.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਕੀਰਤਨ ਦਰਬਾਰ

ਕੋਈ ਟੀਵੀ ਚੈਨਲ ਖੋਹਲ ਕੇ ਦੇਖ ਲਓ ਹਰ ਚੈਨਲ ਤੇ ਰੰਗ-ਬਰੰਗੇ ਢੰਗ ਨਾਲ ਭਾਵ ਬੇ ਲੋੜੀ ਵੀਡੀਓ ਗ੍ਰਾਫ਼ੀ ਦੁਆਰਾ ਗੁਰਬਾਣੀ ਕੀਰਤਨ ਹੀ ਸੁਣਾਈ ਦੇ ਰਿਹਾ ਹੈ। ਸ਼ਬਦ ਦਾ ਸੁਨੇਹਾ ਕੁੱਝ ਹੋਰ ਹੁੰਦਾ ਹੈ ਤੇ ਫਿਲਮਾਇਆ ਕੁੱਝ ਹੋਰ ਹੁੰਦਾ ਹੈ। ਜੇ ਤੀਹ ਸਾਲ ਦੇ ਗੁਰਬਾਣੀ ਅਭਿਆਸ ਵਾਲੇ ਨੂੰ ਵੀ ਰਾਗੀ ਸਿੰਘ ਵਲੋਂ ਪੜ੍ਹੇ ਜਾ ਰਹੇ ਸ਼ਬਦ ਦੀ ਸਮਝ ਨਹੀਂ ਆ ਰਹੀ ਤਾਂ ਇੱਕ ਆਮ ਮਨੁੱਖ ਨੂੰ ਕਿਵੇਂ ਗੁਰਬਾਣੀ ਕੀਰਤਨ ਦੀ ਸਮਝ ਆਉਂਦੀ ਹੋਵੇਗਾ? ਜੇ ਏੰਨੀ ਵੱਡੀ ਪੱਧਰ `ਤੇ ਹੋ ਰਹੇ ਕੀਰਤਨ ਦਰਬਾਰਾਂ ਜਾਂ ਟੀਵੀ ਚੈਨਲਾਂ ਰਾਂਹੀ ਕੋਈ ਬਹੁਤਾ ਲਾਭ ਨਹੀਂ ਹੋਇਆ ਤਾਂ ਜ਼ਰੂਰ ਕਿਤੇ ਨਾ ਕਿਤੇ ਕੋਈ ਉਕਾਈ ਹੈ ਜੋ ਕੌਮ ਦਾ ਧਿਆਨ ਮੰਗਦੀ ਹੈ।
ਮਹਾਨ ਕੋਸ਼ ਅਨੁਸਾਰ ਕੀਰਤਨ ਸੰਗਿਆ ਹੈ—੧ ਇਸ ਦਾ ਅਰਥ ਕਥਾ ਵਖਿਆਨ ਹੈ। ੨ ਗੁਰਮਤ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਂ ਕੀਰਤਨ ਹੈ। ਜੇ ਦੇਖਿਆ ਜਾਏ ਤਾਂ ਕੀਰਤਨ ਦਰਬਾਰ ਇਕੱਠੇ ਸ਼ਬਦ ਦਾ ਬਹੁਤਾ ਢੁੱਕਵਾਂ ਅਰਥ ਨਹੀਂ ਬਣਦਾ। ਮਹਾਨ ਕੋਸ਼ ਵਿੱਚ ਦਰਬਾਰ ਦੇ ਅਰਥ ਹਨ ਦਰ-ਬ-ਦਰ, ਦਵਾਰ ਦਵਾਰ ‘ਭਉਕਤ ਫਿਰੈ ਦਰਬਾਰੁ’। ੨ ਬਾਦਸ਼ਾਹ ਦੀ ਸਭਾ, ੩ ਖਾਲਸਾ ਦੀਵਾਨ, ੪ ਸਿਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਦਰਬਾਰ ਆਖਿਆ ਗਿਆ ਹੈ, ੪ ਹਰਿਮੰਦਰ ੫ ਰਾਜਪੂਤਾਨੇ ਵਿੱਚ ਰਾਜੇ ਨੂੰ ਦਰਬਾਰ ਆਖਿਆ ਜਾਂਦਾ ਹੈ।
ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਕੀਰਤਨ ਦੀ ਵਿਆਖਿਆ ਇਸ ਪਰਕਾਰ ਹੈ—
ੳ-- ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।
ਅ-- ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ।
ੲ-- ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ।
ਸ-- ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਏ।

ਮੋਟੇ ਤੌਰ `ਤੇ ਦੇਖਿਆ ਜਾਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜ ਸੌ ਸਾਲਾ ਸ਼ਤਾਬਦੀ ਤੇ ਸੰਗਤ ਵਿੱਚ ਕੀਰਤਨ ਦਾ ਜ਼ਿਆਦਾ ਰੁਝਾਨ ਹੋਇਆ ਹੈ। ਕੌਮ ਦੇ ਕੁੱਝ ਮਹਾਨ ਰਾਗੀਆਂ ਨੇ ਰਾਗਾਂ ਦੀ ਸਰਲ ਭਾਸ਼ਾ ਵਿੱਚ ਕੀਰਤਨ ਦੀ ਅਰੰਭਤਾ ਕੀਤੀ ਜਿਸ ਨੂੰ ਆਮ ਲੋਕਾਂ ਨੇ ਵੀ ਸਮਝਿਆ ਤੇ ਅਨੰਦ ਮਾਣਿਆ।
ਗੁਰਬਾਣੀ ਨਾਲ ਜੋੜਨ ਲਈ ਸੂਝਵਾਨ ਵਿਦਵਾਨਾਂ ਨੇ ਕੀਰਤਨ ਨੂੰ ਪਹਿਲ ਦਿੱਤੀ ਤਾਂ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜ ਸਕਣ। ਸੰਗਤਾਂ ਨੂੰ ਇਕੱਠਾ ਕਰਕੇ ਰਾਗੀ ਸਿੰਘਾਂ ਤੋਂ ਗੁਰਬਾਣੀ ਸੁਣਨੀ ਸ਼ੁਰੂ ਕੀਤੀ। ਚੰਗੇ ਰਾਗੀਆਂ ਨੂੰ ਮੌਕਾ ਮਿਲਿਆ ਸੰਗਤਾਂ ਵਿੱਚ ਗੁਰਬਾਣੀ ਪ੍ਰਤੀ ਪਿਆਰ ਜਾਗਿਆ।
ਭਾਈ ਸੁਰਜਣ ਸਿੰਘ ਜੀ ਦੁਆਰਾ ਗਾਈ ਹੋਈ ਸਦਾ ਬਹਾਰ ਆਸਾ ਕੀ ਵਾਰ ਦੇ ਤਵੇ ਅੱਜ ਵੀ ਪਿੰਡਾਂ ਵਿੱਚ ਸਵੇਰੇ ਸਵੇਰੇ ਵੱਜ ਰਹੇ ਸੁਣਦੇ ਹਨ।
ਗੁਰਬਾਣੀ ਦੇ ਮਹੱਤਵ ਨੂੰ ਮੁੱਢਲੇ ਤੌਰ `ਤੇ ਸਮਝਣ ਲਈ ਕੀਰਤਨ ਬਹੁਤ ਹੀ ਸਹਾਇਕ ਹੈ। ਬੱਚੇ ਸੰਗੀਤ ਨੂੰ ਬਹੁਤ ਸ਼ੌਕ ਨਾਲ ਸੁਣਦੇ ਅਤੇ ਸਿੱਖਦੇ ਹਨ। ਇਸ ਲਈ ਬੱਚਿਆਂ ਨੂੰ ਗੁਰਬਣੀ ਨਾਲ ਜੋੜਨ ਲਈ ਕੀਰਤਨ ਦੀ ਸਹਾਇਤਾ ਲਈ ਜਾ ਸਕਦੀ ਹੈ।
ਗੁਰਬਾਣੀ ਕੀਰਤਨ ਰੂਹ ਦੀ ਖ਼ੁਰਾਕ ਹੈ। ਗੁਰਬਾਣੀ ਸ਼ਬਦ ਰੋਜ਼ ਸੁਣੇ ਜਾਣ ਤਰੋ-ਤਾਜ਼ਾ ਹਨ। ਗੁਰਬਾਣੀ ਸੰਗੀਤ ਐਸਾ ਹੈ ਜੋ ਕਦੇ ਵੀ ਪੁਰਾਣਾ ਨਹੀਂ ਹੈ।
ਸੰਸਾਰ ਵਿੱਚ ਹਰ ਚੀਜ਼ ਵਪਾਰਕ ਬਣ ਗਈ ਹੈ ਤੇ ਧਰਮ ਵਿੱਚ ਵੀ ਇਹੀ ਦੇਖਿਆ ਜਾ ਰਿਹਾ ਹੈ ਕਿ ਸਾਨੂੰ ਲਾਭ ਕਿਵੇਂ ਪਰਾਪਤ ਹੋਵੇ। ਸਿਆਣਿਆਂ ਪੁਰਸ਼ਾਂ ਨੇ ਧਰਮ ਵਿੱਚ ਨਵੀਂ ਜਾਗਰਤੀ ਲਿਆਉਣ ਲਈ ਕਈ ਨਵੇਂ ਪ੍ਰੋਗਰਾਮ ਉਲੀਕੇ ਜੋ ਸਮੇਂ ਦੇ ਹਾਣੀ ਸਨ ਉਹਨਾਂ ਪ੍ਰੋਗਰਾਮਾਂ ਦੀ ਲੋੜ ਵੀ ਸੀ। ਕੁੱਝ ਸਮੇਂ ਬਆਦ ਅਜੇਹੇ ਪ੍ਰੋਗਰਾਮ ਵੀ ਵਪਾਰਕ ਬਣ ਕੇ ਹੀ ਰਹਿ ਗਏ ਹਨ। ਗੁਰੂਆਂ ਦੀਆਂ ਸ਼ਤਾਬਦੀਆਂ ਮਨਾਉਣ ਸਮੇਂ ਕੀਰਤਨ ਦੀ ਲੋੜ ਨੂੰ ਮਹਿਸੂਸ ਕੀਤਾ ਤੇ ਨਾਂ ਰੱਖ ਦਿੱਤਾ ਕੀਰਤਨ ਦਰਬਾਰ। ਹਾਲਾਂ ਕਿ ਕੀਰਤਨ ਦਰਬਾਰ ਦਾ ਅੱਖਰੀ ਅਰਥ ਕੋਈ ਨਹੀਂ ਬਣਦਾ। ਇਹ ਸ਼ਬਦ ਕਵੀ ਦਰਬਾਰ ਦਾ ਚੁਰਾਇਆ ਹੋਇਆ ਹੈ। ਕਵੀ ਇਕੱਠੇ ਹੋ ਆਪਣੀਆਂ ਕਵਿਤਾਵਾਂ ਸਣਾਉਂਦੇ ਹਨ ਇਸ ਲਈ ਇਸ ਇਕੱਠ ਦਾ ਨਾਂ ਕਵੀ ਦਰਬਾਰ ਪੈ ਗਿਆ।
ਕਵੀ ਸੱਜਣ ਆਪਣੀਆਂ ਕਵਿਤਾਵਾਂ ਰਾਂਹੀ ਸਮਾਜ ਵਿੱਚ ਨਵੀਂ ਜਾਗਰਤੀ ਲਿਆਉਂਦੇ ਹਨ। ਸਿੱਖ ਸਮਾਜ ਵਿੱਚ ਕੀਰਤਨ ਦਰਬਾਰਾਂ ਦੀਆਂ ਲੜੀਆਂ ਸ਼ੁਰੂ ਹੋਣ ਨਾਲ ਕਵੀ ਦਰਬਾਰ ਖਤਮ ਵਰਗੇ ਹੀ ਹਨ।
ਦੇਖਾ ਦੇਖੀ ਗੁਰਬਾਣੀ ਕੀਰਤਨ ਕਰਨ ਵਾਲਿਆਂ ਨੇ ਕੀਰਤਨ ਦਰਬਾਰ ਹੀ ਨਾਂ ਰੱਖ ਲਿਆ। ਚਲੋ ਇਹ ਨਾਂ ਵੀ ਪਰਵਾਨ ਹੋ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖੀ ਵਿੱਚ ਦੋ ਨਵੀਆਂ ਸ਼੍ਰੇਣੀਆਂ ਪੈਦਾ ਹੋ ਗਈਆਂ। ਇੱਕ ਕੀਰਤਨ ਦਰਬਾਰ ਦੇ ਰਾਗੀਆਂ ਦੀ ਤੇ ਦੂਜੀ ਕੀਰਤਨ ਦਰਬਾਰ ਕਰਾਉਣ ਵਾਲੇ ਪ੍ਰਬੰਧਕਾਂ ਦੀ। ਚੋਣਵੇਂ ਰਾਗੀਆਂ ਤੇ ਪ੍ਰਬੰਧਕਾਂ ਨੇ ਇਸ ਮਾਨਸਕਤਾ ਦਾ ਪੂਰਾ ਲਾਭ ਉਠਾਇਆ ਹੈ। ਪਰ ਸੰਗਤ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ।
ਕੀਰਤਨ ਦਰਬਾਰ ਕਰਾਉਣ ਵਾਲਿਆਂ ਨੇ ਇਸ ਕੰਮ ਲਈ ਖੂਬ ਉਗਰਾਈ ਕੀਤੀ। ਸ਼ਹਿਰੀ ਸੰਗਤ ਵੀ ਇਹ ਹੀ ਸਮਝਣ ਲੱਗ ਪਈ ਕੇ ਅਸੀਂ ਆਮ ਪਿੰਡਾਂ ਦੀ ਸੰਗਤ ਨਾਲੋਂ ਵਧੀਆ ਸਿੱਖ ਹਾਂ ਕਿਉਂਕਿ ਸਾਨੂੰ ਕੀਰਤਨ ਦੀ ਬਹੁਤ ਸਮਝ ਆਉਂਦੀ ਹੈ। ਕੀਰਤਨ ਦਰਾਬਾਰ ਵਾਲੇ ਉੱਚ ਕੋਟੀ ਦੇ ਰਾਗੀ ਸਿੰਘਾਂ ਨੇ ਆਮ ਗੁਰਦੁਆਰਿਆਂ ਵਿੱਚ ਕੀਰਤਨ ਕਰਨਾ ਛੱਡ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਬੱਸ ਵੀਹ ਕੁ ਸ਼ਬਦਾਂ ਨਾਲ ਕੰਮ ਚੱਲ ਪਿਆ। ਕੁੱਝ ਵੀਰਾਂ ਨੇ ਸ਼ਬਦ ਜ਼ਬਾਨੀ ਯਾਦ ਕਰਨੇ ਵੀ ਛੱਡ ਦਿੱਤੇ ਕਿਉਂ ਕਿ ਲਿਖ ਕੇ ਵਾਜੇ ਉੱਤੇ ਰੱਖ ਲਏ ਕੰਮ ਚਲ ਪਿਆ।
ਹੁਣ ਹਰ ਮਹੱਲੇ ਵਿੱਚ ਵੀਹਵਾਂ ਕੀਰਤਨ ਦਰਬਾਰ ਜਾਂ ਦਸਵਾਂ ਕੀਰਤਨ ਦਰਬਾਰ ਇੱਕ ਰਸਮ ਜੇਹੀ ਬਣ ਕੇ ਰਹਿ ਗਈ ਹੈ। ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਹੁਰਾਂ ਵਲੋਂ ਕੀਤੀ ਗੁਰਮਤ ਦੀ ਵਿਅਿਾਖਿਆ ਛੱਡ ਕੇ ਬਾਕੀ ਬਹੁਤੇ ਕੀਰਤਨੀਆਂ ਨੇ ਇਹਨਾਂ ਕੀਰਤਨ ਦਰਬਾਰਾਂ ਰਾਂਹੀ ਕਰਾਮਾਤੀ ਗਪੌੜਿਆਂ ਤੇ ਮਨਘੜਤ ਕਰਮ-ਕਾਂਡਾਂ ਨੂੰ ਸਿੱਖੀ ਵਿੱਚ ਨਵੇਂ ਸਿਰੇ ਤੋਂ ਘਸੋੜਿਆ ਹੈ। ਬਹੁਤੇ ਕੀਰਤਨ ਦਰਬਾਰਾਂ ਰਾਂਹੀ ਸਿੱਖੀ ਪਰਚਾਰ ਦੀ ਥਾਂ `ਤੇ ਮਨਮਤ ਦਾ ਹੀ ਪਰਚਾਰ ਹੋਇਆ ਹੈ। ਕੀਰਤਨ ਦਰਬਾਰਾਂ ਦੀ ਇਸ ਲੰਬੀ ਸਾਧਨਾ ਰਾਂਹੀ ਗੁਰਬਾਣੀ ਦੇ ਸਿਧਾਂਤਕ ਅਰਥਾਂ ਨੂੰ ਛੱਡ ਕੇ ਭਗਤ ਮਾਲਾ ਦੀਆਂ ਕਰਾਮਾਤੀ, ਕਰਮਕਾਂਡੀ ਤੇ ਅੰਧਵਿਸ਼ਵਾਸ ਦੀਆਂ ਕਥਾ ਕਹਾਣੀਆਂ ਹੀ ਸੰਗਤ ਨੂੰ ਪਰੋਸ ਦਿੱਤੀਆਂ ਗਈਆਂ ਹਨ। ਜੋ ਆਮ ਰਿਕਾਰਡਿੰਗ ਸੁਣੀ ਜਾ ਸਕਦੀ ਹੈ।
ਇਹਨਾਂ ਕੀਰਤਨ ਦਰਬਾਰਾਂ ਵਿੱਚ ਗੈਰ ਕੁਦਰਤੀ ਸਾਖੀਆਂ ਦੀ ਬਹੁਤਾਤ ਹੋਣ ਕਰਕੇ ਜਿੱਥੇ ਮਾਨਸਕ ਵਿਕਾਸ ਵਿੱਚ ਰੁਕਾਵਟ ਆਈ ਹੈ ਓੱਥੇ ਸਿੱਖ ਸਿਧਾਂਤ ਵਿੱਚ ਖੜੋਤ ਵੀ ਆਈ ਹੈ। ਕੌਮ ਦਾ ਪੈਸਾ ਤਾਂ ਬਹੁਤ ਲੱਗ ਰਿਹਾ ਹੈ ਪਰ ਇਸ ਦੀ ਪ੍ਰਾਪਤੀ ਨਾ ਮਾਤਰ ਹੀ ਹੋ ਰਹੀ ਹੈ।
ਕੀਰਤਨ ਦਰਬਾਰਾਂ ਵਿੱਚ ਹੁਣ ਸਿੱਖ ਸਿਧਾਂਤ ਤੋਂ ਆਣਜਾਣ ਰਾਗੀ ਸਿੱਘਾਂ ਨੇ ਵਾਹਿਗੁਰੂ ਦੀ ਧੁੰਨੀ ਦਾ ਜਾਪ ਵੀ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰਬਾਣੀ ਸ਼ਬਦਾਂ ਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਕੇਵਲ ਵਾਹਿਗੁਰੂ ਵਾਹਿਗੁਰੂ ਹੀ ਘੰਟਿਆਂ ਬੱਧੀ ਕਰੀ ਜਾਣ ਨੂੰ ਕੀਰਤਨ ਸਮਝਿਆ ਜਾਣ ਲੱਗ ਪਿਆ ਹੈ। ਸਿੱਖ ਧਰਮ ਅਤ-ਵਿਗਿਆਨਕ, ਸਿਧਾਂਤਿਕ ਤੇ ਦਾਰਸ਼ਨਿਕ ਹੁੰਦਾ ਹੋਇਆ ਕਰਮਕਾਂਡੀ ਬਣ ਕੇ ਰਹਿ ਗਿਆ ਹੈ।
ਚਾਰ ਕੁ ਘੰਟਿਆਂ ਵਿੱਚ ਲੱਖਾਂ ਰੁਪਏ ਖਰਚ ਕਰਕੇ ਕੋਈ ਵੀ ਪ੍ਰਾਪਤੀ ਨਹੀਂ ਹੋ ਰਹੀ ਸਵਾਏ ਇੱਕ ਦੂਜੇ ਨੂੰ ਸਰੋਪੇ ਦੇਣ ਦੇ।
ਮੰਨ ਲਓ ਚਾਰ ਪੰਜ ਘੰਟਿਆਂ ਵਿੱਚ ਪੰਜ ਲੱਖ ਰੁਪਿਆ ਲੱਗ ਜਾਂਦਾ ਹੈ। ਜਿਸ ਤਰ੍ਹਾਂ ਰੇਤ `ਤੇ ਘਿਓ ਰੋੜਨ ਦਾ ਕੋਈ ਲਾਭ ਨਹੀਂ ਹੈ ਏਸੇ ਤਰ੍ਹਾਂ ਥੋੜੇ ਸਮੇਂ ਲਈ ਏਨ੍ਹੇ ਪੈਸੈ ਖਰਚਣ ਦਾ ਵੀ ਕੋਈ ਲਾਭ ਨਹੀਂ ਹੈ।
ਸਾਨੂੰ ਕਰਨਾ ਇਹ ਚਾਹੀਦਾ ਹੈ ਕਿ ਇਸ ਦੀ ਜਗ੍ਹਾ `ਤੇ ਇੱਕ ਸਾਲ ਲਈ ਇੱਕ ਪਿੰਡ ਵਿੱਚ ਇੱਕ ਪੜ੍ਹਿਆ ਲਿਖਿਆ ਪਰਚਾਰਕ ਰੱਖਿਆ ਜਾਏ ਤੇ ਉਸ ਨੂੰ ਇੱਕ ਸਾਲ ਦੀ ਲੱਖ ਤਨਖਾਹ ਦਿੱਤੀ ਜਾਏ ਤਾਂ ਜ਼ਿਆਦਾ ਲਾਭ ਹੋਏਗਾ। ‘ਅਕਲਾਂ ਬਾਝੋਂ ਖੂਹ ਖਾਲੀ’ ਇੰਜ ਘੱਟੋ ਘੱਟ ਇੱਕ ਕੀਰਤਨ ਦਰਬਾਰ ਦੀ ਥਾਂ `ਤੇ ਸੌਖਿਆਂ ਹੀ ਪੰਜ ਪ੍ਰਚਾਰ ਸੈਂਟਰ ਖੋਲ੍ਹੇ ਕੇ ਤੀਹ ਕੁ ਪਿੰਡ ਸੰਭਾਲ਼ੇ ਜਾ ਸਕਦੇ ਹਨ। ਇੱਕ ਪਰਚਾਰਕ ਇੱਕ ਪਰਚਾਰ ਸੈਂਟਰ ਵਿੱਚ ਇੱਕ ਹਫਤੇ ਦੇ ਚਾਰ-ਪੰਜ ਸੌ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਤੇ ਪੰਥ ਪ੍ਰਵਾਨਤ ਰਹਿਤ-ਮਰਯਾਦਾ ਦੀ ਚੰਗੀ ਤਰ੍ਹਾਂ ਜਾਣਕਾਰੀ ਦੇ ਸਕਦਾ ਹੈ। ਜਿਸ ਤਰ੍ਹਾਂ ਕਿ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਦੇ ਉੱਦਮ ਨਾਲ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਆਪਣਿਆਂ ਪਿੰਡਾਂ ਦੀ ਸੰਭਾਲ ਕਰਨ ਦਾ ਯਤਨ ਅਰੰਭਿਆ ਹੈ।
ਵੱਡ-ਅੰਡਬਰੀ ਕੀਰਤਨ ਦਰਬਾਰਾਂ ਦੀ ਥਾਂ `ਤੇ ਆਪਣਿਆਂ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ। ਇਹਨਾਂ ਵਿੱਚ ਗੁਰਬਾਣੀ ਚੇੰਤਤਾ ਪੈਦਾ ਕਰਨ ਦੀ ਲੋੜ ਹੈ। ਹਰ ਪਿੰਡ ਵਿੱਚ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਂਗ ਗੁਰਬਾਣੀ, ਸਿੱਖ ਇਤਿਹਾਸ ਤੇ ਰਹਿਤ ਮਰਯਾਦਾ ਨੂੰ ਸਮਝਣ ਵਾਲੇ ਕੈਂਪ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਕੀਰਤਨ ਦਰਬਾਰਾਂ ਦੀ ਨਵੇਂ ਸਿਰੇ ਤੋਂ ਵਿਚਾਰ ਹੋਣੀ ਚਾਹੀਦੀ ਹੈ। ਇਹਨਾਂ ਹੀ ਪੈਸਿਆਂ ਨਾਲ ਕੌਮ ਦੇ ਬੱਚੇ ਸੰਭਾਲ਼ੇ ਜਾ ਸਕਦੇ ਹਨ। ਕੀਰਤਨ ਦਰਬਾਰ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਜੇ ਸੁਲਝੇ ਹੋਏ ਵਿਦਵਾਨਾਂ ਪਾਸੋਂ ਗੁਰਮਤ ਵਿਚਾਰਾਂ ਸੁਣੀਆਂ ਜਾਣ।




.