.

ਮਾਇਆ ਮੋਹੁ ਪ੍ਰੀਤਿ ਧ੍ਰਿਗੁ

ਮੋਹ ਇੱਕ ਸੂਖਛਮ ਸਨੇਹੁ, ਲਗਾਉ, ਮਮਤਾ ਜਾਂ ਪਕੜ ਹੈ ਜਿਸ ਤੋਂ ਬਿਨਾ ਸੰਸਾਰ ਦਾ ਪਾਸਾਰਾ ਸੰਭਵ ਨਹੀ, ਤੇ ਇਸ ਤੋਂ ਮੁਕਤ ਹੋਏ ਬਿਨਾ ਪਰਮਾਤਮਾ ਨਾਲ ਮੇਲ ਵੀ ਸੰਭਵ ਨਹੀ। ਆਪੇ ਮਾਇਆ ਆਪੇ ਛਾਇਆ॥ ਆਪੇ ਮੋਹੁ ਸਭੁ ਜਗਤੁ ਉਪਾਇਆ॥ (125) ਭਾਵ: ਕਰਤਾਰ ਨੇ ਆਪ ਹੀ ਮਾਇਆ ਤੇ ਉਸਦਾ ਪ੍ਰਭਾਵ ਪੈਦਾ ਕੀਤਾ ਹੈ ਤੇ ਆਪ ਹੀ ਉਸਦਾ ਮੋਹ ਪੈਦਾ ਕਰਕੇ ਜਗਤ ਰਚਨਾ ਕੀਤੀ ਹੈ। ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੇ ਲਾਇਆ॥ ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ॥ (138) ਭਾਵ: ਆਪ ਹੀ ਜਗਤ ਪੈਦਾ ਕਰਕੇ ਆਪ ਹੀ ਇਸ ਨੂੰ ਜੰਜਾਲ ਵਿੱਚ ਪਾ ਦਿੱਤਾ। ਮਾਇਆ ਦੀ ਠੱਗ ਬੂਟੀ ਖੁਆ ਕੇ ਜਗਤ ਨੂੰ ਆਪਣੇ ਆਪ ਤੋਂ ਖੁੰਝਾ ਦਿੱਤਾ। ਅਨੋਖੀ ਰਚਨਾ ਦੀ ਇਹ ਕੈਸੀ ਅਨੋਖੀ ਖੇਡ ਹੈ। ਮਾਇਆ ਮਮਤਾ ਕਰਤੈ ਲਾਈ॥ ਇਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥ (1261) ਕਰਤਾਰ ਨੇ (ਆਪ ਹੀ ਇਸ ਮਨ ਨੂੰ) ਮਾਇਆ ਦੀ ਮਮਤਾ (ਪਕੜ) ਚੰਬੋੜੀ ਹੋਈ ਹੈ। (ਮਾਇਆ ਦੀ ਮਮਤਾ ਦੇ ਲੇਪ ਦੇ) ਹੁਕਮ (ਨਿਯਮ) ਦੁਆਰਾ ਹੀ ਜਗਤ ਰਚਨਾ ਕੀਤੀ ਹੈ। ਇਹੀ ਕਾਰਨ ਹੈ ਕਿ ਮੋਹ ਨੂੰ ਛਡਣਾ ਬੜਾ ਕਠਨ ਹੈ। ਜੋ ਵਸਤੂ ਜਨਮ ਤੋਂ ਹੀ ਅੰਦਰ ਹੈ ਉਸਨੂੰ ਜਾਣੇ ਤੋਂ ਬਿਨਾ ਉਸਤੋਂ ਮੁਕਤ ਹੋਣਾ ਅਸੰਭ ਹੈ। ਬਚਪਨ ਤੋਂ ਹੀ ਇਹ ਦਿਸਦੇ (ਆਕਾਰੀ) ਸੰਸਾਰ ਨਾਲ ਮੋਹ ਪੈ ਜਾਂਦਾ ਹੈ ਜੋ ਜ਼ਿੰਦਗੀ ਨੂੰ ਇੱਕ ਐਸੀ ਦੌੜ ਵਿੱਚ ਬਦਲ ਦਿੰਦਾ ਹੈ ਕਿ ਮਨੁੱਖ ਨੂੰ ਅੰਤ ਵੇਲੇ ਤਕ ਪਤਾ ਹੀ ਨਹੀ ਚਲਦਾ ਕਿ ਉਹ ਇੱਕ ਬੱਦਲਾਂ ਦੀ ਛਾਂ ਨੂੰ ਫੜਨ ਦੀ ਹੀ ਕੋਸ਼ਿਸ਼ ਕਰਦਾ ਰਿਹਾ ਹੈ। ਸੰਸਾਰ ਦੇ ਰੰਗ ਤਮਾਸ਼ੇ ਤੇ ਪਦਾਰਥ (ਪਰਮਾਤਮਾ ਦੀ ਦਾਤ) ਮਨੁੱਖ ਦੇ ਭੋਗਣ ਲਈ ਹੀ ਹਨ, ਇਹ ਬੁਰੇ ਨਹੀ ਹਨ ਪਰ ਇਹਨਾ ਦਾ ਮੋਹ (ਪਕੜ) ਪ੍ਰਭੂ ਮਿਲਾਪ ਵਿੱਚ ਰੁਕਾਵਟ ਹੈ। ਮਨੁੱਖ ਦੀ ਫਿਤਰਤ ਹੈ ਕਿ ਇਹ ਹਰ ਚੰਗੀ ਲਗਦੀ ਵਸਤੂ ਨੂੰ ਪਕੜ ਕੇ ਰੱਖਣਾ ਚਹੁੰਦਾ ਹੈ। ਦਾਤਾਂ ਨਾਲ ਇਸਦਾ ਇਤਨਾ ਮੋਹ ਪੈ ਜਾਂਦਾ ਹੈ ਕਿ ਦਾਤਾਂ ਦੇਣ ਵਾਲੇ ਦੀ ਕਦੇ ਯਾਦ ਹੀ ਨਹੀ ਆਉਂਦੀ (ਦਾਤਿ ਪਿਆਰੀ ਵਿਸਰਿਆ ਦਾਤਾਰਾ॥ 676)। ਪਰ ਯਾਦ ਆਵੇ ਵੀ ਕਿਵੇਂ? ਜਿਸਨੂੰ ਕਦੇ ਅੱਖਾਂ ਨਾਲ ਵੇਖਿਆ ਨਹੀ, ਜਾਣਿਆ ਨਹੀ ਉਹ ਯਾਦ ਵੀ ਕਿਵੇਂ ਆ ਸਕਦਾ ਹੈ। ਬੱਚਿਆਂ ਨੂੰ ਜਦੋਂ ਖਿਲਉਣੇ ਮਿਲ ਜਾਂਦੇ ਹਨ ਤਾਂ ਉਹ ਉਹਨਾਂ ਵਿੱਚ ਇਨੇ ਮਸਤ ਹੋ ਜਾਂਦੇ ਹਨ ਕਿ ਕੋਲ ਬੈਠੇ, ਖਿਲਉਣੇ ਦੇਣ ਵਾਲੇ, ਦੀ ਵੀ ਯਾਦ ਨਹੀ ਰਹਿੰਦੀ। ਮਾਇਆ (ਖਲੌਣਿਆਂ ਦੇ) ਮੋਹ ਨੇ ਹੀ ਦਾਤਾਰ ਦੀ ਯਾਦ ਭੁਲਾ ਦਿੱਤੀ। ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ॥ (801)। ਭਾਵ: ਸੰਸਾਰ ਦੀ ਹਰ ਨਜ਼ਰ ਆਉਣ ਵਾਲੀ ਵਸਤੂ (ਜੋ ਨਾਸਵੰਤ ਹੈ) ਪਰਮਾਤਮਾ ਦੀ ਮਾਇਆ ਦਾ ਰੂਪ ਹੈ, ਇਹ ਰੰਗ ਤਮਾਸ਼ੇ ਤੇ ਪਦਾਰਥ ਸਭ ਮਾਇਆ ਦਾ ਹੀ ਰੂਪ ਹਨ ਤੇ ਜਦ ਤਕ ਇਹਨਾ ਪਦਾਰਥਾਂ (ਮਾਇਆ) ਦਾ ਮੋਹ (ਪਕੜ) ਮੌਜੁਦ ਹੈ ਤਦ ਤਕ ਉਸ (ਮਨ ਅੰਦਰ ਬੈਠੇ) ਨਾਸ-ਰਹਿਤ ਦਾਤਾਰ ਨਾਲ ਮਿਲਾਪ ਨਹੀ ਹੋ ਸਕਦਾ। ਇਹ ਆਕਾਰ ਵਾਲੇ ਪਦਾਰਥ ਪਰਮਾਤਮਾ ਦੇ ਹੁਕਮ ਵਿੱਚ ਹੀ ਆਏ ਹਨ ਪਰ ਜਿਤਨੀ ਦੇਰ ਤਕ ਇਹਨਾ ਨਾਸਵੰਤ ਪਦਾਰਥਾਂ ਦਾ ਮੋਹ ਹੈ ਉਤਨੀ ਦੇਰ ਤਕ ਪਰਮਾਤਮਾ ਦਾ ਮਿਲਾਪ ਸੰਭਵ ਨਹੀ। ਧਰਮ ਦੀ ਦੁਨੀਆ ਦੇ ਇਸ ਅਟੱਲ ਨਿਯਮ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਮੋਹੁ ਕੁਟੰਬੁ ਮੋਹੁ ਸਭ ਕਾਰ॥ ਮੋਹੁ ਤੁਮ ਤਜਹੁ ਸਗਲ ਵੇਕਾਰ॥ ਮੋਹੁ ਅਰੁ ਭਰਮ ਤਜਹੁ ਤੁਮ ਬੀਰ॥ ਸਾਚੁ ਨਾਮੁ ਰਿਦੇ ਰਵੈ ਸਰੀਰ॥ (356)। ਭਾਵ: ਮੋਹ ਹੀ ਮਨੁੱਖ ਦੇ ਮਨ ਵਿੱਚ ਪਰਵਾਰ ਦੀ ਮਮਤਾ ਪੈਦਾ ਕਰਕੇ ਜਗਤ ਦੀ ਕਾਰ ਚਲਾ ਰਿਹਾ ਹੈ ਪਰ ਇਹੀ ਮੋਹ ਵਿਕਾਰ ਵੀ ਪੈਦਾ ਕਰ ਰਿਹਾ ਹੈ। ਇਸ ਲਈ ਮੋਹ ਨੂੰ ਛੱਡਣਾ ਹੀ ਪਵੇਗਾ। ਹੇ ਭਾਈ, ਮੋਹ ਛੱਡ ਤੇ ਮਨ ਦੀ ਭਟਕਣਾ ਦੂਰ ਕਰ। ਮੋਹ ਨੂੰ ਤਿਆਗ ਕੇ ਹੀ ਮਨੁੱਖ ਪਰਮਾਤਮਾ ਦੇ ਨਾਮ (ਹੁਕਮ) ਨੂੰ ਹਿਰਦੇ ਵਿੱਚ ਵਸਾ ਸਕਦਾ ਹੈ। ਦੁਨੀਆ ਦੀ ਕੋਈ ਵੀ ਵਸਤੂ, ਜੋ ਚੰਗੀ ਲਗਦੀ ਹੈ, ਉਸ ਨਾਲ ਮੋਹ ਪੈ ਜਾਂਦਾ ਹੈ ਤੇ ਉਹ ਫਿਰ ਛੱਡਣ ਨੂੰ ਦਿਲ ਨਹੀ ਕਰਦਾ। ਨਿਰੰਕਾਰਿ ਆਕਾਰੁ ਉਪਾਇਆ॥ ਮਾਇਆ ਮੋਹੁ ਹੁਕਮਿ ਬਣਾਇਆ॥ ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇੰਦਾ॥ (1066)। ਭਾਵ: ਨਿਰ-ਆਕਾਰ ਪਰਮਾਤਮਾ ਨੇ ਇਹ ਦਿਸਦਾ ਜਗਤ ਪੈਦਾ ਕਰਕੇ ਮਾਇਆ ਦਾ ਮੋਹ (ਪਦਾਰਥਾਂ ਦੀ ਪਕੜ) ਵੀ ਉਸਨੇ ਆਪਣੇ ਹੁਕਮ ਵਿੱਚ ਹੀ ਬਣਾ ਦਿੱਤਾ। ਕਰਤਾਰ ਆਪ ਹੀ ਇਹ ਸਾਰੇ ਖੇਲ ਕਰ ਰਿਹਾ ਹੈ। ਜੋ ਇਸ ਭੁੱਲ ਭੁਲੱਈਆਂ ਦੀ ਖੇਡ ਨੂੰ ਜਾਣ ਲੈਂਦਾ ਹੈ, ਪਛਾਣ ਲੈਂਦਾ ਹੈ, ਉਹ ਫਿਰ ਇਸ ਮੋਹ ਦੀ ਦਲ ਦਲ ਤੋਂ ਮੁਕਤੀ ਪਾ ਲੈਂਦਾ ਹੈ। ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ॥ ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ॥ ਗੁਰ ਪ੍ਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ॥ (33)। ਭਾਵ: ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ, ਤੇ (ਮਨ ਵਿਚੋਂ) ਮੋਹ (ਦਾ) ਹਨੇਰਾ ਦੂਰ ਹੋ ਜਾਂਦਾ ਹੈ। ਜੇ ਮਨੁੱਖ ਗੁਰੂ ਦੀ ਸਿਖਿਆ ਦੁਆਰਾ ਮੋਹ ਵਲੋਂ ਮਰ ਜਾਏ ਤਾਂ ਉਹ (ਮਾਇਆ ਦੇ) ਸੰਸਾਰ ਸਮੁੰਦਰ ਵਿੱਚ ਡੁਬਣੋਂ ਬਚ ਜਾਂਦਾ ਹੈ। ਉਹ ਮੋਹ ਮਾਇਆ ਤੋਂ ਖਲਾਸੀ ਦਾ ਰਸਤਾ ਲੱਭ ਲੈਂਦਾ ਹੈ। ਗੁਰੂ (ਸਿਖਿਆ) ਦੀ ਕਿਰਪਾ ਨਾਲ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਤੇ ਪ੍ਰਭੂ ਦਾ ਨਾਮ (ਹੁਕਮ) ਪ੍ਰਾਪਤ ਕਰ ਲੈਂਦਾ ਹੈ। ਅਗਰ ਉਪਰੋਕਤ ਗੁਰ ਪ੍ਰਮਾਣਾ ਦੁਆਰਾ ਸਾਰੀ ਜਗਤ ਰਚਨਾ ਹੀ ਮਾਇਆ ਹੈ ਤਾਂ ਇਸ ਰਚਨਾ ਦਾ ਕੋਈ ਵੀ ਆਕਾਰ ਵਾਲਾ ਪਦਾਰਥ ਮਾਇਆ ਦਾ ਹੀ ਇੱਕ ਰੂਪ ਹੋਵੇਗਾ ਇਸ ਲਈ ਫਿਰ ਉਸ ਦਾ ਮੋਹ (ਪਕੜ) ਮਾਇਆ ਦੀ ਪਕੜ ਹੀ ਹੋਵੇਗੀ। ਧਰਮ ਵਿੱਚ ਅਗਿਆਨਤਾ ਕਾਰਨ ਕਈ ਆਕਾਰ ਵਾਲੀਆਂ ਵਸਤੂਆਂ ਨਾਲ ਮਨੁੱਖ ਦਾ ਮੋਹ ਪੈ ਜਾਂਦਾ ਹੈ ਤੇ ਫਿਰ ਉਹ ਉਹਨਾ ਨੂੰ ਛੱਡਣਾ ਨਹੀ ਚਹੁੰਦਾ ਪਰ ਗੁਰੂ ਸਦਾ ਸੁਚੇਤ ਕਰਦਾ ਹੈ: ਸਭੋ ਸੂਤਕੁ ਜੇਤਾ ਮੋਹੁ ਆਕਾਰੁ॥ ਮਰਿ ਮਰਿ ਜੰਮੈ ਵਾਰੋ ਵਾਰੁ॥ (229)। ਭਾਵ: ਇਹ ਜਿਤਨਾ ਵੀ ਜਗਤ (ਵਿਚ ਦਿਸਣ ਵਾਲੇ ਆਕਾਰਾਂ) ਦਾ ਮੋਹ ਹੈ ਇਹ ਸਾਰਾ ਮਨ ਦੀ ਅਪਵਿਤ੍ਰਤਾ ਦਾ ਮੂਲ ਹੈ ਜਿਸਦੇ ਕਾਰਨ ਮਨੁੱਖ ਆਤਮਕ ਮੌਤੇ ਮਰਦਾ ਜੰਮਦਾ ਰਹਿੰਦਾ ਹੈ॥ ਮਾਇਆ ਮੋਹੁ ਅਗਿਆਨ ਹੈ ਬਿਖਮੁ ਅਤਿ ਭਾਰੀ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥ (509)। ਭਾਵ: (ਪ੍ਰਭੂ ਦੀ ਰਚੀ ਹੋਈ) ਮਾਇਆ ਦਾ ਮੋਹ ਇੱਕ ਅਗਿਆਨਤਾ (ਰੂਪ ਸਮੁੰਦਰ) ਹੈ ਜਿਸ ਤੋਂ ਪਾਰ ਹੋਣਾ ਬਹੁਤ ਕਠਨ ਹੈ। ਜੇ ਬਹੁਤੇ ਵਿਕਾਰਾਂ (ਰੂਪ) ਪੱਥਰਾਂ ਨਾਲ ਲੱਦੇ ਹੋਈਏ ਤਾਂ (ਇਸ ਸਮੁੰਦਰ ਵਿਚੋਂ) ਕਿਵੇਂ ਪਾਰ ਹੋਇਆ ਜਾ ਸਕਦਾ ਹੈ? ਕਿਸੇ ਵੀ ਆਕਾਰ ਵਾਲੀ ਵਸਤੂ ਦਾ ਮੋਹ (ਪਕੜ) ਰੱਬ ਦੇ ਰਾਹ ਦਾ ਰੋੜਾ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਮੋਹ ਮਾਇਆ ਦੀ ਦਲਦਲ ਤੋਂ ਕਉਲ ਫੁਲ ਵਾਂਗ ਨਿਰਲੇਪ ਰਹਿਣ ਲਈ ਆਦੇਸ਼ ਕਰਦੀ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ (272)। ਭਾਵ: ਬ੍ਰਹਮ ਗਿਆਨੀ (ਪਰਮਾਤਮਾ ਦਾ ਗਿਆਨ ਰੱਖਣ ਵਾਲੇ ਮਨੁੱਖ) ਕਿਸੇ ਵੀ ਤਰਾਂ ਦੇ ਮੋਹ ਵਲੋਂ ਬੇਦਾਗ (ਨਿਰਲੇਪ) ਰਹਿੰਦੇ ਹਨ ਜਿਵੇਂ ਪਾਣੀ ਵਿੱਚ ਉੱਗੇ ਹੋਏ ਕਉਲ ਫੁਲ ਚਿੱਕੜ ਤੋਂ ਨਿਰਲੇਪ (ਸਾਫ) ਰਹਿੰਦੇ ਹਨ। ਮਾਇਆ ਮੋਹਿ ਨਟਿ ਬਾਜੀ ਪਾਈ॥ ਮਨਮੁਖ ਅੰਧ ਰਹੇ ਲਪਟਾਈ॥ ਗੁਰਮੁਖਿ ਅਲਿਪਤ ਰਹੇ ਲਿਵ ਲਾਈ॥ (230)। ਭਾਵ: ਪਰਮਾਤਮਾ ਨੇ ਜਗਤ ਵਿੱਚ ਮੋਹ ਮਾਇਆ ਦੀ ਬਾਜੀ ਪਾਈ (ਖੇਲ ਰਚਿਆ) ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨੇ ਹੋਏ ਮਨੁੱਖ ਇਸ ਤਮਾਸ਼ੇ ਨਾਲ ਚੰਬੜ ਗਏ ਪਰ ਗੁਰੂ ਦੀ ਸਿਖਿਆ ਨਾਲ ਜੁੜੇ ਹੋਏ (ਗੁਰਮੁਖਿ, ਖੇਡ ਦੇਖਦੇ ਵੀ) ਅਲਿਪਤ ਹੀ ਰਹੇ। ਏਕਸੁ ਤੇ ਸਭ ਦੂਜਾ ਹੂਆ॥ ਏਕੋ ਵਰਤੈ ਅਵਰ ਨ ਬੀਆ॥ ਦੂਜੇ ਤੇ ਜੇ ਏਕੋ ਜਾਣੈ॥ ਗੁਰ ਕੈ ਸਬਦਿ ਹਰਿ ਦਰ ਨੀਸਾਣੈ॥ (842)। ਭਾਵ: (ਪਰਮਾਤਮਾ ਤੋਂ) ਵੱਖਰਾ ਦਿਸਦਾ ਇਹ ਸਾਰਾ ਜਗਤ ਪਰਮਾਤਮਾ ਤੋਂ ਹੀ ਬਣਿਆ ਹੈ। (ਸਾਰੇ ਜਗਤ ਵਿਚ) ਇੱਕ ਪ੍ਰਭੂ ਹੀ ਮੌਜੂਦ ਹੈ (ਉਸਤੋਂ ਬਿਨਾ) ਕੋਈ ਹੋਰ ਦੂਜਾ ਨਹੀ ਹੈ। ਜੇ ਮਨੁੱਖ ਇਸ ਵੱਖਰੇ ਦਿਸ ਰਹੇ ਜਗਤ ਦੇ ਮੋਹ ਵਲੋਂ ਉੱਚਾ ਹੋ ਕੇ ਇੱਕ ਪਰਮਾਤਮਾ ਨਾਲ ਸਾਂਝ ਪਾਈ ਰੱਖੇ ਤਾਂ ਗੁਰੂ ਦੀ ਸਿਖਿਆ (ਗੁਰਬਾਣੀ) ਦੁਆਰਾ ਪ੍ਰਭੂ ਦੇ ਦਰ ਪਹੁੰਚ ਜਾਂਦਾ ਹੈ। ਗੁਰੂ ਮੋਹ ਮਾਇਆ ਤੋਂ ਬਾਰ ਬਾਰ ਸੁਚੇਤ ਕਰਦਾ ਹੈ:

1. ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ॥ (61)। ਭਾਵ: ਇਹ ਜੋ ਆਕਾਰ ਦਿਸ ਰਿਹਾ ਹੈ ਇਹ ਸਭ ਨਾਸਵੰਤ ਹੈ ਇਸ ਲਈ ਇਸ ਦਾ ਮੋਹ ਝੂਠਾ ਹੈ। ਰਸਤੇ ਦਾ ਮੁਸਾਫਰ ਬਣ ਕੇ ਆਇਆ ਹੈਂ ਤੇ ਇਹ ਸਾਥ ਨਿਤ ਚਲਣ ਵਾਲਾ ਸਮਝ। ਹਰ ਦਿੱਸਣ ਵਾਲੀ ਚੀਜ਼ ਦੇ ਮੋਹ ਤੋਂ ਵਰਜਿਆ ਹੈ।

2. ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ॥ ਮਾਇਆ ਮੋਹ ਪ੍ਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥ (46)। ਭਾਵ: ਹੇ ਭਾਈ ਉਸ ਪਰਮਾਤਮਾ ਨੂੰ ਹੀ ਆਪਣਾ ਮਿਤ੍ਰ ਬਣਾ। ਮਾਇਆ ਦਾ ਮੋਹ ਫਿਟਕਾਰ ਯੋਗ ਹੈ ਤੇ ਇਸ ਵਿੱਚ ਫਸਿਆ ਕੋਈ ਵੀ ਬੰਦਾ ਸੁਖੀ ਨਹੀ ਦਿਸਦਾ। ਮਾਇਆ ਦੇ ਮੋਹ ਨੂੰ ਫਿਟਕਾਰਿਆ ਗਿਆ ਹੈ।

3. ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ॥ ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ॥ (252)। ਭਾਵ: ਹੇ ਨਾਨਕ ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾ ਵਿੱਚ ਫਸ ਜਾਂਦੇ ਹਨ ਉਹਨਾ ਅਗਿਆਨੀ ਮੂਰਖਾਂ ਉਤੇ ਲਾਲਚ, ਝੂਠ ਵਿਕਾਰ, ਮੋਹ ਆਦਿਕ ਜ਼ੋਰ ਪਾ ਲੈਂਦੇ ਹਨ ਤੇ ਉਹ ਮੰਦੇ ਕੰਮਾ ਵਿੱਚ ਲਗੇ ਰਹਿੰਦੇ ਹਨ। ਅਗਿਆਨੀ ਮੋਹ ਦੇ ਬੰਧਨਾ ਵਿੱਚ ਫਸ ਜਾਂਦੇ ਹਨ।

4. ਗੁਰ ਦੀਖਿਆ ਲੇ ਜਪੁ ਤਪੁ ਕਮਾਹਿ॥ ਨਾ ਮੋਹੁ ਤੂਟੈ ਨਾ ਥਾਇ ਪਾਹਿ॥ (356)। ਭਾਵ: ਜੋ ਮਨੁੱਖ ਅਖੌਤੀ ਗੁਰੂ ਦੀ ਸਿਖਿਆ ਲੈ ਕੇ ਜਪ ਤਪ ਕਮਾਉਂਦੇ ਹਨ ਉਹਨਾ ਦਾ ਮੋਹ ਨਹੀ ਟੁੱਟਦਾ ਤੇ ਉਹ ਪਰਮਾਤਮਾ ਦੇ ਦਰ ਕਬੂਲ ਨਹੀ ਹੁੰਦੇ। ਅਖੌਤੀ ਗੁਰੂਆਂ ਤੋਂ ਲਏ ਜਪਾਂ ਤਪਾਂ ਨਾਲ ਮੋਹ ਨਹੀ ਟੁੱਟਣਾ।

5. ਏਹੁ ਸਰੀਰੁ ਸਭ ਮੂਲੁ ਹੈ ਮਾਇਆ॥ ਦੂਜੈ ਭਾਇ ਭਰਮਿ ਭੁਲਾਇਆ॥ (1065)। ਭਾਵ: ਹੇ ਭਾਈ, ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਕਿਸੇ ਦੂਜੇ (ਮਾਇਆ) ਨਾਲ ਪ੍ਰੀਤ ਪਾਂਦਾ ਹੈ ਉਹ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਤੇ ਉਸਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ। ਜੇ ਹਰ ਦਿਸਦੀ ਵਸਤੂ ਮਾਇਆ ਦਾ ਹੀ ਰੂਪ ਹੈ ਤਾਂ ਮਨੁੱਖ ਦਾ ਸਰੀਰ ਵੀ ਮਾਇਆ ਦਾ ਹਿੱਸਾ ਹੀ ਹੈ ਤੇ ਇਸ ਲਈ ਸਰੀਰ ਦਾ ਮੋਹ ਵੀ ਮਾਇਆ ਦਾ ਹੀ ਮੋਹ ਹੋਵੇਗਾ ਪਰਮਾਤਮਾ ਤੋਂ ਬਿਨਾ ਬਾਕੀ ਸਭ “ਦੂਜਾ ਭਾਇ” ਹੀ ਹੈ ਤੇ ਇਸਦਾ ਮੋਹ (ਪਕੜ) ਇੱਕ ਭੁਲੇਖਾ ਹੀ ਹੈ। ਉੱਤਮ ਮਿਥੀਆਂ ਹੋਈਆਂ ਸੰਸਾਰੀ (ਆਕਾਰ ਵਾਲੀਆਂ) ਵਸਤੂਆਂ ਸਭ ਮੋਹ ਮਾਇਆ ਹੀ ਹਨ। ਗੁਰੂ ਦੀ ਹਿਦਾਇਤ ਹੈ: ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ (44)। ਭਾਵ: ਹੇ ਮੇਰੇ ਮਨ, ਕੇਵਲ ਪਰਮਾਤਮਾ ਨਾਲ ਚਿਤ ਜੋੜ। ਇੱਕ ਪਰਮਾਤਮਾ ਤੋਂ ਬਿਨਾ ਬਾਕੀ ਸਭ ਮਾਇਆ ਦਾ ਮੋਹ ਹੈ ਤੇ ਵਿਅਰਥ ਹੈ। ਧਰਮ ਦੀ ਦੁਨੀਆਂ ਵਿਚ, ਪਰਮਾਤਮਾ ਤੋਂ ਬਿਨਾ, ਕੋਈ ਹੋਰ ਸੰਸਾਰੀ ਵਸਤੂ ਉਤਨੀ ਮਹੱਤਵ ਪੂਰਨ ਨਹੀ ਹੋ ਸਕਦੀ। ਦਾਤ ਕਦੇ ਵੀ ਦਾਤਾਰ ਤੋਂ ਉਤਮ ਨਹੀ ਹੋ ਸਕਦੀ, ਕਿਰਤ ਕਰਤੇ ਤੋਂ ਵਡ੍ਹੀ ਨਹੀ ਹੋ ਸਕਦੀ। ਇਸ ਲਈ ਜਿੱਥੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਉਥੇ ਉਹਨਾ ਦਾਤਾਂ ਨਾਲ ਮੋਹ ਨਹੀ ਪਾ ਲੈਣਾ, ਨਹੀ ਤਾਂ ਉਸਦੀ ਦਾਤ ਹੀ ਉਸ ਨੂੰ ਵਿਸਰਨ ਦਾ ਕਾਰਨ ਬਣ ਸਕਦੀ ਹੈ। ਜਿਵੇਂ ਦਾਤਾਂ ਦੇਣ ਵਾਲਾ ਦਾਤਾਂ ਤੋਂ ਅਲਿਪਤ ਹੈ ਤਿਵੇਂ ਦਾਤਾਂ ਲੈਣ ਵਾਲੇ ਨੂੰ ਵੀ ਦਾਤਾਂ ਤੋਂ ਅਲਿਪਤ ਰਹਿ ਕੇ ਉਸਨੂੰ ਪਛਾਨਣਾ ਪਵੇਗਾ। ਅਗਮ ਅਗੋਚਰੁ ਸਾਹਿਬੁ ਮੇਰਾ॥ ਘਟ ਘਟ ਅੰਤਰਿ ਵਰਤੈ ਨੇਰਾ॥ ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ॥ ਸਾਰਾ ਸੰਸਾਰ ਮਾਇਆ ਦੇ ਪ੍ਰਭਾਵ ਵਿੱਚ ਹੈ ਪਰ ਜਿਵੇਂ ਪਰਮਾਤਮਾ ਸਭਨਾ (ਮੋਹ ਮਾਇਆ ਵਿੱਚ ਫਸੇ ਜੀਵਾਂ) ਦੇ ਵਿੱਚ ਵਸਦਾ ਵੀ ਮਾਇਆ ਦੇ ਪ੍ਰਭਾਵ ਤੋਂ ਅਲਿਪਤ ਹੈ, ਇਸੇ ਤਰਾਂ ਹੀ ਮਨੁੱਖ ਨੂੰ ਮੋਹ ਮਾਇਆ ਵਿੱਚ ਵਿਚਰਦਿਆਂ ਮਾਇਆ ਦੇ ਪ੍ਰਭਾਵ ਤੋਂ ਅਲਿਪਤ ਰਹਿਣਾ ਹੈ। ਕੋਈ ਵਿਰਲਾ ਹੀ, ਮਾਂ ਦਾ ਲਾਲ, (ਗੁਰੂ ਦੀ ਸਿਖਿਆ ਤੇ ਚਲ ਕੇ) ਐਸਾ ਕਰ ਪਾਉਂਦਾ ਹੈ। ਗੁਰਮੁਖਿ ਅਲਿਪਤੁ ਰਹੈ ਸੰਸਾਰੇ॥ ਗੁਰ ਕੈ ਤਕੀਐ ਨਾਮੁ ਆਧਾਰੇ॥ (118)। ਭਾਵ: ਗੁਰੂ ਦੀ ਸਿਖਿਆ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ (ਹੁਕਮ) ਦੁਆਰਾ ਗੁਰਮੁਖਿ ਜਗਤ ਵਿੱਚ ਨਿਰਮੋਹ ਰਹਿੰਦਾ ਹੈ। ਇਸ ਰੰਗ ਬਰੰਗੀ ਦੁਨੀਆ ਵਿੱਚ ਨਿਰਮੋਹੀ ਹੋਣਾ “ਖਾਲਾ ਜੀ ਦਾ ਵਾੜਾ” ਨਹੀ ਹੈ (ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ 218)। ਕੋਈ ਵਿਰਲਾ ਗੁਰਮੁਖਿ ਹੀ ਇਹ ਕਠਨ ਕੰਮ ਕਰ ਪਾਂਦਾ ਹੈ। ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ॥ ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾਂ ਨੂੰ ਗਈ ਖਾਇ॥ ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ॥ (66)। ਭਾਵ: ਗੁਰੂ ਦੀ ਮਤ ਦੁਆਰਾ ਮਾਇਆ ਦਾ ਮੋਹ ਮੁਕ ਜਾਂਦਾ ਹੈ ਤੇ ਆਤਮਕ ਅਡੋਲਤਾ ਆ ਜਾਂਦੀ ਹੈ। ਗੁਰੂ ਦੇ ਸਬਦ ਬਿਨਾ ਜਗਤ ਮੋਹ ਮਾਇਆ ਵਿੱਚ ਦੁਖੀ ਫਿਰਦਾ ਹੈ ਤੇ ਮਨ-ਮਤੀਆਂ ਨੂੰ ਇਹ ਗ੍ਰਸੀ ਰੱਖਦੀ ਹੈ। ਗੁਰੂ ਦੇ ਸਬਦ ਤੇ ਚਲਣਾ ਹੀ ਨਾਮ ਧਿਆਉਣਾ ਹੈ ਤੇ ਇਸੇ ਦੁਆਰਾ ਹੀ ਪਰਮਾਤਮਾ ਵਿੱਚ ਲੀਨ ਰਹਿ ਸਕੀਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.