.

ਸਿੱਖ ਰਹਿਤ ਮਰਿਯਾਦਾ ਵਿੱਚ ‘ਜੋ ਇਸਤਰੀ ਜਾਂ ਪੁਰਸ਼` ਦਾ ਮਤਲਬ

ਹਰਦੇਵ ਸਿੰਘ, ਜੰਮੂ

ਸਿੱਖ ਰਹਿਤ ਮਰਿਯਾਦਾ ਦੇ ਆਰੰਭ ਵਿੱਚ ਸਿੱਖ ਦੀ ਪਰਿਭਾਸ਼ਾ ਨਿਰਧਾਰਤ ਕੀਤੀ ਗਈ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਸਿੱਖ ਨੂੰ ਪਰਿਭਾਸ਼ਤ ਕਰਨ ਵਾਲੀ ਮੱਦ ਦੇ ਆਰੰਭ ਵਿੱਚ ਸ਼ਬਦ ਵਰਤੇ ਗਏ ਹਨ:

ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, …………… ਉਹ ਸਿੱਖ ਹੈ”

ਇਸ ਚਰਚਾ ਵਿੱਚ ਕੇਵਲ ‘ਜੋ ਇਸਤਰੀ ਜਾਂ ਪੁਰਸ਼` ਸ਼ਬਦਾਂ ਦੀ ਪੜਚੋਲ ਕਰਨ ਦਾ ਜਤਨ ਕਰਾਂਗੇ ਤਾਂ ਕਿ ਇਨ੍ਹਾਂ ਸ਼ਬਦਾ ਦੀ ਵਰਤੋਂ ਦਾ ਅਸਲ ਭਾਵ ਸਪਸ਼ਟ ਹੋ ਸਕੇ ਜਿਸ ਨੂੰ ਸਮਝਣਾ ਵੈਸੇ ਵੀ ਕੋਈ ਔਖੀ ਗੱਲ ਨਹੀਂ।

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੰਸਾਰ ਦੇ ਕੁਦਰਤੀ ਨਿਯਮਾਂ ਵਿੱਚ ਹੀ ਮਨੁੱਖਾ ਜਾਤੀ (species) ਦੀ ਹੋਂਦ ਹੈ ਜਿਸ ਦੇ ਅੰਦਰ ਦੇ ਤਾਣੇ-ਬਾਣੇ ਵਿੱਚ ਇਸਤਰੀ ਅਤੇ ਪੁਰਸ਼ ਲਿੰਗ ਆਉਂਦੇ ਹਨ। ਇਸ ਵਿੱਚ ਸ਼ੱਕ ਨਹੀਂ ਕਿ ਕੁਦਰਤੀ ਨਿਯਮਾਂ ਅਤੇ ਸਮਾਜਕ ਮਾਨਸਿਕਤਾ ਦਰਮਿਆਨ ਕਈ ਵਖਰੇਵੇਂ, ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਜਨਮ ਦਿੰਦੇ ਹਨ, ਜਿਨ੍ਹਾਂ ਦੇ ਚਲਦੇ ਕਈ ਸਮਾਜਕ ਪਛਾਣਾਂ ਜਨਮ ਲੈਂਦੀਆਂ ਹਨ ਜਦਕਿ ਕੁਦਰਤੀ ਨਿਯਮਾਂ ਦੇ ਅੰਦਰ ਇਨ੍ਹਾਂ ਪਛਾਂਣਾ ਦਾ ਸਥਾਨ ਸਮਾਜਕ ਸਮਝ ਤੋਂ ਅਲਗ ਹੁੰਦਾ ਹੈ।

ਮਿਸਾਲ ਦੇ ਤੋਰ ਤੇ, ਸਮਾਜ ਵਿੱਚ ਇਸਤਰੀ ਅਤੇ ਪੁਰਸ਼ ਲਿੰਗ ਦੇ ਨਾਲ-ਨਾਲ ਇੱਕ ਕਿੰਨਰ (ਹੀਜੜੇ ਭਾਈ) ਨੂੰ ਇੱਕ ‘ਵੱਖਰੇ ਲਿੰਗ ਵਾਲੇ` (Neuter) ਵੱਜੋ ਜਾਣਿਆ ਜਾਂਦਾ ਹੈ ਜਦਕਿ ਕੁਦਰਤੀ ਰੂਪ ਵਿੱਚ ਲਿੰਗ ਦੋ ਹੀ ਹਨ। ਬਾਯਲੋਜੀ (Biology) ਦੇ ਨਿਯਮ ਕਿੰਨਰ ਨੂੰ ਵੱਖਰਾ ਲਿੰਗ ਨਹੀ ਦਰਸਾਉਂਦੇ ਅਤੇ ਇਹ ਸੱਚ ਵੀ ਹੈ। ਸਮਾਜਕ ਸ਼ਬਦਾਵਲੀ ਵਿੱਚ ਕਿਸੇ ਕਿੰਨਰ ਮੰਨੇ ਜਾਦੇ ਮਨੁੱਖ ਦੇ ਅੰਦਰ, ਬਾਯਲੋਜੀ ਦੇ ਸਿਧਾਂਤ ਅਨੁਸਾਰ, ਇਸਤਰੀ ਜਾਂ ਪੁਰਸ਼ ਕਿਸੇ ਇੱਕ ਦਾ ਲੱਛਣ ਹੀ ਪਰਧਾਨ ਹੁੰਦਾ ਹੈ, ਜਿਸ ਵਿੱਚ ਕਿਸੇ ਕੁਦਰਤੀ ਔਂਕਣ ਕਾਰਣ ਕੁੱਝ ਕਮੀ ਰਹਿ ਗਈ ਹੁੰਦੀ ਹੈ ਜਿਸਦੇ ਚਲਦੇ ਸਮਾਜਕ ਤੋਰ ਤੇ ਉਸ ਮਨੁੱਖ ਨੂੰ ਅਲਗ ਨਾਮ ਨਾਲ ਪਛਾਂਣਿਆ ਜਾਂਦਾ ਹੈ। ਇਹ ਕੇਵਲ ਇੱਕ ਪ੍ਰਕਾਰ ਦੀ ਸ਼ਰੀਰਕ ਅਸਮਰਥਤਾ (Physical Disability) ਹੈ। ਲੇਕਿਨ ਨਿਸ਼ਚਤ ਤੋਰ ਤੇ ਕੁਦਰਤੀ ਨਿਯਮ ਅਨੁਸਾਰ, ਇਸਤਰੀ-ਪੁਰਸ਼ ਲਿੰਗ ‘ਮਨੁੱਖ` ਦਾ ਸੰਧਰਭ ਹੀ ਹੈ ਜਿਸ ਵਿੱਚ ਕਿੰਨਰ ਕੋਈ ਵੱਖਰਾ ਮਨੁੱਖਾ ਲਿੰਗ ਨਹੀਂ ਹੁੰਦਾ। ਹਰ ਮਨੁੱਖ ਇਸਤਰੀ-ਪੁਰਸ਼ ਲਿੰਗ ਦੇ ਮਿਸ਼੍ਰਣ ਦਾ ਹੀ ਜੀਵ ਹੈ। ਇਸ ਕਰਕੇ ‘ਜੋ ਇਸਤਰੀ ਜਾਂ ਪੁਰਸ਼` ਦਾ ਮਤਲਬ ਸਪਸ਼ਟ ਅਤੇ ਸਮੁੱਚੇ ਰੂਪ ਵਿੱਚ ‘ਜੋ ਮਨੁੱਖ` ਹੀ ਨਿਕਲਦਾ ਹੈ।

ਹਾਂ ਆਪਣੀ ਜਗ੍ਹਾ ਇਹ ਗੱਲ ਵੀ ਠੀਕ ਹੈ ਕਿ ਸਮਾਜਕ ਤੋਰ ਤੇ, ਜੇਕਰ ਕੋਈ ਸਵਾਲ ਕਰੇ ਤਾਂ ਉਸ ਸੁਰਤ ਵਿੱਚ ਵੀ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਇਸਤਰੀ-ਪੁਰਸ਼ ਲਿੰਗ ਦੇ ਕੁਦਰਤੀ ਨਿਯਮ ਨੂੰ ਨਾ ਸਮਝਦੇ ਹੋਏ ਕਿੰਨਰ ਕਰ ਦੇ ਪੁਕਾਰੇ ਜਾਂਦੇ ਬੰਦੇ ਨੂੰ ਇਸ ਪਰਿਭਾਸ਼ਾ ਤੋਂ ਬਾਹਰ ਨਾ ਸਮਝ ਲਵੇ ਐਸੀ ਸੁਰਤ ਵਿੱਚ ਕਿਸੇ ਜਿਗਿਆਸੂ ਨੂੰ ਕੁਦਰਤੀ ਨੇਮ ਅਨੁਸਾਰ ਇਸਤਰੀ ਪੁਰਸ਼ ਦੇ ਵਾਸਤਵਕ ਭਾਵ ਨੂੰ ਸਮਝਾਇਆ ਜਾ ਸਕਦਾ ਹੈ। ਇਸ ਨੂੰ ਸਮਝਣਾ ਕੋਈ ਵੱਡੀ ਮੁਸ਼ਕਿਲ ਗੱਲ ਨਹੀਂ। ਰਹਿਤ ਮਰਿਯਾਦਾ ਵਿੱਚ ਲਿਖੇ ‘ਜੋ ਇਸਤਰੀ ਜਾਂ ਪੁਰਸ਼` ਦਾ ਸੁਭਾਵਕ ਅਤੇ ਸਿੱਦਾ ਜਿਹਾ ਭਾਵ ‘ਮਨੁੱਖ` ਜਾਂ Human Being’ ਹੀ ਹੈ।

ਇਸ ਬਾਬਤ ਸ਼੍ਰੋਮਣੀ ਕਮੇਟੀ ਵਲੋਂ ਅੰਗ੍ਰੇਜ਼ੀ ਵਿੱਚ ਛੱਪਵਾਇਆ ਗਿਆ ਸਿੱਖ ਰਹਿਤ ਮਰਿਯਾਦਾ ਦਾ ਅਨੁਵਾਦ ਧਿਆਨ ਦੇਂਣ ਯੋਗ ਹੈ। ਇਹ ਅਧਿਕਾਰਕ ਤੋਰ ਤੇ ਕੀਤਾ ਗਿਆ ਅਨੁਵਾਦ ਹੈ ਜਿਸ ਵਿੱਚ ‘ਜੋ ਇਸਤਰੀ ਜਾਂ ਪੁਰਸ਼` ਸ਼ਬਦਾਵਲੀ ਦਾ ਮੂਲ ਭਾਵ ਸਪਸ਼ਟ ਨਜ਼ਰ ਆਉਂਦਾ ਹੈ। ਇਹ ਅਨੁਵਾਦ ਇਸ ਪ੍ਰਕਾਰ ਹੈ:

CHAPTER 1 The Definition of Sikh :

Article I Any human being who faithfully believes in i. One Immortal Being, . Ten Gurus, from Guru Nanak Sahib to Guru Gobind Singh Sahib, i. The Guru Granth Sahib, iv. The utterances and teachings of the ten Gurus and

 v. the baptism bequeathed by the tenth Guru, and who does not owe allegiance to any other religion, is a Sikh

ਇੱਥੇ ‘ਜੋ ਇਸਤਰੀ ਜਾਂ ਪੁਰਸ਼` ਦਾ ਤਰਜਮਾ, ਇਸ ਦੇ ਵਾਸਤਵਕ ਭਾਵ ਅਨੁਸਾਰ, Any human being’ ਹੀ ਕੀਤਾ ਗਿਆ ਹੈ। ਸਿੱਖ ਰਹਿਤ ਮਰਿਯਾਦਾ ਦੇ ਅੰਗ੍ਰੇਜ਼ੀ ਭਾਸ਼ਾ ਵਿੱਚ ਅਨੁਵਾਦ ਬਾਰੇ ਸ਼ੋਮਣੀ ਕਮੇਟੀ ਦਾ ਅਧਿਕਾਰਕ ਤੋਰ ਤੇ ਇਹ ਕਹਿਣਾ ਹੈ:

“This English version of the Sikh Reht Maryada is a faithful translation of the Punjabi original.”

ਅਰਥਾਰਥ: “ਸਿੱਖ ਰਹਿਤ ਮਰਿਯਾਦਾ ਦੀ ਇਹ ਅੰਗ੍ਰੇਜ਼ੀ ਪ੍ਰਤਿ ਅਸਲ ਪੰਜਾਬੀ ਦਾ ਇਮਾਨਦਾਰਾਨਾ ਅਨੁਵਾਦ ਹੈ”

ਇਸ ਵਿਸ਼ੇ ਤੇ ਗੁਰਬਾਣੀ ਤੋਂ ਵੀ ਸਪਸ਼ਟ ਸੇਧ ਮਿਲਦੀ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫ਼ੁਰਮਾਨ ਹੈ:

ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 162)

ਅਰਥ:- ਕੀਹ ਇਸਤ੍ਰੀ ਤੇ ਕੀਹ ਮਰਦ—ਤੈਥੋਂ ਆਕੀ ਹੋ ਕੇ ਕੋਈ ਕੁੱਝ ਨਹੀਂ ਕਰ ਸਕਦੇ। ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ੨।

ਇੱਥੇ ਵੀ ‘ਇਸਤਰੀ ਪੁਰਖ` ਦਾ ਭਾਵ ‘ਆਲ ਹਯੁਮਨ ਬੀਂਇੰਗ` ਹੀ ਹੈ ਭਾਵੇਂ ਇੱਥੇ ਵੀ ਕਿੰਨਰ ਸ਼ਬਦ ਦਾ ਪ੍ਰਯੋਗ ਨਹੀਂ ਫ਼ਿਰ ਵੀ ਪੁਰਣ ਸਪਸ਼ਟਤਾ ਹੈ ਕਿ ਇਸਤਰੀ ਪੁਰਖ ਦਾ ਮਤਲਬ ‘ਮਨੁੱਖ` ਵਾਲਾ ਹੀ ਹੈ।

ਹੋਰ ਵੇਖੀਏ:

ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥ (ਸ਼ਬਦ ਗੁਰੂ ਗ੍ਰੰਥ ਸਾਹਿਬ, ਪੰਨਾ 983)

ਇਸ ਫ਼ੁਰਮਾਨ ਵਿੱਚ ਵੀ ਕਿੰਨਰ ਸ਼ਬਦ ਦਾ ਇਸਤੇਮਾਲ ਨਹੀਂ ਹੋਈਆ ਪਰ ਨਿਰਸੰਦੇਹ ਇਸਦਾ ਸਪਸ਼ਟ ਭਾਵ ਵੀ ਸਮੁੱਚੀ ਮਨੁਖ ਜਾਤੀ ਦਾ ਹੀ ਹੈ। ਇਸ ਕਰਕੇ ਰਿਹਤ ਮਰਿਯਾਦਾ ਵਿੱਚ ‘ਜੋ ਇਸਤਰੀ ਜਾਂ ਪੁਰਸ਼` ਸਬਦਾਵਲੀ ਗੁਰਬਾਣੀ ਅਨੁਸਾਰੀ ਹੀ ਹੈ।

ਹੁਣ ਗੁਰਬਾਣੀ ਦੀ ਰੋਸ਼ਨੀ ਅਤੇ ਹੱਥੀ ਉਪਲੱਬਧ ਤੱਥਾਂ ਰਾਹੀਂ ਇਹ ਗੱਲ ਧਿਆਨ ਦੇਂਣ ਯੋਗ ਹੈ ਕਿ ਕਿਧਰੇ ਕਿਸੇ ਮੱਦ ਨੂੰ ਪੜਦੇ ਉਸਦੇ ਭਾਵ ਨੂੰ ਸਮਝਣ ਦੀ ਲੋੜ ਪੈ ਵੀ ਸਕਦੀ ਹੈ ਤਾਂ ਕਿ ਲੋੜ ਅਨੁਸਾਰ ਸੇਧ ਹਾਸਲ ਕੀਤੀ ਜਾ ਸਕੇ। ਦਾਸ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਕਿਧਰੇ ਕਿਸੇ ਕਿਨੰਰ ਭਾਈ ਨੂੰ ਇਸ ਬਾਬਤ ਸਿੱਖ ਰਹਿਤ ਮਰਿਯਾਦਾ ਵਲੋਂ ਕੋਈ ਕਠਨਾਈ ਆਈ ਹੋਵੇ ਜਾਂ ਇਸ ਬਾਰੇ ਕੋਈ ਉਚੇਚਾ ਮਸਲਾ ਉੱਠਿਆ ਹੋਵੇ ਜਿਸ ਦੇ ਚਲਦੇ ਕਿਸੇ ਕਿੰਨਰ ਨੂੰ ਸਿੱਖ ਹੋਣ ਤੋਂ ਰੋਕਿਆ ਗਿਆ ਹੋਵੇ। ਰਹਿਤ ਮਰਿਯਾਦਾ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾ ਅੰਦਰ ਐਸੀ ਕੋਈ ਰੋਕ ਨਹੀਂ ਹੈ।

ਸਿੱਖ ਰਹਿਤ ਮਰਿਯਾਦਾ ਵਿੱਚ ਦਿੱਤੀ ਹੋਈ ਸਿੱਖ ਦੀ ਪਰਿਭਾਸ਼ਾ ਢੁੱਕਵੀਂ ਹੈ ਜਿਸਦੇ, ਰਹਿਤੀ ਤੋਰ ਤੇ, ਸਰਬਪੱਖੀ ਇਸਤੇਮਾਲ ਨੂੰ ਧਿਆਨ ਵਿੱਚ ਰੱਖਣਾ ਜ਼ਰੁਰੀ ਹੈ।

ਹਰਦੇਵ ਸਿੰਘ, ਜੰਮੂ




.