.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 12)

ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ॥ ਪਉਣ ਪਾਣੀ ਬਸੰਤਰੁ ਗਾਜੈ॥
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ॥ ੭॥
ਨਾਮੁ ਵਿਸਾਰਿ ਦੋਖ ਦੁਖ ਸਹੀਐ॥ ਹੁਕਮੁ ਭਇਆ ਚਲਣਾ ਕਿਉ ਰਹੀਐ॥
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ॥ ੮॥
ਚਉਰਾਸੀਹ ਨਰਕ ਸਾਕਤੁ ਭੋਗਾਈਐ॥ ਜੈਸਾ ਕੀਚੈ ਤੈਸੋ ਪਾਈਐ॥
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ॥ ੯॥
ਖੰਡੇ ਧਾਰ ਗਲੀ ਅਤਿ ਭੀੜੀ॥ ਲੇਖਾ ਲੀਜੈ ਤਿਲ ਜਿਉ ਪੀੜੀ॥
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ॥ ੧੦॥
ਮੀਤ ਸਖੇ ਕੇਤੇ ਜਗ ਮਾਹੀ॥ ਬਿਨੁ ਗੁਰ ਪਰਮੇਸਰ ਕੋਈ ਨਾਹੀ॥
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ॥ ੧੧॥
ਕੂੜੁ ਛੋਡਿ ਸਾਚੇ ਕਉ ਧਾਵਹੁ॥ ਜੋ ਇਛਹੁ ਸੋਈ ਫਲੁ ਪਾਵਹੁ॥
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ॥ ੧੨॥ (੧੦੨੮)
॥ ੭॥ ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ॥ ਪਉਣ ਪਾਣੀ ਬਸੰਤਰੁ ਗਾਜੈ॥
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ॥ ੭॥
ਪਰਮਾਤਮਾ ਇਸ ਸ੍ਰਿਸ਼ਟੀ ਨੂੰ ਪੈਦਾ ਕਰ ਕੇ, ਸਾਰੀਆਂ ਚੀਜ਼ਾਂ ਵਿੱਚ ਵਿਆਪਕ ਹੋ ਕੇ, ਆਪ ਹੀ ਵਰਤ ਰਿਹਾ ਹੈ। ਹਵਾ, ਪਾਣੀ, ਅੱਗ ਆਦਿ ਤੱਤਾਂ ਦ ਸੁਮੇਲ ਨਾਲ ਜੀਵਾਂ ਨੂੰ ਪੈਦਾ ਕਰ ਕੇ, ਉਹ ਆਪਣਾ ਹੀ ਪਰਗਟ ਰੂਪ ਜ਼ਾਹਰ ਕਰਦਾ ਹੈ। ਪਰ ਉਸ ਰਚਣਹਾਰ ਪ੍ਰਭੂ ਨੂੰ ਭੁੱਲ ਕੇ, ਵਿਸ਼ੇ ਵਿਕਾਰਾਂ ਦੀ ਸੰਗਤ ਵਿੱਚ ਫਸਿਆ ਮਨ ਭਟਕਦਾ ਹੈ, ਅਤੇ ਆਪਣੇ ਕੀਤੇ ਦਾ ਫੱਲ ਪਾਉਂਦਾ ਹੈ।
॥ ੮॥ ਨਾਮੁ ਵਿਸਾਰਿ ਦੋਖ ਦੁਖ ਸਹੀਐ॥ ਹੁਕਮੁ ਭਇਆ ਚਲਣਾ ਕਿਉ ਰਹੀਐ॥
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ॥ ੮॥
ਨਾਮ ਨੂੰ ਵਿਸਾਰ ਕੇ, ਪ੍ਰਭੂ ਦੀ ਰਜ਼ਾ ਦੀ ਅਵੱਗਿਆ ਕਰ ਕੇ, ਕਰਤਾਰ ਦੇ ਹੁਕਮ ਤੋਂ ਬਾਗੀ ਹੋ ਕੇ, ਦੋਖਾਂ ਵਿਚ, ਵਿਕਾਰਾਂ ਵਿੱਚ ਫਸ ਜਾਈਦਾ ਹੈ, ਜਿਸ ਦੇ ਫਲ ਸਰੂਪ ਦੁੱਖ ਸਹਾਰਨੇ ਪੈਂਦੇ ਹਨ। ਏਸੇ ਵਿੱਚ ਹੀ ਜ਼ਿੰਦਗੀ ਬੀਤ ਜਾਂਦੀ ਹੈ, ਸੰਸਾਰ ਤੋਂ ਜਾਣ ਦਾ ਹੁਕਮ ਹੋ ਜਾਂਦਾ ਹੈ, ਜਿਸ ਦੇ ਫਲ ਸਰੂਪ ਏਥੋਂ ਜਾਣਾ ਪੈ ਜਾਂਦਾ ਹੈ, ਫਿਰ ਇਸ ਸੰਸਾਰ ਵਿੱਚ ਕਿਵੇਂ ਰੁਕਿਆ ਜਾ ਸਕਦਾ ਹੈ? ਭਾਵ ਨਹੀਂ ਰੁਕਿਆ ਜਾ ਸਕਾ। ਕਰਤਾਰ ਦੇ ਹੁਕਮ ਨੂੰ ਵਿਸਾਰ ਕੇ ਜੀਵ, ਨਰਕ ਰੂਪੀ ਗਰਭ ਦੇ ਖੂਹ ਵਿੱਚ ਇਵੇਂ ਸਮਾ ਬਿਤਾਉਂਦਾ ਹੈ, ਜਿਵੇਂ ਪਾਣੀ ਤੋਂ ਬਾਹਰ ਮਛਲੀ ਸਮਾ ਬਿਤਾਉਂਦੀ ਹੈ।
॥ ੯॥ ਚਉਰਾਸੀਹ ਨਰਕ ਸਾਕਤੁ ਭੋਗਾਈਐ॥ ਜੈਸਾ ਕੀਚੈ ਤੈਸੋ ਪਾਈਐ॥
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ॥ ੯॥
ਸਾਕਤ, ਸ਼ਕਤੀ ਦਾ, ਮਾਇਆ ਦਾ ਪੁਜਾਰੀ ਜੀਵ, ਚਉਰਾਸੀ ਦੇ, ਜਨਮ-ਮਰਨ ਦੇ ਗੇੜ ਰੂਪੀ ਨਰਕ ਭੋਗਦਾ ਰਹਿੰਦਾ ਹੈ, ਕੁਦਰਤ ਦਾ ਨਿਯਮ ਹੀ ਇਹ ਹੈ ਕਿ, ਜਿਹੋ-ਜਿਹਾ ਕਰਮ ਕਰੀਦਾ ਹੈ, ਵੈਸਾ ਹੀ ਫਲ ਭੋਗੀਦਾ ਹੈ। ਸਤਿਗੁਰ, ਸ਼ਬਦ ਗੁਰੂ ਦੀ ਸਰਨ ਪੈਣ ਤੋਂ ਬਗੈਰ, ਚਉਰਾਸੀ ਦੇ ਗੇੜ ਤੋਂ ਮੁਕਤੀ ਨਹੀਂ ਮਿਲਦੀ। ਆਪਣੇ ਕਰਮਾਂ ਦਾ ਬੱਧਾ ਜੀਵ, ਉਸ ਗੇੜ ਵਿੱਚ ਹੀ ਫਸਿਆ ਰਹਿੰਦਾ ਹੈ।
॥ ੧੦॥ ਖੰਡੇ ਧਾਰ ਗਲੀ ਅਤਿ ਭੀੜੀ॥ ਲੇਖਾ ਲੀਜੈ ਤਿਲ ਜਿਉ ਪੀੜੀ॥
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ॥ ੧੦॥
ਇਸ ਭਵਜਲ ਸੰਸਾਰ ਵਿਚ, ਵਿਕਾਰਾਂ ਭਰੇ ਜਗਤ ਵਿਚ, ਇੰਸਾਨੀ ਜੀਵਨ ਦਾ ਸਹੀ ਰਾਸਤਾ ਖੋਜਣ ਲਈ, ਕਿਸੇ ਸ਼ਹਿਰ ਦੀ ਬਹੁਤ ਭੀੜੀ ਗਲੀ ਵਰਗੀ ਥਾਂ ਵਿਚੋਂ ਦੀ ਲੰਘ ਕੇ ਜੀਵ ਨੇ ਵਿਕਾਰਾਂ ਤੋਂ ਦੂਰ ਜਾਣਾ ਹੈ। ਅੱਗੇ ਰਾਸਤਾ ਮਾਨੋ, ਖੰਡੇ ਦੀ ਧਾਰ ਵਰਗਾ ਤਿੱਖਾ ਹੈ, ਜਿਸ ਤੇ ਬਹੁਤ ਸੰਭਲ ਕੇ ਚਲਣਾ ਪੈਂਦਾ ਹੈ, ਜ਼ਰਾ ਜਿੰਨਾ ਥਿੜਕਣ ਨਾਲ, ਬੰਦਾ ਮੁੜ ਸੰਸਾਰਿਕ ਘੁਮਣ-ਘੇਰੀ, ਜਨਮ-ਮਰਨ ਦੇ ਗੇੜ ਵਿੱਚ ਡਿਗ ਪੈਂਦਾ ਹੈ।
ਕੀਤੇ ਕਰਮਾਂ ਦਾ ਲੇਖਾ ਵੀ ਦੇਣਾ ਹੀ ਪੈਂਦਾ ਹੈ, ਜਿਵੇਂ ਤਿਲਾਂ ਨੂੰ ਪੀੜ ਕੇ ਉਨ੍ਹਾਂ ਵਿਚੋਂ ਤੇਲ ਨਿਕਲਦਾ ਹੈ, ਓਵੇਂ ਹੀ ਮਨ ਵਿਚੋਂ ਵਿਕਾਰਾਂ ਦੇ ਸੰਸਕਾਰ ਕੱਢਣ ਲਈ, ਜਨਮ-ਮਰਨ ਰੂਪੀ, ਦੁੱਖਾਂ ਦੇ ਕੋਲਹੂ ਵਿਚੋਂ ਲੰਘ ਕੇ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ, ਮਨ ਵਿਕਾਰਾਂ ਤੋਂ ਰਹਿਤ ਹੁੰਦਾ ਹੈ। ਇਸ ਸਾਰੀ ਪਰਕਿਰਿਆ ਵਿਚੋਂ ਜੀਵ ਨੂੰ ਆਪ ਹੀ ਲੰਘਣਾ ਪੈਂਦਾ ਹੈ। ਇਸ ਸਫਰ ਵਿੱਚ ਮਾਂ-ਬਾਪ, ਵਹੁਟੀ-ਪੁਤਰ ਕੋਈ ਵੀ ਸਹਾਈ ਨਹੀਂ ਹੋ ਸਕਦਾ, ਕੋਈ ਵੀ ਦੁੱਖ ਨਹੀਂ ਵੰਡਾ ਸਕਾ। ਇਸ ਸਫਰ ਵਿੱਚ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਰਜ਼ਾ, ਪ੍ਰਭੂ ਦੇ ਹੁਕਮ ਵਿਚ, ਖੁਸ਼ੀ ਨਾਲ ਚਲਣਾ ਹੀ ਸਹਾਈ ਹੋ ਸਕਾ ਹੈ। ਇਸ ਬਾਰੇ ਹੀ ਗੁਰਬਾਣੀ ਫੁਰਮਾਨ ਹੈ,
ਜਹ ਮਾਤ ਪਿਤਾ ਸੁਤ ਮੀਤ ਨ ਭਾਈ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥ (੨੬੪)
ਜਿਥੇ ਮਾਂ-ਪਿਉ, ਪੁੱਤਰ, ਮਿੱਤਰ ਅਤੇ ਭਰਾ, ਕੋਈ ਵੀ ਤੇਰੀ ਮਦਦ ਨਹੀਂ ਕਰ ਸਕਦਾ, ਹੇ ਮਨ ਓਥੇ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੁੰਦਾ ਹੈ। ਅਤੇ
ਹਉ ਮੈਲਾ ਮਲੁ ਕਬਹੁ ਨ ਧੋਵੈ॥ ਹਰਿ ਕਾ ਨਾਮੁ ਕੋਟਿ ਪਾਪ ਖੋਵੈ॥ (੨੬੪)
ਅਰਥਾਤ, ਹਉਮੈ ਨਾਲ ਮੈਲਾ ਹੋਇਆ ਮਨ ਕਦੇ ਵੀ ਆਪਣੀ ਮੈਲ ਨਹੀਂ ਧੋਂਦਾ। ਪਰ ਜਦੋਂ ਮਨ ਪ੍ਰਭੂ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਇਹੀ ਨਾਮ ਉਸ ਦੇ ਕਰੋੜਾਂ ਪਾਪ ਨਾਸ ਕਰ ਦਿੰਦਾ ਹੈ। ਅਤੇ
ਜਹਾ ਪੰਥਿ ਤੇਰਾ ਕੋ ਨ ਸਿਞਾਨੂ॥ ਹਰਿ ਕਾ ਨਾਮ ਤਹਿ ਨਾਲਿ ਪਛਾਨੂ॥ (੨੬੪)
ਹੇ ਜੀਵ, ਜਿਸ ਰਾਸਤੇ ਵਿੱਚ ਤੈਨੂ ਕੋਈ ਪਛਾਨਣ ਵਾਲਾ ਨਹੀਂ, ਓਥੇ ਪ੍ਰਭੂ ਦਾ ਨਾਮ, ਤੇਰੀ ਸਾਰ ਲੈਣ ਵਾਲਾ ਤੇਰਾ ਸੱਚਾ ਸਾਥੀ ਹੁੰਦਾ ਹੈ। ਅਤੇ
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ॥ ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ॥ (੨੬੪)
ਭਗਤ ਵਾਸਤੇ ਪ੍ਰਭੂ ਦਾ ਨਾਮ ਹੀ, ਬੰਧਨਾਂ ਤੋਂ ਛੁਟਕਾਰੇ ਦਾ ਵਸੀਲਾ ਹੈ, ਕਿਉਂਕਿ ਪ੍ਰਭੂ ਦੀ ਰਜ਼ਾ ਵਿੱਚ ਚੱਲਣ ਨਾਲ ਹੀ ਭਗਤ ਵਿਸ਼ੇ-ਵਿਕਾਰਾਂ ਦੇ ਭੋਗ-ਵਿਲਾਸਾਂ ਤੋਂ ਰੱਜ ਜਾਂਦੇ ਹਨ।
॥ ੧੧॥ ਮੀਤ ਸਖੇ ਕੇਤੇ ਜਗ ਮਾਹੀ॥ ਬਿਨੁ ਗੁਰ ਪਰਮੇਸਰ ਕੋਈ ਨਾਹੀ॥
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ॥ ੧੧॥
ਜਗਤ ਵਿੱਚ ਅਸੀਂ ਭਾਵੇਂ ਹਜ਼ਾਰਾਂ ਹੀ ਮਿਤਰ-ਸਾਥੀ ਬਣਾ ਲਈਏ, ਪਰ ਗੁਰ (ਸ਼ਬਦ ਗੁਰੂ) ਤੋਂ ਬਗੈਰ, ਪਰਮਾਤਮਾ ਨੂੰ ਮਿਲਣ ਦਾ ਰਾਹ ਦੱਸਣ ਵਾਲਾ ਕੋਈ ਨਹੀਂ ਹੈ, ਅਤੇ ਪਰਮਾਤਮਾ ਤੋਂ ਬਗੈਰ, ਵਿਕਾਰਾਂ ਵਿੱਚ ਡੁਬਦੇ ਜੀਵ ਦਾ ਕੋਈ ਸਹਾਈ ਨਹੀਂ ਹੁੰਦਾ। ਗੁਰ ਦੀ ਸੇਵਾ (ਇਹ ਆਪਾਂ ਬਹੁਤ ਵਾਰੀ ਵਿਚਾਰਿਆ ਹੈ ਕਿ ਸ਼ਬਦ ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨਾ ਹੀ ਹੈ) ਸ਼ਬਦ ਗੁਰੂ ਦੀ ਸਿਖਿਆ ਆਸਰੇ, ਹਰ ਵੇਲੇ ਹਰੀ ਦੇ ਗੁਣਾਂ ਦੀ ਵਿਚਾਰ ਨਾਲ ਜੁੜੀਦਾ ਹੈ। ਇਹ ਹੀ ਮੁਕਤੀ ਦਾ ਵਸੀਲਾ ਹੈ।
॥ ੧੨॥ ਕੂੜੁ ਛੋਡਿ ਸਾਚੇ ਕਉ ਧਾਵਹੁ॥ ਜੋ ਇਛਹੁ ਸੋਈ ਫਲੁ ਪਾਵਹੁ॥
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ॥ ੧੨॥ (੧੦੨੮)
ਹੇ ਭਾਈ ਮਾਇਆ ਦਾ ਮੋਹ ਛੱਡ ਕੇ, ਸੱਚੇ (ਸਦਾ ਕਾਇਮ ਰਹਣ ਵਾਲੇ) ਨੂੰ ਮਿਲਣ ਦਾ ਉੱਦਮ ਕਰੋ। ਇਸ ਤਰ੍ਹਾਂ ਜਿਸ ਚੀਜ਼ ਦੀ ਤੁਸੀਂ ਇੱਛਾ ਕਰੋਗੇ, ਉਹੀ ਮਿਲ ਜਾਵੇਗੀ। (ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀਆਂ ਇਛਿਆਵਾਂ-ਤ੍ਰਿਸਨਾਵਾਂ ਪੂਰੀਆਂ ਹੋ ਜਾਣਗੀਆਂ। ਹਾਲਾਂਕਿ ਪੁਜਾਰੀ, ਇਸ ਦਾ ਖੁਲਾਸਾ ਨਾ ਕਰ ਕੇ ਇਸ ਨੂੰ ਆਪਣੀ ਲੁੱਟ ਦੇ ਸਾਧਨ ਵਜੋਂ ਵਰਤਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂ ਉਨ੍ਹਾਂ ਚੀਜ਼ਾਂ, ਜਿਨ੍ਹਾਂ ਦੀਆਂ ਤੁਸੀਂ ਇਛਿਆਵਾਂ ਕਰਦੇ ਹੋ, ਉਨ੍ਹਾਂ ਦੀ ਅਸਲੀਅਤ ਦੀ ਸੋਝੀ ਹੋ ਜਾਵੇਗੀ ਅਤੇ ਤੁਹਾਨੂੰ ਤ੍ਰਿਸ਼ਨਾਵਾਂ ਤੋਂ ਮੁਕਤੀ ਮਿਲ ਜਾਵੇਗੀ।)
ਇਸ ਰਾਸ਼ੀ, ਜਮ੍ਹਾ-ਪੂੰਜੀ, ਸਚ, ਸਦਾ ਥਿਰ ਰਹਣ ਵਾਲੇ ਪ੍ਰਭੂ ਨੂੰ ਮਿਲਣ ਦਾ ਵਪਾਰ ਕਰਨ ਵਾਲੇ, ਬਹੁਤ ਵਿਰਲੇ (ਕੋਟਨ ਮੈ ਨਾਨਕ ਕੋਊ) (੧੪੨੭) ਹੀ ਹੁੰਦੇ ਹਨ। ਜਿਹੜਾ ਮਨੁੱਖ ਇਹ ਵਪਾਰ ਕਰਦਾ ਹੈ, ਉਹੀ ਇਸ ਜੀਵਨ ਦਾ ਲਾਹਾ ਖੱਟ ਕੇ, ਕਮਾਈ ਕਰ ਕੇ, ਇਸ ਸੰਸਾਰ ਤੋਂ ਜਾਂਦਾ ਹੈ।
ਅਮਰ ਜੀਤ ਸਿੰਘ ਚੰਦੀ




.