.

ਮੁਕਤੀ

ਕਹਿਰਾਂ ਦੀ ਗਰਮੀ ਸੀ ਤੇ ਉਪਰੋਂ ਬਿਜਲੀ ਵੀ ਨਦਾਰਦ। ਵਿਆਹ ਵਾਲੇ ਘਰ ਦੇ ਡਰਾਇੰਗ-ਰੂਮ ਵਿੱਚ ਬੈਠੇ ਸਭ ਬਿਜਲੀ ਨੂੰ ਕੋਸ ਰਹੇ ਸਨ। ਕੋਈ ਭਾਰਤ ਦੀ ਵਧ ਰਹੀ ਆਬਾਦੀ ਨੂੰ ਦੋਸ਼ੀ ਠਹਿਰਾ ਰਿਹਾ ਸੀ ਤੇ ਕੋਈ ਸਿਸਟਮ ਦੁਆਲੇ ਘੋਟਣਾ ਲਈ ਫਿਰਦਾ ਸੀ। ਸਾਰੇ ਹੀ ਗਰਮ ਹੋ ਰਹੇ ਸਨ। ਮੈਂ ਹੱਸਦਿਆਂ ਕਿਹਾ, “ਛੱਡੋ ਯਾਰ, ਗਰਮੀ ਤਾਂ ਪਹਿਲਾਂ ਈ ਵੱਟ ਕੱਢੀ ਜਾਂਦੀ ਆ ਤੇ ਉਤੋਂ ਤੁਸੀਂ ਕਮਰੇ ਦਾ ਟੈਂਪਰੇਚਰ ਹੋਰ ਵਧਾਈ ਜਾਂਦੇ ਹੋ”।
ਅਸੀਂ ਗੱਲਾਂ ਕਰ ਹੀ ਰਹੇ ਸਾਂ ਕਿ ਘਰ ਦੇ ਬਾਹਰ ਇੱਕ ਥ੍ਰੀ-ਵੀਲ੍ਹਰ ਰੁਕਿਆ ਤੇ ਉਸ ਵਿਚੋਂ ਸੱਤਰ ਕੁ ਸਾਲ ਦਾ ਮਧਰੇ ਜਿਹੇ ਕੱਦ ਦਾ ਇੱਕ ਬਜ਼ੁਰਗ ਉੱਤਰਿਆ ਤੇ ਸੋਟੀ ਦੇ ਸਹਾਰੇ ਡਰਾਇੰਗ-ਰੂਮ ਵਲ ਵਧਿਆ। ਦਰਵਾਜ਼ਾ ਕਿਉਂਕਿ ਖੁੱਲ੍ਹਾ ਹੀ ਸੀ, ਅੰਦਰ ਵੜਦਿਆਂ ਹੀ ਉਹ ਸੋਫ਼ੇ ਉਪਰ ਡਿਗ ਪਿਆ, ਉਹਨੇ ਆਪਣੀ ਪੱਗ ਉਤਾਰ ਕੇ ਇੱਕ ਪਾਸੇ ਰੱਖੀ ਤੇ ਪਾਣੀ ਦਾ ਗਿਲਾਸ ਮੰਗਿਆ। ਉਹ ਗਰਮੀ ਨਾਲ ਹਫ਼ਿਆ ਪਿਆ ਸੀ। ਪਾਣੀ ਪੀ ਕੇ ਉਹਨੂੰ ਜ਼ਰਾ ਸੁਰਤ ਆਈ ਤੇ ਉਹਨੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਈ।
ਇਹ ਬਜ਼ੁਰਗ, ਘਰ ਵਾਲਿਆਂ ਦਾ ਰਿਸ਼ਤੇਦਾਰ ਸੀ। ਅਸੀਂ ਉਹਨੂੰ ਉਹਦੀ ਰਾਜ਼ੀ ਖ਼ੁਸ਼ੀ ਪੁੱਛੀ। ਬਿਜਲੀ ਦੇ ਹੱਥੋਂ ਉਹ ਵੀ ਬਹੁਤ ਦੁਖੀ ਸੀ, ਪਹਿਲਾ ਤੋੜਾ ਉਹਨੇ ਬਿਜਲੀ ਵਾਲਿਆਂ ਸਿਰ ਹੀ ਝਾੜਿਆ। ਉਸ ਨੇ ਮੇਰਾ ਤੇ ਮੇਰੇ ਪਰਿਵਾਰ ਦਾ ਉਚੇਚਾ ਹਾਲ ਚਾਲ ਪੁੱਛਿਆ ਕਿਉਂਕਿ ਮੈਂ ਇਸ ਬਜ਼ੁਰਗ ਨੂੰ ਦੋ ਤਿੰਨ ਵਾਰੀ ਇੰਗਲੈਂਡ ਵਿੱਚ ਵੀ ਵਿਆਹਾਂ ਸ਼ਾਦੀਆਂ ਦੇ ਮੌਕਿਆਂ `ਤੇ ਮਿਲ ਚੁੱਕਾ ਸਾਂ। ਮੈਂ ਜਦੋਂ ਉਚੇਚ ਨਾਲ ਉਸ ਦੀ ਤੇ ਉਸ ਦੇ ਪਰਿਵਾਰ ਦੀ ਸੁਖ-ਸਾਂਦ ਪੁੱਛੀ ਤਾਂ ਉਹ ਬੜੇ ਰੁਆਂਸੇ ਹੋਏ ਗਲ਼ੇ ਨਾਲ ਬੋਲਿਆ,
“ਕਾਕਾ, ਇਹ ਮੇਰਾ ਤੀਜਾ ਗੇੜੈ ਇੰਡੀਆ ਦਾ ਇਸ ਸਾਲ, ਰੱਬ ਈ ਰਾਖੈ ਹੁਣ ਏਸ ਮੁਲਕ ਦਾ, ਰਿਸ਼ਵਤਾਂ ਖੁਆ ਕੇ ਵੀ ਇਥੇ ਕੋਈ ਕੰਮ ਨਹੀਂ ਹੁੰਦਾ, ਹੱਡ- ਗੋਡੇ ਰਗੜਾ ਕੇ ਦਫ਼ਤਰਾਂ `ਚ ਜਾਉ ਤਾਂ ਪਤਾ ਲੱਗੂ ਪਈ ਅਫ਼ਸਰ ਹੀ ਗ਼ਾਇਬ ਐ, ਤਰੀਕਾਂ ਤੇ ਤਰੀਕਾਂ ਪਾਈ ਜਾਂਦੇ ਐ”, ਉਹਨੇ ਆਪਣੇ ਦਿਲ ਦੀ ਭੜਾਸ ਕੱਢੀ।
ਦੋ ਕੁ ਸਾਲ ਹੋਏ ਇਸ ਬਜ਼ੁਰਗ ਨੇ ਇੰਗਲੈਂਡ ਵਿੱਚ ਇੱਕ ਵਿਆਹ ਉੱਪਰ ਪੰਜਾਬ ਵਿੱਚ ਆਪਣੇ ਕਿਰਾਏਦਾਰਾਂ ਨਾਲ ਚਲ ਰਹੇ ਕੇਸ ਦੀ ਕਹਾਣੀ ਮੈਨੂੰ ਸੁਣਾਈ ਸੀ ਕਿ ਕਿਵੇਂ ਉਹ ਉਸ ਦੀ ਜਾਇਦਾਦ ਸਾਂਭੀ ਬੈਠੇ ਸਨ। ਮੈਨੂੰ ਯਾਦ ਸੀ ਕਿ ਮੈਂ ਉਹਦੇ ਕਹਿਣ `ਤੇ ਉਹਨੂੰ ਕੁੱਝ ਸਲਾਹ-ਮਸ਼ਵਰਾ ਵੀ ਦਿਤਾ ਸੀ। ਫਿਰ ਕੁੱਝ ਦੇਰ ਬਾਅਦ ਬਜ਼ੁਰਗ ਦੇ ਇੱਕ ਰਿਸ਼ਤੇਦਾਰ ਤੋਂ ਮੈਨੂੰ ਪਤਾ ਲੱਗਿਆ ਸੀ ਕਿ ਇੱਕ ਪ੍ਰਾਪਰਟੀ ਏਜੰਟ ਮਾਰਕੀਟ ਰੇਟ ਤੋਂ ਪੰਜ ਲੱਖ ਘੱਟ `ਤੇ ਬਜ਼ੁਰਗ ਨਾਲ ਸੌਦਾ ਕਰਦਾ ਸੀ ਤੇ ਜਿਸ ਵੀ ਹਾਲਤ ਵਿੱਚ ਪ੍ਰਾਪਰਟੀ ਸੀ ਉਸੇ ਵਿੱਚ ਹੀ ਖ਼ਰੀਦਦਾ ਸੀ ਪਰ ਬਜ਼ੁਰਗ ਇੱਕ ਆਨਾ ਵੀ ਛੱਡਣ ਨੂੰ ਤਿਆਰ ਨਹੀਂ ਸੀ ਤੇ ਇਹ ਗੱਲ ਸਿਰੇ ਨਹੀਂ ਸੀ ਚੜ੍ਹੀ।
ਸੋ ਅੱਜ ਗੱਲ ਚੱਲੀ `ਤੇ ਮੈਂ ਹੌਸਲਾ ਕਰ ਕੇ ਉਸ ਤੋਂ ਪੁੱਛ ਹੀ ਲਿਆ, “ਬਜ਼ੁਰਗੋ, ਪਤਾ ਲੱਗਿਆ ਸੀ ਕਿ ਇੱਕ ਪ੍ਰਾਪਰਟੀ ਏਜੰਟ ਤੁਹਾਡੇ ਨਾਲ ਸੌਦਾ ਕਰਨਾ ਚਾਹੁੰਦਾ ਸੀ, ਉਹਦਾ ਕੀ ਬਣਿਆ?”
“ਕਾਕਾ ਜੀ, ਉਹ ਵਿਚੋਂ ਪੈਸੇ ਬਹੁਤ ਮੁੱਛਦਾ ਸੀ, ਪੂਰਾ ਪੰਜ ਲੱਖ। ਪੰਜ ਲੱਖ ਤਾਂ ਕਾਕਾ ਠੀਕਰੀਆਂ ਨਈਂ ‘ਕੱਠੀਆਂ ਹੁੰਦੀਆਂ, ਇਹ ਤਾਂ ਰੁਪੱਈਏ ਆ, ਲਹੂ ਪਸੀਨਾ ਇੱਕ ਕਰ ਕੇ ਇਹ ਮਕਾਨ ਤੇ ਦੁਕਾਨਾਂ ਬਣਾਈਆਂ ਸਨ। ‘ਕੱਠਾ ਈ ਪੰਜ ਲੱਖ ਦਾ ਘਾਟਾ ਕਿਵੇਂ ਖਾ ਲਈਏ”। ਮੈਨੂੰ ਬਜ਼ੁਰਗ ਦੇ ਚਿਹਰੇ ਉਪਰ ਅੰਗਰੇਜ਼ੀ ਦਾ ਵੱਡਾ ਸਾਰਾ ‘ਨੋ’ ਉਕਰਿਆ ਹੋਇਆ ਦਿਸਿਆ। ਮੈਂ ਕਿਹਾ,
“ਪਰ ਬਜ਼ੁਰਗੋ, ਤੁਹਾਡੀ ਸਾਰੀ ਸਿਰਦਰਦੀ ਵੀ ਤਾਂ ਮੁੱਕਦੀ ਐ, ਹੁਣੇ ਹੀ ਤੁਸੀਂ ਕਹਿ ਕੇ ਹਟੇ ਹੋ ਕਿ ਤੁਹਾਡਾ ਐਹ ਤੀਜਾ ਗੇੜਾ ਇੰਡੀਆ ਦਾ ਇਸ ਸਾਲ ਵਿੱਚ ਤੇ ਨਾਲ ਈ ਕਹਿੰਦੇ ਹੋ ਕਿ ਇਥੇ ਕੋਈ ਕੰਮ ਰਿਸ਼ਵਤ ਦੇ ਕੇ ਵੀ ਨਹੀਂ ਹੁੰਦਾ। ਸੱਚੀ ਗੱਲ ਤਾਂ ਇਹ ਆ ਬਜ਼ੁਰਗੋ ਕਿ ਬਾਹਰੇ ਮੁਲਕਾਂ `ਚ ਜੇਹੜੇ ਲੋਕ ਟਾਹਰਾਂ ਮਾਰਦੇ ਆ ਪਈ ਭਾਰਤ ਵਿੱਚ ਸਰਕਾਰੇ ਦਰਬਾਰੇ ਉਨ੍ਹਾਂ ਦੀ ਬੜੀ ਚਲਦੀ ਆ, ਇਥੇ ਦੀ ਅਫ਼ਸਰਸ਼ਾਹੀ ਤਾਂ ਉਨ੍ਹਾਂ ਨੂੰ ਵੀ ਟਿੱਚ ਕਰ ਕੇ ਜਾਣਦੀ ਐ, ਹਮ੍ਹਾਤੜ ਤਮ੍ਹਾਤੜ ਨੂੰ ਤਾਂ ਮੂਲੀਆਂ ਵੱਟੇ ਵੀ ਨਈਂ ਕੋਈ ਪੁੱਛਦਾ ਏਥੇ,” ਮੈਂ ਗੱਲਬਾਤ ਨੂੰ ਜ਼ਰਾ ਸੁਆਦਲੀ ਬਣਾਉਂਦਿਆਂ ਕਿਹਾ।
“ਉਹ ਤਾਂ ਗੱਲ ਠੀਕ ਐ ਕਾਕਾ ਜੀ, ਪਰ ਐਨੀ ਵੱਡੀ ਰਕਮ ਵੀ ਤਾਂ ਨਹੀਂ ਨਾ ਛੱਡੀ ਜਾਂਦੀ, ਕੋਈ ਨਈਂ ਥੋੜ੍ਹਾ ਟੈਮ ਹੋਰ ਲੱਗ ਜਾਊ, ਸਾਨੂੰ ਇੱਕ ਬੰਦਾ ਟੱਕਰ ਗਿਐ ਹੁਣ, ਬੜੀ ਪਹੁੰਚ ਐ ਉਹਦੀ,” ਏਨੀ ਗੱਲ ਕਹਿ ਕੇ ਉਹ ਆਪਣੀਆਂ ਐਨਕਾਂ ਦੇ ਸ਼ੀਸ਼ੇ ਸਾਫ਼ ਕਰਨ ਲੱਗ ਪਿਆ। ਮੈਂ ਦੇਖ਼ ਰਿਹਾ ਸਾਂ ਕਿ ਉਹ ਆਪਣੇ ਮਨ ਨੂੰ ਝੂਠੀ ਤਸੱਲੀ ਹੀ ਦੇ ਰਿਹਾ ਸੀ, ਉਹਦੇ ਚਿਹਰੇ `ਤੇ ਸਿਵਾਏ ਮਾਯੂਸੀ ਦੇ ਹੋਰ ਕੁੱਝ ਵੀ ਨਹੀਂ ਸੀ ਪੜ੍ਹਿਆ ਜਾ ਰਿਹਾ।
ਮੈਨੂੰ ਇਹ ਵੀ ਪਤਾ ਸੀ ਕਿ ਸਸਤੇ ਸਮਿਆਂ ਵਿੱਚ ਇਸ ਬਜ਼ੁਰਗ ਨੇ ਇਹ ਜਾਇਦਾਦ ਤਕਰੀਬਨ ਸੱਠ ਕੁ ਹਜ਼ਾਰ ਰੁਪਇਆਂ `ਚ ਬਣਾ ਲਈ ਸੀ ਤੇ ਹੁਣ ਇਸ ਦੀ ਮਾਰਕੀਟ ਕੀਮਤ ਸੱਠ ਲੱਖ ਰੁਪਏ ਪੈ ਰਹੀ ਸੀ। ਯਾਨੀ ਕਿ ਕੀਮਤ ਸੌ ਗੁਣਾ ਵਧ ਗਈ ਸੀ, ਤੇ ਉਹ ਉਦੋਂ ਤੋਂ ਲੈ ਕੇ ਪ੍ਰਾਪਰਟੀ ਦਾ ਕਿਰਾਇਆ ਵੀ ਖਾਂਦਾ ਆ ਰਿਹਾ ਸੀ। ਬਜ਼ੁਰਗ ਨੂੰ ਪ੍ਰਾਪਰਟੀ ਦੀ ਕੀਮਤ ਸੌ ਗੁਣਾ ਵਧੀ ਹੋਈ ਨਹੀਂ ਸੀ ਦਿਸ ਰਹੀ ਤੇ ਨਾ ਹੀ ਉਹ ਅੱਜ ਤੱਕ ਖਾਧੇ ਹੋਏ ਕਿਰਾਏ ਨੂੰ ਗਿਣ ਰਿਹਾ ਸੀ। ਮੈਨੂੰ ਉਹਦੀ ਦਸ਼ਾ ਉਸ ਬਾਂਦਰ ਵਰਗੀ ਜਾਪੀ ਜੋ ਲਾਲਚ ਵਸ ਮਿੱਟੀ ਦੀ ਕੁੱਜੀ ਵਿੱਚ ਫ਼ਸਾਈ ਹੋਈ ਖਿੱਲਾਂ ਦੀ ਮੁੱਠ ਨਹੀਂ ਛੱਡਦਾ ਤੇ ਅਖ਼ੀਰ ਸ਼ਿਕਾਰੀ ਦੇ ਕਾਬੂ ਆ ਜਾਂਦਾ ਹੈ। ਡਰਾਇੰਗ-ਰੂਮ ਵਿੱਚ ਹੁਣ ਪੰਜ ਚਾਰ ਸੱਜਣ ਹੋਰ ਵੀ ਆ ਬੈਠੇ ਸਨ। ਸਾਰੇ ਹੀ ਗੱਲਬਾਤ ਵਿੱਚ ਕਾਫ਼ੀ ਦਿਲਚਸਪੀ ਲੈ ਰਹੇ ਸਨ। ਮੈਂ ਇੱਕ ਸੱਜਣ ਨੂੰ ਮੁਖ਼ਾਤਿਬ ਹੋ ਕੇ ਕਹਿਣਾ ਸ਼ੁਰੂ ਕੀਤਾ, “ਦਿੱਲੀ ਦੇ ਇੱਕ ਬੜੇ ਵੱਡੇ ਠੇਕੇਦਾਰ ਦਾ ਇੱਕ ਮਿੱਤਰ ਸੀ ਜੋ ਕਿ ਬੜੀ ਉੱਚੀ ਆਤਮਿਕ ਅਵਸਥਾ ਵਾਲਾ ਸੀ। ਇੱਕ ਵਾਰੀ ਉਹ ਵਿਅਕਤੀ ਆਪਣੇ ਠੇਕੇਦਾਰ ਦੋਸਤ ਨੂੰ ਮਿਲਣ ਆਇਆ ਤਾਂ ਠੇਕੇਦਾਰ ਦਾ ਉੱਤਰਿਆ ਹੋਇਆ ਚਿਹਰਾ ਦੇਖ ਕੇ ਉਸ ਨੇ ਕਾਰਨ ਪੁੱਛਿਆ ਤਾਂ ਉਹ ਬੋਲਿਆ, “ਕੀ ਦੱਸਾਂ ਯਾਰ, ਕੰਮ ਵਿੱਚ ਘਾਟਾ ਪੈ ਗਿਐ”।
ਦੋਸਤ ਬੋਲਿਆ “ਪਰ ਤੂੰ ਤਾਂ ਬਹੁਤ ਹੰਢਿਆ ਹੋਇਆ ਤੇ ਤਜਰਬੇਕਾਰ ਠੇਕੇਦਾਰ ਐਂ ਯਾਰ, ਤੈਨੂੰ ਘਾਟਾ ਕਿਵੇਂ ਪੈ ਗਿਐ, ਜ਼ਰਾ ਵਿਸਥਾਰ ਨਾਲ ਦੱਸ”।
ਨੇੜੇ ਹੀ ਠੇਕੇਦਾਰ ਦੀ ਘਰ ਵਾਲੀ ਬੈਠੀ ਸੀ। ਠੇਕੇਦਾਰ ਦੀ ਬਜਾਇ ਉਸ ਨੇ ਜਵਾਬ ਦਿੱਤਾ ਤੇ ਬੋਲੀ, “ਗੱਲ ਦਰਅਸਲ ਭਰਾ ਜੀ ਇਹ ਐ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਸਰਕਾਰੀ ਠੇਕਾ ਲਿਆ ਸੀ ਤੇ ਉਸ ਵਿਚੋਂ ਚਾਲੀ ਲੱਖ ਦਾ ਮੁਨਾਫ਼ਾ ਕਿਆਸਿਆ ਸੀ ਪਰ ਇਹਨਾਂ ਨੂੰ ਉਸ ਠੇਕੇ ਵਿਚੋ ਸਿਰਫ਼ ਪੈਂਤੀ ਲੱਖ ਹੀ ਬਚਿਐ, ਪੰਜ ਲੱਖ ਦਾ ਘਾਟਾ ਪੈ ਗਿਐ ਜੀ”।
ਮੈਂ ਜਦੋਂ ਇਹ ਕਹਾਣੀ ਸੁਣਾ ਰਿਹਾ ਸਾਂ ਤਾਂ ਮੈਂ ਨੋਟ ਕੀਤਾ ਕਿ ਬਜ਼ੁਰਗ ਅੱਖਾਂ ਬੰਦ ਕਰ ਕੇ ਬੜੇ ਧਿਆਨ ਨਾਲ ਸੁਣ ਰਿਹਾ ਸੀ।
ਵਿਆਹ ਤੋਂ ਬਾਅਦ ਮੈਂ ਦੋ ਕੁ ਹਫ਼ਤਿਆਂ ਲਈ ਆਪਣੇ ਪਿੰਡ ਨੂੰ ਚਲਿਆ ਗਿਆ। ਵਾਪਿਸੀ `ਤੇ ਫੇਰ ਮੈਂ ਵਿਆਹ ਵਾਲਿਆਂ ਦੇ ਘਰੋਂ ਹੋ ਕੇ ਇੰਗਲੈਂਡ ਨੂੰ ਫ਼ਲਾਈਟ ਫੜਨੀ ਸੀ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਘਰ ਵਾਲਿਆਂ ਨੇ ਦੱਸਿਆ ਕਿ ਉਸ ਬਜ਼ੁਰਗ ਨੇ ਉਹਨਾਂ ਨੂੰ ਟੈਲੀਫ਼ੂਨ ਕਰ ਕੇ ਮੇਰੇ ਆਉਣ ਬਾਰੇ ਪੁੱਛਿਆ ਸੀ ਤੇ ਉਹਨਾਂ ਨੇ ਬਜ਼ੁਰਗ਼ ਨੂੰ ਮੇਰੇ ਆਉਣ ਬਾਰੇ ਦੱਸ ਦਿੱਤਾ ਸੀ। ਬਜ਼ੁਰਗ਼ ਮੈਨੂੰ ਮਿਲਣਾ ਚਾਹੁੰਦਾ ਸੀ।
ਘਰ ਵਾਲਿਆਂ ਨੇ ਬਜ਼ੁਰਗ਼ ਨੂੰ ਫੂਨ ਕਰ ਕੇ ਦੱਸ ਦਿੱਤਾ ਕਿ ਮੈਂ ਪਹੁੰਚ ਗਿਆ ਸਾਂ। ਉਹ ਘੰਟੇ ਕੁ ਬਾਅਦ ਹੀ ਆ ਪਹੁੰਚਿਆ। ਮੈਨੂੰ ਇਹ ਦੇਖ਼ ਕੇ ਬੜੀ ਹੈਰਾਨੀ ਹੋਈ ਕਿ ਅੱਜ ਉਹਦਾ ਚਿਹਰਾ ਖਿੜਿਆ ਹੋਇਆ ਸੀ ਤੇ ਜਿਸ ਸੋਟੀ ਦੇ ਸਹਾਰੇ ਉਹ ਬੜੀ ਮੁਸ਼ਕਿਲ ਨਾਲ ਤੁਰਦਾ ਸੀ ਅੱਜ ਉਹੋ ਹੀ ਸੋਟੀ ਉਹਨੇ ਕੱਛ ਵਿੱਚ ਦਿਤੀ ਹੋਈ ਸੀ। ਉਹਨੇ ਬੜੇ ਤਪਾਕ ਨਾਲ ਮੇਰੇ ਨਾਲ ਹੱਥ ਮਿਲਾਇਆ ਤੇ ਕਹਿਣ ਲੱਗਾ, “ਕਾਕਾ ਜੀ, ਚੁਰਾਸੀ ਵਾਲੀ ਮੁਕਤੀ ਦਾ ਤਾਂ ਮੈਨੂੰ ਪਤਾ ਨਈਂ ਪਈ ਮਿਲੂ ਕਿ ਨਹੀਂ ਪਰ ਇੰਗਲੈਂਡ ਤੇ ਇੰਡੀਆ ਦੇ ਚੱਕਰਾਂ ਤੋਂ ਮੈਨੂੰ ਮੁਕਤੀ ਮਿਲ ਗਈ ਐ, ਮੈਂ ਉਸੇ ਏਜੰਟ ਨਾਲ ਸੌਦਾ ਕਰ ਲਿਐ”।
ਮੈਂ ਦੇਖਿਆ ਕਿ ਉਹਦੇ ਚਿਹਰੇ ਉਪਰ ਇੱਕ ਅਜੀਬ ਕਿਸਮ ਦੀ ਸ਼ਾਂਤੀ ਸੀ।


ਨਿਰਮਲ ਸਿੰਘ ਕੰਧਾਲਵੀ
.