.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 18)

ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਵਲੋਂ ਜਪੁਜੀ ਦੀ ਸਤਾਰਵੀਂ ਪਉੜੀ ਦੇ ਲਿਖੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ। ਇਸ ਪਉੜੀ ਦੇ ਭਾਵਾਰਥ ਨੂੰ ਪੜ੍ਹ ਕੇ ਪਾਠਕ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਗੁਰੂ ਨਾਨਕ ਸਾਹਿਬ ਇਸ ਪਉੜੀ ਵਿੱਚ ਕੀ ਆਖ ਰਹੇ ਹਨ ਅਤੇ ਲੇਖਕ ਹੁਰੀਂ ਇਸ ਦੇ ਉਲਟ ਸਾਨੂੰ ਕੀ ਸਮਝਾ ਰਹੇ ਹਨ।
ਅਸੰਖ ਜਪ ਅਸੰਖ ਭਾਉ॥ ਅਸੰਖ ਪੂਜਾ ਅਸੰਖ ਤਪ ਤਾਉ॥
ਅਰਥ:- (ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ। ਕਈ ਜੀਵ ਪੂਜਾ ਕਰ ਰਹੇ ਹਨ। ਅਤੇ ਅਨਗਿਣਤ ਹੀ ਜੀਵ ਤਪ ਸਾਧ ਕਰ ਰਹੇ ਹਨ।
ਅਸੰਖ ਗਰੰਥ ਮੁਖਿ ਵੇਦ ਪਾਠ॥ ਅਸੰਖ ਜੋਗ ਮਨਿ ਰਹਹਿ ਉਦਾਸ॥
ਅਰਥ:- ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿੱਚ (ਮਾਇਆ ਵਲੋ) ਉਪਰਾਮ ਰਹਿੰਦੇ ਹਨ।
ਅਸੰਖ ਭਗਤ ਗੁਣ ਗਿਆਨ ਵੀਚਾਰ॥ ਅਸੰਖ ਸਤੀ ਅਸੰਖ ਦਾਤਾਰ॥
ਅਰਥ:- (ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਦਾਨੀ ਤੇ ਦਾਤੇ ਹਨ।
ਅਸੰਖ ਸੂਰ ਮੁਹ ਭਖ ਸਾਰ॥ ਅਸੰਖ ਮੋਨਿ ਲਿਵ ਲਾਇ ਤਾਰ॥
ਅਰਥ:- (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥
ਅਰਥ:- ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ)।
ਭਾਵ:- ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿੱਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ।
ਜਪੁ ਜੀ ਦੀ ਇਸ ਪਉੜੀ ਦਾ ਅਰਥ ਅਤੇ ਭਾਵਾਰਥ ਤਾਂ ਉਪਰ ਲਿਖੇ ਅਨੁਸਾਰ ਹੈ ਪਰੰਤੂ ਲੇਖਕ ਇਸ ਗੱਲ ਦਾ ਰੰਚ-ਮਾਤਰ ਵੀ ਜ਼ਿਕਰ ਨਹੀਂ ਕਰਦਾ। ਉਹ ਇਸ ਪਉੜੀ ਦੇ ਗਿਣਤੀ ਦੇ ਪਾਠਾਂ ਦੀ ਗੱਲ ਕਰਦਾ ਹੋਇਆ, ਇਸ ਪਉੜੀ ਦੇ ਮਹਾਤਮ ਬਾਰੇ ਇਉਂ ਲਿਖਦਾ ਹੈ, “ਇਸ ਪਉੜੀ ਦਾ ਪੈਂਤੀ ਸੌ ਪਾਠ ਚਾਰ ਘੜੀ ਰਾਤ ਰਹਿੰਦੀ ਐਤਵਾਰ ਤੋਂ ਆਰੰਭ ਕਰਕੇ ਸੱਤਾਂ ਦਿਨਾਂ ਵਿੱਚ ਕਰਨਾ, ਅੱਖਾਂ ਦੀ ਪੀੜ ਦੂਰ ਹੋਵੇ, ਅੰਨ ਦੀ ਪ੍ਰਾਪਤੀ ਹੋਵੇ। ਰਹਿਣ ਨੂੰ ਅਸਥਾਨ ਮਿਲੇ।”
ਲੇਖਕ ਜਿਸ ਤਰ੍ਹਾਂ ਦੇ ਮਹਾਤਮ ਦੀ ਗੱਲ ਕਰ ਰਿਹਾ ਹੈ ਉਸ ਦਾ ਇਸ ਪਉੜੀ ਵਿੱਚ ਰੰਚ-ਮਾਤਰ ਵੀ ਵਰਣਨ ਨਹੀਂ ਹੈ। ਇਸ ਪਉੜੀ ਵਿੱਚ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਬਾਣੀ ਨੂੰ ਇਸ ਤਰ੍ਹਾਂ ਦੀ ਵਿਧੀ ਨਾਲ ਪੜ੍ਹਨ ਅਤੇ ਇਸ ਤਰ੍ਹਾਂ ਦਾ ਮਹਾਤਮ ਨਹੀਂ ਲਿਖਿਆ ਹੋਇਆ। ਪੁਸਤਕ ਕਰਤਾ ਜਿਸ ਤਰ੍ਹਾਂ ਜਪੁ ਜੀ ਦੀਆਂ ਦੂਜੀਆਂ ਪਉੜੀਆਂ ਬਾਰੇ ਆਪਣੇ ਕੋਲੋਂ ਹੀ ਤਾਂਤ੍ਰਿਕ ਵਿਧੀ ਅਨੁਸਾਰ ਗਿਣਤੀ ਦੇ ਪਾਠ ਕਰਨ ਅਤੇ ਮਹਾਤਮ ਦੀ ਕਲਪਣਾ ਕਰ ਰਿਹਾ ਹੈ, ਇਸ ਪਉੜੀ ਸਬੰਧੀ ਵੀ ਅਜਿਹੀ ਹੀ ਕਲਪਣਾ ਕਰ ਰਿਹਾ ਹੈ।
ਲੇਖਕ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ ਅੱਖਾਂ ਦੀ ਪੀੜ ਦੂਰ ਹੋਣ ਦੀ ਗੱਲ ਕਰਦਾ ਹੈ। ਪੁਸਤਕ ਕਰਤਾ ਇਸ ਗੱਲ ਦਾ ਖ਼ੁਲਾਸਾ ਨਹੀਂ ਕਰ ਰਿਹਾ ਹੈ ਕਿ ਅੱਖਾਂ ਦੇ ਹਰੇਕ ਤਰ੍ਹਾਂ ਦੇ ਰੋਗ ਕਾਰਨ ਪੀੜ ਕਰ ਰਹੀਆਂ ਅੱਖਾਂ ਦੀ ਪੀੜ ਦੂਰ ਹੁੰਦੀ ਹੈ ਜਾਂ ਕਿਸੇ ਵਿਸ਼ੇਸ਼ ਰੋਗ ਕਾਰਨ ਦੁਖ ਰਹੀਆਂ ਅੱਖਾਂ ਦੀ ਪੀੜ ਹੀ ਦੂਰ ਹੁੰਦੀ ਹੈ। ਖ਼ੈਰ, ਅਸੀਂ ਇਸ ਸਬੰਧੀ ਕੇਵਲ ਇਤਨੀ ਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਦੇ ਵੀ ਰੋਗ ਕਾਰਨ ਹੋ ਰਹੀ ਪੀੜ ਇਸ ਤਰ੍ਹਾਂ ਦੀਆਂ ਤਾਂਤ੍ਰਿਕ ਵਿਧੀਆਂ ਨੂੰ ਅਪਣਾਉਣ ਨਾਲ ਦੂਰ ਨਹੀਂ ਹੁੰਦੀ। ਇਸ ਤਰ੍ਹਾਂ ਦੀ ਪੀੜ ਤੋਂ ਛੁਟਕਾਰਾ ਪਾਉਣ ਲਈ ਯੋਗ ਸਾਧਨ ਹੀ ਅਪਣਾਉਣ ਦੀ ਜ਼ਰੂਰਤ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਅੱਖਾਂ ਦੇ ਇੱਕ ਅਜਿਹੇ ਰੋਗ ਦਾ ਜ਼ਰੂਰ ਵਰਣਨ ਕੀਤਾ ਗਿਆ ਹੈ, ਜਿਸ ਰੋਗ ਕਾਰਨ ਮਨੁੱਖ ਮਾਨਸਕ ਪੀੜਾ ਦਾ ਸੰਤਾਪ ਭੋਗਦਾ ਹੈ। ਜੇਕਰ ਮਨੁੱਖ ਇਸ ਪੀੜਾ ਤੋਂ ਛੁਟਕਾਰਾ ਪਾਉਣ ਲਈ ਉਪਰਾਲਾ ਨਾ ਕਰੇ ਤਾਂ ਇਸ ਦਾ ਆਤਮਕ ਜੀਵਨ ਤਬਾਹ ਹੋ ਜਾਂਦਾ ਹੈ। ਇਸ ਰੋਗ ਦੀ ਪੀੜ ਦਾ ਸਰੂਪ ਹੈ ਮਨੁੱਖ ਦਾ ਅੱਖਾਂ ਨਾਲ ਪਰ ਰੂਪ ਅਤੇ ਧਨ ਨੂੰ ਵਿਕਾਰ ਦੀ ਦ੍ਰਿਸ਼ਟੀ ਨਾਲ ਦੇਖਣਾ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਦੇ ਰੂਪ ਨੂੰ ਦੇਖਿਆ ਜਾ ਸਕਦਾ ਹੈ:-
(ੳ) ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ॥ (ਪੰਨਾ 269) ਅਰਥ: ਅੱਖਾਂ ਵਿਅਰਥ ਹਨ (ਜੋ ਇਹ) ਪਰਾਈ ਇਸਤ੍ਰੀ ਦਾ ਰੂਪ ਤੱਕਦੀਆਂ ਹਨ।
(ਅ) ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥ (ਪੰਨਾ 182) ਅਰਥ: ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ—ਇਹ ਅੱਖਾਂ ਵਿੱਚ ਨੀਂਦ ਆ ਰਹੀ ਹੈ।
(ੲ) ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥ (ਪੰਨਾ 472) ਅਰਥ: (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ)।
ਇਸ ਰੋਗ ਨਾਲ ਪੀੜਤ ਹੋਇਆ ਵਿਅਕਤੀ ਆਤਮਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਆਤਮਕ ਜ਼ਿੰਦਗੀ ਜਿੳਂੂਣ ਲਈ ਇਸ ਰੋਗ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਪਰ ਇਸ ਰੋਗ ਤੋਂ ਵੀ ਛੁਟਕਾਰਾ ਬਾਣੀ ਨੂੰ ਕੇਵਲ ਤਾਂਤ੍ਰਿਕ ਵਿਧੀ ਨਾਲ ਪੜ੍ਹਣ ਨਾਲ ਨਹੀਂ ਸਗੋਂ ਇਸ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹ ਸੁਣ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਨਾਲ ਹੀ ਹੁੰਦਾ ਹੈ। ਪਰੰਤੂ ਲੇਖਕ ਅੱਖਾਂ ਦੇ ਇਸ ਆਤਮਕ ਰੋਗ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਲੇਖਕ ਇਸ ਆਤਮਕ ਰੋਗ ਦੀ ਗੱਲ ਹੀ ਕਰ ਰਿਹਾ ਹੈ ਤਾਂ ਵੀ ਇਸ ਤਰ੍ਹਾਂ ਦੀਆਂ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਨਾਲ ਇਸ ਰੋਗ ਤੋਂ ਛੁਟਕਾਰਾ ਨਹੀਂ ਮਿਲਦਾ।
ਬਾਣੀ ਨੂੰ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦੀ ਪ੍ਰੇਰਨਾ ਦੇਣ ਵਾਲਿਆਂ ਬਾਰੇ ਕਈ ਸੱਜਣਾਂ ਦਾ ਕਹਿਣਾ ਹੈ ਕਿ ਅਜਿਹੇ ਸੱਜਣ ਬਾਣੀ ਦੀ ਮਹੱਤਾ ਹੀ ਤਾਂ ਦ੍ਰਿੜ ਕਰਵਾ ਰਹੇ ਹਨ। ਲੋਕੀਂ ਇਸ ਬਹਾਨੇ ਨਾਲ ਬਾਣੀ ਪੜ੍ਹਨ ਲਈ ਉਤਸ਼ਾਹਤ ਹੁੰਦੇ ਹਨ। ਪਰ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ਇਹ ਨਹੀਂ ਸਮਝਦੇ ਕਿ ਜਿਹੜੇ ਲੋਕ ਬਾਣੀ ਨੂੰ ਕੇਵਲ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਉੱਤੇ ਹੀ ਜ਼ੋਰ ਦੇਂਦੇ ਹਨ, ਉਹ ਸੰਗਤਾਂ ਨੂੰ ਜਾਣੇ-ਅਣਜਾਣੇ ਗੁਰਬਾਣੀ ਵਿੱਚ ਦਰਸਾਈ ਜੀਵਨ-ਜੁਗਤ ਨਾਲੋਂ ਤੋੜ ਰਹੇ ਹਨ। ਚੂੰਕਿ ਇਸ ਤਰ੍ਹਾਂ ਦਾ ਉੱਦਮ ਕਰਨ ਵਾਲੇ ਸੱਜਣ ਬਾਣੀ ਦੀ ਮੰਤ੍ਰ ਵਾਂਗ ਹੀ ਵਰਤੋਂ ਕਰਨ ਲੱਗ ਪੈਂਦੇ ਹਨ। ਜਦ ਕਦੀ ਕਿਸੇ ਵੀ ਧਰਮ ਦੇ ਪੈਰੋਕਾਰ ਆਪਣੇ ਇਸ਼ਟ ਦੇ ਅਮੋਲ ਬਚਨਾਂ ਨੂੰ ਕੇਵਲ ਮੰਤ੍ਰਾਂ ਵਾਂਗ ਰਟਨ ਵਿੱਚ ਵਿਸ਼ਵਾਸ ਕਰਨ ਲੱਗ ਪੈਂਦੇ ਹਨ, ਉਹ ਕਰਮ ਕਾਂਡੀ ਬਣ ਕੇ ਹੀ ਰਹਿ ਜਾਂਦੇ ਹਨ। ਉਹ ਸੱਚੀ-ਸੁੱਚੀ ਜੀਵਨ-ਜੁਗਤ ਨੂੰ ਸਮਝ ਕੇ ਅਪਣਾਉਣੋਂ ਅਸਮਰਥ ਹੋ ਜਾਂਦੇ ਹਨ। ਬਾਣੀ ਦੀ ਸਮਝ ਨਾ-ਮਾਤਰ ਹੋਣ ਦਾ ਹੀ ਇਹ ਸਿੱਟਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲਿਆਂ ਨੂੰ ਵੀ ਪਾਖੰਡੀਆਂ ਦੀਆਂ ਪਰਕਰਮਾਂ ਕਰਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ ਜੋ ਸਾਧਾਰਨ ਸਿਰ ਦਰਦ `ਤੇ ਵੀ ਵਹਿਮ ਦਾ ਸ਼ਿਕਾਰ ਹੋ ਜਾਂਦੇ ਹਨ।
ਲੇਖਕ ਦਾ ਜਿੱਥੋਂ ਤੱਕ ਇਸ ਪਉੜੀ ਦੇ ਮਹਾਤਮ ਵਿੱਚ ਇਹ ਲਿਖਣ ਹੈ ਕਿ ਇਸ ਤਰ੍ਹਾਂ ਨਾਲ ਅੰਨ ਦੀ ਪ੍ਰਾਪਤੀ ਹੁੰਦੀ ਹੈ, ਇਹ ਲੇਖਕ ਦੀ ਕਲਪਣਾ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਕਿਸੇ ਨੂੰ ਕਦੇ ਅੰਨ ਪ੍ਰਾਪਤ ਨਹੀਂ ਹੋਇਆ ਹੈ। (ਨੋਟ: ਭੋਲੇ ਪਣ ਕਾਰਨ ਆਮ ਮਨੁੱਖ ਜ਼ਰੂਰ ਦੰਭੀਆਂ ਪਾਖੰਡੀਆਂ ਅੱਗੇ ਅੰਨ ਦੇ ਢੇਰ ਲਗਾ ਦੇਂਦਾ ਹੈ। ਇਸ ਤਰ੍ਹਾਂ ਭੋਲੇ-ਭਾਲੇ ਸ਼ਰਧਾਲੂਆਂ ਦੀ ਬਦੌਲਤ ਢੌਂਗੀ ਵਿਅਕਤੀ ਜ਼ਰੂਰ ਅੰਨ ਦੀ ਪ੍ਰਾਪਤੀ ਕਰਨ ਵਿੱਚ ਸਫਲ ਹੋ ਜਾਂਦਾ ਹੈ।) ਜੇਕਰ ਇਸ ਤਰ੍ਹਾਂ ਅੰਨ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਕਿਸੇ ਨੂੰ ਵੀ ਹੱਡ-ਭੰਨਵੀਂ ਮਿਹਨਤ ਕਰਨ ਦੀ ਲੋੜ ਨਹੀਂ ਹੈ। ਕਈ ਥਾਂਈਂ ਅੱਜ ਵੀ ਮਨੁੱਖ ਨੂੰ ਸਾਰਾ ਦਿਨ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਪੇਟ ਭਰ ਖਾਣਾ ਨਸੀਬ ਨਹੀਂ ਹੋ ਰਿਹਾ ਹੈ। ਅਜਿਹੀ ਪਰਿਸਥਿੱਤੀ ਵਿੱਚ ਵਿਚਰ ਰਹੇ ਪ੍ਰਾਣੀਆਂ ਨੂੰ ਤਾਂ ਸੱਤ ਦਿਨਾਂ ਵਿੱਚ ਪੈਂਤੀ ਸੌ ਪਾਠ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਹੀਂ ਹੈ। ਗੁਰੂ ਕਾਲ ਵਿੱਚ ਜੇਕਰ ਕਿਧਰੇ ਕਾਲ ਪੈਂਦਾ ਸੀ ਤਾਂ ਗੁਰੂ ਸਾਹਿਬ ਸਿੱਖਾਂ ਨੂੰ ਉਸ ਥਾਂ ਲੰਗਰ ਲਗਾਉਣ ਦੀ ਪ੍ਰੇਰਨਾ ਕਰਦੇ ਸਨ, ਨਾ ਕਿ ਤਾਂਤ੍ਰਿਕ ਵਿਧੀਆਂ ਨਾਲ ਬਾਣੀ ਦੇ ਗਿਣਤੀ ਦੇ ਪਾਠ ਕਰਨ ਦੀ। ਅਨੰਦ ਪੁਰ ਨੂੰ ਜਦ ਕਈ ਮਹੀਨੇ ਵੈਰੀ ਦਲ ਨੇ ਘੇਰਾ ਪਾਈ ਰੱਖਿਆ ਸੀ ਤਾਂ ਸਿੰਘਾਂ ਨੂੰ ਦਰਖਤਾਂ ਦੇ ਛਿਲੜ ਉਬਾਲ ਕੇ ਖਾਣ ਲਈ ਮਜਬੂਰ ਹੋਣਾ ਪਿਆ ਸੀ। ਅਸੀਂ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਕਿ ਜੇਕਰ ਇਹੋ ਜਿਹੀਆਂ ਵਿਧੀਆਂ ਨਾਲ ਅਜਿਹਾ ਚਮਤਕਾਰ ਵਾਪਰਦਾ ਹੋਵੇ ਤਾਂ ਗੁਰੂ ਸਾਹਿਬ ਆਪਣੀ ਜਾਨ ਨਾਲੋਂ ਵੀ ਪਿਆਰੇ ਸਿੱਖਾਂ ਨੂੰ ਭੁੱਖ ਨਾਲ ਵਿਲਕਦੇ ਹੋਏ ਦੇਖ ਕੇ ਖ਼ੁਦ ਇਸ ਪਉੜੀ ਦੇ ਪੈਂਤੀ ਸੌ ਪਾਠ ਕਰਕੇ ਅੰਨ ਦੀ ਥੁੜ ਨੂੰ ਪੂਰਾ ਕਰ ਦੇਂਦੇ।
ਇਸ ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਬਾਰੇ ਅਸੀਂ ਪਹਿਲਾਂ ਚਰਚਾ ਕਰ ਆਏ ਹਾਂ ਕਿ ਕਿਸੇ ਸ਼ਰਾਰਤੀ ਨੇ ਇਹ ਪੁਸਤਕ ਲਿਖ ਕੇ ਭਾਈ ਮਨੀ ਸਿੰਘ ਜੀ ਨੂੰ ਇਸ ਦਾ ਕਰਤਾ ਲਿਖਿਆ ਹੈ। ਇਸ ਪੁਸਤਕ ਦੇ ਅਸਲ ਲਿਖਾਰੀ ਨੇ ਆਪਣਾ ਨਾਮ ਲਿਖਣ ਦੀ ਥਾਂ ਭਾਈ ਮਨੀ ਸਿੰਘ ਜੀ ਦਾ ਨਾਮ ਇਸ ਲਈ ਵਰਤਿਆ ਹੈ ਕਿ ਸਿੱਖ ਸੰਗਤਾਂ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਇਸ ਪੁਸਤਕ ਵਿੱਚ ਲਿਖੀ ਮਨਮਤ ਨੂੰ ਸਵੀਕਾਰ ਕਰ ਲੈਣ। (ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਲੇਖਕ ਨੂੰ ਇਸ ਵਿੱਚ ਭਾਰੀ ਸਫਲਤਾ ਮਿਲੀ ਹੈ। ਇੱਥੇ ਅਸੀਂ ਪਾਠਕਾਂ ਦਾ ਧਿਆਨ ਕੇਵਲ ਇਸ ਪਹਿਲੂ ਵਲ ਹੀ ਦੁਆਉਣਾ ਚਾਹੁੰਦੇ ਹਾਂ ਕਿ ਭਾਈ ਮਨੀ ਸਿੰਘ ਜੀ ਵੀ ਘੇਰੇ ਵਿੱਚ ਮੌਜੂਦ ਸਨ ਜਦ ਅਨੰਦ ਪੁਰ ਨੂੰ ਘੇਰਾ ਪਿਆ ਹੋਇਆ ਸੀ। ਭਾਈ ਸਾਹਿਬ ਵੀ ਦੂਜਿਆਂ ਵਾਂਗ ਇਸ ਭੁੱਖ-ਮਰੀ ਦਾ ਸ਼ਿਕਾਰ ਹੋਏ ਸਨ। ਜੇਕਰ ਭਾਈ ਸਾਹਿਬ ਬਾਣੀ ਨੂੰ ਇਸ ਤਰ੍ਹਾਂ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਨ ਵਿੱਚ ਵਿਸ਼ਵਾਸ ਰੱਖਦੇ ਹੁੰਦੇ ਤਾਂ ਅਜਿਹੇ ਵਿਖਮ ਸਮੇਂ ਜ਼ਰੂਰ ਇਸ ਤਰ੍ਹਾਂ ਦਾ ਉਪਰਾਲਾ ਕਰਕੇ ਅੰਨ ਦੇ ਸੰਕਟ ਤੋਂ ਛੁਟਕਾਰਾ ਪਾਉਣ ਦੀ ਵਿਧੀ ਸਮਝਾਉਂਦੇ।
ਜਿੱਥੋਂ ਤੱਕ ਲੇਖਕ ਦਾ ਇਹ ਲਿਖਣਾ ਹੈ ਕਿ ਇਸ ਪਉੜੀ ਦੇ ਗਿਣਤੀ ਦੇ ਪਾਠ ਨਾਲ ‘ਰਹਿਣ ਨੂੰ ਅਸਥਾਨ ਮਿਲੇ’ ਇਹ ਵੀ ਲੇਖਕ ਦੀ ਆਪਣੀ ਕਲਪਣਾ ਹੀ ਹੈ। ਅਸੀਂ ਫਿਰ ਪਾਠਕਾਂ ਦਾ ਧਿਆਨ ਸਿੱਖ ਇਤਿਹਾਸ ਵਲ ਦੁਆਉਣਾ ਚਾਹੁੰਦੇ ਹਾਂ ਕਿ ਕਈ ਦਹਾਕੇ ਖ਼ਾਲਸਾ ਪੰਥ ਨੂੰ ਜੰਗਲਾਂ ਬੀਆਬਾਨਾਂ ਵਿੱਚ ਲੁੱਕ-ਛਿਪ ਕੇ ਦਿਨ ਗੁਜ਼ਾਰਨੇ ਪਏ। ਹਕੂਮਤ ਨੂੰ ਜਦ ਇਹ ਸੂਹ ਮਿਲ ਜਾਂਦੀ ਕਿ ਸਿੰਘ ਫਲਾਣੇ ਜੰਗਲ ਵਿੱਚ ਡੇਰਾ ਲਾਈ ਬੈਠੇ ਹਨ ਤਾਂ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਦੀ ਠਾਨੀ ਹਕੂਮਤ ਉਸੇ ਸਮੇਂ ਫੌਜਾਂ ਨੂੰ ਕੂਚ ਕਰ ਦੇਣ ਦਾ ਹੁਕਮ ਸੁਣਾ ਦੇਂਦੀ। ਸਿੰਘਾਂ ਨੂੰ ਉਹ ਟਿਕਾਣਾ ਵੀ ਛੱਡਣ ਨੂੰ ਮਜਬੂਰ ਹੋਣਾ ਪੈਂਦਾ। ਪਰ ਵਾਰਨੇ ਜਾਈਏ ਉਨ੍ਹਾਂ ਸਿੰਘਾਂ ਦੇ ਜਿਹੜੇ ਅਜਿਹੀਆਂ ਪਰਿਸੱਿਥਤੀਆਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਵਿਚਰਦੇ ਹੋਏ ਗੁਰਮਤਿ ਦੀਆਂ ਕਦਰਾਂ-ਕੀਮਤਾਂ ਦਾ ਤਿਆਗ ਨਹੀਂ ਸਨ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਸਿੱਖ ਹੋਣ ਦਾ ਅਫਸੋਸ ਜਾਂ ਪਛੁਤਾਵਾ ਹੁੰਦਾ।
ਸੋ, ਸਾਨੂੰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਵਿਚਾਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਬਾਣੀ ਵਿੱਚ ਦਰਸਾਈ ਜੀਵਨ-ਜੁਗਤ ਨੂੰ ਸਮਝ ਕੇ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਸਕੀਏ। ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਅਪਣਾਇਆਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਵੀ ਅਸੀਂ ਉੱਚ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਵਿੱਚ ਸਫਲ ਹੋਵਾਂਗੇ।
ਜਸਬੀਰ ਸਿੰਘ ਵੈਨਕੂਵਰ




.