.

ਮਾਨਵਵਾਦ ਦਾ ਪੈਗੰਬਰ -- ਗੁਰੂ ਨਾਨਕ

ਗੁਰੂ ਨਾਨਕ ਦੇਵ ਜੀ ਨੂੰ ਸਿੱਖ ਮੱਤ ਦੇ ਬਾਨੀ ਵਜੋਂ ਸਤਿਕਾਰਿਆ ਜਾਂਦਾ ਹੈ। ਉਹ ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਈਸਵੀ ਵਿੱਚ ਲਗਭਗ ਅੱਧੀ ਸਦੀ ਦਾ ਅਰਸਾ ਕਾਰਜਸ਼ੀਲ ਰਹੇ (ਜਨਮ ਸੰਨ 1469 ਈਸਵੀ)। ਸਿੱਖ ਵਰਗ ਆਪਣੇ ਇਸ ਮੱਤ ਨੂੰ ਸੰਸਾਰ ਭਰ ਦੇ ਧਰਮਾਂ ਵਿੱਚੋਂ ਸਭ ਤੋਂ ਵੱਧ ਆਧੁਨਿਕ ਹੋਣ ਦਾ ਦਾਵ੍ਹਾ ਕਰਦਾ ਹੈ।

ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੂਜੇ ਧਰਮਾਂ ਦੇ ਮੁਕਾਬਲੇ ਤੇ ਕੋਈ ਨਵਾਂ ਧਰਮ ਚਾਲੂ ਨਹੀਂ ਕੀਤਾ ਸੀ। ਉਹਨਾਂ ਨੇ ਮੁਢੱਲੇ ਤੌਰ ਇੱਕ ਸੁਧਾਰਵਾਦੀ ਲਹਿਰ ਚਲਾਈ ਸੀ ਜਿਸਦਾ ਨਿਸ਼ਾਨਾ ਇੱਕ ਪਾਸੇ ਮਨੁੱਖ ਦੀ ਸ਼ਖਸੀਅਤ ਦਾ ਸੰਪੂਰਨ ਵਿਕਾਸ ਕਰਨਾ ਸੀ ਅਤੇ ਦੂਸਰੇ ਪਾਸੇ ਸਮਾਜਕ ਢਾਂਚੇ ਦਾ ਸਮੁੱਚੇ ਰੂਪ ਵਿੱਚ ਕਾਇਆ ਕਲਪ ਕਰਨਾ ਸੀ। ਪ੍ਰੰਤੂ ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਕਿਸੇ ਇੱਕ ਖਿੱਤੇ ਵਿਸ਼ੇਸ਼ ਦਾ ਮਨੁੱਖ ਜਾਂ ਸਮਾਜ ਨਹੀਂ ਸੀ। ਉਹਨਾਂ ਦੀ ਵਿਉਂਤ ਧਰਤੀ ਉਤਲੀ ਸਾਰੀ ਲੋਕਾਈ ਨੂੰ ਹੀ ਆਪਣੀ ਸੋਚ ਅਤੇ ਇਸ ਵਿਚੋਂ ਉਪਜੀ ਲਹਿਰ ਦੇ ਕਲਾਵੇ ਵਿੱਚ ਲੈ ਕੇ ਆਉਣ ਦੀ ਸੀ। ਨਿਸਚੇ ਹੀ ਇਹ ਇੱਕ ਵੱਡਾ ਅਤੇ ਬਿਖਮ ਕਾਰਜ ਸੀ ਜਿਸ ਨੂੰ ਸਿਰੇ ਚਾੜ੍ਹਨ ਲਈ ਬਹੁਤ ਲੰਬਾ ਅਰਸਾ ਚਾਹੀਦਾ ਸੀ। ਇਸੇ ਕਰਕੇ ਹੀ ਉਹਨਾਂ ਤੋਂ ਅਗਲੀਆਂ ਨੌਂ ਪੀੜ੍ਹੀਆਂ ਦੇ ਆਗੂਆਂ ਅਤੇ ਸ਼ਰਧਾਲੂ ਪੈਰੋਕਾਰਾਂ ਦੀ ਹਿੱਸੇਦਾਰੀ ਦੀ ਲੋੜ ਪਈ ਅਤੇ ਤਿੰਨ ਸਦੀਆਂ ਦਾ ਅਨੋਖਾ ਇਤਹਾਸ ਸਿਰਜਦਿਆਂ ਇਸ ਲਹਿਰ ਦੀ ਰੂਪ-ਰੇਖਾ ਉਲੀਕੀ ਜਾ ਸਕੀ। ਇਸ ਲਹਿਰ ਦੇ ਇਤਹਾਸਿਕ ਅਤੇ ਦਾਰਸ਼ਨਿਕ ਪਹਿਲੂ ਇਸ ਨੂੰ ਇੱਕ ਧਰਮ ਨਾਲੋਂ ਮਾਨਵਵਾਦੀ ਲਹਿਰ ਵਧੇਰੇ ਸਾਬਤ ਕਰਦੇ ਹਨ। ਜੇਕਰ ਗੁਰੂ ਨਾਨਕ ਜੀ ਦੀਆਂ ਸਿਖਿਆਵਾਂ ਨੂੰ ਇੱਕ ਸ਼ਬਦ ਰਾਹੀਂ ਪ੍ਰਗਟਾਉਣਾ ਹੋਵੇ ਤਾਂ ਇਹ ਸ਼ਬਦ ਹੈ ‘ਮਾਨਵਵਾਦ’ (Humanism)। ਬਾਕੀ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਾਨਵਵਾਦੀ ਮਿਸ਼ਨ ਨੂੰ ਅੱਗੇ ਵਧਾਇਆ ਅਤੇ ਹੋਰ ਪਰਪੱਕ ਕੀਤਾ।

‘ਮਾਨਵਵਾਦ’ ਸ਼ਬਦ-ਰੂਪ ਪਹਿਲਾਂ-ਪਹਿਲ ਯੂਰਪ ਵਿੱਚ ਤੇਰ੍ਹਵੀਂ ਸਦੀ ਤੋਂ ਲੈ ਕੇ ਆਈ ਪੁਨਰਜਾਗ੍ਰਿਤੀ (Renaissance) ਦੌਰਾਨ ਵਰਤੋਂ ਵਿੱਚ ਆਉਂਦਾ ਰਿਹਾ। ਉਸ ਸੰਦਰਭ ਵਿੱਚ ਇਸ ਸ਼ਬਦ ਦੇ ਅਰਥ ਪੁਰਾਣੇ ਯੂਨਾਨੀ ਅਤੇ ਲਾਤੀਨੀ ਗ੍ਰੰਥਾਂ ਦੇ ਅਧਿਐਨ ਕਰਨ ਤਕ ਸੀਮਤ ਸਨ। ਇਸ ਅਧਿਐਨ ਨੂੰ ਅੱਗੇ ਕਾਵਿ, ਇਤਹਾਸ, ਵਿਆਕਰਣ, ਨੈਤਿਕ ਫਲਸਫਾ ਅਤੇ ਭਾਸ਼ਣਕਾਰੀ ਵਿੱਚ ਵੰਡਿਆ ਗਿਆ ਹੋਇਆ ਸੀ ਅਤੇ ਇਸ ਦਾ ਮੁੱਖ ਨਿਸ਼ਾਨਾ ਮਨੁੱਖ ਨੂੰ ਵਧੇਰੇ ਗਿਆਨਵਾਨ ਬਨਾਉਣਾ ਅਤੇ ਉਸ ਦੀ ਬੁੱਧੀ ਦਾ ਵਿਕਾਸ ਕਰਨਾ ਸੀ। ਅਗਲੀਆਂ ਚਾਰ ਸਦੀਆਂ ਤੋਂ ਵੱਧ ਦੇ ਸਮੇਂ ਤੋਂ ਬਾਦ (ਸੰਨ 1798 ਈਸਵੀ ਵਿੱਚ ਆਏ ਫਰਾਂਸੀਸੀ ਇਨਕਲਾਬ ਦੇ ਸਮੇਂ ਤੋਂ ਲੈ ਕੇ) ਇਸ ਸ਼ਬਦ ਦੇ ਅਰਥ ਬਦਲ ਗਏ। ਹੁਣ ਇਸ ਸਬਦ ਦਾ ਪਰਯੋਗ ਐਸੇ ਧਰਮ-ਨਿਰਪੇਖ ਫਲਸਫੇ ਲਈ ਹੋਣ ਲੱਗਾ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਕੇਵਲ ਤਰਕ, ਨੈਤਕਿਤਾ ਅਤੇ ਨਿਆਂ ਦੀ ਪਰੋੜਤਾ ਕਰਦਾ ਸੀ। ਮਾਨਵਵਾਦ ਦੀ ਇਸ ਆਧੁਨਿਕ ਪ੍ਰੀਭਾਸ਼ਾ ਦੇ ਤਿੰਨ ਪ੍ਰਮੁੱਖ ਅੰਗ ਇਹ ਮੰਨੇ ਗਏ ਹਨ: ਮਨੁੱਖ ਦੇ ਹਿਤ, ਕਦਰਾਂ-ਕੀਮਤਾਂ ਅਤੇ ਮਨੁੱਖੀ ਵਕਾਰ (dignity) । ਗੁਰੂ ਨਾਨਕ ਦੇਵ ਜੀ ਨੇ ਹੂਬਹੂ ਇਸੇ ਫਲਸਫੇ ਦਾ ਹੀ ਪਰਚਾਰ ਅਰੰਭਿਆ, ਸਾਰੀ ਉਮਰ ਇਸ ਨੂੰ ਸਮਰਪਤ ਰਹੇ, ਆਪਣੀਆਂ ਰਚਨਾਵਾਂ ਵਿੱਚ ਇਸ ਦੀ ਵਿਆਖਿਆ ਅਤੇ ਸਿਖਿਆ ਦਿੱਤੀ ਅਤੇ ਜੀਂਦੇ-ਜੀ ਆਪਣਾ ਉਤੱਰ-ਅਧਿਕਾਰੀ ਥਾਪ ਕੇ ਇਸ ਫਲਸਫੇ ਦੇ ਪਰਚਾਰ ਦੇ ਕਾਰਜ ਨੂੰ ਅੱਗੇ ਤੋਰ ਦਿੱਤਾ। ਜੁਗਰਾਫੀਆਈ ਕਾਰਨਾਂ ਕਰ ਕੇ ਯੂਰਪ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਸੀ ਅਤੇ ਭਾਰਤ ਦੇ ਅੰਦਰ ਅਤੇ ਉਦਾਸੀਆਂ ਦੌਰਾਨ ਸੰਸਾਰ ਦੇ ਜਿਹੜੇ ਭਾਗਾਂ ਵਿੱਚ ਉਹ ਗਏ ਉੱਥੋਂ ਦੀਆਂ ਪਰਚਲਤ ਧਾਰਮਿਕ ਅਤੇ ਸਮਾਜਿਕ ਮਾਨਤਾਵਾਂ ਵਿੱਚ ਉਹਨਾਂ ਨੂੰ ਮਾਨਵਵਾਦ ਦੀ ਘਾਟ ਹੀ ਨਜ਼ਰੀਂ ਪਈ। ਨਿਰਸੰਦੇਹ ‘ਮਾਨਵਵਾਦ’ ਦਾ ਨਵੀਨ ਸੰਕਲਪ ਉਹਨਾਂ ਦਾ ਮੌਲਿਕ ਫਲਸਫਾ ਸੀ ਅਤੇ ਉਹਨਾਂ ਨੇ ਇਹ ਸੰਕਲਪ ਯੂਰਪ ਦੇ ਵਿਦਵਾਨਾਂ ਤੋਂ ਘਟੋ-ਘਟ ਤਿੰਨ ਸਦੀਆਂ ਪਹਿਲਾਂ ਸੰਸਾਰ ਨੂੰ ਦੇ ਦਿੱਤਾ ਸੀ। ਇਸ ਲਈ ਗੁਰੂ ਨਾਨਕ ਜੀ ਨੂੰ ‘ਮਾਨਵਵਾਦ’ ਦਾ ਪੈਗੰਬਰ ਕਹਿਣਾ ਉਚਿਤ ਹੋਵੇਗਾ।

ਸਿੱਖ ਮੱਤ ਦਾ ਆਧੁਨਿਕ ਹੋਣ ਦਾ ਅਧਾਰ ਇਸ ਦੇ ਮੂਲ ਰੂਪ ਵਿੱਚ ਮਾਨਵਵਾਦੀ ਲਹਿਰ ਹੋਣ ਵਿੱਚ ਹੀ ਹੈ। ਇਥੇ ‘ਮਾਨਵਵਾਦ’ ਨਾਲ ਮਿਲਦੇ-ਜੁਲੇ ਇੱਕ ਹੋਰ ਪਦ ਦੀ ਗੱਲ ਵੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਜੋ ਹੈ ਮਾਨਵਤਾਵਾਦ (Humanitariansm)। ‘ਮਾਨਵਤਾਵਾਦ’ ਭਲਾਈ ਦੇ ਕਾਰਜ ਤਕ ਹੀ ਸੀਮਤ ਹੁੰਦਾ ਹੈ ਜਦ ਕਿ ‘ਮਾਨਵਵਾਦ’ ਮਨੁੱਖ ਦੇ ਰੁਤਬੇ ਨੂੰ ਉੱਚਾ ਚੁੱਕਣ ਦੇ ਸਭ ਉਪਰਾਲਿਆਂ ਨਾਲ ਸਬੰਧਤ ਹੁੰਦਾ ਹੈ ਜਿਹਨਾਂ ਵਿਚੋਂ ਪ੍ਰਮੁਖ ਤਿੰਨ ਉੱਪਰ ਦੱਸੇ ਜਾ ਚੁੱਕੇ ਹਨ। ਗੁਰੂ ਨਾਨਕ ਜੀ ਨੇ ਮਨੁੱਖ ਨੂੰ ਸਭ ਕਾਸੇ ਤੋਂ ਅੱਗੇ ਲੈ ਕੇ ਆਂਦਾ। ਉਹਨਾਂ ਦਾ ਸਾਰਾ ਫਲਸਫਾ ਮਨੁੱਖ ਦੀ ਹੋਂਦ ਦੇ ਦੁਆਲੇ ਘੁੰਮਦਾ ਹੈ। ਮਨੁੱਖ ਨੂੰ ਉਹ ਧਰਤੀ ਦਾ ਸਰਵ-ਸ੍ਰੇਸ਼ਟ ਜੀਵ ਮੰਨਦੇ ਹਨ ਅਤੇ ਉਹਨਾਂ ਅਨੁਸਾਰ, ਹਰ ਮੁਨੱਖ ਨੂੰ ਅਮਨ, ਪ੍ਰਫੁੱਲਤਾ, ਸ਼ਾਨਮੱਤਾ ਅਤੇ ਅਨੰਦਮਈ ਜੀਵਨ ਜੀਣ ਦਾ ਪੂਰਾ ਹੱਕ ਹੈ। ਨਾਲ ਹੀ ਉਹ ਮਨੱਖ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਨਾ ਵੀ ਲੋਚਦੇ ਸਨ। ਉਹਨਾਂ ਨੇ ਇੱਕ ਪਾਸੇ ਜ਼ਾਲਮ ਸ਼ਾਸਕਾਂ ਨੂੰ ਭੰਡਿਆ ਅਤੇ ਦੂਸਰੇ ਪਾਸੇ ਸਾਰੇ ਧਰਮਾਂ ਦੇ ਪੁਜਾਰੀ ਵਰਗ ਨੂੰ ਨਿੰਦਿਆ ਜੋ ਆਮ ਆਦਮੀ ਦੇ ਸ਼ੋਸ਼ਣ ਵਿੱਚ ਲੱਗਾ ਹੋਇਆ ਸੀ। ਉਹਨਾਂ ਨੇ ਲੋਕਾਈ ਅੱਗੇ ਬਿਨਾਂ ਕਿਸੇ ਵਿਚੋਲਗਿਰੀ ਦਾ ਸਹਾਰਾ ਲੈਂਦੇ ਹੋਏ ਪਰਮਾਤਮਾਂ ਤਕ ਪਹੁੰਚ ਕਰਨ ਦੇ ਸਿੱਧੇ ਮਾਰਗ ਦੀ ਵਕਾਲਤ ਕੀਤੀ ਅਤੇ ਧਾਰਮਿਕ ਰੀਤਾਂ, ਰਸਮਾਂ, ਪਖੰਡ, ਮਿਥਹਾਸ, ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਜੀ ਦਾ ਫਲਸਫਾ ਪੂਰਨ ਰੂਪ ਵਿੱਚ ਉਹਨਾਂ ਦੀ ਕ੍ਰਿਤ ‘ਜਪੁ’ ਵਿੱਚ ਸਮਾਇਆ ਹੋਇਆ ਹੈ। ‘ਜਪੁ’ ਦਾ ਪਰਮੁੱਖ ਅਰਥ ਹੈ ਪੜ੍ਹਨਾ, ਸਮਝਣਾ ਅਤੇ ਦੂਸਰਿਆਂ ਨੂੰ (ਅਰਥ) ਸਮਝਾਉਣਾ (ਵੇਖੋ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ )। ‘ਜਪੁ’ ਦੇ ਅਰੰਭ ਵਿੱਚ ਗੁਰੂ ਨਾਨਕ ਜੀ ਪਰਮਾਤਮਾ ਦਾ ਸੰਕਲਪ ਇਸ ਤਰ੍ਹਾਂ ਪੇਸ਼ ਕਰਦੇ ਹਨ:

ਪਰਮਾਤਮਾ ਕੇਵਲ ਇੱਕ ਹੀ ਹੈ। ਜੇਕਰ ਉਸਦਾ ਕੋਈ ਨਾਮ ਰੱਖਣਾ ਹੋਵੇ ਤਾਂ ਇਹ ‘ਸੱਚ’ ਹੋ ਸਕਦਾ ਹੈ। ਇਸ ਸ੍ਰਿਸ਼ਟੀ ਵਿੱਚ ਜੋ ਕੁੱਝ ਵੀ ਹੈ ਉਸ ਦਾ ਉਹ ਕਰਤਾ ਹੈ। ਉਹ ਭੈ ਮੁਕਤ ਹੈ ਭਾਵ ਉਹ ਸਦਾ ਸੰਤੁਲਨ ਵਿੱਚ ਰਹਿੰਦਾ ਹੈ ਅਤੇ ਉਹ ਵੈਰ-ਭਾਵ ਰੱਖਣ ਵਾਲਾ ਨਹੀਂ ਭਾਵ ਉਹ ਸਦਾ-ਸਦਾ ਦਿਆਲੂ ਹੈ। ਉਹ ਸਮੇਂ ਦੀ ਸੀਮਾਂ ਤੋਂ ਪਰ੍ਹੇ ਹੈ। ਉਸਦੀ ਹੋਂਦ ਜਨਮ-ਮਰਨ ਦੇ ਗੇੜ ਵਿੱਚ ਨਹੀਂ ਆਉਂਦੀ। ਉਸ ਦੀ ਉਤਪਤੀ ਖੁਦ ਵਿਚੋਂ ਹੀ ਹੋਈ ਹੈ। ਸਭ ਕੁਛ (ਸ੍ਰਿਸ਼ਟੀ ਦੀ ਸੁੰਦਰਤਾ ਅਤੇ ਇਸ ਦੇ ਸਾਰੇ ਅੰਗਾਂ ਦਾ ਸਮਤੋਲ ਵਿੱਚ ਰਹਿ ਕੇ ਚੱਲਣਾ) ਉਸਦੀ ਕਿਰਪਾ ਦਾ ਪ੍ਰਗਟਾਵਾ ਹੈ।

ਅਜੋਕਾ ਧਰਮ-ਨਿਰਪੇਖ ਮਾਨਵਵਾਦ ਅਤੇ ਵਿਗਿਆਨ ਪਰਮਾਤਮਾ ਦੇ ਸੰਕਲਪ ਵਿੱਚ ਜਿਹੜੀਆਂ ਵਿਸ਼ੇਸ਼ਤਾਵਾਂ ਨੂੰ ਮੁੱਖ ਤੌਰ ਤੇ ਨਹੀਂ ਮੰਨਣਾ ਚਾਹੁੰਦਾ ਉਹ ਹਨ ਪਰਮਾਤਮਾ ਦਾ ਕਿਸੇ ਸ਼ਖਸੀ ਰੂਪ ਵਿੱਚ ਮੌਜੂਦ ਹੋਣਾ, ਉਸਦਾ ਸਾਰੀ ਮਨੁੱਖਤਾ ਅਤੇ ਬਾਕੀ ਜੀਵਾਂ ਲਈ ਤਾਨਸ਼ਾਹ ਦੇ ਤੌਰ ਤੇ ਵਿਚਰਣਾ ਅਤੇ ਉਸ ਵਿੱਚ ਕਰਾਮਾਤੀ ਤਾਕਤਾਂ ਦਾ ਹੋਣਾ। ਪਰੰਤੂ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਪਰਮਾਤਮਾ ਦੇ ਸੰਕਲਪ ਵਿੱਚ ਇਹਨਾਂ ਸਾਰੀਆਂ ਗੱਲਾਂ ਵਿਚੋਂ ਕੋਈ ਵੀ ਮੌਜੂਦ ਨਹੀਂ। ਇਹ ‘ਮਾਨਵਵਾਦ’ ਤੇ ਅਧਾਰਿਤ ਇੱਕ ਨਿਰੋਲ ਵਿਗਿਆਨਕ ਸੰਕਲਪ ਹੈ। ਗੁਰੂ ਜੀ ਨੇ ਪਰਮਾਤਮਾਂ ਨੂੰ ‘ਸੱਚ’, ‘ਗੁਰੂ’, ‘ਸਤਗੁਰੂ’, ‘ਰਾਮ’ (ਹਰ ਸ਼ੈ ਵਿੱਚ ਰਮਿਆ ਹੋਇਆ) ਆਦਿਕ ਨਾਮ ਦਿੱਤੇ। ਗੁਰੂ ਨਾਨਕ ਦੇਵ ਜੀ ਦਾ ਪ੍ਰਭੂ ਨੇਮਪੂਰਵਕ ਚਲ ਰਹੀ ਸਮੁੱਚੀ ਸ੍ਰਿਸ਼ਟੀ ਹੈ ਜਿਸ ਵਿੱਚ ਮਨੁੱਖ ਵੀ ਸ਼ਾਮਲ ਹੈ। ਹਮੇਸ਼ਾ ਆਪਣੀ ਇਸ ਸਮੁੱਚੀ ਰਚਨਾ ਦੀ ਭਲਾਈ ਲਈ ਕਾਰਜਸ਼ੀਲ ਰਹਿਣਾ ਪਰਮਾਤਮਾ ਦੇ ਸੁਭਾਓ ਦਾ ਹਿੱਸਾ ਹੈ। ਸ੍ਰਿਸ਼ਟੀ ਦੇ ਹੋਰਨਾਂ ਅੰਸ਼ਾਂ ਵਾਂਗ ਮਨੁੱਖ ਅਤੇ ਪਰਮਾਤਮਤਾ ਵਿਚਕਾਰ ਸਹਿਜੀਵਤਾ (symbiosis) ਦਾ ਨਾਤਾ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਨੁੱਖ ਨੂੰ ਬਹੁਤ ਉਚਾ ਦਰਜਾ ਦੇ ਦਿੰਦੇ ਹਨ। ਉਹ ਚਾਹੁੰਦੇ ਹਨ ਕਿ ਮਨੁੱਖ ਵਿਗਸਾਓ (evolution) ਦੀ ਲੰਬੀ ਪ੍ਰਕਿਰਿਆ ਰਾਹੀਂ ਪਰਾਪਤ ਹੋਈਆਂ ਪਰਮਾਤਮਾਂ ਦੀਆਂ ਰਹਿਮਤਾਂ ਨੂੰ ਮਹਿਸੂਸ ਕਰੇ ਅਤੇ ਉਹਨਾਂ ਦਾ ਅਨੰਦ ਮਾਣੇ। ਮਨੁੱਖ ਦਾ ਇਹ ਫਰਜ਼ ਵੀ ਬਣ ਜਾਂਦਾ ਹੈ ਕਿ ਉਹ ਹਰ ਵਕਤ ਆਪਣੇ ਅਤੇ ਪਰਮਾਤਮਾ ਵਿਚਕਾਰਲੇ ਸਹਿਜੀਵਤਾ ਵਾਲੇ ਨਾਤੇ ਪ੍ਰਤੀ ਚੇਤਨ ਰਵ੍ਹੇ; ਇਹੋ ਹੀ ਸਿਮਰਨ ਹੈ ਅਤੇ ਇਹੋ ਹੀ ਭਗਤੀ ਹੈ।

ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਪਰਮਾਤਮਾ ਦਾ ਸੰਕਲਪ ਪੂਰਨ ਤੌਰ ਤੇ ਤਰਕ-ਅਧਾਰਿਤ (rational) ਹੈ। ਇਸ ਵਿੱਚ ਕੁੱਝ ਵੀ ਰਹੱਸਵਾਦੀ ਜਾਂ ਪਰਾਭੌਤਿਕ ਨਹੀਂ ਅਤੇ ਇਹ ਵਿਗਿਆਨ ਦੀ ਕਸਵੱਟੀ ਤੇ ਵੀ ਪੂਰਾ ਉਤਰਦਾ ਹੈ। ਕਿਹੜਾ ਸਾਇੰਸਦਾਨ ਇਸ ਗੱਲ ਤੋਂ ਇਨਕਾਰ ਕਰੇਗਾ ਕਿ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ, ਚਲਾਉਣ ਅਤੇ ਵਿਗਸਾਉਣ ਪਿੱਛੇ ਕੋਈ ਸ਼ਕਤੀ ਜ਼ਰੂਰ ਹੈ ਜੋ ਕਿ ਇੱਕ ਯਥਾਰਥ (‘ਸੱਚ’) ਹੈ ਅਤੇ ਸਰਵਵਿਆਪਕ (ਹਰ ਸ਼ੈ ਵਿੱਚ ਰਮੀ ਹੋਈ) ਹੈ। ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੀ ਉਤਪਤੀ ਅਤੇ ਵਿਆਪਕਤਾ ਸਬੰਧੀ ਵਿਗਿਆਨਕ ਢੰਗ ਨਾਲ ਦਲੀਲਾਂ ਦਿੱਤੀਆਂ ਹਨ ਅਤੇ ਨਾਲ ਇਹ ਵੀ ਦੱਸਿਆ ਹੈ ਕਿ ਬ੍ਰਹਿਮੰਡ ਦਾ ਪਸਾਰੇ ਦੇ ਅੰਤਲੇ ਭੇਦਾਂ ਨੂੰ ਪਾ ਲੈਣਾ ਕਦੀ ਮਨੁੱਖ ਦੀ ਪਹੁੰਚ ਵਿੱਚ ਨਹੀਂ ਆਉਣ ਲੱਗਾ। ਉਹ ਦਿੱਖ ਅਤੇ ਅਦਿੱਖ ਕੁਦਰਤ ਨੂੰ ਹੀ ਪਰਮਾਤਮਾ ਦਾ ਘਰ ਮੰਨਦੇ ਹਨ (ਵਿਲੀਅਮ ਵਰਡਸਵਰਥ ਨੇ ਇਹ ਵਿਚਾਰ ਤਿੰਨ ਸੌ ਸਾਲ ਬਾਦ ਵਿੱਚ ਦਿੱਤਾ)। ਉਹ ਜਨਮ ਤੋਂ ਪਹਿਲੇ ਅਤੇ ਮਰਨ ਤੋਂ ਬਾਦ ਦੀਆਂ ਜੂਨੀਆਂ ਦੀ ਗੱਲ ਨਹੀਂ ਕਰਦੇ। ਉਹ ਮਨੁੱਖੀ ਜੀਵਨ ਦਾ ਉਦੇਸ਼ ਮੌਤੋਂ ਬਾਦ ਦੀ ਮੁਕਤੀ ਜਾਂ ਪਰਮਾਤਮਾਂ ਨਾਲ ਮਿਲਾਪ ਨੂੰ ਨਹੀਂ ਮਿਥਦੇ। ਪ੍ਰਭੂ ਮਿਲਾਪ ਤੋਂ ਉਹਨਾਂ ਦਾ ਭਾਵ ਕੇਵਲ ਮਨੁੱਖ ਅਤੇ ਪਰਮਾਤਮਾਂ ਵਿਚਲੇ ਸਹਿਜੀਵਤਾ ਵਾਲੇ ਸਬੰਧ ਬਾਰੇ ਚੇਤਨ ਹੋਣਾ ਹੈ। ਗੁਰੂ ਨਾਨਕ ਦੇਵ ਜੀ ਮਨੁੱਖੀ ਹੋਂਦ ਨੂੰ ਇਸ ਬ੍ਰਹਮੰਡ ਦੀ ਸਰਵਸ੍ਰੇਸ਼ਟ ਕ੍ਰਿਤੀ ਮੰਨਦੇ ਹੋਏ ਮਨੁੱਖ ਨੂੰ ਇੱਕ ਆਦਰਸ਼ਕ ਜੀਵ ਦੇ ਤੌਰ ਤੇ ਪਰਮਾਤਮਾ ਦੇ ਸੱਚੇ ਵਿੱਚ ਢਲ ਕੇ ਵਿਗਸਦਾ ਹੋਇਆ ਵੇਖਣਾ ਚਾਹੁੰਦੇ ਹਨ। ਇਸੇ ਲਈ ਉਹ ਕਹਿੰਦੇ ਹਨ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ।।

ਭਾਵ, ਪਰਮਾਤਮਾ ਸਭ ਤੋਂ ਉਪੱਰ ਹੈ (ਇਥੇ ‘ਸਚੁ’ ਤੋਂ ਭਾਵ ਪਰਮਾਤਮਾ ਹੈ) ਪਰੰਤੂ ਮਨੁੱਖ ਦਾ ਆਦਰਸ਼ਕ ਵਿਵਹਾਰ ਪਰਮਾਤਮਾ ਤੋਂ ਵੀ ਉਪੱਰ ਹੈ। ਇਹ ਹੈ ਗੁਰੂ ਨਾਨਕ ਦੇਵ ਜੀ ਦਾ ਮਾਨਵਵਾਦ।

ਯੁਰਪ ਦੀ ਪੁਨਰਜਾਗ੍ਰਿਤੀ ਦੇ ਵਿਦਵਾਨਾਂ ਵਾਂਗ ਗੁਰੂ ਨਾਨਕ ਦੇਵ ਜੀ ਵਿਵੇਕ ਨੂੰ ਮੁੱਢਲਾ ਮਨੁੱਖੀ ਗੁਣ ਮੰਨਦੇ ਹਨ। ਪਰੰਤੂ, ਉਹਨਾਂ ਅਨੁਸਾਰ, ਵਿਵੇਕ ਦਾ ਸਭ ਤੋਂ ਵਧੀਆ ਉਪਯੋਗ ਇਸ ਰਾਹੀਂ ਪਰਮਾਤਮਾ (ਉਹਨਾਂ ਦੇ ਸੰਕਲਪ ਵਾਲੇ) ਨਾਲ ਰਾਬਤਾ ਪੈਦਾ ਕਰਨ ਵਿੱਚ ਹੈ। ਵਿਵੇਕ ਰਾਹੀਂ ਹੀ ਮਨੁੱਖ ਆਪਣੇ ਵਿਵਹਾਰ ਨੂੰ ਆਦਰਸ਼ਕ ਬਣਾਉਂਦਾ ਹੋਇਆ ਜੀਵਨ ਨੂੰ ਸਫਲ ਬਣਾ ਸਕਦਾ ਹੈ ਅਤੇ ਪਰਮਾਤਮਾਂ ਦੇ ਗੁਣਾਂ ਦੇ ਅਨੁਸਾਰੀ ਹੋ ਸਕਦਾ ਹੈ ਜਿਸ ਨੂੰ ਉਹ ਪ੍ਰਭੂ-ਮਿਲਾਪ ਦਾ ਨਾਮ ਦਿੰਦੇ ਹਨ। ‘ਸਹਜ’ ਤੋਂ ਉਹਨਾਂ ਦਾ ਭਾਵ ਵਿਵੇਕ ਹੀ ਹੈ ਜਿਸ ਦੀ ਸੁਚੱਜੀ ਵਰਤੋਂ ਕਰਨਾ ਹੀ ਮਨੁੱਖੀ ਧਰਮ-ਕਰਮ ਹੈ। ਅਜਿਹਾ ਕਰ ਲੈਣ ਦੇ ਕਾਬਿਲ ਹੋ ਜਾਣਾ ਹੀ ਮੁਕਤੀ ਹੈ।

ਗੁਰੂ ਨਾਨਕ ਦੇਵ ਜੀ ਨੇ ਕਿਸੇ ਵੀ ਧਰਮ ਨੂੰ ਨਿੰਦਿਆ ਨਹੀਂ, ਉਹਨਾਂ ਨੇ ਕੇਵਲ ਅਜਿਹੀਆਂ ਧਾਰਮਿਕ ਰਹੁ-ਰੀਤਾਂ ਦੀ ਆਲੋਚਨਾ ਕੀਤੀ ਜਿਹੜੀਆਂ ਗੈਰ-ਮਾਨਵੀ ਸਨ ਅਤੇ ਪੁਜਾਰੀ ਵਰਗ ਅਤੇ ਸ਼ਰਧਾਲੂ ਵਰਗ ਦੋਵ੍ਹਾਂ ਨੂੰ ਪ੍ਰਭੂ-ਮਿਲਾਪ (ਆਦਰਸ਼ਕ ਜੀਵਨ-ਜਾਚ) ਦੇ ਰਸਤੇ ਤੋਂ ਭਟਕਾਉਂਦੀਆਂ ਸਨ। ਮਨੁਖ ਲਈ ਉਹਨਾਂ ਦਾ ਸੰਦੇਸ਼ ਇਸ ਪਰਕਾਰ ਸੀ:

ਪਰਮਾਤਮਾ ਕੇਵਲ ਇੱਕ ਹੀ ਹੈ ਅਤੇ ਸਾਰੇ ਮਨੁੱਖ ਉਸਦੇ ਸਾਹਮਣੇ ਬਰਾਬਰ ਹਨ। ਸੰਸਥਾਗਤ ਧਰਮ, ਧਾਰਮਿਕ ਰਹੁ-ਰੀਤਾਂ ਅਤੇ ਤਿਆਗ ਦੇ ਜੀਵਨ ਵਿਚੋਂ ਕੋਈ ਇੱਕ ਵੀ ਮਨੁੱਖੀ ਖੁਸ਼ੀ ਅਤੇ ਪ੍ਰਭ-ਮਿਲਾਪ ਲਈ ਜ਼ਰੂਰੀ ਨਹੀਂ। ਇਹਨਾਂ ਸਭਨਾਂ ਨਾਲ ਮਨੁੱਖ ਮਨਮੁਖ ਹੀ ਬਣਦਾ ਹੈ। ਗੁਰਮੁਖ (ਪ੍ਰਭੂ ਦਾ ਪਿਆਰਾ) ਬਣਨ ਹਿਤ ਇਹਨਾਂ ਦੀ ਜਗਹ ਤੇ ਕ੍ਰਮਵਾਰ ਬ੍ਰਹਮੰਡੀ ਹੁਕਮ (universal order) ਨਾਲ ਇੱਕ-ਮਿੱਕ ਹੋਣ, ਆਦਰਸ਼ਕ ਜੀਵਨ-ਜਾਚ ਅਪਣਾਉਣ ਅਤੇ ਹਉਮੈ ਦੀ ਬਿਮਾਰ ਅਵਸਥਾ (paranoia) ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਝੂਠ ਬੋਲਣਾ ਅਤੇ ਦੂਸਰੇ ਦਾ ਹੱਕ ਖਾਣਾ ਸਭ ਤੋਂ ਵੱਡੇ ਪਾਪ ਹਨ ਅਤੇ ਦੂਸਰਿਆਂ ਦਾ ਭਲਾ ਕਰਨਾ ਅਤੇ ਮੁਸ਼ਕਲ ਸਮੇਂ ਭਾਣਾ ਮੰਨਣਾ ਸਭ ਤੋਂ ਵੱਡੇ ਨੈਤਿਕ ਗੁਣ ਹਨ। ਹਰ ਮਨੁੱਖ ਹੱਕ ਦੀ ਕਮਾਈ ਕਰੇ ਅਤੇ ਇਸ ਨੂੰ ਲੋੜਵੰਦਾਂ ਨਾਲ ਵੰਡ ਕੇ ਮਾਣੇ। ਸਮਾਜ ਵਿੱਚ ਇਕਸਾਰਤਾ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਹਰ ਕਿਸਮ ਦੇ ਵਿਤਕਰੇ ਜਾਂ ਊਚ-ਨੀਚ ਦੀ ਭਾਵਨਾ ਦਾ ਅੰਤ ਹੋਵੇ। ਰਾਜ ਨਿਆਂ ਦੇਣ ਵਾਲਾ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲਾ ਹੋਵੇ।

ਉਪਰੋਕਤ ਸੰਦੇਸ਼ ਸੰਸਾਰ ਨੂੰ ਸਭ ਤੋਂ ਪਹਿਲਾਂ ਦਿੱਤਾ ਗਿਆ ਮਾਨਵਵਾਦ ਦਾ ਸੰਕਲਪ ਹੀ ਸੀ। ਅੱਜ ਭਾਵੇਂ ਇਹ ਗੱਲਾਂ ਆਮ ਹੀ ਲੱਗਣ ਪਰ ਪੰਜ ਸੌ ਸਾਲ ਪਹਿਲਾਂ ਅਤੇ ਉਸ ਵੇਲੇ ਦੀ ਵਿਵਸਥਾ ਵਿੱਚ ਅਜਿਹਾ ਸੁਧਾਰਵਾਦੀ ਸੰਕਲਪ ਦੇਣਾ ਇੱਕ ਇਨਕਲਾਬੀ ਕਦਮ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਸੰਕਲਪ ਨੂੰ ਦੂਰ-ਦੁਰੇਡੇ ਜਾ ਕੇ ਪਰਚਾਰਿਆ ਵੀ ਅਤੇ ਆਪਣੀਆਂ ਰਚਨਾਵਾਂ ਰਾਹੀਂ ਪਰਚਲਤ ਵੀ ਕੀਤਾ। ਇਤਨਾ ਹੀ ਨਹੀਂ, ਉਹਨਾਂ ਦੇ ਮੌਲਿਕ ਸੰਕਲਪ ਵਿੱਚ ਅਜੋਕੇ ਸਮੇਂ ਦੀਆਂ ਪ੍ਰਮੁੱਖ ਦਾਰਸ਼ਨਿਕ ਧਾਰਨਾਵਾਂ (-isms) ਪਹਿਲਾਂ ਹੀ ਵਿਅਕਤ ਹੋਈਆਂ ਮਿਲਦੀਆਂ ਹਨ। ਸਾਮਵਾਦ (communism) ਦਾ ਤੱਤ-ਸਾਰ ਉਹਨਾਂ ਵੱਲੋਂ ਉਚਾਰੀ ਇੱਕੋ ਪੰਕਤੀ “ਘਾਲਿ ਖਾਇ ਕਿਛੁ ਹਥਹੁ ਦੇਇ”।। ਵਿੱਚ ਹੀ ਸਮਾ ਜਾਂਦਾ ਹੈ। ਕਿਉਂਕਿ ਪਦਾਰਥਵਾਦ ਦੀ ਜੜ੍ਹ ਹਉਮੈ ਦੀ ਬਿਮਾਰ ਅਵਸਥਾ ਵਿੱਚ ਹੈ, ਪੂੰਜੀਵਾਦ ਅਤੇ ਸਾਮਵਾਦ ਦੇ ਪਦਾਰਥਕਤਾ ਵਾਲੇ ਨਾਂਹ-ਪੱਖੀ ਪਹਿਲੂ ਦਾ ਟਾਕਰਾ ਕਰਨ ਹਿਤ ਗੁਰੂ ਨਾਨਕ ਦੇਵ ਜੀ ਦੇ ਹੇਠ ਦਿੱਤੇ ਵਿਚਾਰ ਵਿਚੋਂ ਬਾਖੂਬੀ ਸੇਧ ਮਿਲ ਸਕਦੀ ਹੈ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੇ ਨ ਕੋਇ।।

ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਲ ਆਮ ਲੋਕਾਂ ਦੀ ਭਾਸ਼ਾ ਵਿੱਚ ਕਹੀ ਅਤੇ ਆਪਣੇ-ਆਪ ਨੂੰ ਲੋਕ-ਧਾਰਾਇਕ, ਮਿਥਹਾਸਿਕ, ਇਤਹਾਸਿਕ ਮਾਨਤਾਵਾਂ ਦੇ ਮਾਧਿਅਮ ਰਾਹੀਂ ਪਰਗਟ ਕੀਤਾ। ਗੁਰੂ ਜੀ ਵੱਲੋਂ ਅਪਣਾਇਆ ਗਿਆ ਸੁਧਾਰ ਦਾ ਤਰੀਕਾ ਪੂਰੀ ਤਰ੍ਹਾਂ ਮਨੋਵਿਗਿਆਨਕ ਤਕਨੀਕ ਤੇ ਅਧਾਰਿਤ ਸੀ। ਉਹ ਜਾਣਦੇ ਸਨ ਕਿ ਮਨੁੱਖ ਨੂੰ ਉਸ ਦੇ ਸੰਸਕਾਰਾਂ ਅਤੇ ਮਾਨਤਾਵਾਂ ਨਾਲੋਂ ਇੱਕ ਦਮ ਨਹੀਂ ਤੋੜਿਆ ਜਾ ਸਕਦਾ। ਇਹ ਤਾਂ ਇਸ ਤਰ੍ਹਾਂ ਹੋਵੇਗਾ ਜਿਵੇਂ ਕਿਸੇ ਅੰਗ ਦਾ ਇਲਾਜ ਕਰਨ ਵਾਲਾ ਵੈਦ ਪਹਿਲਾਂ ਉਸ ਅੰਗ ਨੂੰ ਹੀ ਕੱਟ ਕੇ ਇੱਕ ਪਾਸੇ ਰੱਖ ਲਵੇ। ਗੁਰੂ ਜੀ ਪਿਉਂਦ ਲਗਾਉਣ ਵਾਲਾ ਢੰਗ ਵਰਤਦੇ ਸਨ ਭਾਵ ਉਹ ਮਨੁੱਖ ਦੀਆਂ ਮਾਨਤਾਵਾਂ ਅਤੇ ਰੂੜ੍ਹੀਆਂ ਨੂੰ ਇੱਕ ਦਮ ਹਟਾ ਦੇਣ ਦੀ ਬਜਾਏ ਇਹਨਾਂ ਰਾਹੀਂ ਹੀ ਆਪਣਾ ਸੰਦੇਸ਼ ਪਹੁੰਚਾਉਂਦੇ ਸਨ। ਉਹਨਾਂ ਨੇ ਇੱਕ ਰੁੱਖ ਨੂੰ ਪੁੱਟ ਕੇ ਨਵਾਂ ਰੁੱਖ ਲਾਉਣ ਨਾਲੋਂ ਉਸੇ ਰੁੱਖ ਤੇ ਪਿਉਂਦ ਲਗਾ ਕੇ ਇਸ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕਰਨ ਨੂੰ ਤਰਜੀਹ ਦਿੱਤੀ। ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਾਰੇ ਪਰਚਲਤ ਬਿੰਬ ਜਿਵੇਂ ਕਿ ਪਰਮਾਤਮਾ, ਮੁਕਤੀ, ਧਰਮਰਾਜ, ਸੁਰਗ-ਨਰਕ, ਆਵਾਗੌਣ, ਚੁਰਾਸੀ ਦਾ ਗੇੜ, ਦੇਵੀ-ਦੇਵਤੇ, ਵੇਦ-ਕਤੇਬ ਆਦਿਕ ਵਰਤੇ ਪਰੰਤੂ ਇਹ ਸਭ ਜਾਂ ਤਾਂ ਉਹਨਾਂ ਨੇ ਅਪਣੀ ਗੱਲ ਸਮਝਾਉਣ ਲਈ ਦ੍ਰਿਸ਼ਟਾਂਤ ਦੇ ਤੌਰ ਤੇ ਵਰਤੇ ਜਾਂ ਫਿਰ ਨਵੀਂ ਪਰੀਭਾਸ਼ਾ ਦੇਣ ਲਈ। ਗੁਰਬਾਣੀ ਦੇ ਟੀਕਾਕਾਰਾਂ, ਵਿਆਖਿਆਕਾਰਾਂ ਅਤੇ ਵਿਦਵਾਨਾਂ ਨੂੰ ਗੁਰਬਾਣੀ ਦੇ ਇਸ ਪਹਿਲੂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸੰਦੇਸ਼ ਸਰਲ ਭਾਸ਼ਾ ਵਿੱਚ ਅਤੇ ਮਿਥਹਾਸ ਤੋਂ ਅਜ਼ਾਦ ਹੋਕੇ ਅਤੇ ਆਮ ਲੋਕਾਂ ਦੀ ਭਾਸ਼ਾ ਵਿੱਚ ਦਿੱਤਾ ਤਾਂ ਕਿ ਇਹ ਅਨਪੜ੍ਹ ਮਨੁੱਖ ਦੀ ਵੀ ਸਮਝ ਵਿੱਚ ਆ ਸਕੇ। ਇਸੇ ਕਰਕੇ ਹੀ ਸੀ ਕਿ ਇਸ ਦਾ ਅਸਰ ਲੋਕਾਂ ਦੀ ਰੂਹ ਤਕ ਪਹੁੰਚਿਆ ਭਾਵੇਂ ਉਹ ਦੇਸ਼ ਵਿੱਚ ਵਿਚਰ ਰਹੇ ਸਨ ਜਾਂ ਕਿ ਵਿਦੇਸ਼ ਵਿਚ। ਗੁਰੂ ਨਾਨਕ ਜੀ ਆਪਣੇ ਸਮੇਂ ਦੇ ਸਭ ਵਰਗਾਂ ਲੋਕਾਂ ਵਿੱਚ ਅਤਿਲੋਕਪ੍ਰੀਅ ਹੋ ਗਏ ਸਨ। ਹਰ ਫਿਰਕੇ ਦੇ ਲੋਕ ਉਹਨਾਂ ਨੂੰ ਆਪਣਾ ਰਹਿਬਰ ਮੰਨਦੇ ਸਨ ਅਤੇ ਉਹਨਾਂ ਲਈ ਅੱਡ-ਅੱਡ ਨਾਮ ਜਿਵੇਂ ਗੁਰੂ, ਬਾਬਾ, ਸ਼ਾਹ, ਪੀਰ, ਫਕੀਰ ਆਦਿਕ ਵਰਤੇ ਜਾਂਦੇ ਸਨ।

ਗੁਰੂ ਨਾਨਕ ਦੇਵ ਜੀ ਨੂੰ ਪਤਾ ਸੀ ਕਿ ਉਹਨਾਂ ਦਾ ਵਿਖਾਇਆ ਮਾਰਗ ਸੁਖਾਲਾ ਨਹੀਂ ਜਿਵੇਂ ਕਿ ਉਹਨਾਂ ਨੇ ਫੁਰਮਾਇਆ:

ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।

ਇਤੁ ਮਾਰਗਿ ਪੈਰ ਧਰੀਜੈ।। ਸਿਰ ਦੀਜੈ ਕਾਣਿ ਨ ਕੀਜੈ।।

ਉਹਨਾਂ ਦੀ ਭਵਿਖਬਾਣੀ ਸਹੀ ਨਿਕਲੀ। ਅਗਲੇਰੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸ਼ਰਧਾਲੂਆਂ ਨੂੰ ਇਸ ਮਾਰਗ ਤੇ ਚਲਦੇ ਹੋਏ ਜੋ-ਜੋ ਕੁਰਬਾਨੀਆਂ ਦੇਣੀਆਂ ਪਈਆਂ ਉਹਨਾਂ ਦੇ ਅਧਾਰ `ਤੇ ਉਸੱਰੇ ਇਤਹਾਸ ਵਰਗਾ ਇਤਹਾਸ ਸੰਸਾਰ ਦੇ ਨਕਸ਼ੇ ਤੇ ਹੋਰ ਕਿਤੇ ਨਹੀਂ ਮਿਲਦਾ।

ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪਰਪੱਕ ਕਰਨ ਲਈ ਉਹਨਾਂ ਤੋਂ ਅੱਗੇ ਗੁਰੂ ਅੰਗਦ ਤੋਂ ਲੈ ਕੇ ਨੌਂ ਰਹਿਬਰ ਥਾਪਣ ਦੀ ਲੋੜ ਪਈ ਅਤੇ ਆਖਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੇਲੇ ਪਹਿਲੇ ਗੁਰੂ ਵੱਲੋਂ ਪੇਸ਼ ਕੀਤਾ ਗਿਆ ਸੰਕਲਪ ਵਿਵਹਾਰਕ ਰੂਪ ਵਿੱਚ ਸੰਪੂਰਨਤਾ ਨੂੰ ਅੱਪੜਿਆ ਵੇਖ ਉਹਨਾਂ ਨੇ ਸ੍ਰੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ ਦੇ ਸੰਦੇਸ਼ ਨੂੰ ਗਿਆਰ੍ਹਵੇਂ ਅਤੇ ਸਦੀਵੀ ਗੁਰੂ ਦੀ ਗੱਦੀ ਪਰਦਾਨ ਕਰ ਦਿੱਤੀ। ਸ੍ਰੀ ਗ੍ਰੰਥ ਸਾਹਿਬ ਵਿੱਚ ਛੇ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਇਕੱਤੀ ਸੰਤਾਂ–ਭਗਤਾਂ ਦੀ ਰਚਨਾ ਸ਼ਾਮਲ ਹੈ ਅਤੇ ਇਸ ਸਮੱਚੀ ਰਚਨਾ ਨੂੰ ਗੁਰਬਾਣੀ (ਉਹ ਰਚਨਾਂ ਜਿਸ ਵਿੱਚ ਪਰਮਾਤਮਾਂ ਦੀ ਸਿਫਤ-ਸਲਾਹੁਤ ਕੀਤੀ ਹੋਈ ਹੋਵੇ) ਦਾ ਦਰਜਾ ਪਰਾਪਤ ਹੈ। ਇੱਕ ਸੱਚੇ ਸਿੱਖ ਸ਼ਰਧਾਲੂ ਲਈ ਜ਼ਰੂਰੀ ਹੈ ਕਿ ਉਹ ਸ੍ਰੀ ਗ੍ਰੰਥ ਸਾਹਿਬ ਵਿੱਚ ਦਰਜ ਸੰਦੇਸ਼ ਮੁਤਾਬਕ ਆਪਣੀ ਜੀਵਨ-ਜਾਚ ਨਿਰਧਾਰਤ ਕਰੇ; ਇਹਯੋ ਹੀ ਉਸ ਦੀ ਪ੍ਰਭੂ-ਭਗਤੀ ਹੈ। ਇਕੋ-ਇਕ ਰਹੁ-ਰੀਤ ਜੋ ਸਿੱਖ ਮੱਤ ਵਿੱਚ ਜ਼ਰੂਰੀ ਹੈ ਉਹ ਹੈ ਸ੍ਰੀ ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦਾਂ ਦਾ ਇਕੱਲੇ ਜਾਂ ਸਮੂਹਿਕ ਰੂਪ ਵਿੱਚ ਗਾਇਨ (ਕੀਰਤਨ) ਕਰਨਾ। ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਮਾਨਵਵਾਦ ਦੇ ਸੰਕਲਪ ਨੂੰ ਅਮਲ ਵਿੱਚ ਲਿਆਉਣ ਲਈ ਅਗਵਾਈ ਦੇਣ ਹਿਤ ਸ੍ਰੀ ਗ੍ਰੰਥ ਸਾਹਿਬ ਭਲੀ-ਭਾਂਤ ਸਮਰੱਥ ਹੈ।

ਸਿੱਖ ਲਹਿਰ ਸੰਸਾਰ ਦੀ ਸਭ ਤੋਂ ਮਹੱਤਵਪੂਰਨ ਮਾਨਵਵਾਦੀ ਲਹਿਰ ਮੰਨੀ ਜਾ ਸਕਦੀ ਹੈ। ਇਹ ਮਨੁੱਖੀ ਹੱਕਾਂ ਦੀ ਰਾਖੀ ਅਤੇ ਬਹਾਲੀ ਲਈ ਕੀਤਾ ਗਿਆ ਸਭ ਤੋਂ ਪਹਿਲਾ ਜਥੇਬੰਦਿਕ ਯਤਨ ਹੈ। ਬੇਸ਼ਕ ਸਿੱਖ ਗੁਰੂਆਂ ਅਤੇ ਸ਼ਰਧਾਲੂਆਂ ਨੇ ਅਦੁੱਤੀ ਇਤਹਾਸ ਸਿਰਜ ਕੇ ‘ਮਾਨਵਵਾਦ’ ਦੇ ਮਿਸ਼ਨ ਦੀ ਸਫਲ ਉਦਾਹਰਣ ਪੇਸ਼ ਕੀਤੀ ਪਰੰਤੂ ਇਸ ਦਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਨੂੰ ਤਿਆਗਣ ਤੋਂ ਅੱਧੀ ਸਦੀ ਬਾਦ ਤਕ ਹੀ ਬਣਦਾ ਹੈ। ਸਿੱਖ ਯੋਧਿਆਂ ਦੇ ਜੰਗਾਂ-ਯੁਧਾਂ ਵੇਲੇ ਸਮਾਜਿਕ ਦ੍ਰਿਸ਼ ਤੋਂ ਦੂਰ ਰਹਿਣ ਕਰਕੇ ਬ੍ਰਾਹਮਣਵਾਦੀ ਤਾਕਤਾਂ ਨੇ ਸਿੱਖ ਲਹਿਰ ਨੂੰ ਨਾ ਕੇਵਲ ਸੰਸਥਾਗਤ ਧਰਮ ਵਿੱਚ ਤਬਦੀਲ ਕਰਨ ਦਾ ਸਗੋਂ ਇਸ ਨੂੰ ਹਿੰਦੂ ਧਰਮ ਦੇ ਅਨੁਸਾਰੀ ਬਣਾ ਲੈਣ ਦਾ ਮੌਕਾ ਹਥਿਆ ਲਿਆ। ਅਠਾਰ੍ਹਵੀਂ ਸਦੀ ਈਸਵੀ ਵਿੱਚ ਮੁਗਲ ਹਕੂਮਤ ਕਮਜ਼ੋਰ ਪੈਣ ਅਤੇ ਸਿੱਖ ਮਿਸਲਾਂ ਦੇ ਹੱਥ ਰਾਜ-ਭਾਗ ਆਉਣ ਨਾਲ ਇਸ ਲਹਿਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਅੰਗਰੇਜ਼ਾਂ ਦੇ ਆਉਣ ਨਾਲ ਸਿੱਖੀ ਮਿਸ਼ਨ ਵਿੱਚ ਏਜੰਸੀਆਂ ਰਾਹੀਂ ਘੁਸ-ਪੈਠ ਕਰ ਕੇ ਇਸ ਨੂੰ ਹੋਰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਦਾ ਦੌਰ ਸ਼ੁਰੂ ਹੋਇਆ ਜੋ ਕਾਮਯਾਬੀ ਨਾਲ ਚਲਦਾ ਆ ਰਿਹਾ ਹੈ। ਸਿੱਖ ਮੱਤ ਦਾ ਨਿਘਾਰ ਐਸ ਵੇਲੇ ਚਰਮ-ਸੀਮਾਂ ਤੇ ਹੈ ਅਤੇ ਇਸ ਨੂੰ ਨਿਰੋਲ ‘ਮਾਨਵਵਾਦ’ ਦੇ ਮਿਸ਼ਨ ਦੇ ਤੌਰ ਤੇ ਪੁਨਰਜਾਗ੍ਰਿਤ ਕਰਨ ਨਾਲ ਹੀ ਇਸ ਵਿੱਚ ਸੁਧਾਰ ਲਿਆਉਣਾ ਸੰਭਵ ਹੋ ਸਕਦਾ ਹੈ।

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਫੋਨ: 09317910734




.