.

ਐ ਇਨਸਾਨ! ਤੂੰ ਇਨਸਾਨ ਬਣ

ਕਦੇ ਕਿਸੇ ਨੇਂ ਇਹ ਨਹੀਂ ਕਿਹਾ, ਕੇ ਐ ਪਸੂ, ਤੂੰ ਪਸੂ ਬਣ! ਕਿਉਂ ਕੇ ਪਸੂ ਤਾਂ ਪਹਿਲੋਂ ਹੀ ਪਸੂ ਹੈ। ਪਰ ਅਸੀਂ ਸਾਰੇ ਹੀ ਇਹ ਗੱਲ ਆਮ ਹੀ ਕਹਿੰਦੇ ਹਾਂ, ਕੇ ਬੰਦੇ! ਤੂੰ ਬੰਦਾ ਬਣ, ਇਹ ਗੱਲ ਸ਼ਾਇਦ ਅਸੀਂ ਇਸੇ ਕਰਕੇ ਹੀ ਕਹਿੰਦੇ ਹਾਂ, ਕਿਉਂ ਕੇ ਅਸੀਂ ਸਮਝਦੇ ਹਾਂ, ਕਿ ਬੰਦਾ ਸੱਚਾ ਬੰਦਾ (ਇਨਸਾਨ) ਨਹੀਂ ਹੈ। (ਵੈਸੇ ਵੀ ਅਸੀਂ ਦੂਸਰਿਆਂ ਨੂੰ ਕੀ ਕੀ ਸਮਝਦੇ ਹਾਂ, ਕਿਸੇ ਪਾਸੋਂ ਪੁੱਛਣ ਦੀ ਲੋੜ ਨਹੀਂ ਹੈ ਆਪਾਂ ਰੋਜ਼ ਪੜ੍ਹਦੇ ਸੁਣਦੇ ਹੀ ਰਹਿੰਦੇ ਹਾਂ) ਕਦੇ ਕਿਸੇ ਨੇਂ ਗਧੇ, ਨੂੰ ਇਹ ਨਹੀਂ ਕਿਹਾ ਕੇ ਤੂੰ ਗਧਾ ਬਣ, । ਕਿਉਂ ਕੇ ਗਧਾ ਤਾਂ ਵਿਚਾਰਾ ਪਹਿਲੇ ਹੀ, ਸੱਚਮੁਚ ਹੀ ਗਧਾ ਹੈ, ਉਹ ਇਮਾਨਦਾਰੀ ਨਾਲ ਗਧਿਆਂ ਵਾਲੇ ਕੰਮ ਕਰ ਰਿਹਾ ਹੈ, ਉਹ ਇੱਕ ਸੱਚਾ ਗੱਧਾ ਹੈ। ਇਸੇ ਤਰਾਂ ਕੁੱਤੇ ਜਾਂ ਕਿਸੇ ਵੀ ਹੋਰ ਜਾਨਵਰ ਜਾਂ ਪਸੂ ਪੰਛੀ ਦੀ ਮਿਸਾਲ ਲੈ ਲਵੋ। ਜੇ ਤਾਂ ਅਸੀਂ ਸੱਚਮੁਚ ਗੁਰਮਤਿ ਨੂੰ ਮੰਨਦੇ ਹਾਂ, ਤਾਂ ਸਾਨੂੰ ਇਹ ਮੰਨਣਾਂ ਪਵੇ ਗਾ ਕਿ ਕੋਈ ਵੀ ਪਸੂ ਸਾਡੇ ਨਾਲੋਂ ਚੰਗਾ ਹੈ। (ਇਹ ਗੁਰਬਾਣੀਂ ਕਹਿੰਦੀ ਹੈ) ਸਾਡੀ ਕੋਈ ਕਰਤੂਤ (ਕਰਮ, ਕੰਮ) ਕਿਸੇ ਪਸੂ ਨਾਲੋਂ ਚੰਗੀ ਨਹੀਂ ਹੈ। ਗੁਰਬਾਣੀਂ ਵਿੱਚ ਪਸੂ ਦੇ ਗੁਣਾਂ ਦੀ ਤਰੀਫ ਕੀਤੀ ਹੈ, ਪਸੂ ਦੀਆਂ ਚੰਗਿਆਈਆਂ ਗਿਣਵਾ ਕੇ ਸਾਨੂੰ ਹਿਦਾਇਤਾਂ ਦਿੱਤੀਆਂ ਹਨ, ਕੇ ਐ ਇਨਸਾਨ ਪਸੂਆਂ ਵਲ ਵੇਖ, ਪਸੂਆਂ ਵਲ ਵੇਖ ਕੇ ਹੀ, ਅਤੇ ਪਸੂਆਂ ਦੀ ਰੀਸ ਨਾਲ ਹੀ ਤੂੰ ਕੋਈ ਚੰਗਾ ਗੁਣ ਸਿੱਖ (ਧਾਰਨ ਕਰ) ਲੈ।

ਗੁਰਬਾਣੀਂ ਵਿੱਚ ਮਨੁਖ ਦਾ ਜਾਮਾਂ ਸੱਭ ਤੋਂ ਉੱਤਮ ਜਰੂਰ ਗਿਣਿਆਂ ਹੈ, ਪਰ ਨਾਲ ਹੀ ਗੁਰਬਾਣੀਂ ਵਿੱਚ ਕਈ ਥਾਈਂ ਇਹ ਵੀ ਲਿਖਿਆ ਹੈ, ਇਸ ਜਾਮੇਂ ਵਿੱਚ ਕਰੋੜਾਂ ਵਿਚੋਂ ਕੋਈ ਇੱਕ ਅੱਧਾ ਹੀ ਮਨੁੱਖ ਹੁੰਦਾ ਹੈ, ਬਾਕੀ ਸੱਭ ਮਨੁੱਖ ਦੀ ਖੱਲ ਵਿੱਚ ਇੱਕ ਤਰਾਂ ਪਸੂ ਹੀ ਹਨ। (ਲੱਗਦਾ ਹੈ ਕੇ ਘਟੋਘਟ ਗੁਰਬਾਣੀਂ ਦੀ ਇਸ ਇੱਕ ਗੱਲ ਨੂੰ ਤਾਂ ਅਸੀਂ ਸੱਚ ਹੀ ਮੰਨਦੇ ਹਾਂ, ਕਿਉਂਕੇ ਅਸੀਂ ਸਾਰੇ ਹੀ ਆਪਣੇਂ ਆਪ ਨੂੰ ਕਰੋੜਾਂ ਵਿਚੋਂ ਇੱਕ ਸਮਝਦੇ ਹਾਂ। ਹੋਰ ਇਹ ਸਾਰਾ ਝਗੜਾ ਕਿਸ ਗੱਲ ਦਾ ਹੈ? ਕਰੋੜਾਂ ਵਿਚੋਂ ਤਾਂ ਕੀ ਜੇ ਅਸੀਂ ਆਪਣੇਂ ਆਪ ਨੂੰ ਤਿੰਨਾਂ ਵਿਚੋਂ ਵੀ ਇੱਕ ਸਮਝਾਂ ਗੇ, ਤਾਂ ਇਹ ਝਗੜਾ ਕਦੇ ਖਤਮ ਨਹੀਂ ਹੋ ਸਕੇ ਗਾ, ਕਿਉਂ ਕੇ ਅੱਜ ਹਰ ਤੀਸਰਾ ਸਿੱਖ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਲੱਗਾ ਹੋਇਆ ਹੈ।

ਜਿਵੇਂ ਕੇ ਹੋਰ ਵੀ ਕਈ ਵਿਸ਼ਿਆਂ ਤੇ ਬਹਿਸ ਜਾਂ ਵਿਚਾਰ ਕਰਵਾਈ ਜਾਂਦੀ ਹੈ, ਇਸੇ ਤਰਾਂ ਜੇ ਇਸ ਵਿਸ਼ੇ ਤੇ ਵਿਚਾਰ ਕਰਵਾਈ ਜਾਵੇ, “ਕੇ ਦੱਸੋ ਕੌਣ ਆਪਣੇਂ ਆਪ ਨੂੰ ਇੱਕ ਸੱਚਾ ਇਨਸਾਨ ਸਮਝਦਾ ਹੈ” ਤਾਂ ਸ਼ਾਇਦ ਇਹ ਕੋਈ ਗਲਤ ਨਹੀਂ ਹੋਵੇ ਗਾ। ਕਿਉਂ ਕੇ ਸਿੱਖ ਬਣਨਾਂ ਤਾਂ ਬਹੁਤ ਵੱਡੀ (ਬਾਦ ਦੀ) ਗੱਲ ਹੈ, ਪਹਿਲੇ ਆਪਾਂ ਇਨਸਾਨ ਤਾਂ ਬਣੀਏਂ, ਤਾਂ ਜੋ ਅਸੀਂ ਇਹ ਦਾਹਵਾ ਕਰ ਸਕੀਏ ਕੇ ਅਸੀਂ ਪਸੂਆਂ ਨਾਲੋਂ ਚੰਗੇ ਹਾਂ। ਆਪਣੀਂ ਪਰਖ ਕਰਨ ਵਾਸਤੇ, ਗੁਣਾਂ ਦੇ ਆਧਾਰ ਤੇ, ਅਸੀਂ ਆਪਣਾਂ ਪਸੂਆਂ ਨਾਲ ਕਿਵੇਂ ਮੁਕਾਬਲਾ ਕਰਨਾਂ ਹੈ, ਇਹ ਮੈਂ ਅਗੇ ਲਿਖ ਰਿਹਾ ਹਾਂ। ਆਉ ਵਿਚਾਰ ਕਰੀਏ ਕਿ ਅਸੀਂ ਪਸੂਆਂ ਨਾਲੋਂ ਕਿਵੇਂ ਵੱਖਰੇ ਹਾਂ।

(੧) ਇਨਸਾਨ ਭੋਗ ਕਰ ਸੱਕਦਾ ਹੈ। ਭੋਗ ਤਾਂ ਪਸੂ ਵੀ ਕਰ ਲੈਦਾ ਹੈ।

(ੑ੨) ਇਨਸਾਨ ਬੱਚਿਆ ਨੂੰ ਜਨਮ ਦੇ ਸੱਕਦਾ ਹੈ। ਬੱਚੇ ਤਾਂ ਪਸੂ ਵੀ ਜੰਮ ਲੈਂਦੇ ਹਨ, ਅਤੇ ਪਾਲ ਵੀ ਲੈਂਦੇ ਹਨ। ਆਪਣੇਂ ਬੱਚਿਆਂ ਨਾਲ ਮੋਹ ਪਿਆਰ ਕਰਨਾਂ। ਆਪਣੇਂ ਬਚਿਆਂ ਦੀ ਰਾਖੀ ਕਰਨਾਂ, ਆਦੀ ਸਾਰੇ ਹੀ ਕੰਮ ਪਸੂ ਵੀ ਕਰ ਸੱਕਦੇ ਹਨ। ਕੁੱਝ ਪਸੂ ਜਾਂ ਜਾਨਵਰ ਤਾਂ ਇਹ ਕੰਮ ਇਨਸਾਨਾਂ ਨਾਲੋਂ ਵੀ ਵਧੀਆਂ ਅਤੇ ਸੈਂਟੇਫਿਕ ਢੰਗ ਨਾਲ ਕਰ ਸੱਕਦੇ ਹਨ। ਆਪਣੇਂ ਹਿਸਾਬ ਨਾਲ ਆਪਣੇਂ ਬਚਿਆਂ ਨੂੰ ਜੀਵਨ ਜਾਚ ਵੀ ਸਿਖਾ ਸੱਕਦੇ ਹਨ, ਪਸੂ ਦੁਖ ਸੁਖ ਵੀ ਮਹਿਸੂਸ ਕਰ ਸੱਕਦੇ ਹਨ। ਜਨਮ ਭੋਗ ਕੇ ਪਸੂ ਵੀ ਮਰ ਜਾਂਦੇ ਹਨ ਬੰਦਾ ਵੀ ਮਰ ਜਾਂਦਾ ਹੈ, ਫਿਰ ਸਾਡਾ ਪਸੂਆਂ ਨਾਲੋਂ ਕੀ ਵਾਧਾ ਹੈ? ।

(੩) ਤਗੜਾ ਇਨਸਾਨ ਮਾੜੇ ਦਾ ਹੱਕ ਖੋਹ ਲੈਦਾ ਹੈ। ਇਹ ਕੰਮ ਤਾਂ ਪਸੂ ਵੀ ਕਰ ਸੱਕਦਾ ਹੈ, ਤਗੜਾ ਪਸੂ ਡੰਗਰ, ਮਾੜੇ ਪਸੂ ਨੂੰ ਢੁੱਡ ਮਾਰ ਕੇ, ਖੁਰਲੀ ਤੋਂ ਪਾਸੇ ਕਰ ਦੇਂਦਾ ਹੈ, ਅਤੇ ਸਾਰੇ ਪੱਠੇ ਆਪ ਛਕ ਜਾਂਦਾ ਹੈ। ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ॥ ੬੩੩ ਮ: ੯

(੪) ਧੋਖਾ ਠੱਗੀ! ਇਨਸਾਨ ਕਿਸੇ ਨਾਲ ਵੀ ਛਲ ਧੋਖਾ ਕਰ ਸੱਕਦਾ ਹੈ। ਸ਼ਿਕਾਰ ਕਰਨ ਵਾਸਤੇ, ਇਸ ਕੰਮ ਵਿੱਚ ਕਈ ਜਾਨਵਰ ਇਨਸਾਨਾਂ ਨੂੰ ਵੀ ਮਾਤ ਦੇ ਜਾਂਦੇ ਹਨ। ਚੰਡੂਲ ਇੱਕ ਜਾਨਵਰ ਹੁੰਦਾ ਹੈ, ਜੋ ਸੱਭ ਜਾਨਵਰਾਂ ਦੀ ਬੋਲੀ ਦੀ ਨਕਲ ਕਰ ਲੈਂਦਾ ਹੈ, ਅਤੇ ਧੋਖੇ ਨਾਲ ਸੱਭ ਦੇ ਆਡੇ ਬੱਚੇ ਖਾ ਜਾਂਦਾ ਹੈ। (ਅੱਜ ਧਰਮ ਦੀ ਬੋਲੀ ਬੋਲ ਕੇ ਅਨਗਿਣਤ ਲੋਕ ਇਹ ਕੰਮ ਕਰ ਰਹੇ ਹਨ) ਜਾਨਵਰ ਨੂੰ ਤਾਂ ਫਿਰ ਵੀ ਕੋਈ ਸਿਦਕ ਹੁੰਦਾ ਹੈ, ਉਹ ਆਪਣੀਂ ਲੋੜ ਤੋਂ ਵੱਧ ਇਹ ਕੰਮ ਨਹੀਂ ਕਰਦਾ, ਪਰ ਇਨਸਾਨ ਨੂੰ ਤਾਂ ਸਿਦਕ ਹੀ ਕੋਈ ਨਹੀਂ।

(੫) ਸੁਖ ਆਰਾਮ ਐਸ਼ ਇਸ਼ਰਤ ਦੇ ਸਾਧਨਾਂ ਦਾ ਲਾਭ ਲੈ ਰਿਹਾ ਹੈ ਇਨਸਾਨ। (ਅਸੀਂ ਇਸ ਨੂੰ ਜੀਵਨ ਜਾਚ ਕਹਿੰਦੇ ਹਾਂ) ਅਮੀਰ ਦਾ ਕੁੱਤਾ ਗਰੀਬ ਦੇ ਬੱਚੇ ਨਾਲੋਂ ਕਈ ਗੁਣਾਂ ਜਿਆਦਾ ਐਸ਼ ਪ੍ਰਸਤ ਹੂੰਦਾ ਹੈ। ਜੇ ਅੱਜ ਸਾਡੇ ਕੋਲ ਐਸ਼ੋ-ਅਰਾਮ ਦੇ ਸਾਰੇ ਸਾਧਨ ਹਨ, ਤਾਂ ਕਿਹੜਾ ਇਸ ਨਾਲ ਅਸੀਂ ਰੱਬ ਨੂੰ ਵੱਸ ਕਰ ਲਿਆ ਹੈ, ਜਾਂ ਕਿਹੜਾ ਰੱਬ ਖੁਸ਼ ਹੋ ਜਾਵੇ ਗਾ। ਅੱਜ ਇਨਸਾਨ ਤਾਰਿਆਂ ਤੱਕ ਪਹੁੰਚ ਚੁੱਕਾ ਹੈ, ਪਰ ਇਨਸਾਨ ਤੋਂ ਵੀ ਪਹਿਲਾਂ ਚੂਹੇ, ਰਾਕਟਾਂ ਦੁਆਰਾ ਸਪੇਸ ਦੀ ਸੈਰ ਕਰ ਚੁਕੇ ਹਨ। ਗੱਲ ਤਾਂ ਆਪਣੇਂ ਆਪਣੇਂ ਭਾਗਾਂ ਦੀ ਹੈ।

(੬) ਹੰਕਾਰ, ਕਰੋਧ, ਬਹਾਦਰੀ, ਬੁਧੀਮਾਨੀ, ਯੁੱਧ ਕਲਾ, ਅਜੇਹੇ ਸੈਂਕੜੇ ਹੀ ਨੁਕਤੇ, ਬਹੁਤ ਵਿਸਥਾਰ ਨਾਲ ਗਿਣਾਏ ਜਾ ਸੱਕਦੇ ਹਨ, ਜਿਨਾਂ ਵਿੱਚ ਇਨਸਾਨ ਨੂੰ, ਪਸੁਆਂ ਨਾਲੋਂ ਬੇਹਤਰ ਨਹੀਂ ਮੰਨਿਆਂ ਜਾ ਸੱਕਦਾ। ਕਈ ਪਸੂਆਂ ਜਾਂ ਜਾਨਵਰਾਂ ਵਿਚ, ਪਿਆਰ, ਵਫਾਦਾਰੀ, ਅਤੇ ਪਰਉਪਕਾਰ ਦੀ ਭਾਵਨਾਂ ਇਨਸਾਨਾਂ ਨਾਲੋਂ ਵੀ ਜਿਆਦਾ ਹੁੰਦੀ ਹੈ।

(੭) ਲੀਡਰ, ਤਾਂ ਕੀੜੇ ਮਕੌੜਿਆਂ ਵਿੱਚ ਵੀ ਹੁੰਦੇ ਹਨ, ਪਸ਼ੂ ਪੰਛੀਆਂ ਅਤੇ ਜੰਗਲੀ ਜਾਨਵਰਾਂ ਵਿੱਚ ਵੀ ਹੁੰਦੇ ਹਨ। ਅਤੇ ਸੱਭ ਦੀ ਆਪਣੀਂ ਆਪਣੀਂ ਸਭਿਅਤਾ ਵੀ ਹੁੰਦੀ ਹੈ। ਅਸੂਲ ਜਾਂ ਮਰਿਆਦਾ ਵੀ ਹੁੰਦੀ ਹੈ। ਅਤੇ ਜਾਨਵਰ ਆਪਣੇਂ ਆਪਣੇਂ ਇਲਾਕੇ ਦੇ ਸਰਦਾਰ ਜਾਂ ਮੁਖੀਆ ਵੀ ਹੁੰਦੇ ਹਨ।

ਸੋ ਅਸੀਂ ਕਿਹੜੇ ਪਾਸਿਉ ਪਸੂਆਂ ਅਤੇ ਕੀੜਿਆਂ ਨਾਲੋਂ ਚੰਗੇ ਹਾਂ। ਇਹ ਜੋ ਗੱਲਾਂ ਮੈਂ ਊਪਰ ਲਿਖੀਆਂ ਹਨ, ਇਹਨਾਂ ਗੱਲਾਂ ਦਾ ਅਭਾਸ ਮੈਨੂੰ ਬਾਣੀਂ ਪੜ੍ਹ ਕੇ ਹੋਇਆ ਹੈ, ਕੇ ਸਾਡੇ ਨਾਲੋਂ ਤਾਂ ਪਸੂ ਹੀ ਚੰਗੇ ਹਨ। ਆਉ ਅੱਗੇ ਵਿਚਾਰਦੇ ਹਾਂ ਗੁਰਬਾਣੀਂ ਅਨੂੰਸਾਰ ਇਹਨਾਂ ਗੱਲਾਂ ਵਿੱਚ ਕੋਈ ਸਚਾਈ ਵੀ ਹੈ ਜਾਂ ਨਹੀਂ।

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ॥ ੩॥ (੪੮੯) ਮ: ੧

ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ ੧॥ (੮੭੦) ਕਬੀਰ ਜੀ

ਮਰ ਤਾਂ ਪਸੂ ਨੇਂ ਵੀ ਜਾਣਾਂ ਹੈ, ਅਤੇ ਬੰਦੇ ਨੇਂ ਵੀ। ਪਸੂ ਤਾਂ ਮਰਨ ਤੋਂ ਬਾਦ ਵੀ ਦਸ ਕੰਮ ਸਵਾਰ ਜਾਂਦਾ ਹੈ। ਜਦ ਪਸੂ ਜਿਉਂਦਾ ਹੁੰਦਾ ਹੈ, ਤਾਂ ਖਲ ਪੱਠੇ ਖਾਕੇ ਅੰਮ੍ਰਿਤ ਵਰਗਾ ਦੁੱਧ ਦੇਂਦਾ ਹੈ। ਕੀ ਪਤਾ ਗੁਰੂ ਕਦ ਕਿਸੇ ਪਸ਼ੂ ਦਾ ਦੁੱਧ ਪੀ ਕੇ ਖੁਸ਼ ਹੋ ਜਾਵੇ। ਅਤੇ ਪਸੂ ਦਾ ਵੀ ਅਤੇ ਦੁੱਧ ਪਿਆਉਣ ਵਾਲੇ ਦਾ ਵੀ ਬੇੜਾ ਪਾਰ ਕਰ ਦੇਵੇ। ਬਾਬੇ ਬੁੱਢੇ ਦੀ ਬਿਸਾਲ ਹੀ ਲੈ ਲਵੋ। ਗੁਰੂ ਨਾਨਕ ਜੀ, ਊਪਰ ਵਾਲੀ ਪੰਗਤੀ ਵਿੱਚ ਪਸੂ ਦੇ ਤਾਂ ਗੁਣ ਜਾਂ ਚੰਗਿਆਈਆਂ ਦੱਸ ਰਹੇ ਹਨ। ਪਰ ਆਦਮੀਂ ਦੇ ਜਿਊਣ ਨੂੰ ਹੀ ਧ੍ਰਿਗਾਂ ਪਾ ਰਹੇ ਹਨ, ਐਸਾ ਕਿਉਂ ਹੈ! ਆਦਮੀਂ ਨੇਂ ਐਸਾ ਕੀ ਗੁਨਾਂਹ ਕਰ ਦਿੱਤਾ ਹੈ। ਪਰ ਹੋ ਸੱਕਦਾ ਹੈ ਉਹ ਆਦਮੀ ਬ੍ਰਾਹਮਣ ਹੋਵੇ, ਸ਼ਾਇਦ ਤਾਂ ਹੀ ਗੁਰੂ ਜੀ ਉਸ ਨੂੰ ਧ੍ਰਿਗਾਂ ਪਾ ਰਹੇ ਹੋਣ। ਬ੍ਰਾਹਮਣ ਦੇ ਘਰ ਪੈਦਾ ਹੋਣ ਦੀ ਐਸੀ ਹੀ ਸਜਾ ਹੋਣੀਂ ਚਾਹੀਦੀ ਹੈ।

ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ॥ ੪॥ ੮੦੨

ਵੇਖ ਲਉ ਪਸੂਆਂ ਦੇ ਭਾਗ, ਦੂਜੇ ਪਾਸੇ ਬੰਦਾ ਹੈ ਜਿਊਦੇ ਜੀ ਕੋਈ ਵੀ ਬੰਦਿਆਂ ਵਾਲਾ ਕੰਮ ਨਹੀਂ ਕਰਦਾ, ਜੋ ਕਰਦਾ ਹੈ ਉਹ ਸਾਰੇ ਕੰਮ ਤਾਂ ਪਸੂ ਵੀ ਕਰ ਲੈਂਦੇ ਹਨ, ਜਿਵੇਂ ਕੇ ਮੈ ਊਪਰ ਲਿਖ ਵੀ ਆਇਆ ਹਾਂ, ਅਤੇ ਮਰਨ ਤੋਂ ਬਾਦ ਤਾਂ ਬੰਦਾ ਕਿਸੇ ਕੰਮ ਆਉਂਦਾ ਹੀ ਨਹੀਂ ਹੈ। ਪਰ ਪਸੂ ਕਿਸੇ ਵੇਲੇ ਉਹ ਕੰਮ ਕਰ ਜਾਂਦੇ ਹਨ, ਜੋ ਬੰਦਿਆਂ ਨੂੰ ਕਰਨੇਂ ਚਾਹੀਦੇ ਹਨ, ਅਤੇ ਗੁਰੂ ਉਹਨਾਂ (ਪਸੂਆਂ) ਦਾ ਬੇੜਾ ਪਾਰ ਕਰ ਦੇਂਦਾ ਹੈ। ਸਾਡੇ ਵਿੱਚ ਪਸੂਆਂ ਨਾਲੋਂ ਕਿਹੜਾ ਚੰਗਾ ਗੁਣ ਹੈ। ਆਉਣ ਨੂੰ ਤਾਂ ਅਸੀਂ ਵੀ ਇਸ ਸੰਸਾਰ ਵਿੱਚ ਆ ਗਏ ਹਾਂ ਅਤੇ ਪਸੂ ਵੀ, ਪਰ ਅਸੀਂ ਮਨੁੱਖਾਂ ਵਾਲਾ ਕੋਈ ਕੰਮ ਨਹੀਂ ਕੀਤਾ। ਇਸ ਵਾਸਤੇ ਗੁਰਬਾਣੀਂ ਦੀ ਅਗਲੀ ਕੜੀ ਸਾਨੂੰ ਪਸੂ ਅਤੇ ਡੰਗਰ ਢੋਰ ਕਹਿ ਰਹੀ ਹੈ।

ਸਲੋਕੁ॥ ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥ ੧॥ (੨੫੧)

ਅਸੀਂ ਕੀ ਬੁੱਝਣਾਂ ਸੀ, ਅਸੀਂ ਕੀ ਕਰਨਾਂ ਸੀ, ਕੀ ਅਸੀਂ ਬੁੱਝ ਲਿਆ ਹੈ, ਜਾਂ ਜੋ ਕਰਨ ਆਏ ਸੀ ਕਰ ਲਿਆ ਹੈ, ਜੋ ਅਸੀਂ ਕਰ ਰਹੇ ਹਾਂ, ਇਹ ਕਰਨ ਵਾਸਤੇ ਕੀ ਬਾਣੀਂ ਵਿੱਚ ਲਿਖਿਆ ਹੋਇਆ ਹੈ। ਅਤੇ ਜੋ ਬਾਣੀਂ ਵਿੱਚ ਲਿਖਿਆ ਹੋਇਆ ਹੈ, ਕੀ ਅਸੀਂ ਉਹ ਕਰਦੇ ਹਾਂ? । ਅਸੀਂ ਕਿਸ ਵਾਸਤੇ ਇਸ ਸੰਸਾਰ ਵਿੱਚ ਆਏ ਸੀ, ਗੁਰਬਾਣੀਂ ਦੀ ਅਗਲੀ ਕੜੀ ਦੱਸਦੀ ਹੈ, ਕਿ ਅਸੀਂ “ਏਕੋ” ਵਾਸਤੇ ਇਸ ਜਗ ਵਿੱਚ ਆਏ ਸੀ, ਪਰ ਸਾਨੂੰ ਜੰਮਦਿਆਂ ਹੀ ਮੋਹਣੀਂ ਮਾਇਆ ਨੇਂ ਜਕੜ ਲਿਆ ਹੈ। ਵਿਚਾਰ ਕਰਕੇ ਦੇਖੋ, ਕੀ ਸਾਨੂੰ ਮਾਇਆ ਮੋਹਣੀਂ ਨੇਂ ਕਿਤੇ ਸੱਚਮੁਚ ਹੀ ਤੇ ਨਹੀਂ ਜਕੜਿਆ ਹੋਇਆ ਹੈ? ।

ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਹਨੀ ਮਾਇਆ (੨੫੧)

ਮੇਰੇ ਖਿਆਲ ਵਿੱਚ ਤਾਂ ਆਪਾਂ ਸਾਰੇ ਹੀ ਇਕੋ ਹੀ ਕੰਮ ਨੂੰ ਆਏ ਹਾਂ, ਜੇ ਕਿਸੇ ਵੀਰ ਨੇਂ ਇਹ ਕੰਮ ਕਰ ਲਿਆ ਹੋਵੇ, ਤਾਂ ਸਾਨੂੰ ਸਾਰਿਆਂ ਨੂੰ ਵੀ ਜਰੂਰ ਦੱਸੇ ਕੇ ਇਹ ਕੰਮ ਕਿਵੇਂ ਕਰਨਾਂ ਹੈ, ਉਸਦਾ ਉਪਕਾਰ ਹੋਵੇ ਗਾ।

ਚਿਰੰਕਾਲ ਪਾਈ ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ॥ ੩॥ (੮੯੦) ਪ: ੫

ਬਾਣੀਂ ਪੜ੍ਹਦਿਆਂ ਵਿਚਾਰਦਿਆਂ ਕਈ ਵਾਰ ਮੈਨੂੰ ਇੰਜ ਲੱਗਦਾ ਹੈ, ਕਿ ਜਿਵੇਂ ਮੈਂ ਹੀ ਪਸੂ ਹਾਂ, ਅਤੇ ਇੰਜ ਲੱਗਦਾ ਹੈ, ਜਿਵੇਂ ਬਾਣੀਂ ਇਹ ਸੱਭ ਮੈਨੂੰ ਹੀ ਕਹਿ ਰਹੀ ਹੈ। ਜਿਵੇਂ ਬਾਣੀਂ ਮੈਨੂੰ ਹੀ ਸਮਝਾ ਰਹੀ ਹੋਵੇ। ਕਿ ਬੜੇ ਚਿਰਾਂ ਬਾਦ ਮੈਨੂੰ ਬੜੀ ਮੁਸਕਿਲ ਨਾਲ ਇਹ ਦੇਹ ਮਿਲੀ ਹੈ। ਪਰ ਇਹ ਕੀ? ਨਾਲ ਹੀ ਬਾਣੀਂ ਇਹ ਵੀ ਦੱਸਦੀ ਹੈ, ਕਿ ਮੇਰੀ ਇਹ ਦੇਹ ਪਸੂਆਂ ਨਾਲੋਂ ਤਾਂ ਬੁਰੀ ਹੈ ਹੀ, ਇਹ ਭੁਤਨਿਆਂ ਨਾਲੋਂ ਵੀ ਬੁਰੀ ਹੈ, ਇਹ ਮੂਰਖਾਂ ਪਾਗਲਾਂ ਤੋਂ ਵੀ ਬੁਰੀ ਹੈ। ਦੱਸੋ ਮੈਂ ਕੀ ਕਰਾਂ!

ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ॥ ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ॥ ੨॥ (੧੧੩੨) ਮ: ੩

ਬਾਣੀਂ ਮੈਨੂੰ ਕਹਿੰਦੀ ਹੈ, ਕਿ ਮੈਂ ਸਾਰੇ ਹੀ ਕੰਮ, ਪਸੂਆਂ ਵਾਲੇ ਕਰਦਾ ਹਾਂ, (ਬਾਣੀਂ ਮੈਨੂੰ ਹੀ ਇਸ ਤਰਾਂ ਕਿਉਂ ਕਹਿੰਦੀ ਹੈ? ਮੈਂ ਬਾਣੀਂ ਦਾ ਕੀ ਗਵਾਇਆ ਹੈ? ਕੀ ਮੈਂ ਸੱਚਮੁਚ ਹੀ ਪਸੂ ਹਾਂ? ਕੀ ਤੁਹਾਨੂੰ ਵੀ ਕਿਸੇ ਨੂੰ, ਕਦੇ ਬਾਣੀਂ ਨੇਂ ਇਸ ਤਰਾਂ ਕਿਹਾ ਹੈ? ਇਹ ਵਿਤਕਰਾ ਬਾਣੀਂ ਮੇਰੇ ਨਾਲ ਹੀ ਕਿਉਂ ਕਰਦੀ ਹੈ? ਬਾਣੀਂ ਮੈਨੂੰ ਹੀ ਪਸੂ ਕਿਉਂ ਕਹਿੰਦੀ ਹੈ?) ਬਾਣੀਂ ਮੈਨੂੰ ਕਹਿੰਦੀ ਹੈ, ਕਿ ਜੋ ਮੈਂ ਸੋਚੀ ਬੈਠਾ ਹਾਂ, ਜਾਂ ਜੋ ਮੈਂ ਕਰਦਾ ਕਮਾਉਂਦਾ ਹਾਂ, ਇੱਕ ਦਿਨ ਸੱਭ ਝੂਠ ਹੋ ਜਾਵੇ ਗਾ। ਦੱਸੋ ਮੈਂ ਕੀ ਕਰਾਂ! ਕੀ ਸਚਮੁਚ ਹੀ ਇਸ ਤਰਾਂ ਕੂੜ ਹੋ ਜਾਵੇਗਾ, ਕੀ ਇਸ ਤਰਾਂ ਹੋ ਸੱਕਦਾ ਹੈ।

ਮਨਮੁਖਿ ਅੰਧੁਲੇ ਗੁਰਮਤਿ ਨ ਭਾਈ॥ ਪਸੂ ਭਏ ਅਭਿਮਾਨੁ ਨ ਜਾਈ॥ ੨॥ (੧੧੯੦) ਮ: ੧

ਬਾਣੀਂ ਮੈਨੂੰ ਮਨਮੁਖ ਕਹਿੰਦੀ ਹੈ। ਕਿਉਂ ਕੇ ਮੈਨੂੰ ਗੁਰੂ ਦੀ ਮੱਤ ਚੰਗੀ ਹੀ ਨਹੀਂ ਲੱਗਦੀ, ਇਸੇ ਵਾਸਤੇ ਹੀ ਮੈਂ ਗੁਰਮੁਖ ਨਹੀਂ ਬਣ ਸਕਿਆ। ਮੇਰੇ ਅੰਦਰੋਂ ਹੰਕਾਰ ਨਹੀਂ ਜਾਂਦਾ, ਮੈਂ ਹੰਕਾਰੇ ਹੋਏ ਪਸੂਆਂ (ਸ੍ਹਾਨਾਂ) ਵਾਂਗ ਦੂਸਰਿਆਂ ਨਾਲ ਭਿੜਦਾ ਰਹਿੰਦਾ ਹਾਂ। ਦੱਸੋ ਮੈਂ ਐਸਾ ਕੀ ਕਰਮ ਕਰਾਂ, ਜਿਸ ਨਾਲ ਕਿ ਮੈ ਇਹ ਲੜਨਾਂ ਭਿੜਨਾਂ ਛੱਡ ਸਕਾਂ।

ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ॥ (੧੨੮੪) ਮ: ੧

ਲੳ ਗੁਰੂ ਨਾਨਕ ਜੀ ਨੇਂ ਤਾਂ ਮੈਨੂੰ ਸਾਫ ਸਾਫ ਹੀ ਕਹਿ ਦਿੱਤਾ ਹੈ, ਕੇ ਮੈਂ ਮਨੁੱਖ ਦੇ ਚਮੜੇ ਵਿੱਚ ਲਪੇਟਿਆ ਹੋਇਆ ਪਸੂ ਹਾਂ। ਵੇਖਣ ਨੂੰ ਤਾਂ ਮੈਂ ਇਨਸਾਨਾਂ ਵਰਗਾ ਹੀ ਲੱਗਦਾ ਹਾਂ, ਪਰ ਅਸਲ ਵਿੱਚ ਮੈਂ ਪਸੂ ਹਾਂ, ਅਤੇ ਅੰਦਰੋਂ ਮੈਂ ਕਾਲਾ ਵੀ ਹਾਂ, ਭਾਵ ਕਿਸੇ ਕੰਮ ਨਾਂ ਅਉਣ ਵਾਲਾ ਪਸੂ ਹਾਂ, (ਪਸੂ ਮਰੈ ਦਸ ਕਾਜ ਸਵਾਰੈ ਵਾਲਾ ਪਸੂ ਵੀ ਨਹੀਂ ਹਾਂ)। ਗੁਰੂ ਜੀ ਤਾਂ ਮੈਨੂੰ ਮਨਮੁੱਖ, ਕੁੜਿਆਰ ਅਤੇ ਪਰੇਤ ਵੀ ਕਹਿ ਰਹੇ ਹਨ। ਫਿਰ ਮੇਰੇ ਮਨ ਵਿੱਚ ਵਿਚਾਰ ਆਈ, ਕੇ ਸ਼ਾਇਦ ਇਹ ਅੇਨਾਂ ਕੁੱਝ ਮੈਨੂੰ ਨਾਂ ਕਿਹਾ ਹੋਵੇ, ਇਹ ਕਿਸੇ ਪਾਂਡੇ, ਬ੍ਰਾਹਮਣ, ਜਾਂ ਮੁੱਲਾਂ ਜਾਂ ਕਿਸੇ ਹੋਰ ਨੂੰ ਕਿਹਾ ਹੋਵੇ। ਇਸ ਵਾਸਤੇ ਮੈਂ ਇਹ ਪੂਰਾ ਸ਼ਬਦ ਬੜੇ ਧਿਆਨ ਨਾਲ ਪੜ੍ਹਿਆ। ਪਰ ਮੈਨੂੰ ਐਸਾ ਕੁੱਝ ਨਾਂ ਮਿਲਿਆ, ਜੋ ਇਹ ਸਾਬਤ ਕਰ ਸਕੇ ਕੇ ਇਹ ਸ਼ਬਦ ਮੇਰੇ ਵਾਸਤੇ ਨਹੀਂ, ਬਲਕਿ ਕਿਸੇ ਹੋਰ ਵਾਸਤੇ ਲਿਖਿਆ ਹੋਵੇ।

ਇਕਵਾਰੀਂ ਪਹਿਲੇ ਵੀ ਮੈਂ ਕਿਸੇ ਕਵੀ ਦੀ ਇੱਕ ਰਚਨਾਂ ਪੜ੍ਹੀ ਸੀ, ਉਸ ਨੇਂ ਲਿਖਿਆ ਸੀ, “ਬੈਲ ਭੂਲ ਬਿਧੀ ਨਰੁ ਰਚੇ ਲਗਾ ਦੀ ਦਾੜ੍ਹੀ ਮੂਛ, ਅਕਲ ਵਹੀ ਹੈਵਾਨ ਕੀ ਬਿਨਾਂ ਸੀਂਗ ਬਿਨ ਪੂਛ”। ਭਗਵਾਨ ਨੇਂ ਬਨਾਉਣਾਂ ਤਾਂ ਬਲਦ ਸੀ, ਪਰ ਉਹ ਭੁੱਲ ਗਿਆ, ਉਸ ਨੇਂ ਸ਼ਕਲ ਬੰਦੇ ਵਰਗੀ ਬਨਾ ਦਿੱਤੀ। ਪਰ ਫਿਰ ਵੀ ਕੀ ਹੋਇਆ ਜੇ ਗਲਤੀ ਨਾਲ ਸ਼ਕਲ ਮਨੁੱਖਾਂ ਵਰਗੀ ਬਣ ਹੀ ਗਈ ਹੈ। ਕੀ ਹੋਇਆ ਜੇ ਸਿੰਙ ਅਤੇ ਪੂਸ਼ ਦੀ ਥਾਂ ਦਾਹੜੀ ਅਤੇ ਮੁੱਛਾਂ ਲੱਗ ਗਈਆਂ, ਪਰ ਅਕਲ ਤਾਂ ਹੈਵਾਨਾਂ (ਪਸੂਆਂ) ਵਰਗੀ ਹੀ ਹੈ।

ਜਦੋਂ ਗੁਰਬਾਣੀਂ, ਅਤੇ ਹੋਰ ਸਿਆਣਿਆਂ ਬੰਦਿਆਂ ਦੀਆਂ ਅਜੇਹੀਆਂ ਗੱਲਾਂ ਸੁਣੀਆਂ, ਤਾਂ ਮੈਨੂੰ ਆਪਣੇਂ ਆਪ ਤੇ ਸ਼ਰਮ ਵੀ ਆਈ, ਤੇ ਡਰ ਵੀ ਲੱਗਾ। ਮੈਨੂੰ ਇੰਜ ਜਾਪਣ ਲੱਗਾ, ਕੇ ਮੈਨੂੰ ਸਿੰਙ ਵੀ ਉੱਗੇ ਹੋਇ ਹਨ, ਅਤੇ ਪੂਛ ਵੀ ਲੱਗੀ ਹੋਈ ਹੈ, ਬੇਸ਼ੱਕ ਹਾਲੇ ਦਿੱਸਦੀ ਨਹੀਂ, ਕੀ ਪਤਾ ਕੱਲ ਨੂੰ ਹੀ ਸੱਚੀਮੁਚੀ ਦਿਸਣ ਲੱਗ ਪਵੇ, ਜਦੋਂ ਕਿ ਮੈਂ ਸਚੀਮੁਚੀਂ ਹੀ ਬਲਦ ਬਣ ਜਾਵਾਂ ਗਾ, ਪਰ ਕੱਲ ਕਿਸਨੇਂ ਦੇਖਿਆ ਹੈ, ਇਥੇ ਤਾਂ ਪਲ ਕੋਈ ਭਰੋਸਾ ਨਹੀਂ। ਮੈਂ ਕਿੰਨੇ ਸਾਲ, ਕਿੰਨੇਂ ਮਹੀਨੇਂ, ਦਿਨ, ਘੰਟੇ, ਮਿੰਟ, ਜਾਂ ਕਿੰਨੇਂ ਪਲ ਹੋਰ, ਇਸ ਮਨੁੱਖ ਦੇ ਚੰਮ ਵਿੱਚ ਲੁਕਿਆ ਰਹਿ ਸੱਕਦਾ ਹਾਂ, ਇਸ ਚੱਮ ਦਾ ਕੀ ਭਰਵਾਸਾ। ਇੱਕ ਕਹਾਵਤ ਹੈ, “ਬਕਰੇ ਦੀ ਮਾਂ ਕਦ ਤੱਕ ਖੈਰ ਮਨਾਵੇ ਗੀ”। ਉਸ ਤੋਂ ਬਾਦ ਮੇਰਾ ਕੀ ਬਣੇਂ ਗਾ। ਕੋਈ ਗੁਰਮੁਖ ਵੀਰ, ਕੋਈ ਪ੍ਰਚਾਰਕ ਵੀਰ, ਕੋਈ ਕਥਾਵਾਚਕ ਵੀਰ, ਕੋਈ ਵਿਦਵਾਨ ਵੀਰ, ਮੇਰੀ ਇਹ ਦੁਬਿਧਾ ਦਾ ਨਿਵਾਰਨ ਕਰੋ। ਮੇਰੀ ਇਹ ਹੱਥ ਜੋੜ ਕੇ ਤੁਹਾਡੇ ਸਭ ਦੇ ਮੂਹਰੇ ਬੇਨਤੀ ਹੈ, ਮੈਨੂੰ ਕੋਈ ਰਾਹ ਦਿਖਾਵੋ। ਜਿਸ ਨਾਲ ਕੇ ਮੈਂ ਬਲਦ ਜਾਂ ਪਸੂ ਬਣਨ ਤੋਂ ਬਚ ਜਾਵਾਂ

ਮਹਲਾ ੫॥ ਮੋ ਕਉ ਇਹ ਬਿਧਿ ਕੋ ਸਮਝਾਵੈ॥ ਕਰਤਾ ਹੋਇ ਜਨਾਵੈ॥ ੧॥ ਰਹਾਉ॥ ਅਨਜਾਨਤ ਕਿਛੁ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ॥ ਦਹ ਦਿਸਿ ਲੈ ਇਹੁ ਮਨੁ ਦਉਰਾਇਓ ਕਵਨ ਕਰਮ ਕਰਿ ਬਾਧਾ॥ ੧॥ ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾਭਰਮ ਮੋਹ ਕਛੁ ਸੂਝਸਿ ਨਾਹਇਹ ਪੈਖਰ ਪਏ ਪੈਰਾ॥ ੨॥ (੨੧੫)

ਇਹ ਊਪਰ ਵਾਲੀਆਂ ਬਾਣੀਂ ਦੀਆਂ ਪੰਗਤੀਆਂ ਵਿਚ, ਜੋ ਜੋ ਗੱਲਾਂ ਬਾਣੀਂ ਦੱਸ ਰਹੀ ਹੈ, ਇਹੀ ਹਾਲ ਮੇਰਾ ਹੈ। ਮੈਨੂੰ ਕੁੱਝ ਵੀ ਸੁੱਝਦਾ ਨਹੀਂ, ਮੋਹ ਅਤੇ ਭਰਮਾਂ ਦੇ ਜਾਲ ਦੀਆਂ ਬੇੜੀਆਂ ਮੇਰੇ ਪੈਰਾਂ ਵਿੱਚ ਪਈਆਂ ਹੋਈਆਂ ਹਨ। ‘ਮਨ ਤਨ ਧਨ ਭੁਮਿ’ ਕਾ ਮੈਂ ਠਾਕੁਰੁ ਬਣਿਆਂ ਹੋਇਆ ਹਾਂ, ਇਹਨਾਂ ਸੱਭ ਚੀਜਾਂ ਦਾ ਮੈਨੂੰ ਹੰਕਾਰ ਹੈ, ਅਤੇ ਇਹ ਚੀਜਾਂ ਮੈਂ ਹੋਰ ਵੀ ਇਕੱਠੀਆਂ ਕਰਨੀਆਂ ਚਾਹੁੰਦਾ ਹਾਂ। ‘ਹਉ ਇਸ ਕਾ ਇਹੁ ਮੇਰਾ’ ਮੈਂ ਚਾਹੁੰਦਾ ਹਾਂ, ਸੱਭ ਤੇ ਮੇਰਾ ਹੱਕ ਹੋਵੇ, ਜਿਵੇਂ ਮੈਂ ਕਹਾਂ ਸਾਰੇ ਹੀ ਉਸ ਤਰਾਂ ਕਰਨ, ਸਾਰੇ ਹੀ ਮੇਰੇ ਸੁਝਾਵਾਂ ਤੇ ਅਮਲ ਕਰਨ। ਮੈਂ ਆਪਣੇਂ ਮਨ ਨੂੰ ਦਹ ਦਿਸਾਂ ਵਿੱਚ ਘੁਮਾਉਂਦਾ ਹਾਂ, ਮੈਂ ਚਾਹੁੰਦਾ ਹਾਂ ਕਿ ਮੈਂ ਇਹ ਕਰ ਦੇਵਾਂ, ਮੈਂ ਉਹ ਕਰ ਦੇਵਾਂ। ਅਨਜਾਨ ਪੁਣੇਂ ਵਿਚ, ਇਹ ਮੈਂ ਕਿਹੜੇ ਕੰਮਾਂ ਵਿੱਚ ਬੱਝ ਗਿਆ ਹਾਂ। ਮੈਂ ਨਾਂ ਤਾਂ ਕਦੇ ਕੋਈ ਜਪ ਕੀਤਾ ਹੈ, ਨਾਂ ਤਪ ਕੀਤਾ ਹੈ। ਹੇ ਗੁਰਮੁਖੋ! ਮੇਰੀ ਇਹ ਹੱਥ ਜੋੜਕੇ ਬੇਨਤੀ ਹੈ, ਮੈਨੂੰ ਕੋਈ ਜੁਗਤੀ ਦੱਸੋ। ‘ਮੋ ਕਉ ਇਹ ਬਿਧਿ ਕੋ ਸਮਝਾਵੈ॥ ਕਰਤਾ ਹੋਇ ਜਨਾਵੈ॥ ੧॥ ਰਹਾਉ॥’

ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ॥ ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ॥ ੧॥ (੧੨੫੩) ਕਬੀਰ ਜੀਓ

ਕਬੀਰ ਸਾਹਿਬ ਦੀ ਬਾਣੀਂ ਵੀ ਮੈਨੂੰ ਡਰਾ ਰਹੀ ਹੈ। (ਮਾੜੇ ਤੇ ਸਾਰੇ ਹੀ ਰੋਅਬ ਪਾ ਲੈਂਦੇ ਹਨ) ਕਹਿ ਰਹੀ ਹੈ, ਜਲਦੀ ਜਲਦੀ ਅੱਗੇ ਦਾ ਕੋਈ ਇੰਤਜਾਮ ਕਰ ਲੈ, ਇਸ ਭਾਂਡੇ (ਚੱਮ) ਦਾ ਕੀ ਭਰਵਾਸਾ ਮਾੜੀ ਜਿਹੀ ਠੋਹਕਰ ਨਾਲ ਚਕਨਾਂ ਚੂਰ ਹੋ ਜਾਣਾਂ ਹੈ।

ਇਸ ਵਾਸਤੇ ਮੇਰਾ ਸੱਭ ਵੀਰਾਂ ਪਾਠਕਾਂ, ਵਿਦਵਾਨਾਂ, ਬੁੱਧੀ ਜੀਵੀਆਂ ਨੂੰ ਗੁਰਮੁਖ ਸੱਜਨਾਂ ਨੂੰ ਇਹ ਸਵਾਲ ਹੈ, ਮੇਰੀ ਇਹ ਬੇਨਤੀ ਹੈ। ਕਿ ਮੇਰੀ ਸਹਾਇਤਾ ਕਰੋ, ਇੱਕ ਤਾਂ ਮੈਨੂੰ ਇਹ ਦੱਸੋ, ਕਿ ਇਨਸਾਨ ਵਿੱਚ ਜਾਨਵਰਾਂ ਨਾਲੋਂ ਕੀ ਵਾਧਾ ਹੋਣਾਂ ਚਾਹੀਦਾ ਹੈ, ਜਾਂ ਕਿਹੜਾ ਚੰਗਾ ਗੁਣ ਹੋਣਾਂ ਚਾਹੀਦਾ ਹੈ? । ਉਹ ਕਿਹੜਾ ਕੰਮ ਹੈ? ਜੋ ਪਸੂ ਨਹੀਂ ਕਰ ਸੱਕਦੇ, ਅਤੇ ਜੋ ਸਿਰਫ ਇਨਸਾਨ ਕਰ ਸੱਕਦਾ ਹੈ। ਇਹ ਸਵਾਲ ਮੈਂ ਇਸ ਵਾਸਤੇ ਪੁੱਛ ਰਿਹਾ ਹਾਂ, ਕਿਉਂ ਕੇ ਮੈਂ ਵੀ ਇਨਸਾਨ ਬਣਨਾਂ ਚਾਹੁੰਦਾ ਹਾਂ। ਇਨਸਾਨ ਮੈਂ ਇਸ ਵਾਸਤੇ ਬਣਨਾਂ ਚਾਹੁੰਦਾ ਹਾਂ, ਕਿਉਂਕੇ ਮੈਂ ਸਿੱਖ ਬਣਨਾਂ ਚਾਹੁੰਦਾ ਹਾਂ। , ਕਿਉਂ ਕੇ ਸਿਰਫ ਇਨਸਾਨ ਹੀ ਸਿੱਖ ਹੋ ਸੱਕਦਾ ਹੈ, ਪਸੂ ਭਲਾ ਜਾਂ ਗੁਣਵਾਨ ਤਾਂ ਹੋ ਸਕਦਾ ਹੈ ਪਰ ਸਿੱਖ ਕਦੇ ਨਹੀਂ ਹੋ ਸੱਕਦਾ। ਅਤੇ ਗੁਰੂ ਦਾ ਸਿੱਖ ਕਦੇ ਪਸੂ ਨਹੀਂ ਹੋ ਸੱਕਦਾ। ਇਸ ਵਾਸਤੇ ਸਿੱਖ ਬਣਨ ਤੋਂ ਪਹਿਲੇ ਮੈਂ ਇਨਸਾਨ ਬਣਨਾਂ ਜਰੂਰੀ ਸਮਝਦਾ ਹਾਂ।

ਇਸ ਵਾਸਤੇ ਕੋਈ ਵੀਰ ਮੈਨੂੰ ਸਮਝਾਵੇ, ਕੇ ਮੈਂ ਕੀ ਕਰਾਂ? ਮੇਰੇ ਮਨ ਵਿੱਚ ਸਿੱਖ ਬਣਨ ਦੀ ਬਹੁਤ ਤਾਂਘ ਹੈ। ਪਰ ਜੇ ਮੈਂ ਮਨੁੱਖ ਹੀ ਨਾਂ ਬਣ ਸਕਿਆ ਤਾਂ ਫਿਰ ਮੈਂ ਸਿੱਖ ਕਿਵੇਂ ਬਣਾਂ ਗਾ। ਅਤੇ ਜੇ ਮੈ ਸਿੱਖ ਨਾਂ ਬਣ ਸਕਿਆ ਤਾਂ ਫਿਰ ਮੇਰਾ ਕੀ ਹੋਵੇ ਗਾ…ਬਾਣੀਂ ਤਾਂ ਦੱਸਦੀ ਹੈ, ਕਿ ਜਿਹੜਾ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਭਾਵ ਜਿਹੜਾ ਗੁਰੂ ਦਾ ਸਿੱਖ ਨਹੀਂ ਹੈ, ਅਤੇ ਉਸਦਾ ਹਾਲ ਬਾਣੀਂ ਅਗੇ ਦੱਸਦੀ ਹੈ ਕਿ ਉਹ,

ਸੂਕਰ ਸੁਆਨ ਗਰਧਭ ਮੰਜਾਰਾ॥ ਪਸੂ ਮਲੇਛ ਨੀਚ ਚੰਡਾਲਾ॥ ਗੁਰ ਤੇ ਮੁਹੁ ਫੇਰੇ ਤਿਨੑ ਜੋਨਿ ਭਵਾਈਐ॥ ਬੰਧਨਿ ਬਾਧਿਆ ਆਈਐ ਜਾਈਐ॥

ਜੇ ਮੈਂ ਸਿੱਖ ਨਾਂ ਬਣ ਸਕਿਆ ਤਾਂ ਕੀ ਸੱਚਮੁਚ ਹੀ ਮੇਰਾ ਵੀ ਇਹੋ ਹੀ ਹਾਲ ਹੋਵੇਗਾ, ਜਿਵੇਂ ਕੇ ਬਾਣੀਂ ਦੱਸ ਰਹੀ ਹੈ? । ਜਾਂ ਕੋਈ ਬਚਾਅ ਦਾ ਢੰਗ ਵੀ ਹੈ। ਜਾਂ ਕਿ ਐਸਾ ਕੁੱਝ ਵੀ ਨਹੀਂ ਹੈ ਅਤੇ ਬਾਣੀਂ ਮੈਨੂੰ ਐਵੇਂ ਹੀ ਝੂਠ ਮੂਠ ਹੀ ਡਰਾ ਰਹੀ ਹੈ।

ਮੇਰਾ/ਮੇਰੇ ਸਵਾਲ ਹੈ ਤਾਂ ਸ਼ਾਇਦ ਥੋੜਾ ਔਖਾ/ਔਖੇ, ਇਸ ਵਾਸਤੇ ਮੁਆਫੀ ਚਾਹਵਾਂ ਗਾ। ਪਰ ਕਿਉਂ ਕੇ ਇਹ ਸਵਾਲ ਮੈਂ ਗੁਰਸਿੱਖਾਂ ਦੇ ਸਾਹਮਣੇਂ ਰੱਖ ਰਿਹਾ ਹਾਂ, ਇਸ ਵਾਸਤੇ, ਗੁਰਸਿੱਖਾਂ ਵਾਸਤੇ ਇਹ ਦੱਸਣਾਂ ਕੋਈ ਔਖਾ ਕੰਮ ਵੀ ਨਹੀਂ ਹੈ। ਕਿ ਸਿੱਖ ਕਿਵੇਂ ਬਣਨਾ ਹੈ।

ਬਲਦੇਵ ਸਿੰਘ ਫਿਰੋਜ਼ਪੁਰ ੨੭/੦੨/੧੧
.