.

ਸਿੱਖ ਧਰਮ ਦੇ ਚਾਰ ਕੱਦਮ (ਭਾਗ ਤੀਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਭਾਗ I ਤੇ II ਤੋਂ ਅੱਗੇ)

ਸਿੱਖ ਧਰਮ ਦਾ ਤੀਜਾ ਕਦਮ- ਸਿੱਖ ਧਰਮ ਦੇ ਜਿਨ੍ਹਾਂ ਚਾਰ ਕਦਮਾਂ ਦਾ ਜ਼ਿਕਰ ਸ਼ੁਰੂ ਕੀਤਾ ਗਿਆ ਹੈ ਉਹਨਾਂ ਵਿਚੋਂ ਦੋ ਕਦਮਾ ਦਾ ਜ਼ਿਕਰ ਪਹਿਲੇ ਦੋ ਭਾਗਾਂ `ਚ ਆ ਚੁੱਕਾ ਹੈ। ਫ਼ਿਰ ਵੀ ਸੰਖੇਪ `ਚ ਸਿੱਖ ਧਰਮ ਦੇ ਇਹ ਦੋ ਕਦਮ ਹਨ ਪਹਿਲਾ ਕਦਮ-ਗੁਰਬਾਣੀ ਦਾ ਮੂਲ ਗਿਆਨ (ਜੋਤ) ਅਤੇ ਉਸ ਗਿਆਨ ਤੋਂ ਪ੍ਰਾਪਤ ਹੋਣ ਵਾਲੀ ਜੀਵਨ ਸੇਧ (ਜੁਗਤ)। ਇਸੇ ਤਰ੍ਹਾਂ ਸਿੱਖ ਧਰਮ ਦਾ ਦੂਜਾ ਕਦਮ ਹੈ ਗੁਰਬਾਣੀ ਤੋਂ ਪ੍ਰਾਪਤ ਹੋਣ ਵਾਲੀ ਜੀਵਨ ਸੇਧ (ਜੋਤ) ਨੂੰ ਜੀਵਨ ਅੰਦਰ ਢਾਲਣਾ। ਦੂਜੇ ਲਫ਼ਜ਼ਾਂ `ਚ ਗੁਰਬਾਣੀ ਜੋਤ ਤੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁਗਤ’ ਅਨੁਸਾਰ ਸਿੱਖ ਦੇ ਜੀਵਨ ਦਾ ਪ੍ਰਗਟਾਵਾ।

ਇਤਨਾ ਹੀ ਨਹੀਂ ਬਲਕਿ ਇਹ ਵੀ ਅੰਦਾਜ਼ਾ ਲਗਾ ਚੁੱਕੇ ਹਾਂ ਕਿ ਗੁਰਬਾਣੀ ਤੋਂ ਜੋ ‘ਜੋਤ’ ਭਾਵ ਗੁਰਬਾਣੀ ਗਿਆਨ ਪ੍ਰਗਟ ਹੁੰਦਾ ਹੈ ਉਹ ਆਪਣੇ ਆਪ `ਚ ਇਕੋ ਇੱਕ ਤੇ ਸਰਬਉੱਚ ਗਿਆਨ ਹੈ। ਉਪ੍ਰੰਤ ਉਸੇ ਗਿਆਨ ਅਨੁਸਾਰ ਤਿਆਰ ਹੋਈ ਜੀਵਨ ਦੀ ਜੁਗਤ ਦੇ ਪ੍ਰਗਟਾਵੇ ਦਾ ਹੀ ਨਤੀਜਾ ਹੈ ਕਿ ਗੁਰਮਤਿ ਆਧਾਰਿਤ ਕੇਵਲ ਕੁੱਝ ਸਦੀਆਂ ਦੇ ਹੀ ਸਿੱਖ ਇਤਿਹਾਸ ਨੇ ਹਜ਼ਾਰਾਂ ਤੋਂ ਲਖਾਂ ਸਾਲ ਪੁਰਾਨੇ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ ਹੈ। ਮਨੁੱਖ ਪਹਿਲਾਂ ਤੋਂ ਭਾਵੇਂ ਕਿਸੇ ਵੀ ਦੇਸ਼ ਜਾਂ ਧਰਮ ਦੇ ਸਨ ਜਿਉਂ ਜਿਉਂ ਗੁਰਬਾਣੀ ਵਿਚਾਰਧਾਰਾ ਦੇ ਨੇੜੇ ਆਉਂਦੇ ਗਏ ਜਾਂ ਜਿਨ੍ਹਾਂ ਤੱਕ ਗੁਰਬਾਣੀ ਦੀ ਖੁਸ਼ਬੂ ਪਹੁੰਚਦੀ ਗਈ, ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਭਾਸ਼ਾ ਸਭ ਦੇ ਜੀਵਨ ਅੰਦਰ ਰਬੀ ਗੁਣਾਂ ਦਾ ਇਕੋ ਜਿਹਾ ਉਜਾਲਾ ਹੁੰਦਾ ਗਿਆ। ਸਾਰਿਆਂ ਦੇ ਜੀਵਨ ਅੰਦਰ ਉੱਚਾ-ਸੁੱਚਾ ਆਦਰਸ਼ਕ ਜੀਵਨ, ਸੁੱਅਛ ਆਚਰਣ, ਅਣਖ ਤੇ ਗ਼ੈਰਤ ਵਾਲੀ ਜ਼ਿੰਦਗੀ ਅਤੇ ਆਪਸੀ ਨੇੜਤਾ ਤੇ ਪਿਆਰ ਵਾਲੀ ਜ਼ਿੰਦਗੀ ਉਜਾਗਰ ਹੁੰਦੀ ਗਈ। ਸੰਸਾਰ ਭਰ ਨੂੰ ਮਨੁੱਖ ਮਾਤ੍ਰ ਦੇ ਇੱਕ ਅਕਾਲਪੁਖ, ਇੱਕ ਗੁਰੂ, ਇੱਕ ਧਰਮ ਤੇ ਇਕੋ ਇੱਕ ਮਨੁੱਖੀ ਭਾਈਚਾਰੇ ਦੀ ਸਮਝ ਆਉਣ ਲੱਗ ਪਈ। ਇਹ ਜਾਦੂ ਤੇ ਕ੍ਰਿਸ਼ਮਾ ਸੀ ਗੁਰਬਾਣੀ ਰਾਹੀਂ ਪ੍ਰਗਟ ਜੋਤ ਤੇ ਜੁਗਤ ਦੇ ਆਪਸੀ ਮਿਲਾਪ ਤੋਂ ਪਣਪਣ ਵਾਲੇ ਇਕੋ ਇੱਕ ਇਲਾਹੀ ਤੇ ਰੱਬੀ ਸਚ ਧਰਮ ਦਾ।

ਗੁਰਬਾਣੀ ਵਾਲੇ ਸੱਚ ਦੀ ਅਣਹੋਂਦ `ਚ ਇਹੀ ਮਨੁੱਖ ਸਮੁਦ੍ਰ ਮੰਥਨ ਆਦਿ ਦੀਆਂ ਅਨੇਕਾਂ ਕਥਾਵਾਂ ਰੱਚ ਕੇ ਅਜਿਹੇ ਅੰਮ੍ਰਿਤ, ਨੈਕਟਰ ਤੇ ਆਬੇਹਿਯਾਤ ਦੇ ਵਿਸ਼ਵਸਾਂ `ਚ ਉਲਝਿਆ ਪਿਆ ਸੀ ਜਿਵੇਂ ਕਿ ਕਿ ਇਹ ਸਰੀਰ ਹੀ ਸਦੀਵੀ ਹੈ ਤੇ ਇਸ ਸਰੀਰ ਨੂੰ ਸਦਾ ਲਈ ਬਚਾਇਆ ਜਾ ਸਕਦਾ ਹੈ। ਹੋਰ ਤਾਂ ਹੋਰ, ਅੱਜ ਵੀ ਕਈ ਵਿਗਿਆਨਕ ਇਸੇ ਦੌੜ `ਚ ਮਿਲਦੇ ਤੇ ਲੱਗੇ ਹੋਏ ਹਨ ਜਿਸ ਤੋਂ ਕਿ ਇਹ ਸਰੀਰ ਕਦੇ ਨਾਸ ਹੀ ਨਾ ਹੋਵੇ। ਜਦਕਿ ਗੁਰਮਤਿ ਨੇ ਮਨੁੱਖ ਨੂੰ ਆਤਮਕ ਜੀਵਨ ਵਾਲਾ ਵਿਸ਼ਾ ਸਪਸ਼ਟ ਕਰ ਕੇ, ਉਸ ਨੂੰ ਸਰੀਰਕ ਮੌਤ ਵਾਲੇ ਵਾਧੂ ਭਯ ਤੋਂ ਹੀ ਪੂਰੀ ਤਰ੍ਹਾਂ ਮੁਕਤ ਕੀਤਾ। ਸਪਸ਼ਟ ਕਰ ਦਿੱਤਾ ਕਿ ਅਮਰ ਤੇ ਸਦਾ ਥਿਰ ਤਾਂ ਹੋਇਆ ਜਾ ਸਕਦਾ ਹੈ ਪਰ ਸਰੀਰਕ ਤੌਰ `ਤੇ ਨਹੀਂ ਬਲਕਿ ਆਤਮਕ ਤੌਰ `ਤੇ ਜੀਉਂਦੇ ਜੀਅ, ਕਰਤੇ ਪ੍ਰਭੂ `ਚ ਅਭੇਦ ਹੋ ਕੇ।

ਗੁਰਬਾਣੀ ਦਾ ਫ਼ੈਸਲਾ ਹੈ, ਕਿ ਇਹ ਸਰੀਰ ਕਦੇ ਨਾਸ ਹੀ ਨਾ ਹੋਵੇ, ਅਜਿਹੀ ਸੋਚਣੀ ਮੂਲੋਂ ਹੀ ਗ਼ਲਤ ਹੈ। ਗੁਰਬਾਣੀ `ਚ ਇਸ ਰੱਬੀ ਸੱਚ ਨੂੰ ਪ੍ਰਕਰ ਕਰਣ ਵਾਲੇ ਹਜ਼ਾਰਾਂ ਫ਼ੁਰਮਾਨ ਹਨ ਜਿਵੇਂ

(ੳ) “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ” (ਪੰ: ੧੪੨੯)

(ਅ) “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ” (ਪੰ: ੧੪੨੯) ਬਲਕਿ ਇਥੋਂ ਤੱਕ ਵੀ ਕਿ

(ਸ) “ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ॥ ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ” (ਪੰ: ੧੩੬੫) ਇਸ ਤਰ੍ਹ੍ਰਾਂ ਗੁਰਦੇਵ ਨੇ ਮਨੁੱਖ ਨੂੰ ਗੁਰਬਾਣੀ ਰਾਹੀਂ ਸਦਾ ਵਾਸਤੇ ਸਪਸ਼ਟ ਕਰ ਦਿੱਤਾ ਕਿ ਇਸ ਸਰੀਰ ਨੂੰ ਖ਼ਤਮ ਹੋਣ ਤੋਂ ਕਦੇ ਵੀ ਨਹੀਂ ਬਚਾਇਆ ਜਾ ਸਕਦਾ।

ਇਸ ਦੇ ਨਾਲ ਨਾਲ ਗੁਰਦੇਵ ਨੇ ਮਨੁੱਖ ਨੂੰ ਮਨੁੱਖਾ ਜਨਮ ਦਾ ਮਕਸਦ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਆਦਿ ਅਨੇਕਾਂ ਗੁਰਮਤਿ ਪ੍ਰਮਾਣਾਂ ਨਾਲ ਸਮਝਾਇਆ। ਅਗਿਆਨਤਾ ਦੀ ਨੀਂਦ `ਚ ਸੁੱਤੇ ਮਨੁੱਖ ਨੂੰ ਗਿਆਨ ਦੀ ਰੋਸ਼ਨੀ `ਚ ਲਿਆਂਦਾ। ਪੁਰਾਤਨ ਗਰੁੜ ਪੁਰਾਨ ਆਦਿ ਵਾਲੇ ਭਿੰਨ ਭਿੰਨ ਵਿਚਾਰਧਾਰਾਵਾਂ ਅਤੇ ਵਿਸ਼ਵਾਸਾਂ `ਚੋਂ ਮਨੁੱਖ ਨੂੰ ਪੂਰੀ ਤਰ੍ਹਾਂ ਕਢਿਆ ਤੇ ਇਸ ਨੂੰ ਮਾਨਸਿਕ ਤੌਰ `ਤੇ ਆਜ਼ਾਦ ਕੀਤਾ। ਮਨੁੱਖ ਸਪਸ਼ਟ ਕੀਤਾ ਕਿ ਜੂਨ ਚਾਹੇ ਮਨੁੱਖ ਦੀ ਹੋਵੇ ਜਾਂ ਕੋਈ ਵੀ ਸੁਰਗ ਤੇ ਨਰਕ, ਅਉਖਾ ਤੇ ਸੌਖਾ ਜੀਵਨ, ਇਸੇ ਜੂਨ ਅਥਵਵਾ ਜੀਵਨ ਦੇ ਦੋ ਪੱਖ ਹਨ। ਅਸਲ ਨਰਕ ਤਾਂ ਮਨੁੱਖ ਦਾ ਜਨਮ ਮਰਣ ਦੇ ਗੇੜ੍ਹ `ਚ ਹੀ ਫ਼ਸੇ ਹੋਣਾ ਹੀ ਹੈ।

ਇਹ ਵੀ ਸਪਸ਼ਟ ਕੀਤਾ ਕਿ ਅਨੰਤ ਜੂਨਾਂ ਵਿਚੋਂ ਕੇਵਲ ਮਨੁੱਖਾ ਜਨਮ ਅਥਵਾ ਜੂਨ ਦੇ ਹੀ ਦੋ ਪੱਖ ਹਨ, ਸਫ਼ਲ ਜੀਵਨ ਜੀਵਨ ਅਤੇ ਅਸਫ਼ਲ ਜੀਵਨ। ਜਦਕਿ ਬਾਕੀ ਅਰਬਾਂ-ਖਰਬਾਂ ਜੂਨਾਂ `ਚ ਜੀਵਨ ਦੇ ਅਜਿਹੇ ਦੋ ਪੱਖ ਹੈਣ ਹੀ ਨਹੀਂ। ਗੁਰਮਤਿ ਨੇ ਆਤਮਕ ਜੀਵਨ ਦਾ ਵਿਸ਼ਾ ਸਪਸ਼ਟ ਕਰ ਕੇ ਮਨੁੱਖ ਨੂੰ ਅਣਖ ਤੇ ਗ਼ੈਰਤ ਵਾਲੇ ਸੱਚ ਧਰਮ `ਚ ਜੀਵਨ ਜੀਉਣਾ ਸਿਖਾਇਆ। ਮਨੁੱਖ ਨੇ ਆਪਣੇ ਜੀਵਨ ਨੂੰ ਪ੍ਰਭੂ ਰੰਗ `ਚ ਰੰਗ ਕੇ ਪ੍ਰਭੂ ਗੁਣਾਂ ਨਾਲ ਓਤ ਪ੍ਰੌਤ ਹੋ ਕੇ ਜੀਵਨ ਜੀਉਣਾ ਹੈ, ਆਤਮਿਕ ਮੌਤ `ਚ ਰਹਿ ਕੇ ਨਹੀਂ। ਗੁਰ ਇਤਿਹਾਸ `ਚੋਂ ਅਜਿਹੀਆਂ ਹਜ਼ਾਰਾਂ ਮਿਸਾਲਾਂ ਮਿਲ ਜਾਂਦੀਆਂ ਹਨ ਜਿਹੜੇ ਕਿ ਗੁਰਬਾਣੀ ਜੀਵਨ `ਚ ਆਉਣ ਤੋਂ ਬਾਅਦ ਕੀ ਹੋ ਗਏ ਅਤੇ ਉਸ ਤੋਂ ਪਹਿਲਾਂ ਉਹਨਾਂ ਦੇ ਜੀਵਨ ਕੀ ਸਨ। ਮਿਸਾਲ ਵਜੋਂ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੇ ਜੀਵਨ ਕਾਲ ਨੂੰ ਲੈਂਦੇ ਹਾਂ। ਗੁਰਮਤਿ ਤੇ ਗੁਰਬਾਣੀ ਸੋਝੀ ਵਾਲੇ ਜੀਵਨ `ਚ ਆਉਣ ਤੋਂ ਪਹਿਲਾਂ ਆਪ ਬੈਰਾਗੀ ਆਦਿ ਭਿੰਨ ਭਿੰਨ ਨਾਵਾਂ ਤੇ ਜਾਨਕੀ ਦਾਸ ਤੇ ਉਘੜ ਨਾਥ ਆਦਿ ਕਈ ਸੰਸਾਰਿਕ ਗੁਰੂਆਂ ਦੀ ਸ਼ਰਨ `ਚ ਪੁੱਜ ਕੇ ਵੀ, ਇੱਕ ਅਸ਼ਾਂਤ ਤੇ ਅਸਫ਼ਲ ਜੀਵਨ ਭੋਗ ਰਹੇ ਸਨ। ਪਰ ਉਹੀ ਬੈਰਾਗੀ ਤੇ ਰਿਧੀਆਂ-ਸਿਧੀਆਂ ਆਦਿ ਉਲਝਣਾਂ `ਚ ਆਪਣੇ ਅਮੁਲੇ ਜੀਵਨ ਬਿਤਾੳ ਰਿਹਾ ਮਨੁੱਖ ਜਦੋਂ ਕਾਮਿਲ ਗੁਰੂ ਦਸਮੇਸ਼ ਪਿਤਾ ਦੀ ਸ਼ਰਣ `ਚ ਆਇਆ ਤਾਂ ਉਹੀ ਮਨੁੱਖ ‘ਬਾਬਾ ਬੰਦਾ ਸਿੰਘ ਜੀ ਬਹਾਦੁਰ’, ਦੇ ਰੂਪ `ਚ ਸੰਸਾਰ ਮੰਡਲ `ਤੇ ਸੂਰਜ ਦੀ ਨਿਆਈਂ ਚਮਕ ਉੱਠਿਆ ਤੇ ਸਹੀ ਅਰਥਾਂ `ਚ ਸੰਸਾਰ `ਚ ਅਮਰ ਹੋ ਗਿਆ।

ਗੁਰਬਾਣੀ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਮਨੁੱਖਾ ਜਨਮ ਦਾ ਅਸਲ ਮਕਸਦ ਹੀ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) ਹੈ ਭਾਵ ਇਸ ਜਨਮ ਨੂੰ ਸਫ਼ਲ ਕਰਣਾ ਤੇ ਮਨੁੱਖਾ ਜਨਮ ਪਾਉਣ ਤੋਂ ਬਾਅਦ ਇਸ ਨੇ ਜਨਮ ਮਰਣ ਦੇ ਗੇੜ੍ਹ ਭਾਵ ਨਰਕ `ਚੋ ਨਿਕਲਨਾ ਹੈ। ਉਪ੍ਰੰਤ ਇਸੇ ਜੀਵਨ ਦਾ ਦੂਜਾ ਪੱਖ ਹੈ ਅਸਫ਼ਲ ਤੇ ਬਿਰਥਾ ਜੀਵਨ। ਜਿਸ ਦਾ ਅਰਥ ਹੈ ਪ੍ਰਾਪਤ ਮਨੁੱਖਾ ਜਨਮ ਨੂੰ ਵੀ ਮੋਹ-ਮਾਇਆ ਤੇ ਵਿਕਾਰਾਂ ਆਦਿ `ਚ ਬਰਬਾਦ ਕਰਕੇ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ ਦੇ ਦੁਖ ਭੋਗਣੇ ਅਤੇ ਉਦੋਂ ਤੱਕ, ਜਦੋਂ ਤੱਕ ਕਿ ਫ਼ਿਰ ਕਿਸੇ ਮਨੁੱਖਾ ਜਨਮ `ਚ ਜੀਵ ਇਸ ਨੂੰ ਸਫ਼ਲ ਹੀ ਨਾ ਕਰ ਲਵੇ। ਜਦਕਿ ਗੁਰਬਾਣੀ `ਚ ਗੁਰਦੇਵ ਨੇ ਇਸ ਵਿਸ਼ੇ ਨੂੰ ਵੀ ਬੜਾ ਖੁੱਲ ਕੇ ਸਪਸ਼ਟ ਕੀਤਾ ਹੈ।

ਇਸੇ ਦਾ ਨਤੀਜਾ ਕਿ ਸਰੀਰਕ ਮੌਤ ਵਾਲੇ ਭਯ ਤੇ ਸਹਿਮ ਚੋਂ ਉਭਰਣ ਬਾਅਦ ਉਹੀ ਮਨੁੱਖ ਅਣਖ ਤੇ ਗ਼ੈਰਤ ਵਾਲੇ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ ਦਾ ਪ੍ਰਗਟਾਵਾ ਹੋ ਜਾਂਦਾ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦੁਰ ਦਾ ਪਹਿਲਾ ਸਾਰਾ ਜੀਵਨ ਤੇ ਗੁਰਬਾਣੀ ਸੋਝੀ `ਚ ਤਿਆਰ ਹੋਇਆ ਅਣਖ ਤੇ ਗ਼ੈਰਤ ਵਾਲਾ ਉਸ ਦੇ ਜੀਵਨ ਦਾ ਕੇਵਲ ਕੁੱਝ ਹਿੱਸਾ। ਇਹ ਕੇਵਲ ਗੁਰਬਾਣੀ ਦਾ ਹੀ ਕ੍ਰਿਸ਼ਮਾ ਹੈ ਜਦੋਂ ਹਰ ਸਮੇਂ ਆਤਮਕ ਮੌਤ `ਚ ਮਰ ਰਹੇ ਮਨੁੱਖ ਨੂੰ ਆਤਮਕ ਜੀਵਨ `ਚ ਆ ਕੇ, ਅੰਦਰ ਵੱਸ ਰਹੇ ਜੀਵਨ ਦਾਤਾ, ਪ੍ਰਭੂ ਦੀ ਪਹਿਚਾਣ ਆ ਜਾਂਦੀ ਹੈ। ਉਹ ਉਸ ਪ੍ਰਭੂ ਨਾਲ ਜਿਸ ਦਾ ਕਿ ਉਹ ਖ਼ੁਦ ਇੱਕ ਅੰਸ਼ ਹੈ, ਇੱਕ ਮਿੱਕ ਹੋ ਕੇ ਜੀਉਣਾ ਸਿੱਖ ਲੈਂਦਾ ਹੈ। ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ: ੬੭) ਇਸੇ ਲਈ ਗੁਰੂ ਕੇ ਲਾਲਾਂ ਨੇ ਆਪਣੇ ਜੀਵਨ ਅੰਦਰੋਂ ਜੀਵਨ ਦੇ ਸੱਚ ਨੂੰ ਪ੍ਰਗਟ ਕਰਦੇ ਹੋਏ, ਹਜ਼ਾਰਾਂ ਤੇ ਲਖਾਂ ਸਾਲ ਪੁਰਾਨੇ ਸੰਸਾਰ ਦੇ ਇਤਿਹਾਸ ਦਾ ਰੁਖ ਹੀ ਮੋੜ ਦਿੱਤਾ। ਮਨੁੱਖ ਸਮਾਜ ਅੰਦਰ ਇਸੇ ਤਬਦੀਲੀ ਦਾ ਨਤੀਜਾ ਸੀ ਕਿ ਕੁੱਝ ਹੀ ਸਦੀਆਂ ਦੇ ਸਿੱਖ ਇਤਿਹਾਸ ਨੇ ਆਤਮਕ ਜੀਵਨ ਅਤੇ ਚੜ੍ਹਦੀਆਂ ਕਲਾ ਵਾਲੇ ਜੀਵਨਾਂ ਨਾਲ ਸੰਸਾਰ ਦੇ ਇਤਿਹਾਸ `ਚ ਉਜਾਲਾ ਹੀ ਉਜਾਲਾ ਕਰ ਦਿੱਤਾ।

ਸ਼੍ਰਧਾਲੂ ਤੇ ਹਮਦਰਦ- ਅਜਿਹੇ ਇਲਾਹੀ ਗੁਣਾਂ ਨਾਲ ਭਰਪੂਰ ਲੋਕਾਈ ਦੇ ਜੀਵਨ ਦੀ ਖਿੱਚ ਨੇ ਹੀ ਸੰਸਾਰ ਭਰ `ਚ, ਸਿੱਖ ਧਰਮ ਲਈ ਬੇਅੰਤ ਸ਼੍ਰਧਾਲੂ ਤੇ ਇਸ ਦੇ ਹਮਦਰਦ ਪੈਦਾ ਕਰ ਦਿੱਤੇ। ਉਪ੍ਰੰਤ ਸਿੱਖ ਧਰਮ ਦੇ ਇਸੇ ਅਲੌਕਿਕ ਵਿਕਾਸ ਨੂੰ ਹੀ ਅਸਾਂ ਹੱਥਲੇ ਗੁਰਮਤਿ ਪਾਠ `ਚ “ਸਿੱਖ ਧਰਮ ਦੇ ਤੀਜੇ ਕਦਮ” ਦੇ ਤੌਰ `ਤੇ ਵੀ ਸਮਝਣਾ ਹੈ ਅਤੇ ਇਸੇ ਨੂੰ ਉਹਨਾ ਨਾਮ ਦਿੱਤਾ ਹੈ ਸਿੱਖ ਧਰਮ ਦਾ ਤੀਸਰਾ ਕਦਮ। ਉਂਝ ਇਸ ਤੋਂ ਪਹਿਲਾਂ ਵੀ ਗੁਰਮਤਿ ਪਾਠ ਨੰ: ੧੩ ਸਿੱਖੀ ਪ੍ਰਚਾਰ ਦੇ ਤਿੰਨੇ ਪਿੜ ਖਾਲੀ-ਸਿੱਖੀ ਵੱਧੇ ਫੁਲੇ ਤਾਂ ਕਿਵੇਂ?” `ਚ ਅਸੀਂ ਸਪਸ਼ਟ ਕਰ ਚੁੱਕੇ ਹਾਂ ਕਿ ਸਾਰਾ ਮਨੁੱਖ ਸਮਾਜ ਹੀ ਸਿੱਖ ਧਰਮ ਦੀ ਜ਼ਮੀਨ ਹੈ। ਉਹ ਜ਼ਮੀਨ, ਜਿਸ ਜ਼ਮੀਨ `ਚ ਗੁਰਬਾਣੀ ਤੋਂ ਪ੍ਰਗਟ ਹੋਏ ਇਲਾਹੀ ਗਿਆਨ (ਜੋਤ) ਰੂਪ ਸਿੱਖੀ ਦੇ ਬੀਜ ਨੂੰ ਪਾਉਣਾ ਹੈ। ਉਪ੍ਰੰਤ ਗੁਰਬਾਣੀ ਦੇ ਇਸੇ ਬੀਜ ਤੋਂ ਸਿੱਖ ਧਰਮ ਦੇ ਸਾਧਸੰਗਤ ਰੂਪੀ ਪੇੜ ਨੇ ਵਿਕਸਤ ਹੋਣਾ ਹੈ। ਇਸ ਤੋਂ ਬਾਅਦ ਇਸ ਪੇੜ ਨੂੰ ਜੋ ਫਲ ਲਗੇਗਾ ਉਸੇ ਦਾ ਨਾਮ ਹੋਵੇਗਾ ‘ਸਿੱਖ’। ਹੁਨ ਹੱਥਲੁੇ ਗੁਰਮਤਿ ਪਾਠ ਦੇ ਤੀਸਰੇ ਭਾਗ `ਚ ਅਸੀਂ ਇਸੇ ਸਿੱਖੀ ਜੀਵਨ ਅਥਵਾ ਸਿੱਖੀ ਦੇ ਬੀਜ `ਚੋਂ ਪੈਦਾ ਹੋਣ ਵਾਲੇ ਸਾਧਸੰਗਤ ਰੂਪੀ ਪੇੜ ਦੇ ਮਾਤ੍ਰ ਝਲਕ ਹੀ ਦਰਸ਼ਨ ਕਰਣ ਦਾ ਯਤਣ ਕਰ ਸਕਾਂਗੇ ਕਿਉਂਕਿ ਇਸ ਦੇ ਦਰਸ਼ਨ ਦਾ ਵਰਨਣ ਹੀ ਅਸੰਭਵ ਹੈ। ਇਹੀ ਹੈ ਏਥੇ ਸਿੱਖ ਧਰਮ ਦਾ ਤੀਸਰਾ ਕਦਮ।

ਗਹੁ ਨਾਲ ਵਿਚਾਰਿਆ ਜਾਵੇ ਤਾਂ “ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ” (ਭਾ: ਗੁ: ੧/੨੪) ਅਤੇ ਇਸ ਵਿਸ਼ੇ ਲਈ ਉਸੇ ਵਾਰ `ਚ ਅੱਗੇ ਚੱਲ ਕੇ ਭਾਈ ਸਾਹਿਬ ਨੇ ਹੋਰ ਵੀ ਸਪਸ਼ਟ ਕੀਤਾ ਹੈ ਕਿ ਗੁਰਦੇਵ ਨੇ ਇਸ ਜਲਤੀ ਸਭ ਪ੍ਰਿਥਵੀ’ ਨੂੰ ਕੇਵਲ ਦੇਖਿਆ ਹੀ ਨਹੀਂ ਬਲਕਿ “ਚੜ੍ਹਿਆ ਸੋਧਨ ਧਰਤ ਲੁਕਾਈ” (ਭਾ: ਗੁ: ੧/੨੪) ਅਨੁਸਾਰ ਇਸ ਧਰਤੀ ਭਾਵ ਮਾਨਵਤਾ ਦੇ ਉਧਾਰ ਤੇ ਇਸ ਦੀ ਸੰਭਾਲ ਲਈ, ਆਪਣੇ ਜੀਵਨ ਦੀ ਬਾਜ਼ੀ ਵੀ ਲਗਾ ਦਿੱਤੀ। ਬਲਕਿ ਆਨੇ ਦਸ ਜਾਮੇ ਧਾਰ ਕੇ ਇਸ ਜਲਤੀ ਸਭ ਪ੍ਰਿਥਵੀ’ ਵਾਲੇ ਸੱਚ ਨੂੰ ਸੰਸਾਰ ਸਾਹਮਣੇ ਕੇਵਲ ਪ੍ਰਗਟ ਹੀ ਨਹੀਂ ਕੀਤਾ ਬਲਕਿ ਉਸ ਦੇ ਸਦੀਵੀ ਹੱਲ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਵਰਗੀ ਹਸਤੀ ਨੂੰ ਵੀ ਸਦੀਵਕਾਲ ਲਈ ਪ੍ਰਗਟ ਵੀ ਕਰ ਦਿੱਤਾ।

ਇਸ ਤਰ੍ਹਾਂ ਇਥੋਂ ਹੀ ਆਰੰਭ ਹੁੰਦਾ ਹੈ ਇਸ ਗੁਰਮਤਿ ਪਾਠ ਦੇ ਉਪਰ ਵਰਣਿਤ ਦੂਜੇ ਕਦਮ ਲਈ ਗੁਰਬਾਣੀ ਰੂਪੀ ਬੀਜ ਦਾ ਬੋਇਆ ਜਾਣਾ ਭਾਵ ਸਿੱਖ ਧਰਮ ਦਾ ਤੀਜਾ ਕਦਮ। ਹੋਰ ਸਪਸ਼ਟ ਲਫ਼ਜ਼ਾਂ `ਚ ਸਿੱਖ ਧਰਮ ਦਾ ਪਹਿਲਾ ਕਦਮ ਹੈ ਗੁਰਬਾਣੀ ਗਿਆਨ (ਜੋਤ) ਤੇ ਉਸ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ ਭਾਵ ਬੀਜ। ਉਪ੍ਰੰਤ ਇਸ ਬੀਜ ਭਾਵ ਜੀਵਨ ਜੁਗਤ ਦੀ ਪ੍ਰਫ਼ੁਲਤਾ ਦੇ ਦਰਸ਼ਨ। ਦਰਅਸਲ ਇਸ ਪ੍ਰਫ਼ੁਲਤਾ ਦਾ ਅਰੰਭ ਤਾਂ ਗੁਰ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਹੀ ਹੋ ਗਿਆ ਸੀ ਜਿਸ ਨੂੰ ਪਹਿਚਾਨਣ ਦੀ ਲੋੜ ਹੈ।

“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” (ਪੰ: ੧੪੦੯) “ਜਾਹਰ ਪੀਰ ਜਗਤੁ ਗੁਰੁ ਬਾਬਾ” (ਭਾ: ਗੁ੨੪/੩) “ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ” (ਪੰ: ੧੩੯੫)। ਸਚਾਈ ਹੈ ਸੰਸਾਰ `ਚ ਇਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੀ ਸੀ ਜਿਸ ਦੀ ਚਮਕ ਨੂੰ ਇਤਿਹਾਸਕ ਹਵਾਲਿਆਂ ਅਨੁਸਾਰ ਸਭ ਤੋਂ ਪਹਿਲਾਂ ਦੌਲਤਾ ਦਾਈ ਨੇ ਪਹਿਚਾਣਿਆ। ਉਪ੍ਰੰਤ ਬੇਬੇ ਨਾਨਕੀ, ਭਾਈ ਮਰਦਾਨਾ, ਰਾਇ ਬੁਲਾਰ, ਪੰਡਿਤ ਗੋਪਾਲਦਾਸ, ਮੌਲਵੀ ਕੁਤਬਦੀਨ ਤੇ ਇਸ ਤਰ੍ਹਾਂ, ਕਿਧਰੇ ਨਾ ਮੁਕਣ ਵਾਲੀ ਇਸ ਲੜੀ ਦਾ ਆਰੰਭ ਹੁੰਦਾ ਹੈ। ਵਿਚਾਰਨ ਦਾ ਵਿਸ਼ਾ ਹੈ ਕਿ ਆਖ਼ਿਰ ਭਾਈ ਮਨਸੁਖ, ਭਾਈ ਭਗੀਰਥ, ਰਾਜਾ ਸ਼ਿਵਨਾਭ ਕੌਣ ਸਨ? ਇਹ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵੱਲ ਕਿਉਂ ਖਿੱਚੇ ਗਏ? ਇਥੋਂ ਤੱਕ ਕਿ ਨਵਾਬ ਦੌਲਤ ਖਾਂ ਲੋਧੀ ਨੂੰ ਵੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੀ ਲਿਖਿਆ ਹੈ ਤਾਂ ਕਿਉਂ? ਕਾਰਨ ਸੀ ਗੁਰੂ ਨਾਨਕ ਪਾਤਸ਼ਾਹ ਦੇ ਰੂਪ `ਚ ਸਦੀਵੀ ਸੱਚ ਦੇ ਬੀਜ ਦਾ ਫੁਟਣਾ।

ਹੋਰ ਲਵੋ! ਸੱਜਨ ਠਗ, ਜਿਸ ਦਾ ਅਸਲ ਨਾਮ ਤਾਂ ਇਤਿਹਾਸ `ਚ ਨਹੀਂ ਆਇਆ। ਫ਼ਿਰ ਵੀ ਆਪਣੀ ਜ਼ਾਹਿਰਾ ਧਾਰਮਿਕ ਰਹਿਣੀ ਤੇ ਕਰਮਾਂ ਦੇ ਆਧਾਰ `ਤੇ, ਇਹ ਹਿੰਦੂਆਂ `ਚ ਸੱਜਨ ਸ਼ਾਹ ਤੇ ਮੁਸਲਮਾਨਾਂ `ਚ ਸੱਜਨ ਖਾਂ ਕਰਕੇ ਜਾਣਿਆ ਜਾਂਦਾ ਸੀ। ਇਹ ਗੁਰੂ ਨਾਨਕ ਪਾਤਸ਼ਾਹ ਹੀ ਸਨ “ਚੜ੍ਹਿਆ ਸੋਧਨ ਧਰਤ ਲੁਕਾਈ” (ਭਾ: ਗੁ: ੧/੨੪) ਅਨੁਸਾਰ ਜਿਨ੍ਹਾਂ ਨੇ ਉਸ ਦੀ ਅਸਲੀ ਕਰਣੀ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਕੇ ਸਾਬਤ ਕੀਤਾ ਕਿ ਉਹ ਨਾ ਹੀ ਸੱਜਨ ਸ਼ਾਹ ਹੈ ਤੇ ਨਾ ਹੀ ਸੱਜਨ ਖਾਂ, ਬਲਕਿ ਸੱਜਨ ਕੇਵਲ ਇੱਕ ਵੱਡਾ ਠਗ ਤੇ ਕਾਤਲ ਵੀ ਹੈ। ਫ਼ਿਰ ਇਤਨਾ ਹੀ ਨਹੀਂ, ਇਹ ਜਗਤ ਗੁਰੂ-ਗੁਰੂ ਨਾਨਕ ਪਾਤਸ਼ਾਹ ਦੀ ਚਰਣ ਛੋਹ ਹੀ ਸੀ ਅਥਵਾ ਆਪ ਜੀ ਰਾਹੀਂ ਗੁਰਬਾਣੀ ਵਾਲੇ ਸੱਚ ਦਾ ਪ੍ਰਕਾਸ਼ ਹੀ ਸੀ, ਜਿਸ ਨੇ ਸਚਮੁਚ ਹੀ ਸੱਜਨ ਨੂੰ ਰਾਤੋ-ਰਾਤ `ਚ ਲੋਕਾਈ ਦਾ ਸੱਜਨ ਬਣਾ ਦਿੱਤਾ। ਉਹੀ ਸੱਜਨ ਹੁਣ ਸੱਜਨ ਠਗ ਨਾ ਰਹਿ ਕੇ ਭਾਈ ਸੱਜਨ ਤੇ ਸਿੱਖ ਧਰਮ ਦਾ ਪ੍ਰਚਾਰਕ ਬਣ ਚੁੱਕਾ ਸੀ। ਮਾਨਸ ਤੱਲ ਖਾਣੇ ਕੌਡੇ ਭੀਲ ਦੇ ਜੀਵਨ ਅੰਦਰ, ਆਦਿ ਗੁਰੂ-ਗੁਰੂ ਨਾਨਕ ਪਾਤਸ਼ਾਹ ਰਾਹੀਂ ਗੁਰਬਾਣੀ ਵਾਲਾ ਪ੍ਰਕਾਸ਼ ਹੀ ਸੀ, ਜਿਸ ਨੇ ਭੀਲਾਂ ਦੇ ਮਾਨਸ ਤੱਲ ਖਾਣੇ ਕਬੀਲੇ ਦੇ ਸਰਦਾਰ ਇਸ ਕੌਡੇ ਨੂੰ ਵੀ, ਗੁਰਬਾਣੀ ਜੀਵਨ ਦਾ ਧਾਰਕ ਹੀ ਨਹੀਂ ਬਲਕਿ ਉਸੇ ਕਬੀਲੇ ਤੇ ਲੋਕਾਈ ਲਈ ਗੁਰਬਾਣੀ ਦਾ ਪ੍ਰਚਾਰਕ ਤੱਕ ਥਾਪ ਦਿੱਤਾ। ਜਦਕਿ ਇਹ ਲਿਸਟ ਵੀ ਇਤਨੀ ਲੰਮੀ ਹੈ ਜੋ ਮੁੱਕਣ ਕਦੇ ਵਾਲੀ ਹੀ ਨਹੀਂ।

ਇਸ ਗੁਰਮਤਿ ਪਾਠ ਦੇ ਪਹਿਲੇ ਭਾਗ `ਚ ਦੱਸ ਚੁੱਕੇ ਹੈ ਕਿ ਇੱਕ ਗ਼ੈਰ ਸਿੱਖ ਤੇ ਮੁਸਲਮਾਨ ਲਿਖਾਰੀ, ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ `ਚ ਹੀ ਤਿੰਨ ਕਰੋੜ ਪ੍ਰਾਣੀਆਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ। ਭਾਈ ਗੁਰਦਾਸ ਜੀ ਅਨੁਸਾਰ ਵੀ “ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ” (ਭਾ: ਗੁ: ੧/੨੭)। ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਬਾਣੀ ਸੱਚ ਧਰਮ ਦਾ ਪ੍ਰਭਾਵ ਇਤਨਾ ਵਧਿਆ ਕਿ ਕਾਬਲ, ਕੰਧਾਰ, ਇਰਾਨ, ਚੀਨ, ਰੂਸ ਉਪ੍ਰੰਤ ਸੁਮੇਰ ਪਰਬਤ ਦੀਆਂ ਉੱਚੀਆਂ ਠੰਡੀਆਂ ਚੋਟੀਆਂ ਤੇ ਬੈਠੇ ਸਿਧ ਤੇ ਅਣਧਰਮਾਂ ਦੇ ਲਗਭਗ ਸਾਰੇ ਆਗੂ ਵੀ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੋਂ ਗੁਰਬਾਣੀ ਵਾਲੇ ਸੱਚ ਨੂੰ ਕਬੂਲਣ ਤੋਂ ਨਾ ਰਹਿ ਸਕੇ। ਸਪਸ਼ਟ ਹੈ ਜਦੋਂ ਅਣਧਰਮਾਂ ਦੇ ਆਗੂਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਦੋਹਰਾਨ, ਗੁਰਬਾਣੀ ਵਾਲੇ ਸੱਚ ਨੂੰ ਕਬੂਲਿਆ ਅਤੇ ਕਈ ਇਸ ਦੇ ਸ਼ੈਦਾਈ ਤੱਕ ਹੋ ਗਏ। ਇਸ ਤਰ੍ਹਾਂ ਜਦੋਂ ਅਜਿਹੇ ਆਗੂ ਇਸ ਸੱਚ ਧਰਮ ਦੇ ਪ੍ਰਚਾਰ ਲਈ ਇਸ ਦੇ ਥੰਮ ਬਣ ਗਏ ਤਾਂ ਬਹੁਤਾ ਕਰਕੇ ਉਹਨਾਂ ਦੇ ਸ਼੍ਰਧਾਲੂਆਂ, ਭਗਤਾਂ ਤੇ ਮੁਰੀਦਾਂ ਨੇ ਇਸ ਮਾਰਗ ਦੇ ਰਾਹੀ ਤਾਂ ਬਨਣਾ ਹੀ ਸੀ।

ਦੂਰ ਕਿਉਂ ਜਾਵੀਏ ਆਖ਼ਿਰ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਵੀ ਤਾਂ ਕੱਟੜ ਸਨਾਤਨੀ ਹਿੰਦੂ ਪ੍ਰਵਾਰ `ਚੋਂ ਆਏ ਸਨ ਅਤੇ ਪਿਤਾ ਪੁਰਖੀ ਦੇਵੀ ਭਗਤਾਂ ਦੇ ਆਗੂ ਤੱਕ ਸਨ। ਗੁਰਬਾਣੀ-ਗੁਰਮਤਿ ਦੇ ਸੱਚ ਦਾ ਹੀ ਸੂਰਜ ਸੀ, ਜਿਸ ਨੇ ਉਹਨਾਂ ਨੂੰ ਜੀਵਨ ਦੀ ਇਨੀਂ ਉੱਚੀ ਅਵਸਥਾ `ਚ ਪਹੁੰਚਾ ਦਿੱਤਾ। ਇਸੇ ਤਰ੍ਹਾਂ ਤੀਜੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਵੀ ਗੁਰੂ ਦਰ `ਤੇ ਆਉਣ ਤੋਂ ਪਹਿਲਾਂ, ਕੱਟਰ ਸਨਾਤਨੀ ਵਿਸ਼ਵਾਸਾਂ ਦੇ ਧਾਰਨੀ ਸਨ। ਆਵਾਜਾਈ ਦੇ ਬਿਖੜੇ ਪੈਡਿਆਂ ਵਾਲੇ ਸਮਿਆਂ ਚ ਵੀ ਲਗਾਤਾਰ ਇੱਕੀ ਸਾਲ ਹਰਦੁਆਰ ਜਾ ਕੇ ਇਸ਼ਨਾਨ ਕਰਦੇ ਰਹੇ ਸਣ। ਤਾਂ ਤੇ ਸੁੱਚ ਭਿੱਟ ਤੇ ਵਰਣ ਵੰਡ ਦੇ ਮੁਦਈ ਰਹਿ ਚੁੱਕੇ ਹੋਣ ਗੇ। ਉਪ੍ਰੰਤ ਜਦੋਂ ਗੁਰਬਾਣੀ ਦੇ ਚਰਨਾਂ `ਚ ਆਏ ਤਾਂ ਗੁਰਬਾਣੀ ਸੱਚ ਵਾਲੇ ਜੀਵਨ ਦੇ ਹੀ ਮਤਵਾਲੇ ਹੋ ਗਏ। ਉਹਨਾਂ ਦੇ ਜੀਵਨ ਅੰਦਰ ਇਹ ਗੁਰਬਾਣੀ ਵਿਚਾਰਧਾਰਾ ਦਾ ਚਾਨਣ ਹੀ ਸੀ ਕਿ ਉਸੇ ਗੁਰਬਾਣੀ ਦੇ ਰਚਨਾਕਾਰ ਦੇ ਰੂਪ `ਚ ਤੀਜੇ ਗੁਰੂ ਨਾਨਕ ਦੀ ਉੱਚਤਮ ਪਦਵੀ ਨੂੰ ਵੀ ਪ੍ਰਾਪਤ ਹੋਗਏ। ਉਪ੍ਰੰਤ ਬਾਬਾ ਬੁਢਾ ਜੀ ਦੇ ਜੀਵਨ ਨੂੰ ਵੀ ਇਸੇ ਪੱਖੋਂ ਵਾਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਭਾਈ ਜੋਧ ਜੀ, ਜੋ ਭਾਈ ਲਹਿਣਾ ਜੀ (ਜੋ ਬਾਅਦ `ਚ ਦੂਜੇ ਪਾਤਸ਼ਾਹ ਵਾਲੀ ਪਦਵੀ ਨੂੰ ਪ੍ਰਾਪਤ ਹੋਏ) ਦੇ ਜੀਵਨ ਅੰਦਰ ਤਬਦੀਲੀ ਦਾ ਕਾਰਨ ਬਣੇ, ਉਹ ਵੀ ਜਨਮ ਤੋਂ ਸਿੱਖ ਪ੍ਰਵਾਰ ਦੇ ਜੰਮ ਪਲ ਨਹੀਂ ਸਨ।

ਹੋਰ ਲਵੋ! ਗੁਰੂ ਤੀਜੇ ਪਾਤਸ਼ਾਹ ਦੇ ਸਮੇਂ ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲੀ ਬੇਅੰਤ ਲੋਕਾਈ ਤਾਂ ਕੀ ਗੁਰਦੇਵ ਨੇ ਸਿੱਖ ਧਰਮ ਦੇ ਲਈ ਬਾਈ (੨੨) ਮੰਜੀਆਂ ਤੇ ਬਵੰਜਾ (੫੨) ਪੀੜ (ਪ੍ਰਚਾਰਕ) ਥਾਪੇ। ਗਹਿਰਾਈ `ਚ ਜਾਵੋ ਤਾਂ ਇਹਨਾ `ਚੋਂ ਵੀ ਇੱਕ ਨਹੀਂ ਮਿਲਦਾ ਜਿਸ ਦਾ ਮਾਤਾ ਪਿਤਾ ਭਾਵ ਪਿਤਾ ਪੁਰਖੀ ਸਿੱਖ ਧਰਮ `ਚ ਪ੍ਰਵੇਸ਼ ਹੋ ਚੁੱਕਾ ਹੋਵੇ। ਬਲਕਿ ਇਹ ਸਾਰੇ ਵੀ ਜਨਮ ਤੋਂ ਗ਼ੈਰ ਸਿੱਖ ਪ੍ਰਵਾਰਾਂ `ਚੋਂ ਹੀ ਸਨ। ਬਲਕਿ ਇਹਨਾ ਮੰਜੀਦਾਰਾਂ `ਚੋੰ ਇੱਕ ਅਲ੍ਹਾਯਾਰ ਖਾਂ ਤਾਂ ਹੈ ਹੀ ਮੁਸਲਮਾਨ ਪ੍ਰਵਾਰ ਵਿਚੋਂ ਸੀ ਜਿਸ ਨੇ ਪਹਿਲਾਂ ਚਰਨ ਪਾਹੁਲ ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ ਹੋਇਆ ਸੀ, ਉਪ੍ਰੰਤ ਸਿੱਖ ਧਰਮ ਦੇ ਪ੍ਰਚਾਰਕ ਦੀ ਉੱਤਮ ਪਦਵੀ ਤੱਕ ਨੂੰ ਵੀ ਪ੍ਰਾਪਤ ਹੋਇਆ। ਇਹੀ ਨਹੀਂ ਚੌਥੇ ਪਾਤਸ਼ਾਹ ਜੋ ਸੰਸਾਰਕ ਤੌਰ ਤੇ ਬਚਪਨ `ਚ ਹੀ ਯਤੀਮ ਹੋ ਗਏ ਸਨ ਤੇ ਇਹਨਾ ਦਾ ਪਾਲਣ-ਪੋਸ਼ਣ ਇਹਨਾ ਦੇ ਨਾਨੀ ਜੀ ਨੇ ਕੀਤਾ ਸੀ। ਇਹ ਪ੍ਰਵਾਰ ਵੀ ਪਿਛੌਕੜ ਤੋਂ ਸਿੱਖ ਪ੍ਰਵਾਰ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਪਹਿਲਾਂ ਸਿੱਖ ਧਰਮ `ਚ ਪ੍ਰਵੇਸ਼, ਫ਼ਿਰ ਗੁਰੂ ਪਦ ਦੀ ਪ੍ਰਾਪਤੀ ਤੱਕ ਪਹੁੰਚਣ ਤੋਂ ਬਾਅਦ ਦਸਵੇਂ ਪਾਤਸ਼ਾਹ ਤੱਕ ਗੁਰਗੱਦੀ ਦੀ ਜ਼ਿਮੇਂਵਾਰੀ ਵੀ ਇਸੇ ਪ੍ਰਵਾਰ `ਚ ਹੀ ਰਹੀ।

ਹੁਣ ਕੁੱਝ ਮਿਸਾਲਾਂ ਲੈਂਦੇ ਹਾਂ, ਕੁੱਝ ਗੁਰੂਦਰ ਦੇ ਉਹਨਾਂ ਹਮਦਰਦਾਂ ਤੇ ਸ਼੍ਰਧਾਲੂਆਂ ਦੀਆਂ ਜੋ ਜਨਮ ਤੋਂ ਜਾਂ ਆਪਣੇ ਮਾਤਾ ਪਿਤਾ ਦੇ ਸਮੇਂ ਤੋਂ ਗੁਰਬਾਣੀ ਅਥਵਾ ਗੁਰੂ ਨਾਨਕ ਪਾਤਸ਼ਾਹ ਦੇ ਸਿੱਖੀ ਪ੍ਰਵਾਰ ਦਾ ਹਿੱਸਾ ਨਹੀਂ ਸਨ। ਫ਼ਿੲ ਵੀ ਗੁਰਬਾਣੀ ਵਾਲੇ ਸੱਚੇ ਜੀਵਨ ਦੀ ਖਿੱਚ ਕਾਰਨ, ਜਿਨ੍ਹਾਂ ਦੀ ਹਮਦਰਦੀ ਤੇ ਸਤਿਕਾਰ ਸਿੱਖ ਅਤੇ ਗੁਰਬਾਣੀ ਵਿਚਾਰਧਾਰਾ ਨਾਲ ਬਣ ਆਇਆ। ਜ਼ਿਕਰ ਕਰਦੇ ਹਾਂ ਸਾਈਂ ਮੀਆਂ ਮੀਰ ਉਪ੍ਰੰਤ ਜਲੰਧਰ ਦਾ ਗਵਰਨਰ ਅਜ਼ੀਮ ਖਾਂ ਦਾ। ਸੰਨ 1593 `ਚ ਗੁਰੂਦਰ ਦੇ ਇਸ ਅਨਿੰਨ ਸੇਵਕ ਤੇ ਜਲੰਧਰ ਦੇ ਗਵਰਨਰ ਅਜ਼ੀਮ ਖਾਂ ਨੇ ਗੁਰੂ ਦਰ ਨਾਲ ਆਪਣੇ ਸਤਿਕਾਰ ਦਾ ਸਬੂਤ ਦਿੰਦੇ ਹੋਏ, ਪੰਜਵੇਂ ਪਾਤਸ਼ਾਹ ਨੂੰ ਕੁੱਝ ਇਲਾਕਾ ਭੇਂਟ ਕੀਤਾ ਤੇ ਉਸੇ ਦੀ ਬੇਨਤੀ ਕਾਰਨ ਗੁਰਦੇਵ ਨੇ ਉਸ ਜਗ੍ਹਾ `ਤੇ ਕਰਤਾਰਪੁਰ ਸਾਹਿਬ (ਦੂਜਾ) (ਜਲੰਧਰ ਵਾਲਾ) ਵਸਾਇਆ।

ਉਪ੍ਰੰਤ ਸਤਵੇਂ ਪਾਤਸ਼ਾਹ ਦੇ ਸਮੇਂ ਪਿੰਡ ਮਰਾਝ ਦੇ ਚੋਹਦਰੀ ਕਾਲਾ ਦਾ ਜ਼ਿਕਰ ਵੀ ਇਤਿਹਾਸ `ਚ ਉਘੜ ਕੇ ਆਉਂਦਾ ਹੈ। ਇਹ ਉਹੀ ਚੌਹਦਰੀ ਸੀ ਜੋ ਆਪਣੇ ਯਤੀਮ ਭਤੀਜਿਆਂ ਫੂਲ ਤੇ ਸੰਦਲੀ ਨੂੰ ਲੈ ਕੇ ਗੁਰੂ ਸਾਹਿਬ ਦੇ ਹਜ਼ੂਰ ਪੁੱਜਾ ਅਤੇ ਗੁਰੂ ਸਾਹਿਬ ਦੇ ਵਰਦਾਨ ਤੋਂ ਹੀ ਇਹਨਾ ਬੱਚਿਆਂ ਦੇ ਪ੍ਰਵਾਰਾਂ ਤੋਂ ਅੱਗੇ ਚੱਲ ਕੇ ਫੁਲਕੀਆਂ ਰਿਆਸਤਾਂ; ਪਟਿਆਲਾ, ਨਾਭਾ, ਜੀਂਦ ਆਦਿ ਸਿੱਖ ਰਿਆਸਤਾਂ ਹੋਂਦ `ਚ ਆਈਆਂ। ਸਤਵੇਂ ਪਾਤਸ਼ਾਹ ਦੇ ਸਮੇਂ ਹੀ ਬੋਧ ਗਯਾ ਦਾ ਸੰਨਿਆਸੀ ਮਹੰਤ ਭਗਵਾਨ ਗਿਰੀ ਆਪ ਦੇ ਦਰਸ਼ਨਾਂ ਨੂੰ ਆਇਆ `ਤੇ ਸਿੱਖ ਸਜ ਗਿਆ। ਗੁਰਦੇਵ ਨੇ ਉਸ ਨੂੰ ਬੋਧ ਗਯਾ ਦੇ ਇਲਾਕੇ `ਚ ਹੀ ਗੁਰਮਤਿ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ। ਉਸ ਪਰਗਨੇ `ਚ ਉਸ ਦੇ ਆਪਣੇ ਹੀ ੩੬੦ ਡੇਰ੍ਹੇ ਸਨ। ਦੇਖਣ ਦੀ ਗੱਲ ਹੈ ਕਿ ਇਹ ਵੀ ਗੁਰਬਾਣੀ ਵਾਲੇ ਸੱਚ ਤੇ ਵਾਤਾਵਰਣ ਦੀ ਹੀ ਖਿੱਚ ਸੀ ਜੋ ਇਤਨੇ ਡੇਰਿਆਂ ਦੇ ਆਗੂ ਨੇ ਵੀ ਸ਼੍ਰਧਾਲੂਆਂ ਸਮੇਤ ਸਿੱਖ ਧਰਮ `ਚ ਆਪਣੀ ਖੁਸ਼ੀ ਨਾਲ ਆਪ ਪ੍ਰਵੇਸ਼ ਕੀਤਾ।

ਅਠਵੇਂ ਪਾਤਸ਼ਾਹ ਦੇ ਸਮੇਂ ਇੱਕ ਹੰਕਾਰੀ ਪੰਡਤ ਲਾਲ ਚੰਦ ਤੇ ਕੋੜ੍ਹੀ ਬ੍ਰਾਹਮਣ ਬਸੰਤ ਦੀ ਸਾਖੀ ਵੀ ਆਉਂਦੀ ਹੈ। ਜਿੱਥੇ ਛਜੂ ਝਿਊਰ ਕੋਲੋਂ ਗੁਰਦੇਵ ਨੇ ਗੀਤਾ ਦੇ ਅਰਥ ਕਰਵਾ ਕੇ ਉਸ ਦੇ ਹੰਕਾਰ ਨੂੰ ਤੋੜਿਆ ਤੇ ਉਸ ਕੋੜ੍ਹੀ ਬ੍ਰਾਹਮਣ ਦਾ ਕੇਵਲ ਸਰੀਰਕ ਕੋੜ੍ਹ ਹੀ ਦੂਰ ਨਹੀਂ ਕੀਤਾ ਬਲਕਿ ਉਸ ਦੇ ਜੀਵਨ ਅੰਦਰੋਂ ਗੁਰਬਾਣੀ ਵਾਲੇ ਸੱਚ ਨਾਲ ਵਰਣ-ਜਾਤ ਵਾਲਾ ਕੋੜ੍ਹ ਵੀ ਖ਼ਤਮ ਕਰ ਦਿੱਤਾ। ਉਹਨਾਂ ਦੋਨਾਂ ਨੂੰ ਅਜਿਹਾ ਸੱਚਾ ਸੁੱਚਾ ਇਨਸਾਨ ਬਣਾ ਦਿੱਤਾ ਕਿ ਉਹ ਤੇ ਉਹਨਾਂ ਦੀਆਂ ਅਗਲੀਆਂ ਪੀੜੀਆਂ ਵੀ ਦਸਮੇਸ਼ ਜੀ ਦੇ ਸਮੇਂ ਖੰਡੇ ਦੀ ਪਾਹੁਲ ਲੈ ਕੇ, ਗੁਰਦੇਵ ਵੱਲੋਂ, ਵੈਰੀਆਂ ਵਿਰੁਧ ਲੜਣ ਵਾਲੇ ਯੋਧੇ ਤੇ ਸ਼ਹੀਦ ਸਨ। ਉਪ੍ਰੰਤ ਜਦੋ ਅਠਵੇਂ ਪਾਤਸ਼ਾਹ ਦਿੱਲ਼ੀ ਆਏ ਤਾਂ ਕੀਰਤਪੁਰ ਸਾਹਿਬ ਤੋਂ ਸਤਿਕਾਰ ਸਾਹਿਤ ਲਿਆਉਣ ਲਈ ੫੦ ਫ਼ੋਜੀਆਂ ਦਾ ਦਸਤਾ ਭੇਜਣਾ ਫ਼ਿਰ ਆਪਣੇ ਹੀ ਬੰਗਲੇ `ਤੇ ਗੁਰਦੇਵ ਦਾ ਉਤਾਰਾ ਕਰਵਾਉਣ ਵਾਲਾ ਰਾਜਪੂਤ ਰਾਜਾ ਜੈ ਸਿੰਘ ਸੀ। ਇਹ ਉਹ ਬੰਗਲਾ ਦੀ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਦਿੱਲ਼ੀ ਕਾਇਮ ਹੈ। ਜਦਕਿ ਰਾਜਾ ਜੈ ਸਿੰਘ ਵੀ ਸਿੱਖ ਨਹੀਂ ਫ਼ਿਰ ਵੀ ਗੁਰੂ ਦਰ ਦਾ ਵੱਡਾ ਸ਼੍ਰਧਾਲੂ ਸੀ।

ਇਸੇ ਤਰ੍ਹਾਂ ਨੌਂਵੇਂ ਪਾਤਸ਼ਾਹ ਦੇ ਸਮੇਂ `ਚ ਵੀ ਜੇ ਕਰ ਥੋੜੀ ਜਹੀ ਝਾਤ ਮਾਰੀ ਜਾਵੇ ਤਾਂ- ਪਹਿਲਾਂ ਗੁਰਦੇਵ ਜਦੋਂ ਪੂਰਬ ਦੇਸ਼ ਦੇ ਦੌਰੇ `ਤੇ ਸਨ। ਉਨ੍ਹੀ ਦਿਨੀਂ ਔਰੰਗਜ਼ੇਬ ਨੇ ਰਾਜਪੂਤ ਰਾਜਾ ਰਾਮ ਸਿੰਘ ਨੂੰ ਗੋਹਾਟੀ-ਆਸਾਮ ਦੀ ਮੁਹਿਮ `ਤੇ ਭੇਜ ਦਿੱਤਾ ਸੀ। ਦਰਅਸਲ ਇਹ ਮੁਹਿਮ ਬਹੁਤ ਖ਼ਤਰਨਾਕ ਸੀ। ਉਸ ਪਾਸੇ ਦੇ ਇਲਾਕਿਆਂ ਤੇ ਜਲਵਾਯੂ ਦੇ ਕਾਰਨ, ਉਧਰ ਦੇ ਕਬੀਲਿਆਂ ਨੂੰ ਸਰ ਕਰਣਾ, ਇਧਰ ਦੀਆਂ ਫ਼ੌਜਾਂ ਲਈ ਸੌਖੀ ਖੇਡ ਨਹੀਂ ਸੀ। ਇਸ ਤੋਂ ਪਹਿਲਾਂ ਔਰੰਗਜ਼ੇਬ ਦਾ ਅਤਿ ਪਿਆਰਾ ਤੇ ਮਜ਼ਬੂਤ ਜਰਨੈਲ ਮੀਰ ਜੁਮਲਾ ਵੀ, ਉਧਰ ਦੀ ਮੁਹਿਮ ਸਰ ਕਰਕੇ ਵਾਪਸੀ `ਤੇ ਉਥੇ ਮੌਸਮ ਦੀ ਭੇਂਟ ਹੋ ਗਿਆ ਸੀ। ਦਰਅਸਲ ਔਰੰਗਜ਼ੇਬ ਨੂੰ ਸ਼ੱਕ ਸੀ ਕਿ ਸ਼ਿਵਾ ਜੀ ਮਰਹਟੇ ਨੂੰ ਭੇਦ ਭਰੇ ਹਾਲਾਤ `ਚ ਜੇਲ `ਚੋ ਕੱਢਣ `ਚ, ਮਿਰਜ਼ਾ ਰਾਜਾ ਰਾਮ ਸਿੰਘ ਦਾ ਹੀ ਹੱਥ ਹੈ। ਇਸੇ ਲਈ ਅਸਲ `ਚ ਔਰੰਗਜ਼ੇਬ ਸਾ ਨਿਸ਼ਾਨਾ, ਰਾਜਾ ਰਾਮ ਸਿੰਘ ਨੂੰ ਵੀ ਮਰਵਾਉਣਾ ਹੀ ਸੀ। ਇਸ ਲਈ ਉਸ ਨੇ, ਇਸ ਮੁਹਿਮ ਲਈ ਆਪਣੇ ਵੱਲੋਂ ਗਿਣਤੀ ਦੀ ਚਾਰ ਸੌ ਫ਼ੌਜ ਦਿੱਤੀ ਜਦਕਿ ਆਪਣੇ ਨਾਲ ਬਾਕੀ ਫ਼ੌਜ ਉਸ ਨੇ ਆਪਣੀ ਹੀ ਲੈਣੀ ਸੀ।

ਇਸ ਲਈ ਰਾਜਾ ਰਾਮ ਸਿੰਘ ਲਈ, ਬਾਦਸ਼ਾਹ ਦੀ ਹੁਕਮ ਅਦੂਲੀ ਜਾਂ ਹੁਕਮ ਨੂੰ ਮੰਨ ਕੇ ਮੁਹਿਮ `ਤੇ ਜਾਣ `ਚ, ਦੋਵੇਂ ਪਾਸੇ ਹੀ ਮੌਤ ਯਕੀਣੀ ਸੀ। ਇਸ ਤਰ੍ਹਾਂ ਜਦੋਂ ਰਾਜਾ ਰਾਮ ਸਿੰਘ ਨੂੰ ਪਤਾ ਲਗਾ ਤਾਂ ਕਿ ਗੁਰੂ ਜੀ ਉਸੇ ਪਾਸੇ ਪ੍ਰਚਾਰ ਦੌਰੇ `ਤੇ ਹਨ ਤਾਂ ਉਸ ਦੀ ਵੀ ਜਾਣ `ਚ ਵੀ ਜਾਣ ਆਈ। ਇਧਰ ਗੁਰਦੇਵ ਦਾ ਆਪਣਾ ਦਬ-ਦਬਾਅ ਵੀ ਬਹੁਤ ਸੀ। ਇੱਕ ਪਾਸੇ ਆਪ ਦੀ ਬੇਅੰਤ ਸਿੱਖੀ ਸੇਵਕੀ ਸੀ। ਦੂਜਾ, ਛੇਵੇਂ ਪਾਤਸ਼ਾਹ ਨੇ ਜੋ ੨੨੦੦ ਘੁੜ ਸਵਾਰ ਫ਼ੌਜ ਨੂੰ ਕਾਇਮ ਰਖਣ ਦਾ ਹੁਕਮ ਦਿੱਤਾ ਸੀ, ਉਸ ਦੀ ਕਮਾਨ ਵੀ ਜਰਨੈਲ ਹੋਣ ਦੇ ਨਾਤੇ ਨੌਵੇਂ ਪਾਤਸ਼ਾਹ ਕੋਲ ਹੀ ਸੀ। ਉਹ ਫ਼ੌਜ ਵੀ ਪੂਰਬ ਦੇਸ਼ ਦੇ ਦੌਰੇ ਸਮੇਂ ਉਹਨਾਂ ਦੇ ਨਾਲ ਹੀ ਸੀ। ਗੁਰਦੇਵ ਆਪ ਵੀ ਘੁੜਸੁਆਰੀ ਕਰਦੇ, ਸਿਰ `ਤੇ ਕਲਗ਼ੀ ਸਜਾਉਂਦੇ ਤੇ ਹੱਥ `ਚ ਬਾਜ਼ ਰਖਦੇ ਸਨ। ਇਹ ਤੇ ਆਪ ਜੀ ਦੇ ਸਤਿਕਾਰ ਲਈ ਅਜਿਹੇ ਹੋਰ ਵੀ ਬਹੁਤ ਕਾਰਨ ਸਨ। ਗੁਰਦੇਵ ਨੇ ਦਖ਼ਲ ਦੇ ਕੇ, ਮਿਰਜ਼ਾ ਰਾਜਾ ਰਾਮ ਸਿੰਘ ਤੇ ਦੂਜੇ ਪਾਸੇ ਅਹੋਮੀ ਰਾਜਾ ਚਕ੍ਰਧਵਜ ਦੀਆਂ ਫ਼ੌਜਾਂ ਵਿਚਕਾਰ ਸੁਲਹ ਕਰਵਾ ਦਿੱਤੀ। ਜਿਸ ਦਾ ਨਤੀਜਾ ਹੋਇਆ ਕਿ ਇੱਕ ਵੱਡਾ ਖੂਨ-ਖ਼ਰਾਬਾ ਹੋਣੋ ਟੱਲ ਗਿਆ। ਦੋਨਾਂ ਪਾਸਿਆਂ ਦੀਆਂ ਦੀਆਂ ਫ਼ੋਜਾਂ ਨੇ ਇਸ ਸੁਲਹ ਦੇ ਸਬੂਤ ਵਜੋਂ ਆਪਣੀਆਂ ਢਾਲਾਂ `ਚ ਮਿੱਟੀ ਲੈ ਕੇ ਇੱਕ ਥੜਾ ਕਾਇਮ ਕੀਤਾ। ਉਸੇ ਯਾਦ `ਚ ਅੱਜ ਢਾਕੇ `ਚ ਨੌਵੈਂ ਪਾਤਸ਼ਾਹ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਵੀ ਕਾਇਮ ਹੈ। ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਰਾਜਪੂਤ ਰਾਜੇ, ਮੁਗ਼ਲ਼ ਹਕੂਮਤ ਨੂੰ ਆਪਣੇ ਬਚਾਅ ਲਈ ਚਾਹੇ ਡੋਲੇ ਵੀ ਦਿੰਦੇ ਰਹੇ ਪਰ ਗੁਰੂ ਦਰ ਦੇ ਵੀ ਵੱਡੇ ਸ਼੍ਰਧਾਲੂ ਸਨ।

ਇਸੇ ਤਰ੍ਹਾਂ ਪੂਰਬ ਦੇਸ ਦੇ ਦੌਰੇ ਦੌਰਾਨ ਬੰਗਾਲ ਦੇ ਸ਼ਹਿਰ ਗੋਰੀ ਪੁਰ ਦਾ ਰਾਜਾ ਰਾਮ ਰਾਏ ਵੀ ਗੁਰੂਦਰ ਦਾ ਸੇਵਕ ਬਣ ਗਿਆ ਸੀ। ਉਸ ਦੇ ਚਲਾਣੇ ਬਾਅਦ ਉਸ ਦਾ ਪੁਤੱਰ ਰਾਜਾ ਰਤਨ ਰਾਇ ਵੀ ਆਪਣੀ ਮਾਤਾ ਸਹਿਤ ਗੁਰਦੇਵ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਆਇਆ। ਉਹ ਵੀ ਆਪਣੇ ਨਾਲ ਵਧੀਆ ਨਸਲ ਦੇ ਘੌੜੇ, ਬਹੁਤ ਸਾਰੇ ਸ਼ਸਤ੍ਰ ਤੇ ਪ੍ਰਸਾਦੀ ਹਾਥੀ ਆਦਿ ਦੇ ਤੋਹਫ਼ੇ ਵੀ ਲੈ ਕੇ ਬੜੀ ਸ਼ਰਧਾ ਸਹਿਤ ਹਾਜ਼ਿਰ ਹੋਇਆ ਸੀ।

ਖੈਰ! ਵਿਸ਼ਾ ਚੱਲ ਰਿਹਾ ਹੈ ਨੌਵੇਂ ਪਾਤਸ਼ਾਹ ਦੇ ਸਮੇਂ ਗੁਰੂਦਰ ਨਾਲ ਸਬੰਧਤ ਹਮਦਰਦਾਂ ਤੇ ਸ਼੍ਰਧਾਲੂਆਂ ਦਾ। ਨੌਵੇਂ ਪਾਤਸ਼ਾਹ ਜਦੋਂ ਕਸ਼ਮੀਰੀ ਪੰਡਤਾਂ ਦੀ ਜ਼ਿਮੇਵਾਰੀ ਲੈਣ ਤੋਂ ਬਾਅਦ ਦਿੱਲੀ ਨੂੰ ਚੱਲੇ ਤਾਂ ਗੁਰਦੇਵ ਕੀਰਤਪੁਰ, ਨਨਹੇੜਾ ਤੋਂ ਸੈਫ਼ਾਬਾਦ ਪੁੱਜੇ, ਸੈਫ਼ਾਬਾਦ `ਚ, ਗੁਰੂਦਰ ਦੇ ਮੁਰੀਦ ਸੈਫਅਲੀ ਪਾਸ ਦੋ ਕੁ ਮਹੀਨੇ ਟਿਕੇ। ਉਪ੍ਰੰਤ ਸਮਾਣੇ ਦੇ ਚੌਧਰੀ ਮੁਹੰਮਦ ਬਖਸ਼ ਨੇ ਵੀ ਬਹੁਤ ਬੇਣਤੀ ਕੀਤੀ, ਪਾਤਸ਼ਾਹ ਕੁੱਝ ਸਮਾਂ ਉਸ ਕੋਲ ਵੀ ਟਿਕਣ, ਪਰ ਉਹਨਾਂ ਸਾਹਮਣੇ ਤਾਂ ਸਾਰੇ ਪਾਸੇ ਮਚੀ ਹੋਈ ਹਾ-ਹਾ ਕਾਰ ਸੀ, ਰੁਕੇ ਨਹੀਂ। ਇਤਿਹਾਸ ਦੀ ਸੰਭਾਲ ਨਹੀਂ ਹੋਈ; ਨਹੀਂ ਤਾਂ ਅਜਿਹੀਆਂ ਸਾਖੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਨੇਕਾਂ ਆਗੂ ਤੇ ਆਮ ਮੁਸਲਮਾਨ ਵੀ ਗੁਰੂਦਰ ਦੇ ਮੁਰੀਦ ਸਨ।

ਇਸੇ ਤਰ੍ਹਾਂ ਦਸਮੇਸ਼ ਜੀ ਦੇ ਸਮੇਂ ਵੀ- ਦਸਮੇਸ਼ ਜੀ ਦੇ ਆਗਮਨ ਸਮੇਂ ਜ਼ਿਲਾ ਅੰਬਾਲਾ ਕਸਬਾ ਘੁੜਾਮ ਦੇ ਇੱਕ ਮੁਸਲਮਾਨ ਫ਼ਕੀਰ ਸਯਦ ਭੀਖਣ ਸ਼ਾਹ ਦਾ ਜ਼ਿਕਰ ਆਉਂਦਾ ਹੈ। ਇਹ ਮੁਸਲਮਾਨ ਫ਼ਕੀਰ ਵੀ ਗੁਰੂ ਦਰ ਦਾ ਵੱਡਾ ਸ਼੍ਰਧਾਲੂ ਸੀ। ਪਤਾ ਲਗਣ `ਤੇ ਆਪਣੇ ਮੁਰੀਦਾਂ ਸਮੇਤ ਬਾਲ ਗੁਰੂ ਦੇ ਦਰਸ਼ਨਾ ਨੂੰ ਆਇਆ। ਆਉਂਦੇ ਸਮੇਂ ਹੱਥ `ਚ ਦੋ ਕੁੱਜੀਆਂ ਮਠਿਆਈ ਦੀਆਂ ਲੈ ਆਇਆ। ਉਹ ਜਾਣਦਾ ਸੀ ਕਿ ਗੁਰੂ ਦਰ ਤਾਂ ਸਭ ਦਾ ਸਾਂਝਾ ਹੈ। ਫ਼ਿਰ ਵੀ ਆਪਣੇ ਹਿਸਾਬ, ਉਸ ਕੁਜੀਆਂ `ਚ ਵੰਡ ਪਾ ਕੇ, ਆਪਣੇ ਮਨ `ਚ ਧਾਰ ਰਖਿਆ ਸੀ; ਦੇਖਣਾ ਹੈ ਕਿ ਬਾਲ ਗੁਰੂ, ਹਿੰਦੂਆਂ ਤੇ ਮੁਸਲਮਾਨਾਂ, ਦੋਨਾਂ `ਚੋਂ ਕਿਸ ਦਾ ਪੱਖ ਲੈਣ ਗੇ? ਭੀਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਬਾਲ ਦਸਮੇਸ਼ ਜੀ ਨੇ ਉਸ ਦੇ ਸਾਹਮਣੇ ਆਉਂਦੇ ਹੀ ਦੋਨਾਂ ਕੁਜੀਆਂ `ਤੇ ਦੋਵੇਂ ਹੱਥ ਰਖ ਦਿੱਤੇ। ਇਸ `ਤੇ ਪੀਰ ਨੇ ਕੇਵਲ ਬਾਲ ਗੁਰੂ ਜੀ ਦੇ ਦਰਸ਼ਨ ਹੀ ਨਹੀਂ ਕੀਤੇ ਬਲਕਿ ਉਹਨਾਂ ਨੂੰ ਸਿਜਦਾ ਵੀ ਕਰ ਦਿੱਤਾ। ਉਪ੍ਰੰਤ ਵਾਪਸ ਮੁੜਣ `ਤੇ ਉਸ ਆਪਣੇ ਦਿੱਲ ਦੀ ਗੱਲ ਮੁਰੀਦਾਂ ਨੂੰ ਵੀ ਦੱਸੀ ਕਿ ਬਾਲ ਗੁਰੂ ਦਾ ਜੀਵਨ ਰਾਹ ਵੀ ਇੰਨ ਬਿੰਨ ਗੁਰੂਦਰ ਵਾਲਾ ਹੀ ਹੋਵੇ ਗਾ ਤੇ ਇਹ ਵੀ ਸਭ ਦੇ ਸਾਂਝੇ ਹੋਣਗੇ।

੧੫ ਅਪ੍ਰੈਲ ੧੬੮੭ ਨੂੰ ਪਹਾੜੀ ਹਿੰਦੂ ਰਾਜਿਆਂ ਨੇ ਪੂਰੀ ਤਿਆਰੀ ਨਾਲ ਗੁਰੂ ਦਰਬਾਰ ਤੇ ਹਮਲਾ ਬੋਲ ਦਿੱਤਾ। ਦਰਅਸਲ ਇਹ ਦਸਮੇਸ਼ ਜੀ ਦੀ ਪਹਿਲੀ ਜੰਗ ਸੀ। ਇਸ ਜੰਗ `ਚ ਪੀਰ ਬੁੱਧੂ ਸ਼ਾਹ ਸਢੋਰੇ ਵਾਲੇ ਨੇ ਗੁਰਦੇਵ ਦੀ ਸੇਵਾ `ਚ ਆਪਣੇ ਵੱਲੋਂ ੫੦੦ ਪਠਾਣਾਂ ਦਾ ਜਥਾ ਭੇਜਿਆ ਪਰ ਇਹਨਾ `ਚੋਂ ਚਾਰ ਸੌ ਨੂੰ ਉਕਸਾ ਕੇ ਵੈਰੀ ਨੇ ਰਾਤੋ-ਰਾਤ ਆਪਣੇ ਨਾਲ ਮਿਲਾ ਲਿਆ। ਜਦੋਂ ਇਸ ਗੱਲ ਦਾ ਪਤਾ ਪੀਰ ਬੁੱਧੂ ਸ਼ਾਹ ਨੂੰ ਲੱਗਾ ਤਾਂ ਉਸ ਨੇ ਬੜੀ ਸ਼੍ਰਮਿੰਦਗੀ ਮਹਿਸੂਸ ਕੀਤੀ। ਉਹ ਆਪਣੇ ਚਾਰ ਸਪੁੱਤ੍ਰਾਂ, ਦੋ ਭਰਾਵਾਂ ਤੇ ਸੱਤ ਸੌ ਹੋਰ ਮੁਰੀਦਾਂ ਸਮੇਤ, ਗੁਰਦੇਵ ਵੱਲੋਂ ਹੋ ਕੇ ਲੜਿਆ। ਇਸ ਜੰਗ `ਚ ਗੁਰਦੇਵ ਦੀ ਭੂਆ ਬੀਬੀ ਵੀਰੋ ਦੇ ਪੰਜ ਸਪੁੱਤ੍ਰਾਂ, ਮਾਮਾ ਕ੍ਰਿਪਾਲ ਚੰਦ, ਉਦਾਸੀ ਮਹੰਤ ਕ੍ਰਿਪਾਲ ਦਾਸ ਨੇ ਵੀ ਹਿੱਸਾ ਲਿਆ, ਅੰਤ ਜਿੱਤ ਗੁਰਦੇਵ ਦੀ ਹੋਈ। ਪਰ ਪ੍ਰਕਰਣ ਅਨੁਸਾਰ ਇਸ ਜੰਗ `ਚ ਪੀਰ ਬੁੱਧੂ ਸ਼ਾਹ ਦੇ ਬਹੁਤੇਰੇ ਮੁਰੀਦਾਂ ਤੋਂ ਇਲਾਵਾ ਦੋ ਪੁੱਤ੍ਰ ਵੀ ਸ਼ਹੀਦ ਹੋ ਗਏ। ਜਦਕਿ ਇਹ ਸਾਰੇ ਸਿੱਖ ਵੀ ਨਹੀਂ ਸਨ। ਇਹੀ ਪੀਰ ਬੁਧੂ ਸ਼ਾਹ, ਬਾਅਦ `ਚ ਜਿਸ ਦੇ ਪੂਰੇ ਪ੍ਰਵਾਰ ਨੂੰ ਗੁਰਦੇਵ ਦਾ ਪੱਖ ਲੈਣ ਕਾਰਨ, ਜ਼ਾਲਮ ਹਕੂਮਤ ਨੇ ਜ਼ਿੰਦਾ ਜ਼ਮੀਨ `ਚ ਗਡਵਾ ਦਿੱਤਾ, ਪਰ ਉਸ ਨੇ ਫ਼ਿਰ ਵੀ ਆਪਣੀ ਗ਼ਲਤੀ ਮੰਨ ਕੇ ਪਸ਼ਚਾਤਾਪ ਨਹੀਂ ਕੀਤਾ ਬਲਕਿ ਇਸ ਨੂੰ ਆਪਣੇ ਲਈ ਫ਼ਖ਼ਰ ਤੇ ਗਰਵ ਦਾ ਕਾਰਾ ਦੱਸਿਆ।

ਇਸੇ ਤਰ੍ਹਾਂ ਜ਼ਾਲਮ ਵਜ਼ੀਦੇ ਨੇ ਜਦੋਂ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ `ਚ ਚਿਨਣ ਲਈ ਜ਼ਾਲਮਾਨਾ ਹੁਕਮ ਦਿੱਤਾ ਤਾਂ ਇਸ `ਤੇ ਹਾ ਦਾ ਨਾਰ੍ਹਾ ਮਾਰਨ ਵਾਲਾ ਮਲੇਰਕੋਟਲੇ ਦਾ ਨਵਾਬ, ਸ਼ੇਰ ਮੁਹੰਮਦ ਖਾਂ ਹੀ ਸੀ। ਇਸ ਤੋਂ ਪਹਿਲਾਂ ਜਦੋਂ ਵਜ਼ੀਦੇ ਨੇ ਠੰਡੇ ਬੁਰਜ `ਚ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਭੁੱਖੇ ਤਿਹਾਏ ਰਖ ਕੇ ਗ੍ਰਿਫ਼ਤਾਰ ਕੀਤੀ ਰਖਿਆ, ਤਾਂ ਇਹਨਾ ਬੱਚਿਆਂ ਦੀ ਦੁਧ ਨਾਲ ਸੇਵਾ ਕਰਣ ਵਾਲਾ ਗੁਰੂ ਦਰ ਦਾ ਵੱਡਾ ਸ਼੍ਰਧਾਲੂ ਭਾਈ ਮੋਤੀ ਲਾਲ ਮਹਿਰਾ ਸੀ। ਇਸ ਤੋਂ ਬਾਅਦ ਜ਼ਾਲਮ ਵਜ਼ੀਦੇ ਨੇ ਭਾਈ ਮੋਤੀ ਲਾਲ ਮਹਿਰੇ ਦੇ ਪੂਰੇ ਪ੍ਰਵਾਰ ਨੂੰ ਇਸ ਦੀ ਸਜ਼ਾ ਵੱਜੋਂ ਜੀਉਂਦੇ ਜੀਅ ਕੋਹਲੂ `ਚ ਪੀੜ ਦਿੱਤ, ਪਰ ਇਸ ਨੂੰ ਵੀ ਆਪਣੇ ਕੀਤੇ `ਤੇ ਮਲਾਲ ਨਹੀਂ ਬਲਕਿ ਫ਼ਖ਼ਰ ਸੀ। ਇਸੇ ਸਿਲਸਿਲੇ `ਚ ਦਿਵਾਨ ਟੋਡਰ ਮਲ ਦੀ ਦੇਣ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ। ਜ਼ਾਲਮ ਵਜ਼ੀਦੇ ਨੇ ਜਦੋਂ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਮੋਹਰਾਂ ਲਿਟਾ ਕੇ ਵੀ ਨਹੀਂ ਬਲਕਿ ਵਜ਼ੀਦੇ ਦੇ ਜ਼ਾਲਮਾਨਾ ਹੁਕਮ ਅਨੁਸਾਰ ਮੋਹਰਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ, ਵਜ਼ੀਦੇ ਤੋਂ ਜ਼ਮੀਨ ਹਾਸਲ ਕੀਤੀ।

ਉਪ੍ਰੰਤ ਸੰਨ ੧੬੯੯ ਦੀ ਵਿਸਾਖੀ ਨੂੰ, ਦਸਮੇਸ਼ ਜੀ ਨੇ ਨੰਗੀ ਤਲਵਾਰ ਦੀ ਧਾਰ `ਤੇ ਜਦੋਂ ਕੌਮ ਦਾ ਇਮਿਤਿਹਾਨ ਲਿਆ ਤਾਂ ਉਸ ਵੇਲੇ ਉਂਜ ਤਾਂ ਪੰਜੇ ਹੀ ਫ਼ਿਰ ਉਹਨਾਂ ਪੰਜਾ `ਚੋਂ ਵੀ ਚਾਰ ਤਾਂ ਉਹ ਸਨ ਜਿਨ੍ਹਾਂ ਦਾ ਜਨਮ ਵੀ ਅਖੌਤੀ ਸ਼ੂਦਰ ਪ੍ਰਵਾਰਾਂ `ਚ ਹੀ ਹੋਇਆ ਸੀ। ਦਰਅਸਲ ਇਹ ਸਾਰੇ ਉਹ ਸੱਜਨ ਸਨ ਜਿਨ੍ਹਾਂ ਦੇ ਪੂਰਵਜ ਬਹੁਤਾ ਕਰਕੇ ਪੰਜਵੇਂ ਜਾਂ ਛੇਵੇਂ ਜਾਮੇ ਸਮੇ ਗੁਰੂ ਦਰ ਨਾਲ ਜੁੜੇ ਸਨ। ਇਸ ਤਰ੍ਹਾਂ ਇਹ ਆਪਣੇ ਆਪ `ਚ ਸਬੂਤ ਹੈ ਕਿ ਜਿਸ ਤੇਜ਼ੀ ਨਾਲ ਸਿੱਖ ਧਰਮ ਦਾ ਵਿਕਾਸ ਹੋਇਆ ਸੀ ਤਾਂ ਇਹ ਸਾਰੀਆਂ ਸੰਗਤਾਂ, ਆਪਣੇ ਪਹਿਲੇ ਕਦਮ `ਚ ਸਿੱਖ ਧਰਮ `ਚ ਪ੍ਰਵੇਸ਼ ਕਰਣ ਤੋਂ ਪਹਿਲਾਂ ਗੁਰੂ ਦਰ ਦੇ ਸ਼੍ਰਧਾਲੂ `ਤੇ ਹਮਦਰਦ ਹੀ ਸਨ।

ਮਾਛੀਵਾੜੇ ਦੇ ਜੰਗਲ ਤੋਂ ਬਾਅਦ ਦਾ ਇਤਿਹਾਸ ਲੈਂਦੇ ਹਾਂ ਤਾਂ ਉਥੇ ਵੀ ਨਬੀ ਖਾਂ ਤੇ ਗ਼ਨੀ ਖਾਂ ਦੋ ਪਠਾਨ ਭਰਾਵਾਂ ਨੇ, ਸਿੱਖ ਨਾ ਹੁੰਦੇ ਵੀ ਗੁਰੂ ਦਰ ਦੀ ਸੇਵਾ ਬੜੀ ਸਮ੍ਰਪਤ ਭਾਵਨਾ ਨਾਲ ਨਿਭਾਈ। ਦੋਨਾਂ ਭਰਾਵਾਂ ਨੇ ਬੜੇ ਸਖ਼ਤ ਹਾਲਾਤ `ਚ, ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਕੇ ਕੇ ਵੀ ਦਸਮੇਸ਼ ਜੀ ਨੂੰ ਆਪਣੀਆਂ ਸੇਵਾਵਾਂ ਸਮ੍ਰਪਤ ਕੀਤੀਆਂ। ਇਹਨਾ ਨੇ ਦਸਮੇਸ਼ ਜੀ ਨੂੰ ਉੱਚ ਦੇ ਪੀਰ ਵਾਲੇ ਭੇਸ `ਚ ਤੇ ਉਹਨਾਂ ਦੇ ਨਾਲ ਹੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਵੀ ਸੁਰਖਿਅਤ ਸਥਾਨ ਤੇ ਪਹੁੰਚਾਇਆ।

ਇਸ ਤਰ੍ਹਾਂ ਇਹ ਸਿੱਖ ਧਰਮ ਨਾਲ ਸਬੰਧਤ ਬਹੁਤ ਵੱਡੀ ਲਿਸਟ ਹੈ ਪਰ ਇਥੇ ਅਸਾਂ ਦੇਖਣਾ ਇਹ ਹੈ ਕਿ ਅੱਜ ਤੱਕ ਜਿਹੜੇ ਵੀ ਸਿੱਖ ਧਰਮ `ਚ ਆਏ ਹਨ, ਉਹਨਾਂ ਵਿਚੋਂ ੯੦% ਤੋਂ ਉਪਰ ਪਹਿਲਾਂ, ਸਿੱਖ ਧਰਮ ਦੇ ਸ਼੍ਰਧਾਲੂ ਤੇ ਹਮਦਰਦ ਹੀ ਸਨ। ਫ਼ਿਰ ਉਹ ਲੋਕ ਭਾਵੇਂ ਸਿੱਖ ਸੱਜ ਗਏ ਤੇ ਭਾਵੇਂ ਸਾਈਂ ਮੀਆ ਮੀਰ, ਪੀਰ ਬੁਧੂ ਸ਼ਾਹ, ਦਿਵਾਨ ਟੋਡਰ ਮਲ ਜਾਂ ਭਾਈ ਮੋਤੀ ਲਾਲ ਮਹਿਰਾ ਵਾਂਗ ਸ਼੍ਰਧਾਲੂ ਰਹਿ ਕੇ ਹੀ ਸਿੱਖ ਧਰਮ ਦੀ ਵੱਡੀ ਤਾਕਤ ਸਾਬਤ ਹੋਏ। ਇਸ ਤਰ੍ਹਾਂ ਇਹੀ ਹੈ ਸਿੱਖ ਧਰਮ ਦਾ ਤੀਜਾ ਕਦਮ ਜਿਸ ਨੂੰ ਪਹਿਚਾਨਣ ਦੀ ਲੋੜ ਹੈ।

ਅੰਤ `ਚ, ਬੇਸ਼ੱਕ ਸਿੱਖ ਇਤਿਹਾਸ ਦੀ ਸੰਭਾਲ ਨਹੀਂ ਹੋਈ ਤੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੌਂ ਇੱਕ ਦੰਮ ਬਾਅਦ, ਸਿੱਖ ਧਰਮ ਦੇ ਸਾਰੇ ਇਤਿਹਾਸਕ ਸਥਾਨ ਅਤੇ ਗੁਰਦੁਆਰੇ ਜੋ ਮੂਲ ਰੂਪ `ਚ ਉਸ ਸਮੇਂ ਸਿੱਖ ਧਰਮ ਦੀਆਂ ਧਰਮਸ਼ਲਾਵਾਂ ਸਨ; ਇਹਨਾ `ਤੇ ਬਹੁਤਾ ਕਰਕੇ ਵਿਰੋਧੀਆਂ ਦਾ ਕਬਜ਼ਾ ਹੋ ਗਿਆ। ਇਸੇ ਦਾ ਨਤੀਜਾ ਸੀ ਕਿ ਭਿੰਨ ਭਿੰਨ ਵਿਰੋਧੀਆਂ ਨੇ ਆਪਣੇ ਆਪਣੇ ਢੰਗ ਨਾਲ ਸੰਨ ੧੪੬੯, ਗੁਰੂ ਨਾਨਕ ਦੇ ਆਗਮਨ ਤੋਂ ਲੈ ਕੇ ਸੰਨ ੧੭੧੫ ਤੱਕ ਦਾ ਸਾਰਾ ਇਤਿਹਾਸ ਹੀ ਖ਼ਤਮ ਕਰ ਦਿੱਤਾ। ਸਾਡੇ ਕੋਲ ਜੇ ਕਰ ਅੱਜ ਕੁੱਝ ਬਚਿਆ ਹੈ ਤਾਂ ਤਾਂ ਉਹ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜਾਂ ਕਿਸੇ ਹੱਦ ਤੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕੁੱਝ ਲਿਖਤਾਂ ਦਸਮੇਸ਼ ਜੀ ਦੇ ਦਰਬਾਰੀ ਕਵੀ, ਭਾਈ ਨੰਦ ਲਾਲ ਸਿੰਘ ਦੀਆਂ ਤੇ ਹੋਰ ਕੁੱਝ ਨਹੀਂ।

ਬਾਕੀ ਤਾਂ ਗੁਰਮਤਿ ਦੀ ਚਾਸ਼ਨੀ ਚੜ੍ਹਾ ਕੇ, ਮੂਰਤੀ ਪੂਜਾ ਸਮੇਤ, ਭਰਵੇਂ ਤਰੀਕੇ ਨਾਲ ਵਿਰੋਧੀਆਂ ਨੇ ਕੁੱਝ ਕਸਰ ਨਹੀਂ ਛੱਡੀ। ਅੱਜ ਜੋ ਸਿੱਖਾਂ ਵਿਚਕਾਰ ਬ੍ਰਾਹਮਣੀ ਤੇ ਵੈਦਿਕ ਕਰਮਕਾਂਡ ਪ੍ਰਚਲਤ ਹਨ, ਇਸ ਤੋਂ ਇਲਾਵਾ ਅਜਿਹੇ ਵਿਸ਼ਵਾਸ ਜੋ ਇੱਕ ਜਾਂ ਦੂਜੇ ਢੰਗ ਨਾਲ ਅੱਜ ਤੱਕ ਸਾਡੇ `ਤੇ ਥੋਪੇ ਜਾ ਰਹੇ ਹਨ, ਬਹੁਤਾ ਕਰਕੇ ਉਸ ਸਮੇਂ ਦੀ ਹੀ ਦੇਣ ਹਨ। ਹੋਰ ਤਾਂ ਹੋਰ ਇਹ ਉਹ ਵਿਸ਼ਵਾਸ ਤੇ ਕਰਮਕਾਂਡ ਹਨ, ਜਿਨ੍ਹਾਂ ਤੋਂ ਕੌਮ ਅਜੇ ਤੱਕ ਪਿੱਛਾ ਨਹੀਂ ਛੁਡਾ ਪਾ ਰਹੀ। ਇਸੇ ਕਾਰਨ ਸਿੱਖ, ਜਿਸ ਨੂੰ ਅੱਜ ਸਿੱਖ ਇਤਿਹਾਸ ਮੰਨ ਰਹੇ ਹਨ, ਉਹ ਸਾਡਾ ਮੂਲ ਇਤਿਹਾਸ ਨਹੀਂ। ਬਲਕਿ ਉਹ ਸਾਰਾ ਦਾ ਸਾਰਾ ਸੰਨ ੧੭੧੬ ਤੋਂ ਬਾਅਦ ਹੀ ਲਿਖਿਆ ਮਿਲੇ ਗਾ। ਉਪ੍ਰੰਤ ਸਾਡੇ ਅਸਲ ਸਿੱਖ ਇਤਿਹਾਸ ਵਿੱਚੋਂ ਉਥੇ ਕੁੱਝ ਟੂਕਾਂ ਹੀ ਮਿਲਦੀਆਂ ਹਨ ਜਿਨ੍ਹਾਂ ਨੂੰ ਹੰਸ ਬਿਰਤੀ ਨਾਲ ਗੁਰਬਾਣੀ ਦੀ ਕਸਵੱਟੀ `ਤੇ ਕੱਸ ਕੇ ਹੀ ਅਸਲੀਅਤ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ `ਚ ਵਿਰੋਧੀ ਮਿਲਾਵਟ ਵੀ ਅੰਤਾਂ ਦੀਆਂ ਹਨ, ਜਿਨ੍ਹਾਂ ਨੂੰ ਪਹਿਚਾਨਣ ਲਈ ਹਰੇਕ ਗੁਰਸਿੱਖ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਗੁਰਬਾਣੀ ਸਿਧਾਂਤਾਂ ਤੋਂ ਜ਼ਰੂਰ ਜਾਣੂ ਹੋਵੇ।

ਖ਼ੈਰ! ਸਿੱਖ ਧਰਮ ਦੇ ਜਿਸ ਤੀਸਰੇ ਕਦਮ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਦੇਖ ਚੁੱਕੇ ਹਾਂ ਕਿ ਇਹ ਹੀ ਸਿੱਖ ਧਰਨ ਦਾ ਇੱਕ ਅਜਿਹਾ ਕਦਮ ਹੈ ਜਿਸ `ਤੇ ਟੁਰਣ ਬਾਅਦ ਹੀ ਬਹੁਤਿਆਂ ਨੇ ਸਿੱਖ ਧਰਮ ਦੇ ਦੂਜੇ ਕੱਦਮ ਨੂੰ ਪ੍ਰਾਪਤ ਕਰਣਾ ਹੁੰਦਾ ਹੈ। ਅਜੋਕੇ ਸਮੇਂ `ਚ ਵੀ ਮਾਸਟਰ ਤਾਰਾ ਸਿੰਘ, ਪੰਥ ਦੀ ਚਲਦੀ ਫ਼ਿਰਦੀ ਲਾਇਬ੍ਰੇਰੀ ਪੋ: ਸਾਹਿਬ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ ਅਤੇ ਹੋਰ ਅਨੇਕਾਂ ਸਿਰਮੌਰ ਗੁਰਸਿੱਖ ਹਸਤੀਆਂ ਇਸੇ ਦੀ ਤਾਜ਼ੀ ਮਿਸਾਲ ਹਨ ਜੋ ਕੇਵਲ ਸ਼੍ਰਧਾਲੂਆਂ ਤੋਂ ਹੀ ਸਿੱਖ ਧਰਮ `ਚ ਕੇਵਲ ਆਏ ਹੀ ਨਹੀਂ ਬਲਕਿ ਸਿੱਖੀ ਦੇ ਥੰਮ ਤੱਕ ਸਾਬਤ ਹੋਏ। (ਚਲਦਾ) #214-IIIs011.02.011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

(੪) ਉਪ੍ਰੰਤ ਗੁਰਬਾਣੀ ਵਿਚਾਰਧਾਰਾ ਤੋਂ ਹੀ ਤਿਆਰ ਹੋਏ ਗੁਣਵਾਣ ਜੀਵਨ ਦੀ ਸਮੁਚੇ ਮਨੁੱਖ ਸਮਾਜ ਅੰਦਰ ਹਰ ਸਮੇਂ ਫੈਲ ਰਹੀ ਖੁਸ਼ਬੂ ਤੇ ਸੁੰਦਰਤਾ ਦਾ ਮਨਮੋਹਕ, ਦਿਲਖਿੱਚਵਾਂ ਪ੍ਰਭਾਵ ਤੇ ਅਨੂਠਾ ਰਸ। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਫੁਲ ਦੀ ਖੁਸ਼ਬੂ ਤੇ ਸੁੰਦਰਤਾ ਦੀ ਖਿੱਚ ਆਪਣੇ ਆਪ ਲੋਕਾਈ ਦਾ ਮਨ ਮੋਹ ਲੈਂਦੀ ਅਤੇ ਆਪਣੇ ਵੱਲ ਆਕ੍ਰਸ਼ਤ ਕਰਦੀ ਹੈ।

Including this Self Learning Gurmat Lesson No 214-III

ਸਿੱਖ ਧਰਮ ਦੇ ਚਾਰ ਕੱਦਮ (ਭਾਗ ਤੀਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.