.


ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਤੇ ਸਾਡੀ ਜਿੰਮੇਵਾਰੀ

ਸੰਸਾਰਕ ਰਿਸ਼ਤੇ ਬੜੇ ਹੀ ਭਾਵਨਾਤਮਕ ਹੁੰਦੇ ਹਨ। ਉਨ੍ਹਾਂ ਵਿਚੋਂ ਮਾਂ ਬੱਚੇ ਦਾ ਰਿਸ਼ਤਾ ਸਭ ਤੋਂ ਵੱਧ ਭਾਵਨਾਤਮਕ ਹੁੰਦਾ ਹੈ। ਇਹ ਰਿਸ਼ਤਾ ਹੋਰ ਰਿਸ਼ਤਿਆਂ ਵਾਗ ਕੱਚਾ ਨਹੀਂ ਹੁੰਦਾ ਹੈ। ਹੋਰ ਰਿਸ਼ਤੇ ਸਬੰਧਕ ਤੋਰ ਤੇ ਤੋੜੇ ਜਾ ਸਕਦੇ ਹਨ ਲੇਕਿਨ ਮਾਂ ਬੱਚੇ ਦਾ ਰਿਸ਼ਤਾ ਨਹੀਂ ਟੁੱਟਦਾ ਹੈ। ਜੇ ਕੋਈ ਤੋੜਨ ਦੀ ਕੋਸ਼ਿਸ਼ ਵੀ ਕਰੇ ਤੇ, ਉਹ ਹੋਰ ਵੀ ਜਿਆਦਾ ਭਾਵਨਾਤਮਕ ਤੋਰ ਤੇ ਅੱਗੇ ਵੱਧ ਹੋ ਤੁਰਦਾ ਹੈ। ਇਸ ਕਰਕੇ ਬੱਚੇ ਦਾ ਮਾਂ ਨਾਲ ਪਿਆਰ ਤੇ ਮਾਂ, ਬੱਚੇ ਦੇ ਮੋਹ ਵਿੱਚ ਬੱਝੀ ਹੁੰਦੀ ਹੈ। ਬੱਚਾ ਮਾਂ ਤੋਂ ਆਪਣਿਆਂ ਨਿਤ ਦੀਆ ਜਰੂਰਤਾਂ ਪੂਰਿਆਂ ਕਰਵਾਉਂਦਾ ਹੈ ਤੇ ਮਾਂ ਬੱਚੇ ਵਿੱਚ ਆਪਣਾ ਭਵਿੱਖ ਤੱਕਦੀ ਹੈ। ਇਸ ਕਾਰਣ ਨਾਲ ਮਾਂ ਬੱਚੇ ਦਾ ਧਿਆਨ ਆਪਣੇ ਨਾਲੋਂ ਵੀ ਵੱਧ ਰਖਦੀ ਹੈ। ਮਾਂ ਗਿਲੇ ਵਿੱਚ ਆਪ ਤੇ ਸੋ ਜਾਂਦੀ ਹੈ, ਲੇਕਿਨ ਬੱਚੇ ਨੂੰ ਸਦਾ ਹੀ ਸੁੱਕੇ ਵਿੱਚ ਸੁਆਉਂਦੀ ਹੈ। ਆਪੂੰ ਤੇ ਭੁੱਖੀ ਰਹਿ ਜਾਂਦੀ ਹੈ ਲੇਕਿਨ ਬੱਚੇ ਦਾ ਢਿੱਡ ਭਰਨ ਦਾ ਹਰ ਜਤਨ ਕਰਦੀ ਹੈ।
ਇਹ ਸਾਰੇ ਤਿਆਗ, ਪਿਆਰ ਤੇ ਭਾਵਨਾਵਾਂ ਮਾਂ ਦੀਆਂ ਕੇਵਲ ਆਪਣੇ ਹੀ ਬੱਚੇ ਤਕ ਹੁੰਦੀਆਂ ਹਨ। ਮਾਂ ਕਦੇ ਵੀ ਰਾਹ ਜਾਂਦੇ ਜਾਂ ਗਵਾਂਢੀ ਦੇ ਬੱਚੇ ਲਈ, ਆਪਣੇ ਬੱਚੇ ਦਾ ਢਿੱਡ ਨਹੀਂ ਕੱਟਦੀ ਹੈ। ਬਸ! ਮਾਂ ਆਪਣੇ ਬੱਚੇ ਤਕ ਹੀ ਪਿਆਰ ਪ੍ਰਗਟਾਉਂਦੀ ਹੈ, ਕਿਸੀ ਹੋਰ ਲਈ ਨਹੀਂ। ਲੇਕਿਨ ਸਤਿਗੁਰੂ ਇਸ ਤੋ ਕਈ ਗੁਣਾ ਅੱਗੇ ਵੱਧ ਕੇ, ਹਰ ਇੱਕ ਪ੍ਰਾਣੀ ਲਈ ਆਪਣਾ ਪਿਆਰ ਵੰਡਦੇ ਹਨ। ਉਹ ਕਦੀ ਆਪਣੀ ਬਖਸ਼ਿਸ਼ ਦੇਣ ਵਿੱਚ ਕਿਸੀ ਦਾ ਨਾਂ, ਜਾਤ, ਲਿੰਗ ਨਹੀਂ ਤੱਕਦੇ ਹਨ। ਸਤਿਗੁਰੂ ਦੀ ਕ੍ਰਿਪਾ ਵਿੱਚ ਕਿਸੀ ਤਰ੍ਹਾਂ ਦਾ ਵਿਤਕਰਾ ਨਹੀਂ ਹੁੰਦਾ ਹੈ। ਸਤਿਗੁਰੂ ਬਖਸ਼ਿਸ਼ ਦੀ ਨਦਰ ਨਾਲ ਵੇਖਣ ਵਿੱਚ ਕਦੀ ਇਹ ਨਹੀਂ ਵਿਚਾਰਦੇ ਕਿ ਇਹ ਮੇਰਾ ਕੋਈ ਪਿਆਰਾ ਸਿੱਖ ਹੈ ਜਾਂ ਕੌਡਾ, ਸੱਜਣ ਜਾਂ ਭੂਮਿਆ। ਉਨ੍ਹਾਂ ਨੇ ਭਾਈ ਮਹਾਂ ਸਿੰਘ ਤੇ ਵੀ ਆਪਣੀ ਕ੍ਰਿਪਾ ਦੀ ਨਦਰ ਕੀਤੀ ਹੈ ਤੇ ਪੈਂਦੇ ਖਾਂ ਨੂੰ ਭਖਸ਼ਣ ਵਿੱਚ ਵੀ ਇੱਕ ਖਿਨ ਨਹੀਂ ਲਾਇਆ ਹੈ। ਮਨੋਵਿਗਿਆਨਕ ਤੋਰ ਤੇ ਵੇਖੀਏ, ਮਾਂ ਨੂੰ ਬੱਚੇ ਵਿੱਚ ਆਪਣਾ ਭਵਿੱਖ ਵੇਖ ਕੇ, ਉਸਦਾ ਨਿੱਤ ਦੀਆਂ ਜਰੂਰਤਾਂ ਪੂਰਿਆਂ ਕਰਦੇ ਹੋਏ ਬੱਚੇ ਦੇ ਮੋਹ ਵਿੱਚ ਫਸਦੀ ਜਾਂਦੀ ਹੈਂ ਜਦਕਿ ਸਤਿਗੁਰੂ ਆਪਣੇ ਸਿੱਖ ਦੀਆ ਨਿੱਤ ਦੀਆ ਅਰਦਾਸਾਂ ਪ੍ਰਵਾਨ ਕਰਕੇ ਉਸ ਨੂੰ ਜੀਵਨ ਚਾਜ ਬਖ਼ਸ਼ ਕੇ, ਉਸ ਨੂੰ ਮੁਕਤੀ ਦਾ ਮਾਰਗ ਬਖ਼ਸ਼ਦੇ ਹੋਏ ਆਪ ਹੀ ਸਿੱਖ ਦੇ ਪ੍ਰੇਮ ਵਿੱਚ ਬੱਝਦੇ ਜਾਂਦੇ ਹਨ।
ਇਥੇ ਇੱਕ ਗੱਲ ਬੜੇ ਹੀ ਧਿਆਨ ਦੇਣ ਦੀ ਹੈ ਕਿ ਕਦੀ ਵੀ ਸੰਸਾਰ ਵਿੱਚ ਬੱਚਾ ਜਿਨ੍ਹਾਂ ਵੀ ਨਲਾਇਕ ਹੋਵੇ, ਉਹ ਕਦੀ ਵੀ ਆਪਣੀ ਮਾਂ ਦੀ ਸ਼ਰੀਕਣ (ਸੋਤਨ) ਆਪਣੇ ਘਰ ਨਹੀਂ ਲੈ ਕੇ ਆਉਂਦਾ ਹੈ ਤੇ ਨਾ ਹੀ ਉਹ ਕਦੀ ਪਿਤਾ ਲਈ ਦੂਜੀ ਜ਼ਨਾਨੀ ਲਿਆਉਣ ਦੀ ਸੋਚ ਨੂੰ ਸੋਚਦਾ ਹੈ। ਜੇ ਪਿਤਾ ਹੀ ਕਦੀ ਦੂਜੀ ਜ਼ਨਾਨੀ ਲੈ ਵੀ ਆਵੇ ਤੇ ਉਸ ਤੋਂ ਬੱਚੇ ਨੂੰ ਕਦੀ ਵੀ ਸੱਚੀ ਮਮਤਾ ਨਹੀਂ ਮਿਲ ਪਾਉਂਦੀ ਹੈ। ਜੇ ਕਰ ਪਿਤਾ ਦੀ ਲਿਆਈ ਜ਼ਨਾਨੀ ਦਾ ਚਰਿੱਤਰ ਕਿਧਰੇ ਪਵਿਤਰ ਨਾ ਹੋਵੇ ਤੇ ਬੱਚੇ ਵੀ ਉਸ ਨੂੰ ਕਦੀ ਵੀ ਆਪਣੀ ਮਾਂ ਵੱਜੋ ਪ੍ਰਵਾਨ ਨਹੀਂ ਕਰਦੇ ਹਨ। ਪਿਤਾ ਕਿਤਨਾ ਵੀ ਦੂਜੀ ਜ਼ਨਾਨੀ ਨਾਲ ਪਿਆਰ ਕਰੇ ਲੇਕਿਨ ਬੱਚੇ ਸਦਾ ਹੀ ਆਪਣੀ ਸਕੀ ਮਾਂ ਨਾਲ ਹੀ ਪ੍ਰੇਮ ਦੀ ਪੀਂਘ ਝੁੱਲਦਾ ਹੈ।
ਪਤਾ ਨਹੀਂ ਅੱਜ ਦੇ ਸਿੱਖਾਂ ਨੂੰ ਕੀ ਹੋ ਗਿਆ ਹੈ, ਜੋ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖ਼ਸ਼ਣ ਤੋਂ ੩੦੦ ਸਾਲ ਬਾਦ ਵੀ ਸਤਿਗੁਰੂ ਦੇ ਸਿੰਘਾਸਨ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਸਥਾਪਿਤ ਕਰਕੇ ਉਨ੍ਹਾਂ ਗ੍ਰੰਥਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਰਹੇ ਹਨ! ਇਸ ਗੱਲ ਤੇ ਕਿਸੀ ਵੀ ਸਿੱਖ ਜਾਂ ਗੈਰ-ਸਿੱਖ ਨੂੰ ਰੱਤੀ ਭਰ ਵੀ ਕਿੰਤੂ ਨਹੀਂ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਇਲਾਵਾ ਕਿਸੀ ਹੋਰ ਨੂੰ ਬਖਸ਼ੀ ਤੇ ਫਿਰ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੀ ਹੋਰ ਗ੍ਰੰਥਾਂ ਨੂੰ ਕਿਉਂ ਸਥਾਪਿਤ ਕਰਦੇ ਕਰਾਉਂਦੇ ਹਾਂ? ਕਿ ਅਸੀਂ ਚਰਿੱਤਰ ਤੋਂ ਗਿਰੇ ਪੁੱਤਰ ਦੀ ਮਾਨਸਿਕਤਾ ਤੋ ਵੀ ਥੱਲੇ ਹੋ ਕੇ ਸੋਚ ਦੇ ਹਾਂ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਦੀ ਪੈਰਵੀ ਕਰਦੇ ਨਹੀਂ ਥੱਕਦੇ ਤੇ ਉਨ੍ਹਾਂ ਦੇ ਬਰਾਬਰ ਸ਼ਰੀਕ ਖੜਾ ਕਰਨ ਵਿੱਚ ਹੀ ਆਪਣੀ ਵਡਿਆਈ ਸਮਝ ਰਹੇ ਹਾਂ।
ਇਹ ੧੦੦ ਫੀਸਦੀ ਸੱਚ ਹੈ ਕਿ ਸਾਡੇ ਗੁਰੂ ਧਾਮਾਂ ਤੇ ਪਿਛਲੇ ਕੁੱਝ ਸਮੇਂ ਪਹਿਲਾਂ ਤੱਕ ਤੇ ਕੁੱਝ ਤੇ ਹੁਣ ਤਕ, ਅਨ ਧਰਮਾਂ ਤੋਂ ਆਈ ਮਰਿਯਾਦਾ ਮੁਤਾਬਿਕ ਹੀ ਸੇਵਾ ਹੁੰਦੀ ਰਹੀ ਹੈ। ਜਿਸ ਕਰਕੇ ਗੁਰੂ ਅਸਥਾਨਾਂ ਤੇ ਮਨਮਤ ਹੁੰਦੀ ਰਹੀ ਹੈ। ਜਦੋਂ ਅੱਜ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਵੱਲ ਆਸ ਭਰੀ ਨਜ਼ਰ ਨਾਲ ਵੇਖ ਰਿਹਾ ਤੇ ਅਸੀਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇ-ਅਦਬੀ ਦਾ ਕਾਰਣ ਆਪ ਹੀ ਕਿਉ ਬਨ ਰਹੇ ਹਾਂ? ਅੱਜ ਸਾਡਾ ਸਬ ਤੋਂ ਵੱਡਾ ਫਰਜ਼ ਇਹ ਬਣਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਬਹਾਲ ਕਰਨ ਕਰਾਉਣ ਵਿੱਚ ਤਤਪਰ ਹੋ ਜਾਈਏ ਤੇ ਹਰ ਕੋਈ ਆਪਣੇ ਆਪਣੇ ਜਤਨ ਮੁਤਾਬਿਕ ਸੇਵਾ ਕਰਨ ਵਿੱਚ ਜੁਟੇ ਰਹੀਏ।
ਅੱਸੀ ਅੱਜ ਆਪਸੀ ਕੁਣਤਣ (ਚੌਧਰ ਦੀ ਭੁੱਖ) ਜਾਂ ਹੋਰ ਕੀਸੀ ਨਿਜੀ ਕਾਰਣਾਂ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਗੱਲ ਕਰਨ ਵਿੱਚ ਹੀ ਸੰਕੋਚ ਕਰਦੇ ਹਾਂ। ਕੀ ਸਾਡੀ ਇਹ ਨੀਤੀ ਉਸ ਕੁਪੁੱਤਰ ਵਾਂਗ ਨਹੀਂ ਜੋ ਆਪਣੀ ਮਾਂ ਦੀ ਸੋਕਣ ਘਰ ਲੈ ਆਉਂਦਾ ਹੈ। ਜਿਵੇਂ ਕੁਪੁਤਰ ਨੂੰ ਕਦੀ ਵੀ ਮਾਂ ਦੀ ਸੋਕਣ ਤੋਂ ਮਮਤਾ ਦੀ ਛਾਂ ਨਹੀਂ ਮਿਲਣੀ ਤਿਵੇਂ ਹੀ ਸ਼ਾਨੂੰ ਵੀ ਗੁਰੁ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੀ ਹੋਰ ਗ੍ਰੰਥ ਤੋ ਲੋਕ ਪਰਲੋਕ ਦਾ ਕੋਈ ਵੀ ਸੁਖ ਨਹੀਂ ਮਿਲਣਾ ਹੈ।
ਅੱਜ ਅਸੀਂ ਇਸ ਵਿਚਾਰ ਤੇ ਹੀ ਆਪਣੀ ਸਾਰੀ ਸ਼ਕਤੀ ਖਰਚ ਕਰ ਰਹੇ ਹਾਂ ਕਿ ਇਹ ਦਸਮ ਗ੍ਰੰਥ ਗੁਰੁ ਕ੍ਰਿਤ ਹੈ ਜਾਂ ਕਿਸ ਹੋਰ ਨੇ ਲਿਖਿਆ ਹੈ। ਇਸ ਗੱਲ ਦਾ ਨਿਰਨਾ ਤੇ ਕੋਮ ਪਿਛਲੇ ੩੦੦ ਸਾਲ ਦੇ ਸਮੇਂ ਵਿੱਚ ਨਹੀਂ ਕਰ ਸਕੀ ਹੈ ਜਦਕਿ ਸਾਰਾ ਖਾਲਸਾ ਪੰਥ ਤੇ ਇਸ ਗੱਲ ਤੇ ਪੂਰੇ ਤਰੀਕੇ ਨਾਲ ਸਹਮਤ ਹੈ ਕਿ ਖਾਲਸਾ ਪੰਥ ਦੇ ਗੁਰੁ ਕੇਵਲ ਤੇ ਕੇਵਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਹਨ ਤੇ ਉਹੀ ਇੱਕ ਸਿੱਖ ਦੀ ਸਾਰੀ ਸ਼ਰਧਾ ਭਗਤੀ ਦਾ ਕੇਂਦਰ ਹਨ। ਇਸ ਲਈ ਉਨ੍ਹਾਂ ਦੇ ਬਰਾਬਰ ਕਿਸੀ ਹੋਰ ਗ੍ਰੰਥ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਨਿਰਣਾ ਵੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਵਿੱਚ ਕੀਤਾ ਜਾ ਚੁੱਕਾ ਹੈ। ਨਾਲੋ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਵਲੋਂ ਵੀ ਪਿਛਲੇ ਕੁੱਝ ਦਿਨ ਪਹਿਲਾਂ ਵੀ ਇਹ ਅਪੀਲ ਕੀਤੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿਸੀ ਹੋਰ ਗ੍ਰੰਥ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਹੈ। ਪਰ! ਗੱਲ ਹਾਲੇ ਵੀ ਕਿੱਧਰੇ ਅਗੇ ਨਹੀਂ ਤੁਰੀ ਹੈ।
ਅਸੀਂ ਸਾਰੇ ਪੰਥ ਦਰਦੀ, ਪ੍ਰਚਾਰਕ, ਲਿਖਾਰੀ, ਪ੍ਰਬੰਧਕ ਥੋੜਾ ਜਿਹਾ ਵੀ ਧਿਆਨ ਇਸ ਤਰਫ ਦਈਏ ਤੇ ਉਹ ਦਿਨ ਦੂਰ ਨਹੀਂ ਜਦੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਤੇ ਤਸਵੀਰਾਂ ਨੂੰ ਸੰਗਤਾਂ ਹੀ ਜਾਗਰੂਕ ਹੋ ਕੇ ਹੱਟਾ ਦੇਣਗੀਆਂ। ਜੋ ਗੁਰਮਤਿ ਦਾ ਬਹੁਤ ਵੱਡਾ ਪ੍ਰਚਾਰ ਹੋਵੇਗਾ ਤੇ ਸਾਡੀ ਇੱਕ ਬਹੁਤ ਵੱਡੀ ਪੰਥਕ ਸਮਸਿਆ ਦਾ ਵੀ ਸਦਾ ਲਈ ਅੰਤ ਹੋ ਜਾਵੇਗਾ। ਅਸੀਂ ਸ੍ਰੀ ਗੁਰੁ ਗ੍ਰੰਥ ਸਾਗਿਬ ਦੇ ਸੱਚੇ ਸਿੱਖ ਹੋ ਨਿਬੜਾਗੇਂ ਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਹਬ ਦੀ ਪਾਵਨ ਹਜੂਰੀ ਵਿਚੋਂ ਹਟਵਾ ਕੇ ਸਤਿਹੁਰੂ ਜੀ ਦਾ ਸਨਮਾਨ ਬਹਾਲ ਕਰਵਾ ਕੇ ਸੱਚੇ ਸਿੱਖ ਹੋਣ ਦਾ ਮਾਣ ਵੀ ਹਾਸਿਲ ਕਰ ਸਕਾਗੇਂ।

ਮਨਮੀਤ ਸਿੰਘ, ਕਾਨਪੁਰ
.