.

ਸਿੱਖ ਧਰਮ ਦੇ ਚਾਰ ਕੱਦਮ

(ਭਾਗ ਪੰਜਵਾਂ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਦਿੱਤੇ ਜਾ ਚੁੱਕੇ ਇਸ ਦੇ ਚਾਰ ਭਾਗਾਂ ਨੂੰ ਨਾਲ ਜੋੜ ਕੇ ਪੜੋ ਜੀ)

ਚਾਰ ਕੱਦਮ ਬਨਾਮ ਦੋ ਕੱਦਮ- ਠੀਕ ਹੈ ਕਿ ਹੁਣ ਤੱਕ ਇਸ ਵਿਸ਼ੇ `ਤੇ ਅਸਾਂ ਜਿਤਨੀ ਵੀ ਵਿਚਾਰ ਕੀਤੀ ਹੈ ਉਸ ਨੂੰ ਅਸਾਂ “ਸਿੱਖ ਧਰਮ ਦੇ ਚਾਰ ਕੱਦਮ” ਬਣਾ ਕੇ ਹੀ ਪੇਸ਼ ਕੀਤਾ ਹੈ। ਉਹ ਇਸ ਲਈ ਤਾ ਕਿ ਵਿਸ਼ਾ ਪੂਰੀ ਤਰ੍ਹਾਂ ਸਮਝ `ਚ ਆ ਸਕੇ। ਇਸ ਲਈ ਜਿਨ੍ਹਾਂ ਵੀ ਸੱਜਨਾਂ ਤੇ ਗੁਰੂ ਕੀਆਂ ਸੰਗਤਾਂ ਨੇ ਹੁਣ ਤੱਕ ਇਸ ਗੁਰਮਤਿ ਪਾਠ ਨੂੰ ਮਨ ਲਗਾ ਕੇ ਤੇ ਲੜੀਵਾਰ ਪੜ੍ਹਿਆ ਤੇ ਵਿਚਾਰਿਆ ਹੈ, ਉਹ ਚੰਗੀ ਤਰ੍ਹਾਂ ਇਸ ਸਿੱਟੇ `ਤੇ ਪੁੱਜ ਚੁੱਕੇ ਹੋਣ ਗੇ ਕਿ ਇਹਨਾ ਵਿੱਚੋਂ ਦੋ ਕੱਦਮ ਹੀ ਪ੍ਰਮੁੱਖ ਹਨ ਤੇ ਬਾਕੀ ਅਗ਼ਲੇ ਦੋ ਕੱਦਮ ਗਉਣ ਹਨ, ਜੋ ਪਹਿਲੇ ਦੋ ਕੱਦਮਾਂ ਹੀ ਵਿਸਤਾਰ ਹਨ।

ਦੋ ਵਿਚੋਂ ਵੀ ਇੱਕਲਾ ਤੇ ਪਹਿਲਾ ਕੱਦਮ- ਇਸ ਤਰ੍ਹਾਂ ਚਾਰ ਕੱਦਮਾਂ ਵਿਚੋਂ ਵੀ ਬੇਸ਼ੱਕ ਦੋ ਕੱਦਮ ਹੀ ਪ੍ਰਮੁੱਖ ਹਨ। ਉਪ੍ਰੰਤ ਉਹਨਾਂ ਦੋ ਕੱਦਮਾਂ ਵਿੱਚੋਂ ਵੀ ਜੇਕਰ ਚਲਦੇ ਵਿਸ਼ੇ ਦੀ ਅਸਲੀਅਤ ਤੱਕ ਪੁੱਜਣਾ ਹੋਵੇ ਤਾਂ ਫ਼ਿਰ ਕੇਵਲ ਤੇ ਕੇਵਲ ਪਹਿਲਾ ਕੱਦਮ ਹੀ ਪ੍ਰਮੁੱਖ ਰਹਿ ਜਾਵੇਗਾ। ਕਿਉਂਕਿ ਇਹ ਪਹਿਲਾ ਕੱਦਮ ਹੀ ਹੈ ਜਿਸ `ਤੇ ਸਿੱਖ ਧਰਮ ਦੀ ਪੂਰੀ ਇਮਾਰਤ ਖੜੀ ਹੈ। ਅਸਲ `ਚ ਇਹੀ ਕੱਦਮ ਸਿੱਖ ਧਰਮ ਦਾ ਮੂਲ, ਮੁੱਢ, ਨੀਂਵ ਅਥਵਾ ਸਿੱਖ ਧਰਮ ਦੀ ਬੁਨਿਆਦ ਹੈ। ਸਿੱਖ ਧਰਮ ਦੀ ਇਹ ਨੀਂਵ ਹੈ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਨੁਸਾਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲਾ ਇਲਾਹੀ ਤੇ ਰੱਬੀ ਗਿਆਨ (ਜੋਤ) ਤੇ ਉਸੇ ਰੱਬੀ ਗਿਆਨ ਤੋਂ ਪ੍ਰਗਟ ਹੋਣ ਵਾਲੀ ਸਦੀਵੀ ‘ਜੀਵਨ ਜਾਚ’ (ਜੁਗਤ)। ਦਰਅਸਲ ਇਹੀ ਹੈ ਸਮੂਚੇ ਮਨੁੱਖ ਮਾਤ੍ਰ ਦਾ ਸਦੀਵਕਾਲੀਨ ਧਰਮ। ਜਿਸ ਦੀ ਹੋਂਦ ਤੇ ਲੋੜ ਆਦਿ ਕਾਲ ਤੋਂ ਹੈ ਅਤੇ ਜਦ ਤੱਕ ਮਨੁੱਖ ਦੀ ਨਸਲ ਕਾਇਮ ਰਵੇਗੀ, ਮਨੁੱਖ ਦਾ ਮੂਲ ਤੇ ਇਲਾਹੀ ਧਰਮ ਵੀ ਇਹੀ ਰਵੇਗਾ।

ਇਹੀ ਹੈ ਮਨੁੱਖ ਦਾ ਮੂਲ ਧਰਮ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਰੂਪ `ਚ ਸਦੀਵ ਕਾਲ ਲਈ ਪ੍ਰਗਟ ਕੀਤਾ। ਉਪ੍ਰੰਤ ਇਹ ਵੀ ਕਿ ਇਸ ਦੀ ਸਿਖਿਆ `ਤੇ ਅਮਲ ਕਰਣ ਵਾਲੇ ਨੂੰ ਹੀ ਸਿੱਖ ਕਿਹਾ ਤੇ ਮਣਿਆ ਹੈ। ਵਰਨਾ ਗੁਰਬਾਣੀ ਆਧਾਰ `ਤੇ ਵੀ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਦਾ ਮਾਪਦੰਡ ਕੇਵਲ ਸਿੱਖਾਂ ਤੇ ਹੀ ਨਹੀਂ ਬਲਕਿ ਸੰਸਾਰ ਦੇ ਹਰੇਕ ਮਨੁੱਖ `ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਇਥੇ ਤਾਂ “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ”॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ” ਕੇਵਲ ਉਹ ਹੀ ਸਫ਼ਲ ਹੋਣੇ ਹਨ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੋੜ ਕੇ ਆਪਣੀ ਜੀਵਨ ਰਹਿਣੀ ਨੂੰ ਇਲਾਹੀ ਗੁਣਾਂ ਨਾਲ ਸ਼ਿੰਗਾਰਿਆ ਹੈ ਜਾਂ ਉਹ ਜੋ ਉਹਨਾਂ ਗੁਰੂ ਪਿਆਰਿਆਂ ਦੇ ਜੀਵਨ ਨਾਲ ਜੁੜੇ ਹਨ। ਇਸ ਤੋਂ ਬਾਅਦ ਜੇ ਕਰ ਬੇਸ਼ੱਕ ਕੋਈ ਮਨੁੱਖ ਸਿੱਖੀ ਸਰੂਪ ਤੇ ਸਿੱਖੀ ਪਹਿਰਾਵੇ `ਚ ਹੀ ਕਿਉਂ ਨਾ ਰਹਿੰਦਾ ਹੋਵੇ, ਜੇ ਕਰ ਆਪਣੇ ਜੀਵਨ ਨੂੰ ਗੁਰਬਾਣੀ ਜੁਗਤ ਤੇ ਆਗਿਆ `ਚ ਨਹੀਂ ਚਲਾਉਂਦਾ ਤਾਂ ਉਹ ਮਨੁੱਖ ਵੀ ਗੁਰਬਾਣੀ ਦੀ ਕਸਵੱਟੀ `ਤੇ ਸਿੱਖ ਨਹੀਂ। ਕਿਉਂਕਿ ਸਿੱਖ ਦੀ ਪ੍ਰੀਭਾਸ਼ਾ ਵੀ ਇਕੋ ਹੀ ਹੈ ਅਤੇ ਉਹ ਹੈ “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫) ਦੂਜੀ ਨਹੀਂ। ਭਾਵ ਗੁਰਬਾਣੀ ਸਿਖਿਆ `ਤੇ ਅਮਲ ਕਰਣ ਵਾਲਾ ਹੀ ਸਿੱਖ ਹੈ, ਉਸ ਤੋਂ ਬਿਨਾ ਨਹੀਂ। ਜਦਕਿ ਇਹ ਵੀ ਚੇਤਾ ਰਵੇ ਕਿ ਕੇਸਾਂ ਵਾਲਾ ਪੂਰਨ ਸਰੂਪ ਤਾਂ ਹੈ ਹੀ, ਪ੍ਰਭੂ ਦੀ ਰਜ਼ਾ ਚਲਣ ਵਾਲੇ ਜੀਵਨ ਦੀ ਪਹਿਲੀ ਤੇ ਪ੍ਰਥਮ ਪਹਿਚਾਣ, ਬੇਸ਼ੱਕ ਸਿੱਖੀ ਜੀਵਨ ਜੁਗਤ ਪੱਖੋਂ ਇਹੀ ਸਭਕੁਝ ਨਹੀਂ।

ਉਪ੍ਰੰਤ ਦੂਜਾ ਤੇ ਤੀਜਾ ਕੱਦਮ ਵੀ- ਸਪਸ਼ਟ ਹੈ ਕਿ ਸਿੱਖ ਧਰਮ ਦਾ ਪਹਿਲਾ ਕੱਦਮ ਉਹ ਸੱਚ ਧਰਮ ਅਥਵਾ ਗੁਰਬਾਣੀ ਗਿਆਨ (ਜੋਤ) ਅਤੇ ਉਸ ‘ਤੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁਗਤ’ ਹੀ ਹੈ। ਇਹ ਉਹ ਕੱਦਮ ਹੈ ਜਿਸ `ਚ ਨਾ ਰੱਤੀ ਭਰ ਖੋਟ ਹੈ ਤੇ ਨਾ ਊਣਤਾਈ। ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ ਤੱਕ’ ਸੰਪੂਰਣ ਗੁਰਬਾਣੀ ਗਿਆਨ ਹੀ ਉਸ ਅਕਾਲਪਰਖ ਤੇ ਇਕੋ ਇੱਕ ਸਦਾ ਥਿਰ ਗੁਰੂ ਦਾ ਪ੍ਰਗਟਾਵਾ ਹੈ। ਉਹ ਗੁਰੂ, ਸਤਿਗੁਰੂ, ਸ਼ਬਦ ਗੁਰੂ ਅਥਵਾ ਵਿਵੇਕ ਬੁਧ ਜੋ ਕਰਤੇ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਅਤੇ ਉਸ ਤੋਂ ਭਿੰਨ ਨਹੀਂ। ਇਹ ਉਹ ਅਕਾਲਪੁਰਖੀ ਜੋਤ ਤੇ ਜੁਗਤ ਹੈ ਜਿਸ ਬਾਰੇ ਗੁਰਬਾਣੀ ਫ਼ੁਰਮਾਨ ਹਨ “ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ” (ਪੰ: ੬੧) “ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ” (ਪੰ: ੧੩੪੪)। ਇਸ ਤਰ੍ਹਾਂ ਗੁਰੂ-ਗੁਰਬਾਣੀ, ਸਤਿਗੁਰੂ, ਸ਼ਬਦ ਗੁਰੂ ਅਥਵਾ ਵਿਵੇਕ ਬੁਧ ਤਾਂ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਅਤੇ ਉਸ ਤੋਂ ਭਿੰਨ ਨਹੀਂ। ਉਹ ਤਾਂ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: ੭੫੯) ਇਸ ਤਰ੍ਹਾਂ ਇਹ ਉਹ ਸਦੀਵੀ ਗੁਰੂ ਹੈ ਜਿਸ ਦੇ ਮਨੁੱਖਾ ਜੀਵਨ `ਚ ਪ੍ਰਗਟ ਹੋਏ ਬਿਨਾ ਤਾਂ ਮਨੁੱਖਾ ਜੂਨ (ਜਨਮ) ਦੀ ਸਫ਼ਲਤਾ ਹੀ ਸੰਭਵ ਨਹੀਂ।

ਜਦਕਿ ਮਨੁੱਖਾ ਜੂਨ ਤੋਂ ਇਲਾਵਾ ਬਾਕੀ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (ਪੰ: ੨੭੮) ਅਰਬਾਂ-ਖਰਬਾਂ ਜੂਨਾਂ ਤਾਂ ਹੈਣ ਹੀ ਪਿਛਲੇ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਜਾਂ ਮਾੜੇ ਕਰਮਾਂ ਦਾ ਲੇਖੇ ਜੋਖੇ ਲਈ ਸਰੀਰਕ ਕੋਠੜੀਆਂ ਹੀ ਹਨ, ਇਸ ਤੋਂ ਵੱਧ ਕੁੱਝ ਨਹੀਂ।

ਇਸ ਲਈ ਕੌਮ ਦਾ ਸਪਸ਼ਟ ਅਕਸ ਇਥੋਂ ਹੀ ਸਾਫ਼ ਹੋ ਜਾਂਦਾ ਹੈ ਕਿ ਆਖ਼ਿਰ ਕੌਮ ਆਪਣੇ ਧੁਰੇ ਤੇ ਮੁਢ, ਭਾਵ ਗੁਰਬਾਣੀ ਜੀਵਨ ਨਾਲ ਜੁੜੀ ਹੋਈ ਵੀ ਹੈ ਜਾਂ ਕੁਰਾਹੇ ਪਈ ਹੋਈ ਹੈ। ਸਮਝਣ ਦੀ ਲੋੜ ਹੈ ਕਿ ਜੇਕਰ ਸਮੂਚੇ ਤੌਰ `ਤੇ ਕੌਮ ਗੁਰਬਾਣੀ ਜੁਗਤ ਅਨੁਸਾਰ ਚੱਲ ਰਹੀ ਹੈ ਤਾਂ ਬਿਨਾ ਕਿਸੇ ਵੱਖਰੇ ਤੇ ਉਚੇਚੇ ਉੱਦਮ ਦੇ ਕੌਮ ਨੇ ਜਾਣਾ ਹੀ ਚੜ੍ਹਦੀਆ ਕਲਾ `ਚ ਹੈ, ਨਾ ਕਿ ਢਹਿੰਦੀਆਂ ਕਲਾ `ਚ। ਅਜਿਹੀ ਹਾਲਤ `ਚ ਬੇਅੰਤ ਵਰੋਧੀ ਹਮਲੇ ਤੇ ਬਾਹਰੀ ਪ੍ਰਭਾਵ ਵੀ ਇਸ ਕੌਮ ਦਾ ਕੁੱਝ ਨਹੀਂ ਵਿਗਾੜ ਸਕਦੇ। ਉਸ ਦਾ, ਇਹ ਵੀ ਨਤੀਜਾ ਹੋਵੇਗਾ ਕਿ ਇਸ ਗੁਰਮਤਿ ਪਾਠ ਅਨੁਸਾਰ ਇਸ ਦੇ ਵਾਧੇ ਲਈ, ਇਸ ਦੇ ਤੀਜੇ ਤੇ ਚੌਥੇ ਕੱਦਮ ਲਈ ਜ਼ਮੀਨ ਵੀ ਆਪਣੇ ਆਪ ਤਿਆਰ ਹੋਵੇਗੀ। ਇਸ ਤਰ੍ਹਾਂ ਸਿੱਖ ਧਰਮ ਦੇ ਪ੍ਰਸ਼ੰਸਕ, ਸ਼੍ਰਧਾਲੂ ਤੇ ਹਮਦਰਦ ਵੀ ਦਿਨ ਦੁਗਨੀ ਤੇ ਰਾਤ ਚੌਗਨੀ ਆਪਣੇ ਆਪ ਵਧਣ ਗੇ ਤੇ ਵੱਧਦੇ ਵੀ ਰਹੇ ਹਨ। ਉਸੇ ਤਰ੍ਹਾਂ ਜਿਵੇਂ “ਜਿਥੈ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੋਆ॥ ਸਿਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ: ੧/੨੭) ਹੋਰ “ਸ਼ਬਦ ਜਿਤੀ ਸਿਧ ਮੰਡਲੀ, ਕੀਤੋਸੁ ਅਪਣਾ ਪੰਥ ਨਿਰਾਲਾ” (ਭਾ: ਗੁ: ੧/੩੧) ਅਤੇ “ਗੜ੍ਹ ਬਗਦਾਦ ਨਿਵਾਇਕੈ, ਮਕਾ ਮਦੀਨਾ ਸਭ ਨਿਵਾਯਾ” (ਭਾ: ਗੁ: ੧/੩੭)। ਬਲਕਿ ਗੁਰੂ ਕਾਲ ਤੋਂ ਕੁੱਝ ਸਮਾਂ ਬਾਅਦ ਤੱਕ ਵੀ “ਮਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ॥ ਜਿਉਂ ਜਿਉਂ ਮੰਨੂੰ ਕੱਟਦਾ, ਅਸੀਂ ਦੂਨ ਸਵਾਏ ਹੋਏ” ਵਾਲੇ ਹਾਲਾਤ ਆਪਣੇ ਆਪ ਬਣਦੇ ਰਹਿਣਗੇ। ਕਿਉਂਕਿ “ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ: ੬੭) “ਗੁਰੁ ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ” (ਪੰ: ੯੮੨); ਇਸ ਲਈ ਇਹ ਤਾਕਤ ਤਾਂ ਗੁਰਬਾਣੀ ਤੇ ਉਸ ਤੋਂ ਪ੍ਰਗਟ ਹੋਈ ਜੀਵਨ ਜਾਚ (ਜੁਗਤ) ਦੀ ਹੀ ਹੈ ਇਸ ਦੇ ਲਈ ਕਿਸੇ ਵੱਖਰੇ ਤੇ ਉਚੇਚੇ ਉੱਦਮਾਂ ਦੀ ਲੋੜ ਨਹੀਂ ਰਹਿੰਦੀ। ਜਦਕਿ ਇਸ ਸਾਰੇ ਦੀ ਝਲਕ ਅਸੀਂ ਇਸ ਗੁਰਮਤਿ ਪਾਠ ਦੇ ਪਹਿਲੇ ਦੋ ਭਾਗਾਂ `ਚ ਉਪ੍ਰੰਤ ਦੂਜੇ ਤੀਜੇ ਤੇ ਚੌਥੇ ਕੱਦਮ ਦੀ ਵਿਚਾਰ ਕਰਦੇ ਸਮੇਂ ਵੀ ਦੇਖ ਚੁੱਕੇ ਹਾਂ।

“ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ” (ਪੰ: ੩੦੬) - ਇਸ ਤਰ੍ਹਾਂ ਹੱਥਲਾ ਗੁਰਮਤਿ ਪਾਠ “ਸਿੱਖ ਧਰਮ ਦੇ ਚਾਰ ਕੱਦਮ” ਆਪਣੇ ਆਪ `ਚ ਸਾਬਤ ਕਰ ਰਿਹਾ ਹੈ ਕਿ ਅਜੋਕੇ ਹੱਦ ਦਰਜੇ ਦੇ ਵਿਗੜ ਚੁੱਕੇ ਪੰਥਕ ਹਾਲਾਤ ਲਈ ਕੋਈ ਬਾਹਿਰ ਦੀ ਤਾਕਤ ਜ਼ਿਮੇਵਾਰ ਨਹੀਂ। ਬਲਕਿ ਇਸ ਦੇ ਲਈ ਜੇ ਕੋਈ ਜ਼ਿਮੇਵਾਰ ਹੈ ਤਾਂ ਉਹ ਖੁਦ ਪੰਥ ਹੀ ਹੈ ਜੋ ਆਪਣੇ ਧੁਰੇ, ਗੁਰਬਾਣੀ ਜੀਵਨ ਜੁਗਤ ਤੋਂ ਹੀ ਪੂਰੀ ਤਰ੍ਹਾਂ ਕੱਟ ਕੇ ਚੱਲ ਰਿਹਾ ਹੈ। ਹੈਰਾਣੀ ਤਾਂ ਇਸ ਗੱਲ ਦੀ ਹੈ ਕਿ ਇਤਨੀ ਪੰਥਕ ਤੱਬਾਹੀ ਹੋ ਜਾਣ ਦੇ ਬਾਵਜੂਦ, ਫ਼ਿਰ ਵੀ ਲਗਭਗ ਹਰ ਕੋਈ ਬੜਕਾਂ ਮਾਰ ਰਿਹਾ ਹੈ ਕਿ ਮੇਰੇ ਵਰਗਾ ਕੋਈ ਪੰਥਕ ਹੇਤੂ, ਹਿਤੈਸੀ ਤੇ ਚੰਗਾ ਸਿੱਖ ਹੀ ਨਹੀਂ। ਜਦਕਿ ਅਜੋਕੀ ਪੰਥਕ ਗਿਰਾਵਟ ਦਾ ਕਾਰਨ ਵੀ ਇੱਕੋ ਹੀ ਹੈ ਅਤੇ ਇਸ ਦੇ ਕਾਰਨ ਵੀ ਬਹੁਤੇ ਨਹੀਂ ਹਨ। ਜੇਕਰ ਅੱਜ ੯੯% ਤੋਂ ਉਪਰ ਸਿੱਖ ਆਪਣੇ ਆਪ ਨੂੰ “ਗੁਰੂ ਕਾ ਪੰਥ ਤੇ ਸਿੱਖ” ਅਖਵਾ ਕੇ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਮੱਥੇ ਟੇਕ-ਟੇਕ ਵੀ, ਗੁਰੂ ਦੀ ਕਿਸੇ ਇੱਕ ਗੱਲ ਨੂੰ ਵੀ ਮੰਨਣ ਨੂੰ ਤਿਆਰ ਨਹੀਂ, ਤਾਂ ਇਸ ਪੰਥਕ ਤੱਬਾਹੀ ਲਈ ਕੋਈ ਦੂਜਾ ਜ਼ਿਮੇਵਾਰ ਕਿਵੇ?

ਜਦੋਂ ਅੱਜ ਪੰਥ ਦੀ ਆਪਣੀ ਹੀ ਇਹ ਹਾਲਤ ਹੈ ਤਾਂ ਉਹਨਾਂ ਦੇ ਜੀਵਨ ਵਿਚੋਂ ਗੁਰਬਾਣੀ ਗੁਣਾਂ ਦੀ ਖੁਸ਼ਬੂ ਬਾਹਿਰ ਆਵੇਗੀ ਤਾਂ ਕਿਸ ਰਸਤੇ? ਇਸ ਤੋਂ ਇਲਾਵਾ ਗੁਰਬਾਣੀ ਦੇ ਹਮਦਰਦ, ਸ਼੍ਰਧਾਲੂ ਤੇ ਪ੍ਰਸ਼ੰਸਕ ਵੀ ਪੈਦਾ ਹੋਣਗੇ ਤਾਂ ਕਿਸ ਰਸਤੇ? ਇਸ ਤਰ੍ਹਾਂ ਜਦੋਂ ਆਪਣੇ ਆਪ ਨੂੰ ਗੁਰਬਾਣੀ ਦੇ ਅਲੰਬਾਦਾਰ ਕਹਿਣ ਵਾਲਿਆਂ ਦੇ ਆਪਣੇ ਜੀਵਨ `ਚ ਹੀ ਗੁਰਬਾਣੀ ਸੋਝੀ ਤੇ ਗੁਰਬਾਣੀ ਜੀਵਨ ਨਹੀਂ ਤਾਂ ਵਿਚਾਰਨ ਦਾ ਵਿਸ਼ਾ ਹੈ ਕਿ ਗੁਰਮਤਿ ਅਥਵਾ ਸਿੱਖ ਧਰਮ ਦੇ ਪ੍ਰਚਾਰ `ਚ ਅੱਜ ਸਭ ਤੋਂ ਵੱਡੀ ਦਿਵਾਰ ਬਣ ਕੇ ਕੌਣ ਖਲੋਤਾ ਹੋਇਆ ਹੈ? ਅੱਜ ਸਾਡੀ ਪੰਥਕ ਹਾਲਤ ਨੂੰ ਜੇਕਰ ੧੦੦% ਗੁਰਬਾਣੀ ਜੀਵਨ ਦੇ ਪੱਖੋਂ ਘੋਖਿਆ ਜਾਵੇ ਤਾਂ ਗੁਰਬਾਣੀ ਦੇ ਉਸ ਫ਼ੁਰਮਾਨ ਅਨੁਸਾਰ ਹੈ, ਜਿਸ ਦੇ ਲਈ ਗੁਰਦੇਵ ਫ਼ੈਸਲਾ ਦੇ ਰਹੇ ਹਨ “ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ” (ਪੰ: ੩੦੬) ਵਾਲੀ ਹਾਲਤ ਹੀ ਬਣੀ ਪਈ ਹੈ।

ਮੂੰਗਫ਼ਲੀ ਦਾ ਛਾਬਾ ਤੇ ਪੰਥ ਦੇ ਅਜੋਕੇ ਮਲਾਹ-ਦੂਜੇ ਪਾਸੇ, ਦੇਖੀਏ ਤਾਂ ਇੱਕ ਮੂੰਗਫ਼ਲੀ ਦਾ ਛਾਬਾ ਲਗਾਉਣ ਵਾਲਾ ਵੀ ਰਾਤ ਨੂੰ ਹਿਸਾਬ ਲਗਾਉਂਦਾ ਹੈ ਕਿ ਉਸ ਨੇ ਦਿਨ `ਚ ਕੁੱਝ ਕਮਾਇਆ ਹੈ ਜਾਂ ਗੁਆਇਆ ਹੈ। ਇਧਰ ਦੇਖੋ ਤਾਂ ਅੱਜ ਸਾਡੇ ਆਗੂ-ਪ੍ਰਬੰਧਕ, ਪ੍ਰਚਾਰਕ, ਨੇਤਾਗਣ ਤੇ ਲਿਖਾਰੀ ਬਲਕਿ ਸਿੱਖ ਜੰਤਾ ਵਿਚੋਂ ਵੀ ੯੯% ਤੋਂ ਉਪਰ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਆਪਣੇ ਨਿਜੀ ਜੀਵਨ `ਚ ਵੀ ਸ਼ਾਇਦ, ਉਸ ਮੂੰਗਫ਼ਲੀ ਦਾ ਛਾਬਾ ਲਗਾਉਣ ਵਾਲੇ ਤੋਂ ਵੀ ਹੇਠਾਂ ਜਾ ਚੁੱਕੇ ਹਨ। ਉਹਨਾਂ ਨੂੰ ਅੱਜ ਇਨੀਂ ਵੀ ਫ਼ੁਰਸਤ ਨਹੀਂ ਕਿ ਘਟੋ ਘੱਟ ਆਪਣੇ ਅਮੁਲੇ ਮਨੁੱਖਾ ਜਨਮ ਦੀ ਹੀ ਗੁਰਬਾਣੀ ਆਧਾਰ `ਤੇ ਸੰਭਾਲ ਕਰ ਲੈਣ। ਉਪ੍ਰੰਤ ਅੱਜ ਸਿੱਖ ਧਰਮ ਦੇ ਪ੍ਰਚਾਰ `ਤੇ ਕੌਮ ਦੇ ਅਰਬਾਂ, ਖਰਬਾਂ ਲਗਾ ਕੇ, ਕੌਮ ਦੀ ਬੇਅੰਤ ਤਾਕਤ, ਮੇਹਣਤ ਤੇ ਸਮਾਂ ਵਰਤਣ ਤੋਂ ਬਾਅਦ ਵੀ ਕਿਸੇ ਪ੍ਰਬੰਧਕ, ਆਗੂ, ਨੇਤਾ ਜਾਂ ਪ੍ਰਚਾਰਕ ਤੱਕ ਨੂੰ ਫ਼ੁਰਸਤ ਨਹੀਂ ਕਿ ਉਹ ਹਿਸਾਬ ਲਗਾ ਸਕਣ ਕਿ ਕੌਮ ਅੱਜ ਰਸਾਤਲ ਨੂੰ ਜਾ ਰਹੀ ਤਾਂ ਕਿਉਂ? ਕੌਮ ਦੇ ਪ੍ਰਸ਼ੰਸਕ, ਸ਼੍ਰਧਾਲੂ ਤੇ ਹਮਦਰਦ ਤੇ ਸੰਸਾਰ `ਚ ਸਿੱਖ ਧਰਮ ਖੁਸ਼ਬੂ ਤੇ ਵਡਿਆਈ ਵੱਧ ਰਹੀ ਹੈ ਜਾਂ ਕਿ ਇਸ ਦੇ ਉਲਟ ਜਿਨ੍ਹਾਂ ਪ੍ਰਵਾਰਾਂ `ਚ ਪਿਛਲੀਆਂ ਛੇ-ਛੇ ਤੇ ਸੱਤ-ਸੱਤ ਪੁਸ਼ਤਾਂ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਚਲਦੀ ਆ ਰਹੀ ਸੀ, ਉਹ ਵੀ ਸਫ਼ਾਚੱਟ ਹੋ ਰਹੇ ਹਨ ਜਾਂ ਸ਼ਰਾਬਾਂ ਆਦਿ ਨਸ਼ਿਆਂ ਤੇ ਜਰਮਾਂ `ਚ ਡੁੱਬੇ ਹਨ?

ਕੌਣ ਸੋਚੇਗਾ ਕਿ ਹੱਥਲੇ ਗੁਰਮਤਿ ਪਾਠ “ਸਿੱਖ ਧਰਮ ਦੇ ਚਾਰ ਕੱਦਮਾਂ” ਦੇ ਵਿਸ਼ਲੇਸ਼ਣ ਅਨੁਸਾਰ ਅੱਜ ਸਿੱਖ ਕੌਮ ਦਾ ਦੂਜਾ ਕੱਦਮ ਆਪਣੇ ਧੁਰੇ ਗੁਰਬਾਣੀ ਗਿਆਨ (ਜੋਤ) ਤੇ ਉਸ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਤੋਂ ਪੂਰੀ ਤਰ੍ਹਾਂ ਫਿਸਲਿਆ ਤੇ ਹਟਿਆ ਪਿਆ ਹੈ ਜਾਂ ਉਸ `ਤੇ ਖੜਾ ਹੈ? ਜੇਕਰ ਆਪਣੇ ਕੋਲ ਗੁਰਬਾਣੀ ਜੀਵਨ ਜਾਚ ਵਾਲੀ ਕਸਵੱਟੀ ਹੁੰਦਿਆਂ ਵੀ ਕੌਮ ਆਪਣੇ ਆਪ ਨੂੰ ਨਾ ਸੰਭਾਲੇ ਤਾਂ ਜ਼ਿਮੇਵਾਰ ਕੋਣ ਹੈ ਤੇ ਕਿਸ ਨੂੰ ਇਸ ਦੇ ਲਈ ਜ਼ਿਮੇਵਾਰ ਗਰਦਾਣਦੇ ਰਵਾਂਗੇ? ਅਖ਼ਿਰ ਅੱਜ ਕੌਮ ਕਿਸ ਪਾਸੇ ਨੂੰ ਜਾ ਰਹੀ ਹੈ ਜਾ ਰਹੀ ਹੈ; ਸੰਭਾਲ ਵੱਲ ਜਾਂ ਤੱਬਾਹੀ ਵੱਲ?

ਕੀ ਸਾਡੀ ਕੌਮ ਅੱਜ ਕਿਸੇ ਤਰ੍ਹਾਂ ਇਕੱਠੀ ਹੋ ਕੇ ਕਦੇ ਇਹ ਹਿਸਾਬ ਵੀ ਲਗਾਉਣ ਨੂੰ ਤਿਆਰ ਹੋਵੇਗੀ ਕਿ ਜੇਕਰ ਇਨੇਂ ਭਾਰੀ ਉੱਦਮ, ਮੇਹਣਤ-ਖਰਚੇ ਤੇ ਬੇਅੰਤ ਹੋ ਰਹੇ ਗੁਰਮਤਿ ਪ੍ਰਚਾਰ ਤੋਂ ਬਾਅਦ ਵੀ ਦਿਨੋਦਿਨ ਕੌਮ ਹੇਠਾਂ ਜਾ ਰਹੀ ਹੈ, ਤਾਂ ਕਿਉਂ? ਆਖ਼ਿਰ ਕਿਸ ਖੂਹ `ਚ ਜਾ ਰਹੀਆਂ ਹਨ ਸਾਡੀਆ ਸ਼ਤਾਬਦੀਆਂ, ਵੱਡੇ ਵੱਡੇ ਕੀਰਤਨ ਦਰਬਾਰ, ਗੁਰਮਤਿ ਸਮਾਗਮ ਤੇ ਸਾਡੇ ਮਨਾਏ ਜਾ ਰਹੇ ਗੁਰਪੁਰਬ ਤੇ ਇਤਿਹਾਸਲਕ ਦਿਹਾੜੇ? ਗੁਰਦੇਵ ਤਾਂ ਕੱਦਮ ਕੱਦਮ `ਤੇ ਚੇਤਾਵਣੀ ਦੇ ਰਹੇ ਹਨ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) ਜੇਕਰ ਅੱਜ ਅਸੀਂ ਗੁਰਬਾਣੀ ਦੀ ਇਸੇ ਪੰਕਤੀ ਨੂੰ ਹੀ ਕਸਵੱਟੀ ਤੇ ਗੁਰਬਾਣੀ ਦਾ ਆਦੇਸ਼ ਮੰਨ ਕੇ ਆਪਣੇ ਆਪ ਨੂੰ ਸੰਭਾਲਣ ਦ ਯਤਣ ਕਰੀਏ ਤਾਂ ਅੱਜ ਵੀ ਉਸ ਦਾ ਨਤੀਜਾ ਯਕੀਨਣ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: ੪੧੭) ਅਨੁਸਾਰ ਸੁਖਦ ਹੋ ਸਕਦਾ ਹੈ। ਦੂਜੇ ਪਾਸੇ ਅੱਜ ਸਿੱਖ ਧਰਮ ਦੇ ਨਾਂ `ਤੇ ਹੋ ਰਹੇ ਸਮੂਹ ਗੁਰਮਤਿ ਪ੍ਰਚਾਰ ਨੂੰ ਦੇਖੀਏ ਤਾਂ ਸਪਸ਼ਟ ਹੈ ਕਿ ਅੱਜ ਕੌਮ ਨੇ ਗੁਰਬਾਣੀ ਪ੍ਰਤੀ ਗੁਰੂ ਤੇ ਸਿੱਖ ਵਾਲਾ ਘੱਟ ਤੇ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ” (ਪੰ: ੩੩੫) ਵਾਲਾ ਵਤੀਰਾ ਵੱਧ ਬਨਾਇਆ ਹੋਇਆ ਹੈ ਅਤੇ ਨਤੀਜੇ ਵੀ ਇਸੇ ਤਰ੍ਹਾਂ ਦੇ ਹੀ ਆ ਰਹੇ ਹਨ।

“ਸਲਾਮੁ ਜਬਾਬੁ ਦੋਵੈ ਕਰੇ, ਮੁੰਢਹੁ ਘੁਥਾ ਜਾਇ” -ਹੋਰ ਤਾਂ ਹੋਰ, ਜੇ ਕਰ ਆਪਣੀ ਮੌਜੂਦਾ ਰਹਿਣੀ ਵੱਲ ਹੀ ਝਾਤ ਮਾਰ ਲਵੀਏ ਤਾਂ ਵੀ ਪਤਾ ਲਗਦੇ ਦੇਰ ਨਹੀਂ ਲਗੇਗੀ ਕਿ ਅੱਜ ਅਸੀਂ ਆਪਣੀ ਕਰਣੀ ਤੋਂ ਪਾਤਸ਼ਾਹ ਦਾ ਸਤਿਕਾਰ ਕਰ ਰਹੇ ਹਾਂ ਜਾਂ ਨਿਰਾਦਰੀ। ਸਾਡੀ ਅੱਜ ਪੰਥਕ ਹਾਲਤ ਤਾਂ “ਸਲਾਮੁ ਜਬਾਬੁ ਦੋਵੈ ਕਰੇ, ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ, ਥਾਇ ਨ ਕਾਈ ਪਾਇ” (ਪੰ: ੪੭੪) ਵਾਲੀ ਬਣੀ ਪਈ ਹੈ। ਖੂਬੀ ਇਹ ਕਿ ਅੱਜ ਸਾਡੇ ਪ੍ਰਚਾਰਕਾਂ ਨੂੰ ਸੰਗਤਾਂ ਤੋਂ ਪੈਸੇ ਬਟੋਰਣ, ਆਪਣੀਆਂ ਜਾਇਦਾਦਾਂ ਬਨਾਉਣ ਤੇ ਸਿੱਖ ਇਤਿਹਾਸ ਨਾਲ ਖਿਲਵਾੜ ਕਰਣ ਤੋਂ ਹੀ ਵੇਹਲ ਨਹੀਂ। ਦੂਜੇ ਪਾਸੇ ਪ੍ਰਬੰਧਕਾਂ-ਨੇਤਾਵਾਂ ਨੂੰ ਆਪਣੀ ਪੰਥ ਵਿਰੋਧੀ ਗੰਦੀ ਰਾਜਨੀਤੀ ਤੋਂ ਫ਼ੁਰਸਤ ਨਹੀਂ। ਇਸ ਤੋਂ ਬਾਅਦ ਸਾਡੇ ਬਹੁਤੇ ਪ੍ਰਬੰਧਕਾਂ ਨੂੰ ਤਾਂ ਇੱਕ ਹੋਰ ਮੁਸੀਬਤ ਵੀ ਪਈ ਹੋਈ ਹੈ ਕਿ ਉਹਨਾਂ ਨੇ, ਬਿਨਾ ਲੋੜ ਸੰਗਮਰਮਰ ਦੀਆਂ ਇਮਾਰਤਾਂ ਹੇਠਾਂ ਤੇ ਸੋਨੇ ਹੇਠਾਂ ਕੌਮ ਨੂੰ ਦਫ਼ਨਾਉਣਾ ਹੈ ਅਤੇ ਪੰਥ ਦੀ ਸੰਪੂਰਣ ਧਰੋਹਰ ਨੂੰ ਵੀ ਖਤਮ ਕਰਣਾ ਹੈ। ਗੁਰਦੇਵ ਨੇ ਤਾਂ ਬੜੀ ਦੂਰਅੰਦੇਸ਼ੀ ਤੇ ਵਿਉਂਤਬੰਦ ਤਰੀਕੇ ਬਲਕਿ ਲੋੜ ਅਨੁਸਾਰ ਸਰੋਵਰ ਖੁਦਵਾਏ ਤੇ ਬਣਵਾਏ ਸਨ। ਦੂਜੇ ਪਾਸੇ ਕੌਮ ਦੀਆਂ ਗੁਰਮਤਿ ਕਾਲਿਜਾਂ ਤੇ ਸਮੇਂ ਅਨੁਸਾਰ ਹੋਰ ਬੇਅੰਤ ਲੋੜਾਂ ਨੂੰ ਪਿਛੇ ਸੁੱਟ ਕੇ ਹਰੇਕ ਗੁਰਦੁਆਰੇ ਨਾਲ ਬੇਲੋੜੇ ਸਰੋਵਰਾਂ ਰਾਹੀਂ ਕੌਮ ਦੀ ਕੀਮਤੀ ਜ਼ਮੀਨ ਤੇ ਪੈਸਾ ਖਰਚ ਕਰਣ ਦਾ ਮਾਨੋ ਇੱਕ ਫ਼ੈਸ਼ਨ ਹੀ ਬਣਾ ਦਿੱਤਾ ਗਿਆ ਹੈ।

ਉਪ੍ਰੰਤ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ” (ਪੰ: ੬੬੨) ਅਨੁਸਾਰ ਅੱਜ ਸਿੱਖ ਧਰਮ ਵਿਚਕਾਰ ਵੀ ਪੁਜਾਰੀ ਸ਼੍ਰੇਣੀ ਉਸੇ ਤਰ੍ਹਾਂ ਪਨਪ ਰਹੀ ਹੈ ਜਿਵੇਂ ਕੁੱਝ ਦੂਜੀਆਂ ਕੌਮਾਂ ਵਿਚਕਾਰ। ਦਿੱਕ ਪਾਸੇ ਗੁਰਦੇਵ ਤਾਂ ਧਰਮਾਂ ਵਿਚਕਾਰ ਇਹਨਾ ਪ੍ਰਚਾਰਕ ਸ਼੍ਰਣੀਆਂ ਦੇ ਕੌਮਾਂ ਪ੍ਰਤੀ ਕੀਤੇ ਜਾ ਰਹੇ ਦੁਸ਼-ਕਰਮਾਂ ਨੂੰ ਉਘਾੜ ਰਹੇ ਹਨ। ਦੂਜੇ ਪਾਸੇ, ਸਾਡੇ ਵਿਚਕਾਰ ਪਨਪ ਰਹੀ ਇਹ ਨਵੀਂ ਪੁਜਾਰੀ ਸ਼੍ਰੇਣੀ ਤਾਂ ਸ਼ਾਇਦ ਦੂਜੀਆਂ ਪੂਜਾਰੀ ਸ਼੍ਰੇਣੀਆਂ ਤੋਂ ਵੀ ਦੋ ਕੱਦਮ ਅੱਗੇ ਜਾ ਕੇ ਕੌਮ ਦਾ ਜਿਵੇਂ ਮਾਸ ਹੀ ਨੋਚ-ਨੋਚ ਕੇ ਖਾ ਰਹੀ ਤੇ ਕੌਮ ਦਾ ਖੂਨ ਚੂਸ ਰਹੀ ਹੈ। ਬਲਕਿ ਕਈ ਹਾਲਤਾਂ `ਚ ਤਾਂ ਸਿੱਖ ਧਰਮ ਵਿਚਕਾਰ ਪਨਪ ਰਹੀ ਇਹ ਪੁਜਾਰੀ ਸ਼੍ਰੇਣੀ, ਗੁਰੂ ਤੋਂ ਵੀ ਆਪਣੇ ਆਪ ਨੂੰ ਉਪਰ ਮੰਨ ਰਹੀ, ਸਪਸ਼ਟ ਨਜ਼ਰ ਆ ਰਹੀ ਹੈ।

ਉਸ ਤੋਂ ਬਾਅਦ ਜੇਕਰ ਕੌਮ ਦਾ ਨਿਜੀ ਜੀਵਨ ਦੇਖੋ ਤਾਂ ਉਥੇ ਵੀ ਅਜੋਕੇ ਸਿੱਖ ਪ੍ਰਵਾਰਾਂ `ਚ ਦਿਨ ਤੇ ਰਾਤ ਦੇ ਚੋਵੀ ਘੰਟਿਆਂ ਵਿਚੋਂ ਲਗਭਗ ਪੌਨੇ ਚੌਵੀ ਘੰਟੇ ਗੁਰਮਤਿ ਵਿਰੋਧੀ ਤੇ ਅਨਮਤੀ ਰਸਮਾਂ, ਰੀਤਾਂ, ਪ੍ਰਮਪ੍ਰਾਵਾਂ, ਸਗਨਾ-ਅਪਸਗਨਾਂ, ਥਿਤਾਂ ਵਾਰਾਂ ਦੇ ਝਮੇਲਿਆਂ `ਚ ਫ਼ਸੇ ਹਨ। ਉਹਨਾਂ ਦੇ ਪ੍ਰਵਾਰਾਂ `ਚ ਜਮਣ-ਮਰਣ ਤੇ ਖੁਸ਼ੀ-ਗ਼ਮੀ ਸਮੇਂ ਪੂਰਣਤਾ ਅਨਮਤੀ ਵਿਸ਼ਵਾਸਾਂ ਤੇ ਕਰਮਕਾਂਡਾਂ ਦਾ ਹੀ ਬੋਲਬਾਲਾ ਹੈ। ਉਪ੍ਰੰਤ ਅਜੋਕੇ ਬਹੁਤੇ ਸਿੱਖ ਘਰਾਂ `ਚ ਗੁਰਪੁਰਬਾਂ ਬਦਲੇ ਅਨਮਤੀ ਤਿਉਹਾਰਾਂ ਦੇ ਝਮੇਲੇ ਉਪਰ ਹਨ। ਹੋਰ ਤਾਂ ਹੋ ਅਨੰਦ ਕਾਰਜਾਂ ਆਦਿ ਸਮੇਂ ਤਾਂ ਹੋਰ ਗੱਲਾਂ ਤੋਂ ਇਲਾਵਾ ਫ਼ਹਿਸ਼ ਗਾਣਿਆਂ ਦੀ ਭਰਮਾਰ, ਕਾਕਟੇਲ ਪਾਰਟੀਆਂ, ਸ਼ਰਾਬ ਦੀਆਂ ਬਾਰਾਂ ਤੇ ਸ਼ਰਾਬ ਚਲਦੇ ਦਰਿਆ, ਇਸ ਸਾਰੇ ਤੋਂ ਇਲਾਵਾ ਹੂੜਮਤਾਂ, ਦੁਰਮਤਾਂ, ਆਪਹੁਦਰਾਪਣ ਤੇ ਦਿਖਾਵੇ-ਆਡੰਬਰਾਂ ਤੇ ਅਨਮੱਤੀ ਕਰਮਕਾਂਡਾ, ਵਿਸ਼ਵਾਸਾਂ ਦੀ ਭਰਮਾਰ ਸ਼ਿਖਰਾਂ `ਤੇ ਹੈ, ਜੋ ਕਿਸੇ ਤੋਂ ਛੁਪੀ-ਗੁਝੀ ਨਹੀਂ।

“ਕਬੀਰ ਮਨੁ ਜਾਨੈ ਸਭ ਬਾਤ” -ਇਸ ਤਰ੍ਹਾਂ ਹੱਥਲੇ ਗੁਰਮਤਿ ਪਾਠ ਦੇ ਚਾਰ ਕੱਦਮਾਂ ਵਿਚੋਂ, ਪੰਥਕ ਤੱਲ `ਤੇ ਦੂਜੇ ਕੱਦਮ ਦੇ ਅਜਿਹੇ ਬਣ ਚੁੱਕੇ ਚਲਣ ਵਿਚੋਂ; ਅਜਿਹੀ ਸਰਬਪੱਖੀ ਗੁਰਮਤਿ ਤੇ ਸਿੱਖ ਧਰਮ ਵਿਰੋਧੀ ਰਹਿਣੀ ਤੇ ਕਰਣੀ ਵਿਚੋਂ ਅਸੀਂ ਢੂੰਡ ਰਹੇ ਹਾਂ ਸਿੱਖ ਧਰਮ ਦੀ ਬੇਹਤਰੀ, ਵਿਕਾਸ; ਸਿੱਖ ਧਰਮ ਦੇ ਪ੍ਰਸ਼ੰਸਕਾਂ, ਸ਼੍ਰਧਾਲੂਆਂ ਤੇ ਹਮਦਰਦਾਂ ਦਾ ਵਾਧਾ; ਸਿੱਖ ਧਰਮ ਦੀ ਖੁਸ਼ਬੂ ਤੇ ਅਣਧਰਮੀਆਂ ਵੱਲੋਂ ਵਡਿਆਈ; ਉਪ੍ਰੰਤ ਸਿੱਖੀ ਜੀਵਨ ਪੱਖੋਂ ਆਪਣੀ ਔਲਾਦ ਤੇ ਪਨੀਰੀ ਦੀ ਸੰਭਾਲ; ਜੋ ਤਿੰਨ ਕਾਲ ਸੰਭਵ ਨਹੀਂ। ਇਸ ਤੋਂ ਬਾਅਦ ਫ਼ਿਰ ਅਜੋਕੇ ਪੰਥਕ ਹਾਲਾਤ ਲਈ ਦੋਸ਼ ਵੀ ਦੇ ਰਹੇ ਹਾਂ ਤਾਂ ਕਦੇ ਵਿਰੋਧੀਆਂ-ਦੋਖੀਆਂ ਨੂੰ ਤੇ ਕਦੇ ਬਾਹਰੀ ਤਾਕਤਾਂ ਨੂੰ। ਕਾਸ਼! ਘਟੋਘਟ ਕਦੇ ਆਪਣੀ ਕਰਣੀ ਨੂੰ ਘੋਖਣ ਦੀ ਵੀ ਕੋਸ਼ਿਸ਼ ਕਰ ਸਕੀਏ। ਇਸ ਪ੍ਰਤੀ ਪੰਥ ਨੂੰ ਗੁਰਦੇਵ ਦਾ ਆਦੇਸ਼ ਹੈ ਕਿ “ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) ਇਸ ਤਰ੍ਹਾਂ ਗੁਰਬਾਣੀ ਦੀ ਕਸਵੱਟੀ `ਤੇ ਲਗਾ ਕੇ, ਕਦੇ ਆਪਣੇ ਆਪ ਨੂੰ ਵੀ ਘੋਖ ਲਵੀਏ। ਜੇਕਰ ਅਜਿਹਾ ਹੋ ਜਾਵੇ ਤਾਂ ਕੌਮ ਲਈ ਉਸ ਦਾ ਨਤੀਜਾ ਵੀ ਯਕੀਨਣ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: ੪੧੭) ਵਾਲਾ ਅਤੇ ਅੱਜ ਵੀ ਲਾਹੇਵੰਦ ਹੋ ਸਕਦਾ ਹੈ। ਨਹੀਂ ਤਾਂ ਅੱਜ ਸਾਡੀ ਕੌਮ ਦੀ ਜੋ ਹਾਲਤ ਬਣੀ ਪਈ ਹੈ ਉਹ ਤਾਂ ਇਹੀ ਹੈ ਕਿ “ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ, ਹਾਥਿ ਦੀਪੁ ਕੂਏ ਪਰੈ” (ਪੰ: ੧੩੭੬) ਭਾਵ ਸਭਕੁਝ ਜਾਣਦੇ ਹੋਏ ਵੀ ਕੌਮ ਨੂੰ ਬਦੋਬਦੀ ਤੱਬਾਹੀ ਵੱਲ ਧੱਕਣਾ।

“ਹਮਾਰਾ ਧੜਾ ਹਰਿ ਰਹਿਆ ਸਮਾਈ” (ਪੰ: ੩੬੬) - ਫ਼ਿਰ ਇਤਨਾ ਹੀ ਨਹੀਂ ਦੂਜੇ ਤਾਂ ਕੀ ਅੱਜ ਪੰਜਾਬ ਦਾ ਲਗਭਗ ੯੮% ਸਿੱਖ ਬੱਚਾ-ਬੱਚੀ ਪਤਿਤ ਤੱਕ ਹੋ ਚੁੱਕਾ ਹੈ। ਗੁਰਬਾਣੀ ਦੀ ਅਰਥ-ਬੋਧ-ਵਿਚਾਰ ਤਾਂ ਦੂਰ, ਉਹਨਾਂ ਨੂੰ ‘ਬਾਣੀ ਜਪੁ’ ਤੇ ਸੋਹਿਲਾ ਤੱਕ ਵੀ ਭੁੱਲ ਚੁੱਕੀ ਹੈ। ਪੰਥਕ ਰਹਿਤ ਮਰਿਆਦਾ `ਚ ਸਿੱਖ ਦੀ ਸ਼ਖ਼ਸੀ ਰਹਿਣੀ ਅਨੁਸਾਰ ਹਰੇਕ ਸਿੱਖ ਲਈ, ਨਿਤਨੇਮ ਵੱਜੋਂ ਪੰਜ ਬਾਣੀਆਂ ਦਾ ਵਿਧਾਨ ਹੈ। ਜੇਕਰ ਉਥੇ ਵੀ ਦੇਖਿਆ ਜਾਵੇ ਤਾਂ ਹਾਲਤ ਅਜੀਬੋ ਗ਼ਰੀਬ ਬਣੀ ਪਈ ਹੈ। ਪਹਿਲਾਂ ਤਾਂ ਇਹ ਨਿਤਨੇਮ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਸ਼ਖਸੀ ਰਹਿਣੀ ਦਾ ਹਿੱਸਾ ਤੇ ਹਰੇਕ ਸਿੱਖ ਲਈ ਜ਼ਰੂਰੀ ਹੈ। ਹਰੇਕ ਗੁਰਸਿੱਖ ਤੋਂ ਹੱਟ ਕੇ ਅਤੇ ਸੁੰਘੜਦਾ-ਸੁੰਘੜਦਾ ਕੇਵਲ ਪਾਹੁਲਧਾਰੀਆਂ ਤੱਕ ਸੀਮਤ ਹੋ ਚੁੱਕਾ ਹੈ। ਫ਼ਿਰ ਉਸ ਤੋ ਬਾਅਦ ਪਾਹੁਲਧਾਰੀਆਂ `ਚ ਵੀ ਇੱਕ-ਇੱਕ ਕਰਕੇ ਕਈ ਧੜੇ ਹੋ ਚੁੱਕੇ ਹਨ। ਹਰੇਕ ਧੜਾ ਗੁਰਬਾਣੀ-ਗੁਰੂ ਦੀ ਬਜਾਏ, ਆਪਣੇ ਆਪਣੇ ਵਿਸ਼ਵਾਸ ਮੁਤਾਬਕ ਆਪਣੇ ਹੀ ਧੜੇ ਦੇ ਆਗੂਆਂ ਦਾ ਉਪਾਸ਼ਕ ਬਣ ਕੇ ਰਹਿ ਗਿਆ ਹੈ। ਇਹਨਾ ਸਾਰਿਆਂ ਨੇ ਨਿਤਨੇਮ ਵੀ ਆਪਣੇ ਆਪਣੇ ਢੰਗ ਦੇ ਤੇ ਵੱਖਰੇ ਵੱਖਰੇ ਕਾਇਮ ਕਰ ਲਏ ਹਨ। ਇਸ ਤਰ੍ਹਾਂ ਉਹ ਪਾਹੁਲਧਾਰੀ ਵੀ ਜਦੋਂ ਇਕੱਠੇ ਬੈਠਦੇ ਹਨ ਤਾਂ ਉਥੇ ਵੀ ਧੜੇਬੰਦੀਆਂ ਤੇ ਵਖ੍ਰੇਵੇਂ ਹੀ ਮਿਲਦੇ ਹਨ। ਜਦਕਿ ਹਰੇਕ ਸਿੱਖ ਦਾ ਧੜਾ ਇੱਕੋ ਹੀ ਹੋਣਾ ਸੀ ਅਤੇ ਉਹ ਧੜਾ ਹੋਣਾ ਸੀ, ਗੁਰਬਾਣੀ ਜੀਵਨ ਜੁਗਤ ਵਾਲੀ ਸਾਂਝ ਦਾ।

ਦੂਜੇ ਪਾਸੇ ਗੁਰਬਾਣੀ ਅਨੁਸਾਰ, ਗੁਰੂ ਪਾਤਸ਼ਾਹ ਤਾਂ ਸਿੱਖ ਲਈ ਪ੍ਰਵਾਰਕ ਤੇ ਖੂਨ ਦੇ ਰਿਸ਼ਤਿਆਂ ਨੂੰ ਵੀ ਧੜਾ ਮੰਨਣ ਤੋਂ ਵੀ ਰੋਕ ਰਹੇ ਹਨ। ਗੁਰਦੇਵ ਤਾਂ ਸਿੱਖ ਨੂੰ ਸੰਸਾਰਕ ਧੜਿਆਂ ਤੋਂ ਉਪਰ ਕੇਵਲ ਇਕੋ ਪ੍ਰਭੂ ਦੇ ਧੜੇ ਲਈ ਹੀ ਪੱਕਾ ਕਰ ਰਹੇ ਹਨ ਜਿਵੇਂ “… ਹਮਾਰਾ ਧੜਾ ਹਰਿ ਰਹਿਆ ਸਮਾਈ॥ ੧ ॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ…. ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ …. . ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ……” (ਪੰ: ੩੬੬) ਜਿਸ ਦਾ ਸਿਧਾ ਮਤਲਬ ਹੈ ਕਿ ਇਲਾਹੀ ਗੁਰੂ-ਗੁਰਬਾਣੀ ਵਾਲੀ ਜੋਤ ਤੋਂ ਪ੍ਰਗਟ ਹੋਣ ਵਾਲੇ ਸਦੀਵਕਾਲੀਨ ਜੀਵਨ ਜੀਊਣ ਦਾ ਢੰਗ (ਜੁਗਤ) ਨੂੰ ਹੀ ਗੁਰੂ ਕੇ ਸਿੱਖ ਲਈ ਜੀਵਨ ਜੀਊਣ ਦਾ ਢੰਗ ਤੇ ਇਕੋ ਇੱਕ ਧੜਾ ਹੈ; ਇਸ ਤੋਂ ਬਾਹਿਰ ਸਿੱਖ ਲਈ ਕੋਈ ਦੂਜਾ ਧੜਾ ਨਹੀਂ। ਉਪ੍ਰੰਤ ਜੇ ਕਰ ਸਮੂਚੇ ਤੌਰ `ਤੇ “ੴ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਗੁਰਬਾਣੀ ਦੀ ਤਰਤੀਬ ਦੇ ਦਰਸ਼ਨ ਕਰੀਏ ਤਾਂ ਰਾਗਾਂ `ਚ ਸ਼ੁਰੂ ਹੋਣ ਤਾਂ ਪਹਿਲਾਂ, ਇੱਕ ਤੋਂ ਤੇਰਾਂ ਪੰਨੇ ਤੱਕ ਬਾਣੀ, ਬਿਨਾ ਰਾਗਾਂ ਦੀ ਬੰਦਸ਼ ਦੇ ਹੈ ਅਤੇ ਕਿਉਂ? ਕਿਉਂਕਿ ਗੁਰਦੇਵ ਵੱਲੋਂ ਉਹ ਤੇਰਾਂ ਪੰਨੇ ਹਰੇਕ ਗੁਰੂ ਕੇ ਸਿੱਖ ਤੇ ਸੰਗਤਾਂ ਲਈ, ਤਿੰਨ ਸਮੇਂ ਲਈ ਨਿਤਨੇਮ ਹੀ ਪੱਕਾ ਕੀਤਾ ਹੋਇਆ ਹੈ। ਜ਼ਿਆਦਾ ਨਹੀਂ, ਜੇਕਰ ਕਿਸੇ ਢੰਗ ਉਸ ਦਾ ਵੀ ਠੀਕ ਪ੍ਰਚਾਰ ਹੋ ਰਿਹਾ ਹੁੰਦਾ ਤਾਂ ਵੀ ਅੱਜ ਘਟੋਘੱਟ ਪੰਜਾਬ ਦਾ ਜੋ ਬੱਚਾ-ਬੱਚੀ ਬਾਣੀ ‘ਜਪੁ’ ਤੇ ਬਾਣੀ “ਸੋਹਿਲੇ” ਤੱਕ ਨੂੰ ਭੁੱਲਾ ਚੁੱਕਾ ਹੈ, ਤਾਂ ਵੀ ਘੱਟ ਤੋਭ ਘੱਟ ਇਹ ਨੋਬਤ ਤਾਂ ਨਾ ਆਉਂਦੀ। ਜਦਕਿ ਕੇਵਲ ਵਿਸ਼ੇ ਨੂੰ ਸਮਝਣ ਲਈ ਏਥੇ ਨਿਤਨੇਮ ਵਾਲੀ ਗੱਲ ਵੀ ਕੇਵਲ ਇੱਕ ਮਿਸਾਲ ਵਜੋਂ ਹੀ ਹੈ। ਨਹੀਂ ਤਾਂ ਕੌਮ `ਚ ਧੜੇਬੰਦੀਆਂ ਤੇ ਡੇਰਿਆਂ ਰਾਹੀਂ ਅੱਜ ਜੋ ਵਖ੍ਰੇਵੇਂ ਪੈਦਾ ਕੀਤੇ ਜਾ ਚੁੱਕੇ ਹਨ, ਉਹਨਾਂ ਦੀ ਸੀਮਾ ਹੀ ਨਹੀਂ ਰਹੀ। ਉਪ੍ਰੰਤ ਸਾਰੇ ਦਾ ਕਾਰਨ ਵੀ, ਹੱਥਲੇ ਗੁਰਮਤਿ ਪਾਠ “ਸਿੱਖ ਧਰਮ ਦੇ ਚਾਰ ਕੱਦਮਾਂ” ਅਨੁਸਾਰ, ਆਪਣੇ ਦੂਜੇ ਕੱਦਮ `ਚ ਸਿੱਖ ਦਾ ਆਪਣੇ ਪਹਿਲੇ ਕੱਦਮ ਭਾਵ “ਗੁਰਬਾਣੀ ਜੀਵਨ ਜਾਚ” ਤੋਂ ਖਿਸਕਿਆ ਹੋਣਾ ਹੀ ਹੈ।

ਅਜੋਕੀ ਪੰਥਕ ਤ੍ਰਾਸਦੀ-ਅੱਜ ਸਿੱਖ ਕੌਮ ਗਿਰਾਵਟ ਵੱਲ ਕਿਉਂ ਜਾ ਰਹੀ ਹੈ? ਜੇ ਕਰ ਸੱਚਮੁਚ ਸਾਡੀ ਇਸ ਬਾਰੇ ਨੀਯਤ ਸਾਫ਼ ਹੈ ਤਾਂ ਹਰੇਕ ਪੱਧਰ `ਤੇ ਹਰੇਕ ਸਿੱਖ ਆਪਣੇ ਆਪ ਨੂੰ ਇਸ ਗੁਰਮਤਿ ਪਾਠ ਦੇ ਵੇਰਵੇ ਅਨੁਸਾਰ ਗੁਰਬਾਣੀ ਦੇ ਤਰਾਜ਼ੂ `ਤੇ ਤੋਲ ਲਵੇ। ਪਤਾ ਲੱਗ ਜਾਵੇਗਾ ਕਿ ਉਸ ਦਾ ਨਿਜੀ ਜਾਂ ਪ੍ਰਵਾਰਕ ਜੀਵਨ ਗੁਰਬਾਣੀ ਤੋਂ ਕਿਨਾਂ ਨੇੜੇ ਹੈ ਤੇ ਕਿਨਾਂ ਦੂਰ ਹੈ, ਨਿਰਣਾ ਹੁੰਦੇ ਦੇਰ ਨਹੀਂ ਲਗੇਗੀ। ਇਸ ਤਰ੍ਹਾਂ ਜੇਕਰ ਠੀਕ ਰੁਖ ਨੂੰ ਚੱਲ ਪਵੀਏ ਤਾਂ ਸਾਰਾ ਮੱਸਲਾ ਵੀ ਆਪਣੇ ਆਪ ਹੱਲ ਜੋ ਜਾਵੇਗਾ। ਫ਼ਿਰ ਵੀ ਅਜੋਕੀ ਪੰਥਕ ਤ੍ਰਾਸਦੀ ਦੀ ਜੇਕਰ ਅਤੀ ਸੰਖੇਪ ਤੇ ਨੁੱਕਤਾ ਵਾਰ ਝਲਕ ਦੇ ਰਹੇ ਜੋ ਸਾਡੇ ਸੰਭਲਣ `ਚ ਸਾਡੀ ਮਦਦ ਕਰ ਸਕਦੀ ਹੈ:-

() ਮੂਲ਼ ਰੂਪ `ਚ ਸਾਡੀਆਂ ਧਰਮਸ਼ਾਲਾਵਾਂ ਪਰ ਅੱਜ ਦੀ ਬੋਲੀ `ਚ ਗੁਰਦੁਆਰੇ, ਗੁਰਮਤਿ ਦਾ ਘੱਟ ਬਲਕਿ ਪ੍ਰਬੰਧਕ, ਪ੍ਰਚਾਰਕ ਤੇ ਸੇਵਾਦਾਰ ਪੱਧਰ `ਤੇ ਹੀ ੯੯% ਅਨਮੱਤ, ਮਨਮੱਤ ਦਾ ਹੀ ਪ੍ਰਚਾਰ ਕਰ ਰਹੇ ਹਨ। ਉਸੇ ਦਾ ਨਤੀਜਾ, ਸੰਗਤਾਂ `ਚ ਨਿੱਤ ਜਿਤਨੇ ਸਿੱਖ ਉਤਣੀਆਂ ਹੀ ਸਿੱਖੀਆਂ ਪਨਪ ਰਹੀਆਂਹਨ ਜਦਕਿ ਗੁਰੂ-ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਸਿੱਖੀ ਤਾਂ ਸਭ ਪਾਸਿਓਂ ਨਦਾਰਦ ਹੋਈ ਪਈ ਹੈ।

() ਅੱਜ ਸਾਡੇ ਗੁਰਪੁਰਬ, ਕੀਰਤਨ ਦਰਬਾਰ, ਗੁਰਬਾਣੀ ਕਥਾਵਾਂ ਬਲਕਿ ਸ਼ਤਾਬਦੀਆਂ ਤੇ ਚੇਤਣਾ ਮਾਰਚ ਤੱਖ ਸਭਕੁਝ ਕੇਵਲ ਇੱਕ ਰੀਤ ਪੂਰੀ ਕਰਣ ਤੋਂ ਵੱਧ ਨਹੀਂ ਹਨ। ਇਸੇ ਦਾ ਨਤੀਜਾ ਕਿ ਅੱਜ ਕੌੰ ਦੇ ਅਰਬਾਂ-ਖਰਬਾਂ ਤੇ ਬੇਅੰਤ ਤਾਕਤ ਲਗਾ ਕੇ ਵੀ ਕੌਮ ਲਈ ਉਹਨਾਂ ਦਾ ਨਤੀਜਾ ਢਾਕ ਕੇ ਤੀਨ ਪਾਤ ਹੀ ਹੈ।

() ਸਾਡੇ ਅਜੋਕੇ ਨਗਰ ਕੀਰਤਨ, ਨਗਰ ਕੀਰਤਨ ਨਾ ਹੋ ਕੇ ਕੌਮ ਦੇ ਜਲੂਸ ਤੇ ਪ੍ਰਭਾਤ ਫ਼ੇਰੀਆਂ ਦੂਜੇ ਲਫ਼ਜ਼ਾਂ `ਚ ਕੇਵਲ ਚਾਅ ਫ਼ੇਰੀਆਂ ਹੀ ਬਣ ਕੇ ਰਹਿ ਗਈਆਂ ਹਨ। ਕਾਸ਼ ਕਿ ਸਹੀ ਅਰਥਾਂ `ਚ ਸਿੱਖ ਧਰਮ ਦੀ ਸ਼ਾਨ ਗੁਰਬਾਣੀ ਸੱਚ ਦਾ ਪ੍ਰਗਟਾਵਾ ਇਹ ਸਾਡੇ ਨਗਰ ਕੀਰਤਨ ਤੇ ਪ੍ਰਭਾਤ ਫ਼ੇਰੀਆਂ ਹੀ ਹੁੰਦੀਆਂ।

() ਸਾਡੇ ਵਿਦਿਆਂ ਸੰਸਥਾਨ ਤੇ ਕੇਂਦਰ ਵੀ ਅੱਜ ਸਿੱਖੀ ਜੀਵਨ ਨੂੰ ਪੈਦਾ ਕਰਣ ਵਾਲੇ ਘੱਟ ਬਲਕਿ ਵੱਡੀ ਗਿਣਤੀ `ਚ ਪਤਿਤ ਤੇ ਨਾਸਤਿਕ ਪੈਦਾ ਕਰਣ ਦੇ ਅਦਾਰੇ ਬਣ ਚੁੱਕੇ ਹਨ। ਉਪੱੰਤ ਇਹਨਾ `ਤੇ ਬਹੁਤਾ ਕਰਕੇ ਜੱਫਾ ਵੀ ਹੈ ਤਾਂ ਅਨਪੜ੍ਹ ਤੇ ਅਣ-ਅਦੀਕਾਰੀ ਪ੍ਰਬੰਧਕਾਂ ਤੇ ਚੇਅਰਮੈਨਾ ਦਾ।

() ਆਂਕੜਿਆਂ ਅਨੁਸਾਰ ਅੱਜ ਕੇਵਲ ਪੰਜਾਬ ਦੇ ਹੀ ਲਗਭਗ ੯੮% ਸਿੱਖ ਬੱਚੇ-ਬੱਚੀਆਂ ਪਤਿਤ ਹਨ। ਇਹ ਹਾਲਤ ਅੱਜ ਉਸ ਕੌਮ ਦੀ ਹੈ ਜਿੱਥੇ ਸਿੱਖੀ ਸਰੂਪ ਦੀ ਖਾਤਿਰ ਰੋਂਗਟੇ ਖੜੇ ਕਰ ਦੇਣ ਵਾਲੇ ਸ਼ਹੀਦਾਂ ਦਾ ਇਤਿਹਾਸ ਭਰਿਆ ਪਿਆ ਹੈ। ਇਸ ਦੇ ਉਲਟ ਇਸ ਪੱਖੋਂ ਪੰਥਕ ਗਿਰਾਵਟ ਇਥੋਂ ਤੱਕ ਪੁੱਜ ਚੁੱਕੀ ਹੈ ਤਾਂ ਵੀ ਸੰਭਲਣ ਵਾਲੇ ਪਾਸੇ ਕੌਮ ਦੀ ਨਿਘਰ ਸੋਚ ਹੀ ਨਜ਼ਰ ਨਹੀਂ ਆ ਰਹੀ।

() ਕੇਵਲ ਪੰਜਾਬ ਤੋਂ ਹੀ ਪ੍ਰਾਪਤ ਆਂਕੜਿਆਂ ਅਨੁਸਾਰ ੧੦੦੦ (ਇਕ ਹਜ਼ਾਰ) ਸਿੱਖ ਬੱਚਿਆਂ ਪਿਛੇ ਬੱਚੀਆਂ ਦੀ ਪੈਦਾਇਸ਼ ਦੀ ਮਾਤ੍ਰਾ ਕੇਵਲ ੭੨੩ ਰਹਿ ਚੁੱਕੀ ਹੈ। ਇਥੋਂ ਤੱਕ ਏਥੇ ਮਾਤਾ ਦੇ ਗਰਭ `ਚ ਹੀ ਸਿੱਖ ਬੱਚੀਆਂ ਦੀ ਭਰੂਣ ਹਤਿਆ ਸ਼ਿਖਰਾਂ `ਤੇ ਪੁੱਜ ਚੁੱਕੀ ਹੈ। ਕੌਣ ਜਾਣਦਾ ਹੈ ਕਿ ਕਿਸ ਬੱਚੀ ਦੇ ਗਰਭ ਵਿਚੋਂ ਕੱਲ ਕੌਮ ਦੇ ਲਈ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖੀ ਅਣਖ ਦੇ ਨੇ ਰਾਖਿਆ ਜਨਮ ਲੈਣਾ ਹੁੰਦਾ ਹੈ? ਤਾਂ ਕੌਮ ਦੇ ਇਸ ਨਾ ਪੂਰਾ ਹੋਣ ਵਾਲੇ ਨੁਕਸਾਨ ਲਈ ਕੌਣ ਜ਼ਿਮੇਵਾਰ ਹੈ?

() ਮੜ੍ਹੀਆਂ, ਕੱਬਰਾਂ ਦੀ ਪੂਜਾ ਕਰਣ ਵਾਲੇ ਵੀ ਵੱਡੀ ਗਿਣਤੀ `ਚ ਸਿੱਖੀ ਭੇਸ `ਚ ਹੀ ਨਜ਼ਰ ਆ ਰਹੇ ਹਨ, ਕੀ ਉਹ ਨਕਲੀ ਸਿੱਖ ਹਨ ਜਾਂ ‘ਗੁਰੂ ਨਾਲ’ ਛਲ ਕਰ ਰਹੇ ਹਨ ਜਾਂ ਕੌਮ ਰਾਹੀਂ ਆਪਣੇ ਪਹਿਲੇ ਕੱਦਮ ਤੋਂ ਥਿੜਕੇ ਹੋਣ ਦਾ ਸਬੂਤ ਹਨ?

() ਰਾਤੋ ਰਾਤ ਬਿਹਾਰ ਤੋਂ ਕੋਈ ਬਿਹਾਰੀ ਭਈਆ ਆ ਜਾਵੇ, ਇਸੇ ਤਰ੍ਹਾਂ ਭਨਿਆਰਾ ਜਾਂ ਕੋਈ ਝੂਠਾ ਸੌਦਾ ਪੈਦਾ ਹੋ ਜਾਵੇ, ਉਥੇ ਸੰਗਤਾਂ ਦੀਆਂ ਕੱਤਾਰਾਂ ਲਗ ਜਾਂਦੀਆਂ ਹਨ। ਇਹੀ ਹਾਲ ਨਿਰੰਕਾਰੀਆਂ-ਰਾਧਾਸੁਆਮੀਆਂ ਅਤੇ ਬਾਕੀ ਡੇਰਿਆਂ `ਤੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਗੁਰਦੁਆਰੇ ਖਾਲੀ ਪਏ ਹਨ ਤਾਂ ਕਿਉਂ? ਕੀ ਇਹ ਵੱਡਾ ਸਬੂਤ ਨਹੀਂ ਕਿ ਹੱਥਲੇ ਗੁਰਮਤਿ ਪਾਠ ਅਨੁਸਾਰ ਅੱਜ ਕੌਮ ਆਪਣੇ ਪਹਿਲੇ ਕੱਦਮ ਭਾਵ ਗੁਰਬਾਣੀ ਵਾਲੇ ਆਪਣੇ ਅਸਲ ਧੁਰੇ `ਤੇ ਕਾਇਮ ਨਹੀਂ ਰਹੀ।

() ਜਿਹੜੇ ਸਿੱਖ ਅੱਜ ਸਾਬਤ ਸੂਰਤ ਵੀ ਨਜ਼ਰ ਆ ਰਹੇ ਹਨ ਉਹਨਾਂ ਪ੍ਰਵਾਰਾਂ ਵਿਚੋਂ ਵੀ ਬਹੁਤਾ ਕਰਕੇ ਬੀਬੀਆਂ-ਬੱਚੀਆਂ ਦੇ ਭਰਵੱਟੇ ਕੱਟੇ ਪਏ ਹਨ। ਬਹੁਤੀਆਂ ਤਾਂ ਆਪ ਹੀ ‘ਬਿਊਟੀ ਪੈਰਲੋਰਾਂ’ `ਤੇ ਜਾ ਕੇ ਸਿਰ ਤੋਂ ਪੈਰਾਂ ਤੀਕ (Head to Toe) ਵੈਕਸਿੰਗ ਤੇ ਬਲੀਚਿੰਗ ਕਰਵਾ ਰਹੀਆਂ ਹਨ। ਮਰਦਾਂ ਵੱਲ ਦੇਖੋ ਤਾਂ ਉਹਨਾਂ ਦੀਆਂ ਮੁੱਛਾਂ, ਦਾੜ੍ਹੀਆਂ ਦੀ ਕੱਟ-ਵੱਡ ਹੋਈ ਪਈ ਹੈ, ਕੀ ਇਹੀ ਹੈ ਅੱਜ ਸਾਡੀ ਸਿੱਖੀ ਰਹਿਣੀ ਜੋ ਸਿੱਖ ਧਰਮ ਲਈ ਸ਼੍ਰਧਾਲੂ, ਹਮਦਰਦ ਪੈਦਾ ਕਰੇ ਤੇ ਸਿੱਖ ਧਰਮ ਲਈ ਖੁਸ਼ਬੂ ਫੈਲਾਏ।

() ਸ਼ਰਾਬ ਆਦਿ ਨਸ਼ਿਆਂ ਤੋਂ ਬਚਣ ਲਈ ਗੁਰਬਾਣੀ ਨੇ, ਸਿੱਖ ਨੂੰ ਸਖ਼ਤ ਤਾੜਣਾ ਕੀਤੀ ਹੈ। ਇਸ ਦੇ ਉਲਟ ਹਾਲਤ ਇਹ ਹੈ ਕਿ ਪੰਜਾਬ `ਚੋਂ ਬਠਿੰਡਾ ਅਤੇ ਪੂਰੇ ਸੰਸਾਰ `ਚੋਂ ਪੰਜਾਬ, ਸ਼ਰਾਬ ਪੱਖੋਂ ਪਹਿਲੇ ਨੰਬਰ `ਤੇ ਆ ਚੁੱਕਾ ਹੈ, ਕੀ ਇਹੀ ਹੈ ਅੱਜ ਸਾਡਾ ਗੁਰੂ ਦੇ ਆਗਿਆਕਾਰੀ ਸਿੱਖ ਹੋਣਾ? ਇਥੌ ਤੱਕ ਕਿ ਅੱਜ ਸਿੱਖਾਂ ਵਿਚਾਲੇ ਵਿਰਲਾ ਹੀ ਅਨੰਦਕਾਰਜ ਤੇ ਖੁਸ਼ੀ ਦਾ ਸਮਾਂ ਮਿਲੇਗਾ ਜਿੱਥੇ ਸ਼ਰਾਬ ਦੀਆਂ ਬਾਰਾਂ, ਕਾਕਟੇਲ ਪਾਰਟੀਆਂ ਤੇ ਸ਼ਰਾਬ ਦੇ ਦਰਿਆ ਨਹੀਂ ਚੱਲ ਰਹੇ ਹੁੰਦੇ ਉਪ੍ਰੰਤ ਉਸ ਦੇ ਨਾਲ ਨਾਲ ਉਥੇ ਫ਼ਹਿਸ਼ ਤੇ ਲੱਚਰ ਗਾਣੇ-ਡਾਂਸ ਵੀ।

() ਇਤਨਾ ਹੀ ਨਹੀਂ, ਖਾਸ ਕਰ ਪੰਜਾਬ `ਚ ਜਿਨੀਂ ਕੱਚੀ ਕੱਢੀ ਜਾਂਦੀ ਤੇ ਚਲਦੀ ਹੈ; ਉਪ੍ਰੰਤ ਹੀਰੋਈਨ, ਭੁੱਕੀ, ਸਮੈਕ, ਬਰਾਉਨ ਸ਼ੂਗਰ, ਭੰਗ, ਕੈਮੀਸਟਾਂ ਦੀਆਂ ਦੁਕਾਨਾਂ `ਤੇ ਵਿਕਣ ਵਾਲੀਆਂ ਨਸ਼ੀਲੀਆਂ ਦਵਾਈਆਂ ਦੀ ਖਪਤ ਦਾ ਤਾਂ ਅੰਤ ਹੀ ਨਹੀਂ। ਉਪ੍ਰੰਤ ਇਹ ਸਭ ਕੁੱਝ ਹੋ ਰਿਹਾ ਹੈ ਬਹੁਤਾ ਕਰਕੇ ਅਜੋਕੇ ਸਿੱਖ ਅਖਵਾਉਂਦੇ ਘਰਾਂ `ਚ। ਆਖ਼ਿਰ ਸਾਡੀ ਅਜਿਹੀ ਕਰਣੀ ਨਾਲ ਕੀ ਸਾਬਤ ਹੋ ਰਿਹਾ ਹੈ? ਕੌਣ ਸੋਚੇਗਾ?

() ਗੁਰਦੇਵ ਨੇ ਸਾਡੇ ਅੰਦਰੋ ਜਾਤ-ਪਾਤ ਦੇ ਕੋਹੜ ਨੂੰ ਕੱਢਣ ਲਈ ਸਾਨੂੰ “ਸਿੰਘ-ਕੌਰ” ਵਾਲੇ ਸਾਂਝੇ ਪ੍ਰਵਾਰ ਦਾ ਰੂਪ ਦਿੱਤਾ। ਇਸ ਦੇ ਉਲਟ ਅੱਜ ਅਸੀਂ ਇਤਨੇ ਵੱਧ ਸਿਆਣੇ ਹੋ ਗਏ ਹਾਂ ਕਿ ਸਾਡੇ ਜਮਨੇ-ਮਰਨੇ, ਅਤੇ ਖੁਸ਼ੀ-ਗ਼ਮੀ ਦੇ ਕਾਰਡਾਂ ਤੋਂ ਲੈ ਕੇ ਸਕੂਲਾਂ-ਕਾਲਜਾਂ ਦੇ ਰਜਿਸਟਰਾਂ ਤੱਕ ‘ਸਿੰਘ-ਕੌਰ’ ਦਾ ਲਫ਼ਜ਼ ਹੀ ਗ਼ਾਇਬ ਹੁੰਦਾ ਜਾ ਰਿਹਾ ਹੈ। ਉਪ੍ਰੰਤ “ਸਿੰਘ-ਕੌਰ” ਦੇ ਬਦਲੇ ਉਥੇ ਜਨਮ ਲੈ ਲਿਆ ਹੈ ਸੋਢੀ, ਬੇਦੀ, ਸੇਠੀ, ਖਰਬੰਦੇ, ਬਤਰੇ, ਜੁਨੇਜੇ, ਤਨੇਜੇ, ਭਸੀਨ ਆਦਿ ਜਾਤਾਂ-ਪਾਤਾ ਵਾਲੀਆਂ ਪੂਛਲਾਂ ਨੇ। ਇਸ ਤੋਂ ਵੀ ਅੱਗੇ ਦੇਖੋ ਤਾਂ ਟਿੰਕੂ, ਸੀਟੂ ਆਦਿ ਘਰੇਲੂ ਨਾਵਾਂ ਨੇ, ਜਿਨ੍ਹਾਂ ਦੀ ਕਿ ਸਿੱਖ ਧਰਮ `ਚ ਵੈਸੇ ਹੀ ਕੋਈ ਜਗ੍ਹਾ ਨਹੀਂ।

() ਗੁਰਦੇਵ ਨੇ ਸਾਡੇ ਅੰਦਰੋ ਪੁਰਾਤਨ ਵਰਣ ਵੰਡ ਵਾਲੇ ਭੇਦ-ਭਾਵ ਮੁਕਾਉਣ ਲਈ ਬ੍ਰਾਹਮਣ ਦੀ ਚਾਰ ਵਰਣਾਂ ਵਾਲੀ ਵੰਡ ਨੂੰ ਵੰਗਾਰਿਆ ਤੇ ਨਕਾਰਿਆ। ਪਰ ਅਸੀਂ ਇਨੇਂ ਜ਼ਿਆਦਾ ਆਪਣੇ ਗੁਰੂ ਦੇ ਨੇੜੇ ਹੋ ਕੇ ਚਲ ਰਹੇ ਹਾਂ ਕਿ ਅਸਾਂ ਮਜ਼੍ਹਬੀ, ਰਵੀਦਾਸੀਏ, ਜੱਟ-ਭਾਪੇ, ਰਾਮਗੜ੍ਹੀਏ, ਲੁਭਾਣੇ, ਖਤ੍ਰੀ ਟਾਂਕ, ਬ੍ਰਾਹਮਣ ਸਿੱਖ ਆਦਿ ਨਵੇਂ ਨਵੇਂ ਬੇਅੰਤ ਬਦਲਵੇਂ ਮਾਰਕੇ ਬਣਾ ਕੇ ਵੱਖ ਵੱਖ ਗੁਰਦੁਆਰੇ ਆਦਿ ਤੱਕ ਬਣਾ ਦਿੱਤੇ। ਇਸ ਤਰ੍ਹਾਂ ਆਪਣੇ ਸਿੱਖ ਸਮਾਜ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਰਹਿੰਦੀ ਕਸਰ ਆਪਣੇ ਆਪ ਨੂੰ ਅਖੌਤੀ ਸੰਤਾਂ, ਸਾਧਾਂ, ਮਹਾਪੁਰਸ਼ਾਂ ਨਾਲ ਜੁੜ ਕੇ ਤੇ ਕੌਮ ਨੂੰ ਵੱਖਰੇ ਵੱਖਰੇ ਧੜਿਆਂ `ਚ ਵੰਡ ਕੇ ਪੂਰੀ ਕਰ ਦਿੱਤੀ ਹੈ।

() ਲੋਹੜੀ, ਜਿਸ ਦਾ ਸਿੱਖ ਵਿਚਾਰਧਾਰਾ ਨਾਲ ਉੱਕਾ ਮੇਲ ਨਹੀਂ। ਫ਼ਿਰ ਵੀ ਕਈ ਸਿੱਖ ਗੱਬਰੂ ਪੱਗਾਂ ਖੋਲ ਕੇ ਤੇ ਉਹਨਾਂ ਨੂੰ ਗਲਾਂ `ਚ ਸੁੱਟ, ਖੁੱਲੇ ਕੇਸ, ਸ਼ਰਾਬ ਚੜ੍ਹੀ ਸੜਕਾਂ ਤੇ ਚਾਂਗੜਾਂ ਮਾਰ ਰਹੇ ਹੁੰਦੇ ਹਨ। ਅਨੇਕਾਂ ਲੜਾਈਆਂ ਝਗੜੇ-ਖੂਨ ਖਰਾਬੇ ਤੇ ਫ਼ੇਰ ਜੇਲ-ਵਕੀਲ ਤੇ ਕਚਿਹਰੀਆਂ। ਇਹ ਹਨ ਖਾਸਕਰ ਸਿੱਖ ਦੀ ਜਨਮ ਭੂਮੀ ਪੰਜਾਬ ਦੇ ਮੌਜੂਦਾ ਹਾਲਾਤ। ਇਸੇ ਤਰ੍ਹਾਂ ਬਾਕੀ ਅਨਮੱਤੀ ਤਿਉਹਾਰ ਤੇ ਵਿਸ਼ਵਾਸ ਜਿਵੇਂ ਰਖੜੀ, ਟਿੱਕਾ, ਹੋਲੀਆਂ, ਵਰਤ, ਦਿਵਾਲੀਆਂ, ਸਰਾਧ, ਨਰਾਤੇ, ਸੰਗ੍ਰਾਂਦਾਂ-ਮਸਿਆਵਾਂ, ਪੂਰਨ-ਮਾਸ਼ੀਆਂ, ਸਵੇਰ ਸ਼ਾਮ, ਮੰਗਲ ਸਨੀਚਰ, ਤੀਰਥ ਇਸ਼ਨਾਨ ਕਿਸੇ ਪਾਸੇ ਵੀ ਆਪਣੇ ਅੰਦਰੋਂ ਸਿੱਖੀ ਦਾ ਦਿਵਾਲਾ ਪਿਟਵਾਉਨ `ਚ ਸਾਡੇ ਅੰਦਰ ਕਸਰ ਹੀ ਬਾਕੀ ਨਹੀਂ ਰਹੀ; ਬੱਸ ਇਹੀ ਰਹਿ ਚੁੱਕਾ ਹੈ ਅੱਜ ਸਾਡਾ ਸਿੱਖ ਹੋਣਾ ਤੇ ਅਖਵਾਉਣਾ।

() ਹਾਲਾਂਕਿ ਗੁਰੂ ਕੇ ਸਿੱਖ ਲਈ ਦੇਵੀਆਂ ਦੇ ਜਗ੍ਰਾਤਿਆਂ `ਚ ਸ਼ਾਮਿਲ ਹੋਣਾ ਹੀ ਗ਼ਲਤ ਹੈ। ਜਦਕਿ ਹੁਣ ਇਹ ਖੇਡ ਵੀ ਉਭਰ ਚੁੱਕੀ ਹੈ ਜਦੋਂ ਕਈ ਲੋਕ ਸਿੱਖੀ ਭੇਸ `ਚ ਹੁੰਦੇ ਹੋਏ ਵੀ, ਆਪ ਦੇਵੀਆਂ ਦੇ ਜਗ੍ਰਾਤੇ ਕਰਵਾ ਰਹੇ ਹੁੰਦੇ ਹਨ। ਸ਼ਰਧਾ ਵੱਸ ਵੈਸ਼ਨੋ, ਅਮਰਨਾਥ ਆਦਿ ਦੀਆਂ ਯਾਤ੍ਰਾਵਾਂ ਨੂੰ ਜਾਣ ਵਾਲੇ ਅਖੌਤੀ ਤੇ ਗੁਮਰਾਹ ਸਿੱਖ ਵੀ ਬਹੁਤੇਰੇ ਦੇਖੇ ਜਾ ਰਹੇ ਹਨ ਤਾਂ ਕਿਉਂ?

() ਅਨੰਦਕਾਰਜ ਤੋਂ ਬਾਅਦ ਬਹੁਤੇ ਸਿੱਖਾਂ ਦੀਆਂ ਹੀ ਬੱਚੀਆਂ ਹਨ ਜੋ ਵਾਪਸ ਪੇਕੇ ਘਰਾਂ `ਚ ਬੈਠੀਆਂ ਹਨ। ਇਹਨਾ ਲਈ ਕਸੂਰਵਾਰ ਕਿਧਰੇ ਪੇਕੇ ਹੋਣ ਜਾਂ ਸੋਹਰਾ ਪ੍ਰਵਾਰ; ਬੱਚੀ ਆਪ ਹੋਵੇ ਜਾਂ ਉਸ ਦੇ ਪਤੀ ਦੇਵ। ਸੁਆਲ ਇਹ ਨਹੀਂ ਕਿ ਕਸੂਰਵਾਰ ਕੌਣ ਹੈ। ਸੁਆਲ ਤਾਂ ਇਹ ਹੈ ਕਿ ਜਿਸ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਨਮੁੱਖ ਉਹਨਾਂ ਜੀਵਨ ਭਰ ਲਈ ਇੱਕ ਦੂਜੇ ਦਾ ਸਾਥ ਦੇਣ ਦਾ ਪ੍ਰਣ ਲਿਆ ਹੁੰਦਾ ਹੈ, ਉਹਨਾਂ ਦੀਆਂ ਨਜ਼ਰਾਂ `ਚ ਉਸ ‘ਸਦੀਵੀ ਗੁਰੂ’ ਲਈ ਕਿਨੀਂ ਕੱਦਰ ਤੇ ਕਿਨਾਂ ਵਿਸ਼ਵਾਸ ਹੈ?

() ਪ੍ਰਕਾਸ਼ ਕੀਤਾ ਹੁੰਦਾ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ। ਬਾਹਿਰ ਨਿਸ਼ਾਨ ਸਾਹਿਬ ਵੀ ਝੁੱਲ ਰਹੇ ਹੁੰਦੇ ਹਨ। ਅੰਦਰ ਵੰਡੇ ਜਾ ਰਹੇ ਹੁੰਦੇ ਹਨ ਧਾਗੇ, ਤਬੀਤ, ਪੁਛਾਂ; ਕੱਢੇ ਜਾ ਰਹੇ ਜਿੰਨ-ਭੂਤ ਤੇ ਹੋਰ ਬਹੁਤ ਕੁਝ। ਕੁੱਝ ਡੇਰਿਆਂ `ਤੇ ਤਾਂ ਪ੍ਰਸ਼ਾਦਿ ਵੀ ਸ਼ਰਾਬ ਦਾ ਹੀ ਵੰਡਿਆ ਤੇ ਭੇਟਾ ਵੀ ਸ਼ਰਾਬ ਦੀ ਹੀ ਲਈ ਜਾਣ ਦੀਆਂ ਖ਼ਬਰਾਂ ਹਨ। ਖ਼ਬਰਾਂ ਅਨੁਸਾਰ ਪੰਜਾਬ `ਚ ਅਜਿਹਾ ਡੇਰਾ ਵੀ ਪੈਦਾ ਹੋ ਚੁੱਕਾ ਹੈ ਜਿਸ ਦਾ ਬਾਬਾ, ਸਿੱਖੀ ਭੇਸ `ਚ ਹੈ ਪਰ ਆਪਣੇ ਆਪ ਨੂੰ ਦਸਦਾ ਹੈ ਗੁੱਗੇ ਦਾ ਅਵਤਾਰ। “ਗੁਰੂ ਗ੍ਰੰਥ ਸਾਹਿਬ ਜੀ” ਦੇ ਆਸ ਪਾਸ ਸੱਪਾਂ ਵਾਂਙ ਫੁਂਕਾਰੇ ਮਾਰਦਾ, ਪਲੇਸਟਣੀਆਂ ਲੈਂਦਾ, ਪੁੱਛਾਂ ਦਿੰਦਾ ਹੈ। ਉਸ ਦੀਆਂ ਸੰਗਤਾਂ `ਚ ਵੀ ਬਹੁਤੇ ਉਹ ਹਨ ਜੋ ਦੇਖਣ ਨੂੰ ਸਿੱਖ ਹੀ ਨਹੀਂ ਬਲਕਿ ਪਾਹੁਲਧਾਰੀ ਤੇ ਕ੍ਰਿਪਾਨ ਧਾਰੀ ਵੀ ਨਜ਼ਰ ਆਉਂਦੇ ਹਨ।

() ਫ਼ਤਿਹਗੜ੍ਹ ਸਾਹਿਬ ਦੇ ਸਾਲਾਨਾ ਜੋੜ ਮੇਲ ਹੋਣ ਜਾਂ ਮੁਕਤਸਰ ਦੇ ਜਾਂ ਸਿੱਖਾਂ ਦੇ ਦੂਜੇ ਵੱਡੇ ਇਕੱਠ। ਕਿਧਰੇ ਗੁਰੂ ਦੀ ਭਉ-ਭਾਵਨੀ ਦੀ ਗੱਲ ਤਾਂ ਮਿਲਦੀ ਨਹੀਂ। ਉਥੇ ਸਿਵਾਏ ਰਾਜਨੀਤਿਕ ਲਾਂਛਣਾਂ-ਗਾਲੀ-ਗਲੋਚ ਦੇ ਹੋਰ ਕੁੱਝ ਨਹੀਂ ਮਿਲ ਰਿਹਾ। ਇਹੀ ਖੁਰਾਕ ਹੈ ਜੋ ਆਪਣੇ ਲੀਡਰਾਂ-ਪ੍ਰਚਾਰਕਾਂ ਪਾਸੋਂ ਲੰਮੇਂ ਸਮੇਂ ਤੋਂ ਸਿੱਖ ਸੰਗਤਾਂ ਨੂੰ ਮਿਲ ਰਹੀ ਹੈ। ਉਪ੍ਰੰਤ ਸੰਗਤਾਂ ਦਾ ਕੀ ਕਸੂਰ ਕਿ ਉਹ ਆਪਣੇ ਧੁਰੇ ਗੁਰਬਾਣੀ ਤੋਂ ਦੁਰੇਡੇ ਜਾਂਦੀਆਂ ਜਾਣ?

() ਮੈਬਰ ਹਨ ਸਿੱਖਾਂ ਦੀ ਕੇਂਦ੍ਰੀ ਜੱਥੇਬੰਦੀ ਸ਼੍ਰੋਮਣੀ ਕਮੇਟੀ ਦੇ, ਅਖਬਾਰੀ ਆਂਕੜਿਆਂ ਅਨੁਸਾਰ ੭੦% ਮੈਬਰਾਂ ਦੀ ਆਪਣੀ ਔਲਾਦ ਹੀ ਪਤਿਤ ਹੈ ਤਾਂ ਅਜਿਹੇ ਲੋਕ ਸਿੱਖੀ ਪੱਖੋਂ ਦੂਜਿਆਂ ਦੀ ਕੀ ਰਖਵਾਲੀ ਕਰਣਗੇ? ਇਸੇ ਤਰ੍ਹਾਂ ਸਿੱਖਾਂ ਦੇ ਅਖਵਾਉਂਦੇ ਸੀਨੀਅਰ ਤੇ ਜ਼ਿਮੇਵਾਰ ਆਗੂ ਤੇ ਉਹਨਾਂ ਦੇ ਪ੍ਰਵਾਰ ਵੀ ਜਦੋਂ ਆਪ ਡੇਰਿਆਂ ਨਾਲ ਜੁੜੇ ਹੁੰਦੇ ਹਨ; ਮਾਤਾ ਦੀਆਂ ਭੇਟਾ ਗਾ ਰਹੇ, ਮੂਰਤੀਆਂ ਅੱਗੇ ਮੱਥੇ ਟੇਕ ਰਹੇ ਤੇ ਮੱਥਿਆਂ `ਤੇ ਟਿੱਕੇ ਤੇ ਸੰਧੂਰ ਲਗਵਾ ਰਹੇ ਹੁੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਕਿਵੇਂ ਉਮੀਦ ਰਖੀ ਜਾਵੇ ਕਿ ਉਹ ਸੰਗਤਾਂ ਨੂੰ ਗੁਰੂ ਨਾਲ ਜੋੜਣ ਗੇ?

() ਵਿਦੇਸ਼ਾਂ `ਚ ਜਾਣ ਵਾਲੇ ਬਹੁਤੇ ਸਿੱਖਾਂ ਦੀ ਹਾਲਤ ਇਹ ਹੈ ਕਿ ਵਿਦੇਸ਼ਾਂ `ਚ ਪਹੁੰਚਣ ਤੇ ਉਹਨਾਂ ਮੁਲਕਾਂ `ਚ ਦਾਖਲ ਹੋਣ ਤੋਂ ਪਹਿਲਾਂ ਬਲਕਿ ਹਵਾਈ ਅੱਡਿਆਂ `ਤੇ ਹੀ ਸਿਰ ਮੂੰਹ ਮੁੰਡਵਾ ਕੇ ਘੋਣ-ਮੋਣ ਹੋਏ ਹੁੰਦੇ ਹਨ, ਜਦਕਿ ਵਿਦੇਸ਼ਾਂ `ਚ ਅਜਿਹੀ ਕੋਈ ਮਜਬੂਰੀ ਜਾਂ ਪਾਬੰਦੀ ਵੀ ਨਹੀਂ ਤਾਂ ਇਹ ਕੀ ਹੈ?

() ਸੰਸਾਰ ਭਰ `ਚ ਬਹੁਤੇ ਸਿੱਖ ਪ੍ਰਵਾਰਾਂ ਅੰਦਰ ਹੀ ਜਮਨੇ-ਮਰਣੇ, ਖੁਸ਼ੀ-ਗ਼ਮੀ ਦੇ ਸਮਿਆਂ ਦਾ ਇਹ ਹਾਲ ਹੈ ਕਿ ਉਥੇ ਗੁਰਮਤਿ ਵਿਰੁਧ ਸਗਨ-ਅਪਸਗਨ; ਰੀਤੀ-ਰਿਵਾਜ ਤੇ ਫੋਕਟ ਕਰਮਕਾਂਡ ਹੀ ਮਿਲਦੇ ਹਨ। ਘਰਾਂ `ਚ ਪ੍ਰਕਾਸ਼ ਹੁੰਦਾ ਹੈ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਜਾਂ ਦੂਜੇ ਕਮਰੇ `ਚ ਅਖੰਡ ਪਾਠ ਹੋ ਰਿਹਾ ਹੁੰਦਾ ਹੈ। ਉਪ੍ਰੰਤ ਉਥੇ ਹੀ ਬਹੁਤੇਰਿਆਂ ਦਾ ਹਰੇਕ ਕੰਮ ਬੜੀ ਬੇਸ਼ਰਮੀ ਨਾਲ ਗੁਰੂ ਦੀ ਆਗਿਆ-ਸਿਖਿਆ ਤੋਂ ਉਲਟ ਹੋ ਰਿਹਾ ਹੁੰਦਾ ਹੈ। ਬਲਕਿ ਕਾਕਟੇਲ ਪਾਰਟੀਆਂ ਚੱਲ ਰਹੀਆਂ ਹੁੰਦੀਆਂ ਹਨ ਤੇ ਘਰਾਂ `ਚ ਹੀ ਬਾਰਾਂ ਤੱਕ ਬਣੀਆਂ ਹੁੰਦੀਆਂ ਹਨ।

() ਹਾਲਤ ਇਥੋਂ ਤੱਕ ਖਰਾਬ ਹੋ ਚੁੱਕੀ ਹੈ ਕਿ ਸਾਰੇ ਸਗਨ-ਢਕਵੰਜ, ਦਿਖਾਵੇ ਵੀ ਕਰਨੇ ਹਨ, ਉਸ ਤੋਂ ਵੱਧ ਅਜਿਹੇ ਸਮੇਂ ਬਰਾਤੀਆਂ ਆਦਿ ਨੂੰ, ਉਚੇਚੇ ਬਣਾਏ ਪੰਡਾਲਾਂ `ਚ, ਸਨੈਕਸ, ਜੂਸ, ਸ਼ਰਬਤ-ਸਾਫ਼ਟ ਡਰਿੰਕ ਆਦਿ ਦੇ ਨਾਲ ਸ਼ਰਾਬ ਵੀ ਸਰਵ (Serve) ਕਰਣੀ ਹ। ਅਜਿਹੇ ਲੋਕ ਜ਼ਾਹਿਰਾ ਸਿੱਖ ਹੋ ਕੇ ਵੀ ਇਸ `ਚ ਆਪਣੀ ਵਡਿਆਈ ਸਮਝਦੇ ਹਨ। ਕੀ ਇਹੀ ਹੈ ਸਾਡੇ ਗੁਰੂ ਦਾ ਹੁਕਮ ਤੇ ਗੁਰਬਾਣੀ ਆਦੇਸ਼ਾਂ ਦੀ ਤਾਮੀਲ?

() ਭਾਵੇਂ ਕਿ ਅੱਜ ਸੰਸਾਰ ਭਰ `ਚ ਵਸਦੇ ਸਿੱਖਾਂ ਦੀ ਇਹੀ ਹਾਲਤ ਹੈ, ਫ਼ਿਰ ਵੀ ਬਹੁਤਾ ਕਰਕੇ ਸਿੱਖਾਂ ਦੀ ਜਨਮਭੂਮੀ, ਪੰਜਾਬ `ਚ ਉਪ੍ਰੋਕਤ ਨਜ਼ਾਰੇ ਆਮ ਮਿਲਣਗੇ। ਉਪ੍ਰੰਤ ਹਜ਼ੂਰ ਸਾਹਿਬ ਤਾਂ ਦੀਵੇ ਮਚਾ ਕੇ ਆਰਤੀਆਂ, ਸ਼ਸਤ੍ਰਾਂ ਦੀ ਪੂਜਾ `ਤੇ ਉਹਨਾਂ ਸ਼ਸਤ੍ਰਾਂ ਨੂੰ ਬਕਰੇ ਝਟਕਾ ਕੇ ਤਿਲਕ ਲਾਉਣੇ, ਮੜ੍ਹੀ ਪੂਜਾ ਸਮੇਤ, ਕਿਹੜਾ ਗੁਰਮਤਿ ਵਿਰੋਧੀ ਕਰਮ ਹੈ ਜਿਹੜਾ ਉਥੇ ਪ੍ਰਬੰਧਕ ਆਪ ਨਹੀਂ ਕਰ ਤੇ ਕਰਵਾ ਰਹੇ? ਫ਼ਿਰ ਉਹਨਾਂ ਤੋਂ ਕਿਵੇਂ ਉਮੀਦ ਕੀਤੀ ਜਾਵੇ ਕਿ ਉਹ ਲੋਕ ਸੰਗਤਾਂ ਨੂੰ ਸਚਮੁਚ ਹੀ ਗੁਰੂ ਨਾਲ ਜੋੜਣ ਗੇ?

() ਹਜ਼ੂਰ ਸਾਹਿਬ `ਚ ਹੀ, ਨਿੱਤ ਦੇ ਸਮਾਗਮਾਂ ਦੇ ਆਰੰਭ ਤੋਂ ਪਹਿਲਾਂ ਸਵੇਰੇ ਦੋ ਵਜੇ, ਉਚੇਚੇ ਗੋਦਾਵਰੀ ਤੋਂ ਗਾਗਰਾਂ `ਚ ਪਾਣੀ ਲਿਆਕੇ ਤਖਤ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ। ਜਦਕਿ “ਭੈ ਵਿਚਿ ਚਲਹਿ ਲਖ ਦਰੀਆਉ” (ਪੰ: ੪੬੪) ਅਨੁਸਾਰ ਗੁਰਮਤਿ ਅਨੁਸਾਰ ਕਿਸੇ ਨਦੀ, ਸਥਾਨ ਜਾਂ ਸਮੇਂ ਦਾ ਕੁੱਝ ਵੀ ਵੱਖਰਾ ਮਹੱਤਵ ਨਹੀਂ, ਮਹੱਤਵ ਹੈ ਤਾਂ ਕੇਵਲ ਕਰਣੀ ਦਾ।

() ਜੇ ਕਰ ਅਸੀਂ ਸੱਚਮੁਚ ਸਿੱਖ ਹਾਂ ਤਾਂ ਸਿੱਖ ਦਾ ਇੱਕੋ ਹੀ ਮਤਲਬ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਦਾ ਅਨੁਸਾਰੀ ਹੋਣਾ। ਅੱਜ ਸਿੱਖ ਧਰਮ ਦੇ ਮੰਨੇ ਜਾ ਰਹੇ ਪੰਜ ਤਖ਼ਤਾਂ ਵਿਚੋਂ ਪਟਨਾ ਸਾਹਿਬ ਤੇ ਹਜ਼ੂਰ ਸਾਿਹਬ ਵਿਖੇ ਤਾਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਰਾਬਰੀ `ਤੇ ਬਚਿਤ੍ਰਨਾਟਕ (ਅਖੌਤੀ ਦਸਮ ਗ੍ਰੰਥ) ਦਾ ਪ੍ਰਕਾਸ਼ ਹੋ ਰਿਹਾ ਹੈ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਰਾਬਰੀ `ਤੇ ਸੰਗਤਾਂ ਕੋਲੋਂ ਉਥੇ ਮੱਥੇ ਟਿਕਵਾਏ ਜਾ ਰਹੇ ਹਨ, ਚੰਦਇੇ, ਚੌਰਾਂ ਕੀਤੀਆਂ ਤੇ ਉਸ ਤੋਂ ਅਖੰਡ ਪਾਠ ਕਰਵਾਏ ਜਾ ਰਹੇ ਹਨ, (ਨਿਸ਼ਾਨੀਆਂ ਰੱਖ ਕੇ) ਹੁਕਮਨਾਮੇ ਲਏ ਜਾ ਰਹੇ ਹਨ। ਉਥੇ ਬਚਿਤ੍ਰਨਾਟਕ (ਦਸਮ ਗ੍ਰੰਥ) ਨੂੰ ਵੀ ਉਹੀ ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਹੜਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਹੈ। ਉਲਟਾ, ਇਹਨਾ ਤਖ਼ਤਾਂ `ਤੇ ਕਈ ਹਾਲਤਾਂ `ਚ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਵੀ ਵੱਧ ਸਤਿਕਾਰ ਉਸੇ ਗ੍ਰੰਥ ਨੂੰ ਦਿੱਤਾ ਜਾ ਰਿਹਾ ਹੈ ਜਿਵੇਂ ‘ਦਸਮ ਗ੍ਰੰਥ’ ਦੇ ਅਖੰਡ ਪਾਠ ਦੀ ਭੇਟਾ ਵੱਧ ਹੈ ਜਦਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਅਖੰਡ ਪਾਠ ਦੀ ਭੇਟਾ ਘੱਟ ਹੈ।

ਇੱਕ ਵਿਸ਼ਲੇਸ਼ਨ ਅਤੇ “ਸਿੱਖ ਧਰਮ ਦੇ ਚਾਰ ਕੱਦਮ” - ਸ਼ੱਕ ਨਹੀਂ ਕਿ “ਸਿੱਖ ਧਰਮ ਦੇ ਚਾਰ ਕੱਦਮ” ਵਾਲੇ ਵਿਸ਼ੇ ਨੂੰ ਅਸਾਂ ਪੰਜ ਭਾਗਾਂ `ਚ ਦਿੱਤਾ ਹੈ ਅਤੇ ਵਿਸ਼ੇ ਨੂੰ ਕਾਫ਼ੀ ਹੱਦ ਤੱਕ ਖੋਲਣ `ਚ ਸਫ਼ਲ ਵੀ ਹੋਏ ਹਾਂ। ਲੋੜ ਹੈ ਕਿ ਹਰੇਕ ਗੁਰੂ ਕਾ ਸਿੱਖ ਅਤੇ ਗੁਰੂ ਕੀਆਂ ਸਮ੍ਹੂਹ ਸੰਗਤਾਂ ਇਸ ਨੂੰ ਲਗਾਤਾਰ ਅਤੇ ਲੜੀਵਾਰ ਪੜ੍ਹਣ ਦਾ ਜ਼ਰੂਰ ਯਤਨ ਕਰਣ। ਉਪ੍ਰੰਤ ਕੋਈ ਕਾਰਨ ਨਹੀਂ ਕਿ ਅਜੋਕੀ ਪੰਥਕ ਅਧੋਗਤੀ ਦਾ ਵਿਸ਼ਾ ਤੇ ਕਾਰਨ ਸਮਝ `ਚ ਨਾ ਆਉਣ। ਇਸ ਤਰ੍ਹਾਂ ਅਜੋਕੀ ਪੰਥਕ ਅਧੋਗਤੀ ਦਾ ਕਿਧਰੇ ਨਾ ਕਿਧਰੇ ਕਾਰਨ ਵੀ ਅਸੀਂ ਸਾਰੇ ਹੀ ਹਾਂ। ਇਸ ਤਰ੍ਹਾਂ ਪੰਥ ਦਾ ਅੰਗ ਹੋਣ ਦੇ ਨਾਤੇ ਅਸੀਂ ਖ਼ੁਦ ਹੀ ਦੋ ਪੱਖਾਂ ਤੋਂ ਪੰਥ ਦਾ ਨੁਕਸਾਨ ਵੀ ਸਾਰੇ ਹੀ ਕਰ ਰਹੇ ਹਾਂ। ਪਹਿਲਾ ਆਪਣੇ ਜੀਵਨ ਦੀ ਪੱਧਰ ਤੇ ਉਸ ਤੋਂ ਬਾਅਦ ਸਮੂਚੇ ਪੰਥਕ ਪੱਧਰ `ਤੇ।

ਜੇ ਕਰ ਸਜ਼ਮੁੱਚ ਅੱਜ ਤੋਂ ਹੀ ਅਸੀਂ ਸਾਰੇ ਆਪਣੀ ਆਪਣੀ ਕਰਣੀ, ਰਹਿਣੀ ਤੇ ਸੋਚਣੀ ਨੂੰ ਇਸ ਗੁਰਮਤਿ ਪਾਠ ਦੇ ਆਧਾਰ ਦੇ ਪਹਿਲੇ ਕੱਦਮ ਅਨੁਸਾਰ, ਗੁਰਬਾਣੀ ਵਿਚਾਰਧਾਰਾ ਅਨੁਸਾਰੀ ਕਰਣ ਲਈ ਤਨੋ ਮਨੋ ਤੱਤਪਰ ਹੋ ਜਾਵੀਏ ਤਾਂ ਯਕੀਨਣ ਪੰਥ ਦੀ ਵਿਗੜੀ `ਚ ਵੀ ਕੁੱਝ ਹੀ ਸਮੇਂ `ਚ ਸੁਧਾਰ ਆ ਸਕਦਾ ਹੈ। ਜਦਕਿ ਸ਼ਰਤ ਇੱਕੋ ਹੈ ਕਿ ਬਿਨਾ ਵਿਤਕਰਾ ਇੱਕ ਦੂਸਰੇ `ਤੇ ਕਸੂਰ ਪਾਏ, ਹਰੇਕ ਨੂੰ ਆਪਣੇ ਆਪ ਦਾ ਅਜਿਹਾ ਵਿਸ਼ਲੇਸ਼ਣ ਕਰਣ ਦੀ ਲੋੜ ਹੈ। ਫ਼ਿਰ ਚਾਹੇ ਕੋਈ ਪ੍ਰਬੰਧਕ ਹੋਵੇ, ਪੰਥਕ ਨੇਤਾ, ਪ੍ਰਚਾਰਕ, ਗ੍ਰੰਥੀ ਸਿੰਘ, ਸੇਵਾਦਾਰ ਜਾਂ ਕਿਸੇ ਵੀ ਰੂਪ `ਚ ਵਿਚਰ ਰਿਹਾ ਕੋਈ ਵੀ ਗੁਰੂ ਕੀ ਸੰਗਤ ਦੀ ਇੱਕਲੀ ਇੱਕਲੀ ਬੀਬੀ ਤੇ ਵੀਰ। ਜਿਵੇਂ ਬੂੰਦ ਬੂੰਦ ਨਾ ਦਰਿਆ ਭਰਦਾ ਹੈ, ਉਸੇ ਤਰ੍ਹਾਂ ਇਸ ਪੰਥਕ ਵਿਗਾੜ ਨੂੰ ਵੀ ਸੰਭਾਲਣ `ਚ ਉੱਕਾ ਦੇਰ ਨਹੀਂ ਲਗੇਗੀ।

ਇਸ ਤੋਂ ਬਿਨਾ ਅਸੀਂ ਸਾਰੇ ਹੀ ਦੋ-ਦੋ ਪਾਸਿਓਂ ਪੰਥ ਦਾ ਨੁਕਸਾਨ ਕਰ ਰਹੇ ਹਾਂ ਅਤੇ ਇਸ ਪੰਥਕ ਤੱਬਾਹੀ ਲਈ ਬਰਾਬਰ ਦੇ ਹਿੱਸੇ ਦਾਰ ਹੈ। ਪਹਿਲਾ ਨੁਖਸਾਨ ਇਹ ਕਿ ਕੌਮ ਦਾ ਤਾਂ ਬਾਅਦ `ਚ ਪਰ ਗੁਰਬਾਣੀ ਗੁਰੂ ਦੀ ਆਗਿਆ ਦੇ ਪਾਬੰਦ ਨਾ ਹੋ ਕੇ ਅਸੀਂ ਸਾਰੇ ਆਪਣੇ ਆਪਣੇ ਜੀਵਨ `ਚ ਹੀੰ ਮਨਮੱਤਾਂ, ਵਿਕਾਰਾਂ, ਹੂੜਮੱਤਾਂ, ਦੁਰਮੱਤਾਂ ਤੇ ਆਪਹੇਦਰੇਪਣ ਵਾਲੀ ਗੰਦਗੀ ਘੋਲ ਰਹੇ ਹਾਂ ਤੇ ਸਾਮਾਜਿਕ ਬੁਰਾਈਆਂ ਅਉਗੁਣਾ ਤੋਂ ਅਰੰਭ ਕਰਕੇ ਜੁਰਮਾਂ ਤੱਕ ਦੀ ਜ਼ਿੰਦਗੀ ਵੱਲ ਵੱਧ ਰਹੇ ਹਾਂ।

ਦੂਜਾ ਇਸ ਤਰ੍ਹਾਂ ਇੱਕ ਇੱਕ ਕਰਕੇ ਪੂਰੇ ਪੰਥ ਦੇ ਵਿਗਾੜ ਦਾ ਕਾਰਨ ਵੀ ਸਾਰੇ ਹੀ ਬਣ ਰਹੇ ਹਾਂ। ਨਹੀਂ ਤਾਂ ਇਤਨਾ ਕਰਣ ਦਾ ਬਾਵਜੂਦ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਇਸ ਵਿੱਚੋਂ ਪੰਥ ਦੇ ਸ਼੍ਰਧਾਲੂ, ਹਮਦਰਦ ਤੇ ਪ੍ਰਸ਼ੰਸਕ ਪੈਦਾ ਕਰ ਲਵਾਂਗੇ, ਸਿੱਖ ਧਰਮ ਦੀ ਖੁਸ਼ਬੂ ਫੈਲੇਗੀ ਤਾਂ ਅਸੀਂ ਬਿਲਕੁਲ ਗ਼ਲਤੀ `ਤੇ ਹਾਂ। ਲੋੜ ਹੈ ਤਾਂ ਬੂੰਦ ਬੂੰਦ ਕਰਕੇ ਦਰਿਆ ਭਰਣ ਦੀ ਨਿਆਈਂ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) ਵਾਲੀ ਗੁਰੂ ਸਾਹਿਬ ਰਾਹੀੰ ਦਿੱਤੀ ਚੇਤਾਵਣੀ ਅਨੁਸਾਰ ਸਾਨੂੰ ਆਪਣੇ ਇੱਕਲੇ ਇੱਕਲੇ ਦੇ ਜੀਵਨ ਨੂੰ ਹਰ ਸਮੇਂ ਘੋਖਣ ਤੇ ਸੁਆਰਣ ਦੀ। ਇਸ ਤਰ੍ਹਾਂ ਉਸੇ ਦਾ ਸੁਖਦ ਨਤੀਜਾ ਵੀ ਇਹੀ ਹੋਵੇਗਾ ਜਿਸ ਦੇ ਲਈ ਗੁਰਦੇਵ ਸਪਸ਼ਟ ਕਰ ਰਹੇ ਹਨ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: ੪੧੭) #214Vs011.02, 11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 214-V

ਸਿੱਖ ਧਰਮ ਦੇ ਚਾਰ ਕੱਦਮ (ਭਾਗ ਪੰਜਵਾਂ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.