.

ਸਿੱਖ ਧਰਮ ਮਨੁੱਖਤਾ ਦੀ ਲੋੜ੍ਹ ਕਿਵੇਂ ਬਣੇ?

- ਸੁਖਦੇਵ ਸਿੰਘ ਰੂਪੋਵਾਲੀਆ

ਧਰਮਾਂ ਦੇ ਖੇਤਰ ਵਿੱਚ ਇਹ ਵਿਚਾਰ ਬਹੁਤ ਹੀ ਮਹੱਤਵਪੁਰਨ ਹੈ ਕਿ ਕੋਈ ਵੀ ਧਰਮ ਉਸ ਸਮੇਂ ਪੂਰਨ ਤੌਰ ਤੇ ਸਫਲ ਹੁੰਦਾ ਹੈ ਜਦੋਂ ਉਸ ਧਰਮ ਦਾ ਫਲਸਫਾ, ਸਿਧਾਂਤ ਤੇ ਨਵੀਨਤਾ ਮਨੁੱਖਤਾ ਦੀ ਲੋੜ ਬਣ ਜਾਵੇ। ਗੁਰੁ ਨਾਨਕ ਸਾਹਿਬ ਵਲੌ ਹੋਂਦ ਵਿੱਚ ਲਿਆਂਦਾ ਧਰਮ ਇੱਕ ਪੂਰਨ ਤੌਰ ਦੇ ਉੱਤੇ ਮੁਕੰਮਲ ਧਰਮ ਹੈ। ਕਿਉਂਕਿ ਹਰੇਕ ਸਿੱਖ ਦਾ ਮਰਕਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਇਸੇ ਮਰਕਜ਼ ਦੇ ਆਲੇ-ਦੁਆਲੇ ਹੀ ਸਿੱਖ ਆਪਣਾ ਜੀਵਨ ਬਿਤਾਉਦਾਂ ਹੈ। ਪਰ ਇਥੇ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਆਪਣੇ ਤੱਕ ਹੀ ਸੀਮਿਤ ਕਰ ਕੇ ਰੱਖਣਾ ਹੈ ਜਾਂ ਇਸ ਗ੍ਰੰਥ ਦੀ ਦਾਰਸ਼ਨਿਕਤਾ ਨੂੰ ਵਿਸ਼ਵ ਵਿੱਚ ਪਚਾਰਨਾ ਹੈ। ਸਾਨੂੰ ਇਹ ਵਿਚਾਰਨਾ ਪਵੇਗਾ ਕਿ ਕਿਸ ਤਰਾਂ ਹਰੇਕ ਸਿੱਖ ਨੇ ਆਪਣਾ ਫਰਜ਼ ਨਿਭਾਉਦਿਆਂ ਹੋਇਆ ਗੁਰੂ ਸਾਹਿਬ ਦੇ ਸਿਧਾਤਾਂ ਨੂੰ ਕਿਸ ਤਰ੍ਹਾਂ ਅਮਲੀ ਰੂਪ ਦੇ ਵਿੱਚ ਲਿਆਉਣਾਂ ਹੈ। ਇੱਕ ਵਿਦਵਾਨ ਦੇ ਕਥਨ ਅਨੁਸਾਰ ਕਿ ਜੇਕਰ ਸੰਸਾਰ ਦੇ ਵਿੱਚ ਤੀਸਰੀ ਵਿਸ਼ਵ ਜੰਗ ਹੋਈ ਤਾਂ ਉਸ ਵਿਸ਼ਵ ਜੰਗ ਦੇ ਲਈ ਸਿੱਖ ਵੀ ਜਿੰਮੇਵਾਰ ਹੋਣਗੇ। ਇਸ ਵਿਦਵਾਨ ਦੇ ਅਨੁਸਾਰ ਇੱਕ ਨੁਕਤਾ ਸਾਹਮਣੇ ਆਉਦਾਂ ਹੈ ਕਿ ਸਿੱਖਾਂ ਕੋਲ ਅਜਿਹੀ ਸ਼ਕਤੀ ਹੈ, ਸੋਚ ਹੈ ਜਿਸਦੇ ਨਾਲ ਉਹ ਵਿਸ਼ਵ ਦੇ ਹਾਲਾਤਾ ਵਿੱਚ ਬਦਲਾਵ ਲਿਆ ਸਕਦੇ ਹਨ।

ਅੱਜ ਸੰਸਾਰ ਦੇ ਵਿੱਚ ਬਹੁਗਿਣਤੀ ਉਨ੍ਹਾਂ ਦੀ ਹੈ ਜਿਨਾਂ ਦੇ ਦਿਮਾਗਾਂ ਵਿੱਚ ਸਿਰਫ ਇਹ ਵਿਚਾਰ ਚੱਲ ਰਿਹਾ ਹੈ ਕਿ ਕਿਸ ਤਰ੍ਹਾਂ ਆਰਥਿਕ ਤੋਰ ਤੇ ਸ਼ਕਤੀਸ਼ਾਲੀ ਹੋਇਆ ਜਾਵੇ? ਕਿਸ ਤਰ੍ਹਾਂ ਅਸੀ ਵੱਧ ਤੋ ਵੱਧ ਪੈਸਾ ਧਨ, ਦੋਲਤ ਕਮਾ ਸਕੀਏ। ਇਹ ਵਿਚਾਰ ਇੱਕ ਪਰਿਵਾਰ ਤੋ ਲੇ ਕੇ ਇੱਕ ਪੂਰੇ ਦੇਸ਼ ਦੀ ਮਾਨਸਿਕਤਾ ਉਤੇ ਛਾਇਆ ਹੋਇਆ ਹੈ। ਇਨ੍ਹਾਂ ਆਰਥਿਕ ਵਸੀਲਿਆਂ ਨੂੰ ਪੂਰਾ ਕਰਨ ਦੇ ਲਈ ਜੋ ਵੀ ਮਨੁੱਖ ਤਰੀਕੇ ਵਰਤਦਾ ਹੈ ਉਹੀ ਤਰੀਕੇ ਇਸਦੀਆਂ ਮਾਨਸਿਕ ਪ੍ਰੇਸ਼ਾਨੀਆਂ ਬਣ ਜਾਂਦੇ ਹਨ। ਮਨੁੱਖ ਚਿੰਤਾਗ੍ਰਸਤ ਹੋ ਜਾਂਦਾ ਹੈ ਤੇ ਇਸੇ ਚਿੰਤਾ ਦੇ ਵਿਚੋਂ ਹੀ ਸਰੀਰਿਕ ਰੋਗ ਪੈਦਾ ਹੋ ਜਾਂਦੇ ਹਨ।

ਬਸ ਇਸੇ ਸਥਿਤੀ ਨੂੰ ਹੀ ਨਾ ਪੈਦਾ ਕਰਨ ਦੇ ਲਈ ਸਾਨੂੰ ਗੁਰਮਤਿ ਉਪਦੇਸ਼ ਬਖਸ਼ਦੀ ਹੈ। ਗੁਰਮਤਿ ਸਮੁੱਚੀ ਮਨੁੱਖਤਾ ਨੂੰ ਇਸ ਆਰਥਿਕਤਾ ਵਿੱਚ ਪੈਣ ਦਾ ਇੱਕ ਮਾਡਲ ਸਿਰਜ ਕੇ ਦਿੰਦੀ ਹੈ। ਗੁਰਮਤਿ ਦਾ ਉਪਦੇਸ਼ ਇਹ ਹੈ ਕਿ ਆਰਥਿਕਤਾ ਦੇ ਵਿੱਚ ਅਧਿਆਤਮਿਕਤਾ (involve) ਕਰੀਏ। ਕਿਉਂ ਕਿ ਅਧਿਆਤਮਿਕਤਾ ਦਾ ਸੰਬੰਧ ਉਸ ਰੱਬੀ ਨਿਯਮ ਨਾਲ ਹੈ। ਜਿਸ ਨਿਯਮ ਦੇ ਵਿੱਚ ਸਿਰਫ ਸੱਚ ਹੀ ਸੱਚ ਹੈ। ਤੇ ਸੱਚ ਨੂੰ ਪਾਰ ਕਰਨ ਦੇ ਨਾਲ ਹੀ ਅਸੀਂ ਆਰਥਿਕ ਕਾਰਜ ਕਰਦਿਆਂ ਸੱਚ ਨੂੰ ਆਧਾਰ ਬਣਾਵਾਂਗੇ। ਕਿਉਂ ਕਿ ਗੁਰਮਿਤ ਦਾ ਉਪਦੇਸ਼ ਹੈ,

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੂ ਦਸੈ ਵਾਟ ਮੁਰੀਦਾ ਜੋਲੀਐ॥ (ਅੰਗ-488)

ਤੇ ਜਿਸ ਦਾ ਆਧਾਰ (Base) ਹੀ ਸੱਚ ਨਾਲ ਬਣ ਜਾਵੇ ਫਿਰ ਉਸ ਵਿਅਕਤੀ ਦਾ ਜੀਵਨ ਆਰਥਿਕ ਤੋਰ ਤੇ ਵੀ ਸ਼ਕਤੀਸ਼ਾਲੀ ਹੋ ਜਾਵੇਗਾ ਤੇ ਅਧਿਆਤਮਿਕ ਤੋਰ ਤੇ ਵੀ। ਇਸ ਤਰ੍ਹਾਂ ਦਾ ਹੀ ਮਾਡਲ ਗੁਰਮਤ ਸਿਰਜ ਕੇ ਇਸ ਤਰੀਕੇ ਦੇ ਨਾਲ ਜੀਵਨ ਜਿਉਣ ਦੇ ਲਈ ਸਮੁੱਚੀ ਮਨੁੱਖਤਾ ਨੂੰ ਉਤਸ਼ਾਹਿਤ ਕਰਦੀ ਹੈ।

ਦੁਸਰੇ ਤੋਰ ਤੇ ਇਸੇ ਪੱਖ ਦੇ ਵਿੱਚ ਹੀ ਗੁਰਮਿਤ ਇੱਕ ਹੋਰ ਤਰੀਕੇ ਨਾਲ ਹੀ (choice) ਦੇ ਰੂਪ ਵਿੱਚ ਤਿਆਰ ਕਰਵਾਉਦੀਂ ਹੈ। ਕਿ ਇਨ੍ਹਾਂ ਵਿਚੋਂ ਜਿਹੜਾ ਤਰੀਕਾ ਸਾਨੂੰ ਪਸੰਦ ਆਉਦਾਂ ਹੈ ਉਹੀ ਅਪਣਾ ਲੈਣਾ ਚਾਹੀਦਾ ਹੈ। ਦੂਸਰੇ ਤੋਰ ਤੇ ਗੁਰਮਿਤ ਦਾ ਵਿਚਾਰ ਇਹ ਹੈ ਕਿ ਹਰੇਕ ਮਨੁੱਖ ਨੂੰ ਇੱਕ “ਸੰਜਮ” ਵਾਲੀ ਬਿਰਤੀ ਦੇ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਹਰੇਕ ਮਨੁੱਖ ਦੀਆਂ ਬੁਨਿਆਦੀ ਲੋੜਾ ਹਨ। ਇੱਕ ਚੰਗਾ ਮਕਾਨ ਮਨੁੱਖ ਦੀ ਬੁਨਿਆਦੀ ਲੋੜ ਹੈ ਤੇ ਇਸ ਲੋੜ੍ਹ ਨੂੰ ਪੂਰਾ ਵੀ ਕਰਨਾ ਹੈ। ਪਰ ਇੱਕ ਮਕਾਨ ਹੁੰਦਿਆਂ ਹੋਇਆ ਵੀ ਹੋਰ ਮਕਾਨ ਖਰੀਦ ਲੈਣੇ ਜਿਨ੍ਹਾਂ ਦੀ ਅਜੇ ਲੋੜ ਨਹੀਂ ਹੈ ਭਾਵ ਕਿ ਮਨੁੱਖ ਸੰਜਮ ਵਿੱਚ ਨਹੀਂ ਹੈ। ਇਥੇ ਤ੍ਰਿਸ਼ਨਾ ਪੈਦਾ ਹੋ ਜਾਦੀਂ ਹੈ, ਲੋਭ ਪੈਦਾ ਹੋ ਜਾਦਾਂ ਹੈ। ਜਦੋਂ ਵੀ ਮਨੁੱਖ ਬੁਨਿਆਦੀ ਲੋੜਾ ਦੀ ਸੀਮਾ ਤੋ ਅੱਗੇ ਲੰਗ ਜਾਦਾਂ ਹੈ ਤਾਂ ਅੱਗੇ ਤ੍ਰਿਸ਼ਨਾ ਦੇ ਵੱਡੇ-ਵੱਡੇ ਅੰਬਾਰ ਖੜ੍ਹੇ ਆਉਦੇਂ ਹਨ। ਅੱਜ ਲਗਭਗ ਅਜਿਹੇ ਮਨੁੱਖ ਦੀ ਹੀ ਬਹੁਗਿਣਤੀ ਹੈ। ਇੱਕ ਲੱਖ ਰੁਪਿਆ ਮਹੀਨਾ ਤਨਖਾਹ ਲੈਣ ਵਾਲਾ ਵੀ ਸੰਤੁਸ਼ਟ ਨਹੀਂ ਹੈ। ਅਸੰਤੁਸ਼ਟੀ ਦੇ ਵਿੱਚ ਜੀਵਨ ਬਿਤਾ ਰਿਹਾ ਹੈ। ਇਸੇ ਸਥਿਤੀ ਦੇ ਵਿੱਚ ਹੀ ਗੁਰਮਿਤ ਸਮੁੱਚੀ ਮਨੁੱਖਤਾ ਨੂੰ ਸੇਧ ਦਿੰਦੀ ਹੈ ਕਿ ਸਭ ਤੋ ਪਹਿਲਾਂ ਮਨੁੱਖ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ (control panel) ਨਿਯਤ ਕਰਨਾ ਚਾਹੀਦਾ ਹੈ ਤੇ ਉਸੇ control panel ਤੱਕ ਹੀ ਆਰਥਿਕਤਾ ਦੇ ਵਿੱਚ ਪੈਣਾ ਹੈ ਤੇ ਨਾਲ ਹੀ ਇਹ ਵਿਚਾਰ ਵੀ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਣਾ ਹੈ ਕਿ ਆਰਥਿਕਤਾ ਨੂੰ ਅਧਿਆਤਮਿਕਤਾ ਦੇ ਉੱਤੇ ਹਾਵੀ ਨਹੀਂ ਹੌਣ ਦੇਣਾ। ਇਸ ਵਿਚਾਰਧਾਰਾ ਨੂੰ ਅਪਣਾਉਣ ਦੇ ਨਾਲ ਅਸੀਂ ਸਮੁੱਚੇ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹਾਂ, ਕਿਉਂ ਕਿ ਸਾਡੇ ਕੋਲ ਸੋਮੇ ਹਨ ਤੇ ਸੋਮੇ ਵੀ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਸਿਰਫ ਗਿਆਨ ਹੀ ਗਿਆਨ ਹੈ ਤੇ ਗਿਆਨ ਦੇ ਵਿਚੋ ਹੀ ਸਾਰੇ ਸੰਕਲਪ ਪੈਦਾ ਹੁੰਦੇ ਹਨ।

ਸੋ, ਅੰਤ ਦੇ ਵਿੱਚ ਮੈਂ ਇਹੀ ਮੂਲ ਨੁਕਤਾ ਆਪ ਸਭ ਸਮੂਹ ਸਿੱਖ ਪੰਥ ਦੇ ਸ਼ਾਹਮਣੇ ਰੱਖਦਾ ਹਾਂ ਕਿ ਗੁਰਸਿੱਖੀ ਦੇ ਸਮੁੱਚੇ ਸਿਧਾਤਾਂ ਨੂੰ ਅੱਜ ਦੇ ਸਮੇਂ ਅਨੁਸਾਰ ਪ੍ਰਸੰਗਿਕ ਬਣਾਈਏ ਤੇ ਪ੍ਰਸੰਗਿਕਤਾ ਨੂੰ ਕਾਇਮ ਕਰਨ ਦੇ ਨਾਲ ਹੀ ਅਸੀਂ ਸਿੱਖ ਧਰਮ ਨੂੰ ਮਨੁੱਖਤਾ ਦੀ ਲੋੜ ਬਣਾ ਸਕਦੇ ਹਾਂ।

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

- ਸੁਖਦੇਵ ਸਿੰਘ ਰੂਪੋਵਾਲੀਆ

95925-99517
.