.

ਪਿਆਰੇ ਆਵਹੁ ਘਰੇ

ਧਰਮ ਦੀ ਦੁਨੀਆ ਵਿੱਚ ਅਕਸਰ ਇਹ ਸਵਾਲ ਪੁਛਿਆ ਜਾਂਦਾ ਹੈ ਕਿ ਪਰਮਾਤਮਾ ਨਾਲ ਮੇਲ ਕਿਵੇਂ ਪ੍ਰਾਪਤ ਹੋ ਸਕਦਾ ਹੈ? ਜਿਥੇ ਓਪਰੀ ਨਜ਼ਰ ਨਾਲ ਇਹ ਸਵਾਲ ਬੜਾ ਅਹਿਮ ਜਾਪਦਾ ਹੈ ਉਥੇ ਗਹਿਰੀ ਨਜ਼ਰ ਨਾਲ ਇਹ ਸਵਾਲ ਵਿਅਰਥ ਵੀ ਹੈ। ਜੋ ਪਰਮਾਤਮਾ ਪਹਿਲਾਂ ਹੀ ਕਣ ਕਣ ਵਿੱਚ ਸਮਾਇਆ ਹੋਇਆ ਹੈ, ਜੋ ਘਟ ਘਟ ਵਿੱਚ ਰਮਿਆ ਹੋਇਆ ਹੈ, ਜੋ ਕਦੇ ਅਲੱਗ ਹੋਇਆ ਹੀ ਨਹੀ, ਜਿਸ ਤੋਂ ਖਾਲੀ ਕੋਈ ਥਾਂ ਹੈ ਹੀ ਨਹੀ, ਤਾਂ ਉਸਦੀ ਭਾਲ, ਜਾਂ ਤਾਂ ਅਗਿਆਨਤਾ ਹੈ, ਤੇ ਜਾਂ ਚਤੁਰਾਈ ਹੈ। ਜੋ ਸਦਾ ਅੰਗ ਸੰਗ ਵਸਦਾ ਹੈ ਉਸਦੀ ਭਾਲ ਬਾਹਰੋਂ ਕਰਨੀ ਅਗਿਆਨਤਾ ਹੈ, ਅੰਦਰ ਬੈਠੇ ਨੂੰ ਬਾਹਰੋਂ ਭਾਲਣਾ ਅਗਿਆਨਤਾ ਹੈ, ਤੇ ਜਿਸਨੂੰ ਮਿਲਨ ਦੀ ਕੋਈ ਤਾਂਘ, ਚਾਹਨਾ ਜਾਂ ਇੱਛਾ ਹੀ ਨਹੀ ਉਸਦਾ (ਦੁਨਿਆਵੀ ਲਾਭ ਲਈ) ਪਰਮਾਤਮਾ ਨੂੰ ਮਿਲਨ ਲਈ ਕੀਤਾ ਵਿਖਾਵਾ ਇੱਕ ਚਤੁਰਾਈ ਹੈ, ਲੋਕਾਚਾਰੀ ਹੈ, ਜਾਂ ਧੋਖਾ ਹੈ। ਜੋ ਨੇੜੇ ਤੋਂ ਨੇੜੇ ਹੈ ਉਸਨੂੰ ਕਿਵੇਂ ਲਭਿਆ ਜਾ ਸਕਦਾ ਹੈ? ਗੁਰਬਾਣੀ ਫੁਰਮਾਨ ਹੈ:-

1. ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ॥ ਜਹਿ ਦੇਖਾ ਤਹਿ ਰਵਿ ਰਹੇ ਕਿਨ ਕੀਮਤ ਹੋਈ॥ (ਮ1-421) ਭਾਵ: ਅੰਦਰ ਬੈਠੇ ਪਰਮਾਤਮਾ ਨੂੰ ਕਿਤੇ ਦੂਰ ਬੈਠਾ ਨਾ ਜਾਣੋ, ਮੈ ਜਿਥੇ ਵੀ ਦੇਖਦਾ ਹਾਂ ਉਥੇ ਹੀ ਪਰਮਾਤਮਾ ਭਰਪੂਰ ਦਿਸ ਰਿਹਾ ਹੈ ਤੇ ਕਿਸੇ ਪਾਸੋਂ ਉਸਦਾ ਮੁਲ ਨਹੀ ਪੈ ਸਕਦਾ।

2. ਸਭਿ ਘਟਿ ਤੇਰੇ ਤੂੰ ਸਭਨਾ ਮਾਹਿ॥ ਤੁਝਿ ਤੇ ਬਾਹਰਿ ਕੋਈ ਨਾਹਿ॥ (ਮ: 4-1134) ਭਾਵ:- ਹੇ ਪ੍ਰਭੂ ਸਾਰੇ ਸਰੀਰ ਤੇਰੇ ਬਣਾਏ ਹੋਏ ਹਨ ਤੇ ਤੂੰ ਸਭਨਾ ਵਿੱਚ ਵਸ ਰਿਹਾ ਹੈ, ਤੇ ਕੋਈ ਵੀ ਸਰੀਰ ਤੇਰੇ ਤੋਂ ਬਿਨਾ ਨਹੀ ਹੈ।

3. ਆਦਿ ਪੁਰਖ ਕਰਤਾਰ ਕਾਰਣ ਸਭ ਆਪੇ॥ ਸਰਬ ਰਹਿਉ ਭਰਪੂਰਿ ਸਗਲ ਘਟਿ ਰਹਿਉ ਬਿਆਪੇ॥ (ਮ: 5-1385) ਭਾਵ:- ਹੇ ਕਰਤਾਰ, ਤੂੰ ਸਾਰੀ ਸ੍ਰਿਸਟੀ ਦਾ ਮੂਲ ਹੈਂ। ਤੂੰ ਸਭ ਥਾਈ ਭਰਪੂਰ ਹੈਂ ਤੇ ਕੋਈ ਅੇਸੀ ਥਾਂ ਨਹੀ ਜਿਥੇ ਤੂੰ ਨਾ ਹੋਵੇਂ। ਤੂੰ ਸਭ ਸਰੀਰਾਂ ਵਿੱਚ ਮੌਜੂਦ ਹੈਂ।

ਹੈਰਾਨਗੀ ਦੀ ਗਲ ਹੈ ਕਿ ਜੇ ਉਹ ਸਭਨਾ ਦੇ ਅੰਦਰ ਵਸਦਾ ਹੈ, ਸਭਨਾ ਦੇ ਅੰਦਰ ਬੈਠਾ ਹੈ, ਤੇ ਅਗਰ ਅੰਦਰ ਬੈਠੇ ਨਾਲ ਮਿਲਾਪ ਨਹੀ ਹੋ ਰਿਹਾ ਤਾਂ ਬਾਹਰੋਂ ਕਿਥੋਂ ਉਸਨੂੰ ਲੱਭ ਕੇ ਮਿਲਾਪ ਹੋਵੇਗਾ? ਮੁਸ਼ਕਿਲ ਇਹ ਹੈ ਅੱਖਾਂ ਬਾਹਰ ਨੂੰ ਹੀ ਵੇਖ ਸਕਦੀਆਂ ਹਨ (ਅੰਦਰ ਨੂੰ ਨਹੀ) ਇਸ ਲਈ ਇੱਕ ਇਹ ਵੀ ਕਾਰਨ ਹੈ ਕਿ ਅੰਦਰ ਬੈਠੇ ਪਰਮਾਤਮਾ ਨੂੰ ਵੇਖਣਾ ਅੱਖਾਂ ਦਾ ਵਿਸ਼ਾ ਨਹੀ ਹੈ। ਅੰਦਰ ਬੈਠੇ ਨੂੰ ਦੇਖਣਾ ਮਨ ਦਾ ਵਿਸ਼ਾ ਹੈ, ਇਸ ਲਈ ਜਿਸ ਮਨ ਨੇ ਅੰਦਰ ਬੈਠੇ ਨੂੰ ਦੇਖਣਾ ਸੀ, ਜਿਸ ਮਨ ਨਾਲ ਪ੍ਰਭੂ ਮਿਲਾਪ ਹੋਣਾ ਸੀ ਉਹ ਮਨ ਤਾਂ ਬਾਹਰ ਦਸੀਂ ਪਾਸੀਂ ਦੌੜਿਆ ਫਿਰਦਾ ਹੈ, ਫਿਰ ਮਿਲਾਪ ਕਿਵੇਂ ਹੋਵੇ? (1) ਇਹੁ ਮਨੁ ਚੰਚਲੁ ਵਸਿ ਨ ਆਵੈ॥ ਦੁਬਿਧਾ ਲਾਗੈ ਦਹ ਦਿਸਿ ਧਾਵੈ॥ (ਮ: 3-127)। ਦੁਬਿਧਾ ਵੱਸ ਹੋਇਆ ਇਹ ਅਸਥਿਰ ਮਨ ਬਾਹਰ ਦਸੀਂ ਪਾਸੀਂ ਦੌੜਿਆ ਫਿਰਦਾ ਹੈ। (2) ਕਬੀਰ ਮਨੁ ਪੰਖੀ ਭਇਉ ਉਡਿ ਉਡਿ ਦਹ ਦਿਸਿ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ (ਕਬੀਰ-1369)। ਪੰਛੀ ਵਾਂਗ ਹਰ ਪਾਸੇ ਉਡਿਆ ਫਿਰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜੋ ਜੈਸੀ ਸੰਗਤ ਕਰਦਾ ਹੈ ਉਹੋ ਜਿਹਾ ਹੀ ਹੋ ਜਾਂਦਾ ਹੈ ਇਸ ਲਈ ਜੇ ਮਨ ਦੀ ਸੰਗਤ ਮਾਇਆ ਨਾਲ ਹੈ ਤਾਂ ਉਹ ਬਾਹਰ ਮਾਇਆ ਪਿੱਛੇ ਹੀ ਰਾਤ ਦਿਨ ਦੌੜਿਆ ਫਿਰਦਾ ਹੈ। ਹੁਣ ਜੇ ਮਿਲਨ ਵਾਲੇ ਦੋਨੋ ਹੀ ਅਲੱਗ ਅਲੱਗ ਦਿਸ਼ਾਵਾਂ ਵਲ ਜਾ ਰਹੇ ਹੋਵਨ ਤਾਂ ਦੋਨਾਂ ਦਾ ਮਿਲਾਪ ਅਸੰਭਵ ਹੈ। ਇਸ ਲਈ ਪ੍ਰਭੂ ਦੇ ਮਿਲਾਪ ਲਈ ਬਾਹਰ (ਮੋਹ ਮਾਇਆ ਪਿਛੇ) ਦੌੜੇ ਫਿਰਦੇ, ਉੱਡੇ ਫਿਰਦੇ, ਮਨ ਨੂੰ ਰੋਕਣ ਦੀ ਜ਼ਰੂਰਤ ਹੈ। ਬਾਹਰੋਂ ਮੋੜ ਕੇ ਅੰਦਰ (ਆਪਣੇ ਘਰ) ਲਿਆਵਣ ਦੀ ਜ਼ਰੂਰਤ ਹੈ। ਉਸਦੀ ਦਸ਼ਾ ਨੂੰ ਮੋੜ ਕੇ ਘਰ ਵਲ ਨੂੰ ਕਰਨ ਦੀ ਜ਼ਰੂਰਤ ਹੈ। ਗੁਰਉਪਦੇਸ਼ ਵੀ ਮਨ ਨੂੰ ਇਹੋ ਸਮਝਾਂਦਾ ਹੈ:- ਮੇਰੇ ਮਨ ਪ੍ਰਦੇਸੀ ਵੇ ਪਿਆਰੇ ਆਉ ਘਰੇ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰ ਵਸੈ ਹਰੇ॥ (ਮ: 4-451)। ਭਾਵ:- ਥਾਂ ਥਾਂ ਭਟਕ ਰਹੇ ਮੇਰੇ ਪਿਆਰੇ ਪਰਦੇਸੀ ਮਨ, ਦੌੜਨ ਤੋਂ ਰੁਕ ਜਾਵੋ, ਘਰ ਮੁੜ ਆਵੋ। ਪਰਮਾਤਮਾ ਤੇਰੇ ਅੰਦਰ (ਘਰੇ) ਹੀ ਵਸਦਾ ਹੈ। ਰੁਕ ਜਾ, ਤੇ ਗੁਰੂ ਮਿਹਰ ਕਰਕੇ ਪ੍ਰਭੂ ਨਾਲ ਮਿਲਾ ਦੇਵੇਗਾ। ਮਨ ਨੂੰ ਪ੍ਰਦੇਸੀ ਇਸ ਲਈ ਆਖਿਆ ਹੈ ਕਿਉਂਕਿ ਇਹ ਕਦੇ ਘਰ ਨਹੀ ਵੜਦਾ। ਜਿਸਨੂੰ ਮਿਲਨਾ ਹੈ ਉਹ ਦੂਰ ਨਹੀ, ਉਸ ਵਲੋਂ ਦੇਰ ਨਹੀ, ਉਹ ਤਾਂ ਮਿਲਿਆ ਹੀ ਹੋਇਆ ਹੈ, ਕਦੇ ਦੂਰ ਹੋਇਆ ਹੀ ਨਹੀ, ਦੇਰ ਤਾਂ ਕੇਵਲ ਮਨ ਦੇ ਥਿਰ (ਅਡੋਲ) ਹੋਣ ਦੀ ਹੈ ਤੇ ਮੇਲ ਅਵੱਸ਼ ਹੋ ਜਾਵੇਗਾ। ਮੁਸ਼ਕਿਲ ਕੇਵਲ ਮਨ ਦੇ ਰੁਕ ਜਾਣ ਦੀ ਹੀ ਹੈ। ਜਿਹੜਾ ਮਨ ਜਨਮ ਤੋਂ ਹੀ ਦੌੜਨ ਦਾ ਆਦੀ ਹੋਵੇ, ਉਸਦਾ ਜਲਦੀ ਨਾਲ ਰੁਕ ਜਾਣਾ ਸੰਭਵ ਨਹੀ। ਜਿਸਨੇ ਪਹਿਲਾਂ ਕਦੇ ਰੁਕਣਾ ਸਿਖਿਆ ਹੀ ਨਹੀ ਉਹ ਇੱਕ ਦਮ ਕਿਵੇਂ ਰੁਕ ਜਾਵੇ? ਬਾਹਰ ਦੁਨੀਆ ਬੜੀ ਰੰਗ ਬਰੰਗੀ ਹੈ, ਅਨੇਕਾਂ ਪਦਾਰਥ ਭੋਗਣ ਲਈ ਪਏ ਹਨ, ਅਨੇਕ ਕੁਛ ਦੇਖਣ ਨੂੰ ਤੇ ਕਰਨ ਨੂੰ ਪਿਆ ਹੈ ਤੇ ਇਤਨੇ ਮੌਜ ਮੇਲਿਆਂ ਨੂੰ ਇੱਕ ਦਮ ਕਿਵੇਂ ਛਡਿਆ ਜਾਵੇ? ਦੁਨਿਆਵੀ ਨਾਸਵੰਤ ਪਦਾਰਥ ਭੋਗਦਿਆਂ ਉਮਰ ਨਸ਼ਟ ਹੋ ਜਾਂਦੀ ਹੈ ਪਰ ਭੋਗਣ ਦੀ ਤ੍ਰਿਸ਼ਨਾ ਨਹੀ ਮੁਕਦੀ ਤੇ ਇਹੀ ਤ੍ਰਿਸ਼ਨਾ ਮਨ ਨੂੰ ਟਿਕਣ ਨਹੀ ਦਿੰਦੀ, ਖਲੋਣ ਨਹੀ ਦਿੰਦੀ, ਘਰ ਨਹੀ ਆਉਣ ਦਿੰਦੀ। ਹੁਣ ਗਲ ਤਾਂ ਸਪਸ਼ਟ ਹੀ ਹੈ ਕਿ ਮਨ ਦੌੜਨ ਤੋਂ ਤਾਂ ਰੁਕਦਾ ਨਹੀ, ਪਰ ਇਹ ਗਲਾਂ ਕਰੇ ਪ੍ਰਭੂ ਮਿਲਾਪ ਦੀਆਂ ਤਾਂ ਇਹ ਮਨ ਦੀ ਚਤੁਰਾਈ ਜਾਂ ਚਾਲਾਕੀ ਨਹੀ ਤਾਂ ਕੀ ਹੈ? ਕੀ ਕਦੇ ਚਤੁਰਾਈਆਂ ਨਾਲ ਪ੍ਰਭੂ ਪਾਇਆ ਜਾ ਸਕਦਾ ਹੈ? ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ॥ ਚਤੁਰਾਈ ਨ ਪਾਇਆ ਕਿਨੈ ਤੂੰ ਸੁਣਿ ਮਨ ਮੇਰਿਆ॥ (ਮ: 3-918)। ਚਤੁਰਾਈਆਂ ਨਾਲ ਪਰਮਾਤਮਾ ਨਹੀ ਪਾਇਆ ਜਾ ਸਕਦਾ। ਜਿਨੀ ਦੇਰ ਤਕ ਦੁਨਿਆਵੀ ਰਸਾਂ ਦੇ ਭੋਗਣ ਦੀ ਚਾਹਤ ਹੈ ਉਨੀ ਦੇਰ ਤਕ ਪਰਮਾਤਮਾ ਦੀ ਚਾਹਤ ਨਹੀ ਤੇ ਜਿਥੇ ਪਰਮਾਤਮਾ ਦੀ ਚਾਹਤ ਹੈ ਉਥੇ ਰਸਾਂ ਦੀ ਚਾਹਤ ਨਹੀ ਹੋ ਸਕਦੀ। ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮੁ ਨਿਵਾਸੁ॥ (15)। ਇਹ ਦੋਵੇਂ ਆਪਾ ਵਿਰੋਧੀ ਗਲਾਂ ਹਨ। ਦੁਨਿਆਵੀ ਪਦਾਰਥ ਤੇ ਉਹਨਾਂ ਦੇ ਰਸ ਅਮੁਕ ਹਨ ਇਸ ਲਈ ਇਹਨਾ ਲਈ ਮਨ ਦੀ ਦੌੜ ਵੀ ਅਰੁਕ ਹੈ ਤੇ ਰੁਕੇ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀ।

ਧਾਵਤੁ ਰਾਖੈ ਠਾਕਿ ਰਹਾਏ॥ ਗੁਰ ਪ੍ਰਸਾਦੀ ਪਰਮ ਪਦੁ ਪਾਏ॥ ਸਤਿਗੁਰ ਆਪੇ ਮੇਲਿ ਮਿਲਾਇ ਮਿਲਿ ਪ੍ਰੀਤਮ ਸੁਖੁ ਪਾਵਣਿਆ॥ (ਮ: 3-123)। ਭਾਵ:- ਜਿਹੜਾ ਮਨੁਖ ਦੌੜਦੇ ਮਨ ਨੂੰ ਰੋਕ ਲੈਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਉਚੀ ਪਦਵੀ (ਗੁਰੂ ਮਿਲਾਪ) ਨੂੰ ਪਾ ਲੈਂਦਾ ਹੈ। ਗੁਰੂ ਆਪੇ ਹੀ ਉਸਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਤੇ ਉਹ ਆਤਮਕ ਆਨੰਦ ਮਾਣਦਾ ਹੈ। ਏਸੇ ਹੀ ਭਾਵ ਦਾ ਬੁੱਲੇ ਸ਼ਾਹ ਫਕੀਰ ਦਾ ਇੱਕ ਬੜਾ ਪ੍ਰਸਿੱਧ ਬੋਲ ਹੈ:- “ਬੁਲਿਆ ਰੱਬ ਦਾ ਕੀ ਪਾਉਣਾ। ਏਧਰੋਂ ਪੁਟਣਾ ਤੇ ਓਧਰ ਲਾਉਣਾ”। ਅਸਲ ਵਿੱਚ ਗਲ ਕੇਵਲ ਪੁਟਣ ਦੀ ਹੀ ਹੈ, ਲਗ ਤਾਂ ਉਹ ਆਪੇ ਹੀ ਜਾਣਾ ਹੈ, ਕਿਉਂਕਿ ਦੋ ਹੀ ਤਾਂ ਕੇਵਲ ਧਿਰਾਂ ਹਨ ਮਨ ਦੇ ਲਗਣ ਦੀਆਂ। ਇਕ ਸੰਸਾਰ ਤੇ ਦੂਜਾ ਨਿਰੰਕਾਰ। ਇਕ ਵਲੋਂ ਪੁਟਣਾ ਜਾਂ ਟੁਟਣਾ ਹੀ ਦੂਜੇ ਨਾਲ ਲਗਣਾ ਜਾਂ ਜੁੜਨਾ ਹੈ।

1. ਸੰਸਾਰ ਵਲੋਂ ਨਾਤਾ ਟੁਟੇਗਾ ਤਾਂ ਨਿਰੰਕਾਰ ਨਾਲ ਨਾਤਾ ਜੁੜੇਗਾ।

2. ਸੰਸਾਰ ਪਦਾਰਥਾਂ ਦਾ ਲੋਭ ਮੋਹ ਹਟੇਗਾ ਤਾਂ ਨਿਰੰਕਾਰ ਨਾਲ ਪਿਆਰ ਪਵੇਗਾ।

3. ਸੰਸਾਰ ਦੀ ਕਾਮਨਾ ਘਟੇਗੀ ਤਾਂ ਨਿਰੰਕਾਰ ਦੀ ਚਾਹਤ ਵਧੇਗੀ।

4. ਸੰਸਾਰ ਦੇ ਰਸਾਂ ਕਸਾਂ ਵਲੋਂ ਅੱਖ ਪੁੱਟੀ ਨਿਰੰਕਾਰ ਉਤੇ ਲਗੇਗੀ।

5. ਸੰਸਾਰ ਦੀ ਪਕੜ ਢਿੱਲੀ ਹੋਵੇਗੀ ਤਾਂ ਨਿਰੰਕਾਰ ਨਾਲ ਪਕੜ ਕੱਸੀ ਜਾਵੇਗੀ।

ਪਰ ਸਵਾਲ ਤਾਂ ਫੇਰ ਉਥੇ ਹੀ ਖੜਾ ਹੈ ਕਿ ਮਨ ਦੀ ਬਾਹਰ ਦੀ ਦੌੜ ਕਿਵੇਂ ਰੁਕੇ? ਗੁਰਬਾਣੀ ਦਾ ਇੱਕ ਅਮੋਲ ਸਿਧਾਂਤ ਜਾਂ ਅਸੂਲ ਹੈ:-

1. ਸਤ ਸੰਤੋਖੁ ਰਹਹੁ ਜਨ ਭਾਈ॥ ਖਿਮਾ ਗਹੁ ਸਤਿਗੁਰ ਸਰਨਾਈ॥ ਮ: 1-1030 ਭਾਵ:- ਹੇ ਭਾਈ, ਸੱਚੇ ਸੰਤੋਖੀ ਵਾਲਾ ਜੀਵਨ ਜੀਉ (ਸੰਤੋਖ ਧਾਰਨ ਕਰੋ) ਗੁਰੂ ਦੇ ਹੁਕਮ ਵਿੱਚ ਚਲਕੇ ਖਿਮਾ (ਬਖਸ਼ਣ) ਦਾ ਗੁਣ ਧਾਰਨ ਕਰੋ।

2. ਸਤੁ ਸੰਤੋਖ ਹੋਵੈ ਅਰਦਾਸਿ॥ ਤਾ ਸੁਣਿ ਸਦਿ ਬਹਾਲੇ ਪਾਸਿ॥ ਮ: 1-878 ਭਾਵ:-ਸੱਚੇ ਸੰਤੋਖੀ ਮਨੁਖ ਦੀ ਸੰਤੋਖ ਲਈ ਅਰਦਾਸ ਸੁਣ ਕੇ ਪਰਮਾਤਮਾ ਉਸਨੂੰ ਸਦ ਕੇ ਕੋਲ ਬਠਾਉਂਦਾ ਹੈ (ਭਾਵ ਕਿ ਉਸਦੀ ਅਰਦਾਸ ਕਬੂਲ ਹੁੰਦੀ ਹੈ)।

3. ਬਿਨਾ ਸੰਤੋਖ ਨਹੀ ਕੋਊ ਰਾਜੈ॥ ਸੁਪਨ ਮਨੋਰਥ ਬਿਰਥੇ ਸਭ ਕਾਜੈ॥ ਮ: 5-279 ਭਾਵ:- ਸੰਤੋਖ ਤੋਂ ਬਿਨਾ ਕੋਈ ਨਹੀ ਰਜਦਾ। ਜਿਵੇਂ ਸੁਪਨੇ ਬੇਅਰਥ ਹਨ ਤਿਵੇਂ ਬੇਸੰਤੋਖੇ ਦੇ ਕੰਮ ਤੇ ਖਾਹਿਸ਼ਾਂ ਵੀ ਬੇਅਰਥ ਹਨ।

ਬੇਸੰਤੋਖੇ ਦੇ ਮਨ ਦੀ ਬਾਹਰ ਦੀ ਦੌੜ, ਉਸਦੀਆਂ ਅਮੁਕ ਆਸਾਂ, ਕਾਮਨਾਵਾਂ ਜਾਂ ਖਾਹਿਸ਼ਾਂ ਹੀ ਹਨ, ਇਸ ਲਈ ਸਤਿਗੁਰੂ ਆਦੇਸ਼ ਦਿੰਦੇ ਹਨ ਕਿ ਸੰਤੋਖ ਅਤੇ ਖਿਮਾ ਦੇ ਗੁਣਾਂ ਨੂੰ ਧਾਰਨ ਕਰਨ ਨਾਲ ਖਾਹਿਸ਼ਾਂ ਥੰਮ ਜਾਣਗੀਆਂ, ਰੁਕ ਜਾਣਗੀਆਂ ਤੇ ਮਨ ਟਿਕਾਉ ਵਿੱਚ ਆ ਜਾਵੇਗਾ, ਮਨ ਥਿਰ ਹੋ ਜਾਵੇਗਾ, ਮਨ ਮੁੜ ਘਰ ਆ ਜਾਵੇਗਾ ਤੇ ਪਰਮਾਤਮਾ ਨਾਲ ਮੇਲ ਹੋ ਜਾਵੇਗਾ। ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ॥ (ਮ: 1-17)। ਭਾਵ:- ਭਾਵੇਂ ਜਾ ਕੇ ਸੁਹਾਗਣਾਂ ਨੂੰ ਪੁਛ ਲਵੋ ਕਿ ਤੁਸੀਂ ਕਿਨਾਂ ਗੁਣਾਂ ਰਾਹੀ ਪ੍ਰਭੂ ਮਿਲਾਪ ਹਾਸਲ ਕੀਤਾ ਤਾਂ ਉਹ ਇਹੀ ਕਹਿਣਗੀਆਂ ਕਿ ਗੁਰੂ ਦੀ ਸਿਖਿਆ ਦੁਆਰਾ, ਅਡੋਲਤਾ (ਮਨ ਦੀ ਥਿਰਤਾ, ਮਨ ਦੇ ਟਿਕਾਉ), ਸੰਤੋਖ ਤੇ ਮਿੱਠੇ ਬੋਲਾਂ ਦੇ ਗੁਣਾਂ ਦਾ ਸ਼ਿੰਗਾਰ ਕਰਨ ਨਾਲ ਹੀ ਪਤੀ (ਪਰਮੇਸ਼ਰ) ਦੀ ਪ੍ਰਾਪਤੀ ਹੋ ਗਈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.