.

‘ਵਾਹ! ਖ਼ਾਲਸਾ ਜੀ ਵਾਹ- ਵਿਰੋਧੀਆਂ ਦੇ ਪਾੜੇ ਵਿੱਚ ਪਾਈਆਂ ਭਾਜੜਾਂ, ਲਵਾਤੀ ਗੋਡੀ`

ਸੱਚ ਕੀ ਬੇਲਾ ਮੈਗਜ਼ੀਨ ਦੇ ਮੁੱਖ ਪੰਨੇ `ਤੇ ਮੁੱਖ ਸੰਪਾਦਕ ਸ: ਅਨਭੋਲ ਸਿੰਘ ਦੀਵਾਨਾ ਜੀ ਨੂੰ ਜਦੋਂ ਆਪਣੀ ਟੀਮ ਦੇ ਇੱਕ ਮੈਂਬਰ ਭਾਈ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੂੰ ਸ਼ਾਬਾਸ਼ੇ ਦਿੰਦਿਆਂ ਵੇਖਿਆ ਤਾਂ ਸਮਝ ਪਈ ਕਿ ਇਹ ਓਨੇ ਭੋਲੇ ਨਹੀਂ ਜਿੰਨੇ ਭੋਲੇ ਇਹ ਆਪਣੇ ਨਾਮ ਤੋਂ ਜਾਪਦੇ ਹਨ। ਬਲਕਿ ਪਿੰਡਾਂ ਦੀ ਖੁੰਡ ਚਰਚਾ ਦੇ ਮਸ਼ਕਰੇ ਨੂੰ ਮਾਤ ਪਾਉਣ ਵਾਲੇ ਹਨ। ਇਹ ਲਿਖ ਰਹੇ ਹਨ: ‘ਵਾਹ! ਖ਼ਾਲਸਾ ਜੀ ਵਾਹ- ਵਿਰੋਧੀਆਂ ਦੇ ਪਾੜੇ ਵਿੱਚ ਪਾਈਆਂ ਭਾਜੜਾਂ, ਲਵਾਤੀ ਗੋਡੀ ਭਾਈ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ`। ਇਹ ਪੜ੍ਹਦਿਆਂ ਪਿੰਡਾਂ ਵਿੱਚ ਗੁਜਾਰੇ ਬਚਪਨ ਦੀਆਂ ਗੱਲਾਂ ਯਾਦ ਆ ਗਈਆਂ ਜਦੋਂ ਮਸ਼ਕਰੇ, ਪਾੜ੍ਹੇ ਮੁੰਡਿਆਂ ਨੂੰ ਮਖੌਲ ਕਰਦੇ ਕਹਿੰਦੇ- ਆ ਵੇਖੀਏ, ਇਹ ਕਿੰਨਾਂ ਕੁ ਪੜ੍ਹਿਐ! ਉਹ ਸੋਟੀ ਨਾਲ ਜ਼ਮੀਨ `ਤੇ ਜ਼ਿਗ ਜ਼ੈਗ ਲੰਬੀ ਲਕੀਰ ਖਿੱਚ ਕੇ ਕਹਿੰਦੇ- ਦੱਸ ਇਹ ਕੀ ਲਿਖਿਐ। ਪਾੜ੍ਹੇ ਨੇ ਕਹਿਣਾ, ਇਹ ਕੀ ਹੋਣਾ ਸੀ, ਐਵੇਂ ਵਿੰਗੀ ਜਿਹੀ ਲਕੀਰ ਖਿੱਚ ਦਿੱਤੀ ਐ। ਅੱਗੋਂ ਮਸ਼ਕਰਿਆਂ ਨੇ ਜੋਰ ਦੀ ਤਾੜੀ ਮਾਰ ਕੇ ਹੱਸ ਛੱਡਣਾ ਤੇ ਕਹਿਣਾ, ਜਾਹ ਓਏ ਜੱਭਲਾ ਇਹ ਬਲਦ ਮੂਤਣਾ ਲਿਖਿਐ। ਪਾੜ੍ਹੇ ਨੇ ਸ਼ਰਮਿੰਦਾ ਜਿਹਾ ਹੋ ਕੇ ਪੁਛਣਾ ਇਹ ਬਲਦ ਮੂਤਣਾ ਕਿਵੇਂ ਬਣ ਗਿਆ? ਫਿਰ ਜੋਰ ਦੀ ਹੱਸ ਛੱਡਣਾ ਤੇ ਕਹਿਣਾ ਵੇਖਿਆ ਨਹੀਂ ਜਦੋਂ ਬਲਦ ਤੁਰਿਆ ਜਾਂਦਾ ਮੂਤਦਾ ਹੈ ਤਾਂ ਧਰਤੀ `ਤੇ ਇਸ ਤਰ੍ਹਾਂ ਦਾ ਨਿਸ਼ਾਨ ਨਹੀਂ ਪੈਂਦਾ। ਲੈ ਤੈਨੂੰ ਇੱਕ ਮੌਕਾ ਹੋਰ ਦਿੰਦੇ ਹਾਂ। ਉਨ੍ਹਾਂ ਦੋ ਲਕੀਰਾਂ ਖਿੱਚ ਦੇਣੀਆਂ ਜਿਨ੍ਹਾਂ ਵਿਚੋਂ ਇੱਕ ਜ਼ਿਗ ਜ਼ੈਗ ਦੇ ਵਲਾਂ ਦੀ ਫਰੀਕਿਉਂਸੀ ਵੱਧ ਤੇ ਇੱਕ ਦੀ ਘੱਟ ਹੋਣੀ। ਪੁੱਛਣਾ ਦੱਸ ਇਹ ਕੀ ਹੈ? ਪਾੜ੍ਹੇ ਨੇ ਕਹਿਣਾ ਇਹ ਦੋਵੇਂ ਹੀ ਬਲਦ ਮੂਤਣੇ ਹਨ। ਉਨ੍ਹਾਂ ਕਹਿਣਾ, ਵੱਡਾ ਪੜ੍ਹਾਕੂ ਬਣਿਆ ਫਿਰਦਾ ਐਂ, ਇਹ ਦੱਸ ਇਨ੍ਹਾਂ ਦੋਵਾਂ ਵਿੱਚ ਫਰਕ ਕੀ ਹੈ? ਪਾੜ੍ਹੇ ਨੇ ਸੋਚੀਂ ਪੈ ਜਾਣਾ ਕਿ ਇਨ੍ਹਾਂ ਵਿੱਚ ਕੀ ਫ਼ਰਕ ਹੋ ਸਕਦਾ ਹੈ? ਫਿਰ ਉਸ ਦਾ ਮਖੌਲ ਉਡਾਉਂਦਿਆਂ ਹੱਸਣਾ ਕਿ ਆਹ ਬਲਦ ਤੇਜ ਰਫ਼ਤਾਰ ਵਿੱਚ ਚਲਦਾ ਮੂਤ ਰਿਹਾ ਹੈ ਅਤੇ ਆਹ ਬਲਦ ਹੌਲੀ ਹੌਲੀ ਤੁਰਿਆ ਜਾਂਦਾ ਮੂਤ ਰਿਹਾ ਹੈ। ਪਾੜ੍ਹੇ ਨੇ ਆਪਣੀ ਹਾਰ ਮੰਨ ਲੈਣੀ ਕਿ ਬਈ ਤੁਸੀਂ ਬਹੁਤ ਪੜ੍ਹੇ ਹੋ ਮੈਂ ਤਹਾਡਾ ਮੁਕਾਬਲਾ ਨਹੀਂ ਕਰ ਸਕਦਾ। ਇਨ੍ਹਾਂ ਮਸ਼ਕਰਿਆਂ ਵਾਲੀ ਚਾਲ ਨਾਲ ਹੀ ਇੱਕ ਟੀਮ ਸਿੱਖ ਮਾਰਗ ਦੇ ਪਾਠਕਾਂ ਤੇ ਲੇਖਕਾਂ ਤੋਂ ਹਾਰ ਮੰਨਵਾਉਣ ਦੇ ਮੂਡ ਨਾਲ ਆਈ। ਆਪਣੀ ਇਸ ਭਾਵਨਾ ਦਾ ਮੁਜ਼ਾਹਰਾ ਟੀਮ ਦੇ ਮੁਖੀ ਸੰਪਾਦਕ ਨੇ ਸੱਚ ਕੀ ਬੇਲਾ ਮਾਸਕ ਪੱਤਰ ਦੇ ਫਰਵਰੀ ਅੰਕ ਦੇ ਮੁੱਖ ਕਵਰ ਪੰਨੇ `ਤੇ ਉਕਤ ਸ਼ਬਦਾਂ ਨਾਲ ਕਰ ਦਿੱਤਾ ਤੇ ਅੰਦਰ ੮ ਤੋਂ ੧੩ ਨੰਬਰ ਪੰਨੇ `ਤੇ ਚਲੰਤ ਮਾਮਲੇ- ਵੀਚਾਰ ਚਰਚਾ ਸਿਰਲੇਖ ਹੇਠ ਸਿੱਖ ਮਾਰਗ `ਤੇ ਹੋਈ ਵੀਚਾਰ ਚਰਚਾ ਦੇ ਕੁੱਝ ਚੋਣਵੇਂ ਅੰਸ਼ ਲਿਖ ਕੇ ਆਪਣੀ ਟੀਮ ਦੇ ਮੁੱਖ ਖਿਡਾਰੀ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੂੰ ਸ਼ਾਬਾਸ਼ ਦੇ ਦਿੱਤੀ। ਜਦ ਇਸ ਗੁਰਪ੍ਰੀਤ ਸਿੰਘ ਨੇ ਪਹਿਲੀ ਚਿੱਠੀ ਲਿਖੀ ਤਾਂ ਸਿੱਖ ਮਾਰਗ ਦੇ ਇੱਕ ਗਰਮ ਤਬੀਅਤ ਦੇ ਲੇਖਕ ਨੇ ਸੰਪਾਦਕ ਸਿਖ ਮਾਰਗ ਕੋਲ ਰੋਸ ਪ੍ਰਗਟ ਕਰਦਿਆਂ ਸਖਤ ਸ਼ਬਦਾਂ ਵਿੱਚ ਲਿਖਿਆ ‘ਸਰਦਾਰ ਮੱਖਣ ਸਿੰਘ ਜੀ ਐਸੀਆਂ ਨਿਕੰਮੀਆਂ ਚਿਠੀਆਂ ਆਪਣੀ ਵੈੱਬ-ਸਾਈਟ ਤੇ ਪੋਸਟ ਕਰਕੇ ਤੁਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਵਿੱਚ ਕਿਹੜਾ ਵਾਧਾ ਕੀਤਾ ਹੈ, ਸਿਵਾਏ ਦੁਬਿਧਾ ਵਿੱਚ ਪਾਉਣ ਦੇ? ਭਾਈ ਗੁਰਪ੍ਰੀਤ ਸਿੰਘ ਕਿਸੇ ਦਿਵਾਨੇ ਦਾ ਹੀ ਭਾਈ ਹੈ ਜਿਸਨੂੰ ਸਰਬਜੀਤ ਸਿੰਘ ਕੈਲੇਫੋਰਨੀਆਂ ਤੇ ਉਸਦੇ ਸਾਥੀਆਂ ਨੇ ਭਜਾਇਆ ਹੈ। ਸੱਚ ਕੀ ਬੇਲਾ ਵਾਲੇ ਲਾਂਬੇ ਦੇ ਭਾਈ ਵੀਰ ਹਨ`।

ਸ: ਅਤਿੰਦਰ ਸਿੰਘ ਵੈਨਕੂਵਰ ਨੇ ਲਿਖਿਆ ‘ਇਸ ਵੀਰ ਦੀ ਸ਼ਬਦਾਵਲੀ ਜਰੂਰ ਮਾੜੀ ਸੀ ਪਰ ਉਸ ਦੇ ਕਥਨ ਵਿੱਚ ਜਰੂਰ ਸਚਾਈ ਹੈ`। ਸਿੱਖ ਮਾਰਗ ਦੇ ਸੰਪਾਦਕ ਅਤੇ ਪਾਠਕਾਂ ਦੀ ਸੁਹਿਰਦਤਾ ਵੇਖੋ ਕਿ ਵੀਚਾਰਧਾਰਕ ਤੌਰ `ਤੇ ਇਨ੍ਹਾਂ ਵੀਰਾਂ ਨਾਲ ਜਿਆਦਾ ਨੇੜਤਾ ਹੋਣ ਦੇ ਬਾਵਯੂਦ, ਮੈਂ ਉਸ ਰੁੱਖੀ ਭਾਸ਼ਾ ਵਾਲੇ ਵੀਰ ਤੇ ਸ: ਅਤਿੰਦਰਪਾਲ ਸਿੰਘ ਦੀ ਸ਼ਬਦਾਵਲੀ ਦੀ ਅਲੋਚਨਾ ਕੀਤੀ ਤੇ ਸੰਪਾਦਕ ਸ: ਮੱਖਣ ਸਿੰਘ ਜੀ ਨੇ ਦੋਹਾਂ ਦੀਆਂ ਚਿੱਠੀਆਂ ਨਾਲ ਉਨ੍ਹਾਂ ਨੂੰ ਝਾੜ ਪਾਉਂਦਿਆਂ ਸਖਤ ਟਿਪਣੀਆਂ ਕੀਤੀਆਂ ਤੇ ਚੰਗੀ ਸ਼ਬਦਾਵਲੀ ਵਰਤਣ ਦੀ ਤਾਕੀਦ ਕੀਤੀ ਅਤੇ ਮੇਰੀਆਂ (ਕਿਰਪਾਲ ਸਿੰਘ ਦੀਆਂ) ਚਿੱਠੀਆਂ ਦੇ ਜਵਾਬ ਦੇਣ ਲਈ ਕਿਹਾ।

ਇਸ ਵਿੱਚ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਗੁਰਚਰਨਜੀਤ ਸਿੰਘ ਲਾਂਬਾ, ਅਨਭੋਲ ਸਿੰਘ ਦੀਵਾਨਾ, ਜਗਰਾਜ ਸਿੰਘ ਦੀਵਾਨਾ, ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ, ਦਵਿੰਦਰ ਸਿੰਘ ਅਤੇ ਸੰਤ ਸਮਾਜ ਆਰਐੱਸਐੱਸ ਦੇ ਇਸ਼ਾਰਿਆਂ `ਤੇ ਚਲਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ, ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਅਤੇ ਰਾਗਮਾਲਾ ਦਾ ਵਿਵਾਦ ਕੌਮ ਦੇ ਗਲ ਵਿੱਚ ਪਾਈ ਰੱਖਣਾ ਚਾਹੁੰਦੇ ਹਨ। ਲਾਂਬਾ ਨੇ ਅਪਣੀ ਇੱਕ ਸੰਪਾਦਕੀ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦੀ ਵਕਾਲਤ ਕਰਦਿਆਂ ਲਿਖਿਆ ‘ਬੁਰਸ਼ ਦੀ ਨਹੀ ਹੁਣ ਵੱਡੀ ਕੂਚੀ ਦੀ ਲੋੜ ਹੈ`। ਇਸ ਦੀ ਪ੍ਰੋੜਤਾ ਕਰਦਿਆਂ ਅਨਭੋਲ ਸਿੰਘ ਦੀਵਾਨਾ ਨੇ ਸਿੱਖ ਮਾਰਗ `ਤੇ ਇੱਕ ਚਿੱਠੀ ਪਾਈ ਜਿਸ ਵਿੱਚ ਕਿਹਾ ਗਿਆ ਕਿ ਜਦੋਂ ਬਿਕ੍ਰਮੀ ਯੰਤਰੀ ਵਿੱਚ ਕੋਈ ਨੁਕਸ ਹੀ ਨਹੀਂ ਹੈ ਤਾਂ ਸਾਰੇ ਸਿਖਾਂ ਨੂੰ ਲਾਂਬਾ ਜੀ ਦੀ ਸਲਾਹ ਮੰਨਦਿਆਂ ਨਾਨਕਸ਼ਾਹੀ ਕੈਲੰਡਰ `ਤੇ ਕੂਚੀ ਮਾਰ ਕੇ ਪੁਰਾਤਨ ਰਵਾਇਤ ਅਨੁਸਾਰ ਹੀ ਬਿਕ੍ਰਮੀ ਯੰਤਰੀ ਅਨੁਸਾਰ ਹੀ ਗੁਰਪੁਰਬ ਮਨਾ ਕੇ `ਜੈਸੇ ਥੇ` ਵਾਲੀ ਸਥਿਤੀ ਅਪਣਾ ਲੈਣੀ ਚਾਹੀਦੀ ਹੈ। ਸ: ਸਰਬਜੀਤ ਸਿੰਘ ਕੈਲੇਫ਼ੋਰਨੀਆਂ ਨੇ ਬਿਕ੍ਰਮੀ ਕੈਲੰਡਰ ਦੀਆਂ ਅਣਗਿਣਤ ਗਲਤੀਆਂ ਗਿਣਾ ਦਿਤੀਆਂ ਤੇ ਦੀਵਾਨਾ ਜੀ ਅਤੇ ਲਾਂਬਾ ਜੀ ਇਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕੇ। ਕੈਲੰਡਰ ਦਾ ਵਿਸ਼ਾ ਬਦਲ ਕੇ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਕਦੀ ਚਾਰ ਪਦਾਰਥਾਂ, ਤਿੰਨ ਵਸਤੂਆਂ ਤੇ ਇੱਕ ਵਸਤੂ ਦੀ ਗੱਲ ਤੋਰ ਲੈਂਦੇ ਤੇ ਕਦੀ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਥਮ ਰਾਗ ਸਿਰੀ ਰਾਗੁ ਨਹੀਂ ਬਲਕਿ ਆਸਾ ਰਾਗੁ ਹੈ। ਮੈਂ ਇਸ ਦੀਆਂ ਲਿਖਤਾਂ ਵਿਚੋਂ ਵੇਖਿਆ ਕਿ ਇਸ ਨੂੰ ਤਾਂ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ `ਤਿਨਿ` ਅਤੇ `ਤੀਨਿ` ਦਾ ਨਹੀਂ ਪਤਾ ਕਿ ਇਨ੍ਹਾਂ ਦੋਵਾਂ ਦੇ ਅਰਥ ਬੇਸ਼ਕ ੩ ਹੀ ਹੈ ਪਰ ਜਿਥੇ ਜਿਥੇ `ਤਿਨਿ` ਲਿਖਿਆ ਹੈ ਉਥੇ ਉਸ ਦਾ ਉਚਾਰਨ ਤੇ ਲਿਖਤੀ ਰੂਪ `ਤੀਨਿ` ਨਹੀਂ ਹੋ ਸਕਦਾ। ਉਸ ਨੂੰ ਇਹ ਵੀ ਨਹੀਂ ਪਤਾ ਕਿ `ਤਿਨਿ` ਦੇ ਅਰਥ ਪ੍ਰਸੰਗ ਅਨੁਸਾਰ `ਤਿੰਨ` ਵੀ ਹੋ ਸਕਦੇ ਹਨ ਅਤੇ `ਤਿਨ੍ਹਾਂ ਨੂੰ- ਉਨ੍ਹਾਂ ਨੂੰ` ਵੀ ਹੋ ਸਕਦੇ ਹਨ, ਪਰ ਉਸ ਨੇ ਬੜੇ ਦਾਅਵੇ ਨਾਲ ਲਿਖਿਆ ਕਿ ਗੁਰਬਾਣੀ ਵਿੱਚ ਕਿਧਰੇ ਵੀ `ਤਿਨਿ` ਦੇ ਅਰਥ `ਤਿੰਨ` ਨਹੀ `ਤਿਨ੍ਹਾਂ` ਹੀ ਆਉਂਦਾ ਹੈ। ਉਹ ਚੱਲ ਰਹੀ ਵੀਚਾਰ ਚਰਚਾ ਦੇ ਇੱਕ ਵਿਸ਼ੇ `ਤੇ ਵੀ ਨਹੀਂ ਠਹਿਰਦਾ। ਉਸ ਨੂੰ ਇਹ ਵੀ ਨਹੀਂ ਪਤਾ ਕਿ ਵੀਚਾਰ ਚਰਚਾ `ਚ ਕਿਸੇ ਸਿੱਟੇ `ਤੇ ਪਹੁੰਚਣ ਲਈ ਕਿਹੜਾ ਸਵਾਲ ਪੁੱਛਣਾ ਹੈ। ਇਸ ਲਈ ਮੈਂ ਉਸ ਵਲੋਂ ਚਲਾਏ ਜਾ ਰਹੇ ਵਾਦ ਵਿਵਾਦ ਨੂੰ ਨਜ਼ਰ ਅੰਦਾਜ਼ ਕਰੀ ਰੱਖਿਆ। ਪਰ ਜਿਸ ਦਾ ਮਕਸਦ ਹੀ ਆਪਣੇ ਆਪ ਨੂੰ ਜੇਤੂ ਕਹਾਉਣ ਲਈ ਇਹ ਸਿੱਧ ਕਰਨਾ ਹੋਵੇ ਕਿ ਉਸ ਦੇ ਸਵਾਲਾਂ ਦਾ ਕੋਈ ਵੀ ਉੱਤਰ ਨਹੀਂ ਦੇ ਸਕਿਆ, ਉਸ ਨੇ ਬਹਿਸ ਤਾਂ ਰਾਗਮਾਲਾ ਸਬੰਧੀ ਕਰਨੀ ਸੀ ਪਰ ਮੈਥੋਂ ੧੮ ਜਨਵਰੀ ਨੂੰ ‘ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।। ` ਦੇ ਅਰਥ ਪੁੱਛ ਲਏ। ਮੈਂ ਇਸ ਨੂੰ ਤੁਰੰਤ ੧੯ ਜਨਵਰੀ ਨੂੰ ਲਿਖ ਦਿੱਤਾ ਕਿ ਇਸ ਤੁਕ ਦੇ ਅਰਥ ਦੱਸਣ ਨਾਲ ਕੀ ਤੁਹਾਡੀ ਤਸੱਲੀ ਹੋ ਜਾਵੇਗੀ ਕਿ ਗੁਰਬਾਣੀ ਸਿਰਫ ਇਥੋਂ ਤੱਕ ਹੀ ਹੈ? ਕਿਉਂਕਿ ‘ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ।। ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ।। ੧।। ੧।। ` ਦੇ ਅਰਥ ਦੱਸਣ ਨਾਲ ਵੀ ਕਿਸੇ ਦੀ ਤਸੱਲੀ ਨਹੀਂ ਹੋ ਸਕਦੀ ਕਿ ਗੁਰਬਾਣੀ ਇਥੋਂ ਤੱਕ ਹੈ ਇਸ ਲਈ ਇਹ ਸਵਾਲ ਬੇਮਾਅਨਾ ਹੈ। ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਨ ਦੀ ਕੁਚੇਸਟਾ ਪੂਰੀ ਕਰਨ ਵਾਲਿਆਂ ਤੋਂ ਰਾਗਾਂ ਦੇ ਪ੍ਰਵਾਰ ਵਾਰੇ ਤਾਂ ਪੂਰੀ ਜਾਣਕਾਰੀ ਮੰਗੀ ਜਾ ਸਕਦੀ ਹੈ ਤਾ ਕਿ ਪਤਾ ਚੱਲ ਸਕੇ ਕਿ ਕਿਹੜੇ ਕਿਹੜੇ ਰਾਗ ਰਾਗਣੀਆਂ ਤੇ ਉਨ੍ਹਾਂ ਦੇ ਪੁੱਤਰ ਹਨ ਤੇ ਇਸ ਵਿੱਚ ਵਰਣਤ ਰਾਗ ਰਾਗਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਕਿਹੜੇ ਪੰਨੇ `ਤੇ ਦਰਜ਼ ਹਨ। ਸੋ ਇਹ ਜਾਣਕਾਰੀ ਮੰਗਦਿਆਂ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਕਿ ‘ਵੀਰ ਜੀ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਕਿਸੇ ਨਤੀਜੇ `ਤੇ ਪੁੱਜਣ ਲਈ ਨਹੀਂ ਬਲਕਿ ਤੁਸੀਂ ਚਰਚਾ ਕਰਨ ਲਈ ਹੀ ਪੱਤਰ ਲਿਖਣ ਦਾ ਸ਼ੌਕ ਪੂਰਾ ਕਰ ਰਹੇ ਹੋ। … … … ਆਪ ਜੀ ਨੂੰ ਬੇਨਤੀ ਹੈ ਕਿ ਜਦ ਤੱਕ ਤੁਸੀਂ ਮੇਰੇ ਇਨ੍ਹਾਂ ਸੁਆਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੇ ਉਤਨੀ ਦੇਰ ਤੱਕ ਸਿੱਖ ਮਾਰਗ ਦੇ ਕਿਸੇ ਪਾਠਕ ਨੂੰ ਹੋਰ ਨਵਾਂ ਸਵਾਲ ਨਾ ਪਾਉਣਾ ਨਹੀਂ ਤਾਂ ਸਿਰਫ ਇਹੀ ਸਮਝਿਆ ਜਾਵੇਗਾ ਕਿ ਤੁਸੀਂ ਕੁੱਝ ਸਿੱਖਣ ਲਈ ਨਹੀਂ ਬਲਕਿ ਸਿੰਗ ਫਸਾਉਣ ਲਈ ਸਵਾਲ ਕਰ ਰਹੇ ਹੋ। ਇਸ ਲਈ ਸਿਰਫ ਸਿੰਗ ਫਸਾਉਣ ਲਈ ਹੀ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਵਾਂਗਾ`।

ਗੁਰਪ੍ਰੀਤ ਸਿੰਘ ਨੇ ਇਹ ਲਿਖ ਕੇ ਹੈਰਾਨ ਹੀ ਕਰ ਦਿੱਤਾ ਕਿ ‘ਪਹਿਲਾਂ ਤੁਸੀਂ ਦਸੋ ਕੀ ਆਪ ਜੀ ਨੂੰ ਕਿਸ ਨੇ ਕਿਹਾ ਹੈ ਕੇ ਰਾਗਾਂ ਦੇ ਪੁੱਤਰ ੪੮ ਬਣਦੇ ਹਨ? ਇਸ ਤੋਂ ਸਾਫ਼ ਪਤਾ ਚਲਦਾ ਹੈ ਕੇ ਆਪ ਨੂੰ ਜਿੰਨੀ ਕੁ ਬਾਣੀ ਆਪ ਮੰਨਦੇ ਹੋ ਉਸ ਬਾਰੇ ਵੀ ਕਿਨਾ ਕੁ ਗਿਆਨ ਹੈ …। ` ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ, ਰਾਗਮਾਲਾ ਦਾ ਜੇ ਕੋਈ ਸਮਰਥਕ ਇਹ ਸ਼ਬਦ ਕਹੇ ਕਿ ਤੁਹਾਨੂੰ ਕਿਸ ਨੂੰ ਕਿਹਾ ਹੈ ਕਿ ਰਾਗਾਂ ਦੇ ਪੁੱਤਰ ੪੮ ਬਣਦੇ ਹਨ ਤੇ ਉਲਟਾ ਇਹ ਸ਼ੱਕ ਵੀ ਕਰੇ ਕਿ ੪੮ ਪੁੱਤਰ ਕਹਿਣ ਵਾਲੇ ਨੂੰ ਗੁਰਬਾਣੀ ਦਾ ਕੋਈ ਗਿਆਨ ਨਹੀਂ ਹੈ, ਸਚ ਕੀ ਬੇਲਾ ਦਾ ਸੰਪਾਦਕ ਇੰਨੀ ਕੁ ਸੋਝੀ ਰੱਖਣ ਵਾਲੇ ਨੂੰ ਸ਼ਾਬਾਸ਼ ਦਿੰਦਾ ਹੋਇਆ ਲਿਖੇ ‘ਵਾਹ! ਖ਼ਾਲਸਾ ਜੀ ਵਾਹ- ਵਿਰੋਧੀਆਂ ਦੇ ਪਾੜੇ ਵਿੱਚ ਪਾਈਆਂ ਭਾਜੜਾਂ, ਲਵਾਤੀ ਗੋਡੀ ਭਾਈ ਗੁਰਪ੍ਰੀਤ ਸਿੰਘ ਕੈਲੇਫ਼ੋਰਨੀਆਂ ਨੇ`। ਗੁਰਪ੍ਰੀਤ ਸਿੰਘ ਨੇ ਮੇਰੇ ਸਵਾਲਾਂ ਦਾ ਜਵਾਬ ਤਾਂ ਨਾ ਦਿੱਤਾ ਪਰ ਲਿਖਿਆ ਕਿ ‘ਪਹਿਲੀ ਗਲ ਹਾਂ ਜੀ ਮੈਂ ਸੰਤੁਸ਼ਟ ਹੋ ਜਾਵਾਂਗਾ ਅਗਰ ਆਪ ਉਸ ਪੰਗਤੀ ਦੇ ਅਰਥ ਸਹੀ ਸਹੀ ਕਰ ਸਕੋ ਜਿਸ ਦੀ ਕੀ ਉਮੀਦ ਨਹੀ। … … … …. . ਬਾਕੀ ਅਗਰ ਤੁਸੀਂ ਬਾਂਹ ਛੁਡਾ ਕੀ (ਕੇ) ਭਜਨਾ ਚਾਹੁੰਦੇ ਹੋ ਤਾਂ ਅਸੀਂ ਕਦੀ ਭਜਦੇ ਹੋਏ ਤੇ ਵਾਰ ਨਹੀ ਕੀਤਾ। `

ਕਿਉਂਕਿ ਇਸ ਨੇ ਮੇਰੇ ਸਵਾਲ ਦਾ ਕੋਈ ਉਤਰ ਨਹੀਂ ਦਿੱਤਾ ਸੀ ਇਸ ਲਈ ਇਸ ਦੇ ਜਵਾਬ ਦੀ ਉਡੀਕ ਵਿੱਚ ਮੈਂ ਵੀ ੨੫ ਜਨਵਰੀ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਪੂਰੇ ੬ ਦਿਨ ਉਡੀਕਣ ਪਿਛੋਂ ਮੈਂ ਸੋਚਿਆ ਕਿ ਗੁਰਪ੍ਰੀਤ ਸਿੰਘ ਜੀ ਕਦੀ ਇਹ ਨਾ ਸਮਝ ਜਾਣ ਕਿ ਮੈਂ ਇਸ ਵਲੋਂ ਪੁੱਛੀ ਗਈ ਤੁਕ ਦੇ ਅਰਥ ਨਹੀਂ ਦੱਸ ਸਕਿਆ ਸ਼ਾਇਦ ਇਸੇ ਕਾਰਣ ਉਸ ਦੀ ਰਾਗਮਾਲਾ ਸਬੰਧੀ ਤਸੱਲੀ ਨਹੀਂ ਹੋ ਸਕੀ। ਇਸ ਲਈ ਸਪਸ਼ਟ ਕਰਨ ਲਈ ੨੫ ਜਨਵਰੀ ਨੂੰ ਇਨ੍ਹਾਂ ਨੂੰ ਸਿਰਫ ਇੱਕ ਤੁਕ ਦੇ ਹੀ ਨਹੀਂ ਸਗੋਂ ਮੁੰਦਾਵਣੀ ਮਹਲਾ ੫ ਅਤੇ ਸਲੋਕ ਮਹਲਾ ੫ ਦੋਹਾਂ ਦੇ ਹੀ ਅਰਥ ਲਿਖ ਕੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਟੀਕਾ ਛਾਪਕ ਸ੍ਰੀ ਅਮੀਰ ਭੰਡਾਰ ਟੀਕਾਕਾਰ ਸੰਤ ਕਿਰਪਾਲ ਸਿੰਘ ਜੀ ਅਤੇ ਫਰੀਦਕੋਟੀ ਟੀਕਾ ਜਿਨ੍ਹਾਂ ਨੂੰ ਤੁਸੀਂ ਜਿਆਦਾ ਮਾਨਤਾ ਦਿੰਦੇ ਹੋ ਦੋਵਾਂ ਵਿੱਚ ਹੀ ਮੁੰਦਾਵਣੀ ਦੇ ਅਰਥ ਲੱਗਪੱਗ ਇੱਕੋ ਜਿਹੇ ਅਰਥ ਹਨ: ਮੁੰਦਾਵਣੀ ਦਾ ਅਰਥ ਮੋਹਰ ਛਾਪ ਹੈ। ਜਿਵੇਂ ਬਾਦਸ਼ਾਹ ਆਪਣੇ ਰੁਬਰੂ ਥੈਲੇ ਵਿੱਚ ਹੀਰੇ ਰਤਨ ਜਵਾਹਰ ਆਦਿਕਾਂ ਨੂੰ ਪਾ ਕੇ ਉਪਰੋਂ ਮੋਹਰ ਲਗਵਾ ਦਿੰਦੇ ਹਨ ਤਾਂ ਕਿ ਇਸ ਥੈਲੇ ਨੂੰ ਕੋਈ ਖੋਲ੍ਹ ਨਾ ਸਕੇ, ਨਾ ਹੀ ਕੋਈ ਅਦਲਾ ਬਦਲੀ ਕਰ ਸਕੇ। ਭਾਵ ਨਾ ਕੋਈ ਕੁੱਝ ਕੱਢ ਸਕੇ, ਨਾ ਕੁੱਝ ਪਾ ਸਕੇ। ਏਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਬਾਣੀ ਰੂਪ ਥੈਲੇ ਵਿੱਚ…. . ਇਤਿਆਦਿਕ ਸ਼ੁਭ-ਗੁਣ ਪਾ ਕੇ ਹੁਣ ਮੁੰਦਾਵਣੀ = ਮੋਹਰਛਾਪ ਲਾਉਂਦੇ ਹਨ ਤਾ ਕਿ ਇਸ ਨੂੰ ਕੋਈ ਆਪਣੀ ਮਨਮਤ ਅਨੁਸਾਰ ਘਟਾ ਵਧਾ ਨਾ ਸਕੇ। ` ਸੋ ਇਸ ਦਾ ਭਾਵ ਹੈ ਕਿ ਗੁਰਬਾਣੀ ਸਿਰਫ ਇਥੋਂ ਤੱਕ ਹੀ ਹੈ।

੨੬ ਜਨਵਰੀ ਨੂੰ ਗੁਰਪ੍ਰੀਤ ਸਿੰਘ ਨੇ ਮੇਰੇ ਵਲੋਂ ਕੀਤੇ ਅਰਥਾਂ `ਤੇ ਕੋਈ ਟਿੱਪਣੀ ਨਹੀਂ ਕੀਤੀ ਜਿਸ ਦਾ ਭਾਵ ਹੈ ਕਿ ਉਸ ਦੀ ਮੇਰੇ ਵਲੋਂ ਕੀਤੇ ਅਰਥਾਂ ਨਾਲ ਸਹਿਮਤੀ ਸੀ ਪਰ ਇਸ ਦੇ ਬਾਵਯੂਦ ਆਪਣੇ ਹੀ ਕੀਤੇ ਵਾਅਦੇ ਅਨੁਸਾਰ ਉਸ ਨੇ ਗੁਰਬਾਣੀ ਦਾ ਇੱਥੋਂ ਤੱਕ ਹੋਣਾ ਨਾ ਮੰਨਿਆਂ ਤੇ ਸੰਪਾਦਕ ਸ: ਮੱਖਣ ਸਿੰਘ ਨੂੰ ਲਿਖਿਆ: ‘ਹੁਣ ਸ: ਕਿਰਪਾਲ ਸਿੰਘ ਬਠਿੰਡਾ ਰਾਗਮਾਲਾ `ਤੇ ਚਰਚਾ ਕਰਨਾ ਚਾਹੁੰਦੇ ਹਨ। ਇਹ ਚਰਚਾ ਤਾਂ ਹੀ ਹੋ ਸਕਦੀ ਹੈ ਅਗਰ ਇਸ ਨੂੰ ਫਿਰ ਵਿਚਾਲੇ ਹੀ ਬੰਦ ਨਾ ਕਰ ਦਿਤਾ।

***********************

ਇਸ `ਤੇ ਸੰਪਾਦਕੀ ਟਿੱਪਣੀ ਕਰਦਿਆਂ ਸ: ਮੱਖਣ ਸਿੰਘ ਜੀ ਨੇ ਲਿਖਿਆ:- ਗੁਰਪ੍ਰੀਤ ਸਿੰਘ ਜੀ ਗੱਲ ਨੂੰ ਜਾਣ ਬੁੱਝ ਕੇ ਬਦਲ ਕੇ ਝੂਠੀ ਬਣਾ ਕੇ ਨਾ ਪੇਸ਼ ਕਰੋ। … … … … ਕਿਰਪਾਲ ਸਿੰਘ ਨੇ ਕਿਤੇ ਨਹੀਂ ਲਿਖਿਆ ਕਿ ਉਹ ਰਾਗਮਾਲਾ ਬਾਰੇ ਚਰਚਾ ਕਰਨੀ ਚਾਹੁੰਦੇ ਹਨ। ਤੁਸੀਂ ਉਹਨਾ ਨੂੰ ਕੁੱਝ ਸਵਾਲ ਕੀਤੇ ਸੀ ਤਾਂ ਉਹਨਾ ਨੇ ਜਵਾਬ ਦਿੱਤੇ। ਜੇ ਕਰ ਉਹ ਜਾਂ ਕੋਈ ਹੋਰ ਸਪਸ਼ਟ ਸ਼ਬਦਾਂ ਵਿੱਚ ਕਹੇ ਕਿ ਮੈਂ ਇਸ ਬਾਰੇ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ ਹਾਂ ਤਾਂ ਸ਼ੁਰੂ ਹੋ ਸਕਦੀ ਹੈ ਨਹੀਂ ਤਾਂ ਨਹੀਂ)

ਕਿਉਂਕਿ ੨੬ ਜਨਵਰੀ ਦੀ ਸੰਪਾਦਕੀ ਟਿੱਪਣੀ ਵਿੱਚ ਸੰਪਾਦਕ ਸਾਹਿਬ ਨੇ ਗੁਰਪ੍ਰੀਤ ਸਿੰਘ ਨਾਲ ਵੀਚਾਰ ਚਰਚਾ ਜਾਰੀ ਰੱਖਣ ਲਈ ਸਪਸ਼ਟ ਸ਼ਬਦਾਂ ਵਿੱਚ ਮੇਰੀ ਸਹਿਮਤੀ ਜਾਨਣੀ ਚਾਹੀ ਸੀ ਇਸ ਲਈ ਮੈਂ ੨੭ ਜਨਵਰੀ ਨੂੰ ਸੰਪਾਦਕ ਤੇ ਪਾਠਕ ਵੀਰਾਂ ਨੂੰ ਸਬੋਧਨ ਕੀਤੇ ਪੱਤਰ ਵਿੱਚ ਗੁਰਪ੍ਰੀਤ ਸਿੰਘ ਵਲੋਂ ਕੀਤੀਆਂ ਗਲਤ ਬਿਆਨੀਆਂ ਦੀ ਸੂਚੀ ਪੇਸ਼ ਕਰ ਕੇ ਲਿਖਿਆ ‘ਵੈਸੇ ਤਾਂ ਸਮੇਂ ਦੀ ਮੰਗ ਇਹੋ ਹੈ ਕਿ ਪੰਥ ਵਿੱਚ ਵਧ ਰਹੇ ਵਿਵਾਦਾਂ ਦੇ ਹੱਲ ਲਈ ਵਿਰੋਧੀ ਵੀਚਾਰਾਂ ਵਾਲਿਆਂ ਨਾਲ ਉਸਾਰੂ ਵੀਚਾਰ ਚਰਚਾ ਹੋਣੀ ਚਾਹੀਦੀ ਹੈ, ਤਾ ਕਿ ਸਮੁਚੇ ਵਿਵਾਦਾਂ ਦਾ ਹੱਲ ਕਰਕੇ ਪੰਥ ਵਿੱਚ ਏਕਤਾ ਹੋ ਸਕੇ ਤੇ ਵਿਵਾਦਾਂ ਵਿੱਚ ਅਜਾਂਈ ਕੀਤੀ ਜਾ ਰਹੀ ਸ਼ਕਤੀ ਤੇ ਸਮਾ ਪੰਥ ਦੇ ਉਸਾਰੂ ਕੰਮਾਂ ਲਈ ਵਰਤਿਆ ਜਾ ਸਕੇ। ਪਰ ਜਿਸ ਤਰ੍ਹਾਂ ਸ: ਗੁਰਪ੍ਰੀਤ ਸਿੰਘ ਜੀ ਦਾ ਵਤੀਰਾ ਹੈ ਇਸ ਨੂੰ ਵੇਖ ਕੇ ਲਗਦਾ ਹੈ ਕਿ ਇਸ ਨਾਲ ਵੀਚਾਰ ਚਰਚਾ ਕਰਨਾ ਸਮਾ ਤੇ ਸ਼ਕਤੀ ਨਸ਼ਟ ਕੀਤੇ ਜਾਣ ਤੋਂ ਵੱਧ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ। ਤੁਸੀਂ ਵੇਖ ਰਹੇ ਹੋ ਕਿ ਇਹ ਮੰਨ ਕੇ ਵੀ ਕਿ `ਤੀਨਿ` ਦੇ ਅਰਥ` ਤਿੰਨ` ਹੀ ਹਨ ਆਪਣੀ ਲੱਤ ਉੱਪਰ ਰੱਖਦੇ ਹੋਏ ਲਿਖ ਰਹੇ ਹਨ: ‘ਇਥੇ ਤਿੰਨ ਹੀ ਹੈ। ਇਸ ਗਲ ਵਿੱਚ ਕੋਈ ਦੋ ਰਾਏ ਨਹੀ ਹੈ। ਪਰ ਵੀਰ ਜੀਓ ਅਗਰ ਆਪ ਨੇ ਇਤਨਾ ਲੰਬਾ ਲੇਖ ਲਿਖਣ ਦੀ ਬਜਾਏ ਇਹਨਾ ਪੰਗਤੀਆਂ ਨੂੰ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਆਪ ਨੂੰ ਪਤਾ ਹੁੰਦਾ ਕੀ (ਕਿ) ਆਪ ਕੀ ਲਿਖ ਰਹੇ ਹੋ। ਗਲਤੀ ਆਪ ਦੀ ਵੀ ਨਹੀ ਹੈ ਹੁਣ ਸੰਪਾਦਕ ਦੇ ਜਿਮੇਦਾਰੀ ਵੀ ਆਪ ਜੀ ਤੇ ਹੀ ਆ ਗਈ ਹੈ। … … …. . ਪਰ ਵੀਰ ਜੀ ਕੀ ਆਪ ਨੂੰ ਤਿਨਿ ਅਤੇ ਤੀਨਿ ਵਿੱਚ ਸਚੀਂ ਕੋਈ ਫ਼ਰਕ ਨਜ਼ਰ ਨਹੀ ਆ ਰਿਹਾ? ਪਤਾ ਚੱਲ ਗਿਆ ਕੇ ਜਿੰਨੀ ਕੋ ਬਾਣੀ ਤੁਸੀਂ ਮੰਨਦੇ ਹੋ ਉਸ ਬਾਰੇ ਵੀ ਕੀਨੇ ਕੁ ਜਾਗਰੂਕ ਹੋ`।

ਹੁਣ ਜਿਸ ਵਿਅਕਤੀ ਨੂੰ ਤਿਨਿ ਅਤੇ ਤੀਨਿ ਦੇ ਫ਼ਰਕ ਜਾਂ ਸਮਾਨਤਾ ਦੀ ਸੋਝੀ ਨਹੀਂ ਉਹ ਕੀ ਸਮਝੇਗਾ ਕਿ:-

ਜਿਨਿ ਸੇਵਿਆ ਤਿਨਿ ਪਾਇਆ ਮਾਨੁ।। (ਜਪੁਜੀ ਸਾਹਿਬ ਪਉੜੀ ੫)

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। (ਜਪੁਜੀ ਸਾਹਿਬ ਪਉੜੀ ੩੦)

ਉਕਤ ਦੋ ਤੁਕਾਂ ਵਿੱਚ ਵਰਤਿਆ ਗਿਆ ਸ਼ਬਦ `ਤਿਨਿ` ਦਾ ਇੱਕੋ ਰੂਪ ਹੋਣ ਦੇ ਬਾਵਯੂਦ ਵੀ ਇਨ੍ਹਾਂ ਦਾ ਉਚਾਰਣ ਅਤੇ ਅਰਥ ਵੱਖੋ ਵਖਰੇ ਹਨ। ਫਿਰ ਇਸ ਨੂੰ ਕਿਵੇਂ ਸਮਝਾਈਏ ਕਿ `ਮੁੰਦਾਵਣੀ` ਦੇ ਦੋ ਅਰਥ ਵੀ ਹੋ ਸਕਦੇ ਹਨ। ਹੋਰ ਵੇਖੋ ਇਹ ਤਾਂ-`ਵੈਸੇ ਵੀ ਗੁਰੂ ਗਰੰਥ ਸਾਹਿਬ ਅਕਾਲ ਦੀ ਉਸਤਤ ਹੈ ਅਤੇ ਅਕਾਲ ਦੀ ਉਸਤਤ ਤੇ ਸੰਪੂਰਨਤਾ ਦੇ ਮੋਹਰ ਕਿਵੇਂ ਲਗ ਸਕਦੀ ਹੈ? ` ਲਿਖ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਧੂਰਾ ਦੱਸ ਕੇ ‘ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।। ` (ਪੰਨਾ ੧੪੧੨) ਦੇ ਗੁਰਫ਼ੁਰਮਾਨ ਨੂੰ ਵੀ ਚੁਣੌਤੀ ਦੇ ਰਿਹਾ ਹੈ ਫਿਰ ਇਸ ਨਾਲ ਵੀਚਾਰ ਚਰਚਾ ਕਰਨ ਦਾ ਕੋਈ ਲਾਭ ਹੋ ਸਕਦਾ ਹੈ? ਪਰ ਇਸ ਦੇ ਬਾਵਯੂਦ ਜੇ ਸੰਪਾਦਕ ਸਾਹਿਬ ਅਤੇ ਪਾਠਕ ਸਾਹਿਬਾਨ ਚਾਹੁੰਣ ਤਾਂ ਮੈਂ ਇਸ ਨਾਲ ਵੀਚਾਰ ਚਰਚਾ ਕਰਨ ਲਈ ਤਿਆਰ ਹਾਂ ਬਸ਼ਰਤੇ ਕਿ ਪਹਿਲਾਂ ਇਹ ਆਪਣੀਆਂ ਹੀ ਲਿਖਤਾਂ ਵਿੱਚ ਕੀਤੀਆਂ ਗਲਤ ਬਿਆਨੀਆਂ ਦਾ ਜਵਾਬ ਦੇਣ।

ਗੁਰਪ੍ਰੀਤ ਸਿੰਘ ਨੇ ਕਿਸੇ ਵੀ ਗੱਲ ਦਾ ਵੀ ਸਪਸ਼ਟ ਉੱਤਰ ਦੇਣ ਦੀ ਥਾਂ ਸੰਪਾਦਕ ਸਾਹਿਬ `ਤੇ ਉਨ੍ਹਾਂ (ਗੁਰਪ੍ਰੀਤ ਸਿੰਘ) ਨੂੰ ਨਾ ਸਮਝਣ ਦਾ ਦੋਸ਼ ਲਾਉਂਦਿਆਂ ਲਿਖਿਆ: ‘ਮੈਂ ਤੇ ਕੀਤੇ (ਕਿਤੇ) ਨਹੀ ਲਿਖਿਆ ਕੇ ਕੇ (ਕਿ) ਤੁਸੀਂ ਇਹ ਲਿਖਿਆ ਹੈ ਕੇ (ਕਿ) ਗੁਰਚਰਨ ਸਿੰਘ ਉਲਝ ਗਿਆ। ਤੁਸੀਂ ਕਿਥੇ ਪੜਿਆ (ਪੜ੍ਹਿਆ)। ਮੈਂ ਤੇ ਲਿਖਿਆ ਸੀ ਕੇ ਤੁਸੀਂ ਸਮਝ ਗਏ ਸੀ। ਤੁਸੀਂ ਵੀ ਬਿਲਕੁਲ ਗੁਰਚਰਨ ਸਿੰਘ ਵਾਲੀ ਹੀ ਗੱਲ ਕੀਤੀ। … … … ਇਧ੍ਰਲੀਆਂ ਉਧਰਲੀਆਂ ਕੋਣ (ਕੌਣ) ਮਾਰ ਰੇਹਾ (ਰਿਹਾ) ਹੈ ਇਹ ਤਾਂ ਸਾਰੇ ਪਾਠਕ ਦੇਖ ਹੀ ਰਹੇ ਹਨ। ਸੋ ਘਟੋ ਘਟ ਆਪ ਤੋਂ ਤਾਂ ਇਹ ਉਮੇਦ (ੳਮੀਦ) ਨਹੀ ਕੀਤੀ ਜਾ ਸਕਦੀ …. ` ਸੋ ਸੰਪਾਦਕ ਸਾਹਿਬ ਜੀ ਵੀ ਸਮਝ ਗਏ ਇਸ ਬੰਦੇ ਨਾਲ ਵੀਚਾਰ ਚਰਚਾ ਕਰਨੀ ਪਾਣੀ ਰਿੜਕਣ ਤੋਂ ਵੱਧ ਕੁੱਝ ਨਹੀਂ। ਇਸ ਲਈ ਉਸ ਦੀ ਉਕਤ ਕੀਤੀ ਗਲਤ ਬਿਆਨੀ ਨੂੰ ਝੂਠਾ ਹੋਣ ਦੇ ਸਬੂਤ ਵਜੋਂ ਇਸੇ ਦੇ ਪੱਤਰ ਵਿਚੋਂ ਹੀ ਕਾਪੀ ਪੇਸਟ ਕਰਕੇ ਇਸ ਨੂੰ ਝੂਠਾ ਸਿੱਧ ਕਰਕੇ ਅੱਗੇ ਤੋਂ ਇਸ ਦੀਆਂ ਲਿਖਤਾਂ `ਤੇ ਪਾਬੰਦੀ ਲਾ ਦਿੱਤੀ।

ਪਰ ਸੱਚ ਕੀ ਬੇਲਾ ਦੇ ਸੰਪਾਦਕ ਸ: ਅਨਭੋਲ ਸਿੰਘ ਜੀ ਨੇ ਤਾਂ ਉਸ ਗੁਰਪ੍ਰੀਤ ਸਿੰਘ, ਜਿਸ ਨੂੰ ਨਾ ਤਿਨਿ ਅਤੇ ਤੀਨਿ ਦੇ ਅੰਤਰ ਦਾ ਪਤਾ ਹੈ ਨਾ ਤਿਨਿ ਅਤੇ ਮੁੰਦਾਵਣੀ ਦੀ ਪ੍ਰਸੰਗ ਅਨੁਸਾਰ ਅਰਥਾਂ ਦੀ ਸੋਝੀ ਹੈ, ਨਾ ਇਹ ਯਾਦ ਰਹਿੰਦਾ ਹੈ ਕਿ ਉਹ ਆਪਣੀ ਪਿਛਲੀ ਚਿੱਠੀ ਵਿੱਚ ਕੀ ਲਿਖ ਚੁੱਕਾ ਹੈ ਤੇ ਹੁਣ ਕੀ ਪੁੱਛਣਾ ਚਾਹੁੰਦਾ ਹੈ, ਨੂੰ ਵਿਰੋਧੀਆਂ ਦੇ ਪਾੜੇ ਵਿੱਚ ਭਾਜੜਾਂ ਪਾਉਣ ਤੇ ਗੋਡੀ ਲਵਾਉਣ ਵਾਲਾ ਦੱਸ ਕੇ ਸ਼ਾਬਾਸ਼ ਦਿੱਤੀ ਹੈ, ਇਸ ਨੇ ਤਾਂ ਬਲਦ ਮੂਤਣੇ ਲਿਖਣ ਵਾਲੇ ਮਸ਼ਕਰਿਆਂ ਨੂੰ ਵੀ ਮਾਤ ਪਾ ਦਿਤੀ ਹੈ। ਉਨ੍ਹਾਂ ਮਸ਼ਕਰਿਆਂ ਵਾਰੇ ਤਾਂ ਕਿਹਾ ਜਾ ਸਕਦਾ ਹੈ ਕਿ ਉਹ ਤਾਂ ਵਿਹਲੇ ਬੈਠੇ ਟਾਈਮ ਪਾਸ ਕਰਨ ਲਈ ਹਾਸਾ ਮਖੌਲ ਕਰ ਰਹੇ ਹੁੰਦੇ ਹਨ ਪਰ ਇੰਟਰਨੈੱਟ ਤੇ ਧਾਰਮਿਕ ਵਿਸ਼ੇ `ਤੇ ਬਹਿਸ ਕਰਨ ਵਾਲੇ ਅਜੇਹੇ ਗੁਰਪ੍ਰੀਤ ਸਿੰਘ ਨੂੰ ਸ਼ਾਬਾਸ਼ ਦੇ ਕੇ ਇੱਕ ਧਾਰਮਿਕ ਰਸਾਲੇ ਦਾ ਸੰਪਾਦਕ ਦੁਨੀਆਂ ਭਰ ਦੇ ਲੋਕਾਂ ਵਿੱਚ ਆਪਣੀ ਬੌਧਿਕਤਾ ਦਾ ਦੀਵਾਲਾ ਕਿਉਂ ਕੱਢ ਰਿਹਾ ਹੈ? ਇਹ ਸਮਝ ਤੋਂ ਬਾਹਰ ਦੀ ਗੱਲ ਹੈ।

ਆਓ ਹੁਣ ਸਿੱਖ ਮਾਰਗ ਦੇ ਰੁੱਖੀ ਭਾਸ਼ਾ ਵਾਲੇ ਇੱਕ ਵਿਦਵਾਨ ਵਲੋਂ ਲਿਖੀ ਇਸ ਲਿਖਤ: `ਭਾਈ ਗੁਰਪ੍ਰੀਤ ਸਿੰਘ ਕਿਸੇ ਦਿਵਾਨੇ ਦਾ ਹੀ ਭਾਈ ਹੈ ਜਿਸਨੂੰ ਸਰਬਜੀਤ ਸਿੰਘ ਕੈਲੇਫੋਰਨੀਆਂ ਤੇ ਉਸਦੇ ਸਾਥੀਆਂ ਨੇ ਭਜਾਇਆ ਹੈ। ਸੱਚ ਕੀ ਬੇਲਾ ਵਾਲੇ ਲਾਂਬੇ ਦੇ ਭਾਈ ਵੀਰ ਹਨ`। ਦੀ ਲਿਖਤ ਦੀ ਪੜਚੋਲ ਕਰੀਏ। ਸ਼ੇਰੇ ਪੰਜਾਬ ਰੇਡੀਓ ਕੈਨੇਡਾ ਦੇ ਹੋਸਟ ਸ: ਕੁਲਦੀਪ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਲਿਆਂ ਦੇ ਧੁਰੰਤਰ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਇਸ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਨੂੰ ਪਿਛਲੇ ਐਤਵਾਰ ਲਾਈਵ ਰੇਡੀਓ ਟਾਕ ਸ਼ੋਅ `ਚ ਪੇਸ਼ ਕੀਤਾ। ਸ: ਪਾਲ ਸਿੰਘ ਪੁਰੇਵਾਲ ਨੇ ਕਿਹਾ ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਤੇ ਸੰਤਾਂ ਨੂੰ ਨਾ ਇਤਿਹਾਸ ਅਤੇ ਨਾ ਹੀ ਕੈਲੰਡਰ ਸਬੰਧੀ ਕੋਈ ਜਾਣਕਾਰੀ ਐ। ਪਿਛਲੇ ੧੨ ਸਾਲਾਂ ਤੋਂ ਉਹੀ ਗੱਲਾਂ ਵਾਰ ਵਾਰ ਕਰ ਰਹੇ ਹਨ ਪਰ ਹੁਣ ਤੱਕ ਨਾ ਕੋਈ ਕੈਲੰਡਰ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਣਗੇ। ਇਨ੍ਹਾਂ ਦੀ ਜਾਣਕਾਰੀ ਸਬੰਧੀ ਚਾਨਣਾ ਪਾਉਂਦਿਆਂ ਸ: ਪੁਰੇਵਾਲ ਨੇ ਦੱਸਿਆ ਕਿ ਇੱਕ ਮੀਟਿੰਗ ਵਿੱਚ ਡਾ: ਅਨੁਰਾਗ ਸਿੰਘ ਉਨ੍ਹਾਂ ਨੂੰ ਕਹਿਣ ਲੱਗੇ ਪੁਰੇਵਾਲ ਸਾਹਿਬ ਤੁਸੀਂ ਦੀਵਾਲੀ ਦਾ ਨਾਮ ਹੀ ਬਦਲ ਕੇ ਬੰਦੀ ਛੋੜ ਦਿਵਸ ਕਰ ਦਿੱਤਾ। ਬੰਦੀ ਛੋੜ ਦਿਵਸ ਦਾ ਤਾਂ ਇਤਿਹਾਸ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦਾ ਜਿਕਰ ਗੁਰੂ ਕੀਆਂ ਸਾਖੀਆਂ ਵਿੱਚ ਹੈ ਤਾਂ ਉਨ੍ਹਾਂ ਆਪਣੇ ਝੋਲ੍ਹੇ `ਚੋਂ ਗੁਰੂ ਕੀਆਂ ਸਾਖੀਆਂ ਪੁਸਤਕ ਕੱਢ ਕੇ ਫੜਾ ਦਿੱਤੀ ਤੇ ਕਹਿਣ ਲੱਗੇ ਕਿ ਇਸ ਵਿੱਚ ਤਾਂ ਗੁਰੂ ਹਰਿਗੋਬਿੰਦ ਸਾਹਿਬ ਦਾ ਹੀ ਜ਼ਿਕਰ ਨਹੀਂ ਬੰਦੀ ਛੋੜ ਦਿਵਸ ਦਾ ਜ਼ਿਕਰ ਕਿਥੋਂ ਹੋਣਾ ਹੈ? ਸ: ਪੁਰੇਵਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਤੋਂ ਪੁਸਤਕ ਫੜ ਕੇ ਵਿਖਾ ਦਿਤਾ ਕਿ ਆਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜ਼ਿਕਰ ਹੈ ਤਾਂ ਬਾਬਾ ਹਰੀ ਸਿੰਘ ਰੰਧਾਵਾ ਕਹਿਣ ਲੱਗੇ ਕਿ ਗੱਲ ਤਾਂ ਬੰਦੀ ਛੋੜ ਦਿਵਸ ਦੀ ਹੋ ਰਹੀ ਸੀ ਉਹ ਵਿਖਾਓ ਕਿਥੇ ਹੈ? ਜਦੋਂ ਦੁਬਾਰਾ ਕੁੱਝ ਵਰਕੇ ਫਰੋਲ ਕੇ ਵਿਖਾਇਆ ਕਿ ਇਸ ਪਹਿਰੇ ਵਿੱਚ ਬੰਦੀ ਛੋੜ ਦਿਵਸ ਦਾ ਜ਼ਿਕਰ ਹੈ ਤਾਂ ਰੰਧਾਵਾ ਜੀ ਕਹਿਣ ਲੱਗੇ ਹਾਂ ਹੈ ਤਾਂ ਸਹੀ। ਉਸ ਸਮੇਂ ਨਿਸ਼ਾਨ ਸਾਹਿਬ ਵੀ ਕੋਲ ਹੀ ਬੈਠੇ ਸਨ। ਇਨ੍ਹਾਂ ਨੇ ਆਪਣੀ ਪਹਿਲੀ ਚਿੱਠੀ ਵਿੱਚ ਲਿਖਿਆ ਕਿ ਸਾਰੀਆਂ ਸੰਗਰਾਂਦਾਂ ਅੰਗਰੇਜੀ ਮਹੀਨੇ ਦੀਆਂ ੧੩ ਨੂੰ ਕਰ ਦਿਓ। ਜਦੋਂ ਇਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਸਵਾਲ ਆਪਾ ਵਿਰੋਧੀ ਹਨ। ਇੱਕ ਪਾਸੇ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲੀ ਜਨਵਰੀ ਨੂੰ ਕਰਨ ਲਈ ਕਹਿ ਰਹੇ ਹੋ ਜਿਹੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੈ ਤੇ ਦੂਸਰੇ ਪਾਸੇ ਸੰਗ੍ਰਾਂਦਾਂ ਗੈਰੇਗੋਰੀਅਨ ਕੈਲੰਡਰ ਮੁਤਾਬਕ ਨਿਸਚਤ ਕਰਨ ਲਈ ਕਹਿ ਰਹੇ ਹੋ। ਦੂਸਰੀ ਚਿੱਠੀ ਵਿੱਚ ਕਹਿਣ ਲੱਗੇ ਕਿ ਫਿਰ ਵੈਸਾਖੀ ੧੦ ਅਪ੍ਰੈਲ ਦੀ ਕਰ ਦੇਵੋ। ਇਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਵੀ ਗਲਤ ਹੈ ਕਿ ੧੯੯੯ ਨੂੰ ਬੇਸ ਮੰਨ ਕੇ ਵੈਸਾਖੀ ੧੦ ਅਪ੍ਰੈਲ ਦੀ ਨਹੀਂ ੯ ਅਪ੍ਰੈਲ ਦੀ ਬਣਦੀ ਹੈ ਜੇ ੧੪੬੯ ਨੂੰ ਬੇਸ ਮੰਨਣਾ ਹੈ ਤਾਂ ੨੭ ਮਾਰਚ ਕਰਨਾ ਪਏਗਾ। ਕੀ ਇਹ ਮੰਨ ਲਵੋਗੇ? ਸ: ਪੁਰੇਵਾਲ ਨੇ ਕਿਹਾ ਕਿ ਇਨ੍ਹਾਂ ਦੀਆਂ ਚਿਠੀਆਂ ਮੁਤਾਬਕ ਇਹ ਉਸ ਵੇਲੇ ਸਗ੍ਰਾਂਦ ਬਦਲਣ ਲਈ ਤਿਆਰ ਸਨ ਪਰ ਅੱਜ ਰੌਲਾ ਪਾ ਰਹੇ ਹਨ ਕਿ ਸੰਗ੍ਰਾਂਦ ਕੁਦਰਤੀ ਨਿਯਮਾਂ ਮੁਤਾਬਕ ਹੈ ਇਹ ਬਦਲੀ ਨਹੀਂ ਜਾ ਸਕਦੀ। ਸਾਰੇ ਪੰਡਤ ਅਤੇ ਵਿਗਿਆਨੀ ਇਹ ਗੱਲ ਮੰਨ ਰਹੇ ਹਨ ਕਿ ਬਿਕ੍ਰਮੀ ਕੈਲੰਡਰ ਰੁੱਤਾਂ ਮੁਤਾਬਕ ਨਹੀਂ ਹਨ ਤੇ ਹੁਣ ਤੱਕ ੨੪ ਦਿਨ ਦਾ ਫਰਕ ਪੈ ਚੁੱਕਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੈਸਾਖੀ ੧੧ ਅਪ੍ਰੈਲ ਨੂੰ ਸੀ, ਮੇਰੇ ਪਾਸ ੧੮੭੮ ਦੀ ਇੱਕ ਉਰਦੂ ਦੀ ਯੰਤਰੀ ਪਈ ਜਿਸ ਵਿੱਚ ਵੈਸਾਖੀ ੧੧ ਅਪ੍ਰੈਲ ਦੀ ਹੈ, ਫਿਰ ੧੩ ਅਪ੍ਰੈਲ, ੧੯੯੯ ਵਿੱਚ ੧੪ ਅਪ੍ਰੈਲ, ਹੁਣ ਕਦੀ ੧੩ ਤੇ ਕਦੀ ੧੪ ਅਪ੍ਰੈਲ, ੨੧੦੦ ਵਿੱਚ ੧੫ ਅਪ੍ਰੈਲ, ੨੧੯੯ ਵਿੱਚ ੧੬ ਅਪ੍ਰੈਲ, ੨੯੯੯ ਵਿੱਚ ੨੭ ਅਪ੍ਰੈਲ ਅਤੇ ੧੩੦੦ ਸਾਲ ਪਿਛੋਂ ਅਕਤੂਬਰ ਵਿੱਚ ਆਵੇਗੀ। ਇਸ ਤਰ੍ਹਾਂ ਰੁਤਾਂ ਨਾਲੋਂ ਬਿਕ੍ਰਮੀ ਸੰਮਤ ਦਾ ਸਬੰਧ ਪੂਰੀ ਤਰ੍ਹਾਂ ਟੁੱਟ ਜਾਵੇਗਾ ਜਦੋਂ ਕਿ ਗੁਰਬਾਣੀ ਵਿੱਚ ਵਰਤੇ ਗਏ ਮਹੀਨਿਆਂ ਦਾ ਸਬੰਧ ਰੁੱਤਾਂ ਨਾਲ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਮਹੀਨਿਆਂ ਦਾ ਸਬੰਧ ਕਦੀ ਵੀ ਰੁਤਾਂ ਨਾਲੋਂ ਨਹੀਂ ਟੁੱਟੇਗਾ। ਇਨ੍ਹਾਂ ਨੂੰ ਇਸ ਗੱਲ ਦੀ ਕੋਈ ਸੋਝੀ ਨਹੀਂ ਤੇ ਐਵੇਂ ਹੀ ਰੱਟ ਲਾ ਰੱਖੀ ਹੈ ਕਿ ਬਿਕ੍ਰਮੀ ਯੰਤਰੀ ਵਿੱਚ ਕੋਈ ਗਲਤੀ ਨਹੀਂ ਹੈ, ਤੇ ਨਾਨਕਸ਼ਾਹੀ ਕੈਲੰਡਰ ਗਲਤ ਹੈ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਾਲੇ ਲੇਖ ਵਿੱਚ ਸਾਫ ਤੌਰ ਤੇ ਲਿਖਿਆ ਹੈ ਕਿ ੧੯੯੯ ਵਿੱਚ ਗੁਰਪੁਰਬਾਂ ਦੀਆਂ ਤਰੀਖਾਂ ਨਾਨਕਸ਼ਾਹੀ ਕੈਲੰਡਰ ਵਿੱਚ ਬਦਲ ਦਿਤੀਆਂ ਗਈਆਂ ਹਨ ਤੇ ਇਹ ਤਰੀਖਾਂ ਅੰਗਰੇਜੀ ਮਹੀਨਿਆਂ ਦੀਆਂ ਨਹੀਂ ਪ੍ਰੀਵਿਸ਼ਟਿਆਂ ਮੁਤਾਬਕ ਰੱਖੀਆਂ ਗਈਆਂ ਹਨ। ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ੫ ਜਨਵਰੀ ਨਹੀਂ ੨੩ ਪੋਹ ਰੱਖਿਆ ਗਿਆ ਹੈ ਜੋ ਹਰ ਸਾਲ ੫ ਜਨਵਰੀ ਨੂੰ ਹੀ ਆਵੇਗਾ। ਉਨ੍ਹਾਂ ਕਿਹਾ ਇਹ ਜਿਹੜਾ ਕਹਿ ਰਹੇ ਹਨ ਕਿ ਬਿਕ੍ਰਮੀ ਯੰਤਰੀ ਵਿੱਚ ਕੋਈ ਗਲਤੀ ਨਹੀਂ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਸਾਲ ਭਾਦੋਂ ਦੇ ਦੋ ਮਹੀਨੇ ਆ ਰਹੇ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਭਾਦੋਂ ਸੁਦੀ ੧ ਦੋ ਵਾਰ ਆਵੇਗੀ। ਪਹਿਲੇ ਮਹੀਨੇ ਦੀ ਭਾਦੋਂ ਸੁਦੀ ੧ ਨੂੰ ਗੁਰਪੁਰਬ ਨਹੀਂ ਮਨਾਇਆ ਜਾਵੇਗਾ ਕਿਉਂਕਿ ਪੰਡਤਾਂ ਅਨੁਸਾਰ ਇਹ ਮਲਮਾਸ ਦਾ ਮਹੀਨਾ ਹੈ ਜੋ ਕਿ ਮਾੜਾ ਹੈ। ਇਸ ਲਈ ਗੁਰਪੁਰਬ ਮਨਉਣ ਲਈ ਇੱਕ ਮਹੀਨਾ ਉਡੀਕ ਕੇ ਮਨਾਉਣਾ ਪਏਗਾ। ਪੁਰੇਵਾਲ ਨੇ ਪੁਛਿਆ ਕਿ ਕੀ ਇਹ ਗੁਰਮਤ ਹੈ। ਇਤਿਹਾਸਕ ਦਿਹਾੜੇ ਨਿਸਚਤ ਕਰਨ ਲਈ ਉਨ੍ਹਾਂ ੩੪ ਇਤਿਹਾਸਕ ਹਵਾਲੇ ਇਕੱਤਰ ਕੀਤੇ ਹਨ। ਇਨ੍ਹਾਂ ਨੇ ਨਾ ਇਹ ਪੁਸਤਕਾਂ ਪੜ੍ਹੀਆਂ ਹਨ ਅਤੇ ਨਾਂ ਹੀ ਇਨ੍ਹਾਂ ਵਾਰੇ ਕੁੱਝ ਪਤਾ ਹੈ ਐਵੇਂ ਹੀ ਕਹੀ ਜਾ ਰਹੇ ਹਨ ਕਿ ਪੁਰੇਵਾਲ ਨੇ ਇਤਿਹਾਸਕ ਤਰੀਖਾਂ ਬਦਲ ਦਿਤੀਆਂ ਹਨ। ਇਨ੍ਹਾਂ ਨਾਲ ਹੋਈ ਹਰ ਮੀਟਿੰਗ ਤੇ ਤਿੰਨ ਵਾਰ ਹੋਈ ਰੇਡੀਓ ਟਾਕ ਸ਼ੋਅ ਵਿੱਚ ਇਨ੍ਹਾਂ ਨੂੰ ਕਹਿੰਦਾ ਆ ਰਿਹਾ ਹਾਂ ਕਿ ਜੇ ਮੇਰੇ ਵਲੋਂ ਬਣਾਇਆ ਗਿਆ ਕੈਲੰਡਰ ਗਲਤ ਹੈ ਤਾਂ ਤੁਸੀਂ ਆਪਣੇ ਵਲੋਂ ਠੀਕ ਬਣਾ ਕੇ ਵਿਖਾਓ ਫਿਰ ਉਸ ਤੇ ਵੀਚਾਰ ਕਰਕੇ ਵੇਖ ਲਵਾਂਗੇ ਪਰ ਇਹ ਅੱਜ ਤੱਕ ਨਾ ਬਣਾ ਸਕੇ ਹਨ ਤੇ ਨਾ ਹੀ ਬਣਾ ਸਕਦੇ ਹਨ। ਕਰਨਲ ਨਿਸ਼ਾਨ ਸਾਹਿਬ ਇਸ ਦਾ ਕੋਈ ਉਤਰ ਨਾ ਦੇ ਸਕੇ ਤੇ ਆਪਣੇ ਪੁਰਾਣੇ ਦੋਸ਼ ਜਿਨ੍ਹਾਂ ਦਾ ਪੁਰੇਵਾਲ ਸਾਹਿਬ ਜਵਾਬ ਦੇ ਚੁੱਕੇ ਸਨ ਉਨ੍ਹਾਂ ਨੂੰ ਹੀ ਵਾਰ ਵਾਰ ਦੁਹਰਾਉਂਦੇ ਰਹੇ।

ਪਿਛਲੇ ਮੰਗਲਵਾਰ ਸ਼ੇਰੇ ਪੰਜਾਬ ਰੇਡੀਓ ਨੇ ਹੀ ਇੱਕ ਹੋਰ ਟਾਕ ਸ਼ੋਅ ਕਰਵਾਇਆ ਜਿਸ ਵਿੱਚ ਰੇਡੀਓ ਹੋਸਟ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਸਿਪਾਹੀ ਮਾਸਕ ਪੱਤਰ ਦੇ ਸੰਪਾਦਕ ਗੁਰਚਰਨਜੀਤ ਸਿੰਘ ਲਾਂਬਾ ਵਲੋਂ ਫਰਵਰੀ ੨੦੧੧ ਅੰਕ ਵਿੱਚ ਲਿਖੀ ਸੰਪਾਦਕੀ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਸ਼ੱਕੀ (ਜਾਲ੍ਹੀ) ਕਲਗੀ ਕੈਨੇਡਾ ਤੋਂ ਲੈਜਾ ਕੇ ਬੜੀ ਸ਼ਾਨੋ ਸ਼ੌਕਤ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ `ਤੇ ਸ਼ਸੋਭਤ ਕੀਤੀ ਗਈ ਤੇ ਲੋਕਾਂ ਤੋਂ ਉਸ ਨੂੰ ਮੱਥੇ ਟਿਕਾਏ ਗਏ, (ਇਸ ਤਰ੍ਹਾਂ ਸਿੱਖਾਂ ਦੀ ਬੌਧਿਕਤਾ ਦਾ ਦਿਵਾਲਾ ਕੱਢਿਆ ਗਿਆ), ਉਸ ਸਮੇਂ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ ਅਤੇ ਇਹ ਕਲਗੀ ਅੰਮ੍ਰਿਤਸਰ ਪਹੁੰਚਣ ਤੋਂ ੧੧ ਮਹੀਨੇ ਪਹਿਲਾਂ ਹੀ ਗਿਆਨੀ ਵੇਦਾਂਤੀ ਜੀ ਨੂੰ ਅਹੁੱਦੇ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ। ਪਰ ਸ਼੍ਰੀ ਲਾਂਬਾ ਨੇ ਇਤਨਾ ਨੰਗਾ ਝੂਠ ਲਿਖ ਕੇ ਇਹ ਦੱਸਣ ਦੀ ਨਾਪਾਕ ਕੋਸ਼ਿਸ਼ ਕੀਤੀ ਕਿ ਇਹ ਸ਼ੱਕੀ ਕਲਗੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜ਼ਕਾਲ ਦੌਰਨ ਲਿਆਂਦੀ ਗਈ। ਸ਼੍ਰੀ ਲਾਂਬਾ ਵਲੋਂ ਝੂਠ ਲਿਖੇ ਜਾਣ ਦਾ ਕਾਰਣ ਉਨ੍ਹਾਂ ਇਹ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ `ਤੇ ਗਿਆਨੀ ਵੇਦਾਂਤੀ ਜੀ ਲਾਂਬਾ ਜੀ ਨਾਲੋਂ ਵੱਖਰੇ ਵੀਚਾਰ ਰੱਖਣ ਕਾਰਣ, ਉਨ੍ਹਾਂ ਨੂੰੰ ਉਸੇ ਬਦਨੀਤੀ ਨਾਲ ਬਦਨਾਮ ਕਰਨ ਦੀ ਇੱਕ ਚਾਲ ਹੈ ਜਿਸ ਤਰ੍ਹਾਂ ਦਸਮ ਗ੍ਰੰਥ `ਤੇ ਵੱਖਰੇ ਵੀਚਾਰ ਰੱਖਣ ਕਾਰਣ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵਲੋਂ ਰੋਚੈਸਟਰ ਦੇ ਗੁਰਦੁਆਰੇ ਵਿੱਚ ਕੀਤੇ ਗਏ ਕੀਰਤਨ ਦੀ ਸੀਡੀ ਵਿੱਚ ਵਿੱਚ ਕੱਟ ਵੱਢ ਕਰਕੇ ਪੇਸ਼ ਕੀਤਾ ਗਿਆ ਸੀ। ਮਾਹਰਾਂ ਦੀ ਪੜਤਾਲ ਅਨੁਸਾਰ ਇਸ ਸੀਡੀ ਵਿੱਚ ਛੇੜ ਛਾੜ ਹੋਈ ਹੈ ਪਰ ਇਸ ਦੇ ਬਾਵਯੂਦ ਇਸ ਨਿਰੋਲ ਝੂਠ ਦੇ ਅਧਾਰ `ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਜਿਸ ਨਾਲ ਪੰਥ ਦੋਫਾੜ ਹੋਇਆ। ਹਾਲੀ ਇਸ ਦੀ ਸਿਆਹੀ ਵੀ ਨਹੀ ਸੀ ਸੁੱਕੀ ਕਿ ਸਿਰਫ ਵੱਖਰੇ ਵੀਚਾਰਾਂ ਦੇ ਹੀ ਆਧਾਰ `ਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਬਦਨਾਮ ਕਰਨ ਲਈ ਉਹੀ ਹੱਥਕੰਡੇ ਅਪਨਾਉਂਦੇ ਹੋਏ ਸੰਪਾਦਕੀ ਵਿੱਚ ਉਹ ਝੂਠ ਲਿਖਣ ਤੋਂ ਗੁਰੇਜ਼ ਨਹੀਂ ਕੀਤਾ ਜਿਹੜਾ ਕਿ ਜੱਗ ਜ਼ਾਹਰ ਹੈ ਤੇ ਹਾਲੀ ਪਿਛਲੇ ਸਾਲ ਜੁਲਾਈ ਵਿੱਚ ਹੀ ਵਾਪਰਿਆ ਹੈ ਤੇ ਸਾਰੀ ਦੁਨੀਆਂ ਨੇ ਆਪਣੀ ਵੇਖਿਆ ਤੇ ਸਾਰੇ ਮੀਡੀਏ ਵਿੱਚ ਤਸ਼ਵੀਰਾਂ ਸਹਿਤ ਛੱਪ ਚੁੱਕਿਆ ਹੈ।

ਇਸ ਸਬੰਧੀ ਆਪਣਾ ਪੱਖ ਪੇਸ਼ ਕਰਨ ਲਈ ਜਦੋਂ ਗੁਰਚਰਨਜੀਤ ਸਿੰਘ ਲਾਂਬਾ ਨੂੰ ਲਾਈਨ `ਤੇ ਲੈ ਕੇ ਪੁੱਛਿਆ ਗਿਆ ਕਿ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਸ਼ੱਕੀ ਕਲਗੀ ਭਾਰਤ ਵਿੱਚ ਕਦੋਂ ਲਿਆਂਦੀ ਗਈ? ਤਾਂ ਉਨ੍ਹਾਂ ਆਪਣੀ ਗੱਲ ਬਦਲਦਿਆਂ ਕਿਹਾ ਕਿ ਇਹ ਠੀਕ ਹੈ ਕਿ ਜਦੋਂ ਇਹ ਕਲਗੀ ਅੰਮ੍ਰਿਤਸਰ ਪਹੁੰਚੀ ਸੀ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ ਪਰ ਇਸ ਦੇ ਲਿਆਉਣ ਦੀ ਪ੍ਰੀਕ੍ਰਿਆ ਗਿਆਨੀ ਵੇਦਾਂਤੀ ਦੇ ਕਾਰਜ਼ ਕਾਲ ਦੌਰਾਨ ਸ਼ੁਰੂ ਹੋਈ। ਵਾਰ ਵਾਰ ਟੋਕਣ `ਤੇ ਉਹ ਬੜੀ ਤੇਜ ਸਪੀਡ ਨਾਲ ਬਿਨਾ ਬਰੇਕਾਂ ਤੋ ਆਪਣਾ ਭਾਸ਼ਣ ਜਾਰੀ ਰੱਖ ਰਹੇ ਸਨ ਤਾਂ ਕਿ ਰੇਡੀਓ ਐਂਕਰ ਤੇ ਕਾਲਰਾਂ ਕੋਲ ਕੋਈ ਸਵਾਲ ਪੁੱਛਣ ਦਾ ਸਮਾ ਹੀ ਨਾ ਬਚੇ। ਨਿਊਯਾਰਕ ਤੋਂ ਇੱਕ ਕਾਲਰ ਨੇ ਕਿਹਾ ਕਿ ਇਸ ਨੇ ਸਰਟੀਫ਼ੀਕੇਟ ਤਾ ਜਰੂਰ ਵਾਕਲਤ ਕਰਨ ਦਾ ਲਿਆ ਹੈ ਪਰ ਵਕਾਲਤ ਕਰਨ ਦੀ ਥਾਂ ਇਸ ਦੀ ਵਰਤੋਂ ਪੰਥ ਵਿੱਚ ਦੁਫੇੜ ਪਾਉਣ ਲਈ ਲਾਂਬੂ ਲਾਉਣ ਦਾ ਕੰਮ ਕਰ ਰਿਹਾ ਹੈ। ਕਦੀ ਇਹ ਪੰਥ ਵਿੱਚੋ ਛਿਕਵਾਉਣ ਲਈ ਪ੍ਰੋ: ਦਰਸ਼ਨ ਸਿੰਘ ਦੀ ਕੀਰਤਨ ਦੀ ਸੀਡੀ ਵਿੱਚ ਕੱਟਵੱਢ ਕਰਕੇ ਮੀਡੀਏ ਵਿੱਚ ਅਤੇ ਅਕਾਲ ਤਖ਼ਤ `ਤੇ ਪੇਸ਼ ਕਰਦਾ ਹੈ, ਕਦੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੂੰਹ `ਤੇ ਲਾਉਣ ਵਾਲੀ ਕਰੀਮ ਤੇ ਦਸਮ ਗ੍ਰੰਥ ਨੂੰ ਬਵਾਸੀਰ `ਤੇ ਲਾਉਣ ਵਾਲੀ ਕਰੀਮ ਦਸਦਾ ਹੈ, ਫਿਰ ਪੁੱਛੇ ਜਾਣ `ਤੇ ਕਹਿੰਦਾ ਹੈ ਨਹੀਂ ਮੇਰਾ ਭਾਵ ਇਹ ਨਹੀਂ, ਇਹ ਸੀ। ਕਦੀ ਇਹ ਆਰਐੱਸਐੱਸ ਦੀਆਂ ਸਟੇਜਾਂ ਤੋਂ ਕਹਿੰਦਾ ਹੈ ਕਿ ਆਰਐੱਸਐੱਸ ਠੀਕ ਕੰਮ ਕਰ ਰਹੀ ਹੈ। ਕਦੀ ਵੀ ਪੁੱਛੇ ਗਏ ਸਵਾਲ ਦਾ ਇਹ ਸਿੱਧਾ ਜਵਾਬ ਨਹੀਂ ਦਿੰਦਾ। ਇਹ ਆਪਣੀ ਵਕਾਲਤ ਦੀਆਂ ਗੱਲਾਂ ਪੰਥ ਵਿੱਚ ਦੁਫੇੜ ਪਾਉਣ ਲਈ ਕਿਉਂ ਵਰਤ ਰਿਹਾ ਹੈ? ਇਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਕਿਹੜੀਆਂ ਤਾਕਤਾਂ ਨੂੰ ਖੁਸ਼ ਕਰਨ ਲਈ ਇਹ ਐਸਾ ਕਰ ਰਿਹਾ ਹੈ। ਇਸ ਦਾ ਸਪਸ਼ਟੀਕਰਨ ਦੇਣ ਲਈ ਪੁੱਛੇ ਜਾਣ `ਤੇ ਸ਼੍ਰੀ ਲਾਂਬਾ ਨੇ ਕਿਹਾ ਵੈਸੇ ਤਾਂ ਮੈਂ ਸਮਝਦਾ ਹਾਂ ਕਿ ਕਿਸੇ ਸਪਸ਼ਟੀਕਰਨ ਦੇਣ ਦੀ ਜਰੂਰਤ ਨਹੀਂ ਹੈ ਪਰ ਫਿਰ ਵੀ ਜੇ ਸਪਸ਼ਟੀਕਰਨ ਦੀ ਜਰੂਰਤ ਹੈ ਤਾਂ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਸਾਬਕਾ ਤੇ ਮੌਜੂਦਾ ਜਥੇਦਾਰ ਅਤੇ ਸਮੁੱਚੀ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਸਮੇਂ ਇਹ ਕਲਗੀ ਲਿਆਉਣ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਗਈ ਉਹ ਸਾਰੇ ਦੇ ਸਾਰੇ ਹੀ ਜੁੰਮੇਵਾਰ ਹਨ ਤੇ ਪੰਥ ਨੂੰ ਜਵਾਬ ਦੇਹ ਹਨ। ਕੈਲੇਫ਼ੋਰਨੀਆਂ ਤੋਂ ਇੱਕ ਕਾਲਰ ਨੇ ਕਿਹਾ ਮੀਡੀਏ ਦਾ ਕੰਮ ਤਾਂ ਹੁੰਦਾ ਹੈ ਤੱਥਾਂ ਨੂੰ ਉਜਾਗਰ ਕਰ ਕੇ ਸੱਚਾਈ ਪੇਸ਼ ਕਰਨਾ ਪਰ ਇਹ ਤਾਂ ਸੂਰਜ ਵਾਂਗ ਉਜਾਗਰ ਹੋਏ ਸੱਚ ਨੂੰ ਝੂਠਾ ਦੱਸ ਰਿਹਾ ਹੈ, ਤਾਂ ਇਸ ਮੀਡੀਏ ਦਾ ਕੀ ਫਾਇਦਾ ਹੋ ਸਕਦਾ ਹੈ? ਇਸ ਨੇ ਪੀਲੀ ਪੱਤਰਕਾਰੀ ਦੀਆਂ ਸਾਰੀਆਂ ਹੱਦਾਂ ਟਪਾਈਆਂ, ਇਸ ਲਈ ਹੁਣ ਤਾਂ ਇਸ ਵਾਸਤੇ ਕੋਈ ਹੋਰ ਲਫ਼ਜ ਲੱਭਣਾ ਪਏਗਾ। ਲਾਂਬਾ ਜੀ ਬਿਨਾ ਸਾਹ ਲਿਆਂ ਲਗਤਾਰ ਬੋਲਦੇ ਰਹੇ ਕਿਸੇ ਪ੍ਰਸ਼ਨ ਦਾ ਸਿੱਧਾ ਜਵਾਬ ਨਹੀਂ ਦਿੱਤਾ। ਕਿਉਂਕਿ ਬਿਨਾਂ ਬਰੇਕਾਂ ਤੋਂ ਲਗਾਤਰ ਉਸ ਨੇ ਬੋਲਣਾ ਜਾਰੀ ਰੱਖਿਆ ਇਸ ਲਈ ਅਨਭੋਲ ਸਿੰਘ ਹੋਰੀਂ ਤਾਂ ਉਸ ਨੂੰ ਵੀ ਕਹਿੰਦੇ ਹੋਣਗੇ `ਵਾਹ! ਖ਼ਾਲਸਾ ਜੀ ਵਾਹ- ਵਿਰੋਧੀਆਂ ਦੇ ਪਾੜੇ ਵਿੱਚ ਪਾਈਆਂ ਭਾਜੜਾਂ, ਲਵਾਤੀ ਗੋਡੀ ਭਾਈ ਗੁਰਚਰਨਜੀਤ ਸਿੰਘ ਲਾਂਬਾ ਨੇ`।

ਇਨ੍ਹਾਂ ਸਾਰਿਆਂ ਦਾ ਟੀਚਾ ਵੀ ਇਕੋ ਹੈ ਕਾਰਜ਼ਸ਼ੈਲੀ ਵੀ ਇੱਕੋ ਹੈ ਤਾਂ ਇਸ ਹਾਲਤ ਵਿੱਚ ਜੇ ਸਿੱਖ ਮਾਰਗ ਦੇ ਇੱਕ ਵਿਦਵਾਨ ਨੇ ਇਨ੍ਹਾਂ ਸਾਰਿਆਂ ਨੂੰ ਇੱਕ ਦੂਜੇ ਦੇ ਭਾਈ ਵੀਰ ਕਹਿ ਦਿੱਤਾ ਤਾਂ ਇਸ ਵਿੱਚ ਗਲਤ ਗੱਲ ਕੀ ਸੀ ਪਰ ਇਸ ਦੇ ਬਾਵਯੂਦ ਉਸ ਦੀ ਰੁੱਖੀ ਭਾਸ਼ਾ ਅਤੇ ਜਵਾਬ ਨਾ ਦੇਣ ਕਾਰਣ ਸਿੱਖ ਮਾਰਗ `ਤੇ ਉਸ ਦੀ ਅਲੋਚਨਾ ਵੀ ਹੋਈ ਤੇ ਉਸ ਦੀਆਂ ਲਿਖਤਾਂ `ਤੇ ਪਾਬੰਦੀ ਵੀ ਲੱਗ ਗਈ ਪਰ ਦੂਸਰੇ ਪਾਸੇ ਬੇਥਵੀਆਂ ਮਾਰਨ ਵਾਲੇ ਤੇ ਆਪਣੀ ਹੀ ਲਿਖਤ ਦਾ ਕੋਈ ਸਪਸ਼ਟੀਕਰਨ ਨਾ ਦੇਣ ਵਾਲੇ ਗੁਰਪ੍ਰੀਤ ਸਿੰਘ ਨੂੰ ਸੱਚ ਕੀ ਬੇਲਾ ਦਾ ਸੰਪਾਦਕ ਸ਼ਾਬਾਸ਼ ਦਿੰਦਾ ਹੋਇਆ ਵਿਸ਼ੇਸ਼ ਨੋਟ ਲਿਖ ਰਿਹਾ ਹੈ: ‘ਬਹੁਤ ਸਾਰੇ ਪਾਠਕਾਂ ਨੇ ਇਸ ਗੱਲ ਨੂੰ ਜਾਣ ਹੀ ਲਿਆ ਹੋਵੇਗਾ ਕਿ ਸਿੱਖ ਮਾਰਗ ਦੇ ਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਰਾਗਮਾਲਾ ਤੇ ਸ੍ਰੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ਅਸੀਂ ਅਦਾਰਾ `ਸਚ ਕੀ ਬੇਲਾ` ਵਲੋਂ ਇਨ੍ਹਾਂ ਦਾ ਚੈਲੰਜ ਕਬੂਲ ਕਰਦੇ ਹੋਏ ਇਸ ਗੱਲ ਲਈ ਤਿਆਰ ਹਾਂ ਕਿ ਇਹ ਸ੍ਰੀ ਦਸਮ ਗ੍ਰੰਥ ਦੇ ਪੰਨਾ ਨੰਬਰ ੧ ਤੋਂ ਲਾ ਕੇ ਸਿੱਖ ਮਾਰਗ ਜਾਂ ਆਪਣੀ ਮਨਪਸੰਦ ਹੋਰ ਕਿਸੇ ਸਾਈਟ ਜਿਸ ਤਰ੍ਹਾਂ ਵੀ ਇਹ ਠੀਕ ਸਮਝਦੇ ਹੋਣ ਵੀਚਾਰ ਚਰਚਾ ਕਰ ਸਕਦੇ ਹਨ, ਬਸ਼ਰਤੇ ਕਿ ਸਾਡਾ ਵੀਚਾਰ ਵੀ ਪੂਰਾ ਰੱਖਿਆ ਜਾਵੇ। ਉਹ ਸਾਨੂੰ ਮੀਡੀਆ ਤੇ ਤਰੀਕ ਹੀ ਦੱਸ ਦੇਣ ਤਾ ਕਿ ਸਮੂਹ ਸੰਗਤ ਸੱਚ ਤੋਂ ਜਾਣੂ ਹੋ ਸਕੇ`।

ਤਾ ਕੀ ਇਹ ਉਸ ਦੀ ਬੇਈਮਾਨੀ ਨਹੀਂ ਹੈ। ਕੀ ਇਹ ਦੱਸ ਸਕਦੇ ਹਨ ਕਿ ਜੇ ਇਹ ਆਪਣੇ ਸੱਚ ਕੀ ਬੇਲਾ ਪੱਤਰ ਵਿੱਚ ਹੀ ਸੱਚ ਨਹੀਂ ਲਿਖ ਰਹੇ ਤਾਂ ਇਹ ਹੋਰ ਸੱਚ ਕਿੱਥੇ ਲਿਖਣ ਅਤੇ ਬੋਲਣਗੇ? ਸਿੱਖ ਮਾਰਗ `ਤੇ ਬਿਨਾਂ ਇਨ੍ਹਾਂ ਦੀ ਇਸ ਸ਼ਰਤ ਰੱਖਿਆਂ ਉਸ ਸਮੇਂ ਤੱਕ ਪੂਰਾ ਪੱਖ ਛਪਿਆ ਹੈ (ਸਿਵਾਏ ਇਨ੍ਹਾਂ ਦੀਆਂ ਦੋ ਚਿੱਠੀਆਂ ਦੇ, ਜਿਸ ਦਾ ਕਾਰਣ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਸਬੰਧ ਉਸ ਵਿਅਕਤੀ ਨਾਲ ਹੈ ਜਿਸ ਦਾ ਇਹ ਵੀ ਨਹੀਂ ਪਤਾ ਕਿ ਉਸ ਦਾ ਸਬੰਧ ੩੧ ਜਨਵਰੀ ਪਿਛੋਂ ਸਿੱਖ ਮਾਰਗ ਨਾਲ ਰਹਿੰਦਾ ਵੀ ਹੈ ਜਾਂ ਨਹੀਂ) ਜਦ ਤੱਕ ਸਾਰੇ ਪਾਠਕ ਇਹ ਸਮਝ ਗਏ ਸਨ ਕਿ ਇਸ ਨੂੰ ਕਿਸੇ ਇੱਕ ਵਿਸ਼ੇ `ਤੇ ਵੀਚਾਰ ਚਰਚਾ ਕਰਨ ਦੀ ਕੋਈ ਜਾਚ ਹੀ ਨਹੀਂ ਹੈ। ਪਰ ਕੀ ਇਸ ਸ਼ਰਤ/ਬਸ਼ਰਤ ਰੱਖਣ ਵਾਲੇ ਨੇ ਖ਼ੁਦ ਮੇਰਾ ਉਪਰ ਵਰਣਤ ਪੱਖ ਪੂਰਾ ਛਾਪਿਆ ਹੈ? ਜਿਹੜੀ ਸ਼ਰਤ ਇਹ ਦੂਸਰੀ ਧਿਰ `ਤੇ ਲਾ ਰਿਹਾ ਹੈ ਕੀ ਖ਼ੁਦ ਇਸ ਦਾ ਪਾਲਣ ਕਰਦਾ ਹੈ? ਉਕਤ ਵਰਣਤ ਤੱਥਾਂ ਤੋਂ ਸਹਿਜੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਸ ਧੜੇ ਨਾਲ ਵੀਚਾਰ ਚਰਚਾ ਦਾ ਕੋਈ ਸਿੱਟਾ ਨਹੀਂ ਨਿਕਲਣਾ ਪਰ ਇਸ ਦੇ ਬਾਵਯੂਦ ਜੇ ਸਿੱਖ ਮਾਰਗ ਦੇ ਸੰਪਾਦਕ ਸਾਹਿਬ ਤੇ ਪਾਠਕ ਵੀਰ ਇਜ਼ਾਜ਼ਤ ਦੇਣ ਤਾਂ ਮੈਂ ਇਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ ਬਸ਼ਰਤੇ ਕਿ (ੳ) ਇਹ ਆਪਣੀ ਸਚ ਕੀ ਬੇਲਾ ਵਿੱਚ ਮੇਰਾ ਇਹ ਪੱਤਰ ਅਤੇ ੨੫ ਤੇ ੨੭ ਜਨਵਰੀ ਵਾਲੇ ਪੱਤਰਾਂ ਨੂੰ ਹੂਬਹੂ ਛਾਪ ਕੇ ਉਨ੍ਹਾਂ ਦੇ ਜਵਾਬ ਦੇਣ (ਅ) ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਸਬੰਧੀ ਵੀਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੇਠ ਲਿਖੇ ਜਵਾਬ ਦੇਣ।

1. ਕਰਨਲ ਸੁਰਜੀਤ ਸਿੰਘ ਰੇਡੀਓ ਟਾਕ ਸ਼ੋਅ`ਚ ਮੰਨ ਚੁੱਕੇ ਹਨ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵਿੱਚ ਸੰਪਾਦਤ ਕੀਤਾ ਗਿਆ ਹੈ ਜਿਸ ਵਿੱਚ ਕੁੱਝ ਗਲਤ ਵੀ ਹੋ ਸਕਦਾ ਹੈ। ਇਸ ਸੂਰਤ ਵਿੱਚ ਦਸਮ ਗ੍ਰੰਥ ਦੇ ਹਾਮੀ ਦੱਸਣ ਕੀ ਗੁਰੂ ਸਾਹਿਬ ਜੀ ਕਿਸੇ ਨੂੰ ਅਧਿਕਾਰ ਦੇ ਗਏ ਸਨ ਕਿ ਉਨ੍ਹਾਂ ਤੋਂ ਪਿਛੋਂ ਕੋਈ ਗ੍ਰੰਥ ਰਚ ਕੇ ਗੁਰਗੱਦੀ ਦਾ ਬਰਾਬਰ ਦਾ ਭਾਈਵਾਲ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਵਾਲਾ ਸਤਿਕਾਰ ਦਿੱਤਾ ਜਾਵੇ। ਜੇ ਨਹੀਂ ਤਾਂ ਇਸ ਨੂੰ ਗੁਰੂ ਵਾਲਾ ਸਤਿਕਾਰ ਦੇਣਾ ਜਾਇਜ਼ ਕਿਵੇਂ ਹੈ?

2. ਜੇ ਇਹ ਗੁਰੂ ਸਾਹਿਬ ਜੀ ਦੀ ਆਪਣੀ ਕ੍ਰਿਤ ਹੈ ਤਾਂ ਉਨ੍ਹਾਂ ਨੇ ਗੁਰਗੱਦੀ ਦੇਣ ਤੋਂ ਪਹਿਲਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਕਿਉਂ ਨਹੀਂ ਕੀਤੀ?

3. ਇਸ ਨੂੰ ਗੁਰੂ ਸਾਹਿਬ ਜੀ ਦੀ ਆਪਣੀ ਖੇਡ ਦੱਸਣ ਵਾਲੇ ਕੀ ਇਹ ਦੱਸਣਾ ਚਾਹੁੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ, ਗੁਰ ਨਾਨਕ ਜੋਤਿ ਤੋਂ ਭਿੰਨ ਹਨ ਕਿਉਂਕਿ ਇਸ ਦੇ ਮੰਗਲਾ ਚਰਣ, ਇਸ ਦੀ ਲਿਖਣ ਸ਼ੈਲੀ, ਬਾਣੀ ਦਾ ਵਿਸ਼ਾ ਵਸਤੂ, ਸਿਰਲੇਖ ਅਤੇ ਕਾਵਿ ਛਾਪ ਸਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਤੋਂ ਭਿੰਨ ਹਨ।

4. ਗੁਰੂ ਗ੍ਰੰਥ ਸਾਹਿਬ ਜੀ ਸੰਤ ਬਣਾਉਂਦੇ ਹਨ ਤੇ ਦਸਮ ਗ੍ਰੰਥ ਸਿਪਾਹੀ ਬਣਾਉਂਦੇ ਹਨ; ਇਹ ਕਹਿਣ ਵਾਲੇ ਦੱਸਣ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਜੰਗਾਂ ਜਿੱਤਣ ਵਾਲੇ ਸਿਪਾਹੀ ਕਿਸ ਨੇ ਬਣਾਏ ਸਨ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਦਸਮ ਗ੍ਰੰਥ ਦੀ ਕੋਈ ਹੋਂਦ ਨਹੀਂ ਸੀ ਤਾਂ ਉਨ੍ਹਾਂ ਦੇ ਸਮੇਂ ਸਿਪਾਹੀ ਕਿਸ ਨੇ ਬਣਾਏ ਸਨ?

5. ਦਸਮ ਗ੍ਰੰਥ ਤੋਂ ਬਿਨਾਂ ਸਿੱਖ ਦਾ ਨਿਤਨੇਮ ਤੇ ਅੰਮ੍ਰਿਤ ਸੰਚਾਰ ਪੂਰਾ ਨਹੀਂ ਹੁੰਦਾ; ਕਹਿਣ ਵਾਲੇ ਕੀ ਇਹ ਕਹਿਣਾ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਗੁਰੂ ਹਨ, ਇਸ ਲਈ ਇਕੱਲੇ ਤੌਰ `ਤੇ ਇਹ ਗੁਰੂ ਵਾਲੇ ਕਾਰਜ਼ ਨਹੀਂ ਨਿਭਾ ਸਕਦੇ।

6. ਇਹ ਵੀ ਦੱਸਿਆ ਜਾਵੇ ਕਿ ਜੇ ਵੀਚਾਰ ਚਰਚਾ ਵਿੱਚ ਤੁਸੀਂ ਉਕਤ ਸਵਾਲਾਂ ਦੇ ਜਵਾਬ ਨਾ ਦੇ ਸਕੇ ਤਾਂ ਕੀ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦੀ ਗਲਤੀ ਕਰਨ ਤੋਂ ਹੱਟ ਸਕਦੇ ਹੋ?

ਉਪਰੋਕਤ ਜਵਾਬ ਦਿੱਤੇ ਬਿਨਾ ਪੰਨਾ ਨੰ: ੧ ਤੋਂ ਸ਼ੁਰੂ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜੇ ਇਸ ਵਿੱਚ ਥੋਹੜੀ ਬਹੁਤ ਰਚਨਾ ਐਸੀ ਵੀ ਹੋਵੇ ਕਿ ਉਹ ਗੁਰਮਤਿ ਵੀਚਾਰਧਾਰਾ ਨਾਲ ਮੇਲ ਵੀ ਖਾਂਦੀ ਹੋਵੇ ਤਾਂ ਵੀ ਜਰੂਰੀ ਨਹੀਂ ਕਿ ਉਹ ਗੁਰੂ ਕ੍ਰਿਤ ਹੀ ਹੋਵੇ। ਕਿਉਂਕਿ `ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।। ` ਅਤੇ `ਇਕੋ ਸਿਮਰੋ ਨਾਨਕਾ ਜੋ ਜਲਿ ਥਲਿ ਰਹਿਆ ਸਮਾਇ।। ਦੂਜਾ ਕਾਹੇ ਸਿਮਰੀਐ ਜੋ ਜੰਮੈ ਤੈ ਮਰਿ ਜਾਇ।। ` ਤੇ ਨਾਨਕ ਛਾਪ ਵਾਲੀਆਂ ਅਨੇਕਾਂ ਹੋਰ ਤੁਕਾਂ ਤੇ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ, ਪਰ ਕਈ ਕਚਘਰਡ ਪ੍ਰਚਾਰਕਾਂ ਦੇ ਮੂੰਹ `ਚੋ ਆਮ ਸੁਣੀਆਂ ਜਾਂਦੀਆਂ ਹਨ, ਤੇ ਇਹ ਗੁਰਮਤ ਦੇ ਵਿਰਧੀ ਵੀ ਨਹੀਂ ਹਨ ਨੂੰ ਗੁਰੂ ਕ੍ਰਿਤ ਨਹੀਂ ਮੰਨਿਆ ਜਾ ਸਕਦਾ।

ਵੈਸੇ ਪਹਿਲਾਂ ਰਾਗ ਮਾਲਾ ਦਾ ਵਿਸ਼ਾ ਚੱਲ ਰਿਹਾ ਸੀ ਇਸ ਲਈ ਕਿ ਉਕਤ ਸ਼ਰਤਾਂ ਮੰਨਣ ਪਿਛੋਂ ਉਹ ਇੱਕ ਲੇਖ ਲਿਖ ਕੇ ਭੇਜਣ ਜਿਸ ਵਿੱਚ ਇਹ ਸਿੱਧ ਕੀਤਾ ਹੋਵੇ ਕਿ ਰਾਗ ਮਾਲਾ ਗੁਰੂ ਕ੍ਰਿਤ ਹੈ ਤੇ ਕਿਹੜੇ ਗੁਰੂ ਸਾਹਿਬਾਨ ਦੀ ਉਚਾਰੀ ਹੋਈ ਹੈ। ਫਿਰ ਅਸੀਂ ਆਪਣਾ ਪੱਖ ਪੇਸ਼ ਕਰਾਂਗੇ ਕਿ ਇਹ ਗੁਰੂ ਕ੍ਰਿਤ ਨਹੀਂ ਹੋ ਸਕਦੀ। ਦੋਵੇਂ ਧਿਰਾਂ ਇੱਕ ਦੂਸਰੇ ਦੇ ਲੇਖਾਂ `ਤੇ ਸਾਰਥਕ ਟਿੱਪਣੀ ਕਰਨਗੇ।

ਕਿਰਪਾਲ ਸਿੰਘ ਬਠਿੰਡਾ
.