.

ਖਾਲਸਾ ਗੁਣੀ ਨਿਧਾਨ

ਗੁਰਬਾਣੀ ਦਰਪਣ ਵਿੱਚ “ਖਾਲਸਾ” ਸ਼ਬਦ ਦੇ ਅਰਥ “ਆਜ਼ਾਦ” ਕੀਤੇ ਗਏ ਹਨ ਤੇ ਮਹਾਨ ਕੋਸ਼ ਵਿੱਚ ਇਸ ਦੇ ਅਰਥ “ਸ਼ੁੱਧ, ਨਿਰਮਲ ਜਾਂ ਪਵਿਤ੍ਰ ਵੀ ਕੀਤੇ ਗਏ ਹਨ। “ਖਾਲਸਾ” ਸਬਦ ਦੀ ਵਰਤੋਂ ਕਬੀਰ ਜੀ ਦੀ ਬਾਣੀ ਵਿੱਚ ਆਈ ਹੈ। ਪਰਿਉ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (654)। ਭਾਵ: ਸਾਰੇ ਜਗਤ ਤੇ ਕਾਲ ਦਾ ਸਹਿਮ (ਡਰ) ਹੈ ਤੇ ਭਰਮਾ ਵਿੱਚ ਫਸੇ (ਅਖੌਤੀ) ਗਿਆਨੀ ਵੀ ਇਸ ਦੀ ਲਪੇਟ ਤੋਂ ਨਹੀ ਬਚ ਸਕੇ। ਉਹੀ ਮਨੁੱਖ (ਮੌਤ ਦੇ ਡਰ ਤੋਂ) ਆਜ਼ਾਦ (ਮੁਕਤ) ਹਨ ਜਿਨ੍ਹਾ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਸਮਝ ਲਈ। ਗੁਰੂ ਦੀ ਸਿਖਿਆ ਦੁਆਰਾ ਮਨ ਦਾ, ਮੋਹ ਮਾਇਆ ਦੇ ਲੇਪ ਤੋਂ, ਆਜ਼ਾਦ ਜਾਂ ਮੁਕਤ ਹੋ ਜਾਣਾ ਹੀ ਮਨ ਦੀ ਪਵਿੱਤ੍ਰਤਾ ਹੈ ਤੇ ਇਹੀ ਪਰਮਾਤਮਾ (ਜਾਂ ਗੁਰੂ) ਦੀ ਪ੍ਰੇਮਾ ਭਗਤੀ ਹੈ। ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥ ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਹੁ॥ (219)। ਭਾਵ: ਹੰਕਾਰ ਤੇ ਮੋਹ ਮਾਇਆ ਨੂੰ ਦੂਰ ਕਰਕੇ (ਆਜ਼ਾਦ ਜਾਂ ਮੁਕਤ ਹੋ ਕੇ) ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿੱਚ ਜੋੜੀ ਰੱਖੋ। ਨਾਨਕ ਆਖਦਾ ਹੈ, ਵਿਕਾਰਾਂ ਤੋਂ ਖਲਾਸੀ (ਆਜ਼ਾਦੀ) ਪ੍ਰਾਪਤ ਕਰਨ ਦਾ ਇਹੀ ਰਸਤਾ ਹੈ ਪਰ ਗੁਰੂ ਦੀ ਸਰਨ ਪੈ ਕੇ (ਗੁਰੂ ਦੇ ਉਪਦੇਸ਼ ਤੇ ਚਲ ਕੇ) ਹੀ ਇਹ ਰਸਤਾ ਲਭਿਆ ਜਾ ਸਕਦਾ ਹੈ।

 ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ (229)। ਭਾਵ: ਜਿਨ੍ਹਾ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਤੇ ਅਕਲ-ਹੀਨ ਕਰ ਦਿੱਤਾ ਹੈ ਉਹਨਾ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀ। ਗੁਰੂ ਦੀ ਸ਼ਰਨ ਤੋਂ ਬਿਨਾ ਉਹਨਾ ਨੂੰ ਜੀਵਨ ਦਾ ਸਹੀ ਰਸਤਾ ਨਹੀ ਲੱਭ ਸਕਦਾ, ਸਹੀ ਜੀਵਨ ਰਾਹ ਦੇ ਰਾਹੀ ਦਾ ਉਹਨਾ ਨਾਲ ਕਿਸੇ ਤਰਾਂ ਵੀ ਸਾਥ ਨਹੀ ਨਿਭ ਸਕਦਾ। ਸੋ ਜੀਵਨ ਦੇ ਸਹੀ ਰਾਹ (ਗੁਰਬਾਣੀ ਤੇ) ਚਲਿਆਂ ਹੀ ਮੋਹ ਮਾਇਆ ਤੋਂ ਮੁਕਤ (ਆਜ਼ਾਦ) ਹੋਇਆ ਜਾ ਸਕਦਾ ਹੈ ਤੇ ਇਹੀ ਮਨ ਦੀ ਸ਼ੁੱਧਤਾ, ਨਿਰਮਲਤਾ ਜਾਂ ਪਵਿਤ੍ਰਤਾ ਹੈ। ਗੁਰਬਾਣੀ ਤੇ ਚਲਿਆਂ ਜਿਥੇ ਮਨ ਨੇ ਸ਼ੁੱਧ ਹੋਣਾ ਹੈ ਉਥੇ ਗੁਣਾ ਦੀ ਪ੍ਰਾਪਤੀ ਵੀ ਹੋਵੇਗੀ। ਸਰਬ ਗੁਣਾ ਤਾ ਕੈ ਬਹੁਤ ਨਿਧਾਨੁ॥ ਜਾ ਕਉ ਸਤਿਗੁਰਿ ਦੀਉ ਨਾਮੁ॥ (1143)। ਗੁਰੂ ਦੀ ਬਾਣੀ ਹੀ ਨਾਮ ਹੈ। ਸਚੁ ਬਾਣੀ ਸਚੁ ਸਬਦ ਹੈ ਜਾ ਸਚਿ ਧਰੇ ਪਿਆਰੁ॥ ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰੁ॥ (33)। ਗੁਰੂ ਦੇ ਸ਼ਬਦ (ਗੁਰਬਾਣੀ) ਰਾਹੀ ਅੰਦਰੋਂ ਹਉਮੈ ਤੇ ਕ੍ਰੋਧ ਦੂਰ ਕਰਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ। ਜਿਸਦੇ ਮਨ ਵਿੱਚ ਨਾਮ ਆ ਵਸੇ ਉਹ ਗੁਣੀ ਨਿਧਾਨ ਤੇ ਖਾਲਸਾ (ਸ਼ੁੱਧ, ਪਵਿਤ੍ਰ) ਹੋ ਜਾਂਦਾ ਹੈ। ਇਸ ਲਈ “ਖਾਲਸਾ ਪੰਥ” ਵਿਕਾਰਾਂ ਤੋਂ ਮੁਕਤੀ ਦਾ ਉਹ ਰਾਹ ਹੈ ਜਿਸਤੇ ਚਲਦਿਆਂ ਮਨੁੱਖ ਦਾ ਮਨ ਨਿਰਮਲ, ਸ਼ੁੱਧ ਜਾਂ ਪਵਿਤ੍ਰ ਤੇ ਗੁਣੀ ਨਿਧਾਨ ਹੋ ਜਾਂਦਾ ਹੈ। “ਖਾਲਸਾ ਪੰਥ” ਜਾਂ “ਨਿਰਮਲ ਪੰਥ” ਦਾ ਪਾਂਧੀ (ਖਾਲਸਾ) ਹੋਣ ਲਈ ਅੰਮ੍ਰਿਤ ਛਕਣਾ ਵੀ ਅਤਿ ਜ਼ਰੂਰੀ ਹੈ। ਅੰਮ੍ਰਿਤ ਛਕੇ ਬਿਨਾ ਖਾਲਸਾ ਨਹੀ ਹੋਇਆ ਜਾ ਸਕਦਾ। ਗੁਰ ਫੁਰਮਾਨ ਹੈ:

 (1) ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ॥ ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ॥ (35)। ਭਾਵ: ਸਤਿਗੁਰੂ ਦਾ ਸ਼ਬਦ (ਗੁਰਬਾਣੀ) ਇੱਕ (ਐਸਾ ਆਤਮਕ ਜੀਵਨ ਦੇਣ ਵਾਲਾ) ਅੰਮ੍ਰਿਤ ਹੈ ਜਿਸ ਦੇ ਪੀਤਿਆਂ (ਮੋਹ ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਤੇ ਮਨ ਅਡੋਲ ਹੋ ਕੇ ਸਦਾ-ਥਿਰ ਪਰਮਾਤਮਾ ਵਿੱਚ ਰੰਗਿਆ ਜਾਂਦਾ ਹੈ ਤੇ ਉਸ ਵਿੱਚ ਲੀਨ ਰਹਿੰਦਾ ਹੈ। (2) ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ॥ ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ॥ (538)। ਭਾਵ: ਹੇ ਮੇਰੀ ਸੋਹਣੀ ਜਿੰਦੇ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਗੁਰੂ ਦੀ ਮਤ ਉਤੇ ਤੁਰਿਆਂ ਹੀ ਮਿਲਦਾ ਹੈ। ਹਉਮੈ ਤੇ ਮੋਹ ਮਾਇਆ ਜ਼ਹਿਰ ਹੈ ਜੋ ਅੰਮ੍ਰਿਤ ਪੀਣ ਨਾਲ ਲਹਿ ਜਾਂਦਾ ਹੈ। ਸਪਸ਼ਟ ਹੈ ਕਿ ਗੁਰੂ ਦੀ ਬਾਣੀ ਦਾ “ਅੰਮ੍ਰਿਤ” ਪੀ ਕੇ ਇਸੇ ਬਾਣੀ ਨੂੰ ਆਪਣੀ “ਰਹਿਤ ਮਰਯਾਦਾ” ਬਨਾਉਣ ਵਾਲਾ ਖਾਲਸਾ ਹੈ। ਗੁਰ ਫੁਰਮਾਨ ਹੈ: ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥ ਅੇਸੀ ਰਹਤ ਰਹਉ ਹਰਿ ਪਾਸਾ॥ (327)। ਭਾਵ: ਪ੍ਰਭੂ ਦੇ ਚਰਨਾ ਵਿੱਚ ਜੁੜਕੇ ਮੈ ਇਸ ਤਰਾਂ ਦੀ ਰਹਿਣੀ ਰਹਿ ਰਿਹਾ ਹਾਂ, ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼। (ਭਾਵ ਇਹਨਾ ਤੱਤਾਂ ਦੇ ਸ਼ੁਭ ਗੁਣਾਂ ਵਾਂਗ ਮੈ ਵੀ ਸ਼ੁਭ ਗੁਣ ਧਾਰਨ ਕੀਤੇ ਹਨ)। ਪਰ ਇਹ ਕੰਮ ਕੋਈ ਸੌਖਾ ਨਹੀ ਹੈ, ਬਹੁਤ ਕਠਨ ਹੈ। ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗੁ ਜਾਣਾ (918)। ਇਸ ਪੰਥ ਦਾ ਕੋਈ ਵਿਰਲਾ ਹੀ ਪਾਂਧੀ (ਖਾਲਸਾ) ਹੈ। ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ॥ (600)। ਬਾਹਰਲੇ ਦੁਨਿਆਵੀ ਰਸਤੇ ਦਾ ਸਫਰ, ਕਈ ਸਹੂਲਤਾਂ ਨਾਲ, ਸੌਖਾ ਬਣਾਇਆ ਜਾ ਸਕਦਾ ਹੈ ਪਰ “ਖਾਲਸਾ ਪੰਥ” (ਬਿਖੜਾ ਪੈਂਡਾ, ਅਵਘਟ ਘਾਟੀ) ਆਪ ਤੇ ਇਕੱਲਿਆ ਹੀ ਤਹਿ ਕਰਨਾ ਪੈਂਦਾ ਹੈ। ਰਸਮਾਂ ਨਾਲ ਤਾਂ ਹਰ ਕੋਈ ਖਾਲਸਾ ਬਣ ਸਕਦਾ ਤੇ ਬਣ ਰਿਹਾ ਹੈ, ਜੋ ਬੜਾ ਹੀ ਸੌਖਾ ਕੰਮ ਹੈ, ਪਰ ਗੁਰਮਤਿ ਅਨੁਸਾਰ ਖਾਲਸਾ ਕੋਈ ਵਿਰਲਾ ਹੀ ਬਣਦਾ ਹੈ। ਗੁਰ ਫੁਰਮਾਨ ਹੈ:

 ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣੁ ਨ ਕੀਜੈ॥ (1412)। ਭਾਵ: ਹੇ ਭਾਈ ਜੇ ਤੈਨੂੰ (ਪ੍ਰਭੂ- ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ ਤਾਂ ਆਪਣਾ ਸਿਰ ਤਲੀ ਉਤੇ ਰੱਖ ਕੇ ਮੇਰੀ ਗਲੀ ਵਿੱਚ ਆ। ਇਸ ਰਸਤੇ ਉਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ (ਜਦੋਂ) ਬਿਨਾ ਕਿਸੇ ਝਿਜਕ ਦੇ ਸਿਰ ਭੇਟ ਕੀਤਾ ਜਾਵੇ। ਸਿਰ ਭੇਟ ਕਰਨ ਤੋਂ ਭਾਵ ਆਪਾ ਸੌਂਪਣਾ ਹੈ ਜੋ ਕੇ ਬਹੁਤ ਕਠਨ ਕੰਮ ਹੈ। ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਅਪਨਾਉਣੀ ਪੈਂਦੀ ਹੈ। ਇਹ ਉਹੀ ਪ੍ਰੇਮਾ ਭਗਤੀ (ਪ੍ਰੇਮ ਦੀ ਖੇਡ) ਹੈ ਜੋ ਕਬੀਰ ਜੀ ਦੇ ਸ਼ਬਦ ਵਿੱਚ ਖਾਲਸਾ (ਆਜ਼ਾਦ, ਪਵਿਤ੍ਰ) ਹੋਣ ਲਈ ਹੈ ਅਤੇ ਇਹ ਆਤਮਕ ਕੰਮ ਕੋਈ ਸੌਖਾ ਕੰਮ ਨਹੀ ਹੈ। ਮਨੁੱਖ ਦੀ ਇਹ ਫਿਤਰਤ ਹੈ, ਕਿ ਹਰ ਦੁਨਿਆਵੀ ਔਖੇ ਕੰਮ ਦਾ ਇਹ ਕੋਈ ਨ ਕੋਈ ਸੌਖਾ ਹੱਲ ਲੱਭ ਹੀ ਲੈਂਦਾ ਹੈ ਤੇ ਇਹੀ ਇਸ ਨੇ ਆਤਮਕ ਕੰਮ “ਖਾਲਸਾ ਪੰਥ” ਨੂੰ ਸੌਖਾ ਬਨਾਉਣ ਲਈ ਵਰਤ ਲਿਆ। ਗੁਰੂ ਦੀ ਮਤ ਤੇ ਚਲ ਕੇ ਆਪਾ ਸੌਂਪਣ ਦੇ ਆਤਮਕ ਕਠਨ ਕੰਮ ਨੂੰ ਇਸ ਨੇ ਇੱਕ ਬਾਹਰਲਾ ਦੁਨਿਆਵੀ ਕਰਮ ਬਣਾ ਕੇ ਸੌਖਾ ਕਰ ਲਿਆ। ਹੁਣ ਖਾਲਸਾ ਬਣਨ ਵਿੱਚ ਕੋਈ ਕਠਨਾਈ ਨਹੀ। ਇੱਕ ਬਾਹਰਲੀ ਰਸਮ ਤੇ ਪਹਿਰਾਵੇ ਨਾਲ ਹੀ ਖਾਲਸਾ ਬਣਿਆ ਜਾ ਸਕਦਾ ਹੈ ਤੇ ਮਨ ਦੀ ਸਾਧਨਾ ਦੇ ਔਖੇ ਕੰਮ ਦੀ ਕੋਈ ਜ਼ਰੂਰਤ ਨਹੀ। ਇਹੀ ਇੱਕ ਕਾਰਨ ਹੈ ਕਿ ਅੱਜ ਖਾਲਸੇ ਦੀ ਗਿਣਤੀ ਤਾਂ ਵੱਧ ਗਈ ਪਰ ਵਿਚੋਂ ਗੁਣ ਅਲੋਪ ਹੋ ਗਏ। ਗੁਣਾ ਦੇ ਅਲੋਪ ਹੁੰਦਿਆਂ ਹੀ ਜਿੱਥੇ ਇਹ ਕਦੀ ਇੱਕ ਦੂਜੇ ਤੋਂ ਜਾਨ ਵਾਰਨ ਲਈ ਤਿਆਰ ਰਹਿੰਦਾ ਸੀ ਅੱਜ ਇੱਕ ਦੂਜੇ ਦੀ ਜਾਨ ਲੈਣ ਲਈ ਤਿਆਰ ਹੈ। “ਖਾਲਸਾ ਪੰਥ” ਤੋਂ ਇਹ ਉਦੋਂ ਹੀ ਥਿੜਕ ਗਿਆ ਜਦੋਂ ਇਸਨੇ ਗੁਰਬਾਣੀ (ਗੁਰੂ) ਨੂੰ ਧਰਮ ਅਸਥਾਨਾਂ ਤੋਂ ਨਿਕਾਲਾ ਦੇ ਕੇ ਆਤਮਕ ਕੰਮ ਨੂੰ ਇੱਕ ਬਾਹਰਲੀ ਰਸਮ ਬਣਾ ਦਿੱਤਾ। ਗੁਰੂ ਦੀ ਮਤ ਤੇ ਚਲਦਿਆਂ ਖਾਲਸਾ ਬੜਾ ਇਤਬਾਰ ਤੇ ਭਰੋਸੇਯੋਗ ਬਣ ਗਿਆ ਸੀ। ਇਤਿਹਾਸ ਗਵਾਹ ਹੈ ਕਿ ਇਸਦੀ ਦਿੱਤੀ ਗਵਾਹੀ ਸਰਕਾਰੀ ਕਚ੍ਹੈਰੀ ਵਿੱਚ ਪ੍ਰਤੱਖ ਸਬੂਤ ਮੰਨਿਆ ਜਾਂਦਾ ਸੀ ਪਰ ਅੱਜ ਗੁਰੂ ਨੂੰ ਵਿਸਾਰ ਕੇ ਇਤਨਾ ਬੇਇਤਬਾਰੀ ਹੋ ਗਿਆ ਕਿ ਆਪਣੇ ਹੀ ਇਸ ਤੇ ਭਰੋਸਾ ਨਹੀ ਕਰਦੇ। ਗਰੀਬਾਂ ਤੇ ਮਜ਼ਲੂਮਾਂ ਦੇ ਹੱਕਾਂ ਦੀ ਰਖਿਆ ਲਈ ਆਪਣੀ ਜਾਨ ਤੇ ਖੇਡ ਜਾਣਾ ਖਾਲਸੇ ਦਾ ਸੁਭਾਅ ਹੀ ਬਣ ਚੁਕਿਆ ਸੀ ਪਰ ਅੱਜ, ਗੁਰੂ ਨੂੰ ਵਿਸਾਰ ਕੇ, ਇਹ ਪਰਾਏ ਹੱਕ ਮਾਰਨ ਲਈ ਜੂਝਦਾ ਫਿਰਦਾ ਹੈ। ਪਰਤਨ ਤੇ ਪਰਧਨ ਦਾ ਭਰੋਸੇਦਾਰ ਰਖਿਅਕ, ਗੁਰਮਤਿ ਬਿਹੂਨ ਹੋ ਕੇ ਲੋਭੀ, ਕਾਮੀ ਤੇ ਬਿਭਚਾਰੀ ਬਣ ਬੈਠਾ ਹੈ। ਜਦੋਂ ਤਕ ਦੇ ਰਿਹਾ ਹੈ ਉਦੋਂ ਤਕ ਖਾਲਸਾ ਹੈ ਜਦੋਂ ਖੋਹਣ ਲਗ ਪਿਆ ਉਦੋਂ ਬਿਪਰਨ (ਉਲਟਾ) ਹੈ। ਜਿਸਦੇ ਮਨ ਨੂੰ ਜਾਗੀਰਾਂ ਤੇ ਸਰਦਾਰੀਆਂ ਦਾ ਲਾਲਚ ਨਾ ਡੁਲਾ ਸਕਿਆ, ਅੱਜ ਉਹ (ਗੁਰਮਤਿ ਬਿਹੂਨ ਹੋ ਕੇ) ਕੁਰਸੀ ਦੀ ਖਾਤਰ ਹਰ ਝੂਠ ਤੇ ਕੁਕਰਮ ਕਰਨ ਨੂੰ ਤਿਆਰ ਹੈ। ਜੋ ਛੂਤ ਛਾਤ, ਊਚ ਨੀਚ, ਰੰਗ ਰੂਪ, ਵੈਰ ਵਿਰੋਧਤਾ ਆਦਿਕ ਤੋਂ ਮੁਕਤੀ ਪਾ ਚੁਕਾ ਸੀ, ਅੱਜ ਉਹ (ਗੁਰ ਗਿਆਨ ਬਿਨਾ) ਘਿਰਨਾ ਵਸ ਤੇ ਪੱਖਪਾਤੀ ਹੋ ਕੇ ਆਪਣਿਆਂ ਨੂੰ ਹੀ ਛੇਕੀ ਜਾਂਦਾ ਹੈ। ਖਾਲਸੇ ਦੀ ਪਹਿਚਾਨ ਉਸਦਾ ਪਹਿਰਵਾ ਨਹੀ ਬਲਿਕੇ ਉਸਦੇ (ਗੁਰੂ ਬਖਸ਼ੇ) ਅੰਦਰੂਨੀ ਗੁਣ ਸਨ। ਪਹਿਰਾਵਾ ਤਾਂ ਅਜ ਵੀ ਹੈ ਪਰ ਗੁਣਾ ਤੋਂ ਸੱਖਣੇ ਦਾ ਪਹਿਰਾਵਾ ਕਿਸ ਅਰਥ? ਜਦ ਤਕ ਗੁਰਬਾਣੀ ਦੁਆਰਾ ਗੁਣਾਂ ਦਾ ਧਾਰਨੀ ਰਹੇਗਾ ੳਦੋਂ ਤਕ ਖਾਲਸਾ ਨਿਆਰਾ ਰਹੇਗਾ ਤੇ ਗੁਰੂ ਦਾ ਸਾਰਾ ਤੇਜ ਖਾਲਸੇ ਤੇ ਰਹੇਗਾ। ਗੁਰੂ ਸੁਚੇਤ ਕਰਦਾ ਹੈ:- ਰਹਤ ਅਵਰ ਕਛੁ ਅਵਰ ਕਮਾਵਤ॥ ਮਨ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ॥ ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ॥ (ਮ: 5-26) ਭਾਵ:- ਰਹਿਤ ਕੁਛ ਹੋਰ ਹੈ ਤੇ ਕਰਨੀ ਕੁਛ ਹੋਰ। ਅੰਦਰ ਪਰਮਾਤਮਾ (ਗੁਰੂ) ਨਾਲ ਕੋਈ ਸਾਂਝ ਨਹੀ (ਰੱਬੀ ਗੁਣ ਕੋਈ ਹੈ ਨਹੀ) ਪਰ ਬਾਹਰਲੇ ਪਹਿਰਾਵੇ ਤੇ ਚਿੰਨਾਂ ਨਾਲ ਖਾਲਸਾ ਹੋਣ ਦਾ ਢੌਂਗ ਕਰ ਰਿਹਾ ਹੈ। ਦਿਲਾਂ ਦੀਆਂ ਜਾਨਣ ਵਾਲਾ ਪ੍ਰਭੂ ਬੜਾ ਸਿਆਣਾ ਹੈ ਤੇ ਉਹ ਬਾਹਰਲੇ ਕਿਸੇ ਭੇਖ ਤੇ ਨਹੀ ਰੀਝਦਾ। ਇਸ ਲਈ ਉਸਨੂੰ ਰਿਝਾਣ ਲਈ ਪਹਿਲਾਂ ਅੰਦਰ ਗੁਣਾਂ ਨੂੰ ਧਾਰਨ ਕਰਨਾ ਪਵੇਗਾ। ਗੁਰੂ ਫੁਰਮਾਨ ਹੈ:- ਸੋ ਪੜਿਆ ਸੋ ਪੰਡਤੁ ਬੀਨਾ ਜਿਨੀ ਕਮਾਣਾ ਨਾਉ॥ ਪਹਿਲੋ ਦੇ ਜ੍ਹੜ ਅੰਦਰ ਜੰਮੇ ਊਪਰਿ ਹੋਵੈ ਛਾਉ॥ (ਮ: 1-1288)। “ਨਾਉ ਕਮਾਣਾ” ਵੀ ਗੁਣਾਂ ਬਿਨਾ ਨਹੀ ਹੋ ਸਕਦਾ (ਸਾਚੀ ਬਾਣੀ ਸੂਚਾ ਹੋਇ॥ ਗੁਣ ਤੇ ਨਾਮੁ ਪਰਾਪਤਿ ਹੋਇ॥ ਮ: 3-361 ਇਸ ਲਈ ਖਾਲਸਾ ਬਣਨ ਤੋਂ ਪਹਿਲਾਂ ਗੁਣਾਂ ਦੀ ਜ੍ਹੜ ਨੂੰ ਅੰਦਰ “ਜੰਮਣਾ” ਹੀ ਪਵੇਗਾ। ਇਹ ਗੁਰੂ ਦਾ ਅਟੱਲ ਫੈਸਲਾ ਬਦਲਿਆ ਨਹੀ ਜਾ ਸਕਦਾ। ਰੱਬੀ ਗੁਣਾਂ ਬਿਨਾ ਖਾਲਸਾ ਨਹੀ ਹੋਇਆ ਜਾ ਸਕਦਾ।

ਦਰਸ਼ਨ ਸਿੰਘ,

ਵਲੁਵਰਹੈਂਪਟਨ, ਯੂ. ਕੇ.




.