.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 11)

ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ॥ ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ॥ ੧॥ ਸੋ ਪ੍ਰਭੁ ਜਾਣੀਐ ਸਦ ਸੰਗਿ॥ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ॥ ੧॥ ਰਹਾਉ॥ ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ॥ ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ॥ ੨॥ ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ॥ ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ॥ ੩॥ ਏਕ ਟੇਕ ਆਧਾਰ ਏਕੋ ਏਕ ਕਾ ਮਨਿ ਜੋਰੁ॥ ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ॥ ੪॥ (੪੦੫)
॥ ਰਹਾਉ॥ ਸੋ ਪ੍ਰਭੁ ਜਾਣੀਐ ਸਦ ਸੰਗਿ॥ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ॥ ੧॥ ਰਹਾਉ॥ ਹੇ ਭਾਈ, ਜੇ ਤੂੰ ਚਾਹੁੰਦਾ ਹੈਂ ਕਿ ਤੇਰਾ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਵੇ, ਤੇਰੀ ਜੀਵਨ-ਖੇਡ ਸਫਲਤਾ ਸਹਿਤ ਸੰਪੂਰਨ ਹੋ ਜਾਵੇ, ਤੂੰ ਪਰਮਾਤਮਾ ਨੂੰ ਮਿਲ ਕੇ, ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਵੇਂ, ਤਾਂ ਤੈਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਅਕਾਲਪੁਰਖ ਹਮੇਸ਼ਾ ਤੇਰੇ ਅੰਗ-ਸੰਗ ਹੈ, ਤੇਰੇ ਨਾਲ ਹੈ। ਤਾਂ ਜੋ ਤੂੰ ਕੋਈ ਵੀ ਅਜਿਹਾ ਕੰਮ ਕਰਨ ਤੋਂ ਬਚੇਂ, ਜਿਸ ਦੇ ਕਰਨ ਨਾਲ, ਪਰਮਾਤਮਾ ਨਾਲੋਂ ਤੇਰੀ ਦੂਰੀ ਵਧਣ ਦੀ ਸੰਭਾਵਨਾ ਹੋਵੇ। ਪਰ ਇਹ ਸਮਝ ਵੀ ਤਦ ਹੀ ਆ ਸਕਦੀ ਹੈ, ਜੇ ਸ਼ਬਦ ਗੁਰੂ ਦੀ ਕਿਰਪਾ ਸਦਕਾ, ਸ਼ਬਦ ਦੇ ਵਿਚਾਰ ਆਸਰੇ, ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਜਾਈਏ। ਉਸ ਦੇ ਪਿਆਰ ਵਿੱਚ ਹੀ ਟਿਕੇ ਰਹੀਏ।
॥ ੧॥ ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ॥ ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ॥ ੧॥ ਜੇ ਤੂੰ ਚਾਹੁੰਦਾ ਹੈਂ ਕਿ ਤੈਨੂੰ ਪਰਮਾਤਮਾ ਵਲੋਂ ਮਿਲਿਆ ਮਨੁੱਖਾ ਸਰੀਰ, ਇਸ ਸੰਸਾਰ ਤੋਂ ਬਾਜ਼ੀ ਜਿੱਤ ਕੇ ਜਾਏ, ਤਾਂ ਆਪਣੀਆਂ ਸਾਰੀਆਂ ਚੁਸਤੀਆਂ-ਚਤਰਾਈਆਂ ਨੂੰ ਤਿਆਗ ਕੇ, ਇੱਕ ਅਬੋਧ ਬਾਲਕ ਵਾਙ, ਉਸ ਪਰਮਾਤਮਾ ਦੀ ਭਗਤੀ ਕਰ, ਜਿਸ ਦਾ ਕੋਈ ਆਕਾਰ ਨਹੀਂ ਹੈ। ਕਿੰਨਾ ਸਪੱਸ਼ਟ ਆਦੇਸ਼ ਹੈ ਕਿ ਸੰਸਾਰ ਵਿੱਚ ਦਿਸਦੇ ਸਾਰੇ ਆਕਾਰ, ਜੋ ਭਾਵੇਂ ਬੀਤੇ ਸਮੇ ਵਿੱਚ ਹੋਏ ਹਨ, ਜਾਂ ਮੌਜੂਦਾ ਸਮੇ ਵਿੱਚ ਵਿਚਰ ਰਹੇ ਹਨ, ਜਾਂ ਆਉਣ ਵਾਲੇ ਸਮੇ ਵਿੱਚ ਹੋਣਗੇ, ਉਹ ਤੇਰਾ ਕੁੱਝ ਨਹੀਂ ਸਵਾਰ ਸਕਦੇ, ਉਹ ਤਾਂ ਆਪ ਹੀ ਕਾਲ ਦੇ, ਸਮੇ ਦੇ ਖਾਜੇ ਹਨ, ਉਹ ਤੈਨੂੰ ਕਿਵੇਂ ਕਾਲ ਦੀ ਮਾਰ ਤੋਂ ਬਚਾਅ ਲੈਣਗੇ? ਇੱਕ ਅਕਾਲ ਪੁਰਖ ਹੀ ਅਜਿਹੀ ਹਸਤੀ ਹੈ, ਜਿਸ ਨਾਲ ਜੁੜਿਆਂ, ਜਿਸ ਨਾਲ ਇਕ-ਮਿਕ ਹੋਇਆਂ, ਬੰਦਾ ਕਦੀ ਵੀ ਕਾਲ ਦੀ ਗ੍ਰਾਹੀ ਨਹੀਂ ਬਣ ਸਕਦਾ। ਏਥੇ ਇਹ ਵੀ ਸਮਝਣ ਦੀ ਗੱਲ ਹੈ ਕਿ ਕਾਲ ਦੇ ਪਰਭਾਵ ਤੋਂ ਬਚਣ ਦਾ ਇਕੋ-ਇਕ ਢੰਗ ਹੈ, ਅਤੇ ਉਹ ਇਹ ਹੈ ਕਿ ਜੀਵ ਜਨਮ ਹੀ ਨਾ ਲਵੇ, ਕਿਉਂਕਿ ਜੋ ਜਨਮ ਲਵੇਗਾ, ਉਹ ਤਾਂ ਸਮੇ ਦੇ ਨਾਲ ਜਵਾਨ ਵੀ ਹੋਵੇਗਾ, ਬੁੱਢਾ ਵੀ ਹੋਵੇਗਾ ਅਤੇ ਕਾਲ ਵੱਸ ਵੀ ਹੋਵੇਗਾ। ਜਨਮ ਲੈਣ ਤੋਂ ਬਚਣ ਦਾ ਇਕੋ-ਇਕ ਸਾਧਨ ਹੈ, ਪਰਮਾਤਮਾ ਦੀ ਭਗਤੀ ਕਰ ਕੇ, ਉਸ ਦੇ ਹੁਕਮ ਵਿੱਚ ਰਾਜ਼ੀ ਰਹਿ ਕੇ ਚੱਲਣ ਆਸਰੇ ਪ੍ਰਭੂ ਨਾਲ ਏਵੇਂ ਇਕ-ਮਿਕ ਹੋ ਜਾਵੇ ਜਿਵੇਂ ਪਾਣੀ ਵਿੱਚ ਰਲ ਕੇ ਪਾਣੀ ਦੁਬਾਰਾ ਵੱਖ ਨਹੀਂ ਹੋ ਸਕਦਾ। ਇਸ ਤਰ੍ਹਾਂ ਹੀ ਤੂੰ ਰੱਬ ਦਾ ਰੂਪ ਹੋ ਕੇ, ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਸਕਦਾ ਹੈਂ। ਉਸ ਦੇ ਹੁਕਮ ਵਿੱਚ ਖੁਸ਼ੀ ਪੂਰਵਕ ਚੱਲਣ ਤੋਂ ਬਗੈਰ, ਉਸ ਨੂੰ ਮਿਲਣ ਦੇ ਹੋਰ ਸਾਰੇ ਸਾਧਨ, ਧੂੜ ਸਮਾਨ, ਵਿਅਰਥ ਹਨ।
॥ ੨॥ ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ॥ ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ॥ ੨॥ ਹੇ ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਾਅ ਸਕਣ ਦੇ ਸਮਰੱਥ, ਸਿਰਫ ਇੱਕ ਪ੍ਰਭੂ ਦਾ ਆਸਰਾ ਹੀ ਹੈ, ਉਸ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ ਹੈ, ਇਸ ਲਈ ਤੂੰ ਹਮੇਸ਼ਾ ਪ੍ਰਭੂ ਦੇ ਗੁਣ ਗਾਉਂਦਾ ਰਹੁ, ਤਾਂ ਹੀ ਇਸ ਦੁਤਰ, ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ। (ਏਥੇ ਇਹ ਵੀ ਵਿਚਾਰਨਾ ਬਹੁਤ ਜ਼ਰੂਰੀ ਹੈ ਕਿ, ਗੁਣ ਗਾਉਣਾ ਕੀ ਚੀਜ਼ ਹੈ? ਕਿਉਂਕਿ ਇਸ ਨੂੰ ਜਾਣੇ ਬਗੈਰ ਬੰਦਾ ਸਾਰੀ ਉਮਰ ਕਰਮ-ਕਾਂਡਾਂ ਵਿੱਚ ਫਸਿਆ ਵਿਅਰਥ ਕੰਮ ਹੀ ਕਰਦਾ ਰਹਿੰਦਾ ਹੈ, ਰੱਟੇ ਹੀ ਲਾਉਂਦਾ ਰਹਿੰਦਾ ਹੈ, ਇਹੀ ਸਿੱਖੀ ਦੀ ਤ੍ਰਾਸਦੀ ਹੈ। ਆਪ ਅਗਿਆਨੀ, ਪੁਜਾਰੀ ਲਾਣਾ ਕਦੀ ਵੀ ਸਿੱਖਾਂ ਨੂੰ ਇਹ ਨਹੀਂ ਸਮਝਾਉਂਦਾ ਕਿ ਨਾਮ ਕੀ ਹੈ? ਜਪ ਕੀ ਹੈ? ਸਿਮਰਨ ਕੀ ਹੈ? ਕੀਰਤਨ ਕੀ ਹੈ? ਗੁਣ ਕੀ ਹਨ? ਉਹ ਗਾਉਣੇ ਕਿਵੇਂ ਹਨ? ਆਦਿ ਆਦਿ। ਪੁਜਾਰੀ ਸਿੱਖਾਂ ਨੂੰ ਸਿਰਫ ਕਰਮ-ਕਾਂਡਾਂ ਨਾਲ ਜੋੜਦੇ ਹਨ, ਜੇ ਕੋਈ ਜਗਿਆਸਾ ਵੱਸ, ਕੁੱਝ ਪੁੱਛ ਲਵੇ ਤਾਂ ਬੜੇ ਤਪਾਕ ਨਾਲ ਜਵਾਬ ਦਿੰਦੇ ਹਨ ਕਿ ਮਹਾਂ ਪੁਰਖਾਂ ਨੂੰ ਸਵਾਲ ਨਹੀਂ ਪੁਛੀਦੇ, ਇਸ ਨਾਲ ਉਨਾਂ ਦੀ ਪਰਮਾਤਮਾ ਨਾਲੋਂ ਲਿਵ ਟੁੱਟਦੀ ਹੈ। (ਪਰ ਬਾਬਾ ਨਾਨਕ ਜੀ ਤਾਂ ਸਾਰੀ ਉਮਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ, ਉਨ੍ਹਾਂ ਦੀ ਲਿਵ ਤਾਂ ਕਦੇ ਨਹੀਂ ਟੁੱਟੀ। ਅਜਿਹੇ ਪਖੰਡੀਆਂ ਤੋਂ ਬਚਣ ਦੀ ਲੋੜ ਹੈ) ਪਰਮਾਤਮਾ ਦੇ ਗੁਣ ਗਾਉਣੇ ਜਾਂ ਸੁਣਨੇ ਤਦ ਹੀ ਸਾਰਥਿਕ ਹੋ ਸਕਦੇ ਹਨ, ਜੇ ੳਨ੍ਹਾਂ ਬਾਰੇ ਵਿਚਾਰ ਕਰ ਕੇ, ਉਨ੍ਹਾਂ ਨੂੰ ਸਮਝ ਕੇ, ਉਨ੍ਹਾਂ ਨੂੰ ਜੀਵਨ ਵਿੱਚ ਢਾਲਣ ਦਾ ਉਪਰਾਲਾ ਕੀਤਾ ਜਾਵੇ, ਵਰਨਾ ਸਭ ਵਿਅਰਥ ਹੈ। ਅਤੇ ਇਹ ਕੰਮ ਮਨ ਦਾ ਹੈ, ਜੀਭ ਦਾ ਨਹੀਂ, ਮੂੰਹ ਨਾਲ ਉਚਾਰਿਆ ਜਾਂ ਕੰਨਾਂ ਨਾਲ ਸੁਣਿਆ, ਤਦ ਹੀ ਸਫਲ ਹੁੰਦਾ ਹੈ ਜੇ ਉਸ ਨੂੰ ਮਨ ਵੀ ਭਲੀ-ਭਾਂਤ ਮੰਨ ਲਵੇ।
॥ ੩॥ ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ॥ ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ॥ ੩॥ ਜੇ ਇਹ ਜਾਣ ਲਈਏ ਕਿ ਪਰਮਾਤਮਾ ਹਮੇਸ਼ਾ ਅੰਗ-ਸੰਗ ਹੈ ਤਾਂ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੀ ਪੁਰੀ ਵਿਚ, ਆਵਾ-ਗਵਣ ਵਿੱਚ ਨਿਵਾਸ ਨਹੀਂ ਮਿਲਦਾ, ਕੋਈ ਦੁੱਖ ਨੇੜੇ ਨਹੀਂ ਆਉਂਦਾ। ਪਰ ਇਹ ਨਾਮ ਦਾ ਖਜ਼ਾਨਾ, ਕਰਤਾਰ ਦੇ ਹੁਕਮ ਵਿੱਚ ਚੱਲਣ ਦੀ ਤੌਫੀਕ, ਉਸ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਤੇ ਪ੍ਰਭੂ ਕਿਰਪਾ ਕਰ ਕੇ ਉਸ ਨੂੰ ਆਪ ਹੀ ਆਪਣੇ ਨਾਲ ਇਕ-ਮਿਕ ਕਰ ਲਵੇ। ਸਿੱਖੀ ਦੂਸਰੇ ਧਰਮਾਂ ਵਾਙ ਕੋਈ ਲਾਰਾ ਨਹੀਂ ਲਾਉਂਦੀ ਕਿ ਇਹ ਕੰਮ ਕਰਨ ਦਾ ਇਹ ਫੱਲ ਮਿਲੇਗਾ। (ਸਿੱਖੀ ਵਿੱਚ ਇਹ ਪਰਚਾਰਨ ਵਾਲੀਆਂ ਕਾਂ-ਘਿਆਰੀਆਂ (ਕਿ ਇਹ ਕੰਮ ਕਰਨ ਦਾ ਇਹ ਫੱਲ ਮਿਲੇਗਾ, ਏਨੀ ਵਾਰੀ ਕਰਨ ਦਾ ਇਹ ਫੱਲ ਮਿਲੇਗਾ, ਇਸ ਪਾਸੇ ਮੂੰਹ ਕਰ ਕੇ ਕਰਨ ਨਾਲ ਇਹ ਫੱਲ ਮਿਲੇਗਾ, ਪਾਣੀ ਵਿੱਚ ਖੜੇ ਹੋ ਕੇ ਕਰਨ ਨਾਲ ਇਹ ਫੱਲ ਮਿਲੇਗਾ ਆਦਿ) ਦੀਆਂ ਜੜ੍ਹਾਂ ਵੀ ਬ੍ਰਾਹਮਣਵਾਦ ਵਿੱਚ ਹੀ ਹਨ, ਸਿੱਖਾਂ ਨੂੰ, ਇਸ ਨੂੰ ਸਮਝਣ ਅਤੇ ਉਨ੍ਹਾਂ ਤੋਂ ਬਚਣ ਦੀ ਲੋੜ ਹੈ।) ਸਿੱਖੀ ਤਾਂ ਪੈਰ-ਪੈਰ ਤੇ ਇਹੀ ਉਪਦੇਸ਼ ਦਿੰਦੀ ਹੈ ਕਿ ਅਕਾਲਪੁਰਖ ਨਾਲ ਨਿਸ਼ਕਾਮ ਪਿਆਰ ਪਾਉ, ਤਾਂ ਜੋ ਪ੍ਰਭੂ ਦਿਆਲ ਹੋ ਕੇ, ਤੁਹਾਡੇ ਤੇ ਬਖਸ਼ਿਸ਼ ਕਰਦਿਆਂ, ਤੁਹਾਨੂੰ ਆਪਣੇ ਨਾਲ ਇਕ-ਮਿਕ ਕਰ ਕੇ ਜਨਮ-ਮਰਨ ਦੇ ਗੇੜ ਤੋਂ ਮੁਕਤ ਕਰ ਦੇਵੇ, ਜੋ ਮਨੁੱਖਾ ਜਨਮ ਦਾ ਮਨੋਰਥ ਹੈ।
॥ ੪॥ ਏਕ ਟੇਕ ਆਧਾਰ ਏਕੋ ਏਕ ਕਾ ਮਨਿ ਜੋਰੁ॥ ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ॥ ੪॥ (੪੦੫) ਹੇ ਭਾਈ, ਇੱਕ ਪਰਮਾਤਮਾ ਦਾ ਹੀ ਤੱਕਿਆ ਆਸਰਾ, ਇੱਕ ਪਰਭੂ ਤੇ ਰੱਖੀ ਟੇਕ, ਮਨ ਵਿੱਚ ਇੱਕ ਵਾਹਿਗੁਰੂ ਦੇ ਤਾਣ ਤੇ ਹੀ ਭਰੋਸਾ ਹੋਣਾ, ਉਸ ਇੱਕ ਨੂੰ ਹੀ ਹਰ ਚੀਜ਼ ਦਾ ਆਧਾਰ ਮੰਨਣਾ, ਜਮ-ਪੁਰੀ, ਜਨਮ-ਮਰਨ ਦੇ ਗੇੜ ਤੋਂ ਬਚਾ ਸਕਦਾ ਹੈ। ਹੇ ਨਾਨਕ, ਸਾਧ ਸੰਗਤ ਵਿੱਚ ਜੁੜ ਕੇ, ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। (ਨਾਮ ਕਿਵੇਂ ਸਿਮਰ ਹੁੰਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੦੭੯ ਤੇ ਬੜੇ ਵਿਸਤਾਰ ਨਾਲ ਸਮਝਾਇਆ ਹੈ, ਜਿਸ ਵਿੱਚ ਦੱਸਿਆ ਹੈ ਕਿ ਅੱਗ, ਪਾਣੀ, ਹਵਾ, ਚੰਦ, ਸੂਰਜ, ਤਾਰੇ ਅਤੇ ਹੋਰ ਸਾਰੀਆਂ ਚੀਜ਼ਾਂ, ਅਕਾਲ ਪੁਰਖ ਨੂੰ ਕਿਵੇਂ, ਬਿਨਾ ਚਿਮਟੇ ਉਲਾਰੇ, ਬਿਨਾ ਢੋਲਕੀਆਂ ਕੁਟਿਆਂ, ਬਿਨਾ ਹਾਰਮੋਨੀਅਮ ਅਤੇ ਤਬਲੇ ਦੀਆਂ ਸੁਰਾਂ ਕੱਢਿਆਂ, ਬਿਨਾ ਲਾਊਡ ਸਪੀਕਰਾਂ ਦਾ ਰੌਲ਼ਾ ਪਾਇਆਂ, ਬਿਨਾ ਹਨੇਰੇ ਦੇ, ਝੁੰਬਲ ਮਾਟੇ ਮਾਰੇ ਬਗੈਰ ਹੀ, ਵਾਹਿਗੁਰੂ ਦੀਆਂ ਅਲੱਗ-ਅਲੱਗ ਉਚਾਰਨਾਂ ਦਾ ਪਾਖੰਡ ਕੀਤਿਆਂ ਬਗੈਰ ਹੀ ਸਿਮਰ ਰਹੇ ਹਨ?) ਉਸ ਪ੍ਰਭੂ ਤੋਂ ਬਗੈਰ, ਹੋਰ ਕੋਈ ਏਨਾ ਸਮਰੱਥ ਨਹੀਂ ਹੈ, ਜੋ ਜਮ ਦੀ ਪੁਰੀ ਤੋਂ, ਆਵਾ-ਗਵਣ ਤੋਂ ਬਚਾਅ ਸਕੇ।
ਅਮਰ ਜੀਤ ਸਿੰਘ ਚੰਦੀ




.