.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਿਹਰ ਦੀ ਮਸੀਤ ਬਣਾਉਣੀ

ਤੇ ਗੁਰਦੁਆਰਾ ਵੀ ਮਿਹਰ ਦਾ ਘਰ ਬਣਾਉਣਾ ਚਾਹੀਦਾ ਹੈ—

ਵੱਖ ਵੱਖ ਮਜ਼ਹਬਾਂ ਦੇ ਲੋਕ ਇੱਕ ਉਲਝਣ ਵਿੱਚ ਫਸ ਗਏ ਹਨ ਕਿ ਜਿਸ ਨੇ ਖਾਸ ਕਿਸਮ ਦਾ ਪਹਿਰਾਵਾ ਧਾਰਨ ਕਰ ਲਿਆ ਉਹ ਮਹਾਨ ਧਰਮੀ ਹੈ। ਸਿੱਖ ਕੌਮ ਵੀ ਅੱਜ ਪਹਿਰਾਵੇ ਦੀ ਧਾਰਨੀ ਹੋ ਕੇ ਰਹਿ ਗਈ ਹੈ। ਆਪਣੇ ਆਪ ਨੂੰ ਧਰਮੀ ਸਾਬਤ ਕਰਨ ਲਈ ਧਾਰਮਕ ਅਸਥਾਨਾਂ ਦੀ ਹਾਜ਼ਰੀ ਭਰਨਾ ਜ਼ਰੂਰੀ ਕਰਾਰ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜ਼ਿਆਦਾਤਰ ਇਸਲਾਮੀ ਤੇ ਹਿੰਦੂ ਮਤ ਦਾ ਹੀ ਬੋਲਬਾਲਾ ਸੀ। ਮੁੱਲਾਂ-ਮੁਲਾਣੇ, ਕਾਜ਼ੀ, ਜੋਗੀ ਤੇ ਪੰਡਿਤ-ਬ੍ਰਾਹਮਣਾਂ ਨੇ ਅਗਲੇ ਸਵਰਗ ਦੀ ਆਸ ਬਣਾਉਂਦਿਆਂ ਧਾਰਮਕ ਅਸਥਾਨਾਂ ਦੀ ਯਾਤਰਾ ਤੇ ਪੂਰਾ ਜ਼ੋਰ ਦਿੱਤਾ ਹੋਇਆ ਸੀ। ਆਮ ਲੁਕਾਈ ਨੂੰ ਤੇ ਇਸ ਦਾ ਕੋਈ ਖਾਸ ਲਾਭ ਨਹੀਂ ਸੀ ਪਰ ਧਾਰਮਕ ਆਸਥਾਨਾਂ `ਤੇ ਰਹਿਣ ਵਾਲਿਆਂ ਦੀ ਉਪਜੀਵਕਾ ਵਧੀਆ ਚੱਲ ਰਹੀ ਸੀ। ਅੱਜ ਇਸ ਪਾਖੰਡੀ ਜਾਲ ਦਾ ਸਿੱਖ ਧਰਮ ਵੀ ਪੂਰੀ ਤਰ੍ਹਾਂ ਸ਼ਿਕਾਰ ਹੋ ਗਿਆ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਮਸੀਤਾਂ ਤੇ ਇਹਨਾਂ ਵਿੱਚ ਨਮਾਜ਼ ਪੜ੍ਹਨ ਵਾਲਿਆਂ ਨੂੰ ਨੇੜਿਓਂ ਤਕਿਆ। ਧਰਮ ਦੀ ਪ੍ਰਕਿਰਿਆ ਤਾਂ ਪੂਰੀ ਤਰ੍ਹਾਂ ਨਿਭਾਈ ਜਾ ਰਹੀ ਸੀ ਪਰ ਧਰਮ ਦੀ ਗੁਣ ਵੱਤਾ ਬਹੁਤ ਘੱਟ ਨਜ਼ਰ ਆ ਰਹੀ ਸੀ। ਇਸਲਾਮੀ ਰਾਜ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਰਈ ਲੋਕਾਂ ਨੂੰ ਜ਼ਿੰਦਗੀ ਦਾ ਅਸਲੀ ਮਕਸਦ ਸਮਝਾਇਆ। ਜੇਹਾ ਕੇ ਇਲਾਹੀ ਫਰਮਾਣ ਹੈ—

ਮਿਹਰ ਮਸੀਤਿ, ਸਿਦਕੁ ਮੁਸਲਾ, ਹਕ ਹਲਾਲੁ ਕੁਰਾਣੁ॥

ਸਰਮ ਸੁੰਨਤਿ, ਸੀਲੁ ਰੋਜਾ, ਹੋਹੁ ਮੁਸਲਮਾਣੁ॥

ਕਰਣੀ ਕਾਬਾ, ਸਚੁ ਪੀਰੁ, ਕਲਮਾ ਕਰਮ ਨਿਵਾਜ॥

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ 1॥

ਸਲੋਕ ਮ. ੧ ਪੰਨਾ ੧੩੯

ਇੱਟਾਂ ਦੀ ਚਾਰ ਦੁਆਰੀ ਦੇ ਅੰਦਰ ਪੱਛਮ ਵਾਲੇ ਪਾਸੇ ਨੂੰ ਖ਼ੁਦਾ ਦਾ ਘਰ ਬਣਾ ਕੇ ਰੋਜ਼ ਨਮਾਜ਼ ਪੜ੍ਹਨ ਵਾਲਿਆ ਕਦੇ ਆਪਣੇ ਦਿੱਲ ਨੂੰ ਵੀ ਪੜ੍ਹਿਆ ਈ ਕਿ ਨਹੀਂ। ਮਸੀਤ ਵਿੱਚ ਤੇ ਤੂੰ ਰੋਜ਼, ਨਿਤਾ ਪ੍ਰਤੀ ਬਿਨਾ ਨਾਗਾ ਇੱਕ ਦਿਨ ਵਿੱਚ ਪੰਜ ਨਮਾਜ਼ਾਂ ਪੜ੍ਹਦਾ ਏਂ ਕਦੇ ਇਹਨਾਂ ਤੇ ਅਮਲ ਵੀ ਕੀਤਾ ਈ ਕੇ ਨਹੀਂ। ਇਸ ਮਸੀਤ ਤੋਂ ਪ੍ਰੇਰਨਾ ਲੈਣੀ ਸੀ ਕਿ ਤੇਰੇ ਮਨ ਵਿੱਚ ਮਿਹਰ ਦੀ ਚਿੰਗਾੜੀ ਭੱਖਦੀ ਪਰ ਤੂੰ ਈਰਖਾ ਵੱਸ ਹੋ ਗਿਆ ਏਂ। ਮਸੀਤ ਦੀ ਹਾਜ਼ਰੀ ਭਰਨ ਦਾ ਤਾਂ ਹੀ ਲਾਭ ਸੀ ਜੇ ਤੇਰੇ ਮਨ ਵਿੱਚ ਮਨੁੱਖਤਾ ਪ੍ਰਤੀ ‘ਮਿਹਰ ਮਸੀਤਿ’ ਭਾਵ ਦਇਆ ਦਾ ਜਨਮ ਹੁੰਦਾ। ਇਸ ਦਇਆ ਦਾ ਅਰਥ ਹੈ ਮਨੁੱਖਤਾ ਦੀ ਸੇਵਾ ਕਰਨੀ। ਕਿਸੇ ਦਾ ਦੁੱਖ ਦੇਖ ਕੇ ਤੇਰੇ ਮਨ ਵਿੱਚ ਉਸ ਪ੍ਰਤੀ ਕੁੱਝ ਕਰਨ ਦੀ ਤਾਂਘ ਪੈਦਾ ਹੁੰਦੀ। ਫਿਰ ਸਮਝਿਆ ਜਾ ਸਕਦਾ ਹੈ ਕਿ ਤੂੰ ਮਸੀਤ ਵਿੱਚ ਗਿਆ ਏਂ।

ਮਸੀਤਾਂ ਵਿੱਚ ਵਿੱਛੀਆਂ ਹੋਈਆਂ ਸਫ਼ਾਂ `ਤੇ ਨਿਮਾਜ਼ ਅਦਾ ਕੀਤੀ ਜਾਂਦੀ ਹੈ। ਇਸ ਦੇ ਇਲਾਵਾ ਜੇ ਕੋਈ ਮੁਸਲਮਾਨ ਵੀਰ ਸਫਰ ਵਿੱਚ ਹੁੰਦਾ ਹੈ ਜਾਂ ਮਸੀਤ ਤੋਂ ਦੂਰ ਬੈਠਾ ਹੈ ਤਾਂ ਨਿਮਾਜ਼ ਅਦਾ ਕਰਨ ਲਈ ਉਸ ਦੇ ਪਾਸ ਇੱਕ ਸਫ਼ ਜਾਂ ਚਿਟਾਈ ਹੁੰਦੀ ਹੈ। ਦਿਨ ਵਿੱਚ ਪੰਜ ਵਾਰ ਨਿਮਾਜ਼ ਅਦਾ ਕਰਨ ਲਈ ਸਫ਼ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਪਿਆਰਾ ਪ੍ਰਤੀਕ ਦੇ ਕੇ ਸਮਝਾਇਆ ਹੈ ਕਿ ਮਿੱਤਰਾ ਦੇਖ ਤੇਰੇ ਪਾਸ ਨਿਮਾਜ਼ ਪੜ੍ਹਨ ਲਈ ਸਫ਼ ਹੈ ਇਸ ਸਫ਼ `ਤੇ ਬੈਠ ਕੇ ਤੂੰ ਨਿਮਾਜ਼ ਪੜ੍ਹ ਰਿਹਾ ਏਂ ਪਰ ਸਫ਼ ਨੇ ਕਦੇ ਵੀ ਕੋਈ ਉਜਰਦਾਰੀ ਨਹੀਂ ਕੀਤੀ ਕਿ ਮੇਰੇ `ਤੇ ਬੈਠ ਕੇ ਤੂੰ ਆਪਣੇ ਸਰੀਰ ਦਾ ਭਾਰ ਕਿਉਂ ਪਾਇਆ ਹੋਇਆ ਈ? ਫਿਰ ਦੇਖ ਮਸੀਤਾਂ ਵਿੱਚ ਵਿੱਛੀਆਂ ਸਫ਼ਾਂ ਤੇ ਕਿੰਨੇ ਕਿੰਨੇ ਆਦਮੀ ਬੈਠ ਕੇ ਨਿਮਾਜ਼ ਪੜ੍ਹਦੇ ਹਨ ਪਰ ਉਹਨਾਂ ਸਫ਼ਾਂ ਦਾ ਧੰਨ ਜਿਗਰਾ ਹੈ ਕਿ ਉਹ ਅੱਗੋਂ ਕਦੇ ਵੀ ਬੋਲਦੀਆਂ ਨਹੀਂ ਹਨ। ਉਹਨਾਂ ਸਫ਼ਾਂ ਦਾ ਬਹੁਤ ਵੱਡਾ ਜਿਗਰਾ ਹੈ। ਕੀ ਤੂੰ ਕਦੇ ਸਫ਼ ਪਾਸੋਂ ਸਿੱਖਿਆ ਲੈਣ ਦਾ ਯਤਨ ਕੀਤਾ ਈ ਕਿ ਮੇਰੇ ਵਿੱਚ ਵੀ ਸਫ਼ ਵਰਗਾ ਸਿਦਕ ਆ ਜਾਏ ‘ਸਿਦਕੁ ਮੁਸਲਾ’ ਜੀਵਨ ਦੇ ਹਰ ਪਹਿਲੂ ਵਿੱਚ ਤੂੰ ਉੱਖੜਿਆ ਹੋਇਆ ਤੁਰ-ਫਿਰ ਰਿਹਾ ਏਂ ਘੋਟੋ ਘੱਟ ਨਿਮਾਜ਼ ਅਦਾ ਕਰਦਿਆਂ ਸਫ਼ ਪਾਸੋਂ ਹੀ ਸਿੱਖਿਆ ਲੈ ਸਕਦਾ ਏਂ।

ਅੱਜ ੧੧-੧੦-੨੦੧੦ ਦਾ ਦਿਨ ਹੈ ਤੇ ਹਰ ਅਖ਼ਬਾਰ ਵਿੱਚ ਸੁਪਰੀਮ ਕੋਰਟ ਵਲੋਂ ਦੇਸ ਦੀਆਂ ਸਰਕਾਰਾਂ ਪ੍ਰਤੀ ਇੱਕ ਟਿੱਪਣੀ ਆਈ ਹੈ ਕਿ ਜੇ ਵੱਢੀ ਲੈ ਕੇ ਹੀ ਦਫ਼ਤਰੀ ਢਾਂਚੇ ਨੇ ਕੰਮ ਕਰਨਾ ਹੈ ਤਾਂ ਇਹਨਾਂ ਦੀ ਸਹੂਲਤ ਲਈ ਵੱਢੀ ਲੈ ਕੇ ਕੰਮ ਕਰਨ ਦਾ ਕਨੂੰਨ ਹੀ ਬਣ ਦਿੱਤਾ ਜਾਏ ਤਾਂ ਕਿ ਸਹੀ ਕੰਮ ਵੀ ਸ਼ਰੇਆਮ ਵੱਢੀ ਲੈ ਕੇ ਸਮੇਂ ਸਿਰ ਕੀਤਾ ਜਾਏ। ਜਿਸ ਤਰ੍ਹਾਂ ਅੱਜ ਭਾਰਤ ਸਮੇਤ ਹੋਰ ਵੀ ਬਹੁਤ ਸਾਰੇ ਮੁਲਕਾਂ ਵਿੱਚ ਵੱਢੀ ਦਾ ਪੂਰੀ ਤਰ੍ਹਾਂ ਬੋਲ ਬਾਲਾ ਹੈ। ਸੇਵਾਦਾਰ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਵੱਢੀ ਦੀ ਅੱਗ ਵਿੱਚ ਝੁਲਸੇ ਪਏ ਹਨ। ਵੱਢੀ ਦੇ ਕੇਸਾਂ ਵਿੱਚ ਲਿਬੜੇ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਜੱਗ ਜਾਹਰ ਹੁੰਦੀਆਂ ਹੀ ਰਹਿੰਦੀਆਂ ਹਨ। ਕਿਸੇ ਨੂੰ ਵੀ ਆਪਣੀ ਕਿਰਤ ਕਮਾਈ ਤੇ ਯਕੀਨ ਹੀ ਨਹੀਂ ਰਿਹਾ। ਧਰਮ ਦੇ ਨਾਂ `ਤੇ ਪਲ਼ ਰਹੇ ਵਿਹਲੜ ਲੋਕਾਂ ਤੇ ਕੰਮਚੋਰਾਂ ਪ੍ਰਤੀ ਇਸ ਵਾਕ ਵਿੱਚ ਕਿਹਾ ਗਿਆ ਹੈ ਕਿ ਕੁਰਾਨ ਦਾ ਪਾਠ ਤਾਂ ਨਿੱਤ ਕਰ ਰਿਹਾ ਏਂ ਕਦੀ ਕੁਰਾਨ ਦੀ ਤਾਲੀਮ `ਤੇ ਵੀ ਚੱਲਿਆ ਏਂ ਕਿ ਨਹੀਂ ‘ਹਕ ਹਲਾਲੁ ਕੁਰਾਣੁ’ ਇਸ ਦਾ ਭਾਵ ਅਰਥ ਹੈ ਕਿ ਹਰ ਆਦਮੀ ਲਈ ਇਹ ਉਪਦੇਸ਼ ਹੈ ਕਿ ਧਰਮ ਦੀਆਂ ਪੁਸਤਕਾਂ ਪੜ੍ਹਦਿਆਂ ਹੋਇਆਂ ਹੱਕ ਦੀ ਕਮਾਈ ਵੀ ਕਰਨ ਵਲ ਵੀ ਧਿਆਨ ਦੇਵੇ। ਕੁਰਾਣ ਦਾ ਪਾਠ ਕਰਨ ਦਾ ਤਾਂ ਹੀ ਲਾਭ ਹੋ ਸਕਦਾ ਹੈ ਜੇ ਕਰ ਆਪਣੇ ਦਸਾਂ ਨਵਾਂ ਦੀ ਕਮਾਈ `ਤੇ ਯਕੀਨ ਰੱਖੇਂ।

ਸੁੰਨਤ ਦਾ ਅਸਲੀ ਮਕਸਦ ਤਾਂ ਮਨ ਦੇ ਵੇਗ ਨੂੰ ਵਿਕਾਰਾਂ ਵਲੋਂ ਮੋੜਨਾ ਸੀ ‘ਸਰਮ ਸੁੰਨਤਿ’ ਸਾਡਾ ਸਾਰਾ ਸਮਾਜ ਹੀ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ। ਘਰਾਂ ਵਿੱਚ ਸ਼ਰਮ ਹਯਾ ਨਾ ਰਹੇ ਤਾਂ ਘਰ ਤਬਾਹੀ ਦੇ ਕੰਢੇ ਤੇ ਪੁਹੰਚ ਜਾਂਦੇ ਹਨ। ਮੁਸਲਮਾਨ ਵੀਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਇੱਕ ਗੱਲ ਯਾਦ ਦਿਵਾ ਰਹੇ ਹਨ ਕਿ ਤੂੰ ਸ਼ਰਾ ਦੇ ਅਨੁਸਾਰ ਸੁੰਨਤ ਉੱਤੇ ਪੂਰਾ ਜ਼ੋਰ ਦੇ ਰਿਹਾ ਏਂ ਕਦੇ ਇਸ ਸੁੰਨਤ ਤੋਂ ਕੋਈ ਸਬਕ ਵੀ ਲਿਆ ਹੈ ਕਿ ਨਹੀਂ। ਸੁੰਨਤ ਤੋਂ ਤੂੰ ਸੇਧ ਲੈਣੀ ਸੀ ਪਰ ਲਈ ਨਹੀਂ। ਅਜੇਹੇ ਸਮੇਂ ਆਏ ਜਦੋਂ ਇਲਾਕੇ ਦੇ ਚੌਧਰੀ ਪਰਾਈਆਂ ਬੇਟੀਆਂ ਨੂੰ ਧੱਕੇ ਨਾਲ ਆਪਣੀਆਂ ਬੇਗ਼ਮਾਂ ਬਣਾ ਲੈਂਦੇ ਸਨ। ਸੁੰਨਤ ਤੋਂ ਸਬਕ ਲੈਣਾ ਸੀ ਭਾਵ ਸ਼ਰਮ ਹਯਾ ਨੂੰ ਆਪਣੇ ਪੱਲੇ ਬੰਨਣਾ ਸੀ। ਜੇ ਨਿਰੀ ਸੁੰਨਤ ਹੀ ਕਰਾ ਕੇ ਕਹੀ ਜਾਏਂ ਕਿ ਮੈਨੂੰ ਰੱਬ ਜੀ ਦੀ ਪ੍ਰਾਪਤੀ ਹੋ ਜਾਏਗੀ, ਫਿਰ ਮੇਰੀ ਇਹਦੇ ਨਾਲ ਕੋਈ ਸਹਿਮਤੀ ਨਹੀਂ ਹੈ। ਕਿੰਨਾ ਚੰਗਾ ਹੁੰਦਾ ਜੇ ਸ਼ਰਮ ਹਯਾ ਦੀ ਸੁੰਨਤ ਨੂੰ ਹਮੇਸ਼ਾਂ ਆਪਣੇ ਪੱਲੇ ਬੰਨ ਕੇ ਰੱਖਦਾ।

ਮੁਸਲਮਾਨੀ ਮਤ ਵਿੱਚ ਕਈ ਪ੍ਰਕਾਰ ਦੇ ਰੋਜੇ ਰੱਖੇ ਜਾਂਦੇ ਹਨ ਪਰ ਇਹਨਾਂ ਸਾਰਿਆਂ ਵਿਚੋਂ ਰਮਜਾਨ ਦੇ ਮਹੀਨੇ ਵਿੱਚ ਰੱਖਿਆ ਹੋਇਆ ਰੋਜਾ ਸਾਰੇ ਪਾਪਾਂ ਤੋਂ ਮੁਕਤੀ ਦਿਵਾਉਂਦਾ ਮੰਨਿਆ ਗਿਆ ਹੈ। ਸਾਰਾ ਮੁਸਲਮਾਨ ਜਗਤ ਰਮਜਾਨ ਦੇ ਰੋਜੇ ਰੱਖਦਾ ਹੈ ਤਾਂ ਕਿ ਪਾਪਾਂ ਤੋਂ ਮੁਕਤੀ ਮਿਲ ਸਕੇ। ਹਾਂ ਰੋਜੇ ਜ਼ਰੂਰ ਰੱਖ, ਤੈਨੂੰ ਕੋਈ ਵੀ ਨਹੀਂ ਰੋਕਦਾ ਪਰ ਤੂੰ ਇਹਨਾਂ ਰੋਜਿਆਂ ਵਿਚੋਂ ਕੋਈ ਸਾਰਥਕ ਗੱਲ ਤਾਂ ਸਿੱਖ ਲੈਂਦਾ। ਤੇ ਆਪਣੇ ਮਨ ਵਿੱਚ ਸਦਾ ਲਈ ਸ਼ਾਤੀ ਬਣਾਈ ਰੱਖਦਾ। ‘ਸੀਲੁ ਰੋਜਾ’ ਸੀਲ ਦਾ ਅਰਥ ਹੈ ਚੰਗਾ ਸੁਭਾਉ, ਚੰਗਾ ਵਰਤਾਓ ਵਧੀਆ ਸ਼ਿਸ਼ਟਾਚਾਰ ਤੇ ਇੱਕ ਦੂਜੇ ਦਾ ਮਾਨ ਸਨਮਾਨ ਕਰਨਾ। ਜੇ ਅਜੇਹੀਆਂ ਕਦਰਾਂ ਕੀਮਤਾਂ ਨਹੀਂ ਆਈਆਂ ਤਾਂ ਸੱਚ ਜਾਣੀ ਅਜੇ ਫਿਰ ਰੋਜਾ ਰੋਖਿਆ ਨਹੀਂ ਹੈ।

ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਜੇ ਤੂੰ ਦਇਆ ਦੀ ਮਸੀਤ, ਸਿਦਕ ਦਾ ਮਸੱਲਾ, ਕੁਰਾਣ ਦੀ ਪਾਕ ਤਲੀਮ ਅਨੁਸਾਰ ਕਿਸੇ ਦਾ ਹੱਕ ਨਾ ਮਾਰਨਾ, ਹਯਾ-ਸ਼ਰਮ ਦੀ ਸੁੰਨਤ ਕਰ ਲੈਣੀ, ਤੇ ਆਂਢ-ਗਵਾਂਢ ਨਾਲ ਚੰਗਾ ਵਰਤਾ ਕਰਨ ਦੀ ਜਾਚ ਸਿੱਖ ਲੈਣੀ ਭਾਵ ਇਹ ਪੰਜ ਨੁਕਤੇ ਆਪਣੀ ਸੋਚ ਦਾ ਹਿੱਸਾ ਬਣਾ ਲਏਂ ਤਾਂ ਮੈਂ ਸਮਝਾਂਗਾ ਤੂੰ— ‘ਹੋਹੁ ਮੁਸਲਮਾਣੁ’ ਅਸਲੀ ਮੁਸਲਮਾਨ ਹੈ।

ਮੁਸਲਮਾਨੀ ਮਤ ਵਿੱਚ ਹੱਜ ਕਰਨਾ ਬੜਾ ਪਵਿੱਤਰ ਗਿਣਿਆ ਗਿਆ ਹੈ। ਮੱਕੇ ਵਿੱਚ ਕਾਅਬੇ ਦੇ ਦਰਸ਼ਨ ਕਰਨ ਲਈ ਮੁਸਲਮਾਨ ਭਰਾ ਜਾਂਦੇ ਹਨ। ਮੁਸਲਮਾਨ ਭਰਾਵਾ ਤੈਨੂੰ ਹੱਜ ਕਰਨ ਤੋਂ ਕੋਈ ਵੀ ਨਹੀਂ ਰੋਕਦਾ। ਤੂੰ ਹੱਜ ਜ਼ਰੂਰ ਕਰ ਪਰ ਹੱਜ ਕਰਕੇ ਆਪਣਾ ਆਚਰਣ ਤਾਂ ਚਗਾ ਬਣਾ ਲੈਂਦਾ। ਜੇ ਹੱਜ ਕਰਕੇ ਤੇਰਾ ਆਚਰਣ ਸਹੀ ਨਹੀਂ ਬਣ ਸਕਿਆ ਤਾਂ ਫਿਰ ਤੂੰ ਹਨੇਰਾ ਹੀ ਢੋਇਆ ਹੈ। ਹਾਂ ਜੇ ਤੇਰੇ-- ‘ਕਰਣੀ ਕਾਬਾ’ ਕਰਮ ਨੇਕ ਹੋ ਗਏ ਹਨ ਤਾਂ ਫਿਰ ਤੈਨੂੰ ਹੱਜ ਕਰਨ ਦੀ ਜ਼ਰੂਰਤ ਨਹੀਂ ਹੈ।

ਜਿਵੇਂ ਮੈਂ ਮੁੱਢ ਵਿੱਚ ਲਿਖ ਆਇਆਂ ਹਾਂ ਧਰਮਾਂ ਦੀ ਦੁਨੀਆਂ ਵਿੱਚ ਲਿਬਾਸ ਨੂੰ ਬਹੁਤ ਜ਼ਿਆਦਾ ਮਾਨਤਾ ਮਿਲ ਗਈ ਹੈ ਇਸ ਲਈ ਹਰ ਜਣਾ ਖਣਾ ਅੱਜ ਧਰਮ ਦਾ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਇਹ ਸਮਝਣ ਲੱਗ ਪਿਆ ਹੈ ਕਿ ਮੈਂ ਧਰਮੀ ਬਣ ਗਿਆ ਹਾਂ। ਮੁਸਲਮਾਨੀ ਮਤ ਵਿੱਚ ਗ਼ੁਜ਼ਰ ਚੁੱਕੇ ਬਜ਼ੁਰਗਾਂ ਨੂੰ ਕਰਨੀ ਵਾਲੇ ਸਮਝ ਕੇ, ਉਹਨਾਂ ਦੀਆਂ ਕਬਰਾਂ ਬਣਾ ਕੇ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਨੂੰ ਪੀਰਾਂ ਦੇ ਂਨਾਂ `ਤੇ ਮਿੱਠਿਆਂ ਚੌਲ਼ਾਂ ਦੀਆਂ ਦੇਗਾਂ ਤਿਆਰ ਕਰਕੇ ਲਿਜਾਣ ਦੀ ਥਾਂ `ਤੇ ਅੰਦਰੋਂ ਬਾਹਰੋਂ ਸੱਚਾ ‘ਸਚੁ ਪੀਰੁ’ ਹੋਣ ਦਾ ਯਤਨ ਕਰ। ਜੇ ਤੂੰ ਅੰਦਰੋਂ ਬਾਹਰੋਂ ਸੱਚ ਬੋਲਣ ਲੱਗ ਪਏ ਤਾਂ ਏਹੀ ਅਸਲ ਪੀਰਾਂ ਦੀ ਸੇਵਾ ਹੈ।

ਸਵੇਰੇ ਸ਼ਾਮ ਕਲਮਾ ਪੜ੍ਹਦਾ ਏਂ ਨਿਮਾਜ ਅਦਾ ਕਰਦਾ ਏਂ ਪਰ ਇਹਨਾਂ ਦੇ ਗੁਣਾਂ ਵਲ ਵੀ ਨਿਗਾਹ ਮਾਰ ਲਿਆ ਕਰ— ‘ਕਲਮਾ ਕਰਮ ਨਿਵਾਜ’ ਪਹਿਲਾ ਕਦਮ ਹੈ, ਪੜ੍ਹਨਾ ਦੂਜਾ ਕਦਮ ਹੈ ਵਿਚਾਰਨਾ ਤੇ ਤੀਜਾ ਕਦਮ ਹੈ ਉਸ `ਤੇ ਅਮਲ ਕਰਨਾ ਇਸ ਨੂੰ ਮਨ, ਬਚ ਤੇ ਕਰਮ ਵੀ ਕਿਹਾ ਗਿਆ ਹੈ। ਅਸਲ ਧਰਮੀ ਤਾਂ ਓਦੋਂ ਹੀ ਬਣਿਆ ਜਾ ਸਕਦਾ ਹੈ ਜਦ ਸਾਡਾ ਜੀਵਨ ਅਮਲੀ ਰੂਪ ਧਾਰਨ ਕਰਦਾ ਹੈ। ਕਲਮਾ ਪੜ੍ਹਨ ਵਾਲਿਆ ਕਲਮੇ ਤੇ ਅਮਲ ਵੀ ਕਰਨ ਦਾ ਯਤਨ ਕਰ।

ਮੁਸਲਮਾਨੀ ਮਤ ਵਿੱਚ ਇੰਝ ਵੀ ਸਮਝਿਆ ਗਿਆ ਹੈ ਕਿ ਤਸਬੀ ਫੇਰਨ ਨਾਲ ਰੱਬ ਜੀ ਸਾਡੇ `ਤੇ ਬਹੁਤ ਖੁਸ਼ ਹੋਣਗੇ ਤੇ ਸਾਨੂੰ ਬਹੁਤ ਸਾਰੀਆਂ ਨਿਆਮਤਾਂ ਨਾਲ ਮਾਲਾ ਮਾਲ ਕਰ ਦੇਣਗੇ। ਗੁਰੂ ਨਾਨਕ ਸਾਹਿਬ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੋਏ।

ਜੇ ਰੱਬੀ ਕਨੂੰਨ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਈਏ ਤਾਂ ਏਹੀ ਸਹੀ ਅਰਥਾਂ ਵਿੱਚ ਤਸਬੀ ਹੈ— ‘ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ’॥

ਰੱਬੀ ਭਾਣੇ ਵਿੱਚ ਚੱਲਣਾ ਤਸਬੀ ਫੇਰਨਾ ਹੈ। ਰੱਬੀ ਗੁਣਾਂ ਨੂੰ ਤੇ ਅਸੀਂ ਸਮਝਿਆ ਨਹੀਂ ਪਰ ਤਸਬੀ ਪੂਰੀ ਘੁਮਾ ਦਿੱਤੀ ਹੈ।

ਇਸ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨਾਂ ਨੂੰ ਧਰਮੀ ਬਣਨ ਦੇ ਨੌਂ ਨੁਕਤੇ ਸਮਝਾਏ ਹਨ ਕਿ ਇਹਨਾਂ ਦੀ ਸਹੀ ਵਰਤੋਂ ਕੀਤਿਆਂ ਹੀ ਤੂੰ ਅਸਲ ਮੁਸਲਮਾਨ ਬਣ ਸਕਦਾ ਏਂ।

ਗੁਰਬਾਣੀ ਸਰਬ ਸਾਂਝੀ ਹੈ ਤੇ ਇਸ ਦਾ ਉਪਦੇਸ਼ ਵੀ ਸਾਰਿਆਂ ਲਈ ਸਾਂਝਾ ਹੈ। ਹੁਣ ਅਸੀਂ ਗੁਰਪੁਰਬ ਮਨਾ ਰਹੇ ਹਾਂ ਇਹਨਾਂ ਸਲੋਕਾਂ ਦਾ ਕੀਰਤਨ ਤੇ ਕਥਾ ਹੁੰਦੀ ਹੈ ਪਰ ਅਗਲੇ ਪਾਸੇ ਕੋਈ ਵੀ ਮੁਸਲਮਾਨ ਨਹੀਂ ਬੈਠਾ ਹੋਇਆ। ਸੰਗਤ ਵਿੱਚ ਸਾਰੇ ਸਿੱਖ ਹੀ ਬੈਠੇ ਹੋਏ ਹਨ। ਇਸ ਦਾ ਅਰਥ ਹੈ ਕਿ ਇਹ ਉਪਦੇਸ਼ ਸਾਰੀ ਮਨੱਖਤਾ ਲਈ ਸਾਂਝਾ ਹੈ। ਜਿਹੜਾ ਮਨੁੱਖ ਵੀ ਧਰਮ ਦੀਆਂ ਬਾਹਰਲੀਆਂ ਪ੍ਰਕਿਰਿਆਂਵਾਂ ਨਿਭਾਅ ਰਿਹਾ ਹੈ ਪਰ ਉਹਨਾਂ ਤੇ ਅਮਲ ਨਹੀਂ ਕਰਦਾ ਤਾਂ ਫਿਰ ਇਹਨਾਂ ਪ੍ਰਕਿਰਿਆਵਾਂ ਦਾ ਉਸ ਨੂੰ ਕੋਈ ਵੀ ਲਾਭ ਨਹੀਂ ਹੈ ਸਵਾਏ ਹੰਕਾਰ ਇਕੱਠਾ ਕਰਨ ਦੇ।

ਇਸ ਸਲੋਕ ਦੇ ਉਪਦੇਸ਼ ਨੂੰ ਅਸੀਂ ਆਪਣੇ `ਤੇ ਲੈ ਕੇ ਆਈਏ—

‘ਮਿਹਰ ਮਸੀਤਿ’ ਕੀ ਗੁਰਦੁਆਰੇ ਅੰਦਰ ਦਇਆ ਨਹੀਂ ਹੋਣੀ ਚਾਹੀਦੀ? ਦੁਨੀਆਂ ਦਾ ਸ਼ਾਇਦ ਹੀ ਕੋਈ ਗੁਰਦੁਆਰਾ ਹੋਵੇ ਜਿਥੇ ਲੜਾਈ ਝਗੜਾ ਨਾ ਹੋਇਆ ਹੋਵੇ। ਜੇ ਦਇਆ ਰੂਪੀ ਅਸੀਂ ਮਸੀਤ ਬਣਾਉਣੀ ਹੈ ਸਾਨੂੰ ਦਇਆ ਰੂਪੀ ਆਪਣੇ ਹਿਰਦੇ `ਤੇ ਗੁਰਦੁਆਰਾ ਵੀ ਬਣਾਉਣਾ ਪਏਗਾ। ਮਨੁੱਖਤਾ ਦੀ ਸੇਵਾ ਰੂਪੀ ਗੁਰਦੁਆਰੇ ਦੀ ਸਥਾਪਨਾ ਕਰਨੀ ਹੈ।

‘ਸਿਦਕੁ ਮੁਸਲਾ’ ਗੁਰਦੁਆਰੇ ਵਿੱਚ ਦਰੀਆਂ-ਗਲੀਚੇ ਤਾਂ ਝਾੜ੍ਹੇ ਜਾਂਦੇ ਹਨ ਪਰ ਸਿਦਕ ਵਾਲੀ ਕਹਾਣੀ ਕੋਈ ਨਹੀਂ ਦਿਸਦੀ ਜੇ ਇੱਕ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਤਾਂ ਉਸ ਦਾ ਸਿਦਕ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਤੇ ਨਵਾਂ ਗੁਰਦੁਆਰਾ ਬਣਾਉਣ ਦੀ ਤਿਆਰੀ ਕਰ ਲੈਂਦਾ ਹੈ। ਇਹਨਾਂ ਤੁਕਾਂ ਦਾ ਕੀਰਤਨ ਤੇ ਕਥਾ ਕਰਨ ਵਾਲਿਆਂ ਦੀ ਭੇਟਾ ਤੋਂ ਪ੍ਰਬੰਧਕਾਂ ਨਾਲ ਅਕਸਰ ਲੜਾਈ ਰਹਿੰਦਾ ਹੈ। ਦੋਨਾਂ ਧਿਰਾਂ ਨੇ ਹੀ ਸਿਦਕ ਵਲੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੁੰਦਾ ਹੈ।

‘ਹਕ ਹਲਾਲੁ ਕੁਰਾਣੁ’ ਹੱਕ ਹਲਾਲ ਤਾਂ ਹੁਣ ਕਹਿਣ ਮਾਤਰ ਹੀ ਰਹਿ ਗਿਆ ਹੈ। ਜ਼ਰਾ ਕੁ ਗਹੁ ਕਰਕੇ ਦੇਖਿਆ ਜਾਏ ਤਾਂ ਬਹੁਤੇ ਲੰਗਰ ਉਹਨਾਂ ਲੋਕਾਂ ਵਲੋਂ ਹੀ ਕਰਾਏ ਜਾ ਰਹੇ ਹਨ ਜਿੰਨ੍ਹਾਂ ਨੇ ਇਨਕਮ ਟੈਕਸ ਨੂੰ ਪੂਰੀ ਤਰ੍ਹਾਂ ਚੂਨਾ ਲਾਇਆ ਹੁੰਦਾ ਹੈ। ਉਸ ਠੇਕੇਦਾਰ ਦਾ ਨਾਂ ਘਰੋੜ ਘਰੋੜ ਕੇ ਲਿਆ ਜਾ ਰਿਹਾ ਹੁੰਦਾ ਹੈ ਜਿਸ ਨੇ ਮਜ਼ਦੂਰਾਂ ਦੀ ਬਣਦੀ ਮਜ਼ਦੂਰੀ ਵੀ ਨਹੀਂ ਦਿੱਤੀ ਹੁੰਦੀ। ਬਹੁਤੇ ਧਰਮੀ ਅਖਵਾਉਣ ਵਾਲਿਆਂ ਨੇ ਰਾਜਨੀਤਿਕ ਸਰਨ ਲੈਂਦਿਆ ਸਰਕਾਰੀ ਭੱਤੇ ਵਸੂਲੇ ਤੇ ਨਾਲ ਚੋਰੀ ਨੌਕਰੀ ਵੀ ਕੀਤੀ ਤੇ ਬਣਦਾ ਟੈਕਸ ਕੋਈ ਨਹੀਂ ਦਿੱਤਾ। ਗੁਰਦੁਆਰੇ ਦੀ ਸਟੇਜ ਤੇ ਧੂੰਆਂ ਧਾਰ ਭਾਸ਼ਨ ਇਹਨਾਂ ਦੇ ਸੁਣਨ ਵਾਲੇ ਹੁੰਦੇ ਹਨ ਕਿ ਭਾਈ ਬਾਬੇ ਨਾਨਕ ਜੀ ਨੇ ਸਾਨੂੰ ਹੱਕ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਧੰਨ ਸਿੱਖੀ ਤੇ ਧੰਨ ਇਸ ਦੇ ਖ਼ੈਰ ਖ਼ੂਆ---

‘ਸਰਮ ਸੁੰਨਤਿ’ ਗੁਰਬਾਣੀ ਦੇ ਸਰਬ ਸਾਂਝੇ ਉਪਦੇਸ਼ ਨੂੰ ਜਦੋਂ ਆਪਣੇ `ਤੇ ਲਾਗੂ ਕਰਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਸ਼ਰਮ ਹਯਾ ਤਾਂ ਸਾਡੇ ਪਾਸ ਵੀ ਹੋਣੀ ਚਾਹੀਦੀ ਹੈ। ਸਵੇਰੇ ਗੁਰਦੁਆਰੇ ਪਟਵਾਟੀ ਮੱਥਾ ਟੇਕ ਕੇ ਗਿਆ ਹੈ। ਬਹੁਤ ਹੀ ਆਜ਼ਿਜ਼ ਬਣਕੇ ਦੋਹਾਂ ਹੱਥਾਂ ਤੇ ਕੜਾਹ ਪ੍ਰਸ਼ਾਦ ਵੀ ਲਿਆ ਤੇ ਕਿੰਨਾ ਚਿਰ ਦੋਨਾਂ ਹੱਥਾਂ ਵਿੱਚ ਕੜਾਹ ਪ੍ਰਸ਼ਾਦ ਲੁਕਾ ਕੇ, ਸਿਰ ਸੁੱਟ ਇੰਝ ਬੈਠਾ ਸੀ ਜਿਵੇਂ ਸਾਰੀ ਦੁਨੀਆਂ ਦੇ ਦੁੱਖਾਂ ਦੀ ਨਿਵਰਤੀ ਲਈ ਇਸ ਇਕੱਲੇ ਨੇ ਹੀ ਭਗਤੀ ਕਰਨੀ ਹੈ। ਪਟਵਾਰ ਖਾਨੇ ਵਿੱਚ ਪਹੁੰਚਦਿਆਂ ਹੀ ਸ਼ਰਮ ਹਯਾ ਕਿੱਲੀ `ਤੇ ਟੰਗ ਕੇ ਹਰ ਲੋੜਵੰਦ ਦੀ ਪੁੱਠੀ ਖੱਲ ਲਾਹੀ ਜਾਣ ਨੂੰ ਆਪਣਾ ਪਰਮ ਧਰਮ ਸਮਝ ਰਿਹਾ ਹੋਵੇ। ਇੰਝ ਜਾਪਦਾ ਹੈ ਜਿਵੇਂ ਵੱਢੀ ਖਾਣ ਦੀ ਅਰਦਾਸ ਕਰਕੇ ਆਇਆ ਹੋਵੇ। ਜਿਹੜਾ ਉਪਦੇਸ਼ ਮੁਸਲਮਾਨ ਵੀਰ ਨੂੰ ਦਿੱਤਾ ਹੈ ਉਹ ਸਾਡੇ `ਤੇ ਵੀ ਓਨਾ ਹੀ ਲਾਗੂ ਹੁੰਦਾ ਹੈ।

‘ਸੀਲੁ ਰੋਜਾ’ ਜੇ ਪੇਟ ਨੂੰ ਭੁੱਖਾ ਰੱਖਣਾ ਹੀ ਹੈ ਤਾਂ ਵੈਰ ਭਾਵਨਾ ਤੋਂ ਭੁੱਖਾ ਰੱਖਿਆ ਜਾਏ। ਰੋਜਾ ਰੱਖਿਆਂ ਵੀ ਸੁਭਾਅ ਵਿਚੋਂ ਤਲਖ਼ੀ ਨਹੀਂ ਗਈ। ਵਰਤ ਰੱਖਣ ਵਾਲਿਆ ਕਦੇ ਆਪਣੇ ਸੁਭਾਅ ਵਿੱਚ ਦਿਆਨਤਦਾਰੀ ਵੀ ਲਿਆਉਣ ਦਾ ਯਤਨ ਕਰ। ਬਹੁਤੀ ਵਾਰੀ ਦੂਜਿਆਂ ਦਾ ਨਾਂ ਲੈ ਕੇ ਤਾਂ ਕਹੀ ਜਾਦੇ ਹਾਂ ਪਰ ਆਪਣੇ ਆਪ ਉੱਤੇ ਉਪਦੇਸ਼ ਨੂੰ ਢਾਲਣ ਦਾ ਯਤਨ ਨਹੀਂ ਕਰਦੇ। ਕੀ ਜਿਹੜੇ ਰੋਜਾ ਰੱਖਦੇ ਹਨ ਉਹ ਹੀ ਚੰਗਾ ਸੁਭਾਅ ਰੱਖਣ ਬਾਕੀਆਂ ਨੂੰ ਜ਼ਰੂਰਤ ਨਹੀਂ ਹੈ? ਨਹੀਂ ਹਰੇਕ ਪ੍ਰਾਣੀ ਨੂੰ ਆਪਣੇ ਸੁਭਾਅ ਵਿੱਚ ਸੀਲਵੰਤੀ ਸੁਭਾਅ ਲੈ ਕੇ ਆਉਣਾ ਹੈ। ਚੱਪਾ ਚੱਪਾ ਥਾਵਾਂ ਦੀ ਖ਼ਾਤਰ ਤਾਂ ਕਤਲ ਹੋ ਰਹੇ ਹਨ। ਘਰ ਵਿੱਚ ਸ਼ਾਤੀ ਬਣਾਈ ਰੱਖਣੀ ਹੈ।

‘ਕਰਣੀ ਕਾਬਾ’ ਧਰਮਾਂ ਦੀ ਦੁਨੀਆਂ ਵਿੱਚ ਇਹ ਸਮਝਿਆ ਗਿਆ ਹੈ ਕਿ ਆਪਣੇ ਜੀਵਨ ਵਿੱਚ ਇੱਕ ਵਾਰੀ ਕੇਂਦਰੀ ਧਾਰਮਕ ਅਸਥਾਨ ਦੇ ਦਰਸ਼ਨ ਕਰ ਆਓ ਮੁੜ ਸਾਰੀ ਜ਼ਿੰਦਗੀ ਵਿੱਚ ਕਦੇ ਪਾਪ ਨਹੀਂ ਲੱਗੇਗਾ ਤੇ ਪਿਛਲੇ ਸਾਰੇ ਪਾਪ ਮੁਆਫ਼ ਹੋ ਜਾਣਗੇ, ਹੈ ਨਾ ਵਧੀਆ ਸੌਦਾ। ਹੇਮਕੁੰਟ ਜਾਂ ਅੰਮ੍ਰਿਤਸਰ ਜਾਣ ਵਾਲਿਆ ਤੂੰ ਯਾਤਰਾ ਤਾਂ ਜ਼ਰੂਰ ਕਰ ਆਇਆ ਏਂ ਪਰ ਆਪਣਾ ਸੁਭਾਅ ਤਿਆਗਣ ਦਾ ਯਤਨ ਨਹੀਂ ਕੀਤਾ। ਆਪਣੇ ਅਚਰਣ ਨੂੰ ਉੱਚਾ ਚੁੱਕ ਲੈਂਦਾ ਏਹੀ ਧਾਰਮਕ ਅਸਥਾਨ ਦੀ ਯਾਤਰਾ ਹੈ। ਹੱਜ ਕਰਨ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ। ਜੇ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਵਿੱਚ ਕੋਈ ਡਾਕਟਰ ਬਿਨਾ ਜ਼ਰੂਰਤ ਤੋਂ ਅਪਰੇਸ਼ਨ ਕਰ ਦੇਵੇ ਤਾਂ ਕੀ ਕਿਹਾ ਜਾ ਸਕਦਾ ਹੈ ਇੱਕ ਤੇ ਬੜਾ ਪਰਉਪਕਾਰੀ ਡਾਕਟਰ ਹੈ ਗੁਰੂ ਨਗਰੀ ਵਿੱਚ ਰਹਿੰਦਾ ਹੈ। ਗਰੀਬ ਮਰੀਜ਼ਾਂ ਦੀ ਛਿੱਲ਼ ਲਾਹ ਕੇ ਨਗਰ ਕੀਰਤਨਾਂ ਵਿੱਚ ਕੇਲਿਆਂ ਦਾ ਪ੍ਰਸ਼ਾਦ ਦੇਣ ਵਾਲਿਆ ਡਾਕਟਰਾ ਆਪਣੇ ਆਚਰਣ ਨੂੰ ਚੰਗਾ ਬਣਾ।

‘ਸਚੁ ਪੀਰੁ’ ਪੰਜਾਬ ਦੇ ਹਰ ਪਿੰਡ ਵਿੱਚ ਪੀਰਾਂ, ਮੁਰੀਦਾਂ ਜਾਂ ਜੇਠਿਆਂ ਦੀਆਂ ਜਗ੍ਹਾਵਾਂ ਬਣੀਆਂ ਹੋਈਆਂ ਹਨ। ਜਨ ਸਧਾਰਣ ਕਿਰਸਾਨ ਵਿਚਾਰ ਡਰਦਾ ਹੈ ਕਿ ਕਿਤੇ ਕੋਈ ਸਰਾਪਿਆ ਹੋਇਆ ਪੀਰ ਮੈਨੂੰ ਵੀ ਸਰਾਪ ਨਾ ਦੇਵੇ। ਏਸੇ ਕਾਰਨ ਹਰ ਵੀਰਵਾਰ ਨੂੰ ਪੀਰਾਂ ਦੀ ਕਬਰ `ਤੇ ਚਾਦਰਾਂ ਚੜਾਈਆਂ ਜਾਂਦੀਆਂ ਹਨ ਤੇ ਉਹਨਾਂ ਦੀ ਥਾਵਾਂ `ਤੇ ਮੰਨਤਾਂ ਦੀ ਪੂਰਤੀ ਲਈ ਪੂਜਾ ਪਾਠ ਕਰਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਇਹਨਾਂ ਬੰਧਨਾਂ ਤੋਂ ਮੁਕਤ ਕਰਾਉਂਦਿਆਂ ਸਿੱਧਾ ਤੇ ਸਰਲ ਰਸਤਾ ਦੱਸਿਆ ਹੈ ਕਿ ਭਲਿਆ ਮਿੱਟੀ ਦੀ ਢੇਰੀ ਨੂੰ ਤੂੰ ਪੀਰ ਨਾ ਸਮਝ ਸਗੋਂ ਅੰਦਰੋਂ ਬਾਹਰੋਂ ਇਕੋ ਜੇਹਾ ਹੋ ਜਾ। ਜੋ ਵਿਚਾਰ ਤੇਰੇ ਮਨ ਵਿੱਚ ਹਨ ਉਹਨਾਂ ਨੂੰ ਬਾਹਰ ਲਿਆਉਣ ਦਾ ਯਤਨ ਕਰ। ਨਿਰ-ਸੰਕੋਚ ਸੱਚ ਦੀ ਖੁਲ੍ਹ ਕੇ ਵਰਤੋਂ ਕਰ।

‘ਕਲਮਾ ਕਰਮ ਨਿਵਾਜ’ ਮਨੱਖ ਆਪਣੇ ਆਪ ਨੂੰ ਹਮੇਸ਼ਾਂ ਧਰਮੀ ਸਾਬਤ ਕਰਨ ਦੇ ਯਤਨ ਵਿੱਚ ਲੱਗਾ ਹੋਇਆ ਹੈ। ਜੇ ਕਿਤੇ ਆਮ ਦਿਨਾਂ ਨਾਲੋਂ ਇੱਕ ਦਿਨ ਪਹਿਲਾਂ ਉੱਠ ਬੈਠਦਾ ਹੈ ਤਾਂ ਇਹ ਅੱਡੀਆਂ ਚੁੱਕ ਚੁੱਕ ਗਵਾਂਢੀਆਂ ਵਲ ਨੂੰ ਦੇਖਦਾ ਹੈ ਕਿ ਸਵੇਰ ਉੱਠੇ ਹਨ ਕਿ ਨਹੀਂ। ਜੇ ਗਵਾਂਢੀ ਉੱਠੇ ਨਾ ਹੋਣ ਤਾਂ ਆਪਣੇ ਆਪ ਵਿੱਚ ਕਹੀ ਜਾਏਗਾ ਬੇੜਾ ਗਰਕ ਹੋ ਗਿਆ ਹੈ ਧਰਮ ਦਾ, ਕਿਆ ਕਲਜੁੱਗ ਦਾ ਜ਼ਮਾਨਾ ਆ ਗਿਆ ਹੈ ਲੋਕ ਅਜੇ ਵੀ ਸੁੱਤੇ ਪਏ ਹਨ। ਇਹ ਸਾਰੇ ਹੀ ਨਰਕਾਂ ਵਿੱਚ ਜਾਣਗੇ। ਨਿਤਨੇਮ ਕਰਨ ਦਾ ਮਨੋਰਥ ਤਾਂ ਏਹੀ ਹੈ ਕਿ ਸਾਡਾ ਜੀਵਨ ਅਮਲੀ ਬਣ ਸਕੇ। ਨਿਤਨੇਮ ਕਰਕੇ ਬੱਤੀਆਂ ਬੰਦ ਕਰਕੇ ਨਾਮ ਜੱਪਣ ਵਾਲਿਆ ਘੱਟੋ ਘੱਟ ਆਪਣੇ ਵਿਚਲੀ ਕੁੜੱਤਣ ਨੂੰ ਤਾਂ ਦੂਰ ਕਰ ਲੈਂਦਾ।

‘ਤਸਬੀ ਸਾ ਤਿਸੁ ਭਾਵਸੀ’ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾ ਤਾਂ ਜ਼ਰੂਰ ਰਹੇ ਹਾਂ ਪਰ ਜਿਹੜਾ ਉਹਨਾਂ ਮਾਲਾ ਨੂੰ ਰੱਦ ਕਰਨ ਵਾਲਾ ਸਿਧਾਂਤ ਦਿੱਤਾ ਹੈ ਉਸ ਨੂੰ ਮੰਨਣ ਲਈ ਤਿਆਰ ਵੀ ਨਹੀਂ ਹਾਂ। ਅਸੀਂ ਤੇ ਪੱਕੇ ਤੌਰ `ਤੇ ਲੋਹੇ ਦੇ ਸਿਮਰਣੇ ਫੜ ਲਏ ਹਨ। ਗੁਰੂ ਸਾਹਿਬ ਜੀ ਨੇ ਫਰਮਾਇਆ ਹੈ ਕਿ ਲੋਹੇ ਦੇ ਸਿਮਰਨਿਆਂ ਦੀ ਗੱਲ ਛੱਡ ਕੇ ਤੂੰ ਰੱਬੀ ਨਿਯਮਾਵਲੀ ਵਿੱਚ ਵਿਚਰਨ ਦਾ ਯਤਨ ਕਰ। ਲੋਹੇ ਦਾ ਸਿਮਰਣਾ ਫੜੀ ਬੈਠਿਆ ਤੂੰ ਤੇ ਆਪਣੇ ਭਰਾ ਦਾ ਬਣਿਆ ਹੋਇਆ ਕੜਾਹ ਪ੍ਰਸ਼ਾਦ ਲੈਣ ਲਈ ਹੀ ਨਹੀਂ ਤਿਆਰ ਹੋਇਆ। ਫਿਰ ਇਸ ਸਿਮਰਣੇ ਘੁਮਾਏ ਦਾ ਕੀ ਲਾਭ ਹੈ?

‘ਹੋਹੁ ਮੁਸਲਮਾਣੁ’ ਜੇ ਮੁਸਲਮਾਨ ਭਰਾ ਦਾ ਨਾਂ ਲੈ ਕੇ ਗੱਲ ਕੀਤੀ ਹੈ ਤਾਂ ਇਹ ਸਾਡੇ `ਤੇ ਵੀ ਲਾਗੂ ਹੁੰਦੀ ਹੈ। ਗੁਰੂ ਸਾਹਿਬ ਜੀ ਦੇ ਉਪੋਰਕਤ ਤੱਥਾਂ ਨੂੰ ਆਪਣੇ ਵਿਚਾਰ ਅਧੀਨ ਲੈ ਆਈਏ ਤਾਂ ਅਸੀਂ ਸਚਿਆਰ ਮਨੁੱਖ ਬਣ ਸਕਦੇ ਹਾਂ।

‘ਨਾਨਕ ਰਖੈ ਲਾਜ’ ਬੁਰਾਈਆਂ, ਵਿਕਾਰ ਵਲੋਂ ਮੁਕਤੀ ਮਿਲ ਸਕਦੀ ਹੈ। ਪਰਮਪਦ ਦੀ ਪ੍ਰਾਪਤੀ ਵਲ ਨੂੰ ਵਧਿਆ ਜਾ ਸਕਦਾ ਹੈ। ਉਪੋਰਕਤ ਤੱਥਾਂ ਦੇ ਢਾਂਚੇ ਵਿੱਚ ਫਿੱਟ ਹੋਇਆ ਹੀ ਅਸੀਂ ਨੇਕ ਇਨਸਾਨ ਬਣ ਸਕਦੇ ਹਾਂ।

ਫ਼ਰਸ਼ਤੋਂ ਸੇ ਭੀ ਬੇਹਤਰ ਹੈ ਇਨਸਾਨ ਬਣਨਾ,

ਮਗ਼ਰ ਇਸ ਮੇਂ ਪੜਤੀ ਹੈ ਮਿਹਨਤ ਜ਼ਿਆਦਾ।
.