.


ਬਚਿਤ੍ਰ ਨਾਟਕ ਤੇ ਇਤਿਹਤਸ ਦਾ ਦੋਹਰਾਉ

ਪੰਥ ਦੇ ਮਹਾਨ ਇਤਿਹਾਸਕਾਰ ਸ੍ਰ: ਕਰਮ ਸਿੰਘ ਹਿਸਟੋਰਿਅਨ ਆਪਣੀ ਪੁਸਤਕ “ਅਮਰ ਖਾਲਸਾ” ਵਿੱਚ ਲਿਖਦੇ ਹਨ “ਇਤਿਹਾਸ ਮੁੜ-ਮੁੜ ਆਪ ਨੂੰ ਦੁਹਰਾਇਆ ਕਰਦਾ ਹੈ “ ਇਹ ਕਥਨ ੧੦੦ ਫਿਸਦੀ ਸੱਚ ਹੈ। ਹਰ ਵਾਰ ਇਤਿਹਾਸ ਦੁਹਰਾਉਣ ਵਿੱਚ ਕਿਰਦਾਰ, ਸਮਾਂ ਅਤੇ ਘਟਨਾਵਾਂ ਦੇ ਪ੍ਰਭਾਰ ਵਿੱਚ ਫਰਕ ਜਰੂਰ ਹੁੰਦਾ ਹੈ। ਅਬਦਾਲੀ ਅਤੇ ਨਾਦਰਸ਼ਾਹ ਨੇ ਸਿਖਾਂ ਦਾ ਖੁਰਾ ਖੋਜ ਮਿਟਾਉਣ ਦੇ ਲਈ ਅਤਿ ਦਾ ਜੁਲਮ ਕਮਾਇਆ ਸੀ। ਸਿੱਖਾਂ ਦੇ ਸਿਰ ਵੱਡੇ ਗਏ ਤੇ ਉਨ੍ਹਾਂ ਨੂੰ ਘਰੋਂ ਬੇਦਖਲ ਹੋ ਕੇ ਆਪਣੇ ਧਰਮ ਅਤੇ ਜਾਨ ਨੂੰ ਸੰਭਾਲਣਾ ਪਿਆ। ਇਹ ਹੀ ਇਤਿਹਾਸ ਫਿਰ ਦੋਹਰਾਇਆ ਗਿਆ ਇਨ੍ਹਾਂ ਜੁਲਮਾਂ ਦੇ ਚਿਰ ਮਗਰੋਂ। ਫਿਰ ਸਿੰਘਾਂ ਨੂੰ ਮੁਕਾਉਣ ਲਈ ੧੯੮੪ ਵਿੱਚ ਸਿਖਾਂ ਦੀ ਸ਼ਰਧਾ ਅਤੇ ਸ਼ਕਤੀ ਦੇ ਸੋਮੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਅਤੇ ਉਸਦੇ ਮਗਰੋਂ ਵੱਖ ਵੱਖ ਥਾਵਾਂ ਤੇ ਸਿਖਾਂ ਦੇ ਕਤਲ ਕਰਣ ਕੇ, ਨਾਲ ਹੀ ਉਨ੍ਹਾਂ ਦੀਆ ਬੇਇਜਤਿਆਂ ਅਤੇ ਜਾਨੋ ਮਾਲ ਦਾ ਨੁਕਸਾਨ ਕਰਣ ਦੇ ਨਾਲ ਹੀ ਇਤਿਹਾਸ ਦੁਰਾਹਿਆ ਗਿਆ। ਦੇਖਣ ਵਿੱਚ ਤਾਂ ਦੋਨੋ ਹੀ ਘਟਨਾਵਾਂ ਵਿੱਚ ਸਮੇਂ ਦਾ ਬਹੁਤ ਫਰਕ ਹੈ, ਪਰ ਜੇ ਧਿਆਨ ਨਾਲ ਵੇਖਿਏ ਤਾਂ ਦੋਨੋ ਹੀ ਘਟਨਾਵਾਂ ਵਿੱਚ ਬਥੇਰਿਆਂ ਸਮਾਨਤਾਵਾ ਹਨ। ਪਹਿਲਾਂ ਇਹ ਕੀ ਇਹ ਦੋਵੇ ਹੀ ਕਾਰੇ ਸਿਖਾਂ ਤੋ ਸਾੜਾ ਰਖਣ ਵਾਲਿਆਂ ਜਮਾਤਾਂ ਵਲੌਂ ਹੋਏ। ਦੂਜਾ ਇਹ ਕੀ ਇਨ੍ਹਾਂ ਹਮਲਿਆਂ ਤੋ ਬਾਦ ਖਾਲਸਾ ਫਿਰ ਚੜਦੀ ਕਲਾਂ ਵਿੱਚ ਵਿਚਰਿਆਂ। ਇਨ੍ਹਾਂ ਵਿਚਾਰਾਂ ਤੋ ਇਹ ਸਾਫ ਹੈ ਕਿ ਇਤਿਹਾਸ ਦਾ ਦੋਹਰਾਉਣਾ ਉਹ ਹੁੰਦਾ ਹੈ ਜਦ ਦੋ ਜਾ ਦੋ ਤੋ ਵੱਧ ਘਟਨਾਵਾਂ ਇਕੋ ਜਿਹਾ ਕੁਛ ਨਾ ਕੁਛ ਸਮਾਨਤਾਵਾਂ ਨਾਲ ਹੋਣ। ਇਹ ਸਮਾਨਤਾਵਾਂ ਹੀ ਇਤਿਹਾਸ ਦਾ ਦੋਹਰਾਉਣਾ ਹੈ।

ਇੱਕ ਮਿਸਾਲ ਨਾਲ ਗੱਲ ਹੋਰ ਖੁਲ ਜਾਵੇਗੀ। ੧੮੯੦ ਦੇ ਆਲੇ ਦੁਆਲੇ ਦਯਾਨੰਦ ਸਰਸਵਤੀ ਅਤੇ ਉਸਦੇ ਆਰਯਾ ਸਮਾਜ ਵਲੋਂ ਸਿੱਖੀ ਦੇ ਸਿਧਾੰਤ ਉਤੇ ਜੋਰਦਾਰ ਹਮਲਾ ਕੀਤਾ ਗਿਆ। ਪੰਥ ਦਰਦਿਆਂ ਵਲੋਂ ਉਸ ਕੂੜ ਦਾ ਪਾਜ ਉਖੇੜ ਦਿਤਾ ਗਿਆ ਤੇ ਖਾਲਸਾ ਚੜਦੀ ਕਲਾਂ ਵਿੱਚ ਵਿਚਰਿਆ। ਸਮਾਂ ਗੁਜਰ ਜਾਣ ਦੇ ਨਾਲ ਸਿੰਘਾਂ ਉਤੇ ਮੁੜ ਉਸੀ ਜਮਾਤ ਨੇ ਠੀਕ ਉਸੇ ਤਰੀਕੇ ਨਾਲ ੧੯੯੦ ਦੇ ਆਲੇ ਦੁਆਲੇ ਰਾਸ਼ਟਰੀਯ ਸਿੱਖ ਸੰਗਤ ਦੇ ਰੂਪ ਵਿੱਚ ਸਿੱਖ ਸਿਧਾਂਤ ਤੇ ਫਿਰ ਹਮਲਾ ਬੋਲ ਦਿੱਤਾ। ਜਿਸਦਾ ਜਾਗ੍ਰਤ ਸੂਝਵਾਨ ਸਿੱਖਾਂ ਨੇ ਭਰਵਾ ਵਿਰੋਧ ਕਰਦੇ ਹੋਏ ਮੂੰਹ ਤੋੜ ਜਵਾਬ ਦਿਤਾ। ਆਰਯਾ ਸਮਾਜ ਅਤੇ ਰਾਸ਼ਟਰੀਯ ਸਿੱਖ ਸੰਗਤ ਦਾ ਸਿੱਖੀ ਉਤੇ ਵਾਰ ਕਰਣ ਦਾ ਢੰਗ ਅਤੇ ਟੀਚਾ ਵੀ ਇਕੋ ਜਿਹਾ ਸੀ।। ੧੮੯੦ ਤੋ ਬਾਦ ੧੯੯੦ ਵਿੱਚ ਇਤਿਹਾਸ ਫਿਰ ਦੋਹਰਾਇਆ ਗਿਆ।

ਇਤਿਹਾਸਕਾਰ ਫੂਲਰ ਲਿਖਦਾ ਹੈ ਕਿ “ਇਤਿਹਾਸ ਜਵਾਨ ਆਦਮੀ ਨੂੰ, ਬਿਨ੍ਹਾਂ ਧੋਲਿਆ ਤੇ ਝੂਰੜੀਆ ਦੇ ਬੁਢਾ (ਸਿਆਣਾ) ਬਣਾ ਦੇਂਦਾ ਹੈ। ਉਹ ਉਸਨੂੰ ਤਕਲੀਫਾ ਝਲਣ ਤੋ ਬਿਨਾਂ ਹੀ ਸਿਆਣਪ ਦੇ ਦਿੰਦਾ ਹੈ”। ਉਤਲਿਆ ਦੋਨੋ ਹੀ ਮਿਸਾਲਾਂ ਵਿੱਚ ਦੇਖਿਤੇ ਤਾਂ ਪਤਾ ਲਗੇਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਮਗਰੋਂ ਹੋਏ ਸਿਖ ਕਤਲੇਆਮ ਵਿੱਚ ਪੰਥ ਦਾ ਬਹੁਤ ਭਾਰੀ ਅਤੇ ਤਕੜਾ ਨੁਕਸਾਨ ਹੋਇਆ ਜਦ ਕਿ ਇਸਦੇ ਮੁਕਾਬਲੇ ੧੯੮੪ ਅਤੇ ਉਸ ਤੋਂ ਬਾਦ ਹੋਏ ਕਤਲੇਆਮਾ ਵਿੱਚ ਸਿਖਾਂ ਨੂੰ ਉਸਦੇ ਮੁਕਾਬਲੇ ਵਿੱਚ ਘੱਟ ਹੀ ਨੁਕਸਾਨ ਚੁਕਣਾ ਪਿਆ। ਦੋਨੋ ਹੀ ਕਤਲੇਆਮ ਸਮੇਂ ਦੀਆਂ ਹਕੁਮਤਾਂ ਵਲੋਂ ਸੀ ਤੇ ਕਸਰ ਕੀਸੇ ਨੇ ਵੀ ਨਹੀਂ ਛੱਡੀ ਸੀ।

ਦੂਜੀ ਮਿਸਾਲ ਵਿੱਚ ਵੀ ਵਾਧੂ ਨੁਕਸਾਨ ਪਹਿਲੇਂ ਹਮਲੇ ਵਿੱਚ ਹੀ ਹੋਇਆ ਸੀ। ਦਯਾਨੰਦ ਤੇ ਉਸ ਦੇ ਸਾਥਿਆਂ ਨੇ ਸਿੱਖੀ ਸਿਧਾੰਤ ਦੇ ਖਿਲਾਫ ਵੱਧ ਜਹਰ ਘੋਲਿਆ ਸੀ। ਹੁਣ ਰਾਸ਼ਟਰੀਯ ਸਿਖ ਸੰਗਤ ਤੋਂ ਕੋਈ ਵਡਾ ਜਾਂ ਭਾਰੀ ਨੁਕਸਾਨ ਨਹੀਂ ਹੋ ਸਕਿਆ। ਘਟ ਨੁਕਸਾਨ ਹੋਣ ਦਾ ਇੱਕ ਵਡਾ ਕਾਰਣ ਮਨੁਖ ਨੂੰ ਇਤਿਹਾਸ ਵਲੋਂ ਸਿਆਣਾ ਬਣਾ ਦੇਣਾ ਹੈ। ਇਤਿਹਾਸ ਸਦਾ ਹੀ ਮਨੁਖ ਅੰਦਰ ਤਰਕ ਬੁਧੀ ਅਤੇ ਸਿਧੰਾਤ ਦੀ ਸਮਝ ਪੈਦਾ ਕਰ ਦੇਂਦਾ ਹੈ। ਉਸੀ ਸਿਆਣਪ ਦੇ ਕਰਕੇ ਹੀ ਖਾਲਸਾ ਬਾਦ ਵਾਲੇ ਹਮਲਿਆਂ ਵਿੱਚ ਭਾਰੀ ਨੁਕਸਾਨ ਅਤੇ ਮਾਰ ਤੌਂ ਬਚ ਗਿਆ।

ਗੁਰਮਤਿ ਵਿੱਚ ਇਤਿਹਾਸ ਦਾ ਵਧੇਰਾ ਮਹਤੱਵ ਹੈ। ਗੁਰੁ ਅਰਜਨ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਗੰਗਾ ਜੀ ਨਾਲ ੧੫੮੯ ਵਿੱਚ ਹੋਇਆ। ਗੁਰੁ ਅਰਜਨ ਸਾਹਿਬ ਵਲੋ ਸਮਾਜਕ ਚੜਦੀ ਕਲਾਂ ਲਈ ਕਾਰਜ ਉਲੀਕੇ ਜਾਂਦੇ ਰਹੇ ਤੇ ਸਮਾਂ ਅਕਾਲ ਪੂਰਖ ਦੀ ਬੰਦਗੀ ਵਿੱਚ ਗੁਜਰਦਾ ਗਿਆ। ੬ ਸਾਲ ਮਗਰੋਂ ੧੫੯੫ ਵਿੱਚ ਅਕਾਲ ਪੁਰਖ ਦੀ ਕ੍ਰਿਪਾ ਨਾਲ ਮਾਤਾ ਗੰਗਾ ਜੀ ਦੀ ਕੁਖ ਤੌਂ ਇੱਕ ਸਪੁਤਰ ਦਾ ਜਨਮ ਹੋਇਆ। ਜੋ ਮਹਾਨ ਸੁਰਬੀਰ ਜੋਧਾਂ ਹੋਇਆ। ਜਿਸਨੇ ਸਿਖਾਂ ਨੂੰ ਬਾਣੀ ਨਾਲ ਸ਼ਸਤਰ ਨੂੰ ਧਾਰਣ ਕਰਵਾਇਆ। ਕੀਰਤਨ ਦੇ ਨਾਲ ਜੰਗ ਭੀ ਇਸੇ ਮੀਰੀ ਪੀਰੀ ਦੇ ਮਾਲਕ ਨੇ ਸਿਖਾਈ। ਗੁਰੁ ਭਾਰੀ ਸ਼੍ਰੀ ਗੁਰੁ ਹਰਿ ਗੌਬਿੰਦ ਸਾਹਿਬ ਨੇ ਹੀ ਵੈਰੀ ਦਾ ਸਿਰ ਭੰਨਣਾ ਸਿਖਾਂ ਨੂੰ ਸਿਖਾਇਆ।

ਇਸੀ ਮਹਾਬਲੀ ਗੁਰੁ ਹਰਿ ਗੋਬਿੰਦ ਜੀ ਦੇ ਤਿਆਗੀ ਸਪੁਤਰ ਗੁਰੁ ਤੇਗ ਬਹਾਦਰ ਜੀ ਦਾ ਅਨੰਦ ਕਾਰਜ ਮਾਤਾ ਗੁਜਰੀ ਜੀ ਨਾਲ ੧੬੩੪ ਵਿੱਚ ਹੋਇਆ ਤੇ ਪਰਮਾਤਮਾ ਦੀ ਨਦਰ ਨਾਲ ਗੁਰੁ ਤੇਗ ਬਹਾਦਰ ਜੀ ਦੇ ਘਰ ੩੨ ਸਾਲ ਬਾਦ ਮਹਾ ਦਾਨੀ ਸੂਰਬੀਰ ਸ਼੍ਰੀ ਗੁਰੁ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ। ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਦੇ ਸੰਬਧ ਵਿੱਚ ਇਹ ਗੱਲ ਬਚਿਤ੍ਰ ਨਾਟਕ ਦੇ ਅਧਾਰ ਤੇ ਪ੍ਰਚਲਤ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਬਾਬਤ ਸਾਹਿਬ ਸ਼੍ਰੀ ਗੁਰੁ ਤੇਗ ਬਹਾਦਰ ਜੀ ਨੇ ਅਕਾਲ ਪੁਰਖ ਦੀ ਖੂਬ ਸੇਵਾ ਕੀਤੀ ਤਾਂ ਉਸ ਸੇਵਾ ਦੇ ਸਦਕਾ ਹੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ।

ਤਿਨ ਜੋ ਕਰੀ ਅਲਖ ਕੀ ਸੇਵਾ।।
ਤਾ ਤੇ ਭਾਏ ਪ੍ਰਸੰਨਿ ਗੁਰਦੇਵਾ।।
ਤਿਨ ਪ੍ਰਭ ਜਬ ਆਇਮ ਮੁਹਿ ਦੀਆ।।
ਤਬ ਹਮ ਜਨਮ ਕਲੁ ਮਹਿ ਲੀਆ।। (੬: ੪)

ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਲਈ ਗੁਰੁ ਤੇਗ ਬਹਾਦਰ ਜੀ ਨੇ ਕਈ ਤੀਰਥਾਂ ਤੇ ਇਸ਼ਨਾਨ ਕੀਤਾ ਅਤੇ ਤ੍ਰਿਬੇਣੀ ਦੇ ਤਟ ਤੇ ਦਾਨ ਪੁੰਨ ਕੀਤਾ, ਜਿਸ ਦੇ ਸਦਕਾ ਗੁਰੁ ਪਾਤਸਾਹ ਗਰਭ ਵਿੱਚ ਆਏ ਤੇ ਪਟਨਾ ਵਿਖੇਂ ਜਨਮ ਹੋਇਆ।

ਮੁਰ ਮਿਤ ਪੂਰਬ ਕੀਯਸਿ ਪਯਾਨਾ।।
ਭਾਂਤਿ ਭਾਂਤਿ ਕੇ ਤੀਰਥ ਨਾਨਾ।।
ਜਬ ਹੀ ਜਾਤ ਤ੍ਰਿਬੇਣੀ ਭਏ।।
ਪੁੰਨ ਦਾਨ ਦਿਨ ਕਰਤ ਬਿਤਏ।। (੭: ੧)
ਤਹੀ ਪ੍ਰਕਾਸ਼ ਹਮਾਰਾ ਭਯੋ।।
ਪਟਨਾ ਸਹਰ ਬਿਖੈ ਭਵ ਲ਼ਯੋ।। (੭: ੨)


ਜੇ ਪਹਿਲੇ ਇਤਿਹਾਸਕ ਤੱਥ ਤੇ ਦੂਜੇ ਨੂੰ ਵਿਚਾਰੀਐ ਤਾਂ ਦੂਜਾ ਪ੍ਰਵਾਨ ਨਹੀ ਹੋਵੇਗਾ। ਗੁਰੁ ਅਰਜਨ ਸਾਹਿਬ ਦੇ ਘਰ ਇੱਕ ਮਹਾਬਲੀ ਜੋਧੇ ਭਗਤ ਦਾ ਜਨਮ ਹੁੰਦਾ ਹੈ ਜਿਸਦੇ ਲਈ ਗੁਰੁ ਪਾਤਸ਼ਾਹ ਕੋਈ ਭੀ ਅਲਗ ਤੋ ਅਧਿਆਤਮਕ ਕਾਜ ਨਹੀਂ ਕਰਦੇ ਹਨ। ਉਨ੍ਹਾਂ ਦੇ ਸਾਰੇ ਅਧਿਆਤਮਕ ਤੇ ਧਾਰਮਕ ਕਾਰਜ ਉਨ੍ਹਾਂ ਦੇ ਧਾਰਮਕ ਜੀਵਨ ਦਾ ਹਿੱਸਾ ਹੀ ਹਨ। ਗੁਰੁ ਪਾਤਸ਼ਾਹ ਸੰਤਾਨ ਪ੍ਰਾਪਤੀ ਲਈ ਕੋਈ ਵਿਸ਼ੇਸ਼ ਕਾਜ ਨਹੀਂ ਕਰਦੇ ਹਨ। ਦੂਜੇ ਪਾਸੇ ਗੁਰੁ ਅਰਜਨ ਦੇਵ ਜੀ ਦੇ ਪੋਤਰੇ ਗੁਰੁ ਤੇਗ ਬਹਾਦਰ ਜੀ ਦੇ ਘਰ ਇੱਕ ਮਹਾਬਲੀ ਪੁਤਰ ਦਾ ਜਨਮ ਹੁੰਦਾ ਹੈ। ਜਿਸਦੇ ਵਾਸਤੇ ਬਚਿਤ੍ਰ ਨਾਟਕ ਦੀ ਕਥਾ ਮੁਤਾਬਿਕ, ਗੁਰੁ ਤੇਗ ਬਹਾਦਰ ਜੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ ਅਤੇ ਹਿੰਦੂ ਤੀਰਥ ਪ੍ਰਯਾਗ (ਇਲਾਹਬਾਦ) ਵਿਖੇ ਕਈ ਦਿਨ ਤਕ ਦਿਨ ਭਰ ਦਾਨ ਪੂੰਨ ਕਰਦੇ ਹਨ। ਇਨ੍ਹਾਂ ਇਸ਼ਨਾਨਾਂ ਅਤੇ ਦਾਨ ਪੂੰਨ ਦੇ ਪ੍ਰਭਾਵ ਨਾਲ ਹੀ ਗੁਰੁ ਗੋਬਿੰਦ ਸਿੰਘ ਸਾਹਿਬ ਮਾਤਾ ਗੂਜਰੀ ਜੀ ਦੇ ਗਰਭ ਵਿੱਚ ਆ ਜਾੰਦੇ ਹਨ। ਮਾਤਾ ਗੰਗਾ ਜੀ ਨੂੰ ਇੱਕ ਸ਼ੂਰਬੀਰ ਭਗਤ ਪੁਤਰ ਦੀ ਦਾਤ ਇੱਕ ਅਕਾਲ ਪੁਰਖ ਦੇ ਹੁਕਮ ਨਾਲ ਹੀ ਪ੍ਰਾਪਤ ਹੋ ਜਾੰਦੀ ਹੈ। ਦੂਜੇ ਪਾਸੇ ਗੁਰੁ ਤੇਗ ਬਹਾਦਰ ਜੀ ਉਸੀ ਦਾਤ ਨੂੰ ਹਿੰਦੂ ਤੀਰਥਾਂ ਤੇ ਜਾ ਕੇ ਦਾਨ ਪੂੰਨ ਤੇ ਇਸ਼ਨਾਨ ਕਰਕੇ ਪ੍ਰਾਪਤ ਕਰਦੇ ਹਨ। ਜੋ ਕਿ ਕਿਸੀ ਭੀ ਗੁਰਸਿੱਖ ਲਈ ਸੋਚਣ ਦਾ ਗੰਭੀਰ ਵਿਸ਼ਾ ਹੈ। ਆਖਿਰ ਉਹ ਕਿ ਕਾਰਣ ਹਨ ਗੁਰੁ ਤੇਗ ਬਹਾਦਰ ਸਾਹਿਬ ਆਪਣੇ ਦਾਦੇ ਗੁਰੁ ਅਰਜਨ ਸਾਹਿਬ ਦੇ ਪੁਰਨਿਆ ਤੇ ਕਿਉ ਨਹੀਂ ਚਲ ਸਕੇਂ? ਉਹ ਕੀ ਕਾਰਣ ਹੈ ਜੋ ਇਤਿਹਾਸ ਆਪਣੇ ਨੂੰ ਦੋਹਰਾਉਂਦਾ ਨਹੀਂ ਹੈ ਜਦਕਿ ਸੂਝ ਸਮੇਂ ਅਤੇ ਇਤਿਹਾਸ ਦੇ ਸਦਕਾ ਵੱਧਦੀ ਜਾੰਦੀ ਹੇ?

ਇਨ੍ਹਾਂ ਸਭ ਸਵਾਲਾਂ ਦੇ ਜਵਾਬ ਕੋਈ ਖਾਸੇ ਔਖੇ ਨਹੀਂ ਹਨ। ਬਸ ਲੋੜ ਹੈ ਖੁਲੇ ਦਿਮਾਗ ਨਾਲ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੋਸ਼ਨੀ ਵਿੱਚ ਸਾਰੀ ਗੱਲ ਦੀ ਪੜਚੋਲ ਕਰਣ ਦੀ ਤੇ ਆਪਣੀ ਮੱਤ ਅਤੇ ਸੂਝ ਨੂੰ ਛੱਡ ਗੁਰਬਾਣੀ ਅਤੇ ਇਤਿਹਾਸ ਨੂੰ ਮੰਨਣ ਦੀ। ਇਤਿਹਾਸ ਗਵਾਹ ਹੈ ਕੋਈ ਭੀ ਗੁਰੁ ਸਾਹਿਬ ਆਪਣੇ ਪੁਰਬਲੇ ਗੁਰੁ ਸਾਹਿਬਾਨਾਂ ਦੇ ਪਾਏ ਪੁਰਨਿਆਂ ਤੋ ਨਹੀਂ ਸਨ ਹਟੇ। ਗੁਰੁ ਅਰਜਨ ਸਾਹਿਬ ਨੇ ਜੇ ਖੁਸਰੋ ਦੀ ਬਾਹ ਪਕੜੀ ਹੈ ਤਾਂ ਯੁੱਧ ਭੀ ਕਰਣਾ ਪੈ ਰਿਹਾ ਹੈ ਤੇ ਗੁਰੁ ਪਾਤਸ਼ਾਹ ਤਿਆਰ ਹੋ ਗਏ ਨੇ। ਗੁਰੁ ਤੇਗ ਬਹਾਦਰ ਸਾਹਿਬ ਨੇ ਜੇ ਰਾਜਾ ਭੀਮ ਚੰਦ ਦੇ ਪੁਤਰ ਦੀ ਬਾਹ ਪਕੜੀ ਹੈ ਤਾਂ ਉਸ ਲਈ ਉਨ੍ਹਾਂ ਨੂੰ ਅਸਾਮ ਤਕ ਜਾਨਾ ਪਿਆ ਹੈ ਤੇ ਗਏ ਹਨ। ਜੇ ਗੁਰੂ ਪਾਤਸ਼ਾਹ ਧਰਮ, ਲਈ ਤੱਤੇ ਤਵੇ ਤੇ ਬੈਠੇ ਨੇ ਤੇ ਗੁਰੁ ਤੇਗ ਬਹਾਦਰ ਸਾਹਿਬ ਉਨਾਂ ਦੇ ਹੀ ਪੂਰਨਿਆਂ ਤੇ ਚਲਦੇ ਹੋਏ ਧਰਮ ਲਈ ਆਪਨਾ ਸੀਸ ਭੇਟ ਕਰ ਰਹੇ ਹਨ। ਇਹ ਸਿਧੰਾਤ ਉਤੇ ਪਹਿਰਾ ਹੀ ਹੈ ਜੋ ਦਾਦੇ ਦੇ ਪੁਰਨਿਆਂ ਤੇ ਪੋਤਰਾਂ ਚਲ ਰਿਹਾ ਹੈ।

ਆਖਿਰ ਗੁਰੁ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਬਾਰੇ ਇਹ ਵਿਚਾਰ ਕਿਥੋਂ ਉਪਜੇ? ਇਹ ਸਵਾਲ ਗੰਭੀਰ ਵਿਸ਼ਾ ਹੈ। ਪ੍ਰੋ ਤੇਜਾ ਸਿੰਘ ਆਪਣੇ ਲੇਖ “ਬਨਉਟੀ ਇਤਿਹਾਸ” ਵਿੱਚ ਲਿਖਦੇ ਹਨ ਕਿ “ਜਿਥੇਂ ਸਾਡੇ ਦੇਸ਼ ਵਿੱਚ ਹੋਰ ਹੁਨਰ ਚਲ ਰਹੇ ਹਨ ਉਥੇਂ ਇਤਿਹਾਸ ਨੂੰ ਘੜਨ ਦਾ ਹੁਨਰ ਭੀ ਮਿਲਦਾ ਹੈ। “ ਗੁਰੁ ਗੋਬਿੰਦ ਸਿੰਘ ਸਾਹਿਬ ਨਾਲ ਸਬੰਧਤ ਇਹ ਸਭ ਭੁਲੇਖੇ ਇਸੀ ਹੁਨਰ ਦੀ ਕਾਢ ਹਨ। ਜੋ ਹਿੰਦੂਵਾਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਲਿਖਾਰੀ ਦਾ ਹੀ ਕੰਮ ਹੈ, ਜਿਸ ਨੇ ਇਹ ਲਿਖਿਆ ਹੈ ਕਿ ਗੁਰੁ ਤੇਗ ਬਹਾਦਰ ਜੀ ਹਿੰਦੂ ਤੀਰਥਾਂ ਤੇ ਗਏ ਅਤੇ ਉਥੇ ਪੁੰਨ ਦਾਨ ਕੀਤਾ। ਇਹ ਸਭ ਇਤਿਹਾਸ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ। ਕਿਸੀ ਵੀ ਸੂਰਤ-ਏ-ਹਾਲ ਵਿੱਚ ਗੁਰੁ ਤੇਗ ਬਹਾਦਰ ਜੀ ਦਾ ਕਿਸੇ ਤੀਰਥ ਉਤੇਂ ਜਾ ਕੇ ਪੁੰਨ ਦਾਨ ਕਰਨਾ ਨੀਰਿਆਂ ਗੱਪਾਂ ਹੀ ਹਨ, ਜੋ ਪੁਤਰ ਪ੍ਰਾਪਤੀ ਵਾਸਤੇ ਕੀਤਿਆਂ ਜਾੰਦਿਆਂ ਹਨ, ਜਿਸ ਨਾਲ ਸਿੱਖ ਸੰਗਤਾਂ ਆਪਣੇ ਨਿਵੇਕਲੇ ਸਿਧਾੰਤ ਤੋ ਹੀ ਭ੍ਰਮਿਤ ਹੋ ਜਾਣ। ਗੁਰੁ ਨਾਨਕ ਸਾਹਿਬ ਵੀ ਉਦਸਿਆਂ ਦੋਰਾਨ ਹਿੰਦੂ ਤੀਰਥਾਂ ਤੇ ਗਏ। ਉਨ੍ਹਾਂ ਨੇ ਕਿਸੀ ਵੀ ਹਿੰਦੂ ਤੀਰਥ ਦੀ ਮਰਿਯਾਦਾ ਨੂੰ ਅੰਗੀਕਾਰ ਨਹੀਂ ਕੀਤਾ। ਉਨ੍ਹਾਂ ਨੂੰ ਜਿਥੇਂ ਭੀ ਕੋਈ ਪਖੰਡ ਨਜਰ ਆਇਆ ਉਸ ਦਾ ਉਨ੍ਹਾਂ ਨੇ ਵਿਰੋਧ ਹੀ ਕੀਤਾ। ਸਿੱਖ ਇਤਿਹਾਸ ਅਤੇ ਸਿਧਾੰਤ ਤੇ ਇਹ ਗੱਲ ਪੂਰੀ ਤਰ੍ਹਾਂ ਨਾਲ ਸਿੱਧ ਹੁੰਦੀ ਹੈ ਕਿ ਗੁਰੂ ਪਾਤਸ਼ਾਹ ਅਸਾਮ ਵਲ ਜਾੰਦੇ ਵੇਲੇ ਪ੍ਰਯਾਗ ਤੋ ਤੇ ਜਰੂਰ ਨਿਕਲੇ ਪਰ ਉਨ੍ਹਾਂ ਨੇ ਕਿਸੇ ਵੀ ਤੀਰਥ ਜਾਂ ਜਲ ਸ੍ਰੋਤ ਤੇ ਤੀਰਥ ਦੇ ਲਾਹੇ ਦੇ ਫਲਸਫੇ ਨੂੰ ਲੈ ਕੇ ਨਾ ਤੇ ਕੋਈ ਇਸ਼ਨਾਨ ਕੀਤਾ ਤੇ ਨਾ ਹੀ ਪੁਤਰ ਪਰਾਪਤੀ ਲਈ ਕੋਈ ਪੁੰਨ ਦਾਨ ਕੀਤਾ। ਜੋ ਗੁਰੁ ਗੁਰਬਾਣੀ ਰਾਹੀਂ ਆਪਣੇ ਸਿਖ ਨੂੰ ਇੱਕ ਪਰਮਾਤਮਾ ਦੀ ਬੰਦਗੀ ਨਾਲ ਰਾਜ ਸ੍ਰਿਸ਼ਟੀ ਦਾ ਬਖਸ਼ਣ ਦਾ ਬਚਨ ਕਰ ਰਹੇ ਹਨ, ਉਸ ਗੁਰ ਪ੍ਰਮੇਸ਼ਵਰ ਲਈ, ਪੁਤਰ ਪ੍ਰਾਪਤੀ ਲਈ ਆਪਣਾ ਧਰਮ ਸਿਧਾੰਤ ਛੱਡ ਦੇਣ ਦੀ ਗੱਲ ਨਿੱਰਾ ਕੋਰਾ ਝੂਠ ਹੀ ਹੈ। ਮੁਰਖਤਾ ਤਾਂ ਅਸਾਡੀ ਹੈ ਜੋ ਅਸੀਂ ਸੱਚੇ ਗੁਰੁ ਦੀ ਸਚੀ ਕਾਰ ਨੂੰ ਛੱਡ ਕੂੜ ਦੀ ਪੰਡ ਨੂੰ ਫੋਲਣ ਲਈ ਪਹਾੜਾਂ (ਹੇਮਕੁੰਡ) ਤੇ ਧੱਕੇ ਖਾ ਰਹੇ ਹਾਂ। ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਤੇ ਵੀ ਉਹੀ ਇਤਿਹਾਸ ਦੋਹਰਾਇਆ ਗਿਆ ਹੈ, ਜੋ ਹੋਰ ਗੁਰੁ ਸਾਹਿਬਾਨਾਂ ਦੇ ਜਨਮ ਵੇਲੇ ਗੁਰੁ ਨਾਨਕ ਸਾਹਿਬ ਦੇ ਜਨਮ ਦਾ ਇਤਿਹਾਸ ਦੋਹਰਾਇਆ ਗਿਆ ਸੀ।

ਮਨਮੀਤ ਸਿੰਘ, ਕਾਨਪੁਰ




.