.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 17)

ਪੁਸਤਕ ਕਰਤਾ ਵਲੋਂ ਜਪੁਜੀ ਦੀ ਸੋਲਵੀਂ ਪਉੜੀ ਦੇ ਲਿਖੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥
ਅਰਥ:- ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ, ਅਕਾਲ ਪੁਰਖ ਦੀ ਦਰਗਾਹ ਵਿੱਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ। ਰਾਜ-ਦਰਬਾਰਾਂ ਵਿੱਚ ਭੀ ਉਹ ਪੰਚ ਜਨ ਹੀ ਸੋਭਦੇ ਹਨ। ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤਿ ਗੁਰ-ਸ਼ਬਦ ਵਿੱਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿੱਚ ਜੁੜੇ ਰਹਿਣਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
ਜੇ ਕੋ ਕਹੈ ਕਰੈ ਵੀਚਾਰੁ॥ ਕਰਤੇ ਕੈ ਕਰਣੈ ਨਾਹੀ ਸੁਮਾਰੁ॥
ਅਰਥ:- (ਪਰ ਗੁਰ-ਸ਼ਬਦ ਵਿੱਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ) ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ), ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ (ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ)।
ਨੋਟ-ਢੇਰ ਪੁਰਾਣੇ ਸਮੇਂ ਵਿੱਚ ਕਈ ਰਿਸ਼ੀ ਮੁਨੀ ਜੰਗਲ ਵਿੱਚ ਤਪ ਕਰਦੇ ਰਹੇ, ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ। ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ। ਕਈਆਂ ਵਿੱਚ ਇਹ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ, ਕਿਉਂ ਬਣਿਆ, ਕਿਵੇਂ ਬਣਿਆ, ਕਿਤਨਾ ਕੁ ਵੱਡਾ ਹੈ, ਇਤਿ ਆਦਿਕ। ਭਗਤੀ ਕਰਨ ਗਏ ਰਿਸ਼ੀ ਭਗਤੀ ਦੇ ਥਾਂ ਇੱਕ ਅਜਿਹੇ ਉੱਦਮ ਵਿੱਚ ਲੱਗ ਪਏ ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ। ਇੱਥੇ ਸਤਿਗੁਰੂ ਜੀ ਇਸ ਉਕਾਈ ਵਲ ਇਸ਼ਾਰਾ ਕਰਦੇ ਹਨ। ਅਜਿਹੇ ਕੋਝੇ ਜਤਨਾਂ ਦਾ ਹੀ ਇਹ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਹੈ। ਇਹ ਮਿਸਾਲ ਲੈ ਕੇ ਸਤਿਗੁਰੂ ਜੀ ਇਸ ਦੀ ਨਿਖੇਧੀ ਕਰ ਕੇ ਆਖਦੇ ਹਨ ਕਿ ਕੁਦਰਤਿ ਬੇਅੰਤ ਹੈ, ਤੇ ਇਸ ਦਾ ਰਚਨਹਾਰ ਭੀ ਬੇਅੰਤ ਹੈ।
ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੁਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥
ਅਰਥ:- (ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨਿਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ‘ਧਰਮ’ -ਰੂਪ ਨਿਯਮ ਬਣਾ ਦਿੱਤਾ ਹੈ)। ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ। ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ। (ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?), (ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ, (ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
ਜੀਅ ਜਾਤਿ ਰੰਗਾ ਕੇ ਨਾਵ॥ ਸਭਨਾ ਲਿਖਿਆ ਵੁੜੀ ਕਲਾਮ॥ ਏਹੁ ਲੇਖਾ ਲਿਖਿ ਜਾਣੈ ਕੋਇ॥ ਲੇਖਾ ਲਿਖਿਆ ਕੇਤਾ ਹੋਇ॥ ਕੇਤਾ ਤਾਣੁ ਸੁਆਲਿਹੁ ਰੂਪੁ॥ ਕੇਤੀ ਦਾਤਿ ਜਾਣੈ ਕੌਣੁ ਕੂਤੁ॥ ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥
ਅਰਥ:- (ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ। ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ (ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਪਾ ਨਹੀਂ ਸਕਦਾ। (ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ। ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ, ਬੇਅੰਤ ਉਸ ਦੀ ਦਾਤ ਹੈ-ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ? (ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ 16॥
ਅਰਥ:- (ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇੱਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ)। 16.
ਭਾਵ:- ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ ਨੇ ਨਾਮ ਵਿੱਚ ਸੁਰਤ ਜੋੜੀ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ। ਇਸ ਰਾਹ `ਤੇ ਤੁਰ ਕੇ ਪ੍ਰØਭੂ ਦੀ ਰਜ਼ਾ ਵਿੱਚ ਰਹਿਣਾ ਹੀ ਉਹਨਾਂ ਨੂੰ ਭਾਉਂਦਾ ਹੈ। ਇਹ ਨਾਮ ਸਿਮਰਨ-ਰੂਪ ‘ਧਰਮ’ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦਾ ਹੈ, ਜਿਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਂਦੇ ਹਨ।
ਪਰ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਇਧਰ ਤਾਂ ਜਿਉਂ ਜਿਉਂ ਵਧੀਕ ਡੂੰਘਾਈ ਵਿੱਚ ਜਾਉਗੇ, ਤਿਉਂ ਤਿਉਂ ਇਹ ਸ੍ਰਿਸ਼ਟੀ ਹੋਰ ਬੇਅੰਤ ਜਾਪੇਗੀ। ਅਸਲ ਵਿੱਚ ਅਜਿਹੇ ਕੋਝੇ ਜਤਨ ਦਾ ਹੀ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇੱਕ ਬੌਲਦ ਨੇ ਚੁੱਕਿਆ ਹੋਇਆ ਹੈ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ। 16.
ਇਸ ਪਉੜੀ ਦੇ ਅਰਥ ਅਤੇ ਭਾਵਾਰਥ ਵਲ ਪਾਠਕਾਂ ਦਾ ਧਿਆਨ ਦੁਆਉਣ ਮਗਰੋਂ ਹੁਣ ਇਸ ਪੁਸਤਕ ਦੇ ਕਰਤਾ ਵਲੋਂ ਇਸ ਪਉੜੀ ਦੇ ਲਿਖੇ ਮਹਾਤਮ ਵਲ ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ। ਲੇਖਕ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਅੰਮ੍ਰਿਤ ਵੇਲੇ ਤੋਂ ਆਰੰਭ ਕਰਕੇ ਇਕੀ ਦਿਨਾਂ ਵਿੱਚ ਪੰਜ ਹਜ਼ਾਰ ਪਾਠ ਕਰਨਾ, ਰਾਜ ਦਰਬਾਰ ਵਿੱਚ ਇਜ਼ਤ ਤੇ ਮਾਨ ਸਤਿਕਾਰ ਹੋਵੇ। ਸਰੀਰਕ ਰੋਗ ਦੂਰ ਹੋਵੇ, ਸੁਖ ਹੋਵੇ।”
ਸਤਿਗੁਰੂ ਜੀ ਨੇ ਇਸ ਪਉੜੀ ਵਿੱਚ ਕਿਧਰੇ ਵੀ ਸੰਕੇਤ ਨਹੀਂ ਕੀਤਾ ਕਿ ਇਸ ਪਉੜੀ ਦਾ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਇਸ ਤਰ੍ਹਾਂ ਦਾ ਮਹਾਤਮ ਹੈ। ਜਿਸ ਤਰ੍ਹਾਂ ਲੇਖਕ ਜਪੁਜੀ ਦੀਆਂ ਦੂਜੀਆਂ ਪਉੜੀਆਂ ਦੇ ਮਹਾਤਮ ਬਾਰੇ ਕਲਪਨਾ ਕਰਦਾ ਹੈ, ਉਸੇ ਤਰ੍ਹਾਂ ਇਸ ਪਉੜੀ ਸਬੰਧੀ ਵੀ ਕਲਪਨਾ ਕਰ ਰਿਹਾ ਹੈ।
ਲੇਖਕ ਜਿਨ੍ਹਾਂ ‘ਰਾਜ ਦਰਬਾਰ’ ਦੇ ਸੁਆਮੀਆਂ ਪਾਸੋਂ ਇੱਜ਼ਤ ਤੇ ਮਾਨ ਸਤਿਕਾਰ ਮਿਲਣ ਦੀ ਗੱਲ ਕਰ ਰਿਹਾ ਹੈ, ਉਹ ਕਿਤਨੇ ਕੁ ਸਦਾਚਾਰਕ ਗੁਣਾਂ ਦੇ ਮਾਲਕ ਹਨ? ੀੲਤਿਹਾਸ ਅਤੇ ਚਉਗਿਰਦੇ ਵਲ ਨਿਗਾਹ ਮਾਰਿਆਂ ਸਪਸ਼ਟ ਹੋ ਜਾਵੇਗਾ। ਜੋ ਆਪ ਹੀ ਸਦਾਚਾਰਕ ਗੁਣਾਂ ਦੇ ਮਾਲਕ ਨਹੀਂ ਉਨ੍ਹਾਂ ਨੇ ਸਦਾਚਾਰਕ ਗੁਣਾਂ ਦੇ ਧਾਰਨੀ ਪ੍ਰਾਣੀ ਦਾ ਕੀ ਇੱਜ਼ਤ ਤੇ ਮਾਨ ਸਤਿਕਾਰ ਦੇਣਾ ਹੈ? ਅਜਿਹੇ ਵਿਅਕਤੀਆਂ ਤੋਂ ਮਿਲੇ ਹੋਏ ਮਾਨ ਸਤਿਕਾਰ ਦੀ ਕਿੰਨੀ ਕੁ ਮਹੱਤਾ ਹੈ? ਗੁਰਬਾਣੀ ਦੇ ਨਿਮਨ ਲਿਖਤ ਵਾਕ ਇਸ ਪੱਖ ਨੂੰ ਹੀ ਸਾਡੇ ਸਾਹਮਣੇ ਰੱਖਦੇ ਹਨ:-
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥ 1॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ॥ ਮਾਇਆਧਾਰੀ ਛਤ੍ਰਪਤਿ ਤਿਨੑ ਛੋਡਉ ਤਿਆਗਿ॥ 1॥ ਰਹਾਉ॥ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ॥ 2॥ ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ॥ 3॥ ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ॥ ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ॥ 4॥ . . (ਪੰਨਾ 811)
ਅਰਥ: ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ। (ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ।੧।ਰਹਾਉ।
ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ। ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ।੧।
ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ) । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ।੨।
ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ। ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ।੩।
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ। ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ।੪।
ਇਹ ਗੱਲ ਵੀ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਰਾਜ ਦਰਬਾਰ ਵਿੱਚ ਆਮ ਤੌਰ `ਤੇ ਕਿਨ੍ਹਾਂ ਲੋਕਾਂ ਦਾ ਮਾਨ ਸਤਿਕਾਰ ਹੁੰਦਾ ਹੈ। ਜਿਸ ਮਨੁੱਖ ਨੇ ਸੱਚ ਦੀਆਂ ਕਦਰਾਂ-ਕੀਮਤਾਂ ਉੱਤੇ ਅਡੋਲਤਾ ਨਾਲ ਪਹਿਰਾ ਦੇਣਾ ਹੈ, ਉਨ੍ਹਾਂ ਦਾ ਹਮੇਸ਼ਾਂ ਵਿਰੋਧ ਹੀ ਹੋਇਆ ਹੈ। ਅੱਜ ਵੀ ਚੌਗਿਰਦੇ ਵਲ ਨਜ਼ਰ ਮਾਰਿਆਂ ਇਹ ਗੱਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਡੇ ਸਾਹਮਣੇ ਆਉਂਦੀ ਹੈ। ਜੇਕਰ ਅਸੀਂ ਧਾਰਮਕ ਖੇਤਰ ਤੀਕ ਹੀ ਸੀਮਤ ਰਹਿ ਕੇ ਗੱਲ ਕਰੀਏ ਤਾਂ ਵੀ ਇਹ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਧਾਰਮਕ ਆਗੂ ਰਾਜਨੀਤਕਾਂ ਨਾਲ ਤਾਲ ਮੇਲ ਬਣਾਈ ਰੱਖਦੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ। ਪਰੰਤੂ ਜਿਹੜੇ ਨਿਰੋਲ ਸੱਚ ਤੇ ਪਹਿਰਾ ਦੇਂਦੇ ਹੋਏ ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਰਸਤੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਹਨ।
ਸਰੀਰਕ ਰੋਗ ਦੇ ਦੂਰ ਹੋਣ ਸਬੰਧੀ ਅਸੀਂ ਪਹਿਲਾਂ ਚਰਚਾ ਕਰ ਚੁਕੇ ਹਾਂ, ਇਸ ਲਈ ਇਸ ਨੂੰ ਫਿਰ ਨਾ ਦੁਹਰਾਂਉਦੇ ਹੋਏ, ਕੇਵਲ ਇਤਨੀ ਕੁ ਹੀ ਬੇਨਤੀ ਕਰ ਰਹੇ ਹਾਂ ਕਿ ਜੇਕਰ ਇਸ ਤਰ੍ਹਾਂ ਤਾਂਤ੍ਰਿਕ ਵਿਧੀਆਂ ਨਾਲ ਰੋਗ ਦੂਰ ਹੁੰਦੇ, ਤਾਂ ਗੁਰੂ ਸਾਹਿਬਾਨ ਮਨੁੱਖਤਾ ਦਾ ਜ਼ਰੂਰ ਇਸ ਪਹਿਲੂ ਵਲ ਧਿਆਨ ਦੁਆਉਂਦੇ। ਗੁਰਬਾਣੀ ਵਿੱਚ ਆਪ ਹੀ ਇਸ ਤਰ੍ਹਾਂ ਦੀਆਂ ਵਿਧੀਆਂ ਦੀ ਚਰਚਾ ਕਰਕੇ ਇਨ੍ਹਾਂ ਦਾ ਮਹਾਤਮ ਲਿਖ ਜਾਂਦੇ। ਪਰ ਗੁਰਬਾਣੀ ਵਿੱਚ ਤਾਂ ਸਗੋਂ ਇਹੋ ਜਿਹੀਆਂ ਵਿਧੀਆਂ ਦੀ ਨਿਖੇਧੀ ਕਰਦਿਆਂ ਹੋਇਆਂ ਮਨੁੱਖ ਨੂੰ ਰੱਬੀ ਹੁਕਮ ਦੀ ਸੋਝੀ ਹਾਸਲ ਕਰਕੇ ਸਚਿਆਰ ਹੋਣ ਦੀ ਜੁਗਤੀ ਹੀ ਦਰਸਾਈ ਗਈ ਹੈ।
ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਇਹੋ ਜਿਹੀਆਂ ਵਿਧੀਆਂ ਦਸਣ ਵਾਲੇ ਆਪ ਸਾਧਾਰਨ ਸਿਰ ਦਰਦ ਹੋਣ ਤੇ ਵੀ ਡਾਕਟਰ ਨੂੰ ਦਿਖਾਉਣ ਤੋਂ ਸੰਕੋਚ ਨਹੀਂ ਕਰਦੇ।
ਜਿੱਥੋਂ ਤੱਕ ਸੁਖ ਮਿਲਣ ਦੀ ਗੱਲ ਦਾ ਸਬੰਧ ਹੈ, ਜੇਕਰ ਮਨੁੱਕ ਕੰਮ ਅਜਿਹੇ ਕਰੇ ਜਿਨ੍ਹਾਂ ਤੋਂ ਦੁੱਖ ਹੀ ਪੈਦਾ ਹੁੰਦੇ ਹਨ, ਤਾਂ ਸੁਖ ਦੀ ਕਲਪਣਾ ਕਿਵੇਂ ਕੀਤੀ ਜਾ ਸਕਦੀ ਹੈ। ਗੁਰਬਾਣੀ ਵਿਚੋਂ ਸਾਨੂੰ ਇਹ ਹੀ ਸੋਝੀ ਮਿਲਦੀ ਹੈ ਕਿ ਜੇਕਰ ਸਾਡੇ ਕਰਮ ਖੋਟੇ ਹਨ ਤਾਂ ਕਿਸੇ ਤਰ੍ਹਾਂ ਦੇ ਵੀ ਜਪ ਤਪ ਨਾਲ ਸੁਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅਜਿਹੀ ਪ੍ਰਸਿੱਥਤੀ ਵਿੱਚ ਤਾਂਤ੍ਰਿਕ ਵਿਧੀ ਨਾਲ ਕੀਤੇ ਹੋਏ ਪਾਠ ਦੁਆਰਾ ਵੀ ਮਨੁੱਖ ਨੂੰ, ਨਾ ਤਾਂ ਆਤਮਕ ਸੁਖ ਮਿਲਦਾ ਹੈ ਅਤੇ ਨਾ ਹੀ ਸਰੀਰਕ ਸੁਖ। ਹਾਂ, ਇਸ ਤਰ੍ਹਾਂ ਦੀਆਂ ਵਿਧੀਆਂ ਅਪਣਾਉਣ ਵਾਲਾ ਮਾਨਸਕ ਰੋਗੀ ਜ਼ਰੂਰ ਹੋ ਜਾਂਦਾ ਹੈ। ਇਸ ਰੋਗ ਨਾਲ ਪੀੜਤ ਵਿਅਕਤੀ ਹਰੇਕ ਤਰ੍ਹਾਂ ਦੇ ਸੁਖ ਤੋਂ ਵਾਂਝਾ ਰਹਿੰਦਾ ਹੈ।
ਸੋ, ਸਾਨੂੰ ਇਹੋ ਜਿਹੇ ਲੇਖਕਾਂ ਦੁਆਰਾ ਬਾਣੀ ਦੇ ਇਸ ਤਰ੍ਹਾਂ ਦੇ ਮਹਾਤਮ ਨੂੰ ਬਾਣੀ ਪੜ੍ਹਨ ਦਾ ਮਹਾਤਮ ਮੰਨ ਕੇ ਪੜ੍ਹਨ ਦੀ ਬਜਾਏ, ਧਿਆਨ ਨਾਲ ਬਾਣੀ ਨੂੰ ਪੜ੍ਹਣ ਵਿਚਾਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦਾ ਉੱਦਮ ਹੀ ਸਾਨੂੰ ਸਹੀ ਅਰਥਾਂ ਵਿੱਚ ਗੁਰਮਤਿ ਦੀ ਸੋਝੀ ਪ੍ਰਦਾਨ ਕਰੇਗਾ। ਇਸ ਸੋਝੀ ਦੀ ਬਰਕਤ ਨਾਲ ਹੀ ਸਾਨੂੰ ਸੱਚਾ ਸੁਖ ਨਸੀਬ ਹੋਵੇਗਾ। ਫਿਰ ਸਾਡੇ ਦਿਲ-ਦਿਮਾਗ ਵਿੱਚ ਰਾਜ ਦਰਬਾਰ ਵਿੱਚ ਮਾਨ ਸਤਿਕਾਰ ਦੀ ਲਾਲਸਾ ਵੀ ਜਾਂਦੀ ਰਹੇਗੀ; ਚੂੰਕਿ ਇਹੋ ਜਿਹੀ ਲਾਲਸਾ ਮਨੁੱਖ ਦੇ ਹੀਨ-ਭਾਵ ਦੇ ਸ਼ਿਕਾਰ ਹੋਣ ਦੀ ਹੀ ਲਖਾਇਕ ਹੈ। ਗੁਰਬਾਣੀ ਦੀ ਸੋਝੀ ਰੱਖਣ ਵਾਲੇ ਦੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਨਹੀ ਹੁੰਦੀ।
ਜਸਬੀਰ ਸਿੰਘ ਵੈਨਕੂਵਰ




.