਦੀ ਹੈ ਕਿ ਕੋਈ ਵੀ ਗੁਰਮਤਿ ਰਹਿਣੀ ਬਹਿਣੀ ਵਾਲੇ ਪੰਜ ਤਿਆਰ ਬਰ ਤਿਆਰ ਸਿੱਖ, ਖੰਡੇ-ਬਾਟੇ ਦੀ ਪਾਹੁਲ ਬਖਸ਼ਿਸ਼ ਕਰਨ ਵਿੱਚ ਪੰਜ ਪਿਆਰਿਆਂ ਦਾ ਰੋਲ ਨਿਭਾ ਸਕਦੇ ਹਨ। ਲੇਕਿਨ ਉਤਨੀ ਹੀ ਮਹੱਤਵ ਪੂਰਨ ਗੱਲ ਇਹ ਸਮਝਣ ਵਾਲੀ ਹੈ ਕਿ ਆਪਣਾ ਇਹ ਫਰਜ਼ ਨਿਭਾ ਲੈਣ ਤੋਂ ਬਾਅਦ ਉਹ ਆਮ ਸਿੱਖ ਬਣ ਜਾਂਦੇ ਹਨ। ਉਨ੍ਹਾਂ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਰਹਿੰਦਾ। (ਸਾਡੀ ਗੁਰਮਤਿ ਸਿਧਾਂਤਾਂ ਤੋਂ ਅਗਿਆਨਤਾ ਅਤੇ ਨਾਸਮਝੀ ਕਾਰਨ, ਅੱਜ ਕਈ ਸਥਾਨਾਂ ਤੇ ਅੱਜ ਕਿਸੇ ਪੰਜ ਵਿਅਕਤੀਆਂ ਨੂੰ ਐਸਾ ਸਨਮਾਨ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਗੁਰੂ ਆਸ਼ੇ ਤੋਂ ਉਲਟ ਹੋਣ ਕਾਰਨ, ਕੌਮ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ।)

ਇਨ੍ਹਾਂ ਇਤਿਹਾਸਕ ਪ੍ਰਮਾਣਾਂ ਤੋਂ ਗੱਲ ਸਪੱਸ਼ਟ ਹੈ ਕਿ ਜਿੱਥੇ ਇਹ ਸੰਸਥਾ ਸਥਾਈ ਹੈ, ਵਿਅਕਤੀ ਸਥਾਈ ਨਹੀਂ। ਵਿਅਕਤੀ ਸਮੇਂ, ਸਥਾਨ, ਹਾਲਾਤ ਅਤੇ ਲੋੜ ਅਨੁਸਾਰ ਚੁਣੇ ਜਾਂਦੇ ਸਨ ਅਤੇ ਹੁਣ ਵੀ ਉਸੇ ਅਨੁਸਾਰ ਚੁਣੇ ਜਾਣੇ ਚਾਹੀਦੇ ਹਨ।

ਪਰ ਅੱਜ ਪੰਜਾਂ ਤਖ਼ਤਾਂ ਦੇ ਅਖੌਤੀ ਜਥੇਦਾਰਾਂ ਨੂੰ ਪੱਕੀ ਤਰ੍ਹਾਂ ਸਿੱਖ ਕੌਮ `ਤੇ ਗੁਰੂ ਪਾਤਿਸ਼ਾਹ ਤੋਂ ਵੱਧ ਤਾਕਤ ਦੇਕੇ, ਮੜ੍ਹ ਦਿੱਤਾ ਗਿਆ ਹੈ। ਇਨ੍ਹਾਂ ਵਲੋਂ ਅਕਸਰ ਆਖਿਆ ਜਾਂਦਾ ਹੈ ਕਿ ਅਸੀਂ ਸੁਪਰੀਮ ਹਾਂ, ਅਸੀਂ ਕਿਸੇ ਨੂੰ ਜੁਆਬ ਦੇਹ ਨਹੀਂ ਹਾਂ। ਨਾ ਸਾਡੇ ਫੈਸਲਿਆਂ ਤੇ ਕਿੰਤੂ ਕੀਤਾ ਜਾ ਸਕਦਾ ਹੈ, ਨਾ ਸਾਡੇ ਫੈਸਲੇ ਬਦਲੇ ਜਾ ਸਕਦੇ ਹਨ ਅਤੇ ਨਾ ਹੀ ਰੱਦ ਕੀਤੇ ਜਾ ਸਕਦੇ ਹਨ। ਜਦਕਿ ਉਪਰੋਕਤ ਇਤਿਹਾਸਕ ਘਟਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਆਪ ਪੰਥ ਨੂੰ ਜੁਆਬ ਦੇਹ ਸਨ ਅਤੇ ਪੰਥ ਦੇ ਫੈਸਲਿਆਂ ਦਾ ਪੂਰਾ ਸਤਿਕਾਰ ਕਰਦੇ ਸਨ।

ਇੱਥੇ ਇਹ ਕਿਹਾ ਜਾਵੇਗਾ, ਕਿ ਇਹ ਵੀ ਤਾਂ ਬਦਲਦੇ ਰਹਿੰਦੇ ਹਨ? ਇਹ ਕੇਵਲ ਹੇਠ ਲਿਖੇ ਹਾਲਾਤ ਵਿੱਚ ਬਦਲੇ ਜਾਂਦੇ ਹਨ:

ਉਸ ਵੇਲੇ ਜਦੋਂ ਇਹ ਆਪਣੇ ਸਿਆਸੀ ਆਕਾਵਾਂ ਦੀ ਲੋੜ ਤੇ ਖਰੇ ਨਹੀਂ ਉਤਰਦੇ।

ਜਦੋਂ ਇਨ੍ਹਾਂ ਦੇ ਸਿਆਸੀ ਆਕਾ ਇਹ ਮਹਿਸੂਸ ਕਰਨ ਲੱਗ ਜਾਂਦੇ ਹਨ ਕਿ ਕੁੱਝ ਉਨ੍ਹਾਂ ਦੁਆਰਾ ਕਰਾਏ ਗਏ ਅਤੇ ਕੁੱਝ ਆਪ ਕੀਤੇ ਪਾਪ ਕਰਮਾਂ ਨਾਲ ਕੋਈ ਜਥੇਦਾਰ ਇਤਨਾ ਬਦਨਾਮ ਹੋ ਗਿਆ ਹੈ ਕਿ ਹੁਣ ਕੌਮ ਨੂੰ ਹੋਰ ਮੂਰਖ ਬਨਾਉਣ ਲਈ ਉਹ ਪ੍ਰਭਾਵਸ਼ਾਲੀ ਨਹੀਂ ਰਿਹਾ।

ਜਦੋਂ ਕੋਈ ਅਖੌਤੀ ਜਥੇਦਾਰ ਆਪਣੀ ਸਰਬਉੱਚਤਾ (supremacy) ਦੀ ਤਾਕਤ ਦੇ ਝੂਠੇ ਨਸ਼ੇ ਵਿੱਚ ਇਹ ਭੁੱਲ ਜਾਂਦਾ ਹੈ ਕਿ ਉਹ ਕੁੱਝ ਸਿਆਸਤਦਾਨਾਂ ਦਾ ਤਨਖਾਹਦਾਰ ਅਤੇ ਉਨ੍ਹਾਂ ਦੇ ਰਹਿਮੋ-ਕਰਮ ਤੇ ਹੈ ਅਤੇ ਇਸ ਨਸ਼ੇ ਵਿੱਚ ਆਪਹੁਦਰੀਆਂ ਕਰਨਾ ਸ਼ੁਰੂ ਕਰ ਦੇਂਦਾ ਹੈ।

ਜਦੋਂ ਉਹ ਆਪਣੇ ਸਿਆਸੀ ਆਕਾਵਾਂ ਦੀ ਇੱਛਾ ਵਿਰੁਧ ਕੋਈ ਕਰਮ ਕਰ ਬੈਠਦਾ ਹੈ ਜਾਂ ਉਸ ਤੋਂ ਕੋਈ ਐਸਾ ਕਰਮ ਹੋ ਜਾਂਦਾ ਹੈ, ਜੋ ਉਸ ਦੇ ਸਿਆਸੀ ਆਕਾਵਾਂ ਨੂੰ ਰਾਸ ਨਹੀਂ ਆਉਂਦਾ ਅਤੇ ਉਨ੍ਹਾਂ ਦੇ ਹਿੱਤਾਂ ਵਿਰੁਧ ਜਾਂਦਾ ਹੋਵੇ।

ਜਦੋਂ ਉਸ ਨੂੰ ਬਦਲਣ ਨਾਲ ਉਨ੍ਹਾਂ ਨੂੰ ਕੋਈ ਰਾਜਨੀਤਿਕ ਜਾਂ ਨਿਜੀ ਲਾਭ ਹੁੰਦਾ ਹੋਵੇ।

ਭਾਵ ਇਹ ਕਿ ਆਮ ਸਿੱਖਾਂ ਵਾਸਤੇ ਸਰਬ ਸ਼ਕਤੀਮਾਨ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਕਾਬਜ਼ ਸਿਆਸਤਦਾਨਾਂ ਦੇ ਰਹਿਮੋ ਕਰਮ ਤੇ, ਉਨ੍ਹਾਂ ਦੇ ਹੱਥਾਂ ਦੀ ਮਮੂਲੀ ਜਿਹੀ ਕਠਪੁਤਲੀ ਹਨ।

ਇਕ ਹੋਰ ਬੜੀ ਵਿਸ਼ੇਸ਼ ਗੱਲ ਸਮਝਣ ਅਤੇ ਵਿਚਾਰਨ ਵਾਲੀ ਹੈ। ਜੇ ਮੰਨ ਲਓ ਕੁੱਝ ਸਮੇਂ ਵਾਸਤੇ ਇਸ ਅਹੁਦੇ ਨੂੰ ਪ੍ਰਵਾਨ ਵੀ ਕਰ ਲਿਆ ਜਾਵੇ ਤਾਂ ਇਨ੍ਹਾਂ ਦਾ ਪ੍ਰਮੁਖ ਕੰਮ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ, ਅਨਮੋਲ ਗੁਰਮਤਿ ਸਿਧਾਂਤਾਂ ਨੂੰ ਲਾਗੂ ਕਰਾਉਣਾ ਹੈ। ਇਨ੍ਹਾਂ ਗੁਰਮਤਿ ਸਿਧਾਂਤਾਂ ਦਾ ਅਮਲੀ ਨਿਚੋੜ, ਸਿੱਖ ਰਹਿਤ ਮਰਿਯਾਦਾ ਵਿੱਚ ਕਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਸਿੱਖ ਰਹਿਤ ਮਰਿਯਾਦਾ ਦੀਆਂ ਕੁੱਝ ਮੱਦਾਂ ਬਾਰੇ ਆਪਸੀ ਮਤਭੇਦ ਹੋ ਸਕਦੇ ਹਨ, ਪਰ ਜਿਵੇਂ ਕਿਸੇ ਵੀ ਦੇਸ਼ ਜਾਂ ਕੌਮ ਦੇ ਵਿਧਾਨ ਦੀ ਨਜ਼ਰਸਾਨੀ ਕੀਤੀ ਜਾ ਸਕਦੀ ਹੈ, ਤਿਵੇਂ ਰਹੁਰੀਤ ਕਮੇਟੀ ਦੇ ਪੱਧਰ ਦੀ ਇੱਕ ਕਮੇਟੀ ਬਣਾ ਕੇ ਸਾਡੀ ਰਹਿਤ ਮਰਿਯਾਦਾ ਦੀਆਂ ਇਤਰਾਜ਼ ਯੋਗ ਮੱਦਾਂ ਦੀ, ਗੁਰਮਤਿ ਦੀ ਕਸਵੱਟੀ ਤੇ ਪਰਖ ਕੇ, ਨਜ਼ਰਸਾਨੀ ਕੀਤੀ ਜਾ ਸਕਦੀ ਹੈ ਅਤੇ ਸਚਾਈ ਇਹ ਹੈ ਕਿ ਅੱਜ ਮੁੜ ਤੋਂ ਇਸ ਪੱਧਰ ਦੀ ਕਮੇਟੀ ਬਣਾਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੌਸ਼ਨੀ ਵਿੱਚ ਸਿੱਖ ਰਹਿਤ ਮਰਿਯਾਦਾ ਦੀ ਸੋਧ ਕਰਨੀ ਹੈ ਵੀ ਬਹੁਤ ਜ਼ਰੂਰੀ। ਪਰ ਜਿਵੇਂ ਸੋਧ ਹੋਣ ਤੱਕ ਉਹ ਮੱਦਾਂ ਵਿਧਾਨ ਦਾ ਹਿੱਸਾ ਰਹਿੰਦੀਆਂ ਹਨ, ਤਿਵੇਂ ਅਜ ਸਿੱਖ ਰਹਿਤ ਮਰਿਯਾਦਾ ਦਾ ਜੋ ਵੀ ਰੂਪ ਹੈ, ਤਖ਼ਤਾਂ ਦੇ ਅਖੌਤੀ ਜਥੇਦਾਰ ਉਸ ਦੇ ਪਹਿਰੇਦਾਰ ਹਨ, ਅਤੇ ਉਨ੍ਹਾਂ ਦਾ ਮੁੱਖ ਕੰਮ, ਗੁਰੂ ਗ੍ਰੰਥ ਸਾਹਿਬ ਦਾ ਪੂਰਨ ਅਦਬ-ਸਤਿਕਾਰ ਬਣਾ ਕੇ ਰਖਣਾ, ਸਤਿਗੁਰੂ ਦੀ ਪਾਵਨ ਬਾਣੀ ਅਨੁਸਾਰ ਗੁਰਮਤਿ ਦਾ ਪ੍ਰਚਾਰ, ਪ੍ਰਸਾਰ ਕਰਨਾ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਇਨ-ਬਿਨ ਲਾਗੂ ਕਰਾਉਣਾ ਹੈ। ਪਰ ਇੱਥੇ ਤਾਂ ਇਹ ਜਥੇਦਾਰ ਆਪ, ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਨਾ ਹੀ ਸਿੱਖ ਰਹਿਤ ਮਰਿਯਾਦਾ ਦੇ ਪਾਬੰਦ ਹਨ।

ਗੁਰਮਤਿ ਸਿਧਾਂਤ ਅਤੇ ਸਿੱਖ ਰਹਿਤ ਮਰਿਯਾਦਾ, ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਹਜ਼ੂਰ ਵਿੱਚ, ਕਿਸੇ ਤਰ੍ਹਾਂ ਦੇ ਕਰਮ-ਕਾਂਡ ਕਰਨ, ਗੁਰਦੁਆਰੇ ਵਿੱਚ ਕੋਈ ਫੋਟੋ ਜਾਂ ਮੂਰਤੀ ਆਦਿ ਲਾਉਣ, ਟੱਲ ਖੜਕਾਉਣ, ਆਰਤੀ ਉਤਾਰਨ ਆਦਿ ਜਿਹੇ ਬ੍ਰਾਹਮਣੀ ਕਰਮਾਂ ਦੀ ਪੂਰਨ ਤੌਰ ਤੇ ਮਨਾਹੀ ਕਰਦੇ ਹਨ। (ਸਿੱਖ ਰਹਿਤ ਮਰਿਯਾਦਾ, ਭਾਗ-4, ਚੈਪਟਰ-ਗੁਰਦੁਆਰੇ, ਮੱਦ-ਸ) ਪਰ ਪੰਜਾਬ ਤੋਂ ਬਾਹਰਲੇ ਦੋਹਾਂ ਤਖ਼ਤਾਂ ਤੇ ਇਹ ਸਾਰੇ ਕਰਮ ਕਾਂਡ, ਰੋਜ਼ ਜ਼ੋਰ-ਸ਼ੋਰ ਨਾਲ ਕੀਤੇ ਜਾ ਰਹੇ ਹਨ। ਹੋਰ ਤਾਂ ਹੋਰ ਸਿੱਖ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ, ਕਿ ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, (ਸਿੱਖ ਰਹਿਤ ਮਰਿਯਾਦਾ, ਭਾਗ-4, ਚੈਪਟਰ-ਗੁਰਦੁਆਰੇ, ਮੱਦ-ਹ), ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅੰਤਮ ਆਦੇਸ਼, “ਗੁਰੂ ਮਾਨਿਓ ਗ੍ਰੰਥ” ਦੀ ਹੁਕਮ ਅਦੂਲੀ ਅਤੇ ਮੌਜੂਦਾ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਕਰਦੇ ਹੋਏ, ਇੱਕ ਸਾਕਤੀ ਅਤੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਕਿਤਾਬ, ਬਚਿਤ੍ਰ ਨਾਟਕ (ਇਕ ਸ਼ਰਾਰਤ ਦੇ ਤੌਰ ਤੇ ਜਿਸ ਦਾ ਨਾਂ ਹੁਣ ਬਦਲ ਕੇ ਦਸਮ ਗ੍ਰੰਥ ਰੱਖ ਦਿਤਾ ਗਿਆ ਹੈ ਅਤੇ ਇਸ ਤੋਂ ਵੀ ਅੱਗੇ ਗੁਰੂ ਗ੍ਰੰਥ ਸਾਹਿਬ ਤੋਂ ਬੇਮੁੱਖ ਹੋਏ ਵਿਅਕਤੀਆਂ ਵਲੋਂ ਅੱਜਕਲ ਉਸਨੂੰ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਨਾਂ ਹੇਠ ਛਾਪਿਆ ਅਤੇ ਪ੍ਰਚਾਰਿਆ ਜਾ ਰਿਹਾ ਹੈ) ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਤੇ ਬਿਲਕੁਲ ਉਸੇ ਤਰ੍ਹਾਂ ਪ੍ਰਕਾਸ਼ ਕੀਤਾ ਜਾਂਦਾ ਹੈ। ਉਸ ਅਗੇ ਵੀ ਸਤਿਗੁਰੂ ਵਾਂਗ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਉਸ ਵਿੱਚੋਂ ਵੀ ਹੁਕਮਨਾਮੇ ਲਏ ਜਾਂਦੇ ਹਨ। ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਇੰਝ ਪਿੱਠ ਦੇਣ ਵਾਲੇ, ਕੌਮ ਦੇ ਫੈਸਲੇ ਅਤੇ ਨਿਆਂ (?) ਕਰ ਰਹੇ ਹਨ। ਜੋ ਆਪ ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਪਿੱਠ ਦੇਈ ਬੈਠੇ ਹਨ, ਕੀ ਉਹ ਇਨ੍ਹਾਂ ਦੇ ਪਹਿਰੇਦਾਰ ਬਣਨ ਜਾਂ ਅਖਵਾਉਣ ਦੇ ਹੱਕਦਾਰ ਹਨ?

ਇੱਥੇ ਇੱਕ ਵਿਸ਼ੇਸ਼ ਗੱਲ ਨੋਟ ਕਰਨ ਵਾਲੀ ਹੈ ਕਿ ਨਵੰਬਰ, 2003 ਤੱਕ ਇਨ੍ਹਾਂ ਅਖੌਤੀ ਜਥੇਦਾਰਾਂ ਦੀ, ਫੈਸਲੇ ਕਰਨ ਵਾਲੀ ਮੀਟਿੰਗ ਵਿੱਚ, ਪੰਜਾਬ ਤੋਂ ਬਾਹਰਲੇ ਦੋ ਜਥੇਦਾਰਾਂ ਨੂੰ ਸ਼ਾਮਿਲ ਨਹੀਂ ਸੀ ਕੀਤਾ ਜਾਂਦਾ, ਅਤੇ ਪੰਜਾਬ ਵਿਚਲੇ ਤਿੰਨ ਜਥੇਦਾਰਾਂ ਦੇ ਨਾਲ, ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀਆਂ ਨੂੰ ਸੱਦ ਕੇ ਕੋਰਮ ਪੂਰਾ ਕਰ ਲਿਆ ਜਾਂਦਾ ਸੀ। ਕਾਰਨ ਇਹੀ ਸੀ ਕਿ ਬਾਹਰਲੇ ਤਖਤਾਂ ਦੇ ਜਥੇਦਾਰ, ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਸਨ ਮੰਨਦੇ। ਨਵੰਬਰ, 2003 ਤੋਂ, ਉਨ੍ਹਾਂ ਨੂੰ ਵੀ ਸੱਦਣਾ ਸ਼ੁਰੂ ਕਰ ਦਿੱਤਾ ਗਿਆ। ਪਹਿਲਾਂ ਤਾਂ ਕੋਈ ਇਹ ਪੁੱਛੇ ਕਿ ਕੀ ਹੁਣ ਉਹ ਮਰਿਆਦਾ ਨੂੰ ਮੰਨਣ ਲੱਗ ਪਏ ਹਨ? ਜੁਆਬ ਹੈ, ਬਿਲਕੁਲ ਨਹੀਂ। ਫੇਰ ਆਖਿਰ ਬਦਲਿਆ ਕੀ ਹੈ?

ਜੇ ਪੰਜਾਂ ਤਖ਼ਤਾਂ ਦੇ ਜਥੇਦਾਰ ਹੀ ਪੰਜ ਪਿਆਰੇ ਹਨ, ਤਾਂ ਫੇਰ ਉਸ ਤੋਂ ਪਹਿਲੋਂ ਦੇ ਕੀਤੇ ਸਾਰੇ ਫੈਸਲਿਆਂ ਦੀ ਕੌਈ ਮਹਤੱਤਾ ਨਾ ਹੋਈ। ਅਗੋਂ ਜੇ ਉਸ ਤੋਂ ਬਾਅਦ ਕੀਤੇ ਫੈਸਲਿਆਂ ਤੇ ਝਾਤੀ ਮਾਰੀਏ ਤਾਂ ਸਭ ਤੋਂ ਜ਼ਿਆਦਾ ਵਿਵਾਦ-ਪੂਰਨ, ਕੌਮ ਵਿੱਚ ਦੁਬਿਧਾ ਪੈਦਾ ਕਰਨ ਵਾਲੇ, ਪੰਥ ਵਿੱਚ ਵੰਡੀਆਂ ਪਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਅਦਬ ਸਤਿਕਾਰ ਨੂੰ ਘਟਾਉਣ ਵਾਲੇ, ਗੁਰਮਤਿ ਸਿਧਾਂਤਾਂ ਅਤੇ ਗੁਰਮਰਿਆਦਾ ਦਾ ਮਜ਼ਾਕ ਉਡਾਉਣ ਵਾਲੇ, ਅਕਾਲ-ਤਖ਼ਤ ਸਾਹਿਬ ਦੀ ਸੰਸਥਾ ਦੇ ਅਨਮੋਲ ਸਿਧਾਂਤਾਂ ਨੂੰ ਬਰਬਾਦ ਕਰਨ ਵਾਲੇ, ਹੁਕਮਨਾਮੇ ਉਸ ਤੋਂ ਬਾਅਦ ਵਧੇਰੇ ਆਏ ਹਨ। ਇਸ ਤੋਂ ਇਹ ਸਪੱਸ਼ਟ ਜਾਪਦਾ ਹੈ ਕਿ, ਕਿਉਂਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਮੌਜੂਦਾ ਅਕਾਲੀ ਲੀਡਰਸ਼ਿਪ ਸਿੱਖ ਕੌਮ ਦੇ ਹਿੱਤਾਂ ਨੂੰ ਪੂਰਨ ਤੌਰ ਤੇ ਤਿਆਗ ਚੁੱਕੀ ਹੈ, ਅਤੇ ਇਸ ਸਮੇਂ ਕੇਵਲ ਰਾਜਨੀਤੀ ਅਤੇ ਰਾਜ ਸੱਤਾ ਦੀ ਖੇਡ, ਖੇਡ ਰਹੀ ਹੈ, ਵਲੋਂ, ਆਪਣੇ ਰਾਜਸੀ ਭਾਈਵਾਲਾਂ, ਆਰ. ਐਸ. ਐਸ. ਦੇ ਰਾਜਸੀ ਵਿੰਗ ਭਾਰਤੀ ਜਨਤਾ ਪਾਰਟੀ, ਜੋ ਕਿ ਸਿੱਖ ਕੌਮ ਦੀ ਅੱਡਰੀ ਹੌਂਦ ਨੂੰ ਮਲੀਆਮੇਟ ਕਰਕੇ, ਆਪਣੇ ਅੰਦਰ ਹੀ ਸਮੋ ਲੈਣ ਦੇ ਸੁਪਨੇ ਵੇਖ ਰਹੀ, ਅਤੇ ਤਾਣੇ-ਬਾਣੇ ਬੁਣ ਰਹੀ ਹੈ, ਨੂੰ ਖੁਸ਼ ਕਰਨ ਲਈ, ਇਨ੍ਹਾਂ ਬਾਹਰਲੇ ਤਖਤਾਂ ਦੇ ਅਖੌਤੀ ਜਥੇਦਾਰਾਂ ਨੂੰ ਸ਼ਾਮਿਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਕਿਉਂਕਿ ਇਨ੍ਹਾਂ ਦੋਹਾਂ ਤਖ਼ਤਾਂ ਦਾ ਪ੍ਰਬੰਧ ਅਸਿੱਧੇ ਤੌਰ ਤੇ, ਇਨ੍ਹਾਂ ਪੰਥ ਦੋਖੀ ਤਾਕਤਾਂ ਕੋਲ ਹੀ ਹੈ, ਇਹ ਉਨ੍ਹਾਂ ਨੂੰ ਸਿੱਖੀ ਨੂੰ ਬਰਬਾਦ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤ ਸਕਦੇ ਹਨ ਅਤੇ ਵਰਤ ਰਹੇ ਹਨ।

ਜੇ ਪੰਜਾਂ ਤਖਤਾਂ ਦੇ ਜਥੇਦਾਰ ਹੀ ਪੰਥਕ ਫੈਸਲੇ ਕਰਨ ਲਈ ਪੰਜ ਪਿਆਰੇ ਹਨ, ਤਾਂ ਉਦੋਂ ਕੀ ਹੁੰਦਾ ਹੋਵੇਗਾ ਜਦੋਂ ਤਖ਼ਤ ਹੀ ਚਾਰ ਸਨ? ਜਿਵੇਂ ਉਪਰ ਲਿਖਿਆ ਜਾ ਚੁੱਕਾ ਹੈ ਦਮਦਮਾ ਸਾਹਿਬ ਨੂੰ ਤਾਂ ਤਖ਼ਤ ਹੀ 1968 ਵਿੱਚ ਐਲਾਨਿਆ ਗਿਆ। ਹੋਰ ਤਾਂ ਹੋਰ 23 ਅਗਸਤ, 1981 ਤੋਂ ਪਹਿਲਾਂ ਦੇ ਕਿਸੇ ਫੈਸਲੇ ਵਿੱਚ, ਤਖ਼ਤ ਐਲਾਨੇ ਜਾਣ ਤੋਂ ਬਾਅਦ ਵੀ ਦਮਦਮਾ ਸਾਹਿਬ ਦੇ ਕਿਸੇ ਜਥੇਦਾਰ ਦੀ ਸ਼ਮੂਲੀਅਤ ਨਹੀਂ ਜਾਪਦੀ। ਦਮਦਮਾ ਸਾਹਿਬ ਦਾ ਜਥੇਦਾਰ ਲੱਖਾ ਸਿੰਘ ਦੇ ਦਸਖਤ ਪਹਿਲੀ ਵਾਰ 23 ਅਗਸਤ, 1981 ਦੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵਿਰੁਧ ਕੀਤੇ ਫੈਸਲੇ ਤੇ ਮਿਲਦੇ ਹਨ। ਇਸ ਫੈਸਲੇ ਤੋਂ ਪਹਿਲਾਂ ਜਥੇਦਾਰ ਸੰਤੋਖ ਸਿੰਘ ਨੇ ਜਿੱਥੇ ਇਨ੍ਹਾਂ ਜਥੇਦਾਰਾਂ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ, ਉੱਥੇ ਇਨ੍ਹਾਂ ਤੇ ਪੱਖਪਾਤ ਦਾ ਦੋਸ਼ ਵੀ ਲਾਇਆ। (ਰੂਪ ਸਿੰਘ, ਹੁਕਮਨਾਮੇ ਆਦੇਸ਼ ਸੰਦੇਸ਼ …, ਜੂਨ 2003, ਪੰਨਾ 83-84) ਲੇਕਿਨ ਫੇਰ 10 ਸਤੰਬਰ 1981 ਨੂੰ ਜਥੇਦਾਰਾਂ ਅੱਗੇ ਗੋਡੇ ਟੇਕ ਕੇ ਤਨਖਾਹ ਲੁਆ ਲਈ।

ਬਿਲਕੁਲ ਸਪੱਸ਼ਟ ਹੈ ਕਿ ਖਾਲਸਾ ਪੰਥ ਵਿੱਚ ਪੰਜ ਪਿਆਰਿਆਂ ਦੀ ਸੰਸਥਾ ਸਥਾਈ ਹੈ ਲੇਕਿਨ ਕੋਈ ਵੀ ਪੰਜ ਵਿਅਕਤੀ ਸਥਾਈ ਤੌਰ ਤੇ ਪੰਜ ਪਿਆਰੇ ਨਹੀਂ ਹੋ ਸਕਦੇ। ਇਸ ਲਈ ਨਾ ਤਾਂ ਸਿਧਾਂਤਕ ਤੌਰ ਤੇ ਇਹ ਅਖੌਤੀ ਜਥੇਦਾਰ ਯਾ ਕੋਈ ਗ੍ਰੰਥੀ, ਸਥਾਈ ਤੌਰ ਤੇ ਪੰਜ ਪਿਆਰੇ ਬਣਨ ਯਾ ਅਖਵਾਉਣ ਦੇ ਅਧਿਕਾਰੀ ਹਨ ਅਤੇ ਨਾ ਹੀ ਨੈਤਿਕ ਤੌਰ ਤੇ ਇਨ੍ਹਾਂ ਨੂੰ ਐਸਾ ਅਧਿਕਾਰ ਹੈ। ਇਹ ਕੇਵਲ ਇਨ੍ਹਾਂ ਗ੍ਰੰਥੀਆਂ ਅਤੇ ਰਾਜਨੀਤਿਕ ਆਗੂਆਂ ਦਾ ਇੱਕ ਸਾਜਸ਼ੀ ਗੱਠਜੋੜ ਹੈ, ਜੋ ਭੋਲੇ ਭਾਲੇ ਸਿੱਖਾਂ ਦਾ ਧਾਰਮਿਕ ਅਤੇ ਮਾਨਸਿਕ ਸੋਸ਼ਣ ਕਰਕੇ ਉਨ੍ਹਾਂ ਨੂੰ ਸਦੀਵ ਆਪਣੇ ਅਧੀਨ ਰੱਖਣ ਵਾਸਤੇ, ਇਸ ਨੂੰ ਕੌਮ ਤੇ ਠੋਸ ਰਿਹਾ ਹੈ। ਅਸਲ ਵਿੱਚ ਵਿਚਾਰਨ ਵਾਲੇ ਮੁੱਦੇ ਅਤੇ ਹਾਲਾਤ ਵੇਖ ਕੇ ‘ਪੰਚ ਪਰਵਾਨ ਪੰਚ ਪਰਧਾਨ` ਦੇ ਗੁਣਾਂ ਵਾਲੇ, ਸਬੰਧਤ ਵਿਸ਼ੇ ਦੇ ਨਿਪੁੰਨ ਗੁਰਸਿੱਖ, ਸੰਗਤ ਵਿੱਚੋਂ ਚੁਣੇ ਜਾਣੇ ਚਾਹੀਦੇ ਹਨ।

--- ਚਲਦਾ

(ਰਾਜਿੰਦਰ ਸਿੰਘ ਦੀ ਛਪਾਈ ਅਧੀਨ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ’ ਵਿੱਚੋਂ ਕੁੱਝ ਅੰਸ਼)
.