.

ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ

(ਭਾਗ ਪਹਿਲਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਗੁਰਬਾਣੀ ਦੇ ਕੁੱਝ ਸੁਨਹਿਰੀ ਅਸੂਲ- ਸਚਮੁਚ ਜਿਸ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਅਸੀਂ ਨਿੱਤ ਮੱਥਾ ਟੇਕਦੇ ਹਾਂ, ਜੇ ਕਰ ਉਹਨਾਂ ਰਾਹੀਂ ਸੰਸਾਰ ਨੂੰ ਬਖ਼ਸ਼ੇ ਅਤੇ ਪ੍ਰਗਟ ਕੀਤੇ, ਸੁਨਿਹਰੀ ਅਸੂਲਾਂ ਦੀ ਹੀ ਗਿਣਤੀ ਕਰਣ ਲਗੀਏ ਤਾਂ ਇਹ ਗਿਣਤੀ ਵੀ ਆਪਣੇ ਆਪ `ਚ ਅਮੁੱਕ ਹੈ। ਫ਼ਿਰ ਵੀ ਹੱਥਲੇ ਗੁਰਮਤਿ ਪਾਠ ਨੰ: ੨੧੫ “ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ” ਨਾਲ ਸਬੰਧਤ, ਇਥੇ ਕੇਵਲ ਕੁੱਝ ਅਜਿਹੇ ਸੁਨਿਹਰੀ ਅਸੂਲਾਂ ਦਾ ਹੀ ਜ਼ਿਕਰ ਕਰ ਰਹੇ ਹਾਂ ਜਿਵੇਂ:-

“ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩)

“ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨)

“ਭਾਖਿਆ ਭਾਉ ਅਪਾਰੁ” (ਬਾਣੀ ਜਪੁ)

“ਆਈ ਪੰਥੀ ਸਗਲ ਜਮਾਤੀ” (ਬਾਣੀ ਜਪੁ)

“ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ)

“ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ” (ਪੰ: ੬੭੧)

“ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧)

“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ…” (ਬਾਣੀ ਜਪੁ)

“ਉਲਾਹਨੋ ਮੈ ਕਾਹੂ ਨ ਦੀਓ” (ਪੰ: ੯੭੮)

“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” (ਪੰ: ੪੭੦)

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: ੧੨੪੫)

“ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ” (ਪੰ: ੬੭੪)

“ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ” (ਪੰ: ੪੪)

“ਪਰ ਕਾ ਬੁਰਾ ਨ ਰਾਖਹੁ ਚੀਤ” (ਪੰ: ੩੮੬)

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)

“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭)

“ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯)

ਦਰਅਸਲ ਗੁਰਦੇਵ ਨੇ ਗੁਰਬਾਣੀ ਦੀ ਰਚਨਾ ਕੇਵਲ ਕੁੱਝ ਲੋਕਾਂ ਲਈ ਨਹੀਂ ਕੀਤੀ ਬਲਕਿ ਸਮੂਚੇ ਮਨੁੱਖ ਮਾਤ੍ਰ ਦੇ ਉਧਾਰ ਲਈ ਕੀਤੀ ਹੈ। ਇਸੇ ਲਈ ਗੁਰਬਾਣੀ ਦੇ ਆਦੇਸ਼ ਵੀ ਸਮੂਚੇ ਮਨੁੱਖ ਮਾਤ੍ਰ ਲਈ ਹਨ ਨਾ ਕਿ ਕੁੱਝ ਲੋਕਾਂ ਲਈ। ਇਸ ਲਈ ਗੁਰਬਾਣੀ ਰਾਹੀਂ ਪ੍ਰਗਟ ਅਸੂਲਾਂ ਦਾ ਧਾਰਣੀ ਹੋਣਾ ਹੀ, ਬਿਨਾ ਵਿਤਕਰਾ ਕਿਸੇ ਵੀ ਮਨੁੱਖ ਦੇ ਸਿੱਖੀ ਅਥਵਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਵੱਲ ਵੱਧਦੇ ਕੱਦਮ ਹਨ। ਲੋੜ ਹੈ ਕਿ ਜਿੱਥੇ ਕਿੱਥੇ ਵੀ ਅਜਿਹਾ ਪ੍ਰਗਟਾਵਾ ਹੋਵੇ ਤਾਂ ਅਜਿਹੇ ਵਿਅਕਤੀ ਅਥਵਾ ਸਮੁਦਾਏ ਨੂੰ ਪੰਥ ਵੱਲੋਂ ਗਲਵੱਕੜੀ `ਚ ਲਿਆ ਜਾਵੇ। ਉਹਨਾਂ ਅੰਦਰ ਗੁਰਬਾਣੀ ਜੀਵਨ ਦੇ ਸਤਿਕਾਰ ਨੂੰ ਵਧਾਉਣ ਲਈ, ਉਹਨਾਂ ਨੂੰ ਹੋਰ ਉਤਸਾਹਿਤ ਕੀਤਾ ਜਾਵੇ ਤੇ ਪੰਥ ਆਪ ਵੀ ਉਹਨਾਂ ਸਿਧਾਂਤਾਂ ਦੀ ਕਸਵੱਟੀ `ਤੇ ਪੂਰਾ ਉਤਰਣ ਲਈ ਹਰ ਸਮੇਂ ਕਮਰਬੰਦ ਰਵੇ।

ਧਿਆਣ ਰਹੇ! ਗੁਰਬਾਣੀ ਦੀ ਕਸਵੱਟੀ `ਤੇ ਸਿੱਖ ਵੀ ਉਹੀ ਹੈ ਜੋ ਗੁਰਬਾਣੀ ਆਦੇਸ਼ਾਂ ਤੇ ਅਮਲ ਕਰਦਾ ਹੈ। ਇਸੇ ਲਈ ਸਿੱਖ ਦਾ ਮੂਲ ਸਰੂਪ, ਸੰਪੂਰਣ ਕੇਸਾਧਾਰੀ ਹੋਣਾ, ਇਹ ਤਾਂ ਪ੍ਰਭੂ ਦੀ ਰਜ਼ਾ `ਚ ਹੀ ਮਨੁੱਖ ਦੀ ਅਸਲ ਪਹਿਚਾਣ ਹੈ। ਇਸੇ ਲਈ ਮਨੁੱਖ ਨੂੰ ਇਹ ਸਰੂਪ, ਜਨਮ ਤੋਂ ਹੀ ਮਿਲਦਾ ਹੈ, ਮਨੁੱਖ ਇਸ ਸਰੂਪ ਨੂੰ ਆਪ ਨਹੀਂ ਘੜਦਾ ਅਤੇ ਇਹ ਭੇਖ ਵੀ ਨਹੀਂ ਜਿਵੇਂ ਕਿ ਕੇਸਾਂ ਦੀ ਕੱਟ ਵੱਢ ਕਰਨਾ, ਜੋਗੀਆਂ, ਸਨਿਆਸੀਆਂ, ਉਦਾਸੀਆਂ, ਨਾਂਗਿਆਂ, ਸੰਤਾਂ, ਸਾਧਾਂ ਤੇ ਭਗਤਾਂ ਦੇ ਭੇਖ ਧਾਰਨ ਕਰਨੇ। ਇਸੇ ਤਰ੍ਹਾਂ ਸਿੱਖ ਹੋਣਾ ਅਥਵਾ ਪ੍ਰਭੂ ਦੀ ਰਜ਼ਾ `ਚ ਚਲਣ ਦੀ ਸੀਮਾਂ ਵੀ ਕੇਵਲ ਸਰੂਪ ਦੀ ਸੰਭਾਲ ਤੱਕ ਨਹੀਂ ਬਲਕਿ ਗੁਰਬਾਣੀ ਦੇ ਆਦੇਸ਼ਾਂ `ਤੇ ਚੱਲ ਕੇ ਜੀਵਨ ਨੂੰ ਪ੍ਰਭੂ ਦੀ ਰਜ਼ਾ `ਚ ਚਲਾਉਣ ਦਾ ਯਤਨ ਹੈ।

ਇਸੇ ਲਈ ਸੰਪੂਰਣ ਕੇਸਾਧਾਰੀ ਸਰੂਪ `ਚ ਵਿਚਰਣਾ ਤਾਂ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟਾਏ ਗਏ ਸਿੱਖ ਧਰਮ ਦਾ ਜ਼ਰੂਰੀ ਅੰਗ ਹੈ, ਨਾ ਕਿ ਇਹੀ ਸਭ ਕੁੱਝ ਹੈ। ਕਿਉਂ ਕਿ ਇਥੇ ਨਿਬੇੜਾ ਤਾਂ ਹਰੇਕ ਲਈ “ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ” (ਪੰ: ੪੬੪) ਅਨੁਸਾਰ ਹੀ ਹੋਣਾ ਹੈ। ਉਸੇ ਕਰਣੀ ਕੀਰਤ ਦਾ ਹੀ ਅੰਗ ਹੈ ਕਿ ਕਰਤਾਰ ਨੇ ਮਨੁੱਖ ਨੂੰ ਜਿਸ ਸ਼ਕਲ `ਚ ਘੜਿਆ ਹੈ, ਮਨੁੱਖ ਉਸ ਦਾ ਪਾਬੰਦ ਅਤੇ ਵਫ਼ਾਦਾਰ ਰਵੇ। ਇਸ ਲਈ ਜੇ ਕਰ ਕੋਈ ਮਨੁੱਖ ਸਰੂਪ ਦਾ ਪਾਬੰਦ ਤਾਂ ਹੈ ਪਰ ਆਪਣੀ ਕਰਣੀ ਨੂੰ ਗੁਰਬਾਣੀ ਅਨੁਸਾਰ ਨਹੀਂ ਘੜਦਾ ਤਾਂ ਉਹ ਵੀ ਗੁਰਬਾਣੀ ਅਨੁਸਾਰ, ਗੁਰੂ ਨਾਨਕ ਪਾਤਸ਼ਾਹ ਅਥਵਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਸਿੱਖ ਨਹੀਂ; ਬੇਸ਼ੱਕ ਸੰਸਾਰ `ਚ ਉਹ ਸਰੂਪ ਕਰਕੇ ਸਿੱਖ ਹੀ ਅਖਵਾ ਰਿਹਾ ਤੇ ਜਾਣਿਆ ਵੀ ਜਾਂਦਾ ਹੋਵੇ। ਇਸ ਲਈ ਜੇ ਕਰ ਗੁਰੂ ਪਾਤਸ਼ਾਹ ਦੇ ਦਰ `ਤੇ ਅਸਾਂ ‘ਅਮਾਣਤ `ਚ ਖ਼ਿਆਣਤ’ ਦਾ ਭਾਗੀਦਾਰ ਨਹੀਂ ਬਨਣਾ ਤਾਂ ਜ਼ਰੂਰੀ ਹੈ ਕਿ ਸਿੱਖੀ ਸਰੂਪ ਦੇ ਨਾਲ ਨਾਲ, ਸਿੱਖ ਹੋਣ ਦੇ ਨਾਤੇ ਅਸੀਂ ਗੁਰਬਾਣੀ ਆਦੇਸ਼ਾਂ ਦੇ ਵਫ਼ਾਦਾਰ ਵੀ ਹੋਵੀਏ ਜਿਸ ਦੇ ਅਸੀਂ ਦਾਅਵੇਦਾਰ ਹਾਂ।

ਇਸੇ ਸੱਚ ਦਾ ਦੂਜਾ ਪਹਿਲੂ ਵੀ ਹੈ- ਇਸੇ ਹੀ ਸਚਾਈ ਦਾ ਦੂਜਾ ਪਹਿਲੂ ਵੀ ਹੈ ਕਿ ਹਰ ਕਿਸੇ ਨੇ ਸਿੱਖੀ ਦੀ ਖ਼ੁਸ਼ਬੂ ਅਤੇ ਮਨ `ਚ ਗੁਰਬਾਣੀ ਜੀਵਨ ਲਈ ਸਤਿਕਾਰ ਜਾਗਦੇ, ਸਾਰਿਆਂ ਨੇ ਇੱਕ ਦੱਮ ਕੇਸਾਧਾਰੀ ਤੇ ਪਾਹੁਲਧਾਰੀ ਵੀ ਨਹੀਂ ਹੋ ਜਾਣਾ। ਬਲਕਿ ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਕਈਆਂ ਨੇ ਸਰੂਪ `ਚ ਆਉਣਾ ਹੈ ਤੇ ਕੁੱਝ ਨੇ ਨਹੀਂ ਵੀ ਆਉਣਾ। ਇਤਿਹਾਸਕ ਤੌਰ `ਤੇ ਵੀ ਇਸ ਸਚਾਈ ਨੂੰ ਦੀਵਾਨ ਟੋਡਰ ਮਲ, ਮੋਤੀ ਲਾਲ ਮਹਿਰਾ, ਪੀਰ ਬੁਧੂ ਸ਼ਾਹ, ਨਵਾਬ ਦੌਲਤ ਖਾਂ ਲੋਧੀ, ਰਾਇਬੁਲਾਰ, ਜਲੰਧਰ ਦੇ ਗਵਰਨਰ ਅਜ਼ੀਮ ਖਾਂ (ਜਿਸ ਰਾਹੀਂ ਬੇਨਤੀ ਕਰਨ ਤੇ ਜਗ੍ਹਾ ਭੇਟ ਕਰਨ ਤੇ ਪੰਚਮ ਪਿਤਾ ਨੇ ਕਰਤਾਰਪੁਰ ਸਾਹਿਬ ਦੂਜ, ਜਲੰਧਰ ਵਾਲਾ ਵਸਾਇਆ), ਇਸੇ ਤਰ੍ਹਾਂ ਆਪਣੀ ਪੰਜਾਬ ਫ਼ੇਰੀ ਤੇ ਦਿੱਲੀ ਨੂੰ ਜਾਂਦੇ ਹੋਏ ਨੌਵੇਂ ਪਾਤਸ਼ਾਹ, ਸੈਫ਼ਾਬਾਦ `ਚ, ਗੁਰੂਦਰ ਦੇ ਮੁਰੀਦ ਸੈਫਅਲੀ ਪਾਸ ਦੋ ਕੁ ਮਹੀਨੇ ਰੁਕੇ। ਉਪ੍ਰੰਤ ਸਮਾਣੇ ਦੇ ਚੌਧਰੀ ਮੁਹੰਮਦ ਬਖਸ਼ ਨੇ ਵੀ ਆਪ ਨੂੰ ਰੁਕਣ ਲਈ ਬਹੁਤ ਬੇਣਤੀ ਕੀਤੀ, ਪਰ ਉਹਨਾਂ ਸਾਹਮਣੇ ਤਾਂ ਸਾਰੇ ਪਾਸੇ ਮਚੀ ਹੋਈ ਹਾ-ਹਾ ਕਾਰ ਸੀ, ਰੁਕੇ ਨਹੀਂ। ਫ਼ਿਰ ਇਸੇ ਗਿਣਤੀ `ਚ ਹੀ ਨਬੀ ਖਾਂ ਤੇ ਗ਼ਨੀ ਖਾਂ ਪਠਾਨ ਵੀ ਆਉਂਦੇ ਹਨ ਤੇ ਹੋਰ ਬੇਅੰਤ ਗੁਰੂਦਰ ਦੇ ਸ਼੍ਰਧਾਲੂ ਤੇ ਗੁਰੂਦਰ ਤੋਂ ਆਪਾ ਕੁਰਬਾਣ ਕਰਣ ਵਾਲੇ ਜੋ ਕਦੇ ਵੀ ਸਿੱਖੀ ਸਰੂਪ `ਚ ਨਹੀਂ ਆਏ।

ਇਸ ਤਰ੍ਹਾਂ ਅਜਿਹੀਆਂ ਸੰਗਤਾਂ ਵੀ ਬਹੁਤ ਹੁੰਦੀਆਂ ਜਿਨ੍ਹਾਂ ਵਿਚੋਂ ਕਈ ਤਾਂ ਸਿੱਖੀ ਸਰੂਪ `ਚ ਆ ਜਾਂਦੇ ਤੇ ਪਾਹੁਲਧਾਰੀ ਵੀ ਹੋ ਜਾਂਦੇ ਹਨ, ਜਦਕਿ ਉਹ ਵੀ ਹੁੰਦੇ ਹਨ ਜੋ ਕਦੇ ਵੀ ਸਰੂਪ `ਚ ਤਾਂ ਨਹੀਂ ਆੳੇੁਂਦੇ ਪਰ ਉਹਨਾਂ ਅੰਦਰ ਸਿੱਖੀ ਤੋਂ ਆਪਾ ਕੁਰਬਾਣ ਕਰਣ ਤੱਕ ਦੀ ਚਾਹ ਬਹੁਤ ਹੁੰਦੀ ਹੈ। ਇਸ ਤਰ੍ਹਾਂ ਸਿੱਖ ਧਰਮ ਇਸ ਅੰਸ਼ ਨੂੰ ਵੀ ਸਿੱਖੀ ਪੱਖੋਂ ਨਜ਼ਰੋਂ ਉਹਲੇ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਪੰਥਕ ਦਰਦੀਆਂ ਨੇ ਇਹ ਵੀ ਵਿਚਾਰਨਾ ਹੈ ਕਿ ਇਸ ਅਵਸਥਾ `ਚ ਉਹਨਾਂ ਨੇ ਸ਼੍ਰਧਾਲੂਆਂ ਤੇ ਸਿੱਖੀ ਤੋਂ ਆਪਾ ਕੁਰਬਾਣ ਕਰਣ ਵਾਲੇ ਅਜਿਹੇ ਜੀਊੜਿਆਂ ਦਾ ਉਤਸਾਹ ਕਿਵੇਂ ਵਧਾਉਣਾ ਹੈ ਤੇ ਉਹਨਾਂ ਨੂੰ ਕਿਵੇਂ ਮਾਨ ਸਤਿਕਾਰ ਦੇਣਾ ਹੈ, ਜਿਸ ਦੇ ਕਿ ਉਹ ਸੱਜਨ ਪੂਰੀ ਤਰ੍ਹਾਂ ਹੱਕਦਾਰ ਹਨ।

ਕਿਸੇ ਵੀ ਧਰਮ ਦਾ ਅਸਲ ਪ੍ਰਗਟਾਵਾ- ਸੰਸਾਰ ਤੱਲ `ਤੇ ਇਹ ਮੰਨਿਆ ਪ੍ਰਮਣਿਆ ਸੱਚ ਹੈ ਕਿ ਕਿਸੇ ਵੀ ਧਰਮ ਦੀਆਂ ਧਰਮ ਪੁਸਤਕਾਂ `ਚ ਉਸ ਧਰਮ ਦੇ ਸਿਧਾਂਤ, ਵਿਆਖਿਆ ਤੇ ਪ੍ਰੀਭਾਸ਼ਾ ਕੀ ਹੈ? ਉਸ ਦੀ ਪਹਿਚਾਣ ਉਸ ਧਰਮ ਦੇ ਪੈਰੋਕਾਰਾਂ ਦੇ ਜੀਵਨ ਵਿੱਚੋਂ ਹੀ ਪ੍ਰਗਟ ਹੋਣੀ ਹੈ। ਜੇ ਕਰ ਉਸ ਧਰਮ ਦੇ ਪੈਰੋਕਾਰਾਂ ਦਾ ਜੀਵਨ ਅੱਛਾ, ਦਿਲਖਿਚਵਾਂ ਤੇ ਮਨੁੱਖੀ ਜੀਵਨ ਦੀਆਂ ਲੋੜਾਂ ਤੇ ਸੰਭਾਲ ਨਾਲ ਜੁੜਿਆ ਹੋਇਆ ਹੈ ਤਾਂ ਯਕੀਨਣ ਉਸ ਧਰਮ ਦੇ ਪੈਰੋਕਾਰਾਂ ਦੀ ਗਿਣਤੀ `ਚ ਵੀ ਨਿੱਤ ਵਾਧਾ ਹੋਵੇਗਾ। ਉਸ ਧਰਮ ਦੀਆਂ ਧਰਮ ਪੁਸਤਕਾਂ ਦਾ ਸੁਚੱਜਾ ਪ੍ਰਚਾਰ ਵੀ ਆਪਣੇ ਆਪ, ਉਸ ਧਰਮ ਦੇ ਪੈਰੋਕਾਰਾਂ ਦੇ ਕਿਰਦਾਰ ਤੋਂ ਹੀ ਹੋ ਜਾਵੇਗਾ।

ਇਸ ਦੇ ਉਲਟ ਜੇ ਕਰ ਉਸ ਧਰਮ ਦੇ ਪੈਰੋਕਾਰਾਂ ਦਾ ਵਿਹਾਰ ਤੇ ਜੀਵਨ ਰਹਿਣੀ `ਚ ਹੀ ਵਿਗਾੜ ਹੈ ਤਾਂ ਉਸ ਧਰਮ ਦੇ ਗ਼ਲਤ ਪ੍ਰਚਾਰ ਅਤੇ ਅਜਿਹੇ ਉਲਟੇ ਪ੍ਰਭਾਵ ਲਈ ਵੀ, ਪਹਿਲਾਂ ਜ਼ਿਮੇਵਾਰ ਵੀ ਉਸ ਧਰਮ ਦੇ ਪੈਰੋਕਾਰ ਹੀ ਹਣ, ਕੋਈ ਦੂਜਾ ਨਹੀਂ। ਬੇਸ਼ੱਕ ਉਸ ਧਰਮ ਦੀ ਸਬੰਧਤ ਧਰਮ ਪੁਸਤਕਾਂ `ਚ ਵਿਆਖਿਆ ਕਿਤਨੀ ਹੀ ਵਧੀਆ, ਮਨੁੱਖੀ ਕੱਦਰਾਂ ਕੀਮਤਾਂ ਤੇ ਮਨੁੱਖਾ ਜੀਵਨ ਦੀ ਸੰਭਾਲ ਲਈ ਕਿਤਨੀ ਵੀ ਪ੍ਰਭਾਸ਼ਾਲੀ ਕਿਉਂ ਨਾ ਹੋਵੇ। ਫ਼ਿਰ ਵੀ ਦੇਖਿਆ-ਸਮਝਿਆ ਤੇ ਬਾਹਰਲੀ ਲੋਕਾਈ `ਤੇ ਪ੍ਰਭਾਵ ਵੀ ਉਹੀ ਪਵੇਗਾ ਜੋ ਉਸ ਦੇ ਦਾਅਵੇਦਾਰ ਆਪਣੀ ਕਰਣੀ ਰਾਹੀਂ ਪ੍ਰਗਟ ਕਰ ਰਹੇ ਹਨ। ਧਰਮ ਪੁਸਤਕਾਂ ਦੀ ਗੱਲ ਫ਼ਿਰ ਵੀ ਦੂਜੇ ਨੰਬਰ `ਤੇ ਹੀ ਰਵੇਗੀ।

ਕੁਝ ਸਿੱਖ ਧਰਮ ਬਾਰੇ- ਇਸ `ਚ ਦੋ ਰਾਵਾਂ ਨਹੀਂ ਕਿ ਸਿੱਖ ਅਖਵਾਉਣ ਵਾਲੇ ਲਈ ਜੀਵਨ ਦੇ ਜੋ ਸਿਧਾਂਤ, ਸੇਧ ਤੇ ਅਗਵਾਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੇ ਬਖ਼ਸ਼ੀ ਹੈ ਉਹੀ ਸਰਬ-ਉੱਤਮ, ਨਿਰੋਲ ਇਲਾਹੀ ਰੱਬੀ ਤੇ ਸੱਚ ਧਰਮ ਹੈ। ਇਹ ਲਫ਼ਜ਼ ਕੇਵਲ ਅਸੀਂ ਨਹੀਂ ਕਹਿ ਰਹੇ ਬਲਕਿ ਸੰਸਾਰ ਪੱਧਰ ਦੇ ਜਿਸ ਜਿਸ ਵਿਦਵਾਨ ਨੇ ਸੰਸਾਰ ਦੇ ਧਰਮਾਂ ਦਾ ਤੁਲਨਾਤਮਕ ਅਧਿਯਣ (Comparative Study of Religions) ਕੀਤਾ ਹੈ ਤਾਂ ਹਰੇਕ ਨੇ ਇਹੀ ਮੰਨਿਆ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲਾ ਧਰਮ ਹੀ ਸੰਸਾਰ ਭਰ ਦੇ ਮਨੁੱਖਾਂ ਦਾ ਇਕੋ ਇੱਕ ਸਦੀਵਕਾਲੀ ਤੇ ਜੁਗ ਜੁਗ ਦਾ ਧਰਮ ਹੈ। ਇਸ ਤੋਂ ਇਲਾਵਾ ਜਦੋਂ ਤੱਕ ਇਸ ਧਰਮ ਦੇ ਪ੍ਰਚਾਰ `ਤੇ ਗੁਰੂ ਸਹਿਬਾਨ ਤੇ ਯੋਗ ਪ੍ਰਚਾਰਕਾਂ ਜਾਂ ਦਾ ਕੁੰਡਾ ਰਿਹਾ, ਇਹ ਧਰਮ ਦਿਨ-ਦੁਗਣੀ ਤੇ ਰਾਤ ਚੌਗਣੀ ਵਾਧੇ `ਚ ਗਿਆ। ਜਦਕਿ ਇਸ ਵਿਸ਼ੇ ਨੂੰ ਅਸੀੰ ਗੁਰਮਤਿ ਪਾਠ ਨੰ: ੨੧੪ “ਸਿਖ ਧਰਮ ਦੇ ਚਾਰ ਕੱਦਮ” ਦੇ ਪਹਿਲੇ, ਦੂਜੇ ਅਤੇ ਤੀਜੇ ਭਾਗ `ਚ ਕਿਸੇ ਹੱਦ ਤੱਕ ਸਪਸ਼ਟ ਕਰ ਚੁੱਕੇ ਹਾਂ ਅਤੇ ਇਥੇ ਦੋਰਾਉਣ ਦੀ ਲੋੜ ਨਹੀਂ। ਇਥੇ ਤਾਂ ਕੌਮ ਲਈ ਕੁੱਝ ਅਜਿਹੇ ਪਾਸਿਆਂ ਵੱਲ ਵੱਧਣ ਲਈ ਇਸ਼ਾਰਾ ਹੈ ਜਿਥੋਂ ਕਿ ਕੌਮ ਦੀ ਵਿਗੜੀ ਨੂੰ ਸੰਭਾਲਿਆ ਜਾ ਸਕਦਾ ਹੈ।

ਖੁਸ਼ੀ ਦਾ ਮੁਕਾਮ- ਦਰਅਸਲ ਹੱਥਲਾ ਗੁਰਮਤਿ ਪਾਠ ਲਿਖਣ ਦਾ ਹੀਆ ਹੀ ਇਸ ਲਈ ਹੋਇਆ ਹੈ ਕਿ ਅੱਜ ਸੰਨ ੨੦੧੧ `ਚ ਸੰਨ ੧੯੫੬ ਵਾਲੇ ਹਾਲਾਤ ਨਹੀਂ ਹਨ। ਉਹ ਹਾਲਾਤ ਜਦੋਂ ਇਸ “ਸਿੱਖ ਮਿਸ਼ਨਰੀ ਲਹਿਰ” ਦਾ ਅਰੰਭ ਹੋਇਆ ਸੀ ਤਾਂ ਉਸ ਸਮੇਂ ਇਸ ਵਿਸ਼ੇ `ਤੇ ਗੱਲ ਕਰਣ ਲਈ ਵੀ ਦੂਜਾ ਸੱਜਨ ਅਉਖਾ ਮਿਲਦਾ ਸੀ। ਜਦਕਿ ਅੱਜ ਸੰਗਤਾਂ ਦੇ ਵੱਡੇ ਵੱਡੇ ਇਕੱਠ ਵੀ ਗੁਰਮਤਿ ਦੇ ਸੱਚ ਨੂੰ ਸੁਨਣ ਲਈ ਤਿਆਰ ਹਨ। ਦੂਜੇ ਪਾਸੇ ਅੱਜ ਲਗਭਗ ਸੰਸਾਰ ਦੇ ਹਰ ਕੋਣੇ ਨੁੱਕਰ `ਚ ਮਿਸ਼ਨਰੀ ਵੀਰ ਤੇ ਬੀਬੀਆਂ ਤੇ ਕਈ ਹੋਰ ਸੁਲਝੇ ਸਿੱਖ ਵਿਦਵਾਨ ਵੀ ਕਿਸੇ ਨਾ ਕਿਸੇ ਰੂਪ `ਚ ਮਿਲਦੇ ਹਨ। ਇਸ ਤਰ੍ਹਾਂ ਇਹ ਸਾਰੇ ਸੱਜਨ ਕਿਸੇ ਨਾ ਕਿਸੇ ਢੰਗ ਨਾਲ, ਨਿਰੋਲ ਗੁਰਬਾਣੀ ਆਧਾਰਿਤ, ਆਪਣੀ ਆਪਣੀ ਗੁਰਮਤਿ ਦੀ ਤਿਆਰੀ ਨੂੰ ਸੰਗਤਾਂ ਤੱਕ ਪਹੁਚਾਉਣ `ਚ ਉਦੱਮ ਸ਼ੀਲ ਹਨ। ਇਹ ਸੱਜਨ ਸੰਸਾਰ ਭਰ `ਚ ਵਿਲੋਕਿਤਰੇ ਤਰੀਕੇ ਨਾਲ ਕਲਾਸਾਂ ਲਗਾ ਕੇ, ਆਪਣੀਆਂ ਲਿਖਤਾਂ ਰਾਹੀਂ, ਸਟੇਜਾਂ `ਤੇ ਗੁਰਮਤਿ ਕਥਾਵਾਂ ਰਾਹੀਂ, ਅਨੇਕਾਂ ਗੁਰਦੁਆਰਾ ਕਮੇਟੀਆਂ `ਚ ਸ਼ਾਮਿਲ ਹੋ ਕੇ ਪ੍ਰਬੰਧਕਾਂ ਵੱਜੋੇਂ, ਉਪ੍ਰੰਤ ਆਪਣੀਆਂ ਵੈਬ-ਸਾਈਟਾਂ ਤੇ ਹੋਰ ਢੰਗਾਂ ਰਾਹੀਂ, ਕਾਫ਼ੀ ਹੱਦ ਤੱਕ ਗੁਰਮਤਿ ਦੀ ਠੀਕ ਵਿਚਾਰਧਾਰਾ ਨੂੰ ਗੁਰੂ ਕੀਆਂ ਸੰਗਤਾਂ ਤੱਕ ਪਹੁਚਾੳੇੁਣ `ਚ ਸਫ਼ਲ ਹਨ।

ਇਸ ਤੋਂ ਬਾਅਦ ਫ਼ਿਰ ਵੀ ਜੇ ਕਿਧਰੇ ਗੁਰਮਤਿ ਪੱਖੋਂ ਇਹਨਾ ਦਾ ਆਪਸੀ ਵਿਚਾਰ-ਅੰਤਰ ਜਾਂ ਟਕਰਾਵ ਉਭਰਦਾ ਵੀ ਹੈ ਤਾਂ ਉਸ ਦਾ ਵੀ ਮੁੱਖ ਕਾਰਨ ਹੁੰਦਾ ਹੈ ਕਿ ਉਹਨਾਂ ਕੋਲ ਸਾਧਨਾ ਦੀ ਕਮੀ ਹੈ। ਇਹੀ ਕਾਰਨ ਹੈ ਜਿਸ ਤੋਂ ਬਹੁਤਾ ਕਰਕੇ ਇਹਨਾ ਦੇ ਆਪਸੀ ਵਿਚਾਰ-ਵਟਾਂਦਰੇ ਨਹੀਂ ਹੋ ਪਾਂਦੇ। ਇਸ ਤਰ੍ਹਾਂ ਉਹ ਵੀ ਸਮਾਂ ਸੀ ਜਦੋਂ ਸੰਨ ੧੯੫੬ `ਚ ਇਸ ਲਹਿਰ ਦਾ ਆਰੰਭ ਹੋਇਆ। ਉਸ ਵੇਲੇ ਅਕਾਲਪੁਰਖ ਦੀ ਬਖ਼ਸ਼ਿਸ਼ ਤੇ ਪ੍ਰੇਰਣਾ ਸਦਕਾ ਕੇਵਲ ਦਾਸ ਤੇ ਮੇਰੇ ਦੂਜੇ ਸਾਥੀ (ਗੁਰਪੁਰਵਾਸੀ) ਸ੍ਰ: ਮਹਿੰਦਰ ਦਿੰਘ ਜੋਸ਼, ਦੋ ਹੀ ਸੱਜਨ ਸਨ। ਧੀਰੇ ਧੀਰੇ ਕਾਫ਼ਲਾ ਅੱਗੇ ਵੱਧਦਾ ਗਿਆ। ਇਸ ਲਹਿਰ `ਚ ਵੱਡਾ ਮੋੜ ਓਦੋਂ ਆਇਆ ਜਦੋਂ ਸੰਨ ੧੯੬੮ `ਚ ਗੁਰਪੁਰ ਵਾਸੀ ਗਿਆਨੀ ਭਾਗ ਸਿੰਘ ਜੀ ਅੰਬਾਲਾ ਇਸ ਲਹਿਰ ਦੀ ਰੂਹ-ਰਵਾਂ ਬਣੇ।

ਉਸੇ ਸਾਰੇ ਦਾ ਨਤੀਜਾ ਹੈ ਕਿ ਅੱਜ ਇਹ ਲਹਿਰ, ਸੰਸਾਰ ਪੱਧਰ ਦੀ ਲਹਿਰ ਬਣ ਚੁੱਕੀ ਹੈ। ਇਸੇ ਤੋਂ ਹੀ ਦਾਸ ਨੂੰ ਵੀ ਹੋਂਸਲਾ ਹੋਇਆ ਹੈ ਸੰਗਤਾਂ ਵਿਚਕਾਰ ਇਸ ਗੁਰਮਤਿ ਪਾਠ ਨੰ: ੨੧੫ ਨੂੰ ਦੇਣ ਲਈ। ਕਿਉਂਕਿ ਜੇਕਰ ਕੁੱਝ ਸੱਜਨ ਅੱਗੇ ਇਸ ਵਿਸ਼ੇ ਨੂੰ ਆਪਣੀ ਆਪਣੀ ਪਹੁੰਚ ਮੁਤਾਬਕ ਸੰਭਾਲਣ ਵਾਲੇ ਬਲਕਿ ਸੁਨਣ ਵਾਲੇ ਵੀ ਨਾ ਹੋਣ ਤਾਂ ਅਜਿਹਾ ਗੁਰਮਤਿ ਪਾਠ ਕੇਵਲ ਹਵਾ `ਚ ਤੀਰ ਚਲਾਉਣਾ ਹੀ ਰਹਿ ਜਾਂਦਾ ਹੈ, ਜਦਕਿ ਇਸ ਸਮੇਂ ਉਹ ਗੱਲ ਨਹੀਂ। ਇਸ ਸਮੇਂ ਇਸ ਨੂੰ ਪਹੁਚਾਉਣ ਵਾਲਿਆਂ ਦਾ ਵੀ ਘਾਟਾ ਤੇ ਸੱਚ ਨੂੰ ਸੁਨਣ ਵਲੇ ਤੇ ਅਮਲਾਉਣ ਵੀ ਹਨ। ਲੋੜ ਹੈ ਤਾਂ, ਜੇਕਰ ਗੁਰਮਤਿ ਪਖੋਂ ਸੁਲਝਿਆ ਹਰੇਕ ਸੱਜਨ, ਗੁਰਮਤਿ ਦੇ ਘਟੋਘਟ ਕੁੱਝ ਇਹਨਾ ਸਿਧਾਂਤਾ ਨੂੰ ਪੰਥ ਤੇ ਮਾਨਵਤਾ `ਚ ਪਹੁੰਚਾਵੇ ਤਾਂ ਯਕੀਨਣ ਕੁੱਝ ਹੀ ਸਮੇਂ ਬਾਅਦ ਉਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ। ਉਹ ਗੁਰਮਤਿ ਸਿਧਾਂਤ, ਜਿਨ੍ਹਾਂ ਦਾ ਸੰਖੇਪ ਅਰੰਭ `ਚ ਦਿੱਤਾ ਗਿਆ ਹੈ ਤੇ ਸੰਖੇਪ ਵੇਰਵਾ ਵੀ ਅੱਗੇ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਫ਼ਿਰ ਵੀ ਸੁਆਲ ਕੇਵਲ ਇਹਨਾ ਗੁਰਮਤਿ ਸਿਧਾਂਤਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਤੱਕ ਹੀ ਸੀਮਿਤ ਨਹੀਂ ਬਲਕਿ ਪਹੁਚਾਉਣ ਵਾਲਿਆ ਦੀ ਕਰਣੀ, ਸੋਚਣੀ ਬੋਲੀ `ਚ ਗੁਰਮਤਿ ਦੇ ਇਹਨਾ ਗੁਣਾ ਤੇ ਸਿਧਾਂਤਾ ਦਾ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ, ਦੂਜਿਆਂ `ਤੇ ਵੀ ਇਸ ਦਾ ਚੰਗਾ ਅਸਰ ਤਾਂ ਹੀ ਪਵੇਗਾ, ਉਂਝ ਨਹੀਂ।

ਹਰੇਕ ਮਨੁੱਖ ਦੀ ਸਾਂਝੀ ਲੋੜ ਤੇ ਸਾਂਝੀਆਂ ਕੜੀਆਂ-ਮਨੁੱਖ ਭਾਵੇਂ ਕਿਸੇ ਵੀ ਧਰਮ ਜਾਂ ਦੇਸ਼ ਦਾ ਵਾਸੀ ਕਿਉਂ ਨਾ ਹੋਵੇ। ਕਾਲਾ ਹੋਵੇ ਜਾਂ ਗੋਰਾ, ਅਮੀਰ ਹੋਵੇ ਜਾਂ ਗ਼ਰੀਬ; ਬਾਦਸ਼ਾਹ ਹੋਵੇ ਜਾਂ ਰੰਕ; ਇਸਤ੍ਰੀ ਹੋਵੇ ਜਾਂ ਪੁਰਖ; ਉੱਚ ਜਾਤੀ ਦਾ ਹੋਵੇ ਜਾਂ ਨੀਵੀਂ, ਜ਼ੋਰਾਵਰ ਹੋਵੇ ਜਾਂ ਦਲਿੱਤ-ਮਜ਼ਲੂਮ। ਇਥੋਂ ਤੱਕ ਕਿ, ਚਾਹੇ ਕੋਈ ਦੁਰਾਚਾਰੀ; ਵਿਭਚਾਰੀ, ਇਆਸ਼ੀ ਜੀਵਨ ਵਾਲਾ ਹੋਵੇ ਜਾਂ ਉੱਚੇ ਸੁੱਚੇ ਆਚਰਨ ਵਾਲਾ ਸਦਾਚਾਰੀ ਮਨੁੱਖ, ਹੋਰ ਤਾਂ ਹੋਰ ਜਦੋਂ ਕੋਈ ਹਮਾਲਾਵਰ ਵੀ ਜੰਗ ਦੇ ਮੈਦਾਨ `ਚ ਫਟੱੜ ਤੇ ਜ਼ਖਮੀ ਹੋਣ ਬਾਅਦ, ਵਿਰੋਧੀਆਂ ਦੀ ਪੱਕੜ `ਚ ਆ ਜਾਵੇ ਅਥਵਾ ਜਾਂ ਕੋਈ ਵੱਡਾ ਜ਼ਾਲਮ ਮਨੁੱਖ ਵੀ ਕਿਸੇ ਕਾਰਨ ਅਸਹਾਇ ਅਵਸਥਾ `ਚ ਪੁੱਜ ਜਾਵੇ ਤਾਂ ਵੀ ਕੁਦਰਤ ਦਾ ਨਿਯਮ ਹੈ ਕਿ ਹਰ ਕਿਸੇ ਮਨੁੱਖ ਦੀਆਂ ਕੁੱਝ ਲੋੜਾਂ ਤੇ ਕੜੀਆਂ ਸਾਂਝੀਆਂ ਹੀ ਹੁੰਦੀਆਂ ਹਨ।

ਸੁਆਲ ਪੈਦਾ ਹੁੰਦਾ ਹੈ ਕਿ ਇਹ ਲੋੜਾਂ ਤੇ ਕੜੀਆਂ ਕੀ ਹਨ? ਜੋ ਹਰੇਕ ਮਨੁੱਖ `ਚ ਬਿਨਾ ਵਿਤਕਰਾ ਚਾਹੇ ਉਹ ਕਿਸੇ ਵੀ ਨਸਲ, ਦੇਸ਼, ਧਰਮ, ਰੰਗ, ਲਿੰਗ ਉਪ੍ਰੰਤ ਅਮੀਰ ਹੋਵੇ ਜਾਂ ਗ਼ਰੀਬ, ਦੁਰਾਚਾਰੀ ਹੋਵੇ ਜਾਂ ਉੱਚ ਆਚਰਣ ਵਾਲਾ ਤਾਂ ਫ਼ਿਰ ਵੀ ਉਹ ਲੋੜਾਂ ਤੇ ਕੜੀਆਂ ਸਾਂਝੀਆਂ ਹੀ ਹੁੰਦੀਆਂ ਹਨ।

ਇਹ ਸਾਂਝੀਆਂ ਲੋੜਾਂ ਤੇ ਕੜੀਆਂ ਹਨ ਦੂਜਿਆਂ ਕੋਲੋਂ ਆਪਣੀ ਇਜ਼ਤ (Eago & Self Respect) ਦੀ ਉਮੀਦ, ਬੋਲਚਾਲ `ਚ ਨਮ੍ਰਤਾ, ਦੂਜਿਆਂ ਵੱਲੋਂ ਹਮਦਰਦੀ, ਆਪਣਾਪਣ, ਪਿਆਰ, ਮਜਬੂਰ ਤੇ ਮਜ਼ਲੂਮ ਦੀ ਵੇਲੇ ਸਿਰ ਮਦਦ। ਇਸ ਤੋਂ ਬਾਅਦ ਸੰਗਤੀ ਅਨੁਸ਼ਾਸਨ ਉਪ੍ਰੰਤ ਮਿਠਬੋਲੜਾ ਵਿਹਾਰ ਤੇ ਸੁਭਾਅ ਆਦਿ। ਜਦਕਿ ਗਹਿਰਾਈ ਤੋਂ ਦੇਖਾਂਗੇ ਤਾਂ ਸਮਝ ਆ ਜਾਵੇਗੀ ਕਿ ਸੰਸਾਰ ਦਾ ਚਾਹੇ ਕੋਈ ਵੀ ਕੋਣਾ ਜਾਂ ਨੁੱਕਰ ਹੋਵੇ ਹਰੇਕ ਮਨੁੱਖ ਵਿਚਕਾਰ ਅਜਿਹੀਆਂ ਤੇ ਹੋਰ ਅਨੇਕਾਂ ਕੜੀਆਂ ਬਿਲਕੁਲ ਸਾਂਝੀਆਂ ਹੁੰਦੀਆਂ ਹਨ। ਉੇਸੇ ਦਾ ਨਤੀਜਾ ਹੁੰਦਾ ਹੈ ਕਿ ਵਿਚਾਰਧਾਰਾ ਤੇ ਧਾਰਮਿਕ ਵਿਸ਼ਵਾਸ ਪਿਛੇ ਰਹਿ ਜਾਂਦੇ ਹਨ ਤੇ ਕੜੀਆਂ ਸਾਹਮਣੇ ਆ ਜਾਂਦੀਆਂ ਹਨ।

ਗੁਰੂ ਨਾਨਕ ਮੱਤ ਅਤੇ ਸਾਂਝੀਆਂ ਕੜੀਆਂ-ਇਸ ਤੋਂ ਬਾਅਦ ਇਹ ਵੀ ਦੇਖਣਾ ਹੈ ਕਿ ਮਨੁੱਖ ਦੀਆਂ ਇਹਨਾ ਸਾਂਝੀਆਂ ਕੜੀਆਂ ਵੱਲ ਸਭ ਤੋਂ ਪਹਿਲਾਂ ਜੇ ਕਿਸੇ ਧਿਆਨ ਦਿੱਤਾ, ਉਹਨਾਂ ਦੀ ਵਿਆਖਿਆ ਕੀਤੀ ਤੇ ਇਸ ਪੱਖੋਂ ਮਨੁੱਖ ਦੀ ਸੰਭਾਲ ਕੀਤੀ ਹੈ ਤਾਂ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹਨ। ਇਥੋਂ ਤੱਕ ਕਿ ਦਸੋਂ ਪਾਤਸ਼ਾਹੀਆਂ ਨੇ ਆਪਣੇ ਜੀਵਨ ਕਾਲ `ਚ ਵੀ ਆਪਣੀ ਕਰਣੀ ਤੇ ਗੁਰਬਾਣੀ ਰਚਨਾ ਰਾਹੀਂ ਮਨੁੱਖ ਦੀਆਂ ਇਹਨਾ ਸਾਂਝੀਆਂ ਕੜੀਆਂ ਵੱਲ ਪੂਰਾ ਧਿਆਣ ਦਿੱਤਾ ਹੈ। ਉਪ੍ਰੰਤ ਅਨੇਕਾਂ ਸਿੱਖਾਂ ਦੇ ਜੀਵਨ ਤੇ ਕਰਣੀ ਵਿੱਚੋਂ ਵੀ ਇਹਨਾ ਕੜੀਆਂ ਨੂੰ ਪ੍ਰਗਟ ਕੀਤਾ। ਬੇਸ਼ੱਕ ਉਸੇ ਗੁਰਬਾਣੀ ਵਾਲੇ ਸੱਚ ਦਾ ਕੁੱਝ ਪ੍ਰਭਾਵ ਅੱਜ ਤੱਕ ਵੀ ਅਨੇਕਾਂ ਸਿੱਖਾਂ ਦੇ ਜੀਵਨ ਅੰਦਰੋਂ ਮਿਲ ਜਾਂਦਾ ਹੈ ਪਰ ਉਹ ਕੇਵਲ ਪਨੀਰੀ ਦਰ ਪਨੀਰੀ ਹੈ ਅਤੇ ਸਿੱਖ ਧਰਮ ਦੇ ਪ੍ਰਚਾਰ ਵਾਲੇ ਪਾਸਿਓਂ ਨਹੀਂ।

ਗਹਿਰਾਈ ਤੋਂ ਦੇਖਿਆ ਜਾਵੇ ਤਾਂ ਮੌਟੇ ਤੌਰ ਤੇ ਮਨੁੱਖ ਦੀਆਂ ਇਹਨਾ ਸਾਂਝੀਆਂ ਕੜੀਆਂ ਨੂੰ ਤਾਂ ਅੱਜ ਦਾ ਸਿੱਖ ਪੂਰੀ ਤਰ੍ਹਾਂ ਵਿਸਾਰ ਹੀ ਚੁੱਕਾ ਹੈ। ਜਦਕਿ ਦੂਜੇ ਪਾਸੇ ਇਹੀ ਕੜੀਆਂ ਸਿੱਖ ਧਰਮ ਦੀ ਬੁਨਿਆਦ ਹਨ। ਬਲਕਿ ਉਹਨਾਂ ਹੀ ਕੜੀਆਂ ਨਾਲ ਸਬੰਧਤ ਗੁਰਬਾਣੀ ਪੰਕਤੀਆਂ ਤੇ ਸ਼ਬਦਾਂ ਨੂੰ ਸਾਜ਼ਾਂ `ਤੇ ਬੜਾ ਮਸਤ ਹੋ ਕੇ ਗਾਉਂਦਾ ਤੇ ਪੜ੍ਹਦਾ ਹੈ ਅਤੇ ਗੁਰਬਾਣੀ ਪ੍ਰਮਾਣਾ `ਚ ਵੀ ਵਰਤ ਰਿਹਾ ਹੈ ਪਰ ਅਮਲ ਮੁੱਕਾ ਪਿਆ ਹੈ। ਕਾਸ਼ ਅੱਜ ਦਾ ਸਿੱਖ ਪ੍ਰਚਾਰਕ ਇਸ ਨੂੰ ਆਪਣੀ ਵਿਰਾਸਤ ਵਜੋਂ ਆਪਣੇ ਜੀਵਨ `ਚ ਸੰਭਾਲੇ ਤੇ ਸੰਗਤਾਂ ਵਿਚਕਾਰ ਵੰਡੇ ਵੀ। ਇਸ ਤੋਂ ਬਾਅਦ ਕੋਈ ਵੱਜਾ ਹੀ ਨਹੀਂ ਰਹਿ ਜਾਂਦੀ ਕਿ ਸਿੱਖ ਮੱਤ ਫ਼ਿਰ ਤੋਂ ਬੁਲੰਦੀਆਂ ਨਾ ਜਾਵੇ।

ਸਾਝੀਆ ਕੜੀਆਂ ਤੇ ਅਣਮੱਤ-ਇੱਕ ਅੰਦਾਜ਼ੇ ਮੁਤਾਬਕ ਅੱਜ ਸੰਸਾਰ ਭਰ `ਚੋਂ ਇਸਾਈ ਮੱਤ ਹੀ ਅਜਿਹਾ ਮੱਤ ਹੈ ਜਿਸ ਦੇ ਪੈਰੋਕਾਰ ਲਗਭਗ ਅੱਧੀ ਦੁਨੀਆਂ `ਚ ਫੈਲ ਚੁੱਕੇ ਹਨ। ਹੋਰ ਤਾਂ ਹੋਰ ਪੁਲਾੜ, ਡਾਕਟਰੀ ਆਦਿ ਹਰੇਕ ਵਿਗਿਆਨ ਅਤੇ ਖੋਜਾਂ ਅਤੇ ਆਰਥਕ ਪੱਖੋਂ ਸੰਸਾਰ ਦਾ ਸਭ ਤੋਂ ਅਮੀਰ ਦੇਸ਼ ਅਮ੍ਰੀਕਾ ਵੀ ਇਸਾਈ ਦੇਸ਼ ਹੈ ਅਤੇ ਉਥੇ ਸ਼ਾਸਕ ਦਲ ਵੀ ਇਸਾਈ ਮੱਤ ਦਾ ਹੀ ਧਾਰਣੀ ਹੈ। ਜਦਕਿ ਕੁੱਝ ਵਿਦਵਾਨਾਂ ਅਨੁਸਾਰ ਤਾਂ ਸੰਸਾਰ `ਚ ਇਸਾਈ ਮੱਤ ਦੀ ਇਹ ਚੱੜ੍ਹਤ ਵੀ ਕੋਈ ਬਹੁਤ ਪੁਰਾਨੇ ਸਮੇਂ ਤੋਂ ਨਹੀਂ। ਬਲਕਿ ਉਹਨਾਂ ਦੀ ਇਹ ਤਰੱਕੀ ਵੀ ਅਚਾਨਕ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਬਾਅਦ ਹੀ ਹੋਈ ਹੈ

ਉਹਨਾਂ ਅਨੁਸਾਰ ਉਹ ਵੀ ਇਸ ਲਈ ਕਿ ਉਹਨਾਂ ਨੇ ਮਨੁੱਖਾ ਜੀਵਨ ਦੀਆਂ ਇਹ ਮੂਲ਼ ਲੋੜਾਂ ਤੇ ਸਾਂਝੀਆਂ ਕੜੀਆਂ ਜਿਵੇਂ ਦੂਜਿਆਂ ਲਈ ਹਮਦਰਦੀ, ਆਪਣਾਪਣ, ਪਿਆਰ ਤੇ ਮਜਬੂਰੀ ਵੇਲੇ ਕਿਸੇ ਦੀ ਵੇਲੇ ਸਿਰ ਮਦਦ। ਇਸ ਤੋਂ ਬਾਅਦ ਉਸ ਫ਼ਿਰਕੇ ਵਿਚਕਾਰ ਜਾ ਕੇ ਆਪਸੀ ਮਿਠਬੋਲੜਾ ਤੇ ਅਨੁਸ਼ਾਸਤ ਵਿਹਾਰ ਆਦਿ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਥਵਾ ਗੁਰੂ ਨਾਨਕ ਦਰ ਤੋਂ ਹੀ ਲੈ ਕੇ ਆਪਣੇ ਘਰ ਵਿੱਚ ਸਥਾਪਤ ਕੀਤਾ। ਇਹਨਾ ਤੋਂ ਇਲਾਵਾ ਇੱਕ ਹੋਰ ਵਿਸ਼ਾ ਵੀ ਹੈ। ਉਹ ਵਿਸ਼ਾ ਹੈ ਨਿਜੀ ਟੋਕਾ-ਟਾਕੀ ਦਾ, ਜਿਸ ਤੋਂ ਹਰੇਕ ਦੇ ਨਿਜੀ ਸਨਮਾਨ (Self Respect & Eago) `ਤੇ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਅਨੁਸਾਰ ਸੱਟ ਵੀ ਵਜਦੀ ਹੈ। ਜਦਕਿ ਗੁਰਦੇਵ ਨੇ ਗੁਰਬਾਣੀ `ਚ ਹੀ ਇਸ ਦਾ ਵੀ ਸਪਸ਼ਟ ਹੱਲ ਸਾਧ ਸੰਗਤ ਦਿੱਤਾ ਹੈ ਤੇ ਗੁਰਬਾਣੀ ਦੀ ਰੋਸ਼ਨੀ `ਚ ਹੀ ਆਪਸੀ ਵਿਚਾਰ ਵਿਟਾਂਦਰਾ। ਗੁਰਬਾਣੀ ਦੀ ਸ਼ਬਦਾਵਲੀ `ਚ ਇਸੇ ਨੂੰ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਅਤੇ ਨਾਲ ਹੀ ਸਤਿਸੰਗਤ ਦੀ ਵਿਆਖਿਆ ਵੀ ਇਸ ਤਰ੍ਹਾਂ ਹੈ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਭਾਵ ਗੁਰਦੇਵ ਨੇ ਹਰੇਕ ਇਕੱਠ ਨੂੰ ਸਤਿਸੰਗਤ ਵੀ ਨਹੀਂ ਮੰਨਿਆ। ਇਸ ਤਰ੍ਹਾਂ ਸਾਧਸੰਗਤ ਵਾਲਾ ਰਸਤਾ ਦੇ ਕੇ ਗੁਰਬਾਣੀ ਨੇ ਨਿਜੀ ਟੋਕਾ-ਟਾਕੀ ਵਾਲੇ ਸੁਭਾਅ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਇਸ ਦੇ ਉਲਟ ਇਹੀ ਘਾਟ ਅੱਜ ਖੁਦ ਸਿੱਖਾਂ `ਚ ਹੀ ਸ਼ਿਖਰਾਂ `ਤੇ ਹੈ ਜੋ ਸਿੱਖ ਧਰਮ ਦੀ ਤੱਬਾਹੀ ਦਾ ਵੀ ਇੱਕ ਵੱਡਾ ਕਾਰਨ ਹੈ।

ਮਨੁੱਖ ਦੀਆਂ ਜਿਨ੍ਹਾਂ ਮੂਲ ਲੋੜਾਂ ਤੇ ਸਾਂਝੀਆਂ ਕੜੀਆਂ ਦੀ ਹਰੇਕ ਮਨੁੱਖ ਨਾਲ ਸਾਂਝ ਹੈ ਦਰਅਸਲ ਉਸੇ ਹੀ ਵਾਧੇ ਨੇ ਅੱਜ ਸੰਸਾਰ ਪੱਧਰ `ਤੇ ਇਸਾਈ ਵੀਰਾਂ ਦੇ ਘੇਰੇ ਨੂੰ ਇਤਨਾ ਵਿਸ਼ਾਲ ਕੀਤਾ ਹੈ ਕਿ ਅੱਜ ਇਸਾਈ ਮੱਤ ਲਗਭਗ ਅੱਧੀ ਦੁਨਿਆ `ਤੇ ਛਾ ਚੁੱਕਾ ਹੈ ਅਤੇ ਉਹਨਾਂ ਦਾ ਇਹ ਵਾਧਾ ਵੀ ਹਰ ਦਿਨ ਹੋ ਰਿਹਾ ਹੈ। ਬੱਸ ਉਹਨਾਂ ਸੱਜਨਾ `ਚ ਇਹੀ ਵੱਡ ਗੁਣ ਹੈ ਕਿ ਜਿੱਥੇ ਕੋਈ ਜ਼ਰੂਰਤ ਮੰਦ ਇਲਾਕਾ ਜਾਂ ਮਨੁੱਖ ਦੇਖਿਆ ਤਾਂ ਉਸ ਦੀ ਮਦਦ ਨੂੰ ਟੁਰ ਪਏ ਅਤੇ ਮਦਦ ਕਰ ਵੀ ਦਿੱਤੀ। ਬੱਸ ਉਸਤੋਂ/ ਉਹਨਾਂ ਤੋਂ ਇਹੀ ਵਾਇਦਾ ਲੈਣਾ ਹੁੰਦਾ ਹੈ ਕਿ ਉਹ ਸੱਜਨ ਜਾਂ ਇਲਾਕਾ ਇਸਾਈ ਪ੍ਰਵਾਰ `ਚ ਸ਼ਾਮਿਲ ਹੋ ਜਾਵੇਗਾ। ਸੰਸਾਰ ਤੱਲ `ਤੇ ਕੋਈ ਮਨੁੱਖ ਕਿਸੇ ਉਲਟੇ ਹਾਲਾਤ `ਚ ਫ਼ਸਿਆ ਮਿਲ ਜਾਵੇ ਤਾਂ ਉਸ ਨਾਲ ਇਤਨੀ ਵੱਧ ਹਮਦਰਦੀ ਨਾਲ ਪੇਸ਼ ਆਉਂਦੇ ਹਨ ਜਿਵੇਂ ਕਿ ਸਬੰਧਤ ਮਨੁੱਖ ਉਹਨਾਂ ਦਾ ਹੀ ਕੋਈ ਸਗਾ-ਸਬੰਧੀ ਹੈ ਤੇ ਇਸੇ ਤਰ੍ਹਾਂ ਹੋਰ ਬਹੁਤ ਕੁਝ। ਉਹਨਾਂ ਦਾ ਹਰੇਕ ਕਰਮ ਚਾਹੇ ਉਹ ਰਾਜਸੀ ਪੱਧਰ ਦਾ ਹੋਵੇ ਜਾਂ ਸਾਧਾਰਣ ਤੱਲ ਦਾ, ਕੋਈ ਇੰਡਸਟਰੀ ਚਲਾ ਰਹੇ ਹੋਣ ਜਾਂ ਹਸਪਤਾਲ, ਉਹਨਾਂ ਦੇ ਅਜਿਹੇ ਮਿਠਬੋਲੜੇ, ਹਮਦਰਦੀ ਭਰੇ ਅਤੇ ਆਪਣੇਪਣ ਦੇ ਵਤੀਰੇ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਮਨ `ਚ ਇਤਨੀ ਠੰਡਕ ਪੈਦਾ ਕਰ ਦਿੰਦੇ ਹਨ ਕਿ ਆਮ ਮਨੁੱਖ ਵੀ ਤਨੋ ਮਨੋ ਉਹਨਾਂ ਦਾ ਹੀ ਪ੍ਰਸ਼ੰਸਕ ਬਣ ਜਾਂਦਾ ਹੈ।

ਇਤਨਾ ਹੀ ਨਹੀਂ ਇਸੇ ਚੀਜ਼ ਨੂੰ ਜੇਕਰ ਰਾਧਾਸੁਆਮੀਆਂ, ਨਿਰੰਕਾਰੀਆਂ, ਝੂਠਾ ਸੌਦਾ ਭਾਵ ਚਾਹੇ ਕਿਸੇ ਵੀ ਅਜਿਹੇ ਗੁਰੂਡੰਮ ਵਾਲੇ ਅਦਾਰੇ `ਚ ਜਾ ਕੇ ਘੋਖਿਆ ਜਾ ਸਕਦਾ ਹੈ, ਹਾਲਾਂਕਿ ਇਹ ਸਾਰੇ ਸਿੱਖਾਂ `ਚੋਂ ਹੀ ਵੱਖ ਹੋਏ ਫ਼ਿਰਕੇ ਹਨ, ਪਰ ਉਹਨਾਂ ਦੇ ਵਾਧੇ ਦਾ ਵੀ ਮੂਲ ਕਾਰਨ, ਉਹਨਾਂ ਪਾਸ ਵੀ ਗੁਰੂ ਨਾਨਕ ਦਰ ਤੇ ਗੁਰਬਾਣੀ ਤੋਂ ਮਨੁੱਖ ਮਾਤ੍ਰ ਲਈ ਸੰਭਾਲੀਆਂ ਹੋਈਆਂ ਇਹ ਸਾਂਝੀਆਂ ਕੜੀਆਂ ਹੀ ਹਨ। ਉਹਨਾਂ ਸਾਰਿਆਂ ਅੰਦਰ ਵੀ ਇਤਨਾ ਅਨੁਸ਼ਾਸਨ, ਮਿਠਬੋਲੜਾ ਸੁਭਾਅ, ਜੇ ਕੋਈ ਮਨੁੱਖ ਉਹਨਾਂ ਦਾ ਗੁਰਭਾਈ ਹੋਵੇ, ਉਸ ਦੀ ਅੱਗੇ ਵੱਧ ਕੇ ਇਸ ਤਰ੍ਹਾਂ ਮਦਦ ਕਰਦੇ ਹਨ ਜਿਵੇਂ ਕਿ ਉਹਨਾਂ ਦਾ ਆਪਣਾ ਹੀ ਹੈ। ਇਸੇ ਤੋਂ ਉਨ੍ਹਂਾਂ ਸਮਾਜਾਂ ਅੰਦਰ ਵੀ ਕੋਈ ਦਬਿਆ, ਕੁਚਕਿਲਆ ਜਾਂ ਅਜਿਹਾ ਗ਼ਰੀਬ ਇਨਸਾਨ ਨਹੀਂ ਮਿਲੇਗਾ ਜੋ ਰੋਟੀ, ਕਪੜਾ ਤੇ ਮਕਾਨ, ਭਾਵ ਆਪਣੇ ਮਨੁੱਖਾ ਜੀਵਨ ਦੀਆਂ ਮੂਲ ਲੋੜਾਂ ਤੋਂ ਹੀ ਥੁੜਿਆ ਹੋਵੇ।

ਹਾਲਾਂਕਿ ਅਜਿਹੇ ਸਾਰੇ ਇਨਸਾਨੀ ਗੁਣਾ ਤੇ ਮਨੁੱਖ-ਮਨੁੱਖ ਵਿਚਕਾਰ ਇਹਨਾ ਸਾਂਝੀਆਂ ਕੜੀਆਂ ਦੇ ਸ੍ਰੋਤ ਹਨ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਤੇ ਕੋਈ ਦੂਜਾ ਨਹੀਂ। ਜਿਸ ਗੁਰੂ ਦੇ ਦਾਅਵੇਦਾਰ ਬਣੇ ਬੈਠੇ, ਅੱਜ ਅਸੀਂ ਲੋਕ ਗੁਰਬਾਣੀ ਦੇ ਇਸ ਮੂਲ ਪੱਖ ਨੂੰ ਹੀ ਪੂਰੀ ਤਰ੍ਹਾਂ ਵਿਸਾਰੀ ਬੈਠੇ ਹਾਂ। ਫ਼ਿਰ ਚਾਹੇ ਸਿੱਖ ਧਰਮ `ਚ ਗੁਰਦੁਆਰਾ ਪ੍ਰਬੰਧਕ ਹਨ. ਨੇਤਾ ਗਣ, ਰਾਗੀ, ਢਾਡੀ, ਕਥਾਵਾਚਕ, ਗ੍ਰੰਥੀ ਸਾਹਿਬਾਨ, ਸੇਵਾਦਾਰ ਆਦਿ ਪ੍ਰਚਾਰਕ, ਕੌਮ ਦੇ ਲਿਖਾਰੀ ਤੇ ਭਾਵੇਂ ਸਾਧਾਰਨ ਸਿੱਖ ਲੋਕਾਈ।

ਸਭ ਤੋਂ ਵੱਡਾ ਤੇ ਸਬੰਧਤ ਅਜੋਕਾ ਸਿੱਖ ਮਸਲਾ-ਜੇ ਕਰ ਪਹਿਚਾਨਣ ਦਾ ਜੱਤਨ ਕੀਤਾ ਜਾਵੇ ਤਾਂ “ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ”, ਇਹ ਆਪਣੇ ਆਪ `ਚ ਅੱਜ ਪੰਥ ਦੇ ਸਾਹਮਣੇ ਛੋਟਾ ਮਸਲਾ ਨਹੀਂ, ਬਲਕਿ ਇਹੀ ਆਪਣੇ ਆਪ `ਚ ਪੰਥਕ ਸੰਭਾਲ ਲਈ ਅਜੋਕਾ ਬਹੁਤ ਵੱਡਾ ਸਿੱਖ ਮਸਲਾ ਹੈ। ਇਸ ਨੂੰ ਸਮਝਣ ਤੇ ਇਸ ਦੇ ਹੱਲ ਵੱਲ ਟੁਰਣ ਲਈ ਜਿੱਥੇ ਪੰਥ ਦੇ ਹਰੇਕ ਦਰਦੀ ਦਾ ਫ਼ਰਜ਼ ਬਣਦਾ ਹੈ। ਲੋੜ ਹੈ ਕਿ ਇਸ ਸਬੰਧੀ ਵੱਖ ਵੱਖ ਪੰਥਕ ਪਹਿਲੂਆਂ ਤੇ ਹਦੋਂ ਵੱਧ ਠਰੰਮੇ ਤੇ ਠੰਡੇ ਦਿਮਾਗ਼ ਨਾਲ ਵਿਚਾਰ ਕੀਤਾ ਜਾਵੇ ਪਰ ਉਹ ਵੀ ਪ੍ਰਚਲਤ ਪੰਥਕ ਚਲਣ ਵਿੱਚੋਂ ਲਾਂਬੇ ਹੋ ਕੇ, ਗੰਭੀਰਤਾ ਨਾਲ ਇਸ ਵਿਸ਼ੇ ਨੂੰ ਵਿਚਾਰੇ ਤੇ ਘੋਖੇ।

ਦੇਖਣਾ ਇਹ ਹੈ ਕੱਲ ਤੱਕ ਜਿੱਥੇ ਸੰਸਾਰ ਦੇ ਹਰੇਕ ਵਰਗ ਤੇ ਧਰਮ ਦਾ ਬੰਦਾ ਆਪਣੇ ਆਪ `ਚ ਸਿੱਖ ਅਖਵਾਉਣ `ਤੇ ਹੋਣ `ਚ ਫ਼ਖ਼ਰ ਮਹਿਸੂਸ ਕਰਦਾ ਸੀ; ਅੱਜ ਉਹੀ ਮਨੁੱਖ, ਸਿੱਖ ਧਰਮ ਨੂੰ ਆਪਣੇ ਤੋਂ ਵੱਖਰਾ ਤੇ ਆਪਣੇ ਆਪਣੇ ਧਾਰਮਿਕ ਵਿਸ਼ਵਾਸਾਂ ਵਾਂਗ ਸਿੱਖ ਧਰਮ ਨੂੰ ਵੀ ਵਖ੍ਰੇਵੇਂ ਦੀ ਨਜ਼ਰ ਨਾਲ ਕਿਉਂ ਦੇਖ ਰਿਹਾ ਹੈ? ਜਦਕਿ ਸਿੱਖ ਧਰਮ ਦੇ ਮੂਲ਼ ਦਾ ਤਾਂ ਅਸ਼ਲ ਮੂਲ਼ ਹੀ ਮਨੁੱਖਾ ਜੀਵਨ ਦੀਆਂ ਸਾਂਝੀਆਂ ਕੜੀਆਂ ਹਨ। ਸਿੱਖ ਧਰਮ ਦੀ ਤਾਂ ਬੁਨਿਆਦ ਹੀ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ” (ਪੰ: ੧੩) ਅਥਵਾ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯) ਆਦਿ ਗੁਰਬਾਣੀ ਸਿਧਾਂਤ ਹਨ।

ਉਪ੍ਰੰਤ ਜੇ ਕਰ ਦੂਰ ਨਾ ਜਾਵੀਏ ਉਪ੍ਰੰਤ ਜੇਕਰ ਪੂਰਣ ਇਮਾਨਦਾਰੀ ਤੇ ਸਿੱਖੀ ਦਰਦ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਪ੍ਰਤੱਖ ਹੋ ਜਾਵੇਗਾ ਕਿ ਸਚਮੁਚ ਕੱਲ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਇਹ ਮੱਤ ਮਾਨਵਤਾ ਵਿਚਕਾਰ ਇੱਕ ਅਜਿਹੀ ਨਿਆਰੀ ਤੇ ਨਿਵੇਕਲੀ ਲਹਿਰ ਤੇ ਕੜੀ ਸੀ ਜਿਸ ਨੂੰ ਸਾਰੇ ਸਤਿਕਾਰ ਦੀ ਨਜ਼ਰ ਨਾਲ ਵੇਖ ਰਹੇ ਸਨ। ਜਿਥੋਂ ਤੱਕ ਵੀ ਸਿੱਖ ਧਰਮ ਦੀ ਖੂਸ਼ਬੂ ਪੁੱਜਦੀ ਸੀ ਹਰ ਕੋਈ ਇਸ ਨੂੰ ਆਪਣੇ ਜ਼ਖਮਾਂ `ਤੇ ਮਰਹਮ ਮਹਿਸੂਸ ਕਰਦਾ ਸੀ। ਫ਼ਿਰ ਉਹ ਮਨੁੱਖ ਭਾਵੇਂ ਕਿਸੇ ਵੀ ਧਰਮ ਜਾਂ ਦੇਸ਼ ਦਾ ਵਾਸੀ ਕਿਉਂ ਨਾ ਹੋਵੇ। ਕਾਲਾ ਹੋਵੇ ਜਾਂ ਗੋਰਾ, ਅਮੀਰ ਹੋਵੇ ਗ਼ਰੀਬ, ਧੰਨਾਢ ਹੋਵੇ ਜਾਂ ਕੰਗਾਲ, ਇਸਤ੍ਰੀ ਹੋਵੇ ਜਾਂ ਪੁਰਖ, ਅਖੌਤੀ ਉੱਚ ਜਾਤ ਦਾ ਹੋਵੇ ਜਾਂ ਨੀਵੀ ਤੇ ਦਲਿੱਤ, ਹਰ ਕਿਸੇ ਨੂੰ ਇਹੀ ਮਹਿਸੂਸ ਹੁੰਦਾ ਸੀ ਕਿ ਗੁਰਬਾਣੀ ਰਾਹੀਂ ਗੁਰੂ ਨਾਨਕ ਪਾਤਸ਼ਾਹ ਜਿਹੜੀ ਵੀ ਗੱਲ ਕਰ ਰਹੇ ਹਨ ਉਸ ਦੇ ਹਿੱਤ ਤੇ ਹਮਦਰਦੀ ਵਿੱਚ ਹੀ ਕਰ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਉਸੇ ਦੀ ਦੁਖਦੀ ਰਗ `ਤੇ ਫ਼ਾਇਆ ਰੱਖ ਰਹੇ ਹਨ। ਇਸ ਤੋਂ ਬਾਅਦ ਉਹ ਸਿੱਖ ਧਰਮ ਨੂੰ ਅਪਣਾਵੇ ਜਾਂ ਨਾ ਅਪਣਾਵੇ ਇਹ ਇੱਕ ਵੱਖਰੀ ਗੱਲ ਹੈ ਪਰ ਇਸ ਸਿੱਖ ਲਹਿਰ ਨੂੰ ਉਹ ਆਪਣੇ ਹੀ ਭਲੇ ਲਈ ਮਹਿਸੂਸ ਕਰਦਾ ਸੀ। ਸਿਵਾਏ “ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ” (ਪੰ: ੪੬੬) ਅਨੁਸਾਰ ਕੁੱਝ ਜਨੂੰਨੀਆਂ ਤੇ ਤੰਗ ਨਜ਼ਰ ਲੋਕਾਂ ਦੇ ਜੋ ਬਦੀਆਂ ਦੇ ਰੂਪ `ਚ ਹਮੇਸ਼ਾਂ ਤੋਂ ਹੀ ਸੰਸਾਰ ਦਾ ਅੰਗ ਹੁੰਦੇ ਹਨ। #215s011.02.11# ਚਲਦਾ

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 215-I

ਸਿੱਖ ਪੰਥ ਦਾ ਬਿਖਰਾਵ ਅਤੇ ਸੰਭਾਲ (ਭਾਗ ਪਹਿਲਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.