ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 10)
ਬਿਖੁ
ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ॥ ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ॥ ਵੰਝੀ ਹਾਥਿ ਨ
ਖੇਵਟੂ ਜਲੁ ਸਾਗਰੁ ਅਸਰਾਲੁ॥ ੧॥ (੧੦੦੯) ਬਾਬਾ ਜਗੁ ਫਾਥਾ ਮਹਾ ਜਾਲਿ॥ ਗੁਰ ਪਰਸਾਦੀ ਉਬਰੇ ਸਚਾ
ਨਾਮੁ ਸਮਾਲਿ॥ ੧॥ ਰਹਾਉ॥ ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ॥ ਤਿਥੈ ਪਵਣੁ ਨ ਪਾਵਕੋ ਨਾ ਜਲੁ
ਨਾ ਆਕਾਰੁ॥ ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ॥ ੨॥ ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ
ਲਾਇ॥ ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ॥ ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ॥ ੩॥ ਸਪੁ
ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ॥ ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ॥ ਗੁਰਮੁਖਿ ਗਾਰੜੁ
ਜੇ ਸੁਣੇ ਮੰਨੇ ਨਾਉ ਸੰਤੋਸੁ॥ ੪॥ ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ॥ ਦੁਰਮਤਿ ਫਾਥਾ ਫਾਹੀਐ
ਫਿਰਿ ਫਿਰਿ ਪਛੋਤਾਇ॥ ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ॥ ੫॥ ਹਉਮੈ ਬਿਖੁ ਪਾਇ ਜਗਤੁ
ਉਪਾਇਆ ਸਬਦੁ ਵਸੈ ਬਿਖੁ ਜਾਇ॥ ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ॥ ਜੀਵਨ ਮੁਕਤੁ ਸੋ ਆਖੀਐ ਜਿਸੁ
ਵਿਚਹੁ ਹਉਮੈ ਜਾਇ॥ ੬॥ ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ॥ ਜੰਮਣ ਮਰਣੁ ਵਿਸਾਰਿਆ ਮਨਮੁਖ
ਮੁਗਧੁ ਗਵਾਰੁ॥ ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ॥ ੭॥ ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ
ਬੋਲਣਹਾਰੁ॥ ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ॥ ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ
ਮੋਖ ਦੁਆਰੁ॥ ੮॥ (੧੦੧੦)
॥ ਰਹਾਉ॥ ਬਾਬਾ ਜਗੁ ਫਾਥਾ ਮਹਾ ਜਾਲਿ॥ ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ॥ ੧॥ ਰਹਾਉ॥ ਹੇ ਭਾਈ
ਇਹ ਸੰਸਾਰ, ਮਾਇਆ ਮੋਹ ਦੇ ਬੜੇ ਵੱਡੇ ਜਾਲ ਵਿੱਚ ਫਸਿਆ ਹੋਇਆ ਹੈ। ਇਸ ਜਾਲ ਵਿਚੋਂ ਉਹੀ ਨਿੱਕਲ
ਪਾਉਂਦੇ ਹਨ, ਜੋ ਸ਼ਬਦ ਗੁਰੂ ਦੀ ਮਿਹਰ ਸਦਕਾ, ਸ਼ਬਦ ਦੀ ਵਿਚਾਰ ਆਸਰੇ, ਪਰਮਾਤਮਾ ਦੇ ਨਾਮ, ਉਸ ਦੇ
ਹੁਕਮ ਬਾਰੇ ਸੋਝੀ ਹਾਸਲ ਕਰ ਕੇ, ਆਪਣਾ ਜੀਵਨ, ਪ੍ਰਭੂ ਦੇ ਹੁਕਮ ਅਨੁਸਾਰ ਬਿਤਾਉਂਦੇ ਹਨ।
॥ ੧। ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ॥ ਕੰਧੀ ਦਿਸਿ ਨ ਆਵਈ ਨਾ ਉਰਵਾਰੁ ਨ ਪਾਰੁ॥ ਵੰਝੀ
ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ॥ ੧॥ ਜਗਤ ਨੇ ਆਪਣੀ ਜ਼ੰਦਗੀ ਦਾ ਬੇੜਾ, ਵਿਕਾਰਾਂ ਰੂਪੀ ਜ਼ਹਰ
ਨਾਲ ਲੱਦ ਕੇ ਸੰਸਾਰ ਸਮੁੰਦਰ ਵਿੱਚ ਠੇਲਿਆ ਹੋਇਆ ਹੈ। ਹੁਣ ਬੇੜਾ ਅਜਿਹੀ ਥਾਂ ਅਪੜ ਗਿਆ ਹੋਇਆ ਹੈ,
ਜਿਥੋਂ ਨਾ ਇਸ ਦਾ ਉਰਲਾ ਕੰਢਾ ਨਜ਼ਰ ਆ ਰਿਹਾ, ਨਾ ਪਾਰਲਾ ਕੰਢਾ ਨਜ਼ਰ ਆ ਰਿਹਾ , ਯਾਨੀ ਇਨ੍ਹਾਂ ਵਿਸ਼ੇ
ਵਿਕਾਰਾਂ ਤੋਂ ਬਚਾਉ ਦਾ ਕੋਈ ਸਾਧਨ, ਨਜ਼ਰ ਨਹੀਂ ਆ ਰਿਹਾ। ਨਾ ਤਾਂ ਬੰਦੇ ਦੇ ਹੱਥ ਵਿੱਚ ਚੱਪੂ ਹੀ
ਹਨ, ਨਾ ਹੀ ਗੁਰੂ ਰੂਪੀ ਮਲਾਹ ਉਸ ਬੇੜੇ ਵਿੱਚ ਹੈ, ਅਰਥਾਤ ਬੰਦੇ ਕੋਲ ਸ਼ਬਦ ਗੁਰੂ ਦੀ ਸਿਖਿਆ ਵੀ
ਨਹੀਂ ਹੈ। ਜਿਸ ਆਸਰੇ ਇਹ ਬੇੜਾ ਬੰਨੇ ਲਾਇਆ ਜਾ ਸਕੇ। ਦੂਸਰੇ ਪਾਸੇ, ਇਹ ਭਵਜਲ ਸਾਗਰ, ਠਾਠਾਂ
ਮਾਰਦਾ ਡਰਾਉਣਾ ਹੋ ਰਿਹਾ ਹੈ। ॥ ੨॥ ਸਤਿਗੁਰੂ ਹੈ ਬੋਹਿਥਾ ਸਬਦਿ ਲੰਘਾਵਣਹਾਰੁ॥ ਤਿਥੈ ਪਵਣੁ ਨ
ਪਾਵਕੋ ਨਾ ਜਲੁ ਨਾ ਆਕਾਰੁ॥ ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ॥ ੨॥ ਇਸ ਸਮੁੰਦਰ ਵਿਚੋਂ ਪਾਰ
ਹੋਣ ਲਈ, ਪਰਮਾਤਮਾ ਰੂਪੀ ਬੇੜਾ ਹੈ, ਸ਼ਬਦ ਇਸ ਦਾ ਮਲਾਹ ਹੈ, ਜੋ ਬੰਦੇ ਨੂੰ ਪਾਰ ਲੰਘਾਉਣ ਦੇ ਸਮਰੱਥ
ਹੈ। ਜਦ ਬੰਦਾ ਸ਼ਬਦ ਵਿਚਾਰ ਆਸਰੇ, ਪਰਮਾਤਮਾ ਰੂਪੀ ਬੇੜੇ ਤੇ ਸਵਾਰ ਹੋ ਜਾਂਦਾ ਹੈ, ਤਾਂ ਇਹ ਬੇੜਾ
ਉਸ ਨੂੰ ਐਸੀ ਥਾਂ ਲੈ ਜਾਂਦਾ ਹੈ ਜਿੱਥੇ (ਹਵਾ, ਪਾਣੀ, ਅੱਗ ਰੂਪੀ) ਦੁਨੀਆ ਦੀ ਮਾਇਆ ਦੇ ਝੱਖੜ, ਉਸ
ਤੇ ਕੋਈ ਅਸਰ ਨਹੀਂ ਪਾ ਸਕਦੇ। ਅਜਿਹੀ ਅਵਸਥਾ ਵਿੱਚ ਅਪੜਿਆ ਜੀਵ, ਸਦਾ ਥਿਰ ਪ੍ਰਭੂ ਦੀ ਰਜ਼ਾ, ਉਸ ਦੇ
ਹੁਕਮ ਵਿੱਚ ਖੁਸ਼ ਰਹਿੰਦਾ ਹੈ। ਇਸ ਹਾਲਤ ਵਿੱਚ ਅਪੜਿਆ ਜੀਵ, ਪਰਭੂ ਦੇ ਨਾਮ ਆਸਰੇ, ਸੰਸਾਰ ਸਮੁੰਦਰ
ਤੋਂ ਪਾਰ ਲੰਘਣ ਦੇ ਸਮਰੱਥ ਹੁੰਦਾ ਹੈ।
॥ ੩॥ ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ॥ ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ॥
ਗੁਰਮਤੀ ਸਹਜੁ ਊਪਜੈ ਸਚੇ ਰਹੈ ਸਮਾਇ॥ ੩॥ ਜਿਹੜੇ ਬੰਦੇ ਗੁਰਮੁਖਿ ਹੋ ਕੇ, ਗੁਰੂ ਦੀ ਸਿਖਿਆ ਅਨੁਸਾਰ
ਚਲ ਕੇ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਨਾਲ ਲਿਵ ਜੋੜਦੇ ਹਨ, ਪਿਆਰ ਪਾਉਂਦੇ ਹਨ, ਉਹ ਇਸ ਭਵਜਲ
ਸੰਸਾਰ ਵਿੱਚ ਡੁਬਣੋ ਬਚ ਕੇ ਪਾਰ ਲੰਘ ਜਾਂਦੇ ਹਨ। ਉਨ੍ਹਾਂ ਵਿੱਚ ਗੁਰੂ ਦੀ ਮੱਤ ਆਸਰੇ, ਸਹਜ ਭਾਵ,
ਭਟਕਣਾ ਰਹਿਤ ਭਾਵ ਪੈਦਾ ਹੋ ਜਾਂਦਾ ਹੈ, ਅਤੇ ਉਹ ਸੱਚੇ, ਪਰਮਾਤਮਾ ਨਾਲ ਸਹਜ ਅਵਸਥਾ ਵਿਚ, ਬਿਨਾ
ਕਿਸੇ ਉਚੇਚੇ ਕਰਮ ਕਾਂਡ ਦੇ, ਜੁੜੇ ਰਹਿੰਦੇ ਹਨ। ਇਵੇਂ ਆਪਣੀ ਜੋਤ ਨੂੰ ਪਰਮਾਤਮਾ ਦੀ ਲੋਤ ਵਿੱਚ
ਮਿਲਾ ਕੇ, ਉਸ ਨਾਲ ਇੱਕ ਮਿਕ ਹੋ ਕੇ, ਆਪਣਾ ਆਵਾ-ਗਵਣ ਦਾ ਚੱਕਰ ਖਤਮ ਕਰ ਲੈਂਦੇ ਹਨ।
॥ ੪॥ ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ॥ ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ॥
ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ॥ ੪॥ ਜੇ ਸੱਪ ਨੂੰ ਪਟਾਰੀ ਵਿੱਚ ਪਾ ਦੇਈਏ, ਤਾਂ ਉਸ
ਦਾ ਜ਼ਹਰ ਖਤਮ ਨਹੀਂ ਹੋ ਜਾਂਦਾ, ਨਾ ਹੀ ਉਸ ਦੇ ਮਨ ਵਿਚੋਂ, ਦੂਸਰਿਆਂ ਨੂੰ ਡੰਗ ਮਾਰਨ ਦਾ ਗੁੱਸਾ
ਖਤਮ ਹੁੰਦਾ ਹੈ। ਇਵੇਂ ਹੀ ਮੰਨੋ ਕਿ ਮਨ ਇੱਕ ਸੱਪ ਹੈ, ਕਿਸੇ ਧਾਰਮਿਕ ਭੇਸ ਵਿੱਚ ਰਹਣ ਨਾਲ ਵੀ, ਮਨ
ਦਾ ਸੁਭਾਉ ਬਦਲ ਨਹੀਂ ਜਾਂਦਾ। ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਫਲ ਭੋਗਣਾ ਹੀ
ਪੈਂਦਾ ਹੈ, ਆਪਣੇ ਕੀਤੇ ਬੁਰੇ ਕਰਮਾਂ ਲਈ, ਕਿਸੇ ਦੂਸਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਅਪਣਾ ਕੀਤਾ ਆਪ ਹੀ ਭੋਗਣਾ ਪੈਂਦਾ ਹੈ। ਜੇ ਬੰਦਾ ਗੁਰਮੁਖਿ ਹੋ ਕੇ, ਗੁਰੂ ਦੀ ਸਰਨ ਪੈ ਕੇ, ਮਨ
ਰੂਪੀ ਸੱਪ ਨੂੰ ਵੱਸ ਵਿੱਚ ਕਰਨ ਵਾਲਾ ਗਾਰੜ ਮੰਤ੍ਰ, ਗੁਰੂ ਕੋਲੋਂ ਸੁਣ ਲਵੇ, ਉਸ ਨੂੰ ਵਰਤਣ ਦਾ
ਵੱਲ ਸਮਝ ਲਵੇ, ਮਨ ਨੂੰ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਦੀ ਗੇਝ ਪਾ ਲਵੇ, ਤਾਂ ਉਸ ਦੇ ਅੰਦਰ, ਠੰਡ
ਪੈ ਜਾਂਦੀ ਹੈ, ਮਨ ਟਿਕ ਜਾਂਦਾ ਹੈ।
॥ ੫॥ ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ॥ ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ॥ ਜੰਮਣ
ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ॥ ੫॥ ਜਿਵੇਂ ਦਰਿਆ ਵਿੱਚ ਕੁੰਡੀ ਲਾ ਕੇ, ਜਾਂ ਜਾਲ ਪਾ ਕੇ
ਮਗਰ-ਮੱਛ ਫਸਾ ਲਈਦਾ ਹੈ, ਤਿਵੇਂ ਹੀ ਭੈੜੀ ਮੱਤ ਵਿੱਚ ਫਸਿਆ ਬੰਦਾ, ਮਾਇਆ-ਮੋਹ ਦੇ ਕਾਬੂ ਆ ਹੀ
ਜਾਂਦਾ ਹੈ, ਫਿਰ ਉਹ ਮੁੜ-ਮੁੜ ਵਿਕਾਰ ਕਰਦਾ ਹੈ, ਅਤੇ ਮੁੜ-ਮੁੜ ਪਛਤਾਉਂਦਾ ਹੈ, ਉਸ ਨੂੰ ਇਹ ਸੋਝੀ
ਨਹੀਂ ਹੋ ਪਾਉਂਦੀ, ਕਿ ਇਸ ਤਰ੍ਹਾਂ ਵਿਕਾਰਾਂ ਕਾਰਨ, ਜਨਮ ਮਰਨ ਦੇ ਗੇੜ ਵਿੱਚ ਪਵਾਂਗਾ। ਪਰ ਉਸ ਦੇ
ਵੱਸ ਦੀ ਵੀ ਕੋਈ ਗੱਲ ਨਹੀਂ, ਕਿਉਂਕਿ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਮਿਟਾਇਆ ਨਹੀਂ ਜਾ
ਸਕਦਾ।
॥ ੬॥ ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ॥ ਜਰਾ ਜੋਹਿ ਨ ਸਕਈ ਸਚਿ ਰਹੈ ਲਿਵ ਲਾਇ॥
ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥ ੬॥ ਪਰਮਾਤਮਾ ਨੇ ਜੀਵਾਂ ਦੇ ਅੰਦਰ ਹਉਮੈ ਰੂਪੀ
ਜ਼ਹਰ ਪਾ ਕੇ, ਹਗਤ ਪੈਦਾ ਕੀਤਾ ਹੈ। ਜਿਸ ਬੰਦੇ ਦੇ ਅੰਦਰ ਸ਼ਬਦ ਗੁਰੂ ਦਾ ਗਿਆਨ ਟਿਕ ਜਾਂਦਾ ਹੈ, ਉਸ
ਦੇ ਅੰਦਰੋਂ ਹਉਮੈ ਰੂਪੀ ਜ਼ਹਰ ਖਤਮ ਹੋ ਜਾਂਦਾ ਹੈ। ਉਹ ਹਮੇਸ਼ਾ ਸੱਚ, ਪਰਮਾਤਮਾ ਨਾਲ ਲਿਵ ਜੋੜੀ ਰਖਦਾ
ਹੈ, ਉਸ ਦੀ ਆਤਮਕ ਅਵਸਥਾ ਤੇ, ਕਾਲ, ਸਮੇ ਦੇ ਪ੍ਰਭਾਵ ਦਾ ਅਸਰ ਨਹੀਂ ਪੈਂਦਾ। ਜਿਸ ਮਨੁੱਖ ਦੇ
ਅੰਦਰੋਂ ਹਉਮੈ ਖਤਮ ਹੋ ਜਾਵੇ, ਉਸ ਬਾਰੇ ਹੀ ਕਿਹਾ ਜਾ ਸਕਦਾ ਹੈ ਕਿ ਉਹ ਸੰਸਾਰਿਕ ਜੀਵਨ ਵਿੱਚ ਹੀ,
ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਹੈ।
॥ ੭॥ ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ॥ ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ॥
ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ॥ ੭॥ ਦੁਨੀਆ ਵਿੱਚ ਸੰਸਾਰੀ ਕਾਰ-ਵਿਹਾਰ ਦੀ ਦੌੜ-ਭੱਜ
ਕਾਰਨ ਹੀ ਬੰਦਾ ਮਾਇਆ ਮੋਹ ਦੀ ਪਕੜ ਵਿੱਚ ਆ ਜਾਂਦਾ ਹੈ, ਉਸ ਵਿਚੋਂ ਨਿਕਲਣ ਬਾਰੇ, ਉਹ ਸੋਚ ਹੀ
ਨਹੀਂ ਸਕਦਾ। ਆਪਣੇ ਮਨ ਦੀ ਮੱਤ ਪਿੱਛੇ ਚੱਲਣ ਵਾਲਾ ਬੰਦਾ, ਅਜਿਹਾ ਮੂਰਖ ਅਤੇ ਬੁਧੂ ਬਣ ਜਾਂਦਾ ਹੈ
ਕਿ ਉਹ ਜਨਮ-ਮਰਨ ਦਾ ਗੇੜ, ਭੁਲਾਅ ਹੀ ਬੈਠਦਾ ਹੈ। ਜਿਨ੍ਹਾਂ ਦੀ ਰੱਖਿਆ ਸ਼ਬਦ ਗੁਰੂ ਨੇ ਕੀਤੀ, ਉਹ
ਸ਼ਬਦ ਵਿਚਾਰ ਆਸਰੇ, ਮਾਇਆ ਦੇ ਮੋਹ ਤੋਂ ਬਚ ਗਏ।
॥ ੮॥ ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ॥ ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ॥
ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ॥ ੮॥ (੧੦੧੦) ਤੋਤਾ ਪਿੰਜਰੇ ਵਿੱਚ ਬੰਦ, ਉਹੀ
ਬੋਲੀ ਬੋਲਦਾ ਹੈ, ਜੋ ਉਸ ਦਾ ਮਾਲਿਕ ਉਸ ਨੂੰ ਸਿਖਾਉਂਦਾ ਹੈ। ਇਵੇਂ ਹੀ ਜੋ ਬੰਦਾ ਪਰਮਾਤਮਾ ਦੇ
ਪ੍ਰੇਮ ਰੂਪੀ ਪਿੰਜਰੇ ਵਿਚ, ਕੈਦ ਹੋ ਜਾਂਦਾ ਹੈ, ਉਹ ਪ੍ਰਭੂ ਦੇ ਨਾਮ ਦੀ ਹੀ ਬੋਲੀ ਬੋਲਦਾ ਹੈ,
ਕਰਤਾਰ ਦੀ ਰਜ਼ਾ ਦਾ ਹੀ ਦਾਣਾ ਚੁਗਦਾ ਹੈ, ਵਾਹਿਗੁਰੂ ਦੇ ਹੁਕਮ ਅਨੁਸਾਰ ਚੱਲਣ ਦਾ ਹੀ ਅੰਮ੍ਰਿਤੁ
ਪੀਂਦਾ ਹੈ। ਇਵੇਂ ਉਹ ਇੱਕ ਵਾਰ ਹੀ, ਏਸੇ ਮਨੁੱਖਾ ਜਨਮ ਵਿੱਚ ਹੀ, ਇਸ ਸਰੀਰ ਨੂੰ ਹਮੇਸ਼ਾ ਤਿਆਗ
ਦਿੰਦਾ ਹੈ, ਯਾਨੀ ਫਿਰ ਕਦੇ ਵੀ ਸਰੀਰਕ ਜਾਮੇ ਵਿੱਚ ਨਹੀਂ ਆਉਂਦਾ, ਮੁੜ-ਮੁੜ ਜਨਮ ਮਰਨ ਦੇ ਗੇੜ
ਵਿੱਚ ਨਹੀਂ ਪੈਂਦਾ। ਹੇ ਨਾਨਕ ਆਖ, ਜੇ ਸ਼ਬਦ ਗੁਰੂ ਮਿਲ ਪਵੇ ਤਾਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ
ਜਾਂਦੀ ਹੈ ਅਤੇ ਉਸ ਬੰਦੇ ਨੂੰ ਮੁਕਤੀ ਦਾ ਦੁਆਰਾ ਲੱਭ ਪੈਂਦਾ ਹੈ।
ਅਮਰ ਜੀਤ ਸਿੰਘ ਚੰਦੀ