.

ਸਿੰਘ ਬੁੱਕੇ ਮ੍ਰਿਗਾਵਲੀ
(ਨਿਰਮਲ ਸਿੰਘ ਕੰਧਾਲਵੀ)

ਕਰਮ ਸਿੰਘ ਜਦੋਂ ਗੁਰਦੁਆਰੇ ਦੇ ਲੰਗਰ-ਹਾਲ `ਚ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਗ੍ਰੰਥੀ ਸਿੰਘ ਦੇ ਨਾਲ ਬੈਠੇ ਹੋਰ ਤਿੰਨ ਚਾਰ ਸਿੰਘ ਚਾਹ-ਪਾਣੀ ਛਕ ਰਹੇ ਸਨ। ਭਾਰਤ ਤੋਂ ਆਏ ਹੋਏ ਰਾਗ਼ੀ ਜਥੇ ਦੇ ਸਿੰਘ ਲਗਦੇ ਸਨ। ਉਨ੍ਹਾਂ ਤੋਂ ਥੋੜ੍ਹੀ ਦੂਰ ਹੀ ਬੈਠਾ ਇੱਕ ਮੋਨਾ ਵਿਅਕਤੀ ਪੰਜਾਬੀ ਦਾ ਇੱਕ ਹਫ਼ਤਾਵਾਰੀ ਅਖ਼ਬਾਰ ਪੜ੍ਹ ਰਿਹਾ ਸੀ। ਕਰਮ ਸਿੰਘ ਦੇ ਇੱਕ ਪੁਰਾਣੇ ਜਾਣੂੰ ਦਾ ਅੱਜ ਗੁਰਦੁਆਰੇ ਸ਼ਾਮ ਦਾ ਲੰਗਰ ਸੀ ਤੇ ਉਹਨੇ ਕਰਮ ਸਿੰਘ ਨੂੰ ਆਉਣ ਲਈ ਬਹੁਤ ਤਾਗੀਦ ਕੀਤੀ ਸੀ।
ਉਹਨੇ ਸਭ ਨੂੰ ਫ਼ਤਿਹ ਬੁਲਾਈ। ਗ੍ਰੰਥੀ ਸਿੰਘ ਨੇ ਉਹਦੇ ਵਲ ਇੱਕ ਖ਼ਾਲੀ ਪਈ ਕੁਰਸੀ ਖਿਸਕਾ ਦਿੱਤੀ ਤੇ ਬੈਠਣ ਲਈ ਕਿਹਾ। ਉਹ ਸਾਰੇ ਜਣੇ ਚਾਹ ਪਕੌੜੇ ਛਕਣ ਦੇ ਨਾਲ ਨਾਲ ਸਿੱਖ ਮਸਲਿਆਂ ਨਾਲ ਸੰਬੰਧਤ ਗੱਲਾਂ ਵੀ ਕਰ ਰਹੇ ਸਨ ਪਰ ਹਰੇਕ ਗੱਲ ਨੂੰ ਹਾਸੇ- ਠੱਠੇ `ਚ ਉਡਾ ਰਹੇ ਸਨ। ਉਹਨਾਂ `ਚੋਂ ਇੱਕ ਨੇ ਤਾਂ ਸਿੱਖਾਂ ਨਾਲ ਸੰਬੰਧਤ, ਹਿੰਦੀ ਅਤੇ ਪੰਜਾਬੀ, ਰਲੀ ਮਿਲੀ ਭਾਸ਼ਾ `ਚ ਇੱਕ ਚੁਟਕਲਾ ਵੀ ਸੁਣਾਇਆ ਜਿਸ ਨਾਲ ਸਿੱਖਾਂ ਦੀ ਹੇਠੀ ਹੁੰਦੀ ਸੀ।
ਕਰਮ ਸਿੰਘ ਨੇ ਖ਼ੁਦ ਵੀ ਫ਼ੌਜ ਵਿੱਚ ਗ੍ਰੰਥੀ ਦੀ ਨੌਕਰੀ ਕੀਤੀ ਸੀ। ਉਹਦੇ ਵੱਡੇ ਵਡੇਰਿਆਂ ਨੇ ਜੈਤੋ ਦੇ ਮੋਰਚੇ ਵਿੱਚ ਅੱਗੇ ਹੋ ਕੇ ਡਾਂਗਾਂ ਖਾਧੀਆਂ ਸਨ। ਉਹਨੂੰ ਇਹ ਚੰਗਾ ਨਾ ਲੱਗਾ ਕਿ ਗੁਰੂ-ਘਰ ਦਾ ਗ੍ਰੰਥੀ ਤੇ ਪ੍ਰਚਾਰਕ ਸਿੱਖ ਧਰਮ ਨੂੰ ਦਰਪੇਸ਼ ਆ ਰਹੇ ਏਨੇ ਗੰਭੀਰ ਮਸਲਿਆਂ ਨੂੰ ਇੰਜ ਹਾਸੇ-ਠੱਠੇ ਵਿੱਚ ਉਡਾ ਰਹੇ ਹੋਣ। ਜਦੋਂ ਉਹਦੇ ਕੋਲੋਂ ਹੋਰ ਬਰਦਾਸ਼ਤ ਕਰਨੋਂ ਬਾਹਰ ਹੋ ਗਿਆ ਤਾਂ ਉਹਨੇ ਖੰਘੂਰਾ ਮਾਰ ਕੇ ਸਾਰਿਆਂ ਨੂੰ ਵੰਗਾਰ ਪਾਈ ਕਿ ਸਿੱਖ ਧਰਮ ਵਿੱਚ ਫ਼ੈਲ ਰਹੇ ਮਨਮੱਤ ਅਤੇ ਬ੍ਰਾਮਣਵਾਦੀ ਕਰਮ-ਕਾਂਡ ਨੂੰ ਠੱਲ੍ਹ ਪਾਉਣ ਲਈ ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਅੱਗੇ ਹੋ ਕੇ ਜੂਝਣਾ ਚਾਹੀਦਾ ਹੈ ਨਾ ਕਿ ਹਾਸੇ-ਮਜ਼ਾਕ ਵਿੱਚ ਗੱਲਾਂ ਉਡਾਉਣੀਆਂ ਚਾਹੀਦੀਆਂ ਹਨ। ਉਹਦੀ ਗੱਲ ਸੁਣ ਕੇ ਉਹ ਸਾਰੇ ਇਵੇਂ ਸਾਵਧਾਨ ਹੋ ਗਏ ਜਿਵੇਂ ਉਸਨੇ ਉਹਨਾਂ ਵਲ ਦੋਨਾਲੀ ਤਾਣ ਦਿੱਤੀ ਹੋਵੇ।
“ਬਜ਼ੁਰਗੋ, ਪ੍ਰਚਾਰਕ ਕੀਹਦੇ ਕੀਹਦੇ ਮਗਰ ਡਾਂਗਾਂ ਕੱਢੀ ਫਿਰਨ” ਜੱਥੇ ਦੇ ਆਗੂ ਲਗਦੇ ਕੱਕੀ ਜਿਹੀ ਦਾੜ੍ਹੀ ਵਾਲੇ ਸਿੰਘ ਨੇ ਕਰਮ ਸਿੰਘ `ਤੇ ਉਲਟਾ ਵਾਰ ਕਰ ਦਿੱਤਾ।
“ਗੁਰਮੁਖੋ, ਮੈਂ ਕਦ ਕਿਹਾ ਕਿ ਲੋਕਾਂ ਮਗਰ ਡਾਂਗਾਂ ਲੈ ਕੇ ਫਿਰੋ, ਮੈਂ ਤਾਂ ਸੱਚ `ਤੇ ਪਹਿਰਾ ਦੇਣ ਦੀ ਗੱਲ ਕੀਤੀ ਐ, ਗੁਰ- ਸ਼ਬਦ ਦੀ ਸਹੀ ਸੇਧ ਦੇਣ ਲਈ ਪ੍ਰਚਾਰਕਾਂ ਤੇ ਗ੍ਰੰਥੀਆਂ ਦੇ ਮੋਢਿਆਂ ਉੱਪਰ ਈ ਜ਼ਿੰਮੇਵਾਰੀ ਆਉਂਦੀ ਐ”। ਕਰਮ ਸਿੰਘ ਨੇ ਬੜੀ ਨਿਮਰਤਾ ਨਾਲ ਆਪਣੀ ਗੱਲ ਸਪਸ਼ਟ ਕੀਤੀ।
“ਪਰ ਬਜ਼ੁਰਗੋ, ਤੁਹਾਡੀ ਗੱਲ ਤੋਂ ਤਾਂ ਇਹੀ ਜਾਪਦੈ ਪਈ ਪ੍ਰਚਾਰਕ ਘਰ ਘਰ ਜਾ ਕੇ ਲੋਕਾਂ ਨਾਲ ਲੜਨ” ਐਤਕੀਂ ਇੱਕ ਹੋਰ ਜਣਾ ਬੋਲਿਆ।
ਕਰਮ ਸਿੰਘ ਬੜੇ ਹੀ ਠਰ੍ਹੱਮੇ ਵਾਲਾ ਵਿਅਕਤੀ ਸੀ। ਫੌਜ ਦੀ ਨੌਕਰੀ ਨੇ ਉਹਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਸੀ। ਐਹੋ ਜਿਹੀਆਂ ਰੁੱਖੀਆਂ ਗੱਲਾਂ ਸੁਣ ਕੇ ਵੀ ਉਹਦਾ ਚਿਹਰਾ ਸ਼ਾਂਤ ਸੀ। ਉਹ ਅਜੇ ਕੁੱਝ ਕਹਿਣ ਹੀ ਲੱਗਾ ਸੀ ਕਿ ਗ੍ਰੰਥੀ ਬੋਲ ਪਿਆ, “ਭਾਈ ਸਾਬ੍ਹ ਜੀ, ਆਬਦੇ ਆਬਦੇ ਘਰੇ ਬੈਠੋ ਤੇ ਆਬਦੇ ਨਿਆਣੇ ਪਾਲ਼ੋ, ਜੋ ਹੁੰਦਾ ਹੋਈ ਜਾਣ ਦਿਉ। ਇਹ ਤੁਹਾਡੇ ਤੇ ਸਾਡੇ ਵੱਸ ਦੀ ਗੱਲ ਨਈਂ। ਤੁਸੀਂ ਗ਼ਰਮਾ-ਗ਼ਰਮ ਪਕੌੜੇ ਲਉ ਹੋਰ ਤੇ ਲੈਚੀਆਂ ਵਾਲੀ ਚਾਹ ਦਾ ਅਨੰਦ ਮਾਣੋ,” ਏਨੀ ਗੱਲ ਕਹਿ ਕੇ ਗ੍ਰੰਥੀ ਮੁੱਛਾਂ ਵਿੱਚ ਖ਼ਚਰੀ ਜਿਹੀ ਹਾਸੀ ਹੱਸਿਆ। ਉਹਦਾ ਹਾਸਾ ਕਰਮ ਸਿੰਘ ਦੇ ਦਿਲ ਨੂੰ ਚੀਰ ਕੇ ਰੱਖ ਗਿਆ।
ਥੋੜ੍ਹੀ ਦੂਰ ਬੈਠਾ ਮੋਨਾ ਵਿਅਕਤੀ ਅਖ਼ਬਾਰ ਦੇ ਉੱਪਰੋਂ ਦੀ ਝਾਕ ਕੇ ਉਨ੍ਹਾਂ ਦੀ ਗੱਲਬਾਤ ਵਿੱਚ ਪੂਰੀ ਦਿਲਚਸਪੀ ਲੈ ਰਿਹਾ ਸੀ। ਗ੍ਰੰਥੀ ਦੀ ਥੋਥੀ ਜਿਹੀ ਦਲੀਲ ਸੁਣ ਕੇ ਉਸ ਤੋਂ ਰਹਿ ਨਾ ਹੋਇਆ ਤੇ ਉਹ ਬੋਲ ਉਠਿਆ, “ਭਾਈ ਸਾਹਿਬ ਜੀ, ਇਨ੍ਹਾਂ ਬਜ਼ੁਰਗਾਂ ਨੇ ਤੁਹਾਡੇ ਡਾਂਗ ਤਾਂ ਨਈਂ ਮਾਰ ਦਿੱਤੀ, ਤੁਸੀਂ ਸਾਰੇ ਈ ਕਾਂਵਾਂ ਵਾਂਗ ਏਹਨਾਂ ਦੇ ਮਗਰ ਪੈ ਗਏ ਓ। ਆਹ ਗ੍ਰੰਥੀ ਸਾਬ੍ਹ ਲੋਕਾਂ ਨੂੰ ਘਰੀਂ ਬੈਠਣ ਦੀ ਸਲਾਹ ਦਿੰਦੇ ਆ, ਘਰੋਂ ਖਾ ਕੇ ਇਨ੍ਹਾਂ ਨੂੰ ਮੱਤ ਕੌਣ ਦੇਵੇ ਪਈ ਜੇ ਗੁਰੂ ਨਾਨਕ ਸਾਬ੍ਹ ਵੀ ਘਰੇ ਬੈਠੇ ਰਹਿੰਦੇ ਤੇ ਜੇ ਦਸਮ ਪਾਤਸ਼ਾਹ ਘਰ-ਬਾਰ ਲੁਟਾ ਕੇ ਮਾਛੀਵਾੜੇ ਦੇ ਜੰਗਲਾਂ `ਚ ਸੂਲ਼ਾਂ ਨਾਲ ਪੈਰ ਨਾ ਪੜਵਾਉਂਦੇ ਤਾਂ ਇਹ ਭਾਈ ਸਾਬ੍ਹ ਵੀ ਅੱਜ ਤੌੜੇ ਜਿੱਡੀ ਗੋਗੜ ਕੱਢੀ ਇੱਥੇ ਗੁਰਦੁਆਰੇ `ਚ ਨਾ ਬੈਠਾ ਹੁੰਦਾ, ਇਹਨੇ ਵੀ ਕਿਤੇ ਮਸੀਤ `ਚ ਬਾਂਗਾਂ ਦਿੰਦੇ ਹੋਣਾ ਸੀ। ਗੁਰੂ ਬਾਬਾ ਜੀ ਨੇ ਠੀਕ ਹੀ ਤੁਹਾਡੇ ਵਰਗਿਆਂ ਲਈ ਹੀ ਲਿਖ਼ਿਆ ਸੀ, “ਰੋਟੀਆਂ ਕਾਰਣਿ ਪੂਰਹਿ ਤਾਲ”
ਮੋਨੇ ਭਾਈਬੰਦ ਦੇ ਬੋਲ ਅਣਿਆਲੇ ਤੀਰਾਂ ਵਾਂਗ ਚਲ ਰਹੇ ਸਨ। ਉਹ ਸਾਰਾ ਟੋਲਾ ਇਵੇਂ ਚੁੱਪ ਕਰ ਗਿਆ ਸੀ ਜਿਵੇਂ ਸੱਪ ਸੁੰਘ ਗਿਆ ਹੋਵੇ।
ਗ੍ਰੰਥੀ ਤਾਂ ਰਹਿਰਾਸ ਦੀ ਤਿਆਰੀ ਕਰਨ ਦੇ ਬਹਾਨੇ ਖਿਸਕ ਗਿਆ ਸੀ ਤੇ ਬਾਕੀ ਦੇ ਵਾੜ `ਚ ਫ਼ਸੇ ਬਿੱਲੇ ਵਾਂਗ ਆਲਾ-ਦੁਆਲਾ ਝਾਕ ਰਹੇ ਸਨ।




.