.



ਇਕ ਸਵਾਲ ਇਹ ਵੀ

ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਵਿੱਚ ਮੌਜੂਦ ਸਾਰਿਆਂ ਧਾਰਮਿਕ ਸੋਚਾਂ ਨੂੰ ਤਿਆਗ ਕੇ, ਮਨੁੱਖੀ ਆਚਰਣ ਨੂੰ ਸਭ ਤੋ ਉੱਚਾ ਰੱਖਦਿਆਂ ਉਪਦੇਸ਼ ਕੀਤਾ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।

ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੬੨

ਗੁਰੂ ਨਾਨਕ ਪਾਤਸ਼ਾਹ ਵਲੋਂ ਬਖ਼ਸ਼ੇ ਸਿਧਾਂਤ ਵਿੱਚ ਪਰਮਾਤਮਾ ਦੀ ਬੰਦਗੀ ਕਿਸੀ ਧਾਰਮਿਕ ਬੰਦਸ਼ਾਂ ਵਿੱਚ ਨਹੀਂ ਬੱਝੀ ਹੋਈ ਸੀ। ਉਨ੍ਹਾਂ ਨੇ ਮਨੁੱਖ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਣ ਵਾਸਤੇ ਕੇਵਲ ਸਿੱਧਾ ਜਿਹਾ ਰਾਹ ਦੱਸਿਆ।

ਪਵਨ ਅਰੰਭੁ ਸਤਿਗੁਰ ਮਤਿ ਵੇਲਾ।।

ਸਬਦੁ ਗੁਰੂ ਸੁਰਤਿ ਧੁਨਿ ਚੇਲਾ।।

ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੯੪੩

ਗੁਰਮਤਿ ਮੁਤਾਬਿਕ, ਮਨੁੱਖ ਨੇ ਪਰਮਾਤਮਾ ਅਤੇ ਆਪਣੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਕੇਵਲ ਤੇ ਕੇਵਲ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਆਪਣੇ ਆਚਰਣ ਨੂੰ ਉੱਚਾ ਕਰਦੇ ਹੋਏ, ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਇਹ ਹੈ ਸਿੱਖੀ ਦਾ ਸੁਖਾਲਾ ਮਾਰਗ। ਜਿਸ ਤੇ ਇੱਕ ਸਿੱਖ ਨੇ ਸਾਰੀ ਜਿਦੇਗੀ ਚਲਣਾ ਹੈ। ਇਸੇ ਮਾਰਗ ਦੀ ਵਡਿਆਈ ਕਰਦੇ ਹੋਏ ਭਾਈ ਗੁਰਦਾਸ ਜੀ ਨੇ ਆਖਿਆ ਹੈ

ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ।।

(ਭਾਈ ਗੁਰਦਾਸ ਜੀ ਵਾਰ ੧- ਪਉੜੀ ੪੫)

ਇਸ ਸਿੱਧੇ, ਸੁਖਾਲੇ ਰਾਹ ਦੀ ਵਿਆਖਿਆ ਹੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕੀਤੀ ਹੈ। ਗੁਰੂ ਸਾਹਿਬ ਨੇ ਗੁਰਬਾਣੀ ਵਿਚ, ਮਨੁੱਖ ਨੂੰ ਪਰਮਾਤਮਾ ਅਤੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੀਆਂ ਵਿਧੀਆਂ ਅਤੇ ਉਸ ਵਿੱਚ ਆਉਣ ਵਾਲਿਆਂ ਔਂਕੜਾਂ ਬਾਰੇ ਹੀ ਦੱਸਿਆ ਹੈ। ਇਸ ਕਰਕੇ ਗੁਰੂ ਸਾਹਿਬ ਗੁਰਬਾਣੀ ਪ੍ਰਤੀ ਬੜੇ ਹੀ ਸੁਚੇਤ ਸਨ। ਗੁਰੂ ਨਾਨਕ ਸਾਹਿਬ ਦੇ ਜਗਤ ਨੂੰ ਤਾਰਨ ਦੇ ਮਿਸ਼ਨ ਵਿੱਚ ਗੁਰਬਾਣੀ ਦੀ ਰਚਨਾ ਇੱਕ ਬਹੁਤ ਹੀ ਮਹੱਤਵਪੂਰਣ ਕਾਰਜ ਸੀ। ਗੁਰਬਾਣੀ ਦੀ ਸੰਭਾਲ ਇਸ ਵਿਉਂਤ ਦਾ ਇੱਕ ਅਤਿ ਦਾ ਜਰੂਰੀ ਹਿੱਸਾ ਸੀ, ਜਿਸ ਨਾਲ ਰਹਿੰਦੀ ਦੁਨੀਆ ਤਕ ਲੁਕਾਈ ਪਰਮਾਤਮਾ ਅਤੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਵਲੋਂ ਕੀਤੇ ਉਪਦੇਸ਼ਾਂ ਦਾ ਲਾਹਾਂ ਲੈ ਸੱਕਣ।

ਗੁਰੂ ਨਾਨਕ ਸਾਹਿਬ ਨੇ ਆਪ ਬਾਣੀ ਉਚਾਰੀ ਤੇ ਉਸ ਨੂੰ ਬੜੀ ਚੇਤਨਤਾ ਨਾਲ ਸੰਭਾਲ ਕੇ ਰੱਖਿਆ। ਗੁਰੂ ਸਾਹਿਬ ਨੇ ਕੇਵਲ ਆਪਣੀ ਬਾਣੀ ਨੂੰ ਹੀ ਨਹੀਂ ਸਗੋਂ ਉਦਾਸੀਆਂ ਦੌਰਾਨ ਜਿਥੇ ਭੀ ਉਨ੍ਹਾਂ ਨੂੰ ਭਗਤ-ਬਾਣੀ ਪ੍ਰਾਪਤ ਹੋਈ ਉਸ ਨੂੰ ਭੀ ਸੰਭਾਲ ਲਿਆ। ਉਨ੍ਹਾਂ ਨੇ ਇਹ ਸਾਰੀ ਬਾਣੀ ਨੂੰ ਆਪ ਆਪਣੇ ਕੋਲ ਲਿਖ ਕੇ ਰੱਖ ਲਿਆ। ਇਸ ਪਰਥਾਏ ਭਾਈ ਗੁਰਦਾਸ ਜੀ ਕਹਿੰਦੇ ਹਨ।

ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ।।

(ਭਾਈ ਗੁਰਦਾਸ ਜੀ ਵਾਰ ੧- ਪਉਣੀ ੩੩)

ਇੱਥੇ ਉਹੀ ਕਿਤਾਬ ਦਾ ਜਿਕਰ ਹੋ ਰਿਹਾ ਹੈ ਜਿਸ ਵਿੱਚ ਬਾਬਾ ਨਾਨਕ ਜੀ ਨੇ ਸਾਰੀ ਬਾਣੀ ਨੂੰ ਲਿਖ ਰੱਖਿਆ ਸੀ ਤੇ ਭਾਈ ਗੁਰਦਾਸ ਜੀ ਭੀ ਗੁਰਬਾਣੀ ਦੇ ਸਬ ਤੋਂ ਸਰਵੋਤਮ ਉਪਦੇਸ਼ ਦੀ ਪ੍ਰੋੜਤਾ ਕਰਦੇ ਹਨ

ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ।।

(ਭਾਈ ਗੁਰਦਾਸ ਜੀ ਵਾਰ ੧- ਪਉੜੀ ੩੩)

ਗੁਰਬਾਣੀ ਪ੍ਰਤੀ ਗੁਰੂ ਨਾਨਕ ਸਾਹਿਬ ਦੀ ਇਹ ਚੇਤਨਤਾ ਹੀ ਸੀ ਕਿ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖ਼ਸ਼ਣ ਦੇ ਨਾਲ ਹੀ ਗੁਰਬਾਣੀ ਦਾ ਇਹ ਅਮੋਲਕ ਖਜਾਨਾ ਭੀ ਬਖ਼ਸ਼ ਦਿੱਤਾ। ਗੁਰੂ ਅੰਗਦ ਸਾਹਿਬ ਨੇ ਬਾਣੀ ਦੇ ਇਸ ਖਜਾਨੇ ਨੂੰ ਸੰਭਾਲ ਕੇ ਰੱਖਿਆ ਤੇ ਨਾਲ ਹੀ ਆਪਣੇ ਵਲੋਂ ਉਚਾਰੀ ਬਾਣੀ ਨੂੰ ਭੀ ਇਸ ਵਿੱਚ ਮਿਲਾ ਕੇ ਗੁਰਬਾਣੀ ਦੇ ਭੰਡਾਰ ਨੂੰ ਹੋਰ ਵਧਾ ਦਿੱਤਾ। ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਨੇ ਗੁਰਿਆਈ ਦੇ ਨਾਲ ਗੁਰਬਾਣੀ ਦਾ ਅਮੋਲਕ ਖਜਾਨਾ ਗੁਰੂ ਅਮਰਦਾਸ ਜੀ ਦੇ ਸਪੁਰਦ ਕਰ ਦਿੱਤਾ। ਗੁਰੂ ਅਮਰਦਾਸ ਜੀ ਤੇ ਗੁਰੂ ਰਾਮ ਦਾਸ ਜੀ ਨੇ ਭੀ ਗੁਰੂ ਅੰਗਦ ਸਾਹਿਬ ਦੀ ਤਰ੍ਹਾਂ ਗੁਰਬਾਣੀ ਦੇ ਮਹਾਨ ਖਜਾਨੇ ਨੂੰ ਵਧਾਉਂਦੇ ਹੋਏ ਗੁਰੂ ਅਰਜਨ ਸਾਹਿਬ ਜੀ ਨੂੰ ਪਿਉ ਦਾਦੇ ਦਾ ਇਹ ਅਮੋਲਕ ਖਜਾਨਾ ਸੌਂਪ ਦਿੱਤਾ।

ਗੁਰੂ ਅਰਜਨ ਸਾਹਿਬ ਦੇ ਸਮੇਂ ਹਾਲਾਤ ਕੁੱਝ ਇਸ ਤਰ੍ਹਾਂ ਦੇ ਹੋ ਗਏ ਕਿ ਗੁਰੂ ਘਰ ਦੇ ਦੋਖੀ ਪ੍ਰਿਥੀ ਚੰਦ ਵਲੋਂ ਸੰਗਤਾਂ ਨੂੰ ਵਰਗਲਾਉਣ ਲਈ, ਉਹ ਆਪ ਬਾਣੀ ਉਚਾਰਨ ਦਾ ਸਵਾਂਗ ਕਰਨ ਲਗ ਪਿਆ। ਸੰਗਤਾਂ ਵਿੱਚ ਭਰਮ ਨਾ ਪੈਦਾ ਹੋ ਜਾਏ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਆਪ ਹੀ ਸਾਰੀ ਉੱਚਾਰਿਤ ਬਾਣੀ ਤੇ ਆਪਣੇ ਵਡੇਰੇ ਗੁਰੂ ਸਾਹਿਬਾਨ ਵਲੋਂ ਮਿਲੇ ਖਜਾਨੇ ਨੂੰ ਆਪ ਸੰਪਾਦਿਤ ਕਰ ਦਿੱਤਾ। ਜਿਸ ਦੇ ਲਿਖਣ ਦੀ ਸੇਵਾ ਦਾ ਕਾਰਜ ਭਾਈ ਗੁਰਦਾਸ ਜੀ ਨੇ ਨਿਭਾਇਆ। ਸਾਰੀ ਸੰਪਾਦਿਤ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਪੋਥੀ ਸਾਹਿਬ ਨਾਮ ਦਿੱਤਾ ਤੇ ਇਸ ਬਾਣੀ ਨੂੰ ਆਪਣੇ ਤੋਂ ਵਧੀਕ ਸਨਮਾਨ ਨਾਲ ਨਿਵਾਜਿਆ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਸਦਾ ਲਈ ਪਰਮਾਤਮਾ ਨਾਲ ਜੋੜਨ ਲਈ ਗੁਰਬਾਣੀ ਨੂੰ ਸੰਪਾਦਿਤ ਕਰ ਦਿੱਤਾ।

ਸਮੇਂ ਦੇ ਨਾਲ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਪੋਥੀ ਸਾਹਿਬ ਵਾਲਾ ਅਮੋਲਕ ਖਜਾਨਾ ਗੁਰੂ ਘਰ ਦੇ ਦੋਖੀ ਪ੍ਰਿਥੀਚੰਦ ਦੇ ਵਾਰਸਾਂ ਪਾਸ ਪੁੱਜ ਗਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ੧੬੯੯ ਦੀ ਵਿਸਾਖੀ ਨੂੰ ਖ਼ਾਲਸੇ ਦੀ ਸਿਰਜਨਾ ਅਤੇ ੧੭੦੪ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਤੇ ਦਸਤਾਰ ਬਖ਼ਸ਼ਣ ਦੇ ਰਾਹੀ ਖ਼ਾਲਸੇ ਪੰਥ ਨੂੰ ਸ਼ਖ਼ਸੀ ਗੁਰਤਾ ਦੇਣ ਦੇ ਮਗਰੋਂ ੧੭੦੬ ਵਿੱਚ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਮਿਸ਼ਨ, ਮਨੁੱਖਤਾ ਨੂੰ ਸਦਾ ਲਈ ਸ਼ਬਦ ਗੁਰੂ ਨਾਲ ਜੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਮਹਾਨ ਕਾਰਜ ਅਰੰਭਿਆ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਵਲੋਂ ਉਚਾਰੀ ਬਾਣੀ ਨੂੰ ਭੀ ਰਲਾ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਣਤਾ ਕੀਤੀ।

ਇਤਨੇ ਸਿੱਖ ਇਤਿਹਾਸ ਨਾਲ ਸ਼ਾਇਦ ਹੀ ਕੋਈ ਵਿਰਲਾ ਸਿੱਖ ਵਿਦਵਾਨ ਅਸਹਮਤਿ ਹੋਵੇ। ਇਹ ਸਾਰੇ ਤੱਥ ਪਾਵਨ ਗੁਰਬਾਣੀ ਦੀ ਕਸਵੱਟੀ ਤੇ ਭੀ ਖਰੇ ਉੱਤਰਦੇ ਹਨ ਤੇ ਨਾਲ ਹੀ ਸਿੱਖ ਇਤਿਹਾਸ ਨਾਲ ਭੀ ਮੇਲ ਖਾਂਦੇ ਹਨ। ਹੁਣ ਇੱਥੇ ਬੜੇ ਹੀ ਗੰਭੀਰ ਅਤੇ ਜਰੂਰੀ ਸਵਾਲ ਖੜੇ ਹੁੰਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਗਭਗ ੪੨ ਸਾਲ ਦੀ ਉਮਰ ਦੇ ੪੦ ਵੇਂ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਤਿਆਰ ਕਰਵਾਈ, ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਵਲੋਂ ਪੋਥੀ ਸਾਹਿਬ ਦੀ ਸੰਪਾਦਨਾ ਤੋਂ ਬਾਦ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਚਾਰੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਿਆ ਲੇਕਿਨ ਉਹ ਬਾਣੀ ਜੋ ਉਨ੍ਹਾਂ ਦੇ ਨਾਮ ਤੇ ਉਚਾਰੀ, ਆਖੀ ਜਾਂਦੀ ਹੈ ਉਸ ਨੂੰ ਭੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਉਚਾਰ ਚੁੱਕੇ ਸਨ ਤੇ ਉਨ੍ਹਾਂ ਨੇ ਆਪਣੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਦਰਜ ਨਾ ਕੀਤਾ? ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਬਾਣੀ ਜੋ ਉਨ੍ਹਾਂ ਦੇ ਨਾਂ ਤੇ ਕਹੀ ਜਾਂਦੀ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਮਗਰੋਂ ਉਚਾਰਿਆਂ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੀਰਕ ਜੀਵਨ ਕੇਵਲ ਲਗਭਗ ੨ ਸਾਲਾਂ ਦਾ ਹੀ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਕੇਵਲ ਦਸਮ ਗ੍ਰੰਥ ਉਚਾਰਨ ਦਾ ਹੀ ਕੰਮ ਕਿਉਂ ਕੀਤਾ? ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੀ ਹੋਰ ਗ੍ਰੰਥ ਨੂੰ ਰਚ ਕੇ ਸਿੱਖਾਂ ਵਿੱਚ ਭਰਮ ਪਾਉਣਾ ਚਾਹੁੰਦੇ ਸਨ? ਜਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਹੀ ਨਹੀਂ ਬਖ਼ਸ਼ਣਾ ਚਾਹੁੰਦੇ ਸਨ?

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਵਿੱਚ ਅਧਿਕਤਰ ਗੁਰਸਿੱਖ ਇਹ ਦਲੀਲ ਦਿੰਦੇ ਹਨ ਕਿ ਇਹ ਗੁਰੂ ਦਾ ਕੌਤਕ ਹੈ ਜਾਂ ਗੁਰੂ ਵਲੋਂ ਕੀਤਾ ਗਿਆ ਕਾਰਜ ਹੈ ਇਸ ਕਰਕੇ ਇਸ ਤੇ ਨਿਸ਼ਚਾ ਕਰੀ ਚਲੋ, ਸਿੱਖ ਦਾ ਕੰਮ ਗੁਰੂ ਉੱਤੇ ਸਵਾਲ ਕਰਨਾ ਨਹੀਂ। ਇਹ ਗੁਰੂ ਆਪ ਹੀ ਜਾਣੇਂ।

ਸਾਡਾ ਇਹ ਵਰਤਾਰਾ ਠੀਕ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਅੰਧਵਿਸ਼ਵਾਸ ਦੇ ਜੁੱਲੇ ਵਿੱਚੋਂ ਕੱਢਿਆ ਹੈ ਤਾਂਹਿ ਤੇ ਗੁਰੂ ਸਾਹਿਬ ਫ਼ਰਮਾਉਂਦੇ ਹਨ।

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ।।

ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ।।

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ।।

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ।।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।

ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।। ੧।।

ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੧੨੪੫

ਇਥੇ ਨਿੱਕਾ ਜਿਹਾ ਸਾਰੇ ਸਵਾਲ ਦਾ ਜਵਾਬ ਇਹ ਹੀ ਪ੍ਰਤੀਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਵੀ ਬਾਣੀ ਉਚਾਰੀ ਹੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਗਰ ਕੋਈ ਬਾਣੀ ਉਚਾਰੀ ਹੁੰਦੀ ਤੇ ਉਹ ਆਪ ਹੀ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦੇਂਦੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਨੂੰ ਤਿਆਰ ਕਰਦੇ ਸਮੇਂ ਆਪ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਨੇ, ਜੇ ਉਨ੍ਹਾਂ ਨੇ ਆਪ ਭੀ ਕੋਈ ਬਾਣੀ ਉਚਾਰੀ ਹੁੰਦੀ ਤੇ ਉਹ, ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਰੂਰ ਦਰਜ ਕਰਦੇ ਜਿਸ ਨਾਲ ਬਾਦ ਵਿੱਚ ਸਿੱਖਾਂ ਵਿੱਚ ਕਿਸੀ ਭੀ ਪ੍ਰਕਾਰ ਦਾ ਭਰਮ ਜਾਂ ਸ਼ੱਕ ਗੁਰਬਾਣੀ ਪ੍ਰਤੀ ਨਾ ਰਹਿੰਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਹੀ ਗੁਰੂ ਸਾਹਿਬਾਨ ਗੁਰਬਾਣੀ ਪ੍ਰਤੀ ਬੜੇ ਹੀ ਸੁਚੇਤ ਸਨ। ਜੇ ਸੂਖਮਤਾ ਵਿੱਚ ਦੇਖੀਏ ਤਾਂ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਮਨੁੱਖਤਾ ਨੂੰ ਸਦਾ ਲਈ ਸ਼ਬਦ ਗੁਰੂ ਨਾਲ ਜੋੜਨ ਦਾ ਹੀ ਸੀ। ਜਿਸ ਨਾਲ ਮਨੂੱਖਤਾਂ ਵਿੱਚ ਆਤਮਕ ਬਲ ਵਧੇ ਤੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਉਸ ਦਾ ਆਚਰਣ ਭੀ ਉੱਚਾ ਤੇ ਸੁੱਚਾ ਹੋਵੇ।

ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਰਕੇ ਦੱਸਿਆ ਜਾਂਦਾ ਹੈ। ਜਿਸ ਵਿੱਚੋਂ ਬਥੇਰੀ ਰਚਨਾਵਾਂ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸੀ ਦੇ ਸਾਹਮਣੇ ਪੜ੍ਹਨ ਦਾ ਹਿਆਂ ਭੀ ਨਹੀਂ ਕਰ ਸਕਦੇ। ਜੇ ਕਿਸੀ ਨੂੰ ਕੋਈ ਸ਼ੱਕ ਸ਼ੁਬ੍ਹਾ ਹੋਵੇ ਤੇ ਉਹ ਦਸਮ ਗ੍ਰੰਥ ਦੀਆਂ ਅੰਦਰਲਿਆਂ ਰਚਨਾਵਾਂ ਨੂੰ ਆਪ ਪੜ੍ਹ ਵੇਖੇ ਤੇ ਸਾਰੀ ਗੱਲ ਆਪ ਹੀ ਸਪਸ਼ਟ ਹੋ ਜਾਵੇਗੀ ਕਿ ਇੱਦਾਂ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਸ਼ੇ ਤੋ ਵਿਪਰੀਤ ਤੇ ਗੁਰਮਤਿ ਸਿਧਾਂਤ ਤੋਂ ਸੱਖਣੀਆਂ ਰਚਨਾਵਾਂ ਗੁਰੂ ਕ੍ਰਿਤ ਹਨ ਜਾਂ ਨਹੀਂ। ਜ਼ਿਆਦਾਤਰ ਬਖੇੜਾ ਕੇਵਲ ਉਨ੍ਹਾਂ ਵਲੋਂ ਹੀ ਪਾਇਆ ਜਾਂਦਾ ਹੈ ਜਿਨ੍ਹਾਂ ਨੇ ਕਦੀ ਵੀ ਇਨ੍ਹਾਂ ਨੂੰ ਪੜਿਆਂ ਹੀ ਨਹੀਂ ਜੇ ਪੜਿਆ ਹੈ ਤੇ ਕੇਵਲ ਅੰਧਵਿਸ਼ਵਾਸ ਰਖਦੇ। ਜੇ ਕੋਈ ਭੀ ਸਜਣ ਪਰਖ ਸਕਣ ਲਈ ਜਰਾ ਸਾ ਭੀ ਉਪਰਾਲਾ ਕਰੇ ਤਾਂ ਗਲ ਆਪੇ ਹੀ ਸਾਫ ਹੋ ਨਿੱਬੜੇਗੀ।

ਗੁਰੂ ਨਾਨਕ ਪਾਤਸ਼ਾਹ ਨੇ ਐਸਾ ਨਿਰਮਲ ਪੰਥ ਚਲਾਇਆ ਜਿਸ ਵਿੱਚ ਸੰਸਾਰ ਦੇ ਕਿਸੀ ਭੀ ਮਨੁੱਖ ਨੇ ਆਪਣੇ ਅਚਾਰ ਅਤੇ ਵਿਚਾਰ ਦੀ ਸ਼ੁੱਧਤਾ ਨਾਲ ਪਰਮਾਤਮਾ ਦੀ ਬੰਦਗੀ ਦੇ ਗੁਰਮਤਿ ਗਾਡੀ ਦੇ ਮੁੱਖ ਧੂਰੇਂ ਦੇ ਦਿਵਾਲੇ ਚਲ ਕੇ, ਆਪਣੇ ਜੀਵਨ ਮਨੋਰਥ ਦੀ ਪ੍ਰਾਪਤੀ ਕਰਨੀ ਹੈ। ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸਾਰੇ ਗੁਰੂ ਸਾਹਿਬਾਨ ਨੇ ਅੱਗੇ ਤੋਰਿਆ ਤੇ ਆਪ ਹੀ ਗੁਰੂ ਨਾਨਕ ਦਾ ਰੂਪ ਹੋ ਹੀ ਨਿਬੜੇ ਤੇ ਕਿਸੀ ਵੀ ਗੁਰੂ ਵਿਅਕਤੀ ਵਿੱਚ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਸਿਧਾਂਤ ਪ੍ਰਤੀ ਕਿਧਰੇ ਵੀ ਕੋਈ ਵਿਰੋਧਾਭਾਵ ਨਹੀਂ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਰਚੇ ਗਏ ਅਖੌਤੀ ਗ੍ਰੰਥ ਦਾ ਗੁਰਮਤਿ ਸਿਧਾਂਤ ਤੋ ਸੱਖਣਾ ਹੋਣਾ ਇਸ ਦਲੀਲ ਨੂੰ ਯਕੀਨੀ ਬਣਾਉਂਦਾ ਹੈ ਕਿ ਇਹ ਕਥਿਤ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਲਿਖਤਾਂ ਨਹੀਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਇਤਨੀ ਅਤਿ ਦੀ ਨੀਵੀਂ ਸ਼ਬਦਾਵਲੀ ਵਿੱਚ ਅਤੇ ਗੁਰੂ ਨਾਨਕ ਦੇ ਨਿਰਮਲ ਸਿਧਾਂਤ ਦੇ ਉਲਟ ਵਿਚਾਰਧਾਰਾ ਲਈ ਕੋਈ ਰਚਨਾ ਰਚ ਕੇ ਮਨੁਖਤਾਂ ਨੂੰ ਭਮਲਭੁੱਸੇ ਵਿੱਚ ਨਹੀਂ ਪਾ ਸਕਦੇ ਸਨ।

ਗੁਰੂ ਸਾਹਿਬ ਦੇ ਮਹਾਨ ਕਾਰਜਾਂ ਨਾਲ ਗੁਰੂ ਨਿੰਦਾਂ ਦਾ ਵੈਰ ਕਮਾਉਣ ਦਾ ਭੀ ਪੁਰਾਣਾ ਹੀ ਸਾਥ ਹੈ। ਇਹ ਉਨ੍ਹਾਂ ਨਿੰਦਕਾਂ ਦੇ ਸ਼ਾਤਿਰ ਦਿਮਾਗ ਦੀ ਹੀ ਕਾਰਸਤਾਨੀ ਹੈ ਕਿ ਜਿਨ੍ਹਾਂ ਨੇ ਅੱਜ ਵੀ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੇਕਲੀ ਹਸਤੀ ਨੂੰ ਉਨ੍ਹਾਂ ਦੇ ਹੀ ਦੋ ਤਖਤਾਂ ਤੇ ਸਥਾਪਿਤ ਕਰ ਚੁਨੌਤੀ ਦੇ ਰੱਖੀ ਹੈ ਤੇ ਸਿੱਖ ਭੀ ਏਸੇ ਸਿਦਕ ਤੇ ਭਰੋਸੇ ਦੇ ਮਾਲਕ ਹਨ ਕਿ ਉਹ ਕੋਈ ਭੀ ਵਿਚਾਰ ਸੁਣਨ ਤਕ ਨੂੰ ਤਿਆਰ ਨਹੀਂ ਤੇ ਆਪਣੇ ਹੀ ਗੁਰੂ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਸਾਰੀ ਲੋਕਾਈ ਦੀ ਆਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਜੂਦ ਨੂੰ ਹੀ ਚੁਣੌਤੀ ਦੇਣ ਤੋਂ ਵੀ ਪਿੱਛੇ ਨਹੀਂ ਹਨ।

ਮਨਮੀਤ ਸਿੰਘ, ਕਾਨਪੁਰ।
.