.

ਮੌਤ

ਗੁਰਬਾਣੀ ਵਿੱਚ ਇੱਕ “ਸਰੀਰਕ ਮੌਤ” (ਜਿਸਦਾ ਸੰਬੰਧ ਸਰੀਰ ਨਾਲ) ਹੈ ਤੇ ਦੂਜੀ ਆਤਮਕ ਮੌਤ (ਜਿਸਦਾ ਸੰਬੰਧ ਮਨ ਨਾਲ ਹੈ) ਦਾ ਜ਼ਿਕਰ ਅਉਂਦਾ ਹੈ।

ਸਰੀਰਕ ਮੌਤ:- ਮਨੁਖ ਦੇ ਦਿਲ ਦੀ ਧੜਕਣ ਤੇ ਸਵਾਸਾਂ ਦੇ ਰੁਕ ਜਾਣ ਨੂੰ ਸਰੀਰਕ ਮੌਤ ਮੰਨਿਆ ਜਾਂਦਾ ਹੈ ਤੇ ਇਹ ਹਰ ਮਨੁਖ ਨੂੰ ਜ਼ਰੂਰ ਵਾਪਰਦੀ ਹੈ। ਇਹ ਕੁਦਰਤਿ ਦਾ ਇੱਕ ਅਟੱਲ ਨਿਯਮ ਹੈ ਜਿਸਦੀ ੳਲੰਘਣਾਂ ਕੋਈ ਨਹੀ ਕਰਿ ਸਕਿਆ। ਸੰਸਾਰ ਵਿੱਚ ਜੋ ਵੀ ਆਇਆ ਹੈ, ਉਸਨੂੰ ਆਪੋ ਆਪਣੀ ਵਾਰੀ ਅਨੁਸਾਰ ਇਥੋਂ ਜਾਣਾ ਹੀ ਪੈਂਦਾ ਹੈ। ਗੁਰ ਫੁਰਮਾਨ ਹੈ:- 1. ਜੋ ਆਇਆ ਸੋ ਚਲਸੀ ਸਭੁ ਕੋ ਆਈ ਵਾਰੀਆ॥ (ਮ: 1 … 474)। 2. ਇੱਕ ਚਾਲਹਿ ਇੱਕ ਚਾਲਸਹਿ ਸਭੁ ਆਪਣੀ ਵਾਰਿ॥ (ਮ: 5 … 808) 3. ਜੋ ਦੀਸੈ ਸੋ ਵਿਣਸਨਾ ਸਭੁ ਬਿਨਸ ਬਿਨਾਸੀ॥ (ਮ: 5 … 1100)

ਮਨੁਖ ਦੇ ਇਸ ਸਰੀਰਕ ਮੌਤ ਤੋਂ ਬਚਣ ਦੇ ਅਨੇਕਾਂ ਯਤਨ ਨਿਸਫਲ ਹੀ ਰਹੇ ਹਨ ਤੇ ਅਮਰ ਹੋਣ ਲਈ ਅੰਮ੍ਰਿਤ, ਆਬੇ ਹਯਾਤ ਜਾਂ ਸੰਜੀਵਨੀ ਬੂਟੀ ਦੀਆਂ ਕਥਾ ਕਹਾਣੀਆਂ ਇੱਕ ਮਨ ਘੜਤ ਕਲਪਨਾ ਤੋਂ ਬਿਨਾ ਹੋਰ ਕੁਛ ਨਹੀ। ਮਨੁਖ ਨੇ ਸਰੀਰਕ ਮੌਤ ਨੂੰ ਇੱਕ ਬੜੇ ਭਿਆਨਕ ਰੂਪ ਵਿੱਚ ਘੜ ਲਿਆ ਹੈ ਤੇ ਅਗਿਆਨਤਾ ਕਾਰਨ ਹੁਣ ਆਪ ਹੀ ਉਸਤੋਂ ਭੈ ਭੀਤ ਤੇ ਸਹਿਮਿਆ ਹੋਇਆ ਹੈ। ਓਪਰੀ ਨਜ਼ਰ ਨਾਲ ਸਰੀਰਕ ਜੀਵਨ ਅਤੇ ਮੌਤ ਭਾਵੇਂ ਦੋ ਵਖਰੀਆਂ ਹਾਲਤਾਂ ਤੇ ਆਪਾ ਵਿਰੋਧੀ ਲਗਦੀਆਂ ਹਨ ਪਰ ਅਸਲ ਵਿੱਚ ਕੇਵਲ ਜੀਵਨ ਦੀ ਹੀ ਹੋਂਦ ਹੈ। ਜੀਵਨ ਦੀ ਗੈਰਹਾਜ਼ਰੀ ਹੀ ਮੌਤ ਕਹਿਲਾਂਦੀ ਹੈ, ਮੌਤ ਦੀ ਆਪਣੀ ਕੋਈ ਹੋਂਦ ਨਹੀ। ਮੌਤ ਕੇਵਲ ਜੀਵਨ ਦੀ ਪਹਿਚਾਨ ਹੀ ਹੈ, ਕਿਉਂਕਿ ਮੌਤ ਬਿਨਾ ਜੀਵਨ ਦੀ ਪਹਿਚਾਨ ਨਹੀ ਹੋ ਸਕਦੀ। ਦੋਨੋ ਇਕੋ ਹੀ ਸਿਕੇ ਦੇ ਦੋ ਪਾਸੇ ਹਨ ਜੋ ਵੱਖ ਨਹੀ ਹੋ ਸਕਦੇ। ਜਿਥੇ ਸਰੀਰਕ ਜੀਵਨ ਹੈ ਉਥੇ ਸਰੀਰਕ ਮੌਤ ਅਵੱਸ਼ ਹੋਵੇਗੀ ਇਸ ਲਈ ਜਿਥੇ ਜੀਵਨ ਪਰਮਾਤਮਾ ਦੀ ਅਦਭੁਤ ਦਾਤ ਹੈ ਉਥੇ ਮੌਤ ਵੀ ਪਰਮਾਤਮਾ ਦੀ ਅਦਭੁਤ ਦਾਤ ਹੀ ਹੈ। ਅਗਿਆਨਤਾ ਕਾਰਨ ਹਰ ਕੋਈ ਪਰਮਾਤਮਾ ਪਾਸੋਂ ਸਰੀਰਕ ਜੀਵਨ ਹੀ ਮੰਗਦਾ ਹੈ, ਸਰੀਰਕ ਮੌਤ ਨੂੰ ਕੋਈ ਨਹੀ ਲੋੜਦਾ। ਬਹੁਤਾ ਜੀਵਣੁ ਮੰਗੀਐ ਮੂਆ ਨ ਲੋੜੈ ਕੋਇ॥ (ਮ: 1 … 62) ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ॥ (ਮ: 3 … 555)। ਪਰ ਇਹ ਦੋਨੋ ਅਲੱਗ ਨਹੀ, ਇਸ ਕਰਕੇ ਜੋ ਵੀ ਪਰਮਾਤਮਾ ਪਾਸੋਂ ਸਰੀਰਕ ਜੀਵਨ ਮੰਗਦਾ ਹੈ ਉਹ ਸਰੀਰਕ ਮੌਤ ਵੀ ਨਾਲ ਹੀ ਮੰਗ ਲੈਂਦਾ ਹੈ। ਲੰਮੀ ਉਮਰ ਦੀ ਕਾਮਨਾ ਇੱਕ ਮੂਰਖ ਦਾ ਮੋਹ ਤੇ ਭੁਲੇਖਾ ਹੈ ਅਤੇ ਗੁਰਬਾਣੀ ਦਾ ਫੁਰਮਾਨ ਹੈ:- ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ॥ (ਮ: 5 … 254)। ਸਪਸ਼ਟ ਹੈ ਕਿ ਸਦੀਵੀ ਸਰੀਰਕ ਜੀਵਨ ਦੀ ਕਾਮਨਾ ਇੱਕ ਭਰਮ ਭੁਲੇਖਾ ਤੇ ਮੋਹ ਹੀ ਹੈ ਤੇ ਇਸਨੂੰ ਮੰਗਣ ਵਾਲਾ ਮੂਰਖ ਹੈ। ਇਸੇ ਗਿਆਨ ਦੀ ਦਿੱ੍ਰੜਤਾ ਨੇ ਹੀ ਗੁਰਸਿਖ ਨੂੰ ਨਿਰਭਉ ਬਣਾ ਦਿਤਾ ਸੀ ਤੇ ਇਤਿਹਾਸ ਗਵਾਹ ਹੈ ਕਿ ਸਿਖ (ਲਾੜੀ) ਮੌਤ ਨੂੰ ਵਰਨ ਲਈ ਸਦਾ ਤਿਆਰ ਰਹਿੰਦੇ ਸਨ। ਉਹ ਗੁਰਗਿਆਨ ਦੁਆਰਾ ਜਾਣ ਚੁਕੇ ਸਨ ਕਿ ਅਸਲੀਅਤ ਵਿੱਚ ਸਰੀਰਕ ਮੌਤ ਦੀ ਕੋਈ ਹੋਂਦ ਨਹੀ ਕੇਵਲ ਜੀਵਨ ਹੀ ਹੈ ਜੋ ਚੋਲਾ ਬਦਲਦਾ ਰਹਿੰਦਾ ਹੈ। ਜੀਵ ਆਤਮਾ ਕਦੇ ਨਹੀ ਮਰਦੀ, ਕੇਵਲ ਜਾਮਾ ਹੀ ਬਦਲਦੀ ਹੈ। ਗੁਰੂ, ਸਰੀਰਕ ਮੌਤ ਦੇ ਡਰ ਤੋਂ ਗਿਆਨ ਦੁਆਰਾ ਮੁਕਤ ਕਰਾਉਂਦਾ ਹੈ:- ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ (1429)। ਭਾਵ:- ਹੇ ਨਾਨਕ, ਚਿੰਤਾ ਤਾਂ ਤਦ ਹੋਵੇ ਜੇ (ਸਰੀਰਕ) ਮੌਤ ਕਦੇ ਵਾਪਰਨੀ ਹੀ ਨਾ ਹੋਵੇ ਪਰ (ਕੁਦਰਤੀ ਨਿਯਮ ਅਨੁਸਾਰ) ਜਗਤ ਦੀ ਚਾਲ ਤਾਂ ਇਹ ਹੈ ਕਿ ਕੋਈ ਵੀ ਜੀਵ ਇਥੇ ਸਦਾ ਰਹਿਣ ਵਾਲਾ ਨਹੀ। ਮੌਤ ਕੋਈ ਅਨਹੋਣੀ ਘਟਣਾ ਨਹੀ, ਇਹ ਅਟੱਲ ਤੇ ਹਰ ਕਿਸੇ ਨੂੰ ਵਾਪਰਨੀ ਹੈ ਕਿਉਂਕਿ ਇਹ ਜੀਵਨ ਦਾ ਹੀ ਹਿੱਸਾ ਹੈ ਜੋ ਅਲੱਗ ਨਹੀ ਹੋ ਸਕਦਾ। ਇਸ ਲਈ ਜੋ ਅਟੱਲ ਹੈ ਤੇ ਸਭ ਨੂੰ ਵਾਪਰਨੀ ਹੈ, ਉਸਦਾ ਡਰ ਕਿਉਂ? ਡਰਨ ਵਾਲੀ, ਜਾਂ ਚਿੰਤਾ ਵਾਲੀ ਗਲ ਤਾਂ ਸਦੀਵੀ ਜੀਵਨ ਹੈ ਕਿਉਂਕਿ ਅਗਰ ਸਰੀਰਕ ਸਦੀਵੀ ਜੀਵਨ ਪ੍ਰਾਪਤ ਹੋ ਸਕਦਾ ਹੁੰਦਾ ਤਾਂ ਅਜ ਸੰਸਾਰ ਤੇ ਤਿਲ ਸੁਟਣ ਦੀ ਥਾਂ ਨਹੀ ਰਹਿਣੀ ਸੀ। ਇਸ ਲਈ ਸਰੀਰਕ ਮੌਤ ਕੁਦਰਤਿ ਦੀ ਦਾਤ ਹੈ ਜਿਸ ਤੇ ਸੋਗ, ਰੋਣਾ ਧੋਣਾ ਯਾ ਵਿਰਲਾਪ ਕਰਨਾ ਕੋਈ ਸਮਝਦਾਰੀ ਨਹੀ। ਪਰਮੇਸ਼ਰ ਦੀ ਦਾਤ ਦਾ ਸ਼ੁਕਰਾਨਾ ਤੇ ਉਸਦੇ ਭਾਣੇ ਨੂੰ ਮੰਨਣ ਦੀ ਸਮਰੱਥਾ ਲਈ ਅਰਦਾਸ ਕਰਨੀ ਹੀ ਬਣਦੀ ਹੈ। ਮ੍ਰਿਤਕ ਸਰੀਰ ਨੂੰ ਵੇਖ ਕੇ ਮਨੁਖ ਸੁਭਾਵਕ ਹੀ ਸਹਿਮ ਜਾਂਦਾ ਹੈ ਤੇ ਵਿਛੋੜੇ ਦੇ ਦੁੱਖ ਕਾਰਨ ਵਿਰਲਾਪ ਵੀ ਸ਼ੁਰੂ ਹੋ ਜਾਂਦਾ ਹੈ। ਇਹੋ ਜਿਹੇ ਮੌਕੇ ਤੇ ਗੁਰਬਾਣੀ ਦਾ ਗਿਆਨ ਹੀ ਸਹਾਇਕ ਬਣਦਾ ਹੈ। ਗੁਰਬਾਣੀ ਗਿਆਨ ਬਖਸ਼ਿਸ਼ ਕਰਦੀ ਹੈ:

1. ਅਉਰ ਮੂਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ॥ ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ॥ (ਕਬੀਰ … 337) ਅਗਰ ਸਭ ਨੇ ਚਲੇ ਜਾਣਾ ਹੈ ਤੇ ਕਿਸੇ ਨੇ ਵੀ ਸਦੀਵੀ ਨਹੀ ਰਹਿਣਾ ਤਾਂ ਕਿਸੇ ਇੱਕ ਦੀ ਮੌਤ ਤੇ ਰੋਣਾ ਨਿਰੀ ਅਗਿਆਨਤਾ ਹੀ ਹੈ।

2. ਅਉਰ ਮੂਏ ਕਿਆ ਸੋਗ ਕਰੀਜੈ॥ ਤਉ ਕੀਜੈ ਜਉ ਆਪਨ ਜੀਜੈ॥ (ਕਬੀਰ 325)। ਦੂਜੇ ਦੇ ਮਰਨ ਦਾ ਸੋਗ ਤਾਂ ਤਦ ਹੀ ਹੋ ਸਕਦਾ ਹੈ ਜੇ ਆਪ ਸਦੀਵੀ ਜਿਉਣਾ ਹੋਵੇ। ਜੇ ਸਭ ਨੇ ਇੱਕ ਦਿਨ ਕੂਚ ਕਰਨਾ ਹੈ ਤਾਂ ਸੋਗ ਕਿਉਂ?

3. ਧੰਧਾ ਪਿਟਹੁ ਭਾਈਹੋ ਤੁਮ ਕੂੜਿ ਕਮਾਵਹੁ॥ ਉਹ ਨ ਸੁਣਹੀ ਕਤਹੀ ਤੁਮ ਲੋਕੁ ਸੁਣਾਵਹੁ॥ (ਮ: 1 … 418) ਮੌਤ ਤੇ ਰੋਣਾ ਪਿਟਣਾ ਵਿਅਰਥ ਹੈ ਕਿਉਂਕਿ ਮਿਰਤਕ ਰੋਣਾ ਪਿਟਣਾ ਨਹੀ ਸੁਣ ਸਕਦਾ। ਇਹ ਰੋਣਾ ਤਾਂ ਲੋਕਾਚਾਰੀ (ਲੋਕ ਦਿਖਾਵਾ) ਹੀ ਹੈ।

4. ਇਸੁ ਮਰਤੇ ਕੋ ਜੇ ਕੋਊ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥ (ਕਬੀਰ 871) ਜੋ ਮ੍ਰਿਤਕ ਸਰੀਰ ਤੇ ਰੋਂਦਾ ਹੈ ਉਹ ਖੁਆਰ ਹੀ ਹੁੰਦਾ ਹੈ। ਸਪਸ਼ਟ ਹੈ ਕਿ ਗੁਰਮਤ ਅਨੁਸਾਰ ਮ੍ਰਿਤਕ ਸਰੀਰ ਤੇ ਸੋਗ ਜਾਂ ਵਿਰਲਾਪ ਕਰਨਾ ਪ੍ਰਵਾਨ ਨਹੀ ਹੈ।

ਆਤਮਕ ਮੌਤ:- ਇਸ ਆਤਮਕ ਮੌਤ ਤੋਂ ਆਮ ਤੌਰ ਤੇ ਬਹੁਤ ਲੋਕ ਅਨਜਾਣ ਹੀ ਹਨ ਪਰ ਨਿਤ ਦੀ ਭੁਖ ਦੇ ਦੁਖ ਵਾਂਗ ਇਹ ਆਤਮਕ ਮੌਤ ਵੀ ਮਨੁਖ ਨੂੰ ਰਾਤ ਦਿਨ ਸਤਾਉਂਦੀ ਰਹਿੰਦੀ ਹੈ। ਪੰਜਾਬੀ ਦੀ ਆਮ ਕਹਾਵਤ ਹੈ ਕਿ “ਦੁਨੀਆਂ ਆਸ ਤੇ ਜਿਉਂਦੀ ਹੈ”, ਇਸ ਲਈ ਅਗਰ ਦੁਨੀਆਂ ਲਈ “ਆਸ” ਜੀਵਨ ਹੈ ਤਾਂ ਆਸ ਦੀ ਅਪੂਰਨਤਾ (ਪੂਰੀ ਨਾ ਹੋਣਾ) ਮੌਤ ਹੋਵੇਗੀ। ਇਸ ਲਈ ਜਦੋਂ ਮਨੁਖ ਦੀ ਆਸ ਪੂਰੀ ਨਹੀ ਹੁੰਦੀ ਉਦੋਂ ਉਸਨੂੰ ਆਤਮਕ ਮੌਤ ਵਾਪਰਦੀ ਹੈ। ਮਨੁਖ ਨਿਤ ਪਲ ਪਲ ਆਸਾਂ ਕਰਦਾ ਰਹਿੰਦਾ ਹੈ ਤੇ ਉਹਨਾ ਦੀ ਅਪੂਰਨਤਾ ਕਾਰਨ ਆਤਮਕ ਮੌਤੇ ਮਰਦਾ ਰਹਿੰਦਾ ਹੈ। ਆਸ ਦੀ ਅਪੂਰਨਤਾ ਹੀ ਆਤਮਕ ਮੌਤ ਹੈ। ਗੁਰ ਫੁਰਮਾਨ ਹੈ:- ਆਸਾ ਕਰਤਾ ਜਗੁ ਮੂਆ ਆਸਾ ਮਰੈ ਨ ਜਾਇ॥ (ਮ: 3 … 517)। ਭਾਵ:- ਆਸਾਂ ਕਰਦਾ ਕਰਦਾ ਜਗਤ ਤਾਂ ਮਰ ਜਾਂਦਾ ਹੈ ਪਰ ਇਹ ਆਸ ਕਦੇ ਨਹੀ ਮਰਦੀ ਤੇ ਨਾ ਮਿਟਦੀ (ਮੁਕਦੀ) ਹੈ। ਇਹ ਆਸ ਹੀ ਆਤਮਕ ਮੌਤ ਦਾ ਕਾਰਨ ਹੈ ਤੇ ਇਸ ਆਤਮਕ ਮੌਤ ਦਾ ਉਪਾਉ ਅਗਲੀ ਪੰਗਤੀ ਵਿੱਚ ਹੈ:- ਨਾਨਕ ਆਸਾਂ ਪੂਰੀਆਂ ਸਚੇ ਸਿਉ ਚਿਤ ਲਾਇ॥ ਪਰਮਾਤਮਾ ਨਾਲ ਚਿਤ ਲਾਇਆਂ ਇਹ ਆਸਾਂ ਪੂਰਨ ਹੁੰਦੀਆਂ ਹਨ। ਆਸਾਂ ਪੂਰੀਆਂ ਹੋਣ ਦਾ ਭਾਵ ਮਨੋਕਾਮਨਾ ਦੀ ਪੂਰਤੀ ਨਹੀ ਜਾਂ ਮੰਗੇ ਪਦਾਰਥਾਂ ਦੀ ਪ੍ਰਾਪਤੀ ਨਹੀ ਬਲਿਕੇ ਆਸਾਂ ਦਾ ਮੁਕ ਜਾਣਾ, ਮਰ ਜਾਣਾ, ਖਤਮ ਹੋ ਜਾਣਾ ਹੈ। ਤੁਕ ਦਾ ਭਾਵ:- ਜਿਸ ਮਨੁਖ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਉਹਦੀਆਂ ਆਸਾਂ, ਕਾਮਨਾਵਾਂ ਜਾਂ ਮੰਗਾਂ ਹੀ ਖਤਮ ਹੋ ਜਾਂਦੀਆਂ ਹਨ ਤੇ ਉਹ ਆਤਮਕ ਮੌਤ ਤੋਂ ਮੁਕਤ ਹੋ ਜਾਂਦਾ ਹੈ। ਗੁਰੂ, ਸੁਜਾਨ ਵੈਦ ਹੈ ਤੇ ਆਸ ਜਾਂ ਕਾਮਨਾ ਦੀ ਦੀਰਘ ਬਿਮਾਰੀ ਨੂੰ ਜੜੋਂ ਹੀ ਪੁਟ ਦਿੰਦਾ ਹੈ ਤੇ ਸੁਚੇਤ ਕਰਦਾ ਹੈ:- ਜਬ ਆਸਾ ਅੰਦੇਸਾ ਤਬ ਹੀ ਕਿਉਂਕਰਿ ਏਕ ਕਰੈ॥ ਆਸਾ ਭੀਤਰ ਰਹੈ ਨਿਰਾਸਾ ਤਉ ਨਾਨਕ ਏਕ ਮਿਲੈ॥ (ਮ: 1 … 877) ਭਾਵ:- ਜਦ ਤਕ ਜੀਵ ਦੇ ਮਨ ਵਿੱਚ ਆਸਾਂ, ਕਾਮਨਾਵਾਂ ਜਾਂ ਮੰਗਾਂ ਹਨ ਤਦ ਤਕ ਉਸਨੂੰ (ਇਹਨਾ ਦੇ ਪੂਰਨ ਹੋਣ ਦਾ) ਸਹਿਸਾ (ਫਿਕਰ) ਰਹਿੰਦਾ ਹੈ ਜੋ ਪਰਮਾਤਮਾ ਨਾਲ ਸਾਂਝ ਨਹੀ ਪੈਣ ਦਿੰਦਾ ਪਰ ਜਦੋਂ ਇਹ ਆਸਾਂ ਤੋਂ ਨਿਰ-ਆਸ ਹੋ ਜਾਂਦਾ ਹੈ ਤਾਂ ਪਰਮਾਤਮਾ ਨਾਲ ਇਸਦੀ ਸਾਂਝ ਪੈ ਜਾਂਦੀ ਹੈ। ਆਸਾਂ ਤੋਂ ਨਿਰ-ਆਸ ਹੋਣ ਦਾ ਭਾਵ ਆਸਾਂ ਦੇ ਫਲ ਤੋਂ ਬੇਫਿਕਰ ਹੋਣਾ ਹੈ, ਪਕੜ ਨੂੰ ਛਡਣਾ ਹੈ, ਕਿਉਂਕਿ ਆਸਾ ਦੇ ਫਲ ਦੀ ਕਾਮਨਾ ਹੀ ਮੋਹ ਦਾ ਬੀਜ ਬਣਦੀ ਹੈ ਜਿਸਤੋਂ ਕਾਮ, ਕ੍ਰੋਧ, ਲੋਭ ਮੋਹ ਅਹੰਕਾਰ ਪੈਦਾ ਹੁੰਦੇ ਹਨ।

1. ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ॥ ਝੂਠੁ ਸਮਗਰੀ ਮਨਿ ਵਸੀ ਪਾਰਬ੍ਰਿਹਮ ਨਾ ਜਾਨਾ॥ (ਮ: 5 … 815)। ਭਾਵ:- ਮਨੁਖ ਦੁਨਿਆਵੀ ਆਸਾਂ ਰਾਹੀਂ ਵਿਕਾਰਾਂ (ਮੋਹ ਮਾਇਆ) ਵਿੱਚ ਹੀ ਫਸਿਆ ਰਹਿੰਦਾ ਹੈ। ਜੋ ਮਾਇਆ ਤੋੜ ਨਹੀ ਨਿਭਣੀ, ਉਹੀ ਮਨ ਵਿੱਚ ਟਿਕੀ ਰਹਿੰਦੀ ਹੈ ਤੇ ਪਰਮਾਤਮਾ ਨਾਲ ਸਾਂਝ ਨਹੀ ਪੈਣ ਦਿੰਦੀ।

2. ਧ੍ਰਿਗੁ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤੁ ਲਾਇ॥ ਹਰਿ ਸੁਖੁ ਪਲਰ ਤਿਆਗਿਆ ਨਾਮੁ ਵਿਸਾਰ ਦੁਖੁ ਪਾਇ॥ (ਮ: 3 … 850) ਭਾਵ:- ਜੋ ਮਨੁਖ ਮਾਇਆ ਦੇ ਮੋਹ ਵਿੱਚ ਚਿੱਤ ਜੋੜਦਾ ਹੈ, ਉਸਦਾ (ਇਸ ਨਾਲ) ਪਿਆਰ ਫਿਟਕਾਰ ਯੋਗ ਹੈ ਕਿਉਂਕਿ ਉਹ ਪਰਮਾਤਮਾ ਦੇ ਸਦੀਵੀ ਸੁਖ ਨੂੰ ਫਜ਼ੂਲ ਹੀ ਗਵਾ ਬੈਠਦਾ ਹੈ ਤੇ ਦੁਖਾਂ ਵਿੱਚ ਫਸਿਆ ਰਹਿੰਦਾ ਹੈ।

3. ਆਸਾ ਅੰਦਿਰ ਸਭਕੋ ਕੋਇ ਨਿਰਾਸਾ ਹੋਇ॥ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਇ॥ (ਮ: 3 … 956)। ਭਾਵ: ਹਰ ਜੀਵ ਆਸਾਂ ਵਿੱਚ ਫਸਿਆ ਪਿਆ ਹੈ (ਜੋ ਹਰ ਪਲ ਉਠਦੀਆਂ ਰਹਿੰਦੀਆਂ ਹਨ) ਤੇ ਕੋਈ ਵਿਰਲਾ ਮਨੁਖ ਹੀ ਇਹਨਾ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ, ਜੋ ਮਨੁਖ ਨਿਰ-ਆਸ (ਆਸਾ ਦੇ ਫਲ ਤੋਂ ਰਹਿਤ) ਹੋ ਜਾਂਦਾ ਹੈ ਉਸਦਾ ਦੁਨੀਆਂ ਵਿੱਚ ਆਉਣਾ ਸਫਲ ਹੋ ਜਾਂਦਾ ਹੈ (ਤੇ ਉਹ ਆਤਮਕ ਮੌਤ ਤੋਂ ਰਹਿਤ ਹੋ ਜਾਂਦਾ ਹੈ)।

4. ਆਸਾ ਆਸ ਕਰੇ ਸਭੁ ਕੋਈ॥ ਹੁਕਮੈ ਬੂਝੈ ਨਿਰਾਸਾ ਹੋਈ॥ ਆਸਾ ਵਿੱਚ ਸੁਤੇ ਕਈ ਲੋਈ॥ ਸੋ ਜਾਗੈ ਜਾਗਾਵੈ ਸੋਈ॥ (ਮ: 3 … 423) ਭਾਵ: ਹਰ ਜੀਵ ਆਸਾਂ ਹੀ ਕਰਦਾ ਰਹਿੰਦਾ ਹੈ ਪਰ ਜੋ ਪਰਮਾਤਮਾ ਦੀ ਰਜ਼ਾ (ਨੀਯਮ, ਗੁਰਉਪਦੇਸ਼) ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ। ਦੁਨੀਆਂ ਆਸਾਂ ਦੇ ਜਾਲ ਵਿੱਚ ਫਸਕੇ ਮੋਹ ਮਾਇਆ ਦੀ ਨੀਂਦ ਵਿੱਚ ਸੁਤੀ ਪਈ ਆਤਮਕ ਮੌਤੇ ਮਰਦੀ ਰਹਿੰਦੀ ਹੈ ਤੇ ਉਹੀ ਇਸ ਨੀਂਦ ਵਿਚੋਂ ਜਾਗਦਾ (ਆਤਮਕ ਜੀਵਨ ਜਿਉਂਦਾ) ਹੈ ਜਿਸਨੂੰ ਉਹ ਆਪ (ਗੁਰਉਪਦੇਸ਼, ਗੁਰਗਿਆਨ, ਗੁਰਮਤ ਦੁਆਰਾ) ਜਗਾਉਂਦਾ ਹੈ।

ਗੁਰੂ ਦੇ ਗਿਆਨ (ਉਪਦੇਸ਼) ਤੇ ਚਲੇ ਬਿਨਾ ਮਨੁਖ ਇਹਨਾਂ ਦੋਨਾ (ਸਰੀਰਕ ਤੇ ਆਤਮਕ) ਮੌਤਾਂ ਦੇ ਭਰਮ, ਭਉ, ਚਿੰਤਾ, ਸਹਿਸਾ, ਦੁਖ ਜਾਂ ਸਹਿਮ ਤੋਂ ਮੁਕਤੀ ਪਾ ਕੇ ਸ਼ਾਂਤ, ਸੁਖੀ, ਅਨੰਦਤ ਤੇ ਨਿਰਭੈਤਾ ਦਾ ਜੀਵਨ ਨਹੀ ਜਿਉਂ ਸਕਦਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.