.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 16)

ਪੁਸਤਕ ਕਰਤਾ ਵਲੋਂ ਜਪੁਜੀ ਦੀ ਪੰਦਰਵੀਂ ਪਉੜੀ ਦੇ ਲਿਖੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵ ਅਰਥ ਲਿਖ ਰਹੇ ਹਾਂ।
ਮੰਨੈ ਪਾਵਹਿ ਮੋਖੁ ਦੁਆਰੁ॥ ਮੰਨੈ ਪਰਵਾਰੈ ਸਾਧਾਰੁ॥ ਮੰਨੈ ਤਰੈ ਤਾਰੇ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ 15॥ (ਪੰਨਾ 3)
ਅਰਥ: ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿੱਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿੱਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿੱਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰਿ-ਨਾਮ ਦੀ ਲਗਨ ਪੈਦਾ ਕਰੇ। 15.
ਭਾਵ:- ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਤੋਂ ਇੱਕ ਹਜ਼ਾਰ ਰੋਜ਼ ਇਕੀ ਦਿਨ ਪਾਠ ਕਰਨਾ, ਗਿਆਨ ਪ੍ਰਾਪਤ ਹੋਵੇ ਅਤੇ ਅੰਤ ਮੁਕਤੀ ਮਿਲੇ। ਭੂਤ ਪ੍ਰੇਤ ਦੇ ਸਾਏ ਵਾਲੇ ਨੂੰ ਇਸ ਸਿਧ ਕੀਤੀ ਹੋਈ ਪਉੜੀ ਦਾ ਜਲ ਮੰਤਰ ਕੇ ਦੇਵੇ ਅਤੇ ਮੂੰਹ ਸਿਰ ਤੇ ਛੱਟੇ ਮਾਰੇ ਤਾਂ ਸਾਇਆ ਦੂਰ ਹੋਵੇ।”
ਲੇਖਕ ਵਲੋਂ ਲਿਖੇ ਮਹਾਤਮ ਦਾ ਇਸ ਪਉੜੀ ਵਿੱਚ ਰੰਚ-ਮਾਤਰ ਵੀ ਵਰਣਨ ਨਹੀਂ ਹੈ। ਜਿਸ ਤਰ੍ਹਾਂ ਲੇਖਕ ਨੇ ਜਪੁਜੀ ਦੀਆਂ ਦੂਜੀਆਂ ਪਉੜੀਆਂ ਬਾਰੇ ਕਾਲਪਨਿਕ ਉਡਾਰੀ ਮਾਰਦਿਆਂ ਹੋਇਆਂ ਭਿੰਨ ਭਿੰਨ ਪਉੜੀਆਂ ਦਾ ਮਹਾਤਮ ਦਰਸਾਇਆ ਹੈ, ਉਸੇ ਤਰ੍ਹਾਂ ਇਸ ਪਉੜੀ ਦਾ ਵੀ ਮਹਾਤਮ ਦਰਸਾਇਆ ਹੈ। ਗੁਰੂ ਸਾਹਿਬ ਜੀ ਜੋ ਇਸ ਪਉੜੀ ਵਿੱਚ ਸੰਦੇਸ਼ ਦੇ ਰਹੇ ਹਨ, ਲੇਖਕ ਨੇ ਉਸ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰਕੇ ਆਪਣੀ ਹੀ ਬਣਾਈ ਹੋਈ ਧਾਰਨਾ ਅਨੁਸਾਰ ਇਸ ਪਉੜੀ ਦਾ ਮਹਾਤਮ ਲਿਖਿਆ ਹੈ।
ਸਿੱਖ ਦਾ ਧਰਮ ਗੁਰੂ ਦੀ ਆਗਿਆ ਅਨੁਸਾਰ ਚਲਣਾ ਹੈ ਨਾ ਕਿ ਗੁਰੂ ਨੂੰ ਆਪਣੀ ਆਗਿਆ ਵਿੱਚ ਚਲਾਉਣਾ। ਸਤਿਗੁਰੂ ਦੀ ਦਰਸਾਈ ਹੋਈ ਜੀਵਨ-ਜੁਗਤ ਨੂੰ ਆਪਣਾਉਣ ਦੀ ਥਾਂ ਜੇਕਰ ਸਿੱਖ ਉਸ ਨੂੰ ਆਪਣੇ ਢੰਗ ਨਾਲ ਦਰਸਾਉਣ ਲੱਗ ਪਵੇ, ਤਾਂ ਉਸ ਨੂੰ ਭਟਕਣਾ ਵਿੱਚ ਪਿਆ ਹੋਇਆ ਹੀ ਸਮਝਣਾ ਚਾਹੀਦਾ ਹੈ। ਗੁਰਬਾਣੀ ਨੂੰ ਇਸ ਲਈ ਧਿਆਨ ਨਾਲ ਪੜ੍ਹਨਾ ਵਿਚਾਰਨਾ ਜ਼ਰੂਰੀ ਹੈ ਤਾਂ ਕਿ ਅਸੀਂ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲ ਸਕੀਏ। ਜੇਕਰ ਅਸੀਂ ਬਾਣੀ ਦਾ ਕੇਵਲ ਰਸਮੀ ਪਾਠ ਕਰਨ ਤੱਕ ਹੀ ਸੀਮਤ ਰਹਾਂਗੇ ਤਾਂ ਯਕੀਨਨ ਬਾਣੀ ਵਿਚਲੀ ਜੀਵਨ-ਜੁਗਤ ਨੂੰ ਨਹੀਂ ਅਪਣਾ ਸਕਾਂਗੇ।
ਲੇਖਕ ਲਿਖ ਰਿਹਾ ਹੈ ਕਿ ਇਸ ਪਉੜੀ ਦਾ ਪਾਠ ਕਰਨ ਨਾਲ ਗਿਆਨ ਪ੍ਰਾਪਤ ਹੋਵੇਗਾ। ਲੇਖਕ ਇਸ ਦਾ ਖ਼ੁਲਾਸਾ ਨਹੀਂ ਕਰ ਰਿਹਾ ਕਿ ਕਿਸ ਚੀਜ਼ ਦਾ ਗਿਆਨ ਪ੍ਰਾਪਤ ਹੋਵੇਗਾ। ਉਂਝ ਤਾਂ ਕਿਸੇ ਤਰ੍ਹਾਂ ਦਾ ਵੀ ਗਿਆਨ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਹੁੰਦਾ, ਪਰ ਜੇਕਰ ਅਸੀਂ ਆਤਮ ਗਿਆਨ ਦੀ ਗੱਲ ਤੀਕ ਹੀ ਸੀਮਤ ਰਹਿ ਕੇ ਇਸ ਸਬੰਧੀ ਗੱਲ ਕਰੀਏ, ਤਾਂ ਇਹ ਗਿਆਨ ਵੀ ਇਸ ਤਰ੍ਹਾਂ ਨਾਲ ਹਾਸਲ ਨਹੀਂ ਹੁੰਦਾ। ਗੁਰਬਾਣੀ ਤਾਂ ਇਸ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਦੀ ਜੁਗਤੀ ਇਉਂ ਦਰਸਾਉਂਦੀ ਹੈ:- ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ॥ ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ॥ 1॥ ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ॥ ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ॥ 2॥ (ਪੰਨਾ 209)
ਅਰਥ: (ਹੇ ਪ੍ਰਭੂ!) ਗੁਰੂ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਉਸ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ। 1.
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿੱਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ। ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ। ਮੈਂ ਉਸ ਪਰਮਾਤਮਾ ਵਿੱਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। 2.
ਪੁਸਤਕ ਕਰਤਾ ‘ਅੰਤ ਮੁਕਤੀ ਮਿਲੇ’ ਦੀ ਗੱਲ ਵੀ ਕਰ ਰਿਹਾ ਹੈ। ਗੁਰਬਾਣੀ ਵਿੱਚ ਮਰਨ ਪਿੱਛੋਂ ਮੁਕਤੀ ਦੀ ਨਹੀਂ, ਸਗੋਂ ਜੀਵਨ-ਮੁਕਤ ਦੀ ਗੱਲ ਕੀਤੀ ਗਈ ਹੈ। ਇਸ ਮੁਕਤੀ ਦਾ ਸਰੂਪ ਭਰਮ ਰੂਪ ਰਸਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਤੋਂ ਛੁਟਕਾਰਾ ਹੈ। ਇਹ ਮੁਕਤੀ ਕਿਸੇ ਸ਼ਬਦ ਦੇ ਤਾਂਤ੍ਰਿਕ ਵਿਧੀ ਦੇ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਸਗੋਂ ਬਾਣੀ ਦੀ ਵਿਚਾਰ ਨਾਲ ਹੀ ਪ੍ਰਾਪਤ ਹੁੰਦੀ ਹੈ। ਗੁਰਬਾਣੀ ਦੀ ਨਿਮਨ ਲਿਖਤ ਪੰਗਤੀ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
ਕਰਮ ਧਰਮ ਕਰਿ ਮੁਕਤਿ ਮੰਗਾਹੀ॥ ਮੁਕਤਿ ਪਦਾਰਥੁ ਸਬਦਿ ਸਲਾਹੀ॥ ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥ 10॥ (ਪੰਨਾ 1024)
ਅਰਥ:- ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ ਜੀਵਾਂ ਨੂੰ ਅਜਬ ਭੁਲੇਖੇ ਵਿੱਚ ਪਾਇਆ ਹੋਇਆ ਹੈ ਕਿ (ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ। ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਮਿਲਦਾ ਹੈ। (ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ।
ਗੁਰ-ਸ਼ਬਦ ਦੁਆਰਾ ਜੀਵਨ-ਮੁਕਤ ਹੋਏ ਮਨੁੱਖ ਦਾ ਲੱਛਣ ਇਹ ਦਰਸਾਇਆ ਹੈ:-
ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥ ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥ ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥ ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥ ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥ (ਪੰਨਾ 275)
ਅਰਥ: ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿੱਚ ਮਿੱਠੀ ਕਰ ਕੇ ਮੰਨਦਾ ਹੈ, ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ; ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ, ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿੱਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ। ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿੱਚ ਨਹੀਂ ਫਸਦਾ), ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇੱਕ ਜੈਸੀ ਹੈ। (ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇੱਕ ਸਮਾਨ ਹੈ, ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿੱਚ ਬਰਾਬਰ ਹੈ। ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ; ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ।
ਜਿੱਥੋਂ ਤਕ “ਭੂਤ ਪ੍ਰੇਤ ਦੇ ਸਾਏ ਵਾਲੇ ਨੂੰ ਇਸ ਸਿਧ ਕੀਤੀ ਹੋਈ ਪਉੜੀ ਦਾ ਜਲ ਮੰਤਰ ਕੇ ਦੇਵੇ ਅਤੇ ਮੂੰਹ ਸਿਰ ਤੇ ਛੱਟੇ ਮਾਰੇ ਤਾਂ ਸਾਇਆ ਦੂਰ ਹੋਵੇ” ਦਾ ਸਵਾਲ ਹੈ, ਇਸ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਗੁਰਬਾਣੀ ਵਿੱਚ ਭੂਤ-ਪ੍ਰੇਤ ਸਬੰਧੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਮਤਿ ਦੇ ਇਸ ਦ੍ਰਿਸ਼ਟੀਕੋਣ ਦਾ ਵਰਣਨ ਕਰਦਿਆਂ ਗੁਰੁਮਤ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਪੰਜਾਂ ਤੱਤਾਂ ਦਾ ਨਾਮ ਭੂਤ ਹੈ, ਪਰ ਭ੍ਰਮ ਗ੍ਰਸੇ ਅਗਯਾਨੀਆਂ ਨੇ ਮਰੇ ਹੋਏ ਜੀਵਾਂ ਦੀ ਆਤਮਾ ਦੇ ਕਈ ਨਾਮ ਰੱਖਕੇ ਆਡੰਬਰ ਰਚ ਰਖੇ ਹਨ, ਤਾਂਤ੍ਰਿਕਾਂ ਦੇ ਵਸ਼ ਪਏ ਆਸੇਬ ਛਾਯਾ ਆਦਿਕ ਮੰਨਕੇ ਗੁਰੁਮਤ ਵਿਰੁੱਧ ਕਰਮ ਕਰਦੇ ਹਨ, ਵਾਸਤਵ ਵਿੱਚ ਕਰਤਾਰ ਤੋਂ ਵਿਮੁਖ ਕੁਕਰਮਾਂ ਦੇ ਪ੍ਰੇਮੀ ਦੁਖਦਾਈ ਲੋਕਾਂ ਦੀ ਭੂਤ ਪ੍ਰੇਤ ਆਦਿ ਸੰਗਯਾ ਹੈ, ਇਹੀ ਤਾਮਸੀ ਜੀਵ ਗੁਰੁ ਉਪਦੇਸ਼ ਤੇ ਅਮਲ ਕਰਨ ਤੋਂ ਦੇਵ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ।” ਨੋਟ: ਆਸੇਬ ਦਾ ਅਰਥ ਹੈ ਜਿੰਨ ਭੂਤ ਦਾ ਸਾਇਆ ਅਰਥਾਤ ਸਰੀਰ ਵਿੱਚ ਪ੍ਰਵੇਸ਼।
ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ (ਪੰਨਾ 513)
ਅਰਥ: ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ (ਇਹ, ਮਾਨੋ) ਭੂਤ ਹਨ; ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ।
(ਅ) ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ॥ (ਪੰਨਾ 654)
ਅਰਥ: ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ। (ਨੋਟ: ਭੂਤੁ ਦਾ ਇੱਥੇ ਅਰਥ ਹੈ—ਗੁਜ਼ਰ ਚੁਕਿਆ ਪ੍ਰਾਣੀ, ਮੁਰਦਾ।)
(ੲ) ਪਸੁ ਪੰਖੀ ਭੂਤ ਅਰੁ ਪ੍ਰੇਤਾ॥ ਬਹੁ ਬਿਧਿ ਜੋਨੀ ਫਿਰਤ ਅਨੇਤਾ॥ (ਪੰਨਾ 1005)

ਅਰਥ: ਹੇ ਭਾਈ! (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰਦਾ ਹੈ; ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ, ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।
ਨੋਟ: ਇਸ ਪੰਗਤੀ (ਪਸੁ ਪੰਖੀ. . ਵਾਲੀ) ਵਿੱਚ ਮਨੁੱਖ ਦੇ ਮਰਨ ਮਗਰੋਂ ਇਨ੍ਹਾਂ ਜੂਨਾਂ ਵਿੱਚ ਭਟਕਣ ਦੀ ਗੱਲ ਨਹੀਂ ਹੋ ਰਹੀ ਹੈ। ਇਸ ਜਨਮ ਵਿੱਚ ਹੀ ਆਤਮਕ ਮੌਤ ਦਾ ਸ਼ਿਕਾਰ ਹੋ ਕੇ, ਇਨ੍ਹਾਂ ਜੂਨਾਂ ਵਿੱਚ ਭਟਕਣ ਦੀ ਗੱਲ ਕੀਤੀ ਹੈ। ਨਿਮਨ ਲਿਖਤ ਸ਼ਲੋਕ, ਇਸ ਭਾਵ ਨੂੰ ਹੋਰ ਸਪਸ਼ਟ ਕਰਦਾ ਹੈ:-
ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ॥ ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ॥ (ਪੰਨਾ 1360)
ਅਰਥ: (ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ, (ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿੱਚ ਪਏ ਭਟਕਦੇ ਹਨ।
(ਸ) ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ॥ 192॥ (ਪੰਨਾ 1374)
ਅਰਥ: ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ—ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿੱਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ।
ਕਈ ਵਿਦਵਾਨ ਨਿਮਨ ਲਿਖਤ ਪੰਗਤੀਆਂ ਦੀ ਉਦਾਹਰਣ ਦੇ ਕੇ ਇਹ ਸਿੱਧ ਕਰਨ ਦਾ ਜਤਨ ਕਰਦੇ ਹਨ ਕਿ ਗੁਰਬਾਣੀ ਵਿੱਚ ਇਨ੍ਹਾਂ ਦੀ ਹੋਂਦ ਨੂੰ ਮੰਨਿਆ ਗਿਆ ਹੈ:-
ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ॥ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥ (ਪੰਨਾ 276) ਅਰਥ: ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ।
ਪਰ ਸੁਖਮਨੀ ਦੀ ਇਸ ਅਸਟਪਦੀ ਵਿੱਚ ਮੁੱਖ ਰੂਪ ਵਿੱਚ ਪ੍ਰਭੂ ਦੀ ਬੇਅੰਤਤਾ ਦਾ ਵਰਣਨ ਹੈ। ਇਸ ਵਰਣਨ ਵਿੱਚ ਹਜ਼ੂਰ ਉਨ੍ਹਾਂ ਜੀਵ-ਜੰਤੂਆਂ ਦਾ ਵੀ ਜ਼ਿਕਰ ਕਰ ਰਹੇ ਹਨ, ਜਿਨ੍ਹਾਂ ਦੀ ਹੋਂਦ ਨੂੰ ਜਨ-ਸਾਧਾਰਨ ਨੇ ਮੰਨਿਆ ਹੋਇਆ ਹੈ, ਪਰੰਤੂ ਗੁਰਬਾਣੀ ਦਾ ਸੱਚ ਇਨ੍ਹਾਂ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਉਦਾਹਰਣ ਵਜੋਂ ‘ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ’ (ਪੰਨਾ 276) (ਅਰਥ: ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ) ਦੀ ਪੰਗਤੀ ਵਿੱਚ ਦੇਵਤੇ ਅਤੇ ਇੰਦ੍ਰ ਦਾ ਵਰਣਨ। ਸੋ, ‘ਭੂਤ’ ਸ਼ਬਦ ਵੀ ਇਸ ਪ੍ਰਕਰਣ ਵਿੱਚ ਹੀ ਆਇਆ ਹੈ।
ਸੰਖੇਪ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਮਨੋਵਿਕਾਰ ਹੀ ਭੂਤ-ਪ੍ਰੇਤ ਹਨ। ਜੇ ਕੋਈ ਵਿਅਕਤੀ ਇਸ ਭਰਮ ਦਾ ਸ਼ਿਕਾਰ ਹੋਇਆ ਹੋਇਆ ਹੈ, ਤਾਂ, ਗੁਰਬਾਣੀ ਵਿੱਚ ਦਰਸਾਈ ਜੀਵਨ-ਜੁਗਤ ਅਪਣਾਉਣ ਨਾਲ ਨਿਰਸੰਦੇਹ ਉਸ ਦਾ ਛੁਟਕਾਰਾ ਮਿਲੇਗਾ। ਸੋ, ਸਾਨੂੰ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਇਸ ਵਿਚਲੇ ਭਾਵ ਨੂੰ ਧਾਰਨ ਕਰਨ ਦੀ ਲੋੜ ਹੈ ਨਾ ਕਿ ਇਹੋ ਜਿਹੀਆਂ ਤਾਂਤ੍ਰਿਕ ਵਿਧੀਆਂ ਨੂੰ ਅਪਣਾ ਕੇ ਭਰਮ ਵਿੱਚ ਪੈ ਕੇ ਭਟਕਣ ਦੀ।
ਜਸਬੀਰ ਸਿੰਘ ਵੈਨਕੂਵਰ
.