.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 21)

ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਮਨੁੱਖ ਨੂੰ ਸਚਿਆਰ ਬਣਨ ਦੀ ਜੁਗਤੀ ਦਰਸਾਂਉਦੀ ਹੈ। ਗੁਰਬਾਣੀ ਦਾ ਹਰੇਕ ਸ਼ਬਦ ਇਸ ਜੀਵਨ-ਜੁਗਤ ਨੂੰ ਹੀ ਦ੍ਰਿੜ ਕਰਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਇਹ ਫ਼ਰਮਾਨ ‘ਗੁਰਬਾਣੀ ਸੁਣਿ ਮੈਲੁ ਗਵਾਏ` ਬਾਣੀ ਦੇ ਕਿਸੇ ਵਿਸ਼ੇਸ਼ ਸ਼ਬਦ ਜਾਂ ਬਾਣੀ ਦੀ ਗੱਲ ਨਹੀਂ ਕਰ ਰਿਹਾ ਹੈ। ਕਾਵਿ ਪੱਖੋਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਗੁਰ ਗ੍ਰੰਥ ਸਾਹਿਬ ਵਿੱਚ ਕਾਵਿ ਦੇ ਕਈ ਰੂਪਾਂ ਦੀ ਵਰਤੋਂ ਹੋਈ ਹੈ। ਕਾਵਿ ਦੇ ਭਿੰਨ ਭਿੰਨ ਰੂਪਾਂ ਤੋਂ ਇਲਾਵਾ ਕਾਵਿ ਦੇ ਨੌਂ ਰਸ ਸ਼ਿੰਗਾਰ, ਹਾਸਯ, ਕਰੁਣ, ਰੌਦ੍ਰ, ਸ਼ਾਂਤ ਆਦਿ ਵੀ ਬਾਣੀ ਵਿੱਚ ਦੇਖੇ ਜਾ ਸਕਦੇ ਹਨ। ਪਰ ਕਾਵਿ ਦੇ ਭਿੰਨ ਭਿੰਨ ਰੂਪਾਂ ਦੀ ਇਸ ਭਿੰਨਤਾ ਵਿੱਚ ਬਾਣੀ ਦਾ ਮੁੱਖ ਸੰਦੇਸ਼ ਇਕੋ ਹੀ ਹੈ; ਅਰਥਾਤ ਅਸੀਂ ਕਿਵੇਂ ਕੂੜ ਦੀ ਕੰਧ ਤੋੜ ਕੇ ਸਚਿਆਰ ਬਣ ਕੇ ਹੁਕਮੀ ਰਜ਼ਾ ਬਣ ਸਕਦੇ ਹਾਂ। ਪਰੰਤੂ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਅਨੁਸਾਰ ਗਿਣਤੀ ਦੇ ਪਾਠ ਕਰਕੇ ਭਿੰਨ ਭਿੰਨ ਫਲ ਦਸਣ ਵਾਲਿਆਂ ਨੇ ਗੁਰਬਾਣੀ ਨੂੰ ਵੀ ਕਈ ਭਾਗਾਂ ਵਿੱਚ ਵੰਡ ਦਿੱਤਾ ਹੋਇਆ ਹੈ। ਇਹੋ ਜਿਹੀ ਧਾਰਨਾ ਰੱਖਣ ਵਾਲਿਆਂ ਨੇ ਕੇਵਲ ਬਾਣੀ ਨੂੰ ਵੱਖ ਵੱਖ ਭਾਗਾਂ ਵਿੱਚ ਹੀ ਨਹੀਂ ਵੰਡਿਆ ਸਗੋਂ ਇਨ੍ਹਾਂ ਦੇ ਪੜ੍ਹਣ ਸੁਣਨ ਦਾ ਫਲ ਵੀ ਭਿੰਨ ਭਿੰਨ ਦਰਸਾਇਆ ਹੈ।
ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਇਸ ਗੱਲ ਦਾ ਰੰਚ-ਮਾਤਰ ਜ਼ਿਕਰ ਨਹੀਂ ਹੈ ਕਿ ਅਮਕੇ ਅਮਕੇ ਰੋਗ ਤੋਂ ਛੁਟਕਾਰਾ ਪਾਉਣ ਲਈ ਫਲਾਣੀ ਬਾਣੀ ਜਾਂ ਸ਼ਬਦ ਦਾ ਇਤਨੀ ਵਾਰੀ ਪਾਠ ਕਰਨਾ ਹੈ। ਬਾਣੀ ਵਿੱਚ ਇਸ ਗੱਲ ਦਾ ਵੀ ਕਿਧਰੇ ਵਰਣਨ ਨਹੀਂ ਹੈ ਕਿ ਕਿਸੇ ਸ਼ਬਦ ਜਾਂ ਬਾਣੀ ਨੂੰ ਅਮਕੀ ਦਿਸ਼ਾ ਵਲ ਮੂੰਹ ਕਰਕੇ ਅਮਕੇ ਦਿਨ ਤੋਂ ਪੜ੍ਹਣਾ ਹੈ। ਇਹੋ ਜਿਹੀਆਂ ਵਿਧੀਆਂ ਪ੍ਰਚਾਰਨ ਵਾਲਿਆਂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ ਕਿ ਫਲਾਣਾ ਸ਼ਬਦ ਫਲਾਣੇ ਰੋਗ ਦੀ ਨਵਿਰਤੀ ਲਈ ਇਤਨੀ ਵਾਰੀ ਪੜ੍ਹਣਾ ਹੈ ਅਤੇ ਫਲਾਣਾ ਸ਼ਬਦ ਜਾਂ ਬਾਣੀ ਅਮਕੀ ਬੀਮਾਰੀ ਸਮੇਂ ਇਤਨੀ ਵਾਰੀ ਪੜ੍ਹਣੀ ਚਾਹੀਦੀ ਹੈ। ਗੁਰਬਾਣੀ ਨੂੰ ਇਸ ਮਨੋਰਥ ਹਿਤ ਪੜ੍ਹਣ ਦੀ ਪ੍ਰੇਰਨਾ ਕਰਨ ਵਾਲੀ ਇੱਕ ਪੁਸਤਕ ਵਿੱਚ ਇਸ ਸਬੰਧ `ਚ ਇਉਂ ਲਿਖਿਆ ਹੋਇਆ ਹੈ, “ਗੁਰਬਾਣੀ ਦਾ, ਖ਼ਾਸ ਕਰਕੇ ਰੋਗ ਨਿਵਾਰਕ ਸ਼ਬਦਾਂ ਦਾ, ਕੀਰਤਨ ਕਰਨ ਅਤੇ ਸੁਨਣ ਨਾਲ ਰੋਗ ਨਵਿਰਤੀ ਜਲਦੀ ਪ੍ਰਾਪਤ ਹੁੰਦੀ ਹੈ। ਸੁਵਿਧਾ ਅਨੁਸਾਰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਗੁਰਦੁਆਰੇ ਵਿੱਚ ਸਾਧ ਸੰਗਤ ਵਿੱਚ ਬੈਠ ਕੇ ਘੱਟੋ ਘੱਟ ਅੱਧਾ ਘੰਟਾ ਜ਼ਰੂਰ ਕੀਰਤਨ ਸੁਣਨਾ ਚਾਹੀਦਾ ਹੈ। ਘਰਾਂ ਵਿੱਚ ਕੈਸਟ (ਟੇਪਾਂ) ਲਾਕੇ ਸੁਣਨਾ ਬਹੁਤਾ ਉਪਯੋਗੀ ਨਹੀਂ ਹੈ। “
ਗੁਰਬਾਣੀ ਨੂੰ ਪੜ੍ਹਣਾ ਸੁਣਨਾ ਚੰਗੀ ਗੱਲ ਹੈ ਪਰ ਜਦ ਅਸੀਂ ਬਾਣੀ ਨੂੰ ਇਸ ਭਾਵਨਾ ਨਾਲ ਪੜ੍ਹਦੇ ਸੁਣਦੇ ਹਾਂ ਤਾਂ ਸਾਡਾ ਧਿਆਨ ਆਪਣੇ ਰੋਗ ਵਲ ਹੀ ਹੋਣ ਕਾਰਨ ਬਾਣੀ ਦੇ ਭਾਵਾਰਥ ਵਲ ਨਹੀਂ ਜਾਂਦਾ। ਸਿੱਟੇ ਵਜੋਂ ਬਾਣੀ ਵਿੱਚ ਜੋ ਜੀਵਨ-ਜੁਗਤ ਦ੍ਰਿੜ ਕਰਵਾਈ ਜਾ ਰਹੀ ਹੈ, ਉਹ ਸਾਡੇ ਜੀਵਨ-ਜਾਚ ਦਾ ਭਾਗ ਨਹੀਂ ਬਣਦੀ। ਜੇਕਰ ਗੁਰਬਾਣੀ ਵਿਚਲੀ ਜੀਵਨ-ਜੁਗਤ ਦੀ ਸਾਨੂੰ ਸਮਝ ਆ ਜਾਵੇ ਤਾਂ ਸਰੀਰਕ ਰੋਗ ਜਾਂ ਹੋਰ ਕਿਸੇ ਤਰ੍ਹਾਂ ਦੀ ਮੁਸੀਬਤ ਸਮੇਂ ਵੀ ਅਸੀਂ ਚੜ੍ਹਦੀ ਕਲਾ ਵਿੱਚ ਵਿਚਰ ਸਕਦੇ ਹਾਂ। ਗੁਰਬਾਣੀ ਦੇ ਨਿਮਨ ਅੰਕਤ ਸ਼ਬਦ ਸਾਨੂੰ ਰੱਬੀ ਨਿਯਮਾਵਲੀ ਦੀ ਸੋਝੀ ਪ੍ਰਦਾਨ ਕਰਕੇ ਡਾਵਾਂ-ਡੋਲਵੀਂ ਸਥਿੱਤੀ ਤੋਂ ਬਚਾ ਲੈਂਦੇ ਹਨ:- ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ।। ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ।। ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।। (ਪੰਨਾ ੧੪੯) ਅਰਥ: ਹੇ ਨਾਨਕ! (ਇਹ ਜੋ) ਦੁੱਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਤੇ ਸੁਖਾਂ ਦੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ); ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿੱਚ ਤੁਰਨਾ ਸਭ ਤੋਂ ਚੰਗਾ ਹੈ)।
ਗੁਰਸਿੱਖੀ ਦੀ ਮਹਾਨਤਾ ਦਾ ਰਹੱਸ ਗੁਰਬਾਣੀ ਵਿਚਲੀ ਜੀਵਨ-ਜਾਚ ਹੈ। ਜੇਕਰ ਕੋਈ ਪ੍ਰਾਣੀ ਇਸ ਜੀਵਨ-ਜੁਗਤ ਨੂੰ ਕੇਵਲ ਪੜ੍ਹਣ ਸੁਣਨ ਤੱਕ ਹੀ ਸੀਮਤ ਹੈ ਤਾਂ ਉਹ ਵਿਅਕਤੀ ਬਾਣੀ ਤੋਂ ਸਹੀ ਅਰਥਾਂ ਵਿੱਚ ਲਾਭ ਨਹੀਂ ਉਠਾ ਸਕੇਗਾ। ਬਾਣੀ ਵਿਚਲੀ ਜੀਵਨ-ਜੁਗਤ ਨੂੰ ਨਾ ਸਮਝਣ ਕਾਰਨ ਹੀ ਕਈ ਪ੍ਰਾਣੀ ਇਸ ਭੁਲੇਖੇ ਦਾ ਸ਼ਿਕਾਰ ਹੋਏ ਹਨ ਕਿ ਉਨ੍ਹਾਂ ਦੇ ਰੋਗ ਕਿਸੇ ਮੜ੍ਹੀ ਮਸਾਨ `ਚੋਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੀ ਅਸ਼ੀਰਵਾਦ ਆਦਿ ਨਾਲ ਹੀ ਠੀਕ ਹੋਏ ਹਨ। ਜੇਕਰ ਸਾਨੂੰ ਬਾਣੀ ਦੀ ਸਮਝ ਹੋਵੇਗੀ ਤਾਂ ਸਾਨੂੰ ਕੋਈ ਇਹ ਆਖ ਕੇ ਭਰਮਾ ਨਹੀਂ ਸਕੇਗਾ ਕਿ ਫਲਾਣੀ ਥਾਂ ਦੀ ਯਾਤਰਾ ਕਰਨ ਜਾਂ ਕਿਸੇ ਵਿਸ਼ੇਸ਼ ਡੇਰੇਦਾਰ ਦੇ ਦਰਸ਼ਨ ਕਰਨ ਜਾਂ ਅਸ਼ੀਰਵਾਦ ਆਦਿ ਨਾਲ ਸਾਡਾ ਕਾਰਜ ਰਾਸ ਹੋ ਜਾਵੇਗਾ। ਬਾਣੀ ਵਿਚੋਂ ਅਕਾਲ ਪੁਰਖ ਦੀ ਹੁਕਮੀ ਖੇਡ ਦੀ ਸਮਝ ਆਉਣ ਨਾਲ ਅਸੀਂ ਕਿਸੇ ਤਰ੍ਹਾਂ ਦੀ ਸਮਸਿੱਆ ਵਿਚੇ ਘਿਰੇ ਹੋਣ ਦੀ ਸੂਰਤ ਵਿੱਚ ਵੀ ਡਾਵਾਂ-ਡੋਲ ਨਹੀਂ ਹੋਵਾਂਗੇ। ਬਾਣੀ ਸਾਨੂੰ ਆਤਮਕ ਬਲ ਬਖ਼ਸ਼ਦੀ ਹੈ, ਜਿਸ ਦੀ ਬਰਕਤ ਨਾਲ ਮਨੁੱਖ ਕਿਸੇ ਤਰ੍ਹਾਂ ਦੀ ਸਥਿੱਤੀ ਵਿੱਚ ਵੀ ਘਬਰਾਂਦਾ ਨਹੀਂ ਹੈ।
ਗੁਰਬਾਣੀ ਪ੍ਰਤੀ ਇਹੋ ਜਿਹੀ ਧਾਰਨਾ ਰੱਖਣ ਵਾਲੇ ਸੱਜਣਾਂ ਨੇ ਬਾਣੀ ਦੇ ਨਾਲ ਨਾਲ ਸਰੋਵਰਾਂ ਆਦਿ ਬਾਰੇ ਵੀ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ ਕਿ ਇਨ੍ਹਾਂ ਵਿੱਚ ਇਸ਼ਨਾਨ ਕਰਨ ਨਾਲ ਵੀ ਰੋਗ ਕੱਟੇ ਜਾਂਦੇ ਹਨ। ਸਰੋਵਰਾਂ ਵਿੱਚ ਇਸ਼ਨਾਨ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾਉਣ ਵਾਲੇ ਇੱਕ ਸੱਜਣ ਲਿਖਦੇ ਹਨ, “ਇਹ ਗੱਲ ਵੇਖਣ ਅਤੇ ਸੁਣਨ ਵਿੱਚ ਆਈ ਹੈ ਕਿ ਬਹੁਤ ਸਾਰੇ ਸਾਧ ਅਤੇ ਅਸਾਧ ਰੋਗ ਇਤਿਹਾਸਕ ਗੁਰਦੁਆਰਿਆਂ ਦੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ ਹੀ ਕਟੇ ਜਾਂਦੇ ਹਨ। ਇਸ ਲਈ ਸੁਵਿਧਾ ਅਨੁਸਾਰ ਰੋਗੀਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਆਲਮਗੀਰ ਲੁਧਿਆਣਾ ਆਦਿ ਦੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। “ (ਸਰਬ ਰੋਗ ਕਾ ਅਉਖਦੁ ਨਾਮੁ `ਚੋਂ)
ਗੁਰੂ ਸਾਹਿਬਾਨ ਨੇ ਸਰੋਵਰਾਂ ਦੀ ਉਸਾਰੀ ਰੋਗੀਆਂ ਦੇ ਦੂਰ ਕਰਨ ਲਈ ਨਹੀਂ ਸਗੋਂ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਣ ਦੇ ਨਾਲ ਨਾਲ ਊਚ-ਨੀਚ ਦੇ ਭੇਦ-ਭਾਵ ਨੂੰ ਮਿਟਾਉਣ ਲਈ ਕੀਤੀ ਸੀ। ਪਰ ਇਹੋ ਜਿਹੇ ਸੱਜਣ ਆਮ ਸੰਗਤਾਂ ਨੂੰ ਕਿਹੋ ਜਿਹੀ ਗੁਰਮਤਿ ਦ੍ਰਿੜ ਕਰਵਾ ਰਹੇ ਹਨ, ਪਾਠਕ ਇਸ ਗੱਲ ਦਾ ਖ਼ੁਦ ਹੀ ਅੰਦਾਜ਼ਾ ਲਗਾ ਲੈਣ।
ਇਹੋ ਜਿਹੀ ਧਾਰਨਾ ਦਾ ਪ੍ਰਚਾਰ ਕਰਨ ਲਈ ਕਿਤਾਬੀ ਰੂਪ ਵਿੱਚ ਸਭ ਤੋਂ ਪਹਿਲਾਂ ਬਜ਼ਾਰ ਵਿੱਚ ਇਹ ਅਖੌਤੀ ਸ਼ਰਧਾ ਪੂਰਨ ਗ੍ਰੰਥ ਹੀ ਆਇਆ ਸੀ। ਇਸ ਪੁਸਤਕ ਦੇ ਲੇਖਕ ਨੇ ਆਪਣਾ ਨਾਮ ਲਿਖਣ ਦੀ ਬਜਾਏ ਭਾਈ ਮਨੀ ਸਿੰਘ ਜੀ ਦਾ ਨਾਮ ਵਰਤਿਆ ਸੀ। ਪਰ ਹੁਣ ਜਿਹੜੀਆਂ ਕਿਤਾਬਾਂ ਮਾਰਕੀਟ ਵਿੱਚ ਆ ਰਹੀਆਂ ਹਨ, ਉਨ੍ਹਾਂ ਵਿੱਚ ਲੇਖਕ ਆਪਣਾ ਨਾਮ ਲੁਕਾਉਣ ਦੀ ਕੋਸ਼ਸ਼ ਨਹੀਂ ਕਰਦਾ। ਚੂੰਕਿ ਅਜਿਹੀ ਧਾਰਨਾ ਰੱਖਣ ਵਾਲਿਆਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਸੰਗਤਾਂ ਨੇ ਵਿਰੋਧ ਕਰਨ ਦੀ ਬਜਾਏ ਉਨ੍ਹਾਂ ਨੂੰ ਮਹਾਂਪੁਰਸ਼ ਦੇ ਰੂਪ ਵਿੱਚ ਸਵੀਕਰ ਕਰ ਲੈਣਾ ਹੈ। ਇਸ ਲਈ ਹੁਣ ਇਹੋ ਜਿਹੀ ਧਾਰਨਾ ਰੱਖਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਗਤਾਂ ਇਹੋ ਜਿਹੇ ਲੋਕਾਂ ਤੋਂ ਕਿਨਾਰਾ ਕਰਨ ਦੀ ਥਾਂ ਉਨ੍ਹਾਂ ਨੂੰ ਗੁਰੂ ਸਾਹਿਬ ਨਾਲੋਂ ਵੀ ਵਧੇਰੇ ਸਨਮਾਨ ਦੇਣ ਲੱਗ ਪਈਆਂ ਹਨ। ਖ਼ੈਰ, ਅਸੀਂ ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਗੁਮਨਾਮ ਲੇਖਾਰੀ ਵਲੋਂ ਬਾਣੀ ਦੇ ਮਨੋਕਲਪਤ ਮਹਾਤਮ ਦੀ ਚਰਚਾ ਕਰ ਰਹੇ ਹਾਂ।
ਲੇਖਕ ਵਲੋਂ ਜਪੁ ਜੀ ਦੀ ਵੀਹਵੀਂ ਪਉੜੀ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦੇ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ ਉਤਰਸੁ ਖੇਹ।। ਅਰਥ:- ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।। ਅਰਥ:- ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
ਭਰੀਐ ਮਤਿ ਪਾਪਾ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।। ਅਰਥ:- (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
ਪੁੰਨੀ ਪਾਪੀ ਆਖਣੁ ਨਾਹਿ।। ਕਰਿ ਕਰਿ ਕਰਣਾ ਲਿਖਿ ਲੈ ਜਾਹੁ।। ਆਪੇ ਬੀਜਿ ਆਪੇ ਹੀ ਖਾਹੁ।। ਨਾਨਕ ਹੁਕਮੀ ਆਵਹੁ ਜਾਹੁ।। ੨੦।।
ਅਰਥ:- ਹੇ ਨਾਨਕ! ‘ਪੁਨੀ` ਜਾਂ ‘ਪਾਪ` ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁੱਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਂਗਾ। {ਆਤਮਕ ਮੌਤ ਦਾ ਸ਼ਿਕਾਰ ਹੋ ਕੇ ਭਟਕਣਾ ਵਿੱਚ ਪਿਆ ਰਹੇਂਗਾ}
ਭਾਵ:- ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿੱਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸ਼ੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਜੀਵ ਨੂੰ ਪ੍ਰਭੂ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਸਮਰਥ ਨਹੀਂ ਬਣਾ ਸਕਦਾ)।
ਪੁਸਤਕ ਕਰਤਾ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਪੰਜ ਹਜ਼ਾਰ ਪਾਠ ਕਰਨ ਦਾ ਮਹਾਤਮ ਇਉਂ ਲਿਖਦਾ ਹੈ, “ਇਸ ਪਉੜੀ ਦਾ ਛਨਿਛਰਵਾਰ ਤੋਂ ਲੈਕੇ ਪੰਜ ਹਜ਼ਾਰ ਪਾਠ ਦਸਾਂ ਦਿਨਾਂ ਵਿੱਚ ਕਰਨਾ, ਪੇਸ਼ਾਬ ਦਾ ਰੋਗ, ਗੁਦਾ ਦਾ ਰੋਗ ਅਤੇ ਅਧਰੰਗ ਰੋਗ ਦੂਰ ਹੋਵੇ। “
ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਨੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈ। ਬਾਣੀ ਹੀ ਸਿੱਖ ਦੇ ਜੀਵਨ ਦਾ ਆਧਾਰ ਹੈ। ਪਰ ਬਾਣੀ ਨੂੰ ਕੇਵਲ ਪੜ੍ਹਣ ਦੀ ਭਾਵਨਾ ਨਾਲ ਨਹੀਂ ਸਗੋਂ ਇਸ ਨੂੰ ਪੜ੍ਹ ਕੇ ਇਸ ਵਿਚਲੀ ਜੀਵਨ-ਜੁਗਤ ਨੂੰ ਸਮਝ ਕੇ ਧਾਰਨ ਕਰਨ ਦੀ ਭਾਵਨਾ ਨਾਲ ਪੜ੍ਹਨ ਦੀ ਜ਼ਰੂਰਤ ਹੈ। ਬਾਣੀ ਵਿਚੋਂ ਹੀ ਸਾਨੂੰ ਅਕਾਲ ਪੁਰਖ ਦੀ ਰਜ਼ਾ ਦੀ ਸਮਝ ਆਉਂਦੀ ਹੈ। ਗੁਰਬਾਣੀ ਸਾਨੂੰ ਆਤਮਕ ਰੋਗਾਂ ਤੋਂ ਮੁਕਤੀ ਦਿਵਾ ਕੇ ਦੁਨਿਆਵੀਂ ਕਸ਼ਟਾਂ ਸਮੇਂ ਸਹਿਜ ਵਿੱਚ ਵਿਚਰਨ ਦੀ ਜੁਗਤੀ ਦ੍ਰਿੜ ਕਰਾਉਂਦੀ ਹੈ। ਇਸ ਲਈ ਬਾਣੀ ਨੂੰ ਤਾਂ ਸਿੱਖ ਨੇ ਜਿਤਨਾ ਵੀ ਹੋ ਸਕੇ ਵਿਚਾਰ ਸਹਿਤ ਪੜ੍ਹਣਾ ਵਿਚਾਰਨਾ ਹੈ, ਇਸ ਵਿਚੋਂ ਹੀ ਸਾਨੂੰ ਆਤਮਕ ਬਲ ਮਿਲੇਗਾ, ਦੁਖਾਂ/ਕਸ਼ਟਾਂ ਵਿੱਚ ਅਡੋਲਤਾ ਨਾਲ ਵਿਚਰਨ ਦੀ ਤਾਕਤ ਮਿਲੇਗੀ। ਗੁਰਮਤਿ ਦੇ ਇਸ ਸਿਧਾਂਤ ਨੂੰ ਹਮੇਸ਼ਾਂ ਚੇਤੇ ਰੱਖਣ ਦੀ ਲੋੜ ਹੈ ਕਿ ਗੁਰੂ ਸਾਹਿਬ ਨੇ ਬਾਣੀ ਕੇਵਲ ਪੜ੍ਹਣ ਲਈ ਹੀ ਨਹੀਂ ਸਗੋਂ ਇਸ ਨੂੰ ਵਿਚਾਰ ਕੇ ਇਸ ਅਨੁਸਾਰ ਜੀਵਨ ਢਾਲਣ ਲਈ ਬਖ਼ਸ਼ੀ ਹੈ। ਜੇਕਰ ਗੁਰਮਤਿ ਦੇ ਇਸ ਨੁਕਤੇ ਨੂੰ ਸਮਝ ਲੈਂਦੇ ਤਾਂ ਸਾਲਾਂ ਬੱਧੀ ਬਾਣੀ ਪੜ੍ਹਦੇ ਹੋਏ ਵੀ ਅਸੀਂ ਕਰਮ ਕਾਂਡਾਂ, ਵਹਿਮਾਂ-ਭਰਮਾਂ ਦਾ ਸ਼ਿਕਾਰ ਨਾ ਹੁੰਦੇ। ਗੁਰੂ ਗ੍ਰੰਥ ਸਾਹਿਬ ਅਨੁਸਾਰ ਜੀਵਨ ਬਸਰ ਕਰਨ ਦੀ ਬਜਾਏ ਤਾਂਤ੍ਰਿਕਾਂ, ਜੋਤਸ਼ੀਆਂ ਅਤੇ ਗੁਰੂ ਡੰਮੀਆਂ ਦੇ ਡੇਰੇ ਦੀਆਂ ਪਰਕਰਮਾਂ ਕਰਨ ਲਈ ਮਜਬੂਰ ਨਾ ਹੁੰਦੇ।
ਅਸੀਂ ਪਹਿਲਾਂ ਸੰਖੇਪ ਵਿੱਚ ਜ਼ਿਕਰ ਕਰ ਚੁਕੇ ਹਾਂ ਕਿ ਪ੍ਰਾਚੀਨ ਸਮੇਂ ਤੋਂ ਮਨੁੱਖੀ ਸਮਾਜ ਵਿੱਚ ਮੰਤ੍ਰਾਂ ਦੀ ਸ਼ਕਤੀ ਨਾਲ ਸਰੀਰਕ ਬੀਮਾਰੀਆਂ ਦਾ ਇਲਾਜ ਕਰਨ ਦਾ ਅੰਧ-ਵਿਸ਼ਵਾਸ ਪ੍ਰਚਲਤ ਰਿਹਾ ਹੈ। ਅਜੋਕੇ ਯੁਗ ਵਿੱਚ ਵੀ ਅਨਪੜ੍ਹ ਵਰਗ ਹੀ ਨਹੀਂ ਸਗੋਂ ਪੜ੍ਹਿਆ ਲਿਖਿਆ ਤਬਕਾ ਵੀ ਇਸ ਅੰਧ-ਵਿਸ਼ਵਾਸ ਦਾ ਸ਼ਿਕਾਰ ਹੈ। ਪਿੱਛੇ ਜਿਹੇ ਇੱਕ ਬੇਟੇ ਨੂੰ ਦੂਜੇ ਸਪੁੱਤਰ ਵਾਂਗ ਹੀ ਹੁਸ਼ਿਆਰ ਦੇਖਣ ਦੀ ਚਾਹਵਾਨ ਮਹਿਲਾ ਡਾਕਟਰ ਨੇ, ਇੱਕ ਤਾਂਤ੍ਰਿਕ ਦੀ ਸਾਲਾਹ ਮੰਨ ਕੇ ਆਪਣੇ ਸਪੁੱਤਰ ਦੀ ਹੀ ਜਾਨ ਗਵਾ ਬੈਠੀ ਸੀ।
ਬਾਣੀ ਮਨੁੱਖ ਨੂੰ ਉੱਚੇ-ਸੁੱਚੇ ਜੀਵਨ ਦਾ ਰਾਜ਼ ਸਮਝਾਉਂਦੀ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਬਾਣੀ ਅਨੁਸਾਰ ਜੀਵਨ ਬਸਰ ਕਰਨ ਨਾਲ ਮਨੁੱਖ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਕ ਬੀਮਾਰੀਆਂ ਤੋਂ ਸਹਿਜੇ ਹੀ ਛੁਟਕਾਰਾ ਪਾਉਣ ਵਿੱਚ ਸਫਲ ਹੋ ਸਕਦਾ ਹੈ। ਬਾਣੀ ਮਨੁੱਖ ਨੂੰ ਸੰਜਮ ਵਿੱਚ ਜ਼ਿੰਦਗੀ ਬਸਰ ਕਰਨ ਦੀ ਪ੍ਰੇਰਨਾ ਦੇਂਦੀ ਹੈ; ਚੂੰਕਿ ਅਸੰਜਮੀ ਹੋਣ ਕਾਰਨ ਹੀ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ।
ਇਸ ਪਉੜੀ ਵਿੱਚ ਗੁਰਦੇਵ ਜੋ ਸੰਦੇਸ਼ ਦੇ ਰਹੇ ਹਨ ਲੇਖਕ ਉਸ ਦਾ ਨਾਮ ਤੱਕ ਨਹੀਂ ਲੈ ਰਿਹਾ ਹੈ। ਇਸ ਪਉੜੀ ਵਿੱਚ ਹੀ ਨਹੀਂ ਲੇਖਕ ਸਾਰੀ ਪੁਸਤਕ ਵਿੱਚ ਹੀ ਗੁਰਬਾਣੀ ਵਿਚਲੀ ਜੀਵਨ-ਜੁਗਤ ਦੀ ਗੱਲ ਨਹੀਂ ਕਰਦਾ।
ਸਰੀਰਕ ਰੋਗ ਦੀ ਹਾਲਤ ਵਿੱਚ ਮਨੁੱਖ ਨੂੰ ਠੀਕ ਇਲਾਜ ਕਰਾਉਣ ਦੀ ਲੋੜ ਹੈ ਨਾ ਕਿ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਦੀ। ਜੇਕਰ ਅਸੀਂ ਗੁਰਬਾਣੀ ਧਿਆਨ ਨਾਲ ਪੜ੍ਹਾਂਗੇ ਤਾਂ ਸਾਨੂੰ ਕਰਤੇ ਦੀ ਕੁਦਰਤ ਦੇ ਨਿਯਮਾਂ ਦੀ ਸਮਝ ਆਵੇਗੀ। ਸਰੀਰ ਨੂੰ ਅਰੋਗ ਰੱਖਣ ਲਈ ਸਰੀਰ ਦੀ ਯੋਗ ਸੰਭਾਲ ਕਰਾਂਗੇ। ਬੀਮਾਰੀ ਦੀ ਹਾਲਤ ਵਿੱਚ ਰੋਗ ਦੇ ਕਾਰਨਾਂ ਨੂੰ ਸਮਝ ਕੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦਾ ਉਦਮ ਕਰਾਂਗੇ। ਕਿਸੇ ਵੀ ਰੋਗ ਦੇ ਕਾਰਨਾਂ ਨੂੰ ਸਮਝ ਕੇ ਰੋਗਾਂ ਦੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਨਾਲ ਹੀ ਰੋਗ ਤੋਂ ਬਚਾਓ ਹੋ ਸਕਦਾ ਹੈ। ਜੇਕਰ ਕਿਸੇ ਲਾ-ਇਲਾਜ ਰੋਗ ਦਾ ਸ਼ਿਕਾਰ ਹੋ ਗਏ ਹਾਂ ਤਾਂ ਬਾਣੀ ਸਾਨੂੰ ਆਤਮਕ ਬਲ ਪ੍ਰਦਾਨ ਕਰਦੀ ਹੈ। ਬੀਮਾਰੀ ਦੀ ਹਾਲਤ ਵਿੱਚ ਅਡੋਲ ਰਹਿੰਦੇ ਹਾਂ। ਸੋ, ਬਾਣੀ ਨੂੰ ਤਾਂ ਵੱਧ ਤੋਂ ਵੱਧ ਪੜ੍ਹਣਾ ਹੈ ਪਰ ਪੜ੍ਹਣਾ ਵਿਚਾਰ ਸਹਿਤ ਹੈ। ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਿਆਂ ਹੀ ਸਾਨੂੰ ਬਾਣੀ ਵਿਚਲੀ ਜੀਵਨ-ਜੁਗਤ ਦੀ ਸਮਝ ਆਵੇਗੀ ਅਤੇ ਇਸ ਜੁਗਤ ਨੂੰ ਸਮਝ ਕੇ ਹੀ ਅਕਾਲ ਪੁਰਖ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ। ਪ੍ਰਭੂ ਦੀ ਰਜ਼ਾ ਨੂੰ ਸਮਝਿਆਂ ਹੀ ਇਸ ਨੂੰ ਮਿੱਠਾ ਕਰਕੇ ਮੰਨ ਸਕੀਦਾ ਹੈ।
ਜਸਬੀਰ ਸਿੰਘ ਵੈਨਕੂਵਰ
.