ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 08)
ਜਾਗਤੁ
ਬਿਗਸੈ ਮੂਠੋ ਅੰਧਾ॥ ਗਲਿ ਫਾਹੀ ਸਿਰਿ ਮਾਰੇ ਧੰਧਾ॥
ਆਸਾ ਆਵੈ ਮਨਸਾ ਜਾਇ॥ ਉਰਝੀ ਤਾਣੀ ਕਿਛੁ ਨ ਬਸਾਇ॥ ੧॥
ਜਾਗਸਿ ਜੀਵਣ ਜਾਗਣਹਾਰਾ॥ ਸੁਖ ਸਾਗਰ ਅੰਮ੍ਰਿਤ ਭੰਡਾਰਾ॥ ੧॥ ਰਹਾਉ॥
ਕਹਿਉ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ॥
ਆਪੇ ਪ੍ਰੀਂਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ॥ ੨॥
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ॥
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ॥ ੩॥
ਅਹਿਨਿਸਿ ਜੀਆ ਦੇਖਿ ਸਮਾੑਲੈ ਸੁਖੁ ਦੁਖੁ ਪੁਰਬਿ ਕਮਾਈ॥
ਕਰਮ ਹੀਣੁ ਸਚੁ ਭੀਂਖਿਆ ਮਾਂਗੈ ਨਾਨਕ ਮਿਲੈ ਵਡਾਈ॥ ੪॥ (੧੩੩੦)
॥ ਰਹਾਉ॥ ਜਾਗਸਿ ਜੀਵਣ ਜਾਗਣਹਾਰਾ॥ ਸੁਖ ਸਾਗਰ ਅੰਮ੍ਰਿਤ ਭੰਡਾਰਾ॥ ੧॥ ਰਹਾਉ॥
ਸਾਰੀ ਦੁਨੀਆ ਦੀ ਜ਼ਿੰਦਗੀ, ਜੀਵਨ ਦਾ ਆਧਾਰ, ਪ੍ਰਭੂ ਹਰ ਵੇਲੇ ਸੁਚੇਤ, ਸਦਾ ਜਾਗਦਾ ਰਹਿਣ ਵਾਲਾ ਹੈ।
ਬੰਦਾ, ਮਾਇਆ ਮੋਹ ਦੀ ਨੀਂਦ ਵਿੱਚ ਹਰ ਵੇਲੇ ਗਾਫਲ ਰਹਿੰਦਾ ਹੈ। ਹੇ ਪਰਮਾਤਮਾ ਇਹ ਸਮਰਥਾ, ਸਿਫਤ ਤੇ
ਸਿਰਫ ਤੇਰੇ ਵਿੱਚ ਹੀ ਹੈ ਕਿ ਤੇਰੇ ਤੇ ਮਾਇਆ ਮੋਹ ਦੀ ਨੀਂਦ ਕਦੀ ਅਸਰ ਨਹੀਂ ਕਰਦੀ। ਹੇ ਸੁਖਾਂ ਦੇ
ਸਮੁੰਦਰ ਪ੍ਰਭੂ, ਤੇਰੇ ਕੋਲ ਹੀ ਅੰਮ੍ਰਿਤ ਦੇ ਉਹ ਭੰਡਾਰ ਹਨ, ਜੋ ਮਾਇਆ ਮੋਹ ਦੇ ਵਿਚ, ਆਤਮਕ ਮੌਤੇ
ਮਰੇ ਬੰਦੇ ਨੂੰ ਜਿਉਂਦਾ ਕਰਨ ਦੇ ਸਮਰੱਥ ਹੈ।
॥ ੧॥ ਜਾਗਤੁ ਬਿਗਸੈ ਮੂਠੋ ਅੰਧਾ॥ ਗਲਿ ਫਾਹੀ ਸਿਰਿ ਮਾਰੇ ਧੰਧਾ॥
ਆਸਾ ਆਵੈ ਮਨਸਾ ਜਾਇ॥ ਉਰਝੀ ਤਾਣੀ ਕਿਛੁ ਨ ਬਸਾਇ॥ ੧॥
ਬੰਦਾ ਅਜਿਹਾ ਸਮਝਦਾ ਹੈ ਕਿ ਮੈਂ ਬਹੁਤ ਸੁਚੇਤ ਹਾਂ, ਬਹੁਤ ਚਤੁਰ ਹਾਂ, ਇਸ ਭੁਲੇਖੇ ਵਿੱਚ ਹੀ ਉਹ
ਖੁਸ਼ ਹੁੰਦਾ ਰਹਿੰਦਾ ਹੈ ਕਿ ਮੈਂ ਜਾਗ ਰਿਹਾ ਹਾਂ, ਹਰ ਪਾਸਿਉਂ ਚੌਕਸ ਹਾਂ, ਪਰ ਉਹ ਮਾਇਆ ਮੋਹ ਵਿੱਚ
ਅੰਨ੍ਹਾ ਹੋਇਆ, ਵਿਕਾਰਾਂ ਹਥੋਂ ਲੁਟਿਆ ਜਾ ਰਿਹਾ ਹੈ, ਵਿਕਾਰ ਹਰ ਵੇਲੇ ਉਸ ਦੀ ਆਤਮਕ ਪੂੰਜੀ ਲੁੱਟ
ਰਹੇ ਹਨ। ਉਸ ਦੇ ਗਲ ਵਿੱਚ ਤਾਂ ਮਾਇਆ ਮੋਹ ਦੀ ਫਾਹੀ ਪਈ ਹੋਈ ਹੈ, ਪਰ ਉਸ ਨੂੰ ਇਸ ਬਾਰੇ ਕੋਈ ਸੋਝੀ
ਨਹੀਂ ਹੈ, ਜੋ ਉਹ ਉਸ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰ ਸਕੇ। ਉਸ ਦੇ ਸਿਰ ਤੇ ਤਾਂ ਹਰ ਵੇਲੇ,
ਦੁਨਿਆਵੀ ਲੋੜਾਂ ਦਾ ਭੂਤ ਸਵਾਰ ਰਹੰਦਾ ਹੈ। ਇਸ ਤਰ੍ਹਾਂ ਉਹ ਜਿਨ੍ਹਾਂ ਆਸਾਂ ਅਧੀਨ, ਇਸ ਸੰਸਾਰ
ਵਿੱਚ ਆਉਂਦਾ ਹੈ, ਉਨ੍ਹਾਂ ਬਾਰੇ ਅਨੇਕਾਂ ਫੁਰਨੇ ਲੈ ਕੇ ਇਸ ਸੰਸਾਰ ਤੋਂ ਚਲੇ ਜਾਂਦਾ ਹੈ।
ਇਵੇਂ ਉਸ ਦੀ ਸਾਰੀ ਜ਼ਿੰਦਗੀ, ਆਸਾਂ ਅਤੇ ਉਨ੍ਹਾਂ ਨੂੰ ਪੁਰਾ ਕਰਨ ਲਈ, ਮਨ ਦੇ ਫੁਰਨਿਆਂ ਵਿੱਚ ਹੀ
ਬੀਤ ਜਾਂਦੀ ਹੈ। ਆਪਣੀ ਜ਼ਿੰਦਗੀ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਬਾਰੇ, ਉਸ ਦਾ ਕੋਈ ਵੱਸ ਹੀ
ਨਹੀਂ ਚਲਦਾ।
॥ ੨॥ ਕਹਿਉ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ॥
ਆਪੇ ਪ੍ਰੀਂਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ॥ ੨॥
ਮਾਇਆ ਮੋਹ ਦੇ ਵਿੱਚ ਅੰਨ੍ਹਾ ਹੋਇਆ ਬੰਦਾ, ਕਿਸੇ ਦੀ ਦਿੱਤੀ ਹੋਈ ਸਿਖਿਆ ਨੂੰ ਸਮਝਦਾ ਹੀ ਨਹੀਂ।
ਸ਼ਬਦ ਗੁਰੂ ਦੀ ਸਿਖਿਆ ਲਏ ਬਗੈਰ, ਆਪਣੇ ਆਪ ਉਸ ਨੂੰ, ਆਤਮਕ ਜੀਵਨ ਬਚਾਉਣ ਦਾ ਕੋਈ ਉਪਰਾਲਾ ਸੁਝਦਾ
ਹੀ ਨਹੀਂ, ਅਤੇ ਉਹ ਨਿੱਤ ਬੁਰੇ ਕੰਮ ਹੀ ਕਰੀ ਜਾਂਦਾ ਹੈ।
ਪਰ ਜੀਵ ਦੇ ਆਪਣੇ ਵੱਸ ਦੀ ਕੋਈ ਗੱਲ ਨਹੀਂ ਹੈ, ਪਰਮਾਤਮਾ ਆਪ ਹੀ ਬੰਦੇ ਨੂੰ ਆਪਣੇ ਪਿਆਰ, ਆਪਣੀ
ਭਗਤੀ ਨਾਲ ਜੋੜਦਾ ਹੈ, ਜਿਸ ਕਾਰਨ ਉਹ ਚੰਗੇ ਕੰਮ ਕਰਦਾ ਹੈ, ਅਤੇ ਚੰਗੇ ਕੰਮ ਕਰਨ ਆਸਰੇ ਉਸ ਨੂੰ
ਵਡਿਆਈ ਮਿਲਦੀ ਹੈ।
॥ ੩॥ ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ॥
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ॥ ੩॥
ਦਿਨ ਆਉਂਦੇ ਅਤੇ ਜਾਂਦੇ ਰਹਿੰਦੇ ਹਨ, ਤਿਲ-ਤਿਲ ਕਰ ਕ ਉਮਰ ਘਟਦੀ ਰਹਿੰਦੀ ਹੈ, ਪਰ ਮਾਇਆ ਦਾ ਮੋਹ
ਬੰਦੇ ਦੇ ਅੰਦਰ ਓਵੇਂ ਹੀ ਟਿਕਿਆ ਰਹਿੰਦਾ ਹੈ। ਇਸ ਤਰ੍ਹਾਂ ਮਾਇਆ ਮੋਹ ਵਿੱਚ ਡੁੱਬੇ ਹੋੲ ਬੰਦੇ ਨੂੰ
ਕਿਤੇ ਵੀ ਠਿਕਾਣਾ, ਆਸਰਾ ਨਹੀਂ ਮਿਲਦਾ। ਜਦ ਤਕ ਬੰਦੇ ਦੇ ਅੰਦਰ ਇੱਕ ਰਾਈ (ਸਰ੍ਹੋਂ ਦਾ ਦਾਣਾ)
ਜਿੰਨਾ ਵੀ ਦੂਜਾ ਭਾਵ, ਪਰਮਾਤਮਾ ਤੋਂ ਇਲਾਵਾ ਕਿਸੇ ਦੂਸਰੇ ਤੇ ਤਿਲ ਮਾਤ੍ਰ ਵੀ ਵਿਸ਼ਵਾਸ ਰਹਿੰਦਾ
ਹੈ, ਤਦ ਤਕ ਉਸ ਦਾ ਮਨ ਸ਼ਬਦ ਗੁਰੂ ਦੀ ਸਿਖਿਆ ਲਏ ਬਗੈਰ, ਭਟਕਦਾ ਰਹਿੰਦਾ ਹੈ, ਉਸ ਨੂੰ ਆਪਣੇ ਬਚਾਅ
ਦਾ ਕੋਈ ਰਾਹ ਨਹੀਂ ਲੱਭਦਾ।
(ਇਸ ਹਿਸਾਬ ਉਨ੍ਹਾਂ ਸਿੱਖਾਂ ਦਾ ਕੀ ਹਾਲ ਹੋਵੇਗਾ ਜੋ, ਸ਼ਬਦ ਗੁਰੂ ਨੂੰ ਛੱਡ ਕੇ, ਮਾਇਆ ਦੇ ਲੋਭੀ
ਇਨਸਾਨਾਂ ਦਾ ਆਸਰਾ ਤਕਦੇ, ਡੇਰਿਆਂ ਵਿੱਚ ਧੱਕੇ ਖਾਂਦੇ, ਆਪਣੀ ਕਮਾਈ, ਆਪਣੀ ਇਜ਼ਤ ਅਤੇ ਕਈ ਵਾਰੀ
ਤਾਂ ਆਪਣੀ ਜਾਨ ਵੀ ਗਵਾ ਲੈਂਦੇ ਹਨ। ਤਾਜ਼ੀ ਮਿਸਾਲ ਸਾਮ੍ਹਣੇ ਹੈ, ਜਿਸ ਵਿੱਚ ਇੱਕ ਮਿਲਟਰੀ ਦੇ
ਰਿਟਾਇਰਡ ਮੇਜਰ ਨੂੰ, ਸਿਰਫ ਇਸ ਕਰ ਕੇ, ਉਸ ਦੇ ਮੂੰਹ ਤੇ ਤਿਜ਼ਾਬ ਪਾ ਕੇ ਉਸ ਦਾ ਚਿਹਰਾ ਸਾੜ ਦਿੱਤਾ
ਗਿਆ, ਉਸ ਦੀ ਦੋਵਾਂ ਅੱਖਾਂ ਦੀ ਰੌਸ਼ਨੀ ਚਲੇ ਗਈ, ਕਿਉਂਕਿ ਉਹ ਪਹਿਲਾਂ ਮਾਣ ਸਿੰਹੁ ਪਿਹੋਵੇ ਵਾਲੇ
ਦੇ ਡੇਰੇ ਵਿਚਲੇ ਹਸਪਤਾਲ ਵਿਚ, ਉਨ੍ਹਾਂ ਬੀਬੀਆਂ ਦੇ ਗਰਭ ਵਿਚਲੇ ਬੱਚਿਆਂ ਦੇ ਲਿੰਗ ਦੀ ਜਾਂਚ ਕਰਦਾ
ਸੀ, ਜਿਨ੍ਹਾਂ ਨੂੰ ਮਾਣ ਸਿੰਹੁ ਵਲੋਂ, ਮੁੰਡਾ ਹੋਣ ਦਾ ਵਰ ਮਿਲਿਆ ਹੋਇਆ ਹੁੰਦਾ ਸੀ।
ਤਾ ਕਿ ਜਿਸ ਬੀਬੀ ਦੇ ਗਰਭ ਵਿੱਚ ਕੁੜੀ ਹੋਵੇ, ਉਸ ਦਾ ਗਰਭ-ਪਾਤ ਕਰ ਕੇ, ਮਾਣ ਸਿੰਹੁ ਪਿਹੋਵੇ ਵਾਲੇ
ਦੇ ਵਰ ਨੂੰ ਗਲਤ ਹੋਣ ਤੋਂ ਬਚਾ ਕੇ, ਉਸ ਨੂੰ ਝੂਠਾ ਹੋਣ ਤੋਂ ਬਚਾਇਆ ਜਾ ਸਕੇ। ਪਰ ਉਸ ਮੇਜਰ ਦੀ
ਖੁਸ਼ ਕਿਸਤੀ, ਜਾਂ ਪਿਹੋਵੇ ਵਾਲੇ ਦੀ ਬਦਕਿਸਮਤੀ ਕਿ, ਉਸ ਤੇ ਡਾ. ਹਰਸ਼ਿੰਦਰ ਕੌਰ ਦੀ ਅਪੀਲ ਦਾ ਅਸਰ
ਹੋ ਗਿਆ, ਅਤੇ ਉਸ ਨੇ ਇਸ ਘਿਨਾਉਣੇ ਕੰਮ ਤੋਂ ਤੋਬਾ ਕਰ ਲਈ। ਉਸ ਨੂੰ ਸਿਰਫ ਇਸ ਕਰ ਕੇ ਮਾਰਨ ਦੀ
ਕੋਸ਼ਿਸ਼ ਕੀਤੀ ਗਈ ਤਾਂ ਜੋ, ਉਹ ਡੇਰੇ ਦੀਆਂ ਕਰਤੂਤਾਂ, ਬਾਹਰ ਨਾ ਜ਼ਾਹਰ ਕਰ ਸਕੇ। ਪਰ ਉਹ ਉਸ
ਡੇਰੇਦਾਰ ਸਾਧ ਦਾ ਪਾਜ ਨੰਗਾ ਕਰਨ ਲਈ ਜਿਉਂਦਾ ਬਚ ਗਿਆ)
॥ ੪॥ ਅਹਿਨਿਸਿ ਜੀਆ ਦੇਖਿ ਸਮਾੑਲੈ ਸੁਖੁ ਦੁਖੁ ਪੁਰਬਿ ਕਮਾਈ॥
ਕਰਮ ਹੀਣੁ ਸਚੁ ਭੀਂਖਿਆ ਮਾਂਗੈ ਨਾਨਕ ਮਿਲੈ ਵਡਾਈ॥ ੪॥ (੧੩੩੦)
ਪਰਮਾਤਮਾ ਆਪ, ਦਿਨ-ਰਾਤ, ਬਹੁਤ ਧਿਆਨ ਨਾਲ, ਆਪਣੇ ਅਟੱਲ ਨਿਯਮਾਂ ਅਨੁਸਾਰ, ਜੀਵਾਂ ਦੀ ਦੇਖ-ਭਾਲ
ਕਰਦਾ ਹੈ। ਬੰਦੇ ਨੂੰ ਸੁਖ, ਪਰਮਾਤਮਾ ਨਾਲ ਪਿਆਰ, ਪ੍ਰਭੂ ਨਾਲ ਮਿਲਾਪ। ਅਤੇ ਦੁੱਖ, ਪਰਮਾਤਮਾ ਤੋਂ
ਦੂਰੀ, ਅਕਾਲ ਪੁਰਖ ਤੋਂ ਵਿਛੋੜਾ, ਆਪਣੇ ਪੂਰਬਲੇ ਕੀਤੇ ਕਰਮਾਂ ਆਸਰੇ ਕੀਤੀ ਕਮਾਈ ਨੂੰ ਵੇਖਦਿਆਂ,
ਕਰਤਾਰ ਦੇ ਅਟੱਲ ਨਿਯਮਾਂ ਅਨੁਸਾਰ ਹੀ ਮਿਲਦੇ ਹਨ।
ਹੇ ਪ੍ਰਭੂ, ਮੈਂ ਤਾਂ ਚੰਗੇ ਕਰਮ ਕਰਨ ਜੋਗਾ ਹਾਂ ਹੀ ਨਹੀਂ, ਮੈਂ ਤਾਂ ਇਹੀ ਲੋਚਦਾ ਹਾਂ ਕਿ ਮੈਨੂੰ
ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਵੇ, ਇਸ ਲਈ ਨਾਨਕ ਤੇਰੇ ਦਰ ਤੋਂ, ਤੇਰਾ ਨਾਮ ਸਿਮਰਨ ਦੀ
ਭਿੱਛਿਆ ਹੀ ਮੰਗਦਾ ਹੈ।
ਅਮਰ ਜੀਤ ਸਿੰਘ ਚੰਦੀ