.

ਸਿੱਖ ਧਰਮ ਦੇ ਚਾਰ ਕੱਦਮ

(ਭਾਗ ਚੌਥਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਦਿੱਤੇ ਜਾ ਚੁੱਕੇ ਤਿੰਨ ਭਾਗਾਂ ਨੂੰ ਨਾਲ ਜੋੜ ਕੇ ਪੜੋ ਜੀ)

ਸਮੂਚੀ ਸਿੱਖ ਕੌਮ ਸਾਹਮਣੇ ਇੱਕ ਚੂਣੌਤੀ-ਕੇਵਲ ਵਿਸ਼ੇ ਨੂੰ ਸਮਝਣ ਲਈ ਅਸਾਂ ਸਿੱਖ ਧਰਮ ਦੇ ਚਾਰ ਕੱਦਮਾਂ ਦੀ ਗੱਲ ਕੀਤੀ ਹੈ। ਸਿੱਖ ਧਰਮ ਦਾ ਇੱਕੋ ਧੁਰਾ ਹੈ ਗੁਰਬਾਣੀ ਤੋਂ ਪ੍ਰਗਟ ਹੋਣ ਵਾਲਾ ਸੱਚ ਧਰਮ ਦਾ ਸਦੀਵੀ ਗਿਆਨ (ਜੋਤ) ਤੇ ਉਸ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ। ਇੱਥੇ ਇਸੇ ਨੂੰ ਅਸਾਂ ਸਿੱਖ ਧਰਮ ਦਾ ਪਹਿਲਾ ਕਦੱਮ ਕਿਹਾ ਹੈ।

ਉਪ੍ਰੰਤ ‘ਸਿੱਖ ਧਰਮ ਦਾ ਦੂਜਾ ਕੱਦਮ’ ਹੈ, ਸਿੱਖੀ ਜੀਵਨ ਦਾ ਅਜਿਹਾ ਪ੍ਰਗਟਾਵਾ ਜਿਸ ਦਾ ਸਿੱਧਾ ਸਬੰਧ ਹੀ ਆਪਣੇ ਮੂਲ, ‘ਸਿੱਖ ਧਰਮ ਦੇ ਪਹਿਲੇ ਕੱਦਮ’, ਗੁਰਬਾਣੀ ਸੇਧ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਨਾਲ ਹੀ ਜੁੜਿਆ ਹੈ। ਜੇ ਕਰ ਸੱਚਮੁਚ ਸਤਿਗੁਰਾਂ ਦੇ ਨਿਰਮਲ ਭਉ `ਚ ਰਹਿੰਦੇ, ਅਜਿਹਾ ਹੀ ਹੋ ਰਿਹਾ ਹੈ ਤੇ ਸਿੱਖ ਦਾ ਜੀਵਨ ਆਪਣੇ ਦੂਜੇ ਕੱਦਮ `ਤੇ ਕਾਇਮ ਹੈ; ਤਾਂ ਕੋਈ ਕਾਰਨ ਹੀ ਨਹੀਂ ਕਿ ਅਜਿਹੇ ਗੁਰਸਿੱਖਾਂ ਦੇ ਜੀਵਨ `ਚੋਂ ਸਿੱਖ ਧਰਮ ਦੇ ਸ਼੍ਰਾਧਾਲੂ, ਹਮਦਰਦ ਤੇ ਪ੍ਰਸ਼ੰਸਕ ਪੈਦਾ ਨਾ ਹੋਣ ਜਾਂ ਸਿੱਖ ਧਰਮ ਦੀ ਸੰਸਾਰ ਭਰ `ਚ ਹਰ ਪਾਸੇ ਖ਼ੁਸ਼ਬੂ ਨਾ ਫੈਲੇ। ਉਪ੍ਰੰਤ ਇਨ੍ਹਾਂ ਸ਼੍ਰਾਧਾਲੂਆਂ, ਹਮਦਰਦਾਂ, ਪ੍ਰਸ਼ੰਸਕਾ `ਚੋ ਨਿੱਤ ਨਵੇਂ ਸਜਨ ਵਾਲੇ ਸਿੱਖਾਂ ਦੀ ਗਿਣਤੀ ਨਾ ਵੱਧੇ ……

“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) -ਗਹਿਰਾਈ ਤੋਂ ਘੋਖਿਆ ਜਾਵੇ ਤਾਂ ਇੱਥੇ ਸਿੱਖ ਧਰਮ ਦੇ ਪਹਿਲੇ ਦੋ ਕੱਦਮਾਂ `ਚੋਂ ਪਹਿਲਾ ਕੱਦਮ ਤਾਂ ਹੈ ਹੀ ਸਿੱਖ ਧਰਮ ਦਾ ਮੂਲ। ਇਸ ਤੋਂ ਬਾਅਦ ਇੱਕਲਾ ਤੇ ਖਾਸਕਰ ਸਿੱਖ ਦਾ ਇਹ ਦੂਜਾ ਕੱਦਮ ਹੀ ਹੈ ਜਿਸ ਬਾਰੇ ਹਰੇਕ ਸਿੱਖ ਨੂੰ ਹਰ ਸਮੇਂ ਸੁਚੇਤ ਰਹਿਣ ਤੇ ਆਪਣੇ ਆਪ ਨੂੰ “ਬੰਦੇ ਖੋਜੁ ਦਿਲ ਹਰ ਰੋਜ” ਅਨੁਸਾਰ ਦੀ ਲੋੜ ਹੈ ਕਿ ਉਹ ਸਿੱਖ ਅਖਵਾ ਕੇ ਵੀ ਸਿੱਖੀ ਪੱਖੋਂ ਕਿੱਥੇ ਖੜਾ ਹੈ?

“ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: ੪੧੭) ਕੀ ਕੌਮ ਅੱਜ ਸਚਮੁੱਚ ਆਪਣੇ ਦੂਜੇ ਕੱਦਮ ਪ੍ਰਤੀ ਸਮ੍ਰਪਿਤ ਹੈ? ਜਾਂ ਲਾਪਰ੍ਰਵਾਹੀਆਂ, ਆਪਹੁਦਰੇਪਣ, ਹੂੜਮੱਤਾਂ, ਮਨਮੱਤਾਂ, ਅਣਮੱਤਾ, ਵਿਪਰਨ ਰੀਤਾਂ ਦਾ ਸ਼ਿਕਾਰ ਹੈ। ਕਿਉਂਕਿ ਕੌਮ ਲਈ ਇਹ ਦੂਜਾ ਕੱਦਮ ਹੀ ਜ਼ਿਮੇਵਾਰ ਹੈ ਕੌਮ ਦੀ ਸੰਭਾਲ ਲਈ ਵੀ ਤੱਬਾਹੀ ਲਈ ਵੀ। ਜਦਕਿ ਤੀਜਾ ਤੇ ਚੌਥਾ ਕਦਮ ਤਾਂ ਕੇਵਲ ਦੂਜੇ ਕੱਦਮ ਦਾ ਹੀ ਵਿਕਾਸ ਤੇ ਫੈਲਾਅ ਹਨ। ਕੌਮ ਲਈ ਚੰਗੇ ਜਾ ਮਾੜੇ ਨਤੀਜੇ ਲਈ ਸ਼ੀਸ਼ਾ ਹਨ।

ਇਸ ਲਈ, ਇਸ ਲੇਖ ਲੜੀ ਅਨੁਸਾਰ ਸੰਗਤ ਆਪਣੇ ਆਪ ਨੂੰ ਪਰਖੇ, ਘੋਖੇ ਤੇ ਵਿਚਾਰੇ ਕਿ ਅੱਜ ਉਹ ਖੜੀ ਕਿੱਥੇ ਹੈ ਤੇ ਕਿਉਂ? ਕੌੰ ਦੀ ਅਜੋਕੀ ਅਧੋਗਤੀ ਲਈ ਨਿਰਾ ਪੁਰਾ ਵਿਰੋਧੀ ਤਾਕਤਾਂ ਨੂੰ ਜਾਂ ਬਾਹਰੀ ਪ੍ਰਭਾਵਾਂ ਨੂੰ ਦੋਸ਼ ਦੇ ਕੇ ਸੁਰਖਰੂ ਨਹੀਂ ਹੋਇਆ ਜਾ ਸਕਦਾ। ਜੇ ਸਿੱਖ ਵਿਰੋਧੀਆਂ ਨੂੰ ਦੋਸ਼ ਦੇਵਾਂਗੇ ਤਾਂ ਵਿਰੋਧੀ ਤਾਂ ਪਹਿਲੇ ਜਾਮੇ ਸਮੇਂ ਹੀ ਪੈਦਾ ਹੋਣੇ ਸ਼ੁਰੂ ਹੋ ਗਏ ਸਨ। ਜੇ ਪਛਮੀ ਸਭਿਅਤਾ ਤੇ ਟੀ: ਵੀ: ਆਦਿ ਬਾਹਰੀ ਪ੍ਰਭਾਵਾਂ ਨੂੰ ਦੋਸ਼ ਦਿੰਦੇ ਹਾਂ ਤਾਂ ਸਮੇਂ ਸਮੇਂ ਨਾਲ ਉਨ੍ਹਾਂ ਦੇ ਵੀ ਕੇਵਲ ਰੰਗ ਤੇ ਢੰਗ ਹੀ ਬਦਲਦੇ ਹਨ। ਨਹੀਂ ਤਾਂ ਬਾਹਰੀ ਪ੍ਰਭਾਵ ਵੀ ਸਦਾ ਤੋਂ ਕਿਸੇ ਨਾ ਕਿਸੇ ਰੂਪ `ਚ ਰਹਿੰਦੇ ਹੀ ਹਨ ਤੇ ਰਹਿਣ ਗੇ ਵੀ। ਬੱਸ ਪੰਥ ਲਈ ਜੇਕਰ ਲੋੜ ਤਾਂ ਉਹ ਇਹ ਕਿ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ”

“ਗੁਰ ਕੀ ਮਤਿ ਤੂੰ ਲੇਹਿ ਇਆਨੇ” - ਹੁਣ ਤੱਕ ਦਿੱਤੇ ਜਾ ਚੁੱਕੇ ਵੇਰਵੇ ਤੋਂ ਸਪਸ਼ਟ ਹੋ ਚੁੱਕਾ ਹੋਵੇਗਾ ਕਿ ਸਿੱਖ ਧਰਮ ਦੀ ਕਿਸ ਮੂਲ ਪੀੜਾ ਨੂੰ ਪ੍ਰਗਟ ਕਰਣ ਲਈ ਸਾਨੂੰ ਇਸ ਗੁਰਮੱਤ ਪਾਠ ਨੰ: ੨੧੪ “ਸਿੱਖ ਧਰਮ ਦੇ ਚਾਰ ਕੱਦਮ” ਵਾਲੇ ਸਿਰਲੇਖ ਦੀ ਲੋੜ ਪਈ। ਸ਼ੱਕ ਨਹੀਂ ਕਿ ਸਿੱਖ ਧਰਮ ਦਾ ਮੂਲ ਆਧਾਰ ਕੇਵਲ ਤੇ ਕੇਵਲ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਹੋਣ ਵਾਲਾ ਇਲਾਹੀ ਤੇ ਰੱਬੀ ਗਿਆਨ (ਜੋਤ) ਹੈ। ਉਪ੍ਰੰਤ ਉਸੇ ਗਿਆਨ ਤੋਂ ਪ੍ਰਗਟ ਹੋਣ ਵਾਲੀ ਸਿੱਖ ਦੇ ਜੀਵਨ ਲਈ ਜੀਵਨ ਜਾਚ (way of life) (ਜੁਗਤ) ਭਾਵ ਸਿੱਖ ਲਈ ਜੀਵਨ ਦੇ ਜੀਊਣ ਦਾ ਢੰਗ ਹੈ।

ਸਿੱਖੀ ਜੀਵਨ `ਚ ਇਹ ਦੋਵੇਂ ਗੁਰਬਾਣੀ ਜੋਤ ਤੇ ਜੁਗਤ ਸਦੀਵੀ ਤੇ ਅਬਦਲਵੇਂ ਹਨ। ਇਹੀ ਹੈ ਸਿੱਖ ਧਰਮ ਦਾ ਪਹਿਲਾ ਕਦਮ ਅਤੇ ਅਸਾਂ ਵੀ ਸਿੱਖ ਧਰਮ ਦੇ ਇਨ੍ਹਾਂ ਚਾਰ ਕੱਦਮਾਂ ਦਾ ਅਰੰਭ ਇੱਥੋਂ ਹੀ ਕੀਤਾ ਹੈ। ਇਸ ਲਈ ਸਿੱਖ ਦਾ ਮਤਲਬ ਹੀ ਇੱਕੋ ਹੈ ਕਿ ਉਸ ਨੇ ਆਪਣੇ ਜੀਵਨ `ਚ ਗੁਰਬਾਣੀ ਗਿਆਨ ਵਿਚਲੀ ਜੀਵਨ ਜੁਗਤ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ।

ਇਸ ਲਈ ਗੁਰਸਿੱਖ ਦਾ ਜੀਵਨ- ਸਿੱਖ ਨੇ “ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ, ਨਹ ਲਗੈ ਤਤੀ ਵਾਉ ਜੀਉ” (ਪੰ: ੭੬੩) ਅਨੁਸਾਰ ਹੀ ਆਪਣੇ ਜੀਵਨ ਨੂੰ ਬਤੀਤ ਕਰਣਾ ਹੈ। ਅਤੇ ਇਸ ਤੋਂ ਬਾਅਦ:-

“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਬਾਣੀ ਜਪੁ) ਇਹੀ ਹੈ ਗੁਰਬਾਣੀ ਦੀ ਕਸਵੱਟੀ ਜਿਸ `ਤੇ ਆਪਣੇ ਜੀਵਨ ਨੂੰ ਕੱਸ ਕੇ ਮਨੁੱਖ ਨੇ ਗੁਰੂ ਦੇ ਦਰ `ਤੇ ਪ੍ਰਵਾਨ ਹੋਣਾ ਹੈ ਜਾਂ ਫ਼ਿਰ ਉਸ ਤੋਂ ਧੱਕੇ ਜਾਣਾ ਹੈ।

“ਅੰਦਰਹੁ ਝੂਠੇ ਪੈਜ ਬਾਹਰਿ” -ਇਸ ਤੋਂ ਇਲਾਵਾ ਉਂਜ ਭਾਵੇਂ ਦੂਜਿਆਂ ਨੂੰ ਆਪਣੇ ਆਪ ਦੇ ਵੱਧੀਆ ਸਿੱਖ ਹੋਣ ਦਾ ਜਿਤਨਾ ਮਰਜ਼ੀ ਕੋਈ ਪ੍ਰਭਾਵ ਦਿੰਦਾ ਫ਼ਿਰੇ ਪਰ ਗੁਰੂ ਦੇ ਮਾਪਦੰਡ ਸਿੱਖ ਲਈ ਦੋ ਨਹੀਂ ਹਨ। ਗੁਰੂ ਦਰ `ਤੇ ਤਾਂ “ਇਤੁ ਮਾਰਗਿ ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ, ਵਿਸਾਰੇਂ ਦੂਜਾ ਭਾਉ ਜੀਉ” ਅਤੇ ਪ੍ਰਵਾਨ ਹੋਣ ਲਈ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਹੀ ਹਰੇਕ ਸਿੱਖ ਦੇ ਜੀਵਨ ਲਈ ਮਾਪਦੰਡ ਹੈ। ਇਸ ਦੇ ਉਲਟ ਜੇ ਕਰ ਕੋਈ ਮਨੁੱਖ, ਗੁਰੂ ਕਾ ਸਿੱਖ ਵੀ ਅਖਵਾਏ ਤੇ ਗੁਰਬਾਣੀ ਆਦੇਸ਼ਾਂ ਅਨੁਸਾਰ ਵੀ ਨਾ ਚੱਲੇ ਤਾਂ ਉਸ ਲਈ ਗੱਲ “ਕੇ ਨੇੜੈ” ਵਾਲੀ ਨਹੀਂ ਬਲਕਿ ਗੁਰਬਾਣੀ ਦੀ ਕਸਵੱਟੀ `ਤੇ “ਕੇ ਦੂਰਿ” ਵਾਲੀ ਹੀ ਹੈ।

ਗੁਰਬਾਣੀ ਦਾ ਇਸ ਬਾਰੇ ਵੀ ਹਰੇਕ ਸਿੱਖ ਲਈ ਸਪਸ਼ਟ ਫ਼ੈਸਲਾ ਹੈ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪)। ਜਾਂ ਫ਼ਿਰ “ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ” ਇਸ ਲਈ ਗੁਰੂ ਦੀ ਕਸਵੱਟੀ `ਤੇ ਜੇ ਕਰ ਕਿਸੇ ਨੇ ਸੱਚਾ ਸਿੱਖ ਸਾਬਤ ਹੋਣਾ ਹੈ ਤਾਂ ਸਾਡਾ ਜੀਵਨ “ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ…” (ਪੰ: ੪੭੪) ਵਾਲਾ ਹੀ ਹੋਣਾ ਜ਼ਰੂਰੀ ਹੈ।

ਸਪਸ਼ਟ ਹੈ, ਗੁਰੂ ਕੇ ਸਿੱਖ ਲਈ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ….” (ਪੰ: ੬੬੭) ਅਤੇ “ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮)। ਇਸ ਤਰ੍ਹਾਂ ਜੇ ਕਰ ਸਤਿਗੁਰਾਂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਅਜਿਹਾ ਹੀ ਹੋ ਰਿਹਾ ਹੈ ਤਾਂ ਕੋਈ ਕਾਰਨ ਨਹੀਂ ਕਿ ਅਜਿਹੇ ਗੁਰਸਿੱਖਾਂ ਦੇ ਜੀਵਨ `ਚੋਂ ਸਿੱਖ ਧਰਮ ਦੀ ਖ਼ੁਸ਼ਬੂ ਨਾ ਫ਼ੈਲੇ ਤੇ ਨਿੱਤ ਪ੍ਰਸ਼ੰਸਕ ਪੈਦਾ ਨਾ ਹੋਣ ਅਤੇ ਉਨ੍ਹਾਂ ਵਿਚੋਂ ਅਨੇਕਾਂ ਸਿੱਖ ਨਾ ਸਜ ਜਾਣ।

ਕੇਵਲ ਵਿਸ਼ੇ ਨੂੰ ਸਮਝਣ ਲਈ ਹੀ ਅਜਿਹੀ ਸਿੱਖੀ ਰਹਿਣੀ ਤੇ ਸਿੱਖੀ ਜੀਵਨ ਨੂੰ ਅਸਾਂ ਇੱਥੇ ‘ਸਿੱਖ ਧਰਮ ਦਾ ਦੂਜਾ ਕੱਦਮ’ ਕਿਹਾ ਹੈ। ਭਾਵ ਸਿੱਖੀ ਜੀਵਨ ਦਾ ਅਜਿਹਾ ਪ੍ਰਗਟਾਵਾ ਜਿਸ ਦਾ ਸਿੱਧਾ ਸਬੰਧ ਹੀ ਆਪਣੇ ਮੂਲ, ‘ਸਿੱਖ ਧਰਮ ਦੇ ਪਹਿਲੇ ਕੱਦਮ’, ਗੁਰਬਾਣੀ ਸੇਧ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਨਾਲ ਹੈ। ਇਸੇ ਵਿਸ਼ੇ ਸਬੰਧੀ ਗੁਰਦੇਵ ਦਾ ਸਿੱਖ ਲਈ ਆਦੇਸ਼ ਹੈ “ਗੁਰ ਕੀ ਮਤਿ ਤੂੰ ਲੇਹਿ ਇਆਨੇ” (ਪੰ੨੮੮) ਅਤੇ ਉਸ ਦਾ ਨਤੀਜਾ ਹੋਵੇਗਾ ਕਿ “ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਉਹੀ ਪੰ੨੮੮)

ਇਸ ਦੇ ਉਲਟ ਜੇ ਗੁਰੂ ਦੀ ਮੱਤ `ਤੇ ਨਾ ਚਲ ਕੇ ਕਿਸੇ ਨੇ ਆਪਣੀ ਮਨਮਤ ਤੇ ਹੂੜਮੱਤ ਹੀ ਕਰਣੀ ਹੈ ਤਾਂ “ਭਗਤਿ ਬਿਨਾ ਬਹੁ ਡੂਬੇ ਸਿਆਨੇ” (ਉਹੀ ਪੰ੨੮੮) ਵਾਲੀ ਗੱਲ ਹੀ ਬਣੇਗੀ। ਇਸ ਤਰ੍ਹਾਂ ਜਦੋਂ ਵੀ ਗੁਰਦੇਵ ਨੇ ਗੁਰਬਾਣੀ `ਚ ਕਿਸੇ ਨੂੰ ‘ਇਆਣਾ’ ਕਿਹਾ ਹੈ ਜਿਵੇਂ ਕਿ ਇਥੇ “ਗੁਰ ਕੀ ਮਤਿ ਤੂੰ ਲੇਹਿ ਇਆਨੇ” (ਪੰ੨੮੮) ਤਾਂ ਗੁਰਬਾਣੀ `ਚ ਇਆਨੇ ਦੇ ਅਰਥ ਇੱਕੋ ਹੀ ਹੈ ਭਾਵ ਮਨਮਤੀਆ ਅਥਵਾ ਗੁਰੂ ਦੀ ਗੱਲ ਨਾ ਮੰਨ-ਸੁਣ ਕੇ ਆਪਣੇ ਮਨ (ਇਆਣੇ) ਪਿੱਛੇ ਟੁਰਣ ਵਾਲਾ।

ਇਸੇ ਤਰ੍ਹਾਂ ਗੁਰਬਾਣੀ ਵਿੱਚੋਂ ਲਫ਼ਜ਼ ਇਆਨੇ ਨੂੰ ਸਪਸ਼ਟ ਕਰਣ ਲਈ ਕੁੱਝ ਹੋਰ ਗੁਰਬਾਣੀ ਫ਼ੁਰਮਾਨ “ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥ ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ” (ਪੰ: ੨੬੬) ਅਤੇ “ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ॥ ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ” (ਪੰ: ੪੭੪) ਹੋਰ “ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ॥ ਜੇਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ” (ਪੰ: ੪੭੪) ਆਦਿ ਅਨੇਕਾਂ ਗੁਰਬਾਣੀ ਫ਼ੁਰਮਾਨ।

ਸਿੱਖ ਧਰਮ ਦਾ ਚੌਥਾ ਕੱਦਮ- ਹੁਣ ਗੱਲ ਕਰਦੇ ਹਾਂ ਸਿੱਖ ਧਰਮ ਦੇ ਚੌਥੇ ਕੱਦਮ ਦੀ। ਸਿੱਖ ਧਰਮ ਦਾ ਚੌਥਾ ਕੱਦਮ ਹੈ ਸੰਸਾਰ ਭਰ `ਚ ਸਿੱਖ ਧਰਮ ਦੇ ਪ੍ਰਸ਼ੰਸਕ ਤੇ ਹਮਦਰਦ। ਸਿੱਖ ਧਰਮ ਦੇ ਤੀਜੇ ਕੱਦਮ ਦੀ ਗੱਲ ਕਰਦੇ ਸਮੇਂ ਅਸਾਂ ਇਸ ਗੱਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿੱਥੇ ਸਿੱਖ ਧਰਮ ਦਾ ਮੂਲ ਗੁਰਬਾਣੀ ਗਿਆਨ (ਜੋਤ) ਤੇ ਉਸ ਤੋਂ ਪ੍ਰਗਟ ਹੋਣ ਵਾਲੀ ਜੁਗਤ ਅਥਵਾ ਜੀਵਨ ਜਾਚ ਹੈ। ਉਥੇ ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੁਗਤ ਦੇ ਵਿਕਾਸ ਦੀ ਵੀ ਵਿਸ਼ੇਸ਼ ਪਹਿਚਾਣ ਹੈ ਅਤੇ ਉਹ ਪਹਿਚਾਣ ਇਹ ਹੈ, ਜੇਕਰ ਸਿੱਖ ਦੇ ਜੀਵਨ ਵਿਚੋਂ ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਦਾ ਪ੍ਰਗਟਾਵਾ ਵੀ ਆਪਣੇ ਸ਼ੁਧ ਤੇ ਸਪਸ਼ਟ ਰੂਪ `ਚ ਲੋਕਾਈ ਤੱਕ ਪੁੱਜ ਰਿਹਾ ਹੈ ਤਾਂ ਸਿੱਖੀ ਜੀਵਨ ਤੇ ਹਰ ਪੱਖੋਂ ਵਿਕਾਸ ਵੀ ਸ਼ਿਖਰਾਂ `ਤੇ ਜਾਵੇਗਾ। ਇਸ ਦੇ ਹਮਦਰਦ, ਸ਼੍ਰਧਾਲੂ ਤੇ ਪ੍ਰਸ਼ੰਸਕ ਵੀ ਵੱਡੀ ਗਿਣਤੀ `ਚ ਤੇ ਨਿੱਤ ਵਧਦੇ ਜਾਣਗੇ।

ਸ਼ੱਕ ਨਹੀਂ ਗੁਰੂ ਨਾਨਕ ਪਾਤਸ਼ਾਹ ਤੋਂ ਅਰੰਭ ਹੋ ਕੇ ਦਸਮੇਸ਼ ਪਿਤਾ ਤੇ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ (ਸੰਨ ੧੭੧੬) ਭਾਵ ਜਦ ਤੱਕ ਕਿ ਸਿੱਖ ਧਰਮ ਦੇ ਪ੍ਰਚਾਰ `ਤੇ ਵਿਰੋਧੀ ਲਾਬੀ ਹੀ ਕਾਬਿਜ਼ ਨਹੀਂ ਹੋ ਗਈ। ਇਸ ਤਰ੍ਹਾਂ ਕੁੱਝ ਸਮਾਂ ਬਾਅਦ ਤੱਕ ਵੀ ਗੁਰੂ ਕੇ ਸਿੱਖਾਂ ਦੇ ਜੀਵਨ ਵਿਚੋਂ ਗੁਰਬਾਣੀ ਜੋਤ (ਗਿਆਨ) ਤੋਂ ਜੀਵਨ ਜਾਚ (ਜੁਗਤ) ਦਾ ਸ਼ੁਧ ਪ੍ਰਗਟਾਵਾ ਸੀ ਜਿਸ ਨੇ ਸੰਸਾਰ ਭਰ `ਚ ਕਰੋੜਾਂ ਦੀ ਗਿਣਤੀ `ਚ ਸਿੱਖ ਧਰਮ ਦੇ ਦਿਵਾਨੇ ਪ੍ਰਗਟ ਕਰ ਦਿੱਤੇ। ‘ਸਿੱਖ ਧਰਮ ਦੇ ਪਹਿਲੇ ਤੇ ‘ਦੂਜੇ ਕੱਦਮ’ ਦੀ ਵਿਚਾਰ ਕਰਦੇ ਸਮੇਂ ਅਸਾਂ ਇਸ ਸਚਾਈ ਨੂੰ ਸਮਝਣ ਲਈ ਕੁੱਝ ਵਿਚਾਰ ਵੀ ਕੀਤੀ ਹੈ ਤੇ ਨਾਲ ਨਾਲ ਕੁੱਝ ਇਤਿਹਾਸਕ ਮਿਸਾਲਾਂ ਵੀ ਪੇਸ਼ ਕੀਤੀਆਂ ਹਨ। ੰ

ਦੀਵੇ ਤੋਂ ਦੀਵਾ ਜਗਣ ਦੀ ਨਿਆਈਂ ਸਿੱਖ ਸਜ ਜਾਣ ਵਾਲਿਆਂ `ਚੋਂ ਲੱਖਾਂ ਤਾਂ ਉਹ ਸਨ ਜੋ ਪਹਿਲਾਂ ਸਿੱਖ ਨਹੀਂ ਸਨ। ਉਪ੍ਰੰਤ ਉਹੀ ਸੱਜਨ ਜਦੋਂ ਗੁਰਬਾਣੀ ਗਿਆਨ ਦੀ ਰੋਸ਼ਨੀ `ਚ ਆਏ ਜਾਂ ਸਿੱਖੀ ਜੀਵਨ ਦੇ ਨੇੜੇ ਆਏ ਤਾਂ ਪਹਿਲਾਂ ਸਿੱਖ ਧਰਮ ਦੇ ਸ਼੍ਰਧਾਲੂ, ਹਮਦਰਦ, ਪ੍ਰਸ਼ੰਸਕ ਤੇ ਪਹਿਰੇਦਾਰ ਬਣੇ। ਉਪ੍ਰੰਤ ਉਨ੍ਹਾ `ਚੋ ਹੀ ਅਨੇਕਾਂ ਨੇ ਸਿੱਖ ਧਰਮ `ਚ ਪ੍ਰਵੇਸ਼ ਵੀ ਕੀਤਾ। ਫ਼ਿਰ ਉਨ੍ਹਾਂ ਦੇ ਹੀ ਸਿੱਖੀ ਜੀਵਨ ਤੋਂ ਰੋਸ਼ਨੀ ਲੈ ਕੇ ਕੇਵਲ ਸਿੱਖ ਹੀਂ ਨਹੀਂ ਬਲਕਿ ਇਸੇ ਲੜੀ `ਚ ਦੂਜੇ, ਤੀਜੇ ਤੇ ਚੌਥੇ ਪਾਤਸ਼ਾਹ ਵਾਲੀਆਂ ਮਹਾਨ ਹਸਤੀਆਂ ਵੀ ਪ੍ਰਗਟ ਹੋਈਆਂ। ਇਹ ਸਾਰੀਆਂ ਮਿਸਾਲਾਂ ਇਸੇ ਲੜੀ `ਚ ਹੀ ਆਉਂਦੀਆਂ ਹਨ ਭਾਵ ਇਹੀ ਹੈ ਸਿੱਖ ਧਰਮ ਦਾ ਤੀਜਾ ਤੇ ਉਸ ਤੀਜੇ ਕੱਦਮ ਤੋੰ ਹੀ ਚੌਥੇ ਕੱਦਮ ਦਾ ਵਿਕਾਸ ਵੀ।

ਫ਼ਿਰ ਵੀ ਹੋ ਸਕਦਾ ਹੈ ਕਿ ਕੁੱਝ ਸੱਜਨ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਜਾਂ ਅਜੋਕੇ ਸਿੱਖ ਦੇ ਜੀਵਨ `ਚ ਗੁਰਬਾਣੀ ਜੀਵਨ ਪੱਖੋਂ ਆਈਆਂ ਗਿਰਾਵਟਾਂ ਨੂੰ ਦੇਖ ਕੇ, ਇਸ ਵਿਸ਼ੇ ਦਾ ਠੀਕ ਵਿਸ਼ਲੇਸ਼ਨ ਨਾ ਕਰ ਸਕਣ। ਅਜਿਹੇ ਸੱਜਨ ਦਲੀਲ ਦੇਣ ਬਲਕਿ ਬਹੁਤੇ ਤਾਂ ਕਹਿ ਵੀ ਦਿੰਦੇ ਹਨ ਕਿ ਉਸ ਸਮੇਂ “ਪਹਿਲੇ ਤੋਂ ਦਸਵੇਂ ਪਾਤਸ਼ਾਹ ਦੇ ਸਮੇਂ ਦੋਹਰਾਨ” ਗੁਰੂ ਸਾਹਿਬਾਨ ਦਾ ਆਪਣਾ ਜੀਵਨ ਤੇ ਕੁੰਡਾ ਵੀ ਸੀ। ਉਪ੍ਰੰਤ ਗੁਰੂ ਸਾਹਿਬਾਣ ਤਾਂ

“ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ” (ਪੰ: ੧੪੦੮) ਜਾਂ

“ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫)

ਅਥਵਾ “ਗੁਰੁ ਅਰਜੁਨ ਪਰਤਖ੍ਯ੍ਯ ਹਰਿ” (ਪੰ: ੧੪੦੭) ਵਾਲੀ ਉੱਚਤਮ ਸੀਮਾਂ ਨੂੰ ਪ੍ਰਾਪਤ ਸਨ, ਇਸੇ ਕਾਰਨ ਅਜਿਹਾ ਹੁੰਦਾ ਰਿਹਾ ਪਰ ਅੱਜ ਇਹ ਸੰਭਵ ਨਹੀਂ।

ਜਦਕਿ ਇਸ ਦੇ ਨਾਲ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਦੂਜੇ ਪਾਤਸ਼ਹ ਭਾਈ ਲਹਿਣਾ ਜੀ ਦੇ ਰੂਪ `ਚ, ਭਾਈ ਜੋਧ ਜੀ ਦੇ ਜੀਵਨ ਦੀ ਉੱਚਤਾ ਤੋਂ ਪ੍ਰਭਾਵਤ ਹੋਏ ਸਨ, ਸਿਧੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਣ `ਚ ਆ ਕੇ ਗੁਰੂ ਦਰ ਵੱਲ ਨਹੀਂ ਸਨ ਖਿੱਚੇ ਗਏ। ਜਦਕਿ ਭਾਈ ਜੋਧ ਜੀ ਵੀ ਇੱਕ ਸਿੱਖ ਹੀ ਸਨ।

ਉਪ੍ਰੰਤ ਤੀਜੇ ਪਾਤਸ਼ਾਹ ਵੀ ਸਿੱਧੇ ਗੁਰੂ ਅੰਗਦ ਪਾਤਸ਼ਾਹ ਦੀ ਸ਼ਰਣ `ਚ ਨਹੀਂ ਸਨ ਆਏ। ਉਹ ਵੀ ਬਾਬਾ ਅਮਰ ਦਾਸ ਦੇ ਰੂਪ `ਚ ਪਹਿਲਾਂ ਬੀਬੀ ਅਮਰੋ ਜੀ ਦੇ ਜੀਵਨ ਦੀ ਉੱਚਤਾ ਤੋਂ ਹੀ ਪ੍ਰਭਾਵਤ ਹੋਏ ਸਨ।

ਇਸੇ ਤਰ੍ਹਾਂ ਤੀਜੇ ਪਾਤਸ਼ਾਹ ਵੀ ਅਜੇ ਬਾਬਾ ਅਮਰਦਾਸ ਜੀ ਦੇ ਰੂਪ `ਚ ਹੀ ਸਨ ਜਦੋਂ ਭਾਈ ਜੇਠਾ ਜੀ (ਬਾਅਦ `ਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ) ਉਨ੍ਹਾਂ ਦੇ ਪ੍ਰਭਾਵ `ਚ ਆਏ ਤੇ ਘੁੰਗਣੀਆਂ ਵੇਚਣ ਦੇ ਨਾਲ ਨਾਲ ਸ਼ਬਦ-ਬਾਣੀ ਦੀ ਕਮਾਈ ਤੇ ਗੁਰੂ ਦਰ ਦੀ ਸੇਵਾ `ਚ ਵੀ ਜੁੱਟੇ ਰਹੇ।

ਸ਼ੱਕ ਨਹੀਂ ਕਿ ਇਸ ਚੌਥੇ ਕਦਮ ਦੀ ਗੱਲ ਕਰਣ ਲਈ, ਕੁੱਝ ਵੇਰਵਾ ‘ਸਿੱਖ ਧਰਮ ਦੇ ਤੀਜੇ ਕੱਦਮ’ ਵਾਲੇ ਵਿਸ਼ੇ ਦਾ ਵੀ ਦੇ ਰਹੇ ਹਾਂ। ਉਹ ਵੀ ਇਸ ਲਈ ਕਿਉਂਕਿ ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ ਜੇ ਕਰ ਪੂਰਾ ਨਹੀਂ; ਤਾਂ ਵੀ ਸੱਚ ਇਹੀ ਹੈ ਕਿ ਸਿੱਖ ਧਰਮ ਦੇ ਦੂਜੇ ਕਦਮ ਵਾਲੀ ਪ੍ਰਪੱਕਤਾ ਲਈ ਜ਼ਮੀਨ ਵੀ, ਘਟੋ ਘੱਟ ੮੦% ਸ਼੍ਰਧਾਲੂਆਂ ਤੇ ਸਿੱਖ ਧਰਮ ਦੇ ਹਮਦਰਦਾਂ ਵਿਚੋਂ ਹੀ ਤਿਆਰ ਹੁੰਦੀ ਤੇ ਪੰਗਰਦੀ ਰਹੀ ਹੈ। ਇਸ ਲਈ ਕਿ ਵਿਸ਼ਾ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇ, ਸਾਨੂੰ ਅਜਿਹੀਆਂ ਮਿਸਾਲਾਂ ਵੀ ਦੇਣੀਆਂ ਪਈਆਂ ਜਿਨ੍ਹਾਂ ਦਾ ਸਬੰਧ ਹੀ ਸਿੱਖ ਧਰਮ ਦੇ ਦੂਜੇ ਤੇ ਤੀਜੇ ਕਦਮ ਨਾਲ, ਦੋਵੇਂ ਪਾਸੇ ਮਿਲਵਾਂ ਹੈ।

ਇਸੇ ਲੜੀ `ਚ ਅਸੀਂ ਇੱਕ ਹੋਰ ਘਟਨਾ ਦਾ ਜ਼ਿਕਰ ਕਰ ਰਹੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ `ਚ ਇੱਕ ਭੂਮੀਏ ਚੋਰ ਦੀ ਹੈ। ਇਹ ਭੂਮੀਆ ਆਪਣੇ ਸਮੇਂ ਦਾ ਨਾਮੀ ਚੋਰ ਦਸਿਆ ਜਾਂਦਾ ਹੈ। ਭੂਮੀਆ ਸਦਾ ਵੱਡੇ ਵੱਡੇ ਹੀ ਹੱਥ ਮਾਰਦਾ ਸੀ ਤੇ ਫ਼ਿਰ ਵੀ ਪਕੜ `ਚ ਨਹੀਂ ਸੀ ਆਉਂਦਾ। ਦੂਜੇ ਪਾਸੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਹੁੰਦੇ ਉਨ੍ਹਾਂ ਦਾ ਸਵੇਰ-ਸ਼ਾਮ, ਦੋ ਵੱਕਤ ਗੁਰਬਾਣੀ ਸਤਸੰਗ ਵਾਲਾ ਨਿਯਮ ਵੀ ਨਾਲ ਨਾਲ ਚਲਦਾ ਸੀ। ਜਦਕਿ ਗੁਰਬਾਣੀ ਵਿਚਾਰ ਤੇ ਸਤਸੰਗ ਵਾਲਾ ਉਨ੍ਹਾਂ ਦਾ ਇਹ ਨਿਯਮ ਤਲਵੰਡੀ (ਨਨਕਾਨਾ ਸਹਿਬ) ਤੋਂ ਹੀ ਅਰੰਭ ਹੋ ਚੁੱਕਾ ਸੀ। ਇਸੇ ਦੌਰਾਨ, ਇੱਕ ਸਮੇਂ ਇਹ ਭੂਮੀਆਂ ਵੀ ਆਪ ਦੇ ਸਤਸੰਗ `ਚ ਆ ਗਿਆ। ਉਹ ਇਸ ਲਈ ਕਿ ਸ਼ਾਇਦ ਅੱਜ ਕਰਤੇ ਨੇ ਉਸ ਦੇ ਜੀਵਨ ਨੂੰ ਇੱਕ ਨਵਾਂ ਮੋੜ ਦੇਣਾ ਸੀ।

ਸਤਸੰਗ ਦਾ ਹੀ ਪ੍ਰਭਾਵ ਸੀ ਕਿ ਭੂਮੀਆ ਰਹਿ ਨਾ ਸਕਿਆ ਤੇ ਸਤਸੰਗ ਉਪ੍ਰੰਤ ਗੁਰਦੇਵ ਦੇ ਚਰਨਾਂ `ਚ ਪੇਸ਼ ਹੋ ਗਿਆ। ਗੁਰਦੇਵ ਦੇ ਪੁਛਣ `ਤੇ ਕਹਿਣ ਲੱਗਾ ਕਿ ਪਾਤਸ਼ਾਹ ਮੈਂ ਵੀ ਆਪ ਜੀ ਰਾਹੀਂ ਪ੍ਰਗਟਾਈ ਸੁਅੱਛ ਜ਼ਿੰਦਗੀ ਬਤੀਤ ਕਰਣਾ ਚਾਹੁੰਦਾ ਹਾਂ। ਜ਼ਿਕਰ ਆਉਂਦਾ ਹੈ ਕਿ ਇਸ `ਤੇ ਗੁਰਦਵੇ ਨੇ ਉਸ ਦੇ ਕਾਰ-ਵਿਹਾਰ ਬਾਰੇ ਪੁਛਿਆ।

ਇਹ ਵੀ ਗੁਰਦੇਵ ਦੇ ਸਤਸੰਗ ਦਾ ਹੀ ਪ੍ਰਭਾਵ ਸੀ ਕਿ ਉਹ ਝੂਠ ਵੀ ਨਾ ਬੋਲ ਸਕਿਆ। ਉਸ ਨੇ ਆਪਣੇ ਪੇਸ਼ੇ ਬਾਰੇ, ਗੁਰਦੇਵ ਨੂੰ ਸੱਚ ਸੱਚ ਦੱਸ ਦਿੱਤਾ। ਇਸ ਦੇ ਨਾਲ ਉਸ ਨੇ ਇਹ ਵੀ ਕਿਹਾ ਕਿ ਪਾਤਸ਼ਾਹ! ਇਹ ਪੇਸ਼ਾ ਤਾਂ ਹੁਣ ਮੇਰੇ ਹੱਡਾਂ `ਚ ਰਚਿਆ ਪਿਆ ਹੈ ਇਸ ਲਈ ਇਸ ਨੂੰ ਛੱਡ ਵੀ ਨਹੀਂ ਸਕਦਾ ਕਿਉਂਕਿ ਇਥੋਂ ਹੀ ਤੇ ਮੇਰੇ ਪ੍ਰਵਾਰ ਦੀ ਰੋਟੀ-ਰੋਜ਼ੀ ਚਲਦੀ ਹੈ। ਇਸ ਦੇ ਉਲਟ ਜੇ ਕਰ ਆਪ ਦੇ ਉਪਦੇਸ਼ਾਂ `ਤੇ ਅਮਲ ਕਰਾਂ ਤਾਂ ਮੈਨੂੰ ਇਹ ਪੇਸ਼ਾ ਕਰਣਾ ਹੀ ਨਹੀਂ ਚਾਹੀਦਾ।

ਗੂਰੂ ਦੀਆਂ ਗੁਰੂ ਜਾਣੇ। ਗੁਰਦੇਵ ਨੇ ਭੂਮੀਏ ਨੂੰ ਕਿਹਾ ਐ ਭਾਈ! ਤੂੰ ਆਪਣੇ ਪੇਸ਼ੇ ਨੂੰ ਬੇਸ਼ੱਕ ਨਾ ਤਿਆਗ ਪਰ ਤੂੰ ਸਾਡੇ ਨਾਲ ਦੋ ਵਾਇਦੇ ਜ਼ਰੂਰ ਕਰ ਲੈ। ਇਸ ਤਰ੍ਹਾਂ ਗੁਰਦੇਵ ਨੇ ਉਸ ਤੋਂ ਦੋ ਵਾਇਦੇ ਲੈ ਲਏ। ਪਹਿਲਾ ਕਿ “ਤੂੰ ਝੂਠ ਨਹੀਂ ਬੋਲੇਂ ਗਾ”। ਦੂਜਾ- “ਤੂੰ ਕਿਸੇ ਦਾ ਨਮਕ ਖਾ ਕੇ, ਉਸ ਨਮਕ ਨੂੰ ਹਰਾਮ ਨਹੀਂ ਕਰੇਂਗਾ”।

ਅਗੋਂ ਸਾਖੀ ਦੇ ਵੇਰਵੇ `ਚ ਜਾਣ ਦੀ ਲੋੜ ਨਹੀਂ ਕਿਉਂਕਿ ਬਹੁਤੀਆਂ ਸੰਗਤਾਂ ਸਾਖੀ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ। ਪ੍ਰਕਰਣ ਅਨੁਸਾਰ ਅਸਾਂ ਇੱਥੇ ਕੇਵਲ ਇਤਨਾ ਹੀ ਕਹਿਣਾ ਹੈ ਕਿ ਇੱਕ ਪਾਸੇ ਭੂਮੀਏ ਦਾ ਜੀਵਨ ਸਿੱਧਾ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਸਫ਼ਲ ਹੋਇਆ। ਜਦਕਿ ਦੂਜੇ ਪਾਸੇ ਗੁਰੂ ਸਾਹਿਬ ਰਾਹੀਂ ਭੂਮੀਏ ਕੋਲੋਂ ਲਏ ਗਏ ਵਾਇਦਿਆਂ `ਤੇ ਅਮਲ ਦਾ ਹੀ ਨਤੀਜਾ ਸੀ ਕਿ ਜਿਸ ਰਾਜੇ ਤੋਂ ਉਸ ਨੂੰ ਵੱਡੀ ਸਜ਼ਾ ਮਿਲਣੀ ਸੀ। ਉਸ ਦੇ ਬਦਲੇ ਭੂਮੀਏ ਦੇ ਹੀ ਨਵੇਂ ਬਦਲੇ ਹੋਏ ਜੀਵਨ ਤੋਂ ਪ੍ਰਭਾਵਤ ਹੋ ਕੇ, ਰਾਜੇ ਨੇ ਭੂਮੀਏ ਨੂੰ ਆਪਣਾ ਜਾਨਸ਼ੀਨ ਘੋਸ਼ਤ ਕਰ ਦਿੱਤਾ। ਇਹ ਗੁਰਬਾਣੀ ਜੀਵਨ ਅਥਵਾ ਜੀਵਨ-ਜਾਚ ਦਾ ਹੀ ਪ੍ਰਤਾਪ ਸੀ ਕਿ ਜਿਥੋਂ ਗੁਰਬਾਣੀ ਦੀ ਇਹ ਖੁਸ਼ਬੂ ਹੋਰ ਅੱਗੇ ਪੂਰੇ ਰਾਜ ਦਰਬਾਰ ਤੇ ਇਲਾਕੇ `ਚ ਵੀ ਫੈਲੀ। ਇਸ ਨਾਲ ਇਹ ਵੀ ਜ਼ਰੂਰੀ ਹੈ ਕਿ ਇਸ ਨਾਲ ਕਈ ਦੂਜੇ ਲੋਕਾਂ ਦੇ ਜੀਵਨ ਵੀ ਸੁਧਰ ਗਏ ਹੋਣਗੇ ਅਤੇ ਨਾਲ ਕਈ ਲੋਕਾਂ ਦੇ ਜੀਵਨ ਅੰਦਰ ਗੁਰੂ ਦਰ ਲਈ ਸਤਿਕਾਰ ਤੇ ਪਿਆਰ ਵੀ ਵਧਿਆ ਹੋਵੇਗਾ; ਗੁਰੂ ਦਰ ਦੇ ਪ੍ਰਸ਼ੰਸਕ ਤਿਆਰ ਹੋਏ ਹੋਣਗੇ ਤੇ ਮਹਿਮਾ ਵੀ ਜ਼ਰੂਰ ਫੈਲੀ ਹੋਵੇਗੀ।

ਇਸੇ ਤਰ੍ਹਾਂ ਭਾਈ ਬਿਧੀ ਚੰਦ, ਜੋ ਕਿ ਵੱਕਤ ਦਾ ਇੱਕ ਵੱਡਾ ਧਾੜਵੀ ਸੀ। ਕੇਵਲ ਇੱਕ ਵਾਰੀ ਤੇ ਉਹ ਵੀ ਆਪਣੇ ਪੇਸ਼ੇ ਦੇ ਸਬੱਬ ਆਪਣੇ ਬਚਾਅ ਲਈ ਭਾਈ ਅਦਲੀ ਜੀ ਦੇ ਸਤਿਸੰਗ `ਚ ਪੁੱਜਾ ਸੀ। ਉਪ੍ਰੰਤ ਉਸ ਦੇ ਜੀਵਨ `ਚ ਤਬਦੀਲੀ ਵੀ ਗੁਰਬਾਣੀ ਗਿਆਨ ਦਾ ਹੀ ਕ੍ਰਿਸ਼ਮਾ ਤੇ ਕਮਾਲ ਸੀ। ਇਹ ਗੁਰਬਾਣੀ ਸਤਸੰਗ ਦਾ ਹੀ ਪ੍ਰਭਾਵ ਸੀ ਕਿ ਉਸ ਦਾ ਮਨ ਵੀ ਬਦਲ ਗਿਆ। ਉਸੇ ਦਾ ਨਤੀਜਾ, ਕਲ ਤੱਕ ਦਾ ਧਾੜਵੀ ਬਿਧੀ ਚੰਦ, ਅੱਜ ਆਪ ਭਾਈ ਅਦਲੀ ਜੀ ਨੂੰ ਨਾਲ ਲੈ ਕੇ, ਸਿੱਖੀ ਦੀ ਦਾਤ ਲੈਣ ਲਈ ਪੰਜਵੇਂ ਪਾਤਸ਼ਾਹ ਦੇ ਚਰਨਾਂ `ਚ ਹਾਜ਼ਰ ਹੋ ਗਿਆ। ਉਪ੍ਰੰਤ ਉਹੀ ਧਾੜਵੀ ਬਿਧੀ ਚੰਦ, ਜੀਵਨ ਦੇ ਬਦਲ ਜਾਣ ਉਪ੍ਰੰਤ ਸਿੱਖ ਇਤਿਹਾਸ `ਚ ਗੁਰੂ ਜੀ ਦੇ ਹੁਕਮਾਂ ਤੋਂ ਵਾਰੇ ਵਾਰੇ ਜਾਣ ਵਾਲਾ ਹੋ ਕੇ, ਸਿੱਖ ਇਤਹਾਸ `ਚ ਭਾਈ ਬਿਧੀ ਚੰਦ ਅਤੇ ਜਰਨੈਲ ਦੇ ਰੂਪ `ਚ ਉਘੜਿਆ। ਜਦਕਿ ਸਿੱਧਾ ਤਾਂ ਇਹ ਵੀ ਪਾਤਸ਼ਾਹ ਦੇ ਚਰਨਾਂ `ਚ ਹਾਜ਼ਰ ਨਹੀਂ ਸੀ ਹੋਇਆ, ਭਾਈ ਅਦਲੀ ਜੀ ਰਾਹੀਂ ਹੀ ਆਇਆ ਸੀ। ਸਿੱਖ ਇਤਹਾਸ ਅਜਿਹੇ ਬੇਅੰਤ ਪ੍ਰਮਾਨਾਂ ਨਾਲ ਭਰਿਆ ਪਿਆ ਹੈ।

‘ਸਿੱਖ ਧਰਮ ਦੇ ਚੌਥੇ ਕੱਦਮ’ ਦਾ ਧੁਰਾ ਕਿੱਥੇ ਹੈ? -ਇਸ ਲਈ ਅਜਿਹਾ ਵਿਚਾਰ ਤੇ ਕੁੱਝ ਸੱਜਨਾਂ ਦੀ ਸੋਚ ਕਿ ਉਹ ਸਮਾਂ ਗੁਰੂ ਹਸਤੀਆਂ ਦੇ ਆਪਣੇ ਪ੍ਰਭਾਵ ਵਾਲਾ ਸੀ ਇਸ ਲਈ ਹੀ ਇਹ ਸਭ ਸੰਭਵ ਸੀ ਅਤੇ ਹੁਣ ਅਜਿਹਾ ਸੰਭਵ ਨਹੀਂ। ਦਰਅਸਲ ਗੁਰਬਾਣੀ ਗਿਆਨ (ਸੱਚ ਧਰਮ) ਅੱਜ ਵੀ ਉਹੀ ਹੈ ਅਤੇ ਉਸ ਗੁਰਬਾਣੀ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਵੀ ਉਹੀ ਹੈ। ਇਸ ਤੋਂ ਇਲਾਵਾ ਉਸ ਵੱਕਤ ਵੀ ਸੰਪੂਰਨ ਸਿੱਖੀ ਪ੍ਰਚਾਰ ਸਿੱਧਾ ਗੁਰੂ ਹਸਤੀਆਂ ਰਾਹੀਂ ਨਹੀਂ ਸੀ ਹੁੰਦਾ ਬਲਕਿ ਗੁਰਦੇਵ ਰਾਹੀਂ ਸਥਾਪਤ ਪ੍ਰਚਾਰਕਾਂ ਰਾਹੀਂ ਵੀ ਹੁੰਦਾ ਸੀ। ਜਿਵੇਂ ਲਾਹੌਰ ਦੀਆਂ ਸੰਗਤਾਂ ਦੀ ਅਗਵਾਹੀ ਲਈ ਭਾਈ ਮਨਸੁਖ, ਉਪ੍ਰੰਤ ਸੱਜਨ ਠੱਗ ਤੋਂ ਭਾਈ ਸੱਜਣ, ਜੀਵਨ ਦੇ ਤਬਦੀਲ਼ ਹੋਣ ਬਾਅਦ ਕੌਡਾ ਭੀਲ ਵੀ ੱਿਖ ਘਰਮ ਦਾ ਪ੍ਰਚਾਰਕ ਉਪ੍ਰੰਤ ਸਮੇਂ ਸਮੇਂ ਨਾਲ ਹੋਰ ਬਹੁਤੇਰੇ ਸੱਜਨ। ਤੀਜੇ ਪਾਤਸ਼ਾਹ ਦੇ ਸਮੇਂ ਤਾਂ ਬਾਈ ਮੰਜੀਆਂ ਤੇ ਬਵੰਜਾ ਪੀੜਿਆਂ ਦਾ ਸਪਸ਼ਟ ਜ਼ਿਕਰ ਆਉਂਦਾ ਹੈ। ਚੌਥੇ ਪਾਤਸ਼ਾਹ ਨੇ ਮਸੰਦ ਥਾਪੇ ਅਤੇ ਪੰਜਵੇਂ ਪਾਤਸ਼ਾਹ ਨੇ ਇਨ੍ਹਾਂ ਮਸੰਦਾ ਤੋਂ ਹੀ, ਇਸ ਨੂੰ ਬਾਕਾਇਦਾ ਮਸੰਦ ਪ੍ਰਥਾ ਦਾ ਰੂਪ ਦਿੱਤਾ। ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਵੀ ਕਿਸੇ ਨਾ ਕਿਸੇ ਰੂਪ `ਚ ਪ੍ਰਚਾਰਕ ਥਾਪੇ ਜਾਂਦੇ ਰਹੇ।

ਇਸ ਤੋਂ ਸਮਝਣਾ ਹੈ ਕਿ ਦਸਮੇਸ਼ ਜੀ ਦੇ ਸਮੇਂ ਤੱਕ ਵੀ ਸਿੱਖ ਧਰਮ ਦਾ ਬਹੁਤਾ ਪ੍ਰਚਾਰ ਸਿੱਧਾ ਗੁਰੂ ਸਾਹਿਬਾਨ ਰਾਹੀਂ ਨਹੀਂ ਬਲਕਿ ਸਥਾਪਤ ਪ੍ਰਚਾਰਕਾਂ ਰਾਹੀਂ ਵੀ ਹੁੰਦਾ ਰਿਹਾ। ਦੂਜਾ ਉਸ ਸਮੇਂ ਜੋ ਵੱਡਾ ਫ਼ਰਕ ਅਤੇ ਜਿਸ ਦੀ ਅੱਜ ਘਾਟ ਹੈ ਉਹ ਇਹ ਕਿ ਉਸ ਸਮੇਂ ਪ੍ਰਚਾਰਕ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਵਾਲੇ ਯੋਗ ਸੱਜਨ ਥਾਪੇ ਜਾਂਦੇ ਸਨ, ਜਿਸ ਦੀ ਕਿ ਅੱਜ ਵੱਡੀ ਘਾਟ ਹੈ। ਉਸੇ ਦਾ ਨਤੀਜਾ ਹੁੰਦਾ ਸੀ ਕਿ ਉਨ੍ਹਾਂ ਰਾਹੀਂ ਗੁਰਮੱਤ ਪ੍ਰਚਾਰ ਕਾਰਨ ਜੋ ਜੀਵਨੀਆਂ ਸਿੱਖ ਧਰਮ ਦਾ ਤੀਜਾ ਕਦਮ ਭਾਵ ਸ਼੍ਰਧਾਲੂ, ਹਮਦਰਦ ਤੇ ਪ੍ਰਸ਼ੰਸਕ ਤਿਆਰ ਹੁੰਦੇ ਸਨ। ਉਨ੍ਹਾਂ ਵਿਚੋਂ ਹੀ ਵੱਡੀ ਗਿਣਤੀ `ਚ ਭਗੀਰਥ, ਭਾਈ ਜੋਧ, ਭਾਈ ਫ਼ੇਰੂ, ਭਾਈ ਕਲਿਆਣਾ ਜੀ ਆਦਿ ਵਾਂਗਰ ਹਜ਼ਾਰਾਂ ਸੱਜਨ ਕੇਵਲ ਸਿੱਖ ਹੀ ਨਹੀਂ ਬਲਕਿ ਸਿੱਖ ਧਰਮ ਦੇ ਚਲਦੇ ਫ਼ਿਰਦੇ ਪ੍ਰਚਾਰਕ ਵੀ ਬਣ ਜਾਂਦੇ ਸਨ। ਫ਼ਿਰ ਉਨ੍ਹਾਂ ਸਿੱਖ ਜੀਉੜਿਆਂ ਦੇ ਯਤਨਾਂ ਤੋਂ ਕੌਮ `ਚ ਨਿੱਤ ਨਵੇਂ ਸ਼੍ਰਧਾਲੂ, ਹਮਦਰਦ ਤੇ ਪ੍ਰਸ਼ੰਸਕ ਪੈਦਾ ਹੁੰਦੇ ਜਾਂਦੇ ਸਨ। ਬੱਸ ਉਸ ਸਮੇਂ ਗੁਰਸਿੱਖੀ ਦੀ ਅਮਰ ਵੇਲ ਵਾਲੀ ਇਹ ਸ਼੍ਰਿੰਖਲਾ ਹੀ ਅਰੁਕ ਹੁੰਦੀ ਸੀ। ਉਸੇ ਤੋਂ ਤੇ ਉਨ੍ਹਾਂ ਦੇ ਜੀਵਨ ਦੇ ਪ੍ਰਭਾਵ ਤੋਂ ਹੀ ਅਣਧਰਮੀਆਂ `ਚੋਂ ਸਿੱਖ ਧਰਮ ਦੇ ਨਵੇਂ ਤੋਂ ਨਵੇਂ ਤੇ ਦੂਰ ਦੂਰ ਤੱਕ ਪ੍ਰਸ਼ੰਸਕ ਪੈਦਾ ਹੋ ਜਾਂਦੇ ਸਨ। ਇਸ ਤਰ੍ਹਾਂ ਓਦੋਂ ਦੇ ਮੁਕਾਬਲੇ ਅੱਜ ਆਪਣੇ ਅੰਦਰੋਂ ਗੁਰਬਾਣੀ ਜੁਗਤ ਤੇ ਜੀਵਨ ਦੀ ਪਹਿਚਾਣ ਕਰਣ ਦੀ ਲੋੜ ਹੈ ਸਾਰੀ ਗੱਲ ਆਪਣੇ ਆਪ ਸਮਝ `ਚ ਆ ਜਾਵੇਗੀ

ਕਹਿਣ ਤੋਂ ਭਾਵ ਜਿਵੇਂ ਭੂਮੀਏ ਦੇ ਬਦਲੇ ਹੋਏ ਜੀਵਨ ਨੇ ਗੁਰਬਾਣੀ ਦੀ ਖ਼ਸ਼ਬੂ ਨੂੰ ਰਾਜਦਰਬਾਰ ਤੇ ਪੂਰੇ ਇਲਾਕੇ ਤੱਕ ਪਹੁਚਾਇਆ ਤੇ ਫੈਲਾਇਆ। ਜਿਵੇਂ ਭਾਈ ਅਦਲੀ ਜੀ ਦਾ ਗੁਰਬਾਣੀ ਭਿਜਿਆ ਜੀਵਨ ਤੇ ਉਨ੍ਹਾਂ ਰਾਹੀਂ ਗੁਰਬਾਣੀ ਸਤਿਸੰਗ ਦਾ ਹੀ ਪ੍ਰਭਾਵ ਸੀ ਜਿੱਥੋਂ ਭਾਈ ਬਿਧੀ ਚੰਦ ਦਾ ਜੀਵਨ ਉਭਰਿਆ। ਸਪਸ਼ਟ ਹੈ ਕਿ ਉਨ੍ਹਾਂ ਦੇ ਸਤਸੰਗਾਂ ਨੇ ਕੇਵਲ ਭਾਈ ਬਿਧੀ ਚੰਦ ਨੂੰ ਹੀ ਨਹੀਂ ਬਲਕਿ ਅਨੇਕਾਂ ਦੂਜਿਆਂ ਦੇ ਜੀਵਨ ਬਦਲੇ ਤੇ ਬਹੁਤਿਰਿਆਂ ਦੇ ਮਨਾਂ `ਚ ਗੁਰਬਾਣੀ ਜੀਵਨ ਲਈ ਸਤਿਕਾਰ ਤੇ ਸਮਾਜ `ਚ ਸਿੱਖ ਧਰਮ ਦੇ ਪ੍ਰਸ਼ੰਸਕ ਪੈਦਾ ਕੀਤੇ।

“ਧਰਮੁ ਫੁਲੁ ਫਲੁ ਗਿਆਨੁ” - ਸਿੱਖ ਧਰਮ ਦੇ ਚਾਰ ਕੱਦਮ ਤੇ ਸਿੱਖ ਧਰਮ ਦੁੇ ਵਿਕਾਸ ਦੇ ਵਿਸ਼ੇ ਨੂੰ ਸਮਝਣ ਲਈ ਸਾਨੂੰ ਇੱਕ ਪੇੜ ਉਸ ਪੇੜ ਦੀ ਜੜ੍ਹ, ਡਾਲੀਆਂ, ਪੱਤੀਆਂ, ਫੁਲਾਂ ਤੇ ਫਲਾਂ ਦੀ ਤਰਤੀਬ ਵੱਲ ਧਿਆਣ ਦੇਣ ਦੀ ਲੋੜ ਹੈ, ਪੂਰੀ ਗੱਲ ਸਮਝ `ਚ ਆ ਜਾਵੇਗੀ। ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਬਾਗ਼ ਦਾ ਵਾਤਾਵਰਣ, ਬਾਗ਼ `ਚ ਖਿੜੇ ਫੁਲਾਂ ਕਾਰਨ ਹੀ ਹੁੰਦਾ ਹੈ। ਫ਼ਿਰ ਇਹ ਸੁਹੱਪਣ, ਖੁਸ਼ਬੂ ਤੇ ਵਾਤਾਵਰਣ ਕੇਵਲ ਉਨ੍ਹਾਂ ਫੁਲਾਂ ਤੱਕ ਹੀ ਸੀਮਤ ਨਹੀਂ ਰਹਿੰਦਾ ਬਲਕਿ ਪੂਰੇ ਬਾਗ਼ ਦਾ ਸ਼ਿੰਗਾਰ ਹੁੰਦਾ ਹੈ। ਅਜਿਹਾ ਵਾਤਾਵਰਣ ਉਸ ਬਾਗ਼ `ਚ ਹਰੇਕ ਆਉਣ ਵਾਲੇ ਦੇ ਮਨ ਮੋਹ ਲੈਂਦਾ ਹੈ ਤੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਤੇ ਉਨ੍ਹਾਂ ਨੂੰ ਸਰੀਰਕ ਆਰਾਮ ਵੀ ਦਿੰਦਾ ਹੈ।

ਇਸ ਦੇ ਬਾਵਜੂਦ ਉਨ੍ਹਾਂ ਫੁਲਾਂ ਦਾ ਇਹ ਸੁਹਪਣ, ਖੁਸ਼ਬੂ, ਉਪ੍ਰੰਤ ਜੇਕਰ ਉਥੇ ਫਲ ਵੀ ਹਨ ਤੇ ਉਨ੍ਹਾਂ ਫਲਾਂ ਦਾ ਰਸ ਤੇ ਸੁਆਦ ਵੀ, ਉਨ੍ਹਾਂ ਫਲਾਂ ਜਾਂ ਫੁਲਾਂ ਦਾ ਆਪਣਾ ਨਹੀਂ ਹੁੰਦਾ। ਉਨ੍ਹਾਂ ਫੁਲਾਂ ਤੇ ਫਲਾਂ ਨੂੰ ਵੀ ਸਾਰਾ ਸੁਹੱਪਣ, ਖੁਸ਼ਬੂ, ਰਸ ਤੇ ਸੁਆਦ, ਉਨ੍ਹਾਂ ਦੀਆਂ ਡਾਲੀਆਂ ਤੇ ਪਤਿਆਂ ਰਸਤੇ ਹੇਠੋਂ ਉਸ ਪੇੜ ਜਾਂ ਪੋਧੇ ਦੀਆਂ ਜੜ੍ਹਾਂ `ਚੋਂ ਹੀ ਆ ਰਿਹਾ ਹੁੰਦਾ ਹੈ। ਠੀਕ ਇਸੇ ਤਰ੍ਹਾਂ “ਕਰਮ ਪੇਡੁ ਸਾਖਾ ਹਰੀ, ਧਰਮੁ ਫੁਲੁ ਫਲੁ ਗਿਆਨੁ॥ ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ” (ਪੰ: ੧੧੬੮) ਗੁਰਮੱਤ ਦੇ ਇਸ ਵੇਰਵੇ ਅਨੁਸਾਰ ਹੀ, ਸਿੱਖ ਧਰਮ ਦੇ ਦੂਜੇ ਤੇ ਤੀਜੇ ਕੱਦਮ `ਚ ਵਿਚਰ ਰਹੇ ਸੱਜਨਾਂ ਦੇ ਜੀਵਨ `ਚ ਵੀ ਗੁਰਬਾਣੀ ਵਾਲੇ ਧੁਰੇ ਤੋਂ ਸਿੱਖੀ ਜੀਵਨ ਦਾ ਰੱਸ, ਗੁਣ ਤੇ ਸਭਕੁਝ ਪੁੱਜ ਰਿਹਾ ਹੁੰਦਾ ਹੈ। ਇਸ ਤੋਂ ਬਾਅਦ ਜਿਵੇਂ ਫਲਾਂ ਤੇ ਫੁਲਾਂ ਦਾ ਰਸ, ਸੁਆਦ, ਸੁਹਪਣ ਆਦਿ ਆਪਣੇ ਤੱਕ ਸੀਮਤ ਨਹੀਂ ਰਹਿੰਦਾ ਇਸੇ ਤਰ੍ਹਾਂ ਅਜਿਹੇ ਜੀਉੜਿਆਂ ਦਾ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਵੀ, ਕੇਵਲ ਉਨ੍ਹਾਂ ਦੇ ਆਪਣੇ ਜੀਵਨ ਦੀ ਸੰਭਾਲ ਤੱਕ ਸੀਮਤ ਨਹੀਂ ਰਹਿ ਜਾਂਦਾ। ਅਜਿਹਾ ਜੀਵਨ ਅਨੇਕਾਂ ਦੇ ਜੀਵਨ ਨੂੰ ਵੀ ਗੁਣਵਾਣ ਬਣਾ ਦਿੰਦਾ ਹੈ। ਫ਼ਿਰ ਇਤਨਾ ਹੀ ਨਹੀਂ, ਅਨੇਕਾਂ ਦੂਜਿਆਂ ਦੇ ਮਨਾਂ `ਚ ਵੀ ਉਨ੍ਹਾਂ ਗੁਣਵਾਣ ਸੱਜਨਾਂ ਲਈ ਸਤਿਕਾਰ ਤੇ ਸਿੱਖ ਧਰਮ ਲਈ ਖੁਸ਼ਬੂ ਪੈਦਾ ਕਰਣ ਦਾ ਕਾਰਨ ਬਣਦਾ ਹੈ। ਦਰਅਸਲ ਅਨੇਕਾਂ ਦੂਜਿਆਂ ਦੇ ਮਨਾਂ `ਚ ਵੀ ਉਨ੍ਹਾਂ ਗੁਰਬਾਣੀ ਜੀਵਨ ਕਾਰਨ ਗੁਣਵਾਣ ਸੱਜਨਾਂ ਲਈ ਸਤਿਕਾਰ ਤੇ ਸਿੱਖ ਧਰਮ ਲਈ ਖੁਸ਼ਬੂ ਪੈਦਾ ਕਰਣ ਦਾ ਕਾਰਨ ਬਣਨਾ ਹੀ ‘ਸਿੱਖ ਧਰਮ ਦਾ ਚੌਥਾ ਕਦਮ ਹੈ’।

ਦੂਜੇ ਲਫ਼ਜ਼ਾਂ `ਚ ਗੁਰਬਾਣੀ ਜੀਵਨ ਜੁਗਤ `ਤੇ ਆਧਾਰਿਤ ਸਿੱਖਾਂ ਦਾ ਤਿਆਰ ਹੋਇਆ ਉੱਚਾ-ਸੁੱਚਾ ਜੀਵਨ। ਫ਼ਿਰ ਉਨ੍ਹਾਂ ਤਿਆਰ ਤੇ ਉੱਚੇ ਸੁੱਚੇ ਜੀਵਨ ਵਾਲੇ ਸੱਜਨਾਂ ਦੇ ਪ੍ਰਭਾਵ ਤੇ ਖਿੱਚ ਤੋਂ ਪੈਦਾ ਹੋਣ ਵਾਲੇ ਸਿੱਖ ਧਰਮ ਦੇ ਸ਼੍ਰਧਾਲੂ ਤੇ ਹਮਦਰਦ। ਇਸ ਤੋਂ ਬਾਅਦ ਇਨ੍ਹਾਂ ਸਿੱਖਾਂ ਤੇ ਸ਼੍ਰਧਾਲੂਆਂ, ਹਮਦਰਦਾਂ ਦੇ ਜੀਵਨ ਤੇ ਰਹਿਣੀ ਦਾ ਸਮਾਜ `ਤੇ ਦਿਲਖਿਚਵਾਂ ਪ੍ਰਭਾਵ ਤੇ ਦੂਜਿਆਂ ਲਈ ਆਪਣਾਪਣ। ਦੋਨਾਂ ਦੇ ਮਿਲਵੇਂ ਵਿਉਹਾਰ ਤੋਂ ਸਿੱਖੀ ਤੇ ਗੁਰਬਾਣੀ ਜੀਵਨ ਵਾਲੀ ਇਹ ਖੁਸ਼ਬੂ ਸੰਪੂਰਣ ਸੰਸਾਰ ਤੱਕ ਪੁੱਜਦੀ ਹੈ। ਇਸ ਲਈ ਦੋਰਾਹ ਦੇਵੀਏ ਕਿ ਦਰਅਸਲ ਇਹੀ ਹੈ ਸਿੱਖ ਧਰਮ ਦਾ ਚੌਥਾ ਕੱਦਮ। ਸਿੱਖ ਧਰਮ ਦੀ ਉਹ ਖੁਸ਼ਬੂ ਜਿਹੜੀ ਆਪ ਮੁਹਾਰੇ ਲੋਕਾਈ `ਚ ਫੈਲਦੀ ਤੇ ਗੁਰੂ ਕੇ ਸਿੱਖਾਂ ਦੀ ਤਾਰੀਫ਼ ਤੇ ਦੂਜਿਆਂ ਦੀਆਂ ਨਜ਼ਰਾਂ `ਚ ਉਨ੍ਹਾਂ ਦੇ ਸਤਿਕਾਰ ਦਾ ਕਾਰਨ ਬਣਦੀ ਹੈ।

ਸਪਸ਼ਟ ਹੋਇਆ ਕਿ ਗੁਰਬਾਣੀ ਵਾਲੇ ਇਲਾਹੀ ਗਿਆਨ ਤੋਂ ਜੋ ਜੀਵਨ ਜੁਗਤ ਪ੍ਰਗਟ ਹੁੰਦੀ ਹੈ, ਉਹੀ ਸਿੱਖ ਧਰਮ ਦਾ ਪਹਿਲਾ ਕੱਦਮ ਹੈ। ਫ਼ਿਰ ਉਸ ਗੁਰਬਾਣੀ ਜੀਵਨ ਜੁਗਤ ਤੋਂ ਜੋ ਜੀਵਨ ਪੈਦਾ ਹੁੰਦੇ ਹਨ, ਸਹੀ ਅਰਥਾਂ `ਚ ਉਹੀ ਹੈ ਸਿੱਖੀ ਜੀਵਨ ਪ੍ਰਗਾਸ ਅਥਵਾ ਸਿੱਖ ਧਰਮ ਦਾ ਦੂਜਾ ਕੱਦਮ। ਇਸ ਤਰ੍ਹਾਂ ਸਿੱਖ ਦਾ ਜੀਵਨ ਅਥਵਾ ਸਿੱਖ ਦੀ ਰਹਿਣੀ ਭਾਵ ਸਿੱਖ ਧਰਮ ਦਾ ਦੂਜਾ ਕੱਦਮ ਹੀ ਜੇ ਕਰ ਆਪਣੇ ਧੁਰੇ “ਗੁਰਬਾਣੀ ਜੀਵਨ ਜਾਚ ਨਾਲ ਜੁੜਿਆ ਹੋਇਆ ਹੈ ਤਾਂ ਕੋਈ ਕਾਰਨ ਨਹੀਂ ਕਿ ਸਿੱਖੀ ਤੇ ਸਿੱਖ ਧਰਮ ਦੀ ਖੂਸਬੂ ਸੰਸਾਰ ਭਰ `ਚ ਨਾ ਫੈਲੇ। ਕਹਿਣ ਤੋਂ ਭਾਵ, ਸੱਚੇ ਸੁੱਚੇ ਗੁਰਬਾਣੀ ਆਧਾਰਤ ਜੀਵਨ ਵਾਲੇ ਸਿੱਖਾਂ ਦੇ ਜੀਵਨ ਦੀ ਖੁਸ਼ਬੂ ਹੀ ਹੁੰਦੀ ਹੈ ਜਿਸ ਨੇ ਆਪਣੇ ਆਪ ਸੰਸਾਰ ਭਰ `ਚ ਫੈਲਣਾ ਹੈ।

ਸਿੱਖ ਧਰਮ ਦੇ ਇਸ ਦੂਜੇ ਕੱਦਮ ਤੋਂ ਹੀ ਸਿੱਖ ਧਰਮ ਦੇ ਅਗ਼ਲੇ ਦੋਵੇਂ ਕੱਦਮ ਭਾਵ ਤੀਜਾ ਤੇ ਚੋਥਾ ਕੱਦਮ ਆਪਣੇ ਆਪ ਬਨਣੇ ਤੇ ਨਾਲੋ ਨਾਲ ਵਿਕਸਤ ਹੋਣੇ ਹਨ। ਜੇ ਕਰ “ਕਰਮ ਪੇਡੁ ਸਾਖਾ ਹਰੀ, ਧਰਮੁ ਫੁਲੁ ਫਲੁ ਗਿਆਨੁ॥ ਪਤ ਪਰਾਪਤਿ ਛਾਵ ਘਣੀ, ਚੂਕਾ ਮਨ ਅਭਿਮਾਨੁ” (ਪੰ: ੧੧੬੮) ਅਨੁਸਾਰ ਸਿੱਖੀ ਜੀਵਨ ਸੱਚ ਮੁੱਚ ਹੀ ਗੁਰਬਾਣੀ `ਚੋਂ ਪ੍ਰਗਟ ਹੋਈ ਜੁਗਤ ਅਨੁਸਾਰ ਤਿਆਰ ਹੋ ਰਹੇ ਹਨ, ਤਾਂ ਅਜਿਹੇ ਜੀਊੜਿਆਂ ਦੇ ਜੀਵਨ ਅੰਦਰੋ ਜਿਹੜੀ ਪਰਉਪਕਾਰ, ਦਇਆ, ਸੰਤੋਖ, ਸਦਾਚਾਰ, ਉੱਚ ਆਚਰਣ, ਵਿਕਾਰ ਰਹਿਤ ਜੀਵਨ ਦੀ ਖੁਸ਼ਬੂ ਉਠੇ ਗੀ, ਉਸੇ ਤੋਂ ਸਿੱਖ ਧਰਮ ਦਾ ਵਿਕਾਸ ਹੋਣਾ ਹੈ।

ਅਜਿਹੇ ਗੁਰਬਾਣੀ ਆਧਾਰਤ ਸਿੱਖੀ ਦਾ ਸਹਿਜੇ ਹੀ ਨਤੀਜਾ ਹੋਵੇਗਾ ਕਿ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ” (ਪੰ: ੬੭੧) ਅਤੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਅਥਵਾ “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਭਾਵ ਅਜਿਹੀਆਂ ਜੀਵਨੀਆਂ `ਚ ਆਪਣੇ ਆਪ, ਦੂਜਿਆਂ ਲਈ ਆਪਣਾ-ਪਣ ਆਦਿ ਵਾਲੇ ਵਿੱਤਕਰਾ ਰਹਿਤ ਸਦਗੁਣ ਪੈਦਾ ਹੋ ਜਾਣੇ ਹਨ। ਦਰਅਸਲ ਅਜਿਹੀਆਂ ਜੀਵਨੀਆਂ ਦੇ ਜੀਵਨ ਤੋ ਹੀ ਸਿੱਖ ਧਰਮ ਦੇ ਵੱਧ ਤੋਂ ਵੱਧ ਸ਼੍ਰਧਾਲੂ, ਹਮਦਰਦਤੇ ਪ੍ਰਸ਼ੰਸਕ ਪੈਦਾ ਹੋਣੇ ਹਨ। ਜਦਕਿ ਇਸੇ ਦਾ ਹੀ ਅਗ਼ਲਾ ਪੜਾਅ ਹੈ ਸਿੱਖ ਧਰਮ ਦਾ ਚੌਥਾ ਕੱਦਮ।

ਇਨ੍ਹਾਂ ਸ਼੍ਰਧਾਲੂਆਂ ਤੇ ਹਮਦਰਦਾਂ ਵਿਚੋਂ ਹੀ-ਉਪ੍ਰੰਤ ਇਨ੍ਹਾਂ ਸ਼੍ਰਧਾਲੂਆਂ ਤੇ ਹਮਦਰਦਾਂ ਵਿਚੋਂ ਹੀ ਬੇਅੰਤ ਨੇ ਸਿੱਖ ਸਜ ਜਾਣਾ ਹੈ ਅਤੇ ਬੇਅੰਤ ਨੇ ਰਾਏ ਬੁਲਾਰ, ਸਾਈਂ ਮੀਆਂ ਮੀਰ, ਪੀਰ ਬੁਧੂ ਸ਼ਾਹ, ਦਿਵਾਨ ਟੋਡਰ ਮਲ, ਮੋਤੀ ਲਾਲਾ ਮਹਿਰਾ ਦੇ ਰੂਪ `ਚ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਤੋਂ ਵਾਰੇ ਵਾਰੇ ਜਾਣਾ ਹੈ। ਇਥੋਂ ਤੱਕ ਕਿ ਅਜਿਹੀਆਂ ਜੀਵਨਆਂ ਨੇ ਹੀ ਸਿੱਖੀ ਤੋਂ ਆਪਣਾ ਆਪ ਕੁਰਬਾਨ ਤੱਕ ਕਰਣ ਵਾਲੇ ਵੀ ਪੈਦਾ ਕਰ ਦੇਣੇ ਹਨ। ਹੋਰ ਤਾਂ ਹੋਰ ਪ੍ਰੋਫ਼ੈਸਰ ਸਹਿਬ ਸਿੰਘ, ਮਾਸਟਰ ਤਾਰਾ ਸਿੰਘ, ਰਾਮ ਤੀਰਥ ਡੰਡੀ ਸੁਆਮੀ, ਗਿਆਨੀ ਭਾਗ ਸਿਘ ਅੰਬਾਲਾ ਵਰਗੀਆਂ ਪੰਥਕ ਹਸਤੀਆਂ ਵੀ ਇਨ੍ਹਾਂ ਵਿੱਚੋਂ ਹੀ ਆਉਣੀਆਂ ਹਨ। ਸਿੱਖੀ ਬਾਗ਼ ਦੇ ਇਸੇ ਦੂਜੇ ਤੇ ਤੀਜੇ ਕੱਦਮ ਦੀ ਮਿਲਵੀਂ ਖੁਸ਼ਬੂ ਤੋਂ ਤਿਆਰ ਹੋਏ ਵਾਤਾਵਰਣ ਦੀ ਹੀ ਦੇਣ ਹੈ ਸਿੱਖ ਧਰਮ ਦਾ ਚੌਥਾ ਕੱਦਮ ਤੇ ਉਸ ਦਾ ਫੈਲਾਅ।

ਇਸ ਤਰ੍ਹਾਂ ਜੇਕਰ ਪਹਿਲੇ ਕੱਦਮ `ਤੇ ਹੀ ਜੇ ਕਰ ਸਿੱਖ ਦਾ ਜੀਵਨ ਗੁਰਬਾਣੀ ਆਸ਼ੇ ਅਨੁਸਾਰ ਹੈ ਤਾਂ ਉਸੇ ਤੋਂ ਸਿੱਖ ਧਰਮ ਦਾ ਤੀਜਾ ਕੱਦਮ ਪਣਪਣਾ ਹੈ। ਫ਼ਿਰ ਉਸ ਦੂਜੇ ਤੇ ਤੀਜੇ ਕੱਦਮ ਦੇ ਮਿਲਾਪ ਤੋਂ ਹੀ ਸਿੱਖ ਧਰਮ ਦਾ ਚੌਥਾ ਕੱਦਮ, ਸਿੱਖ ਧਰਮ ਦੀ ਖੁਸ਼ਬੂ ਬਣ ਕੇ ਆਮ ਲੋਕਾਈ ਤੇ ਅਣਧਰਮੀਆਂ ਵਿਚਕਾਰ ਵੀ ਪੁੱਜਣਾ ਹੈ।

ਇਸ ਚੌਥੇ ਕੱਦਮ ਦਾ ਹੀ ਪ੍ਰਗਟਾਵਾ ਹਨ “ਰਣ ਬਸਰੇ ਨੂੰ ਚੱਲੀ, ਤੇ ਮੋੜੀਂ ਬਾਬਾ ਕੱਛ ਵਾਲਿਆ” ਅਤੇ “ਹੁਣ ਤਾਂ ਆਏ ਨੇ ਨਿਹੰਗ, ਬੂਹੇ ਖੋਲ ਦਿਓ ਨਿਸੰਗ” ਜਾਂ ਅਬਦਾਲੀ ਹੱਥੋਂ ਭਾਰਤ `ਚ “੨੦. ੦੦੦ ਬੱਚੇ-ਬੱਚੀਆਂ ਨੂੰ ਆਜ਼ਾਦ ਕਰਵਾਉਣ” ਵਰਗੀਆਂ ਕੁੱਝ ਮਿਸਾਲਾਂ ਦਿੱਤੀਆਂ ਵੀ ਜਾ ਚੁੱਕੀਆਂ ਹਨ ਅਤੇ ਅਜਿਹੀਆਂ ਹੋਰ ਬੇਅੰਤ ਘਟਨਾਵਾਂ। ਇਹ ਵੀ ਸਿੱਖੀ ਦੀ ਖੁਸ਼ਬੂ ਹੀ ਸੀ ਜਿਸ ਕਰਕੇ ਵਿਰੋਧੀਆਂ ਦੀ ਕਚਿਹਰੀ `ਚ ਵੀ, ਸਿੱਖ ਦੀ ਗਵਾਹੀ ਨੂੰ ਹੀ ਸੱਚੀ ਤੇ ਆਖਰੀ ਗਵਾਹੀ ਮਨੰਣ ਵਾਲੀਆਂ ਗੱਲਾਂ ਸਾਡੇ ਨਾਲ ਜੁੜੀਆਂ ਪਈਆਂ ਹਨ। ਇਹ ਸਭ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੀ ਸੰਸਾਰ `ਚ ਫੈਲੀ ਹੋਈ ਬੇਅੰਤ ਖੁਸ਼ਬੂ ਨੂੰ ਹੀ ਪ੍ਰਗਟ ਕਰ ਰਹੀਆਂ ਹਨ। ਇਹ ਉਹ ਘਟਨਾਵਾਂ ਹਨ ਜਿਨ੍ਹਾਂ ਦਾ ਇਸ਼ਾਰਾ ਅਸੀਂ ਇਸ ਗੁਰਮੱਤ ਪਾਠ ਦੇ ਦੂਜੇ ਭਾਗ `ਚ ਕਰ ਵੀ ਚੁੱਕੇ ਹਾਂ। ਇਥੇ ਤਾਂ ਇਸ ਬਾਰੇ ਕੇਵਲ ਇਤਨਾ ਹੀ ਕਹਿਣਾ ਹੈ ਕਿ ਇਹ ਆਮ ਲੋਕਾਈ ਹੈ, ਜੋ ਸਿੱਖ ਤਾਂ ਨਹੀਂ ਸੱਜਦੀ ਪਰ ਉਹ ਲੋਕ ਵੀ ਸਿੱਖੀ ਜੀਵਨ ਦੀ ਖੁਸ਼ਬੂ ਕਾਰਨ, ਸਿੱਖੀ ਜੀਵਨ `ਤੇ ਅਸ਼-ਅਸ਼ ਕਰ ਉਠਦੇ ਹਨ। ਦਰਅਸਲ ਇਹੀ ਹੈ ਸਿੱਖ ਧਰਮ ਦਾ ਚੌਥਾ ਕੱਦਮ।

ਇਮਾਨਦਾਰੀ ਨਾਲ ਘੋਖਿਆ ਜਾਵੇ ਤਾਂ ਅਜੈ ਵੀ ਸੰਸਾਰ ਦਾ ਬਹੁਤ ਵੱਡਾ ਹਿੱਸਾ ਹੈ ਜੋ ਸਿੱਖ ਧਰਮ ਦਾ ਹਮਦਰਦ ਹੈ। ਬੇਸ਼ੱਕ ਉਨ੍ਹਾਂ ਵਿੱਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ ਜੋ ਸਿੱਖ ਧਰਮ ਦਾ ੳ, ਅ ਜਾਂ ਗੁਰੂ ਸਾਹਿਬਾਨ ਬਾਰੇ ਵੀ ਉੱਕਾ ਨਹੀਂ ਜਾਣਦੇ। ਫ਼ਿਰ ਵੀ ਉਨ੍ਹਾਂ ਦੇ ਮਨ ਅੰਦਰ ਸਿੱਖਾਂ ਲਈ ਕਈ ਪੱਖਾਂ ਤੋਂ ਸਤਿਕਾਰ ਭਰਿਆ ਪਿਆ ਹੈ। ਕਾਰਨ ਇੱਕੋ ਹੈ ਕਿ ਉਨ੍ਹਾਂ ਦੇ ਪੂਰਵਜਾਂ ਅੰਦਰ ਵੀ ਸਾਡੇ ਇਤਿਹਾਸਕ ਪਿਛੌਕੜ ਦੌਰਾਨ ਕਿਧਰੋਂ ਨਾ ਕਿਧਰੋਂ ਸਿੱਖ ਧਰਮ ਦੇ ਗੁਣਾਂ ਦੀ ਖੁਸ਼ਬੂ ਪੁੱਜੀ ਹੋਈ ਹੈ ਜਿਹੜੀ ਕਿ ਪਨੀਰੀ ਤੋਂ ਬਾਅਦ ਪਨੀਰੀ ਤੱਕ ਪੁੱਜ ਰਹੀ ਹੈ। ਇਸ ਤਰ੍ਹਾਂ ਅਜਿਹੀ ਲੋਕਾਈ ਸਿੱਖ ਧਰਮ ਦੇ ਚੌਥੇ ਕੱਦਮ `ਚ ਹੀ ਆਉਂਦੀ ਹੈ।

ਦੂਰ ਕਿਉਂ ਜਾਵੀਏ, ਸੰਨ ੧੯੮੪ ਦੇ ਸਿੱਖ ਕਤਲੇਆਮ (ਘਲੂਘਾਰੇ) ਦੀ ਹੀ ਜੇ ਕਰ ਗੱਲ ਕਰੀਏ ਤਾਂ ਉਥੇ ਵੀ ਕੁੱਝ ਕਮੀਨ ਕਿਸਮ ਦੇ ਲੋਕ ਹੀ ਸਨ ਜਿਨ੍ਹਾਂ ਨੇ ਆਪਣੇ ਮਨਾਂ ਅੰਦਰੋ ਆਪਣੀ ਕਾਲਖ ਦਾ ਸਬੂਤ ਦਿੱਤਾ ਤੇ ਉਸ ਦਾ ਪ੍ਰਗਟਾਵਾ ਕਰਦੇ ਹੋਏ, ਸਿੱਖਾਂ `ਤੇ ਹਮਲੇ ਕੀਤੇ। ਅਜਿਹੇ ਕਮੀਨ ਲੋਕ, ਫ਼ਿਰ ਚਾਹੇ ਸਿੱਖ ਵਿਰੋਧੀ ਸਰਕਾਰੀ ਤੰਤ੍ਰ `ਚੋਂ ਕੁੱਝ ਘਟੀਆ ਦਿਮਾਗ਼ ਲੋਕਾਂ ਦੇ ਇਸ਼ਾਰੇ `ਤੇ ਨੱਚ ਰਹੇ ਸਨ ਤੇ ਭਾਵੇਂ ਲੁੱਟ-ਖੋਹ ਦੀ ਨੀਯਤ ਵਾਲੇ ਲੁਟੇਰਿਆਂ ਨੇ ਸਮੇਂ ਦੇ ਵਿਗਾੜ ਦਾ ਲਾਭ ਲਿਆ। ਫ਼ਿਰ ਵੀ ਇਸ ਤ੍ਰਾਸਦੀ ਤੇ ਕਤਲੋਗ਼ਾਰਤ ਵਾਲੇ ਭਿਅੰਕਰ ਸਮੇਂ ਵੀ ਸਿੱਖਾਂ ਦਾ ਸਾਥ ਦੇਣ ਵਾਲੇ ਲੋਕ ਵੀ ਘੱਟ ਨਹੀਂ ਸਨ। ਤਾਂ ਫ਼ਿਰ ਉਹ ਕੌਣ ਸਨ? ਜੋ ਅਜਿਹੇ ਵਿਗੜੇ ਹਾਲਾਤਾਂ `ਚ ਹੀ ਸਿੱਖਾਂ ਦੇ ਹੀ ਹਮਦਰਦ ਸਨ? ਇਸ `ਚ ਸ਼ੱਕ ਨਹੀਂ ਕਿ ਅਜਿਹੇ ਭਿਅੰਕਰ ਹਾਲਾਤ ਸਮੇਂ ਇੱਕ ਵੀ ਮੁਸਲਿਮ ਇਲਾਕਾ ਨਹੀਂ ਮਿਲੇਗਾ ਜਿੱਥੇ ਕਿ ਕਿਸੇ ਨੇ ਵੀ ਸਿੱਖਾਂ ਵੱਲ ਮਾੜੀ ਉਂਗਲ ਤੱਕ ਵੀ ਕੀਤੀ ਹੋਵੇ। ਇਸ ਤੋਂ ਇਲਾਵਾ ਓਦੋਂ ਗ਼ੈਰ ਮੁਸਲਿਮ ਅਤੇ ਨਿਰੋਲ ਹਿੰਦੂ ਇਲਾਕੇ ਵੀ ਬੇਅੰਤ ਸਨ ਜਿੱਥੇ ਸਿੱਖਾਂ ਦਾ ਵਾਲ ਵੀ ਬੀਕਾ ਨਹੀਂ ਹੋਣ ਦਿੱਤਾ ਗਿਆ। ਬਲਕਿ ਵਿਗਾੜ ਤੇ ਕਤਲੋਗ਼ਾਰਤ ਵਾਲੇ ਇਲਾਕਿਆਂ `ਚ ਵੀ ਅਜਿਹੇ ਗ਼ੈਰਸਿੱਖ ਬਹੁਤ ਸਨ ਜਿਨ੍ਹਾਂ ਆਪ ਅੱਗੇ ਹੋ ਕੇ ਸਮੇਂ ਦੀ ਸੰਭਾਲ ਕੀਤੀ ਅਤੇ ਸਿੱਖਾਂ ਦੇ ਹੱਕ ਵਿੱਚ ਨਿੱਤਰੇ।

ਇਸ ਤੋਂ ਇਲਾਵਾ ਅੱਜ ਵੀ ਗੁਰਦੁਆਰਿਆਂ `ਚ ਜਾ ਕੇ ਦੇਖ ਲਵੋ! ਪਤਾ ਲਗ ਜਾਵੇਗਾ ਕਿ ਕਿਤਨੀ ਭਾਰੀ ਗਿਣਤੀ `ਚ ਗ਼ੈਰ ਸਿੱਖ ਵੀ, ਗੁਰੂ ਪਾਤਸ਼ਾਹ ਦੇ ਚਰਨਾਂ `ਚ ਆਉਂਦੇ ਹਨ। ਬੇਸ਼ੱਕ ਸਾਰੇ ਨਹੀਂ ਫ਼ਿਰ ਵੀ, ਲੇਖਕ ਦੀਆਂ ਨਜ਼ਰਾਂ `ਚ ਉਨ੍ਹਾਂ ਵਿਚੋਂ ਉਹ ਗ਼ੈਰ ਸਿੱਖ ਵੀ ਵੱਡੀ ਗਿਣਤੀ `ਚ ਹੁੰਦੇ ਹਨ, ਜਿਹੜੇ ਸਰੂਪ ਕਰਕੇ ਤਾਂ ਸਿੱਖ ਨਹੀਂ ਹੁੰਦੇ। ਫ਼ਿਰ ਵੀ ਪ੍ਰਵਾਰਕ ਤੱਲ `ਤੇ ਉਨ੍ਹਾਂ ਦਾ ਜਮਨਾ-ਮਰਣਾ, ਖੁਸ਼ੀ-ਗ਼ਮੀ ਤੇ ਹਰੇਕ ਕਰਮ ਤੇ ਚਲਣ ਬਲਕਿ ਉਨ੍ਹਾਂ ਦੀ ਘਰੇਲੂ ਕਰਣੀ ਤੇ ਸੋਚਣੀ ਕੇਵਲ ਤੇ ਕੇਵਲ ਗੁਰੂ ਦਰ ਨਾਲ ਹੀ ਜੁੜੀ ਹੁੰਦੀ ਹੈ। ਸਿਵਾਏ ਗੁਰਦੁਆਰੇ ਦੇ ਉਹ ਸੱਜਨ ਹੋਰ ਕਿਧਰੇ ਜਾਂਦੇ ਹੀ ਨਹੀਂ (ਜਦਕਿ ਸਮੇਂ ਦੀ ਵਿਗੜੇ ਹਾਲਾਤ `ਚ ਪਤਿਤ ਹੋ ਚੁੱਕੇ ਸਿੱਖਾਂ ਨੂੰ ਇਨ੍ਹਾਂ ਸ਼੍ਰਧਾਲੂ ਗ਼ੈਰ ਸਿੱਖਾਂ ਦੀ ਗਿਣਤੀ `ਚ ਨਹੀਂ ਲਿਆ ਜਾ ਰਿਹਾ, ਅਤੇ ਇਹ ਵੇਰਵਾ ਵੀ ਉਨ੍ਹਾਂ ਨੂੰ ਛੱਡ ਕੇ ਹੀ ਹੈ)

ਜਦਕਿ ਸਿੱਖ ਧਰਮ ਦੇ ਪਹਿਲੇ ਕੱਦਮ ਭਾਵ ਗੁਰਬਾਣੀ ਤੇ ਗੁਰਬਾਣੀ ਤੋ ਪੈਦਾ ਹੋਣ ਵਾਲੀ ਜੀਵਨ ਜੁਗਤ ਦੀ ਵਿਚਾਰ ਕਰਦੇ ਸਮੇਂ ਅਸੀਂ ਭਲੀ ਭਾਂਤ ਇਹ ਵੀ ਦੇਖ ਚੁੱਕੇ ਹਾਂ ਕਿ ਸਿੱਖ ਧਰਮ ਹੀ ਇਕੋ ਇੱਕ ਇਲਾਹੀ ਰੱਬੀ ਤੇ ਸੱਚ ਧਰਮ ਹੈ ਜੋ ਮਨੁੱਖ ਨੂੰ ਅੰਦਰੋਂ-ਬਾਹਰੋਂ ਮਨੁੱਖ ਬਨਾਉਂਦਾ ਹੈ। ਬਾਹਰੋਂ ਮਨੁੱਖ ਦੇ ਸਰੂਪ ਨੂੰ ਇਲਾਹੀ ਤੇ ਕੁਦਰਤੀ ਸਰੂਪ `ਚ ਪ੍ਰਗਟ ਕਰਦਾ ਹੈ। ਇਸ ਤੋਂ ਬਾਅਦ ਅੰਦਰੋ ਵੀ ਮਨੱਖ ਦਾ ਗੁਰਬਾਣੀ ਗਿਆਨ ਰਾਹੀਂ ਤਿਆਰ ਹੋਇਆ ਉੱਚਾ ਸੁੱਚਾ, ਸਦਾਚਾਰਕ, ਆਚਰਣਕ ਤੇ ਵਿਕਾਰ ਰਹਿਤ ਜੀਵਨ ਇਸ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਅਰੰਭ ਤੋਂ ਲੈ ਕੇ ਅੱਜ ਤੱਕ, ਜੇ ਕਰ ਸੰਸਾਰ ਪੱਧਰ `ਤੇ ਕੋਈ ਵੀ ਇਸ ਪੱਖੋਂ ਉਭਰਿਆ ਇਨਸਾਨ, ਜਦੋਂ ਗੁਰਬਾਣੀ ਵਾਲੇ ਸੱਚ ਧਰਮ ਦੀ ਪਹਿਚਾਣ ਕਰਦਾ ਹੈ ਤਾਂ ਵਾਹੋ ਦਾਹੀ ਕਹਿ ਉਠਦਾ ਹੈ ਕਿ ਗੁਰੂ ਨਾਨਕ ਮੱਤ ਹੀ ਸੰਸਾਰ ਦਾ ਇਕੋ ਇੱਕ ਤੇ ਸਦੀਵਕਾਲੀ ਮੱਤ ਹੈ। ਇਸ ਧਰਮ `ਚ ਨਾ ਕਰਮਕਾਂਡ ਹਨ, ਨਾ ਰੀਤੀਆਂ-ਰਿਵਾਜ ਤੇ ਨਾ ਸਗਨਾਂ-ਅਪਸਗਨਾ ਤੇ ਪ੍ਰੰਮਪ੍ਰਾਵਾਂ ਵਾਲੀ ਅਗਿਆਨਤਾ। ਇੱਥੇ ਨਾ ਵਹਿਮ ਭਰਮ ਹਨ, ਨਾ ਦੁਚਿੱਤਾਪਣ ਤੇ ਨਾ ਵਿੱਤਕਰੇ। ਇਥੇ ਮਨੁੱਖ ਦਾ ਜੀਉਂਦੇ ਜੀਅ ਸਿੱਧਾ ਸਬੰਧ ਤੇ ਮਿਲਾਪ ਹੀ ਕਰਤੇ ਨਾਲ ਅਕਾਲਪੁਰਖ ਨਾਲ ਹੁੰਦਾ ਹੈ। ਪ੍ਰਭੂ ਤੇ ਜੀਵ ਵਾਲੇ ਇਸ ਮਿਲਾਪ ਲਈ, ਇੱਥੇ ਕਿਸੇ ਵਿਚੋਲੇ ਨੂੰ ਵੀ ਕੋਈ ਥਾਂ ਨਹੀਂ। ਇਸ ਤੋਂ ਵੱਡੀ ਗੱਲ ਜੇਕਰ ਘੋਖਿਆ ਜਾਵੇ ਤਾਂ ਇਹੀ ਕਾਰਨ ਹੈ ਕਿ ਸਿੱਖ ਧਰਮ `ਚ ਹਰੇਕ ਧਰਮ, ਨਸਲ, ਦੇਸ਼ ਧਰਮ ਤੋਂ ਆਇਆ ਇਸਤ੍ਰੀ ਤੇ ਪੁਰਖ ਸਹਿਜੇ ਹੀ ਮਿਲ ਜਾਂਦਾ ਹੈ। (ਚਲਦਾ)

#214-IVs01.02.11# ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 214-IV

ਸਿੱਖ ਧਰਮ ਦੇ ਚਾਰ ਕੱਦਮ (ਭਾਗ ਚੌਥਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.