.

‘ਬੈਰਾਗ’

ਬਾਬਾ ਫੌਜਾ ਸਿੰਘ ਕਿਸੇ ਦੇ ਘਰੇ ਪਾਠ ਤੇ ਗਿਆ। ਉਸ ਦੇ ਨਾਲ ਹੀ ਇੱਕ ਨਵਾ ਬਣਿਆਂ ਲੋਕਲ ‘ਸੰਤ’ ਵੀ ਬੈਠਾ ਸੀ। ਪਾਠ ਚਲ ਰਿਹਾ ਸੀ ਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਚਲ ਰਿਹਾ ਸੀ। ਆਮ ਲੋਕਾਂ ਨੂੰ ਜਾਪਦਾ ਸੀ ਕਿ ਬੜੀ ਬਿਰਤੀ ਵਾਲੇ ‘ਮਹਾਂਪੁਰਖ’ ਹਨ ਕਿੰਨਾ ਪ੍ਰੇਮ ਹੈ ਗੁਰੂ ਚਰਨਾ ਨਾਲ ਕਿੰਨੇ ਪ੍ਰੇਮ ਨਾਲ ਗੁਰਬਾਣੀ ਸੁਣਦੇ ਹਨ। ਮਨ ਕਿਵੇਂ ਦ੍ਰਵਿਆ ਪਿਆ ਗੁਰਬਾਣੀ ਨਾਲ, ਕਿਵੇਂ ਜਲ ਦੇ ਝਰਨੇ ਪਏ ਚਲਦੇ ਨੇ।
ਬਾਬੇ ਫੌਜਾ ਸਿੰਘ ਨੇ ਵੀ ਜਦ ਅੱਖ ਭਰ ਕੇ ਦੇਖਿਆ ਤਾਂ ਸੱਚਮੁੱਚ ਹੀ ‘ਮਹਾਂਪੁਰਖਾਂ’ ਦੀਆਂ ਅੱਖਾਂ ਵਿੱਚੋਂ ਘਰਲ ਘਰਲ ਪਾਣੀ ਚਲ ਰਿਹਾ ਸੀ। ਉਸ ‘ਮਹਾਂਪੁਰਖ’ ਵਲ ਦੇਖ ਬਾਬੇ ਨੂੰ ਕੁੱਤਾ ਯਾਦ ਆ ਗਿਆ ਤੇ ਅੰਦਰੇ ਅੰਦਰ ਉਸਦਾ ਹਾਸਾ ਨਿਕਲ ਗਿਆ ਤੇ ਉਸ ਨੂੰ ਅਪਣੇ ਪਿੰਡ ਵਾਲੇ ਬਾਬੇ ਕੰਤੇ ਦੀ ਕਹਾਣੀ ਯਾਦ ਆ ਗਈ।
ਚੜ੍ਹਦੀ ਉਮਰ ਸੀ ਤੇ ਪਿੰਡ ਵਾਲੇ ਕੰਤੇ ਨੂੰ ਵੀ ਸੰਤ ਬਣਨ ਦਾ ਝੱਲ ਕੁੱਦ ਪਿਆ। ਬਾਬੇ ਉਸ ਨੂੰ ਬਥੇਰਾ ਸਮਝਾਇਆ ਪਰ ਉਸ ਦੀ ਦਲੀਲ ਸੀ ਕਿ ਬਾਬਾ ਯਾਰ ਭੁੱਖੇ ਮਰ ਰਹੇ ਆਂ ਹੋਰ ਕੁੱਝ ਆਉਂਦਾ ਨਹੀ। ਸੋਚਿਆ ਸੀ ਚਾਰ ਸੁਰਾਂ ਸਿੱਖ ਕੇ ਕਿਸੇ ਜਥੇ ਨਾਲ ਬਾਹਰ ਦਾ ਗੇੜਾ ਲਾ ਆਵਾਂ ਪਰ ਜਥਾ ਨਵਾਂ ਕਰਕੇ ਕਿਸੇ ਸਪਾਂਸਰ ਹੀ ਨਹੀ ਭੇਜੀ।
ਆਹ ਅਪਣੇ ਗੁਆਢ ਪਿੰਡ ਦਾ ਦੁੱਕੀ ਜਿਹਾ ਬਾਬਾ ਜੀਤਾ ਕਈ ਗੇੜੇ ਬਾਹਰ ਦੇ ਕੱਢ ਆਇਆ ਹਰੇਕ ਸਾਲ ਨੋਟਾਂ ਨਾਲ ਖੀਸਾ ਭਰ ਲਿਆਂਉਦਾ ਕਿਸੇ ਗੁਰਦੁਆਰੇ ਵੀ ਨਹੀ ਜਾਂਦਾ ਘਰਾਂ ਵਿੱਚੋਂ ਹੀ ਲੁੱਟ ਮਾਰ ਕਰ ਲਿਆਉਂਦਾ। ਹਾਲੇ ਕੱਲ ਦੀਆਂ ਗੱਲਾਂ ਮੱਝਾਂ ਖੋਲ੍ਹਦਾਂ ਪਿੰਡ ਨੇ ਭਰੀ ਪੰਚਾਇਤ ਵਿੱਚ ਕੁੱਟਿਆ ਸੀ ਹੁਣ ਉਹੀ ਭਲੇਮਾਣਸ ਅਪਣੇ ਮੁੰਡੇ ਉਸ ਮਗਰ ਲਈ ਫਿਰਦੇ ਕਿ ਸ਼ਾਇਦ ਸਾਡੇ ਮੁੰਡੇ ਨੂੰ ਚੇਲਾ ਬਣਾ ਕੇ ਹੀ ਲੇ ਜਾਏ।
ਪਰ ਤੈਨੂੰ ਆਉਂਦਾ ਕੀ ਏ? ਬਾਬੇ ਪੁੱਛਿਆ।
ਤੇ ਜੀਤੇ ਨੂੰ ਵੜੇਵੇਂ ਆਉਂਦੇ ਸੀ? ਮੈਂ ਤਾਂ ਫਿਰ ਵੀ ਸਾਲ ਭਰ ਸੁਰਾਂ ਨਾਲ ਸਾ, ਪਾ. ਮਾ ਕੀਤੀ ਹੋਈ। ਕਥਾ ਮੈਂ ਗੁਰਦੁਆਰੇ ਦੇ ਭਾਈ ਤੋਂ ਮਾੜੀ-ਮੋਟੀ ਸਿੱਖ ਲੈਂਣੀ।
ਤੇ ਮਹੀਨੇ ਕੁ ਬਾਅਦ ਬਾਬੇ ਫੌਜਾ ਸਿੰਘ ਨੇ ਪਿੰਡ ਦੇ ਸਪੀਕਰ ਤੇ ਸੁਣਿਆ ਕੰਤਾ ਸਿੱਧੀਆਂ ਠੁੱਲੀਆਂ ਜਿਹੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਕਿ, ਸੰਗਤੇ! ਨਾਮ ਜਪਿਆ ਕਰੋ ਭਾਈ, ਅੰਮ੍ਰਤਿ ਵੇਲੇ ਉਠਿਆ ਕਰੋ, ਅੰਮ੍ਰਤਿ ਵੇਲੇ ਨੂੰ ਗੁਰੂ ਜੀ ਕਹਿੰਦੇ ਦੇਵਤੇ ਵੀ ਤਰਸਦੇ ਤੇ ਉਸ ਵੇਲੇ ਸਾਰੇ ਦੇਵਤੇ ਧਰਤੀ ਤੇ ਆ ਕੇ ਨਾਮ ਜਪ ਰਹੇ ਹੁੰਦੇ। ਨਾਮ ਤੋਂ ਹੀਣਿਆਂ ਨੂੰ ਬਹੁਤ ਮਾਰ ਪੈਂਦੀ ਹੈ, ਜਮ ਧੁਹ ਕੇ ਕੇਸਾਂ ਤੋਂ ਖੜਦੇ ਹਨ ਬੰਦਾ ਰੋਂਦਾ, ਦੁਹਾਈਆਂ ਪਾਉਂਦਾ, ਭੁੱਖਾ ਪਿਆਸਾ ਹਾਲ ਪਾਹਰਿਆ ਕਰਦਾ ਭਾਈ ਨਾਪ ਜਪੋ ਹਾਂਅ!
ਕੁਝ ਦਿਨਾ ਬਾਅਦ ਬਾਬਾ ਫੌਜਾ ਸਿੰਘ ਕੰਤੇ ਦੀ ‘ਕਥਾ’ ਸੁਣਨ ਖੁਦ ਗੁਰੂ ਘਰ ਚਲਾ ਗਿਆ ਉਥੇ 8-10 ਪਿੰਡ ਦੀਆਂ ਮਾਈਆਂ ਜੁੜਨੀਆਂ ਸ਼ੁਰੂ ਹੋ ਗਈਆਂ ਸਨ ਤੇ ਕੰਤੇ ਦਾ ਝੱਕ ਜਿਹਾ ਖੁਲ੍ਹਦਾ ਜਾ ਰਿਹਾ ਸੀ। ਬਾਬੇ ਨੇ ਦੇਖਿਆ ਕਥਾ ਕਰਦੇ ਕੰਤੇ ਦੀਆਂ ਅੱਖਾਂ ਵਿੱਚੋਂ ਪਾਣੀ ਘਰਲ ਘਰਲ ਵਗ ਰਿਹਾ ਸੀ ਜਿਵੇਂ ਉਹ ਕਥਾ ਦੇ ਨਾਲ ਹੀ ਇੱਕ-ਮਿੱਕ ਹੋ ਗਿਆ ਹੋਵੇ।
ਬਾਬਾ ਫੌਜਾ ਸਿੰਘ ਬੜਾ ਹੈਰਾਨ ਕਿ ਸਿਰੇ ਦਾ ਠੱਗ, ਸਾਰੇ ਪਿੰਡ ਦੀ ਛੱਟ ਇਹਨੂੰ ਹੋ ਕੀ ਗਿਆ? ਇੰਨਾ ਬੈਰਾਗ ਇਸ ਵਿੱਚ ਕਿਥੋਂ ਫੁੱਟ ਪਿਆ। ਕੁੱਝ ਪਲਾਂ ਲਈ ਤਾਂ ਬਾਬੇ ਨੂੰ ਘੁੰਮੇਰਨੀ ਆ ਗਈ ਕਿ ਬੰਦਾ ਇੰਨੀ ਛੇਤੀ ਬਦਲ ਸਕਦਾ?
ਉਹ ਭੋਗ ਪਾ ਕੇ ਬਾਹਰ ਆਇਆ ਤਾਂ ਉਸ ਦਾ ਕੁੜਤਾ-ਪੰਜਾਮਾ ਚੋਲੇ ਵਿੱਚ ਬਦਲ ਚੁੱਕਾ ਹੋਇਆ ਸੀ। ਚੋਲੇ ਵਿੱਚ ਉਹ ਪਹਿਲਾਂ ਨਾਲੋਂ ਵੀ ਚੌੜਾ ਅਤੇ ਜਵਾਨ ਜਾਪ ਰਿਹਾ ਸੀ। ਬਾਬਾ ਉਸ ਨੂੰ ਪਾਸੇ ਲੈ ਗਿਆ ਤੇ ਪੁੱਛਣ ਲਗਾ ਕਿ ਬਾਕੀ ਤਾਂ ਸਭ ਛੱਡ ਪਰ ਤੂੰ ਪਾਣੀ ਕਿਉਂ ਅੱਖਾਂ ਚੋਂ ਵਹਾ ਰਿਹਾ ਸੀ ਤੈਨੂੰ ਬੈਰਾਗੀ ਨੂੰ ਤਾਂ ਮੈਂ ਜਾਣਦਾ ਪਰ ਇਹ ਹੋਇਆ ਕਿਵੇਂ?
ਉਹ ਹੱਸ ਪਿਆ। ਕਹਿੰਦਾ ਬਾਬਾ ਦੁਨੀਆਂ ਲੁੱਟਣ ਤੋਂ ਪਈ ਹੈ ਮੈਂ ਤਾਂ ਹੁਣ ਦੋਵੀਂ ਹੱਥੀ ਲੁੱਟਾਂਗਾ। ਆਹ ਦੇਖ ਲੈ ਹਾਲੇ ਮੇਰੀ ‘ਕਥਾ’ ਤੇ ਚੋਲੇ ਨੂੰ ਚੌਥਾ-ਪੰਜਵਾਂ ਦਿਨ ਨਹੀ ਹੋਇਆ ਤੇ 8-10 ਮਾਈਆਂ ਨੂੰ ਮੇਰੀਆਂ ਕਰਤੂਤਾਂ ਭੁੱਲ ਵੀ ਗਈਆਂ ਤੇ ਗੋਡੀਂ ਹੱਥ ਲਾਉਂਣ ਵੀ ਲੱਗ ਪਈਆਂ ਇਦੋਂ ਸੌਖਾ ਹੋਰ ਕੰਮ ਕਿਹੜਾ ਦੱਸ? ਉਹ ਪੂਰਾ ਉਤਸ਼ਾਹ ਵਿੱਚ ਸੀ।
ਮੈਨੂੰ ਤੂੰ ਅੱਖਾਂ ਚੋਂ ਪਾਣੀ ਦੇ ਝਰਨਿਆਂ ਵਾਲੀ ਗੱਲ ਦੱਸ ਤੂੰ ਜੋ ਮਰਜੀ ਕਰਦਾ ਫਿਰ।
ਓ ਬਾਬਾ ਇੱਕ ਦਿਨ ਮੈਂ ਇੱਕ ਬਾਬੇ ਦੀ ਕਥਾ ਸੁਣ ਰਿਹਾ ਸੀ ਉਹ ਕਿਸੇ ਗਰੰਥ ਦਾ ਹਵਾਲਾ ਦੇ ਕੇ ਦੱਸ ਰਿਹਾ ਸੀ ਕਿ ਬੈਰਾਗੀ ਬਣਨ ਦਾ ਸੌਖਾ ਤਰੀਕਾ ਕਿ ਇੱਕ ਇੱਕ ਸਲਾਈ ਸਰ੍ਹੋਂ ਦੇ ਤੇਲ ਦੀ ਅੱਖਾਂ `ਚ ਪਾ ਕੇ ਬੈਠ ਜਾਓ ਪਾਣੀ ਨਹੀ ਰੁੱਕਦਾ ਮੈਂ ਪਹਿਲੇ ਦਿਨ ਤੁਜਰਬਾ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ ‘ਬੈਰਾਗ’ ਠੱਲ ਨਾ ਹੋਵੇ ਅੱਖਾਂ ਚੋਂ। ਇਸੇ ਬੈਰਾਗ ਨੂੰ ਦੇਖ ਚਰਚਾ ਜਿਹੀ ਹੋਈ ਤੇ ਆ ਮਾਈਆਂ ਗੋਡੀਂ ਹੱਥ ਲਾਉਂਣ ਲੱਗ ਪਈਆਂ ਤੂੰ ਕੁੱਝ ਚਿਰ ਹੋਰ ਦੇਖੀਂ ਇਸ ‘ਬੈਰਾਗ’ ਦੇ ਰੰਗ। ਤੇ ਇਹ ਤੇਲ ਵਾਲਾ ‘ਬੈਰਾਗ’ ਦੱਸ ਕਿੰਨਾ ਕੁ ਮਹਿੰਗਾ? ਇਸ ਮੁਫਤ ਦੇ ਚਲਦੇ ‘ਬੈਰਾਗ’ ਨੂੰ ਦੇਖ ਲੁਕਾਈ ਧੰਨ ਧੰਨ ਨਾ ਕਰ ਉਠੀ ਤਾਂ ਆਖੀਂ ਜਿਵੇਂ ਤੇਰਾ ਦਿੱਲ ਵੀ ਕਰਨ ਫਿਰਦਾ ਸੀ! ! ਨਹੀ?
ਉਹ ਬਾਬੇ ਨੂੰ ਟਿੱਚ ਜਿਹਾ ਕਰਕੇ ਔਹ ਗਿਆ! 1 ਤੇ ਬਾਬਾ ਉਸ ਨੂੰ ਪਿੱਛੋਂ ਤੁਰੇ ਜਾਂਦੇ ਨੂੰ ਦੇਖਦਾ ਭਵਿੱਖ ਵਿੱਚ ਉਸ ਦੀਆਂ ਲੰਮੀਆਂ ਕਾਰਾਂ, ਚੇਲੇ ਬਾਲਕੇ ਤੇ ਆਲ੍ਹੀਸ਼ਾਨ ਡੇਰੇ ਅਤੇ ਉਸ ਦੇ ਨਾਮ ਨਾਲ ਲੱਗੇ 108, 1008, ਸ੍ਰੀ ਮਾਨ, ਸੰਤ, ਬਾਬਾ ਜੀ, ਬ੍ਰਹਗਿਆਨੀ ਆਦਿ ਵਰਗੇ ਕਈ ਤਖੱਲਸ ਜੁੜੇ ਹੋਏ ਸੋਚ ਕੇ ਹੈਰਾਨ ਹੋਣ ਲੱਗਾ! !
ਗੁਰਦੇਵ ਸਿੰਘ ਸੱਧੇਵਾਲੀਆ
416-882-6360




.