.

ਹੁਣ ਮਾਘ ਸੁਦੀ 13 ਕਿਉਂ ਨਹੀਂ?
ਸਰਵਜੀਤ ਸਿੰਘ ਸੈਕਰਾਮੈਂਟੋ

ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁਖੋਂ 19 ਮਾਘ, ਮਾਘ ਸੁਦੀ 13 ਬਿਕ੍ਰਮੀ 1686 ਦਿਨ ਸ਼ਨਿਚਰਵਾਰ, 16 ਜਨਵਰੀ 1630 ਜੂਲੀਅਨ ਨੂੰ ਕਰਤਾਰਪੁਰ ਵਿਖੇ ਹੋਇਆ ਸੀ। ਭਾਵੇਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਉਪਲੱਭਦ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋਂ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ , ਮਾਘ ਸੁਦੀ 13, ਸੰਮਤ 1693 ਬਿ:, 28 ਜਨਵਰੀ ਸੰਨ 1637 ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ 2 ਮਾਘ ਬਣਦੀ ਹੈ, ਬ੍ਰਿ: ਸੰਮਤ 1693 ਜਾਂ ਸੰਨ 1637 ਈ ਮੰਨਣ ਯੋਗ ਨਹੀ ਹੈ। ਪੋ. ਕਰਤਾਰ ਸਿੰਘ ਐਮ ਏ ਦੀ ਕਿਤਾਬ ‘ਸਿੱਖ ਇਤਿਹਾਸ ਭਾਗ 1’ ਜੋ ਸ਼੍ਰੋਮਣੀ ਕਮੇਟੀ ਵਲੋਂ ਹੀ ਛਾਪੀ ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ 16 ਜਨਵਰੀ, ਸੰਨ 1630 ਲਿਖੀ ਹੋਈ ਹੈ। ਹੋਰ ਵੀ ਬੁਹਤੇ ਵਿਦਿਵਾਨ ਮਾਘ ਸੁਦੀ 13, 19 ਮਾਘ ਸੰਮਤ 1686 ਮੁਤਾਬਕ ਸ਼ਨਿਚਰਵਾਰ 16 ਜਨਵਰੀ ਸੰਨ 1630 ਨਾਲ ਸਹਿਮਤ ਹਨ। ਨਾਨਕਸ਼ਾਹੀ ਕੈਲੰਡਰ ਮੁਤਾਬਕ 19 ਮਾਘ ਹਰ ਸਾਲ 31 ਜਨਵਰੀ ਨੂੰ ਹੀ ਆਉਂਦੀ ਹੈ। 14 ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਵੀ ਇਹ ਦਿਹਾੜਾਂ 31 ਜਨਵਰੀ ਦਾ ਹੀ ਦਰਜ ਹੈ। ਪਰ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਉਸ ਦਿਨ 19 ਮਾਘ ਨਹੀ ਸਗੋਂ 18 ਮਾਘ ਹੈ ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋਂ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ। ਅਜੇਹਾ ਕਿਓ? ਉਹ ਸਾਧ ਬਾਬੇ ਜਿਹੜੈ ਪਿਛਲੇ ਕਈ ਸਾਲ ਬਿਨਾਂ ਕਿਸੇ ਦਲੀਲ ਤੋਂ ਇਹ ਰੌਲਾ ਪਾਉਂਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀ ਹੈ) ਹੁਣ ਸ਼ੋਮਣੀ ਕਮੇਟੀ ਵਲੋਂ ਗੁਰੂ ਹਰ ਰਾਏ ਸਾਹਿਬ ਜੀ ਦਾ ਜਨਮ 19 ਮਾਘ ਤੋਂ ਬਦਲਕੇ 18 ਮਾਘ ਨੂੰ ਕਰਨ ਤੇ ਕਿਓ ਚੁੱਪ ਹਨ? ਸ਼ਾਇਦ ਇਹ ਛੋਟੀਆਂ–ਮੋਟੀਆਂ ਗੱਲਾਂ ਬਾਬਿਆਂ ਦੇ ਧਿਆਨ ਵਿਚ ਨਾ ਆਉਂਦੀਆਂ ਹੋਣ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ 23 ਪੋਹ (5 ਜਨਵਰੀ) ਦੀ ਬਜਾਏ ਪੋਹ ਸੁਦੀ 7 (11 ਜਨਵਰੀ) ਨੂੰ ਮਨਾਉਣ ਵਾਲੇ ਬਾਬਿਆਂ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 13 ਨੂੰ ਹੀ ਨਹੀ ਮਨਾਉਣਾ ਚਾਹੀਦਾ ਹੈ ਜੋ ਇਸ ਸਾਲ 16 ਫਰਵਰੀ ਦਿਨ ਬੁਧਵਾਰ ਨੂੰ ਅਉਂਦਾ ਹੈ। ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਮੁਤਾਬਕ ਅਤੇ ਦੂਜਾ ਸੂਰਜੀ ਦੇ ਕੈਲੰਡਰ (18 ਮਾਘ ਜੋ ਅਸਲ `ਚ 19 ਮਾਘ ਹੈ) ਮੁਤਾਬਕ ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ ਤਾਂ ਭੰਬਲਭੂਸਾ ਕਿਸ ਨੂੰ ਆਖੌਗੇ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਦਿਹਾੜਾਂ 19 ਮਾਘ ਤੋਂ 18 ਮਾਘ ਕਰਨ ਜਾਂ ਮਾਘ ਸੁਦੀ 13 ਤੋਂ ਬਦਲ ਕੇ ਮਾਘ ਵਦੀ 13 ਨੂੰ, ਭਾਵ 16 ਦਿਨ ਪਹਿਲਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਜੇ ਸੰਤਾਂ ਦੀ ਯੂਨੀਅਨ ਦਾ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਬੇਈਮਾਨ ਨਹੀ ਹੈ ਤਾਂ ਉਹ ਸਿੱਖ ਸੰਗਤ ਨੂੰ ਸਪੱਸ਼ਟ ਕਰੇ ਕਿ ਸੰਤਾਂ ਦੀ ਯੂਨੀਅਨ ਹੁਣ ਅੱਖੀ ਦੇਖ ਕੇ ਮੱਖੀ ਕਿਉ ਨਿਗਲ਼ ਰਹੀ ਹੈ? ਹੁਣ ਤਾਂ 16 ਦਿਨਾਂ ਦਾ ਫਰਕ ਹੈ ਕੀ ਹੁਣ ਵੀ ਤੁਹਾਨੂੰ ਦਿਖਾਈ ਨਹੀ ਦਿੰਦਾ? ਹੁਣ ਤਾਂ ਮਾਘ ਸੁਦੀ 13 ਤੋਂ ਬਦਲ ਕੇ ਮਾਘ ਵਦੀ 13 ਨੂੰ (16 ਦਿਨ ਪਹਿਲਾ) ਕਰ ਦਿੱਤਾ ਗਿਆ ਹੈ। ਹੁਣ ਤੁਹਾਡੇ ਚੁਪ ਰਹਿਣ ਪਿਛੇ ਕੀ ਸਾਜਿਸ਼ ਹੈ। ਇਤਿਹਾਸਕ ਤਾਰੀਖਾਂ ਦਾ ਮਲੀਆਂਮੇਟ ਕਰਕੇ, ਇਹ ਕਿਹੜੀ ਏਕਤਾ ਪੈਦਾ ਕੀਤੀ ਜਾ ਰਹੀ ਹੈ?
ਬਾਬਿਓ ਕੌਮ ਨੂੰ ਜੁਵਾਬ ਦਿਓ! 31 ਜਨਵਰੀ ਨੂੰ ਨਾ ਤਾਂ 19 ਮਾਘ ਹੈ, ਨਾ ਹੀ ਮਾਘ ਸੁਦੀ 13 ਹੈ ਅਤੇ ਨਾ ਹੀ ਜਨਵਰੀ 16, ਹੁਣ ਇਸ ਕੈਲੰਡਰ ਨੂੰ ਕਿਹੜਾਂ ਕੈਲੰਡਰ ਕਿਹਾ ਜਾਵੇ? ਇਸ ਤੋਂ ਵੀ ਹੈਰਾਨੀ ਦੀ ਗੱਲ! ਸੰਤਾਂ ਦੀ ਯੁਨੀਅਨ ਦੇ ਪ੍ਰਧਾਨ, ਕੈਲੰਡਰ ਦੇ ਅਖੌਤੀ ਵਿਦਵਾਨ ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵਲੋਂ ਛਾਪੀ ਗਈ ਵਡ ਅਕਾਰੀ ਕਿਤਾਬ ‘ਗੁਰਬਾਣੀ ਪਾਠ ਦਰਪਣ’ ਵਿਚ ਦਰਜ, ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ “1687 ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ, 5 ਫਰਵਰੀ 1630 ਈ; ਨਛੱਤਰ ਭਰਣੀ” (1687 ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ, 5 ਫਰਵਰੀ, 1631 ਜੁਲੀਅਨ ਨੂੰ ਸੀ ਨਾਕੇ 1630 ਨੂੰ) `ਚ ਕੋਈ ਵੀ ਤਾਰੀਖ 31 ਜਨਵਰੀ ਨੂੰ ਨਹੀਂ ਆਉਂਦੀ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਮਦਮੀ ਟਕਸਾਲ ਦਾ ਮੁਖੀ, ਆਪਣੇ ਮੁਖੀਆਂ ਵਲੋਂ ਲਿਖੇ ਗਏ ਇਤਿਹਾਸ `ਚ ਦਰਜ ਤਾਰੀਖਾਂ ਨੂੰ ਛੱਡਕੇ, ਸ਼੍ਰੋਮਣੀ ਕਮੇਟੀ ਵਲੋਂ ਨਿਰਧਾਰਤ ਕੀਤੀਆਂ ਗਈਆ ਗੱਲਤ ਤਾਰੀਖਾਂ ਨੂੰ ਕਿਓ ਮਾਨਤਾ ਦੇ ਰਿਹਾ ਹੈ? ਸ਼੍ਰੋਮਣੀ ਕਮੇਟੀ ਨੇ 14 ਮਾਰਚ 2010 ਨੂੰ ਜਾਰੀ ਕੀਤੇ ਕੈਲੰਡਰ ਵਿਚ 31 ਜਨਵਰੀ ਕਿਸ ਅਧਾਰ ਤੇ ਲਿਖੀ ਹੈ। ਹੁਣ ਸੰਤਾਂ ਦੀ ਯੂਨੀਅਨ ਦਾ ਕਿਸ ਅਧਾਰ ਤੇ ਧੁਮੱਕੜਸ਼ਾਹੀ ਕੈਲੰਡਰ ਦੀ ਹਮਾਇਤ ਕਰਦੀ ਹੈ? ਸਿਰਫ ਹਮਾਇਤ ਹੀ ਨਹੀ ਕਰਦੀ ਸਗੋਂ ਵਿਚਾਰ ਚਰਚਾ ਲਈ ਚੈਲ਼ੰਜ ਕਰਨ ਦੇ ਨਾਲ-ਨਾਲ ਅਗਲੀ ਰਣਨੀਤੀ ਤਿਆਰ ਕਰਨ ਦੇ ਡਰਾਵੇ ਵੀ ਦਿੰਦੀ ਹੈ ਪਰ! ਕਿਸੇ ਸਵਾਲ ਦਾ ਜੁਵਾਬ ਨਹੀ ਦਿੰਦੀ!
ਭਾਈ ਹਰੀ ਸਿੰਘ ਰੰਧਾਵਾ ਜੀ (ਜਨਰਲ ਸਕੱਤਰ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ) ਇਹ ਜਾਣਕਾਰੀ ਦਿਓ ਕਿ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਮਾਘ ਸੁਦੀ 13 ਮੁਤਾਬਕ 16 ਫਰਵਰੀ ਦਿਨ ਬੁਧਵਾਰ ਨੂੰ ਕਿਉਂ ਨਹੀ ਮਨਾਇਆ ਜਾ ਰਿਹਾ? ਹੁਣ ਦੇਖਦੇ ਹਾਂ ਕਿ ਭਾਈ ਹਰੀ ਸਿੰਘ ਜੀ ਆਪਣੇ ਬਿਆਨ, “ਜਿਸ ਕਿਸੇ ਨੂੰ ਵੀ ਇਸ ਬਾਰੇ ਭੁਲੇਖਾ ਹੈ ਉਹ ਜਦੋਂ ਮਰਜੀ ਮੀਡੀਆਂ ਵਿਚ ਬਹਿਸ ਕਰ ਲਵੇ” ਤੇ ਕਾਇਮ ਰਹਿੰਦੇ ਹਨ ਜਾਂ ਆਪਣੀ ਆਦਤ ਮੁਤਾਬਕ ਕੋਈ ਨਵੀ ਢੁੱਚਰ ਡਾਂਹ ਕਿ ਵਿਚਾਰ-ਚਰਚਾ ਤੋਂ ਮੁਖ ਮੋੜ ਲੈਦੇ ਹਨ।
ਖਾਲਸਾ ਜੀ, ਜਾਗੋ ਅਤੇ ਸੋਚੋ! ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਨਾਲ ਅਤੇ ਦੂਜਾ ਸੂਰਜੀ ਦੇ ਕੈਲੰਡਰ (18 ਮਾਘ ਜੋ ਅਸਲ `ਚ 19 ਮਾਘ ਹੈ) ਨਾਲ ਮਨਾਉਣ ਪਿੱਛੇ ਇਨ੍ਹਾਂ ਦੀ ਚਾਲ ਨੁੰ ਸਮਝੋ। ਅੱਜ ਦੇ ਵਿਗਿਆਨਿਕ ਯੁਗ ਵਿਚ ਵੀ ਇਹ ਵੇਲੜਾਂ ਦੀ ਫੌਜ ਨਹੀ ਚਹੁੰਦੀ ਕਿ ਸੰਗਤਾ ਗਿਆਨਵਾਨ ਹੋਣ। ਕਿਰਤ ਤੋਂ ਭਗੌੜੇ ਤਾਂ ਇਹ ਹੀ ਚਹੁੰਦੇ ਹਨ ਕਿ ਸੰਗਤਾ ਸਾਥੋ ਪੁਛ ਕੇ ਹੀ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਤਾਂ ਜੋ ਇਨ੍ਹਾਂ ਦਾ ਲੁਟ ਦਾ ਸਿਧਾਂਤ ਬਰਕਰਾਰ ਰਹੇ।




.