.

ੴਸਤਿਗੁਰਪ੍ਰਸਾਦਿ ॥

ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

(ਕਿਸ਼ਤ ਨੰ: 02)

ਤਖ਼ਤ ਕਿਤਨੇ

ਤਖ਼ਤ ਦੇ ਮਾਮਲੇ ਵਿੱਚ ਸਿੱਖ ਕੌਮ ਵਿੱਚ ਇੱਕ ਹੋਰ ਬੜੀ ਦੁਖਦਾਈ ਅਤੇ ਹਾਸੋਹੀਣੀ ਸਥਿਤੀ ਹੈ ਕਿ ਸਾਡਾ ਇੱਕ ਨਹੀਂ, ਬਲਕਿ ਪੰਜ ਤਖਤ ਹਨ। ਇੱਥੇ ਇਹ ਮਹਤੱਵ ਪੂਰਨ ਗੱਲ ਵਿਚਾਰ ਲੈਣੀ ਵੀ ਯੋਗ ਹੋਵੇਗੀ ਕਿ ਤਖਤ ਕਿਤਨੇ ਹਨ ਯਾ ਹੋ ਸਕਦੇ ਹਨ? ਇਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੁਰਮਾਂਉਂਦੀ ਹੈ:

“ਏਕੋ ਤਖਤੁ ਏਕੋ ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥” {ਬਸੰਤੁ ਮਹਲਾ 1, ਪੰਨਾ 1188}

ਦੁਨਿਆਵੀ ਤੌਰ ਤੇ ਵੀ ਵੇਖ ਲਈਏ ਤਾਂ ਦੁਨੀਆਂ ਵਿੱਚ ਕਿਸੇ ਵੀ ਕੌਮ, ਮੁਲਕ, ਰਾਜਸਤਾ ਦਾ ਕੇਵਲ ਇੱਕ ਹੀ ਤਖ਼ਤ ਹੁੰਦਾ ਹੈ। ਹਾਂ ਕਈ ਵਾਰੀ ਉਸ ਦਾ ਕਾਰਜ ਸਥਾਨ, ਸਮੇਂ ਅਤੇ ਲੋੜ ਅਨੁਸਾਰ ਬਦਲ ਲਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ, ਅੰਗਰੇਜ਼ਾਂ ਦੇ ਰਾਜ ਸਮੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਪਰ ਗਰਮੀਆਂ ਵਿੱਚ ਇਸ ਨੂੰ ਸ਼ਿਮਲੇ ਬਦਲ ਲਿਆ ਜਾਂਦਾ ਸੀ। ਅੱਜ ਵੀ ਜੰਮੂ ਕਸ਼ਮੀਰ ਰਿਆਸਤ ਦੀ ਰਾਜਧਾਨੀ ਸ੍ਰੀਨਗਰ ਹੈ, ਪਰ ਸਰਦੀਆਂ ਵਿੱਚ ਇਸ ਨੂੰ ਜੰਮੂ ਬਦਲ ਲਿਆ ਜਾਂਦਾ ਹੈ। ਦੁਨੀਆਂ ਵਿੱਚ ਸ਼ਾਇਦ ਇਕੋ ਕੌਮ ਦੇ ਕਈ ਤਖ਼ਤਾਂ ਦਾ, ਇਕੋ ਵਿਲੱਖਣ ਪ੍ਰਮਾਣ ਸਿੱਖ ਕੌਮ ਦਾ ਹੈ। ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਨੂੰ ਤਾਂ ਤਖ਼ਤ 1968 ਵਿੱਚ ਐਲਾਨਿਆਂ ਗਿਆ, ਸਿਰਫ ਉਸ ਇਲਾਕੇ ਦੇ ਭੋਲੇ ਭਾਲੇ ਸਿੱਖਾਂ ਨੂੰ ਖੁਸ਼ ਕਰਨ ਅਤੇ ਇਸ ਗੱਲ ਦਾ ਸਿਆਸੀ ਲਾਹਾ ਲੈਣ ਵਾਸਤੇ। ਹੋਰ ਤਾਂ ਹੋਰ ਇੱਕ ਪਖੰਡੀ ਸਾਧ ਵਲੋਂ ਸੰਗਰੂਰ ਨੇੜੇ ਮਸਤੂਆਣੇ ਦੇ ਸਥਾਨ ਤੇ ਦਰਬਾਰ ਸਾਹਿਬ ਦੀ ਨਕਲ ਬਣਾ ਦਿੱਤੀ ਗਈ ਹੈ (ਅਕਾਲ-ਤਖ਼ਤ ਸਾਹਿਬ ਤੋਂ ਇਨ੍ਹਾਂ ਜਥੇਦਾਰਾਂ ਦੇ ਹੋਏ ਹੁਕਮ ਦੇ ਬਾਵਜੂਦ ਇਹ ਢਾਹੀ ਨਹੀਂ ਗਈ) ਅਤੇ ਇੱਕ ਹੋਰ ਅਕਾਲ ਤਖ਼ਤ ਵੀ ਬਨਾਉਣ ਦੀ ਤਿਆਰੀ ਹੋ ਰਹੀ ਹੈ, ਮਾਲਵੇ ਦਾ ਅਲੱਗ ਅਕਾਲ ਤਖ਼ਤ। ਸਿੱਖ ਕੌਮ ਵਿੱਚ ਕੁੱਝ ਜਾਗ੍ਰਿਤੀ ਆਉਣ ਅਤੇ ਰੌਲਾ ਪਾਉਣ ਕਾਰਨ, ਅਜੇ ਇਹ ਕਾਰਜ ਰੋਕ ਦਿੱਤਾ ਗਿਆ ਹੈ, ਪਰ ਉਸ ਪਖੰਡੀ ਸਾਧ ਵਲੋਂ ਪੂਰੀ ਤਿਆਰੀ ਹੈ। ਪਿਛਲੇ ਦਿਨੀਂ ਤਖ਼ਤ ਪਟਨਾ ਸਾਹਿਬ ਦੇ ਅਖੌਤੀ ਜਥੇਦਾਰ ਇਕਬਾਲ ਸਿੰਘ ਵਲੋਂ ਇਹ ਬਿਆਨ ਦਿੱਤਾ ਗਿਆ ਕਿ ਉਹ ਪੰਜਾਬ ਵਿਚਲੇ ਜਥੇਦਾਰਾਂ ਦੀ ਬਹੁਗਿਣਤੀ ਦੀ ਧੌਂਸ ਮੁਕਾਉਣ ਲਈ ਪੰਜਾਬੋਂ ਬਾਹਰ ਇੱਕ ਹੋਰ ਤਖ਼ਤ ਬਨਾਉਣਗੇ। ਜਾਪਦਾ ਹੈ ਕਿ ਅਕਾਲ ਤਖ਼ਤ ਤੋਂ ਇਲਾਵਾ ਬਾਕੀ ਤਖ਼ਤਾਂ ਦਾ ਜਨਮ ਵੀ ਐਸੇ ਹੀ ਸੁਆਰਥਾਂ ਵਿੱਚੋਂ ਹੋਇਆ ਹੋਵੇਗਾ। ਕਿਉਂਕਿ ਪੰਜਾਬੋਂ ਬਾਹਰਲੇ ਦੋ ਤਖ਼ਤਾਂ ਤੇ ਤਾਂ ਲੰਬੇ ਸਮੇਂ ਤੋਂ, ਸਿੱਧਾ ਹੀ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਰਿਹਾ ਹੈ, ਇਹ ਸਿੱਖ ਕੌਮ ਵਿੱਚ ਦੁਬਿਧਾ ਪਾਉਣ ਅਤੇ ਝਗੜੇ ਖੜੇ ਕਰਨ ਵਿੱਚ ਵੱਡਾ ਰੋਲ ਨਿਭਾ ਰਹੇ ਹਨ। ਇਹ ਗੱਲ ਇਨ੍ਹਾਂ ਤਖ਼ਤਾਂ ਤੇ ਚਲ ਰਹੀਆਂ ਅਲੱਗ ਅਲੱਗ ਮਰਿਆਦਾਵਾਂ, ਇਨ੍ਹਾਂ ਦੇ ਪੁਜਾਰੀਆਂ ਵਲੋਂ ਸਮੇਂ ਸਮੇਂ ਤੇ ਆਪਣੇ ਸਰਵਉੱਚ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ, ਇੱਕ ਪੰਥਕ ਜੁਗਤਿ ਵਿੱਚ ਬਝਣ ਤੋਂ ਇਨਕਾਰੀ ਹੋਣਾ ਅਤੇ ਸਮੇਂ ਸਮੇਂ ਤੇ ਜਾਰੀ ਕੀਤੇ ਜਾ ਰਹੇ ਆਪ-ਹੁਦਰੇ ਹੁਕਮਨਾਮਿਆਂ ਤੋਂ ਸਪਸ਼ਟ ਹੈ। ਇੱਕ ਸਾਜਸ਼, ਅਤੇ ਸੁਆਰਥ ਅਧੀਨ ਕੀਤੇ ਗਏ ਇਸ ਕਾਰਜ ਨੂੰ ਵੀ ਸਾਡੇ ਰਾਜਨੀਤਿਕ ਅਤੇ ਧਾਰਮਕ ਆਗੂ, ਅਕਸਰ ਬੇਸ਼ਰਮੀ ਨਾਲ ਇਹ ਕਹਿ ਕੇ ਜਾਇਜ਼ ਠਹਿਰਾਉਣ ਦਾ ਯਤਨ ਕਰਦੇ ਹਨ ਕਿ ਸਿੱਖ ਕੌਮ ਬਾਕੀ ਸਭ ਕੌਮਾਂ ਨਾਲੋਂ ਵਿਲੱਖਣ ਹੈ ਅਤੇ ਇਹ ਵੀ ਸਾਡੀ ਵਿਲੱਖਣਤਾ ਦਾ ਇੱਕ ਪ੍ਰਮਾਣ ਹੈ। ਹੋਰ ਕੋਈ ਫਰਕ ਪਵੇ ਨਾ ਪਵੇ, ਇਸ ਨਾਲ ਅਕਾਲ-ਤਖ਼ਤ ਸਾਹਿਬ ਦੇ ਸਤਿਕਾਰ, ਮਹਤੱਤਾ ਅਤੇ ਕਾਰਜ ਕੁਸ਼ਲਤਾ ਤੇ ਭਰਪੂਰ ਅਸਰ ਪੈਂਦਾ ਹੈ।

ਅਕਾਲ ਤਖ਼ਤ ਸਾਹਿਬ ਦੀ ਕਾਰਜ ਪ੍ਰਣਾਲੀ:

ਜੇ ਅਸੀਂ ਅਕਾਲ-ਪੁਰਖ ਦੇ ਅਟੱਲ ਸਿਧਾਂਤਾਂ ਦਾ ਸੰਕੇਤਕ ਤਖ਼ਤ ਬਣਾਇਆ ਹੈ, ਤਾਂ ਇਹ ਜ਼ਰੂਰੀ ਹੈ ਕਿ ਇਥੇ ਸਭ ਕੁੱਝ ਗੁਰਮਤਿ ਸਿਧਾਂਤਾਂ ਅਤੇ ਅਕਾਲ-ਪੁਰਖ ਦੇ ਅਟੱਲ ਨੇਮਾਂ, ਜੋ ਉਸ ਦੇ ਇਲਾਹੀ ਗੁਣਾਂ ਦੇ ਪ੍ਰਤੀਕ ਹਨ, ਅਨੁਸਾਰ ਹੋਵੇ। ਅਕਾਲ-ਪੁਰਖ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਆਪ ਸੱਚਾ ਹੈ, ਅਤੇ ਉਸ ਦਾ ਨਿਆਂ ਵੀ ਸੱਚਾ ਹੈ। ਗੁਰਬਾਣੀ ਦਾ ਫੁਰਮਾਨ ਹੈ:

“ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥” {ਤਿਲੰਗ ਮਹਲਾ 1, ਪੰਨਾ 723}

“ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥” {ਰਾਮਕਲੀ ਕੀ ਵਾਰ ਮਹਲਾ 3, ਪੰਨਾ 949}

“ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ॥” {ਸਿਰੀਰਾਗ ਕੀ ਵਾਰ ਮਹਲਾ 4, ਪੰਨਾ 90}

“ਤੇਰੈ ਘਰਿ ਸਦਾ ਸਦਾ ਹੈ ਨਿਆਉ॥” {ਆਸਾ ਮਹਲਾ 5, ਪੰਨਾ 376}

“ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥” {ਵਡਹੰਸੁ ਮਹਲਾ 1, ਪੰਨਾ 580}

ਇਸ ਲਈ ਸਭ ਤੋਂ ਵੱਧ ਮਹੱਤਵ ਪੂਰਨ ਇਹ ਹੈ ਕਿ ਇੱਥੇ ਹੋ ਰਹੇ ਸਭ ਕਾਰਜ ਸੱਚ ਤੇ ਅਧਾਰਤ ਹੋਣ ਅਤੇ ਇੱਥੇ ਸਦਾ ਨਿਆਂ ਹੋਵੇ। ਕੋਈ ਇਮਾਰਤ ਜਾਂ ਸੰਸਥਾ ਆਪਣੇ ਆਪ ਵਿੱਚ, ਨਿਆਂ ਤਾਂ ਨਿਆਂ, ਕੋਈ ਵੀ ਕਾਰਜ ਜਾਂ ਕਾਰਵਾਈ ਨਹੀਂ ਕਰ ਸਕਦੀ। ਸਾਰੇ ਕਾਰਜ ਸੰਸਥਾ ਤੇ ਸਥਾਪਤ ਜਾਂ ਕਾਬਜ਼ ਵਿਅਕਤੀਆਂ ਦੁਆਰਾ ਹੀ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੁਆਰਾ ਕੀਤੇ ਕਾਰਜਾਂ ਨਾਲ ਹੀ ਸੰਸਥਾ ਦਾ ਮਾਨ, ਅਪਮਾਨ, ਸਤਿਕਾਰ ਜੁੜਿਆ ਹੁੰਦਾ ਹੈ।

ਇਸ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੋ ਸਕਦਾ ਕਿ ਗੁਰੂ ਪਾਤਿਸ਼ਾਹਾਂ ਦੇ ਜੀਵਨ ਕਾਲ ਵਿੱਚ ਸਭ ਕਾਰਜ ਅਤੇ ਫੈਸਲੇ, ਸੱਚ ਨਿਆਂ ਤੇ ਹੀ ਅਧਾਰਤ ਸਨ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਕੋਈ ਵੀ ਸਤਿਗੁਰੂ ਅੰਮ੍ਰਿਤਸਰ ਨਹੀਂ ਆ ਸਕੇ, ਪਰ ਇਸ ਗਲ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਭਾਵੇਂ ਅਕਾਲ ਬੁੰਗੇ ਦਾ ਇੱਕ ਥੜਾ ਉਸਾਰਿਆ ਗਿਆ ਸੀ, ਪਰ ਉਸ ਥੜੇ ਦੀ ਮਹਤੱਤਾ ਪੀਰੀ ਦੇ ਨਾਲ, ਮੀਰੀ ਦੇ ਸਿਧਾਂਤ ਨੂੰ ਪਰਗਟ ਕਰਨ ਦੀ ਹੈ। ਮੀਰੀ ਤੇ ਪੀਰੀ ਦੇ ਕਾਰਜ ਉਥੋਂ ਹੀ ਚਲਦੇ ਸਨ, ਜਿੱਥੇ ਸਤਿਗੁਰੂ ਪਾਤਿਸ਼ਾਹ ਆਪ ਹੁੰਦੇ ਸਨ। ਐਸੇ ਸਮੇਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਕਿਸੇ ਪ੍ਰਮੁਖ ਸ਼ਖਸੀਅਤ ਦੀ ਸੇਵਾ ਲਗਦੀ ਰਹੀ, ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਦੇ ਨਾਂ ਸਭ ਤੋਂ ਪਹਿਲਾਂ ਸਾਹਮਣੇ ਆਉਂਦੇ ਹਨ, ਪਰ ਇਨ੍ਹਾਂ ਗੁਰਸਿੱਖਾਂ ਦੀ ਜ਼ਿਮੇਂਵਾਰੀ ਵੀ ਇਨ੍ਹਾਂ ਸਥਾਨਾਂ ਦੀ ਸੇਵਾ ਸੰਭਾਲ ਅਤੇ ਨਿੱਤ ਕਾਰਜਾਂ, ਮਰਿਆਦਾ ਆਦਿ ਨਿਭਾਉਣ ਤੱਕ ਸੀਮਿਤ ਸੀ। ਇਮਾਰਤ ਦੀ ਮਹਤੱਤਾ ਕਦੇ ਵੀ ਇਤਨੀ ਨਹੀਂ ਸੀ, ਜਿਤਨੀ ਅਸੀਂ ਅੱਜ ਬਣਾ ਦਿੱਤੀ ਹੈ। ਇਹ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਸਿੱਖ ਇਤਿਹਾਸ ਦੇ ਪੁਰਾਤਨ ਲਿਖਾਰੀਆਂ, ਸ੍ਰ. ਕੇਸਰ ਸਿੰਘ ਛਿੱਬਰ, ਸ੍ਰ. ਰਤਨ ਸਿੰਘ ਭੰਗੂ ਆਦਿ ਨੇ ਆਪਣੀਆਂ ਲਿਖਤਾਂ ਵਿੱਚ ਅਕਾਲ ਤਖ਼ਤ ਸਾਹਿਬ ਨਾਂਅ ਦੀ ਕਿਸੇ ਸੰਸਥਾਂ ਜਾਂ ਇਮਾਰਤ ਦਾ ਜ਼ਿਕਰ ਤੱਕ ਨਹੀਂ ਕੀਤਾ। ਕਨਿੰਘਮ, ਇੰਦੂ ਭੂਸ਼ਣ ਬੈਨਰਜੀ, ਗਾਰਡਨ, ਮੁਹੰਮਦ ਲਤੀਫ ਜਿਹੇ ਅਨਮਤੀ ਦੇਸੀ ਜਾਂ ਬਿਦੇਸ਼ੀ ਲਿਖਾਰੀਆਂ ਦੀਆਂ ਲਿਖਤਾਂ ਵਿੱਚ ਵੀ ਅਕਾਲ ਤਖ਼ਤ ਸਾਹਿਬ ਦੀ ਕੋਈ ਚਰਚਾ ਨਹੀਂ। ਕਵੀ ਸੰਤੋਖ ਸਿੰਘ, ਗੁਰਬਿਲਾਸ ਪਾਤਸਾਹੀ ਛੇਵੀਂ ਦੇ ਲਿਖਾਰੀ ਅਤੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਅਕਾਲ ਬੁੰਗਾ ਲਿਖਿਆ ਹੈ। ਇਹ ਅਕਾਲ ਬੁੰਗੇ ਤੋਂ ਅਕਾਲ ਤਖ਼ਤ ਸਾਹਿਬ ਕਦੋਂ ਬਣਿਆ ਇਸ ਦੇ ਕੋਈ ਸਪੱਸ਼ਟ ਪ੍ਰਮਾਣ ਨਹੀਂ ਮਿਲਦੇ। ‘ਹੁਕਮਨਾਮੇ ਆਦੇਸ਼ ਸੰਦੇਸ਼ … ਸ੍ਰੀ ਅਕਾਲ ਤਖ਼ਤ ਸਾਹਿਬ’ ਪੁਸਤਕ ਵਿੱਚ ਇਸ ਦੇ ਕਰਤਾ ਸ੍ਰ. ਰੂਪ ਸਿੰਘ ਨੇ ਜੋ ਪਹਿਲਾ ਹੁਕਮਨਾਮਾ ਪੰਨਾ 63 ਤੇ ਛਾਪਿਆ ਹੈ, 18 ਮਾਰਚ 1887 ਈ: ਦਾ ਹੈ, ਇਸ ਵਿੱਚ ਵੀ ਅਕਾਲ ਬੁੰਗਾ ਸ਼ਬਦ ਹੀ ਵਰਤਿਆ ਗਿਆ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਤੱਕ ਇਸ ਇਮਾਰਤ ਨੂੰ ਅਕਾਲ-ਬੁੰਗਾ ਹੀ ਆਖਿਆ ਜਾਂਦਾ ਸੀ, ਸੋ ਬਿਨਾ ਸ਼ੱਕ ਇਹ ਨਾਂ ਅੰਗਰੇਜ਼ਾਂ ਵੇਲੇ ਹੀ ਪ੍ਰਚੱਲਤ ਕੀਤਾ ਗਿਆ ਹੈ।

ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਾਇਆਣਾ ਕਰਨ ਤੋਂ ਬਾਅਦ, 19ਵੀਂ ਸਦੀ ਦੇ ਅੰਤ ਤੱਕ ਅਕਾਲ ਤਖ਼ਤ ਸਾਹਿਬ ਦਾ ਰੋਲ ਪੰਥਕ ਜੁਗਤਿ ਵਿੱਚ ਕੇਵਲ ਇਤਨਾ ਆਉਂਦਾ ਹੈ, ਕਿ ਜੇ ਸਮੇਂ ਦੇ ਹਾਲਾਤ ਮੁਤਾਬਕ ਸੰਭਵ ਹੋਵੇ ਤਾਂ, ਦਿਵਾਲੀ, ਵਿਸਾਖੀ ਤੇ ਇਸ ਦੇ ਸਾਹਮਣੇ ਪੰਥਕ ਇਕੱਠ ਹੁੰਦੇ ਸਨ, ਜਿਸ ਵਿੱਚ ਪੰਥ ਨੂੰ ਮੌਜੂਦਾ ਚੁਣੌਤੀਆਂ ਤੇ ਵਿਚਾਰ ਹੁੰਦੀ ਅਤੇ ਅਗਲੇ ਸਾਂਝੇ ਪੰਥਕ ਪ੍ਰੋਗਰਾਮ ਉਲੀਕੇ ਜਾਂਦੇ। ਇਨ੍ਹਾਂ ਦਿਨਾਂ ਦੀ ਚੋਣ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਇਨ੍ਹਾਂ ਦੋਹਾਂ ਸਮਿਆਂ ਤੇ ਹੀ ਮੌਸਮ ਸੁਹਾਵਣਾ ਹੁੰਦਾ ਹੈ, ਨਾ ਬਹੁਤੀ ਗਰਮੀਂ ਅਤੇ ਨਾ ਬਹੁਤੀ ਠੰਡ। ਦੂਸਰਾ ਪੰਜਾਬ ਸ਼ੁਰੂ ਤੋਂ ਹੀ ਖੇਤੀ ਮੁਖੀ ਸੂਬਾ ਹੋਣ ਕਾਰਨ, ਉਨ੍ਹਾਂ ਦਿਨਾਂ ਵਿੱਚ ਸਮੇਂ ਦੀ ਵਧੇਰੇ ਸੌਖ ਰਹਿੰਦੀ ਹੈ। ਸਿੱਖ ਧਰਮ ਵਿੱਚ ਦਿਵਾਲੀ ਜਾਂ ਸੰਗ੍ਰਾਂਦ ਦਾ ਕੋਈ ਹੋਰ ਮਹੱਤਵ ਨਹੀਂ ਅਤੇ ਨਾ ਹੀ ਉਸ ਸਮੇਂ ਮਨਾਉਣ ਦੀ ਰਵਾਇਤ ਸੀ। ਹਾਂ ਸੀਮਤ ਸਾਧਨਾਂ ਕਾਰਨ ਯਾਦ ਰੱਖਣ ਦੀ ਸਹੂਲੀਅਤ ਜਰੂਰ ਸੀ। ਇਨ੍ਹਾਂ ਦੋ ਮੌਕਿਆਂ ਤੋਂ ਇਲਾਵਾ ਵੀ ਜਦੋਂ ਕੋਈ ਪੰਥਕ ਮਸਲਾ ਸਾਹਮਣੇ ਆਉਂਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਬੁਲਾਕੇ ਮਸਲੇ ਵਿਚਾਰੇ ਜਾਂਦੇ ਅਤੇ ਫੈਸਲੇ ਲਏ ਜਾਂਦੇ। ਇਨ੍ਹਾਂ ਇਕੱਠਾਂ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਅਤੇ ਇਨ੍ਹਾਂ ਨੂੰ ਬੁਲਾਉਣ ਦਾ ਹੱਕ ਉਸ ਜਥੇਬੰਦੀ ਦੇ ਜਥੇਦਾਰ ਕੋਲ ਹੁੰਦਾ, ਜਿਸ ਜਥੇਬੰਦੀ ਕੋਲ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਹੁੰਦੀ, ਪਰ ਉਸ ਇਕੱਠ ਦੀ ਪ੍ਰਧਾਨਗੀ ਕਰਨ ਲਈ ਪੰਜ ਪਿਆਰੇ ਵੀ ਇਸੇ ਇਕੱਠ ਵਿਚੋਂ ਚੁਣੇ ਜਾਂਦੇ ਅਤੇ ਜਥੇਦਾਰ ਵੀ ਜੁੜੇ ਇਕੱਠ ਵਿਚੋਂ ਹੀ ਚੁਣਿਆਂ ਜਾਂਦਾ, ਜੋ ਹੋਏ ਫੈਸਲਿਆਂ ਦਾ ਐਲਾਨ ਸੰਗਤ ਵਿੱਚ ਕਰਦਾ। ਇਹ ਸਾਰੇ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਪੰਥਕ ਗੁਰਮਤੇ ਜਾਂ ਮਤੇ ਦੇ ਰੂਪ ਵਿੱਚ ਹੁੰਦੇ ਰਹੇ। ਇਹ ਸਰਬੱਤ ਖਾਲਸਾ ਸਾਰੇ ਪੰਥ ਦਾ ਪ੍ਰਤੀਨਿੱਧ ਇਕੱਠ ਹੁੰਦਾ ਸੀ। ਇਹ ਇਕੱਠ ਬੁਲਾਉਣ ਲਗਿਆਂ ਬਿਨਾਂ ਕਿਸੇ ਨਿੱਜੀ ਮੱਤਭੇਦ, ਈਰਖਾ, ਦੁਸ਼ਮਨੀ ਦੇ, ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਂਦਾ। ਇਹ ਸਰਬੱਤ ਖਾਲਸਾ ਇਤਨੀ ਮਜਬੂਤ ਅਤੇ ਤਾਕਤਵਰ ਸੰਸਥਾ ਸੀ ਕਿ ਕੋਈ ਵਿਅਕਤੀ ਜਾਂ ਜਥੇਬੰਦੀ ਇਸ ਦੇ ਫੈਸਲਿਆਂ ਤੋਂ ਬਾਗੀ ਹੋਣ ਦਾ, ਸੋਚ ਵੀ ਨਹੀਂ ਸੀ ਸਕਦੀ। ਮਹਾਰਾਜਾ ਰਣਜੀਤ ਸਿੰਘ ਕਿਉਂਕਿ ਆਪਣੇ ਖਾਨਦਾਨ ਦਾ ਇੱਕ ਪੁਰਖੀ ਰਾਜ ਕਾਇਮ ਕਰਨਾ ਚਾਹੁੰਦਾ ਸੀ, ਉਸ ਨੂੰ ਸਰਬੱਤ ਖਾਲਸੇ ਦੀ ਸ਼ਕਤੀਸ਼ਾਲੀ ਸੰਸਥਾ, ਆਪਣੇ ਇਸ ਮਕਸਦ ਵਿੱਚ ਇੱਕ ਰੁਕਾਵਟ ਜਾਪੀ, ਤਾਂ ਉਸ ਨੇ ਆਪਣੇ ਰਾਜ ਕਾਲ ਸਮੇਂ 1805 ਵਿੱਚ ਸਰਬੱਤ ਖਾਲਸੇ ਦੇ ਇਕੱਠ ਬੰਦ ਕਰਵਾ ਦਿੱਤੇ ਅਤੇ ਰਾਜ ਸੱਤਾ ਨੂੰ ਧਰਮ ਤੇ ਭਾਰੂ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਦੇ ਸਿੱਖ ਰਾਜਨੀਤਿਕ ਆਗੂ ਵੀ ਇਸ ਸੰਸਥਾ ਨੂੰ ਇਸੇ ਕਰਕੇ ਸੁਰਜੀਤ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਉਹ ਜਾਣਦੇ ਹਨ ਕਿ ਇਸ ਸੰਸਥਾ ਦੇ ਮੁੜ ਹੋਂਦ ਵਿੱਚ ਆਉਣ ਨਾਲ ਉਨ੍ਹਾਂ ਦਾ ਕੌਮ ਉਤੋਂ ਨਜਾਇਜ਼ ਕਬਜ਼ਾ ਢਿੱਲਾ ਪੈ ਜਾਵੇਗਾ ਅਤੇ ਉਹ ਆਪਣੇ ਸੁਆਰਥੀ ਰਾਜਨੀਤਿਕ ਹਿਤਾਂ ਵਾਸਤੇ ਮਨਮਾਨੀਆਂ ਨਹੀਂ ਕਰ ਸਕਣਗੇ। ਅੱਜ ਦੇ ਸਿਆਸੀ ਆਗੂਆਂ ਵਲੋਂ ਇਹ ਪਰਚਾਰਿਆ ਜਾਂਦਾ ਹੈ ਕਿ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਵੋਟਾਂ ਨਾਲ ਚੁਣੀ ਹੋਈ ਸੰਸਥਾ ਹੈ, ਇਸ ਲਈ ਇਹੀ ਅਜ ਦਾ ਸਰਬੱਤ ਖਾਲਸਾ ਹੈ, ਹੋਰ ਸਰਬੱਤ ਖਾਲਸੇ ਦੀ ਲੋੜ ਨਹੀਂ। ਹਾਲਾਂਕਿ ਜਿਵੇਂ ਪੈਸੇ, ਤਾਕਤ, ਨਸ਼ਿਆਂ ਅਤੇ ਹੋਰ ਜਾਇਜ਼ ਨਾਜਾਇਜ਼ ਤਰੀਕਿਆਂ ਦੀ ਵਰਤੋਂ ਕਰਕੇ ਇਹ ਚੋਣਾਂ ਜਿਤੀਆਂ ਜਾਂਦੀਆਂ ਹਨ, ਇਹ ਕਿਸੇ ਤੋਂ ਲੁਕਿਆ ਨਹੀਂ। ਨਾ ਹੀ ਇਸ ਤਰੀਕੇ ਨਾਲ ਚੁਣੇ ਗਏ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਆਚਰਨ ਅਤੇ ਕਿਰਦਾਰ ਕਿਸੇ ਤੋਂ ਲੁਕਿਆ ਹੈ। ਇਨ੍ਹਾਂ ਤੇ ਤਾਂ ਗੁਰਬਾਣੀ ਦੀਆਂ ਇਹ ਤੁੱਕਾਂ ਹੀ ਢੁਕਦੀਆਂ ਹਨ:

“ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥” {ਮਃ 1, ਪੰਨਾ 85}

ਐਸੇ ਕਿਰਦਾਰ ਵਾਲੇ ਲੋਕ ਜੋ ਕਿਸੇ ਤਰ੍ਹਾਂ ਖ਼ਾਲਸਾ ਵੀ ਅਖਵਾਉਣ ਦੇ ਅਧਿਕਾਰੀ ਹੀ ਨਹੀਂ ਹਨ, ਆਪਣੇ ਇਕੱਠ ਨੂੰ ਸਰਬੱਤ ਖ਼ਾਲਸਾ ਦੱਸ ਰਹੇ ਹਨ। ਸਿੱਖ ਕੌਮ ਦੇ ਧਾਰਮਿਕ ਖੇਤਰ ਵਿੱਚ ਤਾਂ ਵੋਟਾਂ ਵਾਲੀਆਂ ਚੋਣਾਂ ਦਾ ਵਿਧਾਨ ਹੀ ਨਹੀਂ। ਜੇ ਵੋਟਾਂ ਦੁਆਰਾ ਚੋਣ ਹੁੰਦੀ ਤਾਂ ਸ਼ਾਇਦ ਭਾਈ ਲਹਿਣਾ ਜੀ ਗੁਰੂ ਅੰਗਦ ਪਾਤਿਸ਼ਾਹ ਨਾ ਬਣ ਸਕਦੇ। ਇਥੇ ਤਾਂ ਗੁਰਮਤਿ ਦੀ ਸੋਝੀ ਤੇ ਅਧਾਰਤ ਸ਼ੁਭ ਗੁਣਾਂ ਦੁਆਰਾ ਚੋਣ ਦਾ ਵਿਧਾਨ ਹੈ। ਅੰਗਰੇਜ਼ ਨੇ ਜਿਸ ਵੋਟਾਂ ਦੀ ਚੋਣ ਨੂੰ ਆਪਣੇ ਗਿਰਜੇ ਲਈ ਲਾਗੂ ਨਹੀਂ ਕੀਤਾ, ਉਸ ਨੂੰ ਸਿੱਖ ਕੌਮ ਵਾਸਤੇ ਕਾਨੂੰਨੀ ਮਾਨਤਾ ਦੇਕੇ ਸਿੱਖ ਕੌਮ ਵਿੱਚ ਸਦਾ ਲਈ ਪਾਪ ਦੇ ਬੀਜ ਬੋ ਗਿਆ ਹੈ। ਉਂਝ ਵੀ ਇਹ ਚੋਣਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਤੱਕ ਸੀਮਿਤ ਹਨ, ਜਦਕਿ ਸਿੱਖ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹਨ। ਇਸੇ ਬਹਾਨੇ ਆਪਣੇ ਸਾਰੇ ਸਿਆਸੀ ਵਿਰੋਧੀਆਂ, ਪੰਥਕ ਜਥੇਬੰਦੀਆਂ ਅਤੇ ਪੰਥਕ ਸ਼ਖਸੀਅਤਾਂ ਨੂੰ ਵੀ ਪੰਥਕ ਜੁਗਤਿ ਚੋਂ ਬਾਹਰ ਰਖਿਆ ਜਾਂਦਾ ਹੈ। ਇਹ ਸਿਆਸੀ ਆਗੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਗੁਲਾਮੀ ਧਾਰਮਿਕ ਗੁਲਾਮੀ ਹੁੰਦੀ ਹੈ। ਇਸ ਲਈ ਸਿੱਖ ਕੌਮ ਨੂੰ ਧਾਰਮਿਕ ਗੁਲਾਮੀ ਵਿੱਚ ਜਕੜ ਕੇ ਰੱਖਣ ਵਾਸਤੇ ਤਖ਼ਤਾਂ ਦੇ ਜਥੇਦਾਰਾਂ ਦਾ ਅਹੁਦਾ ਇਜਾਦ ਕਰ ਲਿਆ ਗਿਆ ਹੈ, ਜੋ ਅਕਾਲ ਤਖ਼ਤ ਸਾਹਿਬ ਅਤੇ ਪੰਜ ਪਿਆਰਿਆਂ ਦੀ ਸੰਸਥਾ ਦੀ ਦੁਰਵਰਤੋਂ ਕਰ ਕੇ ਆਪਣੇ ਸਿਆਸੀ ਆਗੂਆਂ ਦੀ ਇੱਛਾ ਅਨੁਸਾਰ, ਸਿੱਖ ਕੌਮ ਨੂੰ ਮਾਨਸਿਕ ਗੁਲਾਮ ਬਣਾਕੇ ਰਖਦੇ ਹਨ।

ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਦਾ ਸਿਧਾਂਤਕ ਪੱਖ:

ਅਕਾਲ ਤਖ਼ਤ ਸਾਹਿਬ ਦਾ ਥੜ੍ਹਾ ਭਾਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾਇਆ, ਪਰ ਬਿਨਾਂ-ਸ਼ੱਕ ਇਹ ਗੁਰੂ ਨਾਨਕ ਪਾਤਿਸ਼ਾਹ ਦੇ ਉਸ ਤਖ਼ਤ ਦਾ ਲਖਾਇਕ ਹੈ, ਜੋ ਉਨ੍ਹਾਂ ਧਰਮ ਦਾ ਰਾਜ ਕਾਇਮ ਕਰਕੇ ਤਿਆਰ ਕੀਤਾ ਸੀ। ਇਸ ਤਖ਼ਤ ਤੇ ਸੁਸ਼ੋਭਿਤ ਹੋਣ ਦਾ ਹੱਕ ਕਿਸ ਨੂੰ ਹੈ? ਇਸ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਂਦੇ ਹਾਂ। ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪ੍ਰਮਾਣ ਹਨ:

“ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥” (ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ, ਪੰਨਾ 967)

ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਸਾਹਿਬ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ

“ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥” {ਨਲ੍ਯ੍ਯ ਕਵਿ, ਪੰਨਾ 1399}

ਉਸ (ਅਕਾਲ ਪੁਰਖ) ਨੇ ਗੁਰੂ ਰਾਮਦਾਸ (ਜੀ) ਨੂੰ ਰਾਜ ਤੇ ਜੋਗ (ਵਾਲਾ) ਤਖ਼ਤ (ਗੱਦੀ) ਦਿੱਤਾ ਹੈ (ਭਾਵ ‘ਗੁਰੂ ਰਾਮਦਾਸ ਨੂੰ ਸੱਚੇ ਤਖ਼ਤ ਤੇ ਬਿਠਾ ਦਿੱਤਾ ਹੈ)।

“ਬਿਦ੍ਯ੍ਯਮਾਨ ਗੁਰਿ ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ॥ 6॥” {ਮਥੁਰਾ, ਪੰਨਾ 1404}

ਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ। 6.

“ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥” (ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ, ਪੰਨਾ 968)

(ਉਸ ਨਵੇਂ ਨਿਰੋਏ ਪ੍ਰਭੂ ਦੇ ਬਖ਼ਸ਼ੇ) ਤਖ਼ਤ (ਗੱਦੀ) ਉੱਤੇ (ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ ਸਨ, ਹੁਣ) ਗੁਰੂ ਅਰਜਨ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ, (ਭਾਵ, ਸਤਿਗੁਰੂ ਅਰਜਨ ਸਾਹਿਬ ਦਾ ਤੇਜ-ਪ੍ਰਤਾਪ ਸਾਰੇ ਪਸਰ ਰਿਹਾ ਹੈ)।

ਗੁਰਬਾਣੀ ਦੇ ਇਨ੍ਹਾਂ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਇਸ ਤਖ਼ਤ ਤੇ ਸੁਸ਼ੋਭਿਤ ਹੋਣ ਦਾ ਹੱਕ, ਕੇਵਲ ਨਾਨਕ ਜੋਤਿ ਨੂੰ ਹੈ। ਅੱਜ ਇਹ ਇਲਾਹੀ ਗਿਆਨ ਜੋਤਿ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਮਾਨ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਹੀ ਇਸ ਤਖ਼ਤ ਦੇ ਵਾਰਿਸ ਹਨ ਅਤੇ ਉਥੇ ਸੁਭਾਏਮਾਨ ਹਨ। ਸਤਿਗੁਰੂ ਦੇ ਹਜ਼ੂਰ ਵਿੱਚ, ਕੋਈ ਵੀ ਵਿਅਕਤੀ ਇਸ ਤਖ਼ਤ ਦਾ ਸੇਵਾਦਾਰ ਹੋ ਸਕਦਾ ਹੈ, ਇਸ ਤੋਂ ਵੱਧ ਹੋਰ ਕੁੱਝ ਨਹੀਂ। ਇਸੇ ਸਿਧਾਂਤ ਤੋਂ ਅਨਜਾਣ ਕੁੱਝ ਭੋਲੇ ਗੁਰਸਿੱਖਾਂ, ਅਤੇ ਕੁੱਝ ਸੁਆਰਥੀ ਅਤੇ ਸ਼ਰਾਰਤੀ ਵਿਅਕਤੀਆਂ ਵਲੋਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਆਪਣੇ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਦਿੱਤਾ ਜਾਂਦਾ ਹੈ। ਗੁਰੂ ਪਾਤਿਸ਼ਾਹ ਦੇ ਆਪ ਹੁੰਦਿਆਂ ਤਾਂ ਵੈਸੇ ਹੀ ਕਿਸੇ ਵਿਅਕਤੀ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਜੇ ਕੋਈ ਅਕਾਲ ਤਖ਼ਤ ਦਾ ਜਥੇਦਾਰ ਹੋਵੇਗਾ, ਤਾਂ ਉਹ ਆਪਣੇ ਫੈਸਲੇ ਵੀ ਸੁਣਾਏਗਾ, ਹੁਕਮਨਾਮੇ ਵੀ ਜਾਰੀ ਕਰੇਗਾ। ਕੀ ਸਤਿਗੁਰੂ ਦੇ ਆਪ ਹੁੰਦਿਆਂ ਕੋਈ ਹੋਰ ਵਿਅਕਤੀ ਪੰਥ ਦੇ ਫੈਸਲੇ ਕਰ ਸਕਦਾ ਹੈ ਜਾਂ ਸਤਿਗੁਰੂ ਦੇ ਬਰਾਬਰ ਕੌਮ ਦੇ ਨਾਂ ਹੁਕਮਨਾਮੇ ਜਾਰੀ ਕਰ ਸਕਦਾ ਹੈ? ਇਨ੍ਹਾਂ ਭੋਲੇ ਲੋਕਾਂ ਦੀ ਸਮਝ ਤੇ ਤਾਂ ਤਰਸ ਹੀ ਖਾਧਾ ਜਾ ਸਕਦਾ ਹੈ, ਪਰ ਸੁਆਰਥੀ ਅਤੇ ਸ਼ਰਾਰਤੀ ਲੋਕਾਂ ਦੀ ਕੌਮ ਪ੍ਰਤੀ ਇਮਾਨਦਾਰੀ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। --- ਚਲਦਾ

(ਰਾਜਿੰਦਰ ਸਿੰਘ ਦੀ ਛਪਾਈ ਅਧੀਨ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ’ ਵਿੱਚੋਂ ਕੁੱਝ ਅੰਸ਼)
.