.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 20)

ਪੁਸਤਕ ਕਰਤਾ ਵਲੋਂ ਜਪੁ ਜੀ ਦੀ ਉਨਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਪਾਠ ਕਰਨ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਿਹਾ ਹਾਂ।
ਅਸੰਖ ਨਾਵ ਅਸੰਖ ਥਾਵ॥ ਅਗੰਮ ਅਗੰਮ ਅਸੰਖ ਲੋਅ॥ ਅਸੰਖ ਕਹਹਿ ਸਿਰਿ ਭਾਰੁ ਹੋਇ॥
ਅਰਥ:- (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ। (ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। (ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) ‘ਅਸੰਖ’ (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, ‘ਅਸੰਖ’ ਸ਼ਬਦ ਭੀ ਕਾਫੀ ਨਹੀਂ ਹੈ)।
ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥
ਅਰਥ:- (ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ {ਕਰਨ ਲਈ} ਲਫ਼ਜ਼ ‘ਅਸੰਖ’ ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਤੋਂ ਵਾਕਫ਼ ਹੋ ਸਕੀਦਾ ਹੈ। ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਹੋ ਸਕਦਾ ਹੈ। (ਇਸ ਕਰਕੇ ਸ਼ਬਦ ‘ਅਸੰਖ’ ਵਰਤਿਆ ਗਿਆ ਹੈ, ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)। ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।
ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥
ਅਰਥ:- ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ( ‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’ )। ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।
ਨੋਟ-ਇਸ ਪਉੜੀ ਵਿੱਚ ਮੁੱਢ ਵਿੱਚ ਹੀ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿੱਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ ‘ਅਸੰਖ’ ਵਰਤਣਾ ਭੀ ਭੁੱਲ ਹੈ। ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ।
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ 19॥ (ਪੰਨਾ 4)
ਅਰਥ:- ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇੱਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)। ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿੱਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।
ਭਾਵ:- ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿੱਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ।
ਬੋਲੀ ਭੀ ਰੱਬ ਵਲੋਂ ਇੱਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤਿ ਤੇ ਇਸ ਵਿੱਚ ਜਿਧਰ ਤੱਕੋ ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ।
ਪਰੰਤੂ ਲੇਖਕ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਤੋਂ ਲੈ ਕੇ ਸਤਾਰਾਂ ਹਜ਼ਾਰ ਪਾਠ ਸਤਾਰਾਂ ਦਿਨਾਂ ਵਿੱਚ ਕਰਨਾ। ਇਸਤ੍ਰੀ ਵੱਸ ਹੋਵੇ, ਜੇ ਚਾਹੇ ਤਾਂ ਵਰਖਾ ਹੋਵੇ।” ਗੁਰੂ ਨਾਨਕ ਸਾਹਿਬ ਜੀ ਨੇ ਇਸ ਪਉੜੀ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ ਕਿ ਇਸ ਦੇ ਪਾਠ ਕਰਨ ਵਾਲੇ ਦੇ ਹੱਥ ਇਹੋ ਜਿਹੀ ਕੋਈ ਚਾਬੀ ਹੱਥ ਲੱਗ ਜਾਵੇਗੀ। ਲੇਖਕ ਨੇ ਪਤਾ ਨਹੀਂ ਕਿਸ ਤਰ੍ਹਾਂ ਨਾਲ ਇਸ ਪਉੜੀ ਬਾਰੇ ਇਹ ਕਲਪਣਾ ਕਰ ਲਈ ਕਿ ਇਸ ਦੇ ਗਿਣਤੀ ਦੇ ਪਾਠ ਕਰਨ ਨਾਲ ਇਸ ਤਰ੍ਹਾਂ ਦੀ ਪ੍ਰਾਪਤੀ ਹੋਵੇਗੀ।
ਗੁਰੂ ਗ੍ਰੰਥ ਸਾਹਿਬ ਵਿੱਚ ਪਤੀ ਪਤਨੀ ਦੋਹਾਂ ਨੂੰ ਆਪਣੇ ਵਿਆਹੁਤਾ ਜੀਵਨ ਨੂੰ ਕਾਮਯਾਬ ਬਣਾਉਣ ਦੀ ਇਕੋ ਜਿਹੀ ਜੁਗਤੀ ਹੀ ਦਰਸਾਈ ਗਈ ਹੈ। ਬਾਣੀ ਵਿੱਚ ਪਤੀ ਪਤਨੀ ਦੇ ਅਦਰਸ਼ ਨੂੰ ਇਉਂ ਦਰਸਾਇਆ ਹੈ:-
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਪੰਨਾ 788) ਅਰਥ: ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।
ਨਿਮਨ ਦਰਜ ਪੰਗਤੀਆਂ ਵਿੱਚ ਕੇਵਲ ਪਤਨੀ ਨੂੰ ਹੀ ਕੰਤ ਨੂੰ ਵੱਸ ਕਰਨ ਦੀ ਜੁਗਤੀ ਨਹੀਂ ਬਲਕਿ ਪਤੀ ਨੂੰ ਵੀ ਪਤਨੀ ਵੱਸ ਕਰਨ ਦਾ ਮੰਤ੍ਰ ਦ੍ਰਿੜ ਕਰਵਾਇਆ ਗਿਆ ਹੈ:- ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥ 126॥
ਅਰਥ:- (ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ? ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿੱਚ ਆ ਜਾਏ? ।
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ 127॥ (ਪੰਨਾ 1384) ਅਰਥ:- ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਇਗਾ।
ਲੇਖਕ ਨੇ ਕੇਵਲ ‘ਇਸਤ੍ਰੀ ਵੱਸ ਹੋਵੇ’ ਹੀ ਲਿਖਿਆ ਹੈ। ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਲੇਖਕ ਪੁਰਸ਼ ਨੂੰ ਆਪਣੀ ਵਿਆਹੁਤਾ ਇਸਤ੍ਰੀ ਨੂੰ ਵੱਸ ਕਰਨ ਦੀ ਜੁਗਤੀ ਦਰਸਾ ਰਿਹਾ ਹੈ ਜਾਂ ਵਾਸ਼ਨਾ ਅਧੀਨ ਮਨੁੱਖ ਨੂੰ ਪਰਇਸਤ੍ਰੀ ਨੂੰ ਵੱਸ ਕਰਨ ਦੀ ਜੁਗਤੀ ਦਰਸਾ ਕੇ ਪਰਗਾਮੀ ਹੋਣ ਲਈ ਉਤਸ਼ਾਹਤ ਕਰ ਰਿਹਾ ਹੈ।
ਜਿੱਥੋਂ ਤੱਕ ‘ਵਰਖਾ ਹੋਵੇ’ ਦਾ ਸਵਾਲ ਹੈ, ਇਸ ਸਬੰਧ ਵਿੱਚ ਇਤਨੀ ਕੁ ਹੀ ਅਰਜ਼ ਹੈ ਕਿ ਕੁਦਰਤ ਦੇ ਨਿਯਮ ਨੂੰ ਕਿਸੇ ਤਰ੍ਹਾਂ ਦੀਆਂ ਵੀ ਤਾਂਤ੍ਰਿਕ ਵਿਧੀਆਂ, ਗਿਣਤੀ ਦੇ ਪਾਠ ਕਰਨ ਨਾਲ ਨਹੀਂ ਬਦਲਿਆ ਜਾ ਸਕਦਾ ਹੈ। ਗੁਰਬਾਣੀ ਸਾਨੂੰ ਅਕਾਲ ਪੁਰਖ ਦੇ ਹੁਕਮ ਦੀ ਸੋਝੀ ਕਰਾ ਕੇ ਰਜ਼ਾ ਵਿੱਚ ਵਿਚਰਦਿਆਂ ਹੋਇਆਂ ਜੀਵਨ ਬਸਰ ਕਰਨ ਦੀ ਜੁਗਤੀ ਦਰਸਾਂਦੀ ਹੈ। ਗੁਰੂ ਅੰਗਦ ਸਾਹਿਬ ਦੇ ਜੀਵਨ ਨਾਲ ਸਬੰਧਤ ਇੱਕ ਘਟਨਾ ਦਾ ਸਾਡੇ ਇਤਿਹਾਸ ਵਿੱਚ ਇਸ ਗੱਲ ਦਾ ਵਰਣਨ ਕੀਤਾ ਹੋਇਆ ਹੈ। ਖਡੂਰ ਨਿਵਾਸੀਆਂ ਨੇ ਖਡੂਰ ਦੇ ਹੀ ਰਹਿਣ ਵਾਲੇ ਜੋਗੀ ਦੇ ਬਹਿਕਾਵੇ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਇਹ ਸ਼ਰਤ ਰੱਖੀ ਕਿ ਜਾਂ ਤਾਂ ਉਹ ਮੀਂਹ ਪਵਾ ਦੇਣ ਜਾਂ ਇਹ ਨਗਰ ਛੱਡ ਦੇਣ। ਗੁਰੂ ਸਾਹਿਬ ਨੇ ਨਗਰ ਨਿਵਾਸੀਆਂ ਨੂੰ ਇਹ ਆਖ ਕੇ ਕਿ ਜੇਕਰ ਉਨ੍ਹਾਂ ਦੇ ਨਗਰ ਛੱਡਣ ਨਾਲ ਮੀਂਹ ਪੈ ਜਾਵੇਗਾ ਤਾਂ ਉਹ ਨਗਰ ਛੱਡ ਦੇਂਦੇ ਹਨ, ਆਪ ਜੀ ਨੇ ਨਗਰ ਛੱਡ ਦਿੱਤਾ ਸੀ। ਜੇਕਰ ਇਸ ਤਰ੍ਹਾਂ ਸੰਭਵ ਹੁੰਦਾ ਤਾਂ ਗੁਰੂ ਸਾਹਿਬ ਕਿਸਾਨਾਂ ਦੀ ਤਰਸਜੋਗ ਹਾਲਤ ਦੇਖ ਕੇ ਉਨ੍ਹਾਂ ਦੀ ਜ਼ਰੂਰ ਸਹਾਇਤਾ ਕਰਦੇ ਜਾਂ ਉਨ੍ਹਾਂ ਨੂੰ ਜਪੁ ਜੀ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦੀ ਹਿਦਾਇਤ ਕਰਦੇ। ਕੀ ਇਤਿਹਾਸ ਵਿਚਲੀ ਇਨ੍ਹਾਂ ਸਾਖੀਆਂ ਨੂੰ ਪੜ੍ਹ ਕੇ ਇਹ ਅੰਦਾਜ਼ਾ ਲਗਾਇਆ ਜਾਵੇ ਕਿ ਗੁਰੂ ਸਾਹਿਬ ਨੂੰ ਬਾਣੀ ਦੀ ਇਸ ਤਰ੍ਹਾਂ ਦੀ ਬਰਕਤ ਦਾ ਪਤਾ ਨਹੀਂ ਸੀ ਜਾਂ ਉਹ ਅਜਿਹਾ ਕਰਨਾ ਨਹੀਂ ਸਨ ਚਾਹੁੰਦੇ? ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਸ ਗੱਲ ਦਾ ਉੱਤਰ ਲਭਣਾ ਚਾਹੀਏ ਤਾਂ ਸਾਨੂੰ ਇਹੀ ਉੱਤਰ ਮਿਲੇਗਾ ਕਿ ਹਜ਼ੂਰ ਤਾਂ ਮਨੁੱਖਤਾ ਨੂੰ ਰੱਬੀ ਰਜ਼ਾ ਦੀ ਸੋਝੀ ਕਰਵਾ ਕੇ ਹੁਕਮੀ ਖੇਡ ਦੀ ਸੋਝੀ ਕਰਾਉਣਾ ਚਾਹੁੰਦੇ ਸਨ।
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਛੋਟੇ ਘਲੂਘਾਰੇ ਸਮੇਂ ਜਦ ਲਖਪਤ ਰਾਏ ਨੇ ਜੰਗਲ ਨੂੰ ਚੌਹਾਂ ਪਾਸਿਆਂ ਤੋਂ ਅੱਗ ਲਗਵਾ ਦਿੱਤੀ ਸੀ, ਤਾਂ ਉਸ ਸਮੇਂ ਸਿੰਘ ਇਸ ਪਉੜੀ ਦਾ ਪਾਠ ਕਰਕੇ ਮੀਂਹ ਪਵਾ ਲੈਂਦੇ। ਮੀਂਹ ਪੈਣ ਨਾਲ ਅੱਗ ਬੁੱਝ ਜਾਂਦੀ। ਅੱਗ ਬੁੱਝਣ ਨਾਲ ਸਿੰਘਾਂ ਨੂੰ ਜੰਗਲ ਛੱਡਣ ਲਈ ਮਜਬੂਰ ਨਾ ਹੋਣਾ ਪੈਂਦਾ। ਜੰਗਲ ਵਿੱਚ ਹੀ ਲੁਕੇ ਰਹਿਣ ਨਾਲ ਜੋ ਜਾਨੀ ਨੁਕਸਾਨ ਹੋਇਆ ਉਹ ਨਾ ਹੁੰਦਾ।
ਅਸੀਂ ਨਾ ਤਾਂ ਗੁਰਬਾਣੀ ਵਿਚੋਂ ਇਨ੍ਹਾਂ ਗੱਲਾਂ ਨੂੰ ਸਮਝਣਾ ਚਾਹੁੰਦੇ ਹਾਂ ਅਤੇ ਨਾ ਹੀ ਇਤਿਹਾਸ ਜਾਂ ਆਲੇ-ਦੁਆਲੇ ਦੀਆਂ ਘਟਨਾਵਾਂ `ਚੋਂ ਇਸ ਸੱਚ ਨੂੰ ਦੇਖ ਕੇ ਸਮਝਣਾ ਚਾਹੁੰਦੇ ਹਾਂ। ਇਸ ਦਾ ਇਹ ਹੀ ਪ੍ਰਤੱਖ ਸਿੱਟਾ ਹੈ ਕਿ ਅਸੀਂ ਇਹੋ ਜਿਹੀਆਂ (ਸ਼ਰਧਾ ਪੂਰਕ ਗ੍ਰੰਥ ਵਰਗੀਆਂ) ਲਿਖਤਾਂ ਨੂੰ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਮੰਨ ਲੈਂਦੇ ਹਾਂ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਅਕਤੀ ਸੰਗਤਾਂ ਦੀ ਇਸ ਅਣਗਹਿਲੀ ਦਾ ਲਾਭ ਉਠਾਉਂਦੇ ਹੋਏ ਨਿਤ ਨਵੇਂ ਸ਼ੋਸ਼ੇ ਛੱਡਦੇ ਰਹਿੰਦੇ ਹਨ।
ਜੇਕਰ ਅਸੀਂ ਭੂਤ ਕਾਲ ਦੀ ਥਾਂ ਵਰਤਮਾਨ ਦੀ ਗੱਲ ਵੀ ਕਰੀਏ ਤਾਂ ਅੱਜ ਵੀ ਕਈ ਥਾਂਈ ਬਾਰਸ਼ ਨਾ ਹੋਣ ਕਾਰਨ ਕਈ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਇਨ੍ਹਾਂ ਗੱਲਾਂ ਵਿੱਚ ਰੰਚ-ਮਾਤਰ ਵੀ ਸਚਾਈ ਹੈ ਤਾਂ ਕਿਉਂ ਨਹੀਂ ਅਜਿਹੀ ਸੋਚ ਰੱਖਣ ਵਾਲੇ ਸੱਜਣ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਕੇ ਜਨ-ਸਧਾਰਨ ਨੂੰ ਮੁਸੀਬਤ ਵਿਚੋਂ ਬਾਹਰ ਕੱਢਦੇ। ਇਹ ਤਾਂ ਸੱਚ-ਮੁੱਚ ਉਨ੍ਹਾਂ ਦਾ ਬਹੁਤ ਪਰਉਪਕਾਰ ਹੋਵੇਗਾ।
ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਮਨੁੱਖ ਵਲੋਂ ਕੁਦਰਤੀ ਸੋਮਿਆਂ ਨਾਲ ਛੇੜ-ਛਾੜ ਦਾ ਹੀ ਨਤੀਜਾ ਹੈ ਕਿ ਮੌਸਮ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਇਸ ਦਾ ਇਲਾਜ ਵੱਧ ਤੋਂ ਵੱਧ ਦਰਖ਼ਤ ਲਾਉਣ ਦੇ ਨਾਲ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੀ ਹੈ। ਜੇਕਰ ਅਸੀਂ ਅਜਿਹਾ ਕਰਨ ਦੀ ਥਾਂ ਇਸ ਤਰ੍ਹਾਂ ਦੀਆਂ ਤਾਂਤ੍ਰਿਕ ਵਿਧੀਆਂ ਨੂੰ ਤਰਜੀਹ ਦੇਵਾਂਗੇ ਤਾਂ ਸਾਡੀ ਕਾਮਨਾ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਸੋ, ਗੱਲ ਕੀ ਇਸਤਰੀ ਜਾਂ ਪੁਰਸ਼ ਨੂੰ ਇੱਕ ਦੂਜੇ ਵਿਸ਼ਵਾਸ ਪਾਤਰ ਬਣਨ ਲਈ, ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹ ਕੇ ਇਸ ਵਿਚਲੀ ਜੀਵਨ-ਜੁਗਤ ਨੂੰ ਅਪਣਾ ਕੇ, ਆਪਣੇ ਅੰਦਰ ਗੁਣ ਪੈਦਾ ਕਰਨ ਦੀ ਜ਼ਰੂਰਤ ਹੈ ਨਾ ਕਿ ਇਨ੍ਹਾਂ ਵਿਧੀਆਂ ਨੂੰ ਅਪਣਾਉਣ ਦੀ। ਬਾਰਸ਼ ਲਈ ਕੁਦਰਤ ਦੇ ਸੋਮਿਆਂ ਦੀ ਸੰਭਾਲ ਵਲ ਧਿਆਨ ਦੇਣ ਦੀ ਜ਼ਰੂਰਤ ਹੈ। ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਨਾਲ ਕੁਦਰਤ ਦੇ ਨਿਯਮਾਂ ਨੂੰ ਨਹੀਂ ਬਦਲਿਆ ਜਾ ਸਕਦਾ।
ਜਸਬੀਰ ਸਿੰਘ ਵੈਨਕੂਵਰ
.