ੴ ਸਤਿ ਗੁਰ
ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 07)
ਮਨੁ
ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ॥
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ॥
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ॥ ੧॥
ਐਸਾ ਨਾਮੁ ਰਤਨੁ ਨਿਧਿ ਮੇਰੈ॥
ਗੁਰਮਤਿ ਦੇਹਿ ਲਗਉ ਪਗਿ ਤੇਰੈ॥ ੧॥ ਰਹਾਉ॥
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ॥
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ॥ ੨॥
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ॥
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ॥
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ॥ ੩॥
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
ਜਨਮ ਮਰਨ ਦੁਖੁ ਕਾਟੀਐ ਨਾਨਕ ਛੁਟਸਿ ਨਾਇ॥ ੪॥ ੧੦॥ (੧੩੩੦)
॥ ਰਹਾਉ॥ ਐਸਾ ਨਾਮੁ ਰਤਨੁ ਨਿਧਿ ਮੇਰੈ॥
ਗੁਰਮਤਿ ਦੇਹਿ ਲਗਉ ਪਗਿ ਤੇਰੈ॥ ੧॥ ਰਹਾਉ॥
ਹੇ ਪ੍ਰਭੂ ਮੈਂ ਤਾਂ ਤੇਰੀ ਹੀ ਸਰਨ ਤੱਕੀ ਹੈ, ਤੇਰਾ ਹੀ ਆਸਰਾ ਲਿਆ ਹੈ, ਤੂੰ ਮੈਨੁੰ ਗੁਰੂ ਦੀ ਮੱਤ
ਨਾਲ ਜੋੜ, ਤਾਂ ਜੋ ਤੇਰਾ ਨਾਮ ਤੇਰਾ ਹੁਕਮ, ਜੋ ਸ੍ਰਿਸ਼ਟੀ ਵਿੱਚ ਸਭ ਤੋਂ ਉਤਮ ਵਸਤ ਹੈ, ਉਹ ਮੇਰੇ
ਹਿਰਦੇ ਦਾ ਖਜ਼ਾਨਾ, ਹਿਰਦੇ ਦੀ ਅਮੋਲਕ ਵਸਤ ਬਣ ਜਾਵੇ।
॥ ੧॥ ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ॥
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ॥
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ॥ ੧॥
ਹੇ ਪ੍ਰਭੂ, ਸ਼ਬਦ ਗੁਰੂ ਦੀ ਸਿਖਿਆ ਤੋਂ ਬਗੈਰ, ਇਹ ਮਨ, ਮਾਇਆ ਦੇ ਮੋਹ ਵਿੱਚ ਫਸਿਆ ਭਟਕਦਾ ਰਹਿੰਦਾ
ਹੈ ਇਹ ਮਾਇਆ ਪਿਛੇ ਇਵੇਂ ਦੌੜਦਾ ਰਹਿੰਦਾ ਹੈ ਜਿਵੇਂ ਪੰਛੀ ਆਕਾਸ਼ ਵਿੱਚ ਉਡਾਰੀਆਂ ਲਾਉਂਦੇ ਰਹਿੰਦੇ
ਹਨ। ਇਸ ਦੇ ਸਰੀਰ ਵਿਚੋਂ, ਆਪਣੇ ਘਰ ਵਿਚੋਂ ਗਾਇਬ ਰਹਣ ਕਾਰਨ, ਕਾਮ-ਕ੍ਰੋਧ ਆਦਿ ਪੰਜੇ ਚੋਰ ਘਰ ਨੂੰ
ਲੁੱਟਦੇ ਰਹਿੰਦੇ ਹਨ। ਜੇ ਤੇਰੀ ਮਿਹਰ ਸਦਕਾ, ਇਹ ਸ਼ਬਦ ਵਿਚਾਰ ਨਾਲ ਜੁੜ ਕੇ, ਅੰਦਰਲੇ ਚੋਰ ਬਾਹਰ
ਕੱਢ ਦੇਵੇ, ਤਾਂ ਇਹ ਸਰੀਰ ਨਗਰ ਵੱਸ ਪੈਂਦਾ ਹੈ, ਜਿਸ ਕਾਰਨ ਇਸ ਨੂੰ ਸ਼ਾਬਾਸ਼, ਵਡਿਆਈ ਮਿਲਦੀ ਹੈ।
ਜਦੋਂ ਤੂੰ ਆਪ ਮਿਹਰ ਕਰ ਕੇ, ਇਸ ਨੂੰ ਸ਼ਬਦ ਗੁਰੂ ਨਾਲ ਜੋੜ ਕੇ, ਇਸ ਨੂੰ ਵਿਸ਼ੇ ਵਿਕਾਰਾਂ ਤੋਂ
ਬਚਾਉਂਦਾ ਹੈਂ, ਉਸ ਹਾਲਤ ਵਿੱਚ ਹੀ, ਸਰੀਰ ਦੇ ਸ਼ੁਭ ਗੁਣਾਂ ਦੀ ਰਾਸ ਪੂੰਜੀ ਲੁੱਟ ਹੋਣ ਤੋਂ ਬਚ ਕੇ,
ਸਹੀ-ਸਲਾਮਤ ਬਚੀ ਰਹਿੰਦੀ ਹੈ।
॥ ੨॥ ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ॥
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ॥ ੨॥
ਜਿੰਨਾ ਚਿਰ ਮਨ ਉਤੇ ਸ਼ਬਦ ਗਿਆਨ ਦਾ ਕੁੰਡਾ ਨਾ ਹੋਵੇ, ਮਨ ਸ਼ਬਦ ਵਿਚਾਰ ਨਾਲ ਨਾ ਜੁੜਿਆ ਹਵੇ, ਤਦ ਤਕ
ਮਨ ਮੂਰਖ ਹੁੰਦਾ ਹੈ, ਗਵਾਰ ਹੁੰਦਾ ਹੈ। ਰੱਬ ਨੂੰ ਮਿਲਣ ਲਈ, ਕਦੀ ਉਹ ਜੋਗੀ ਬਣਨ ਦਾ ਪਖੰਡ ਕਰਦਾ
ਹੈ, ਕਦੀ ਦੁਨੀਆ ਦੇ ਭੋਗਾਂ ਨੂੰ ਹੀ, ਰੱਬ ਦੀ ਬਰਕਤ ਸਮਝ ਕੇ, ਉਨ੍ਹਾਂ ਨੂੰ ਭੋਗਣਾ ਹੀ ਰੱਬ ਨਾਲ
ਮਿਲਾਪ ਦਾ ਸਾਧਨ ਮੰਨ ਕੇ ਭੋਗਦਾ ਰਹਿੰਦਾ ਹੈ। ਕਦੀ ਉਹ ਦਾਨ-ਪੁੰਨ ਨੂੰ ਹੀ, ਪ੍ਰਭੂ ਮਿਲਾਪ ਦਾ
ਸਾਧਨ ਮੰਨ ਕੇ, ਆਪ ਕਿਸੇ ਨੂੰ ਤਿਲ ਮਾਤਰ ਚੀਜ਼ ਦੇਕੇ, ਦਾਤਾ ਬਣ-ਬਣ ਬਹਿੰਦਾ ਹੈ।
ਕਦੇ ਘਰ-ਬਾਹਰ ਤਿਆਗਣ ਨੂੰ ਹੀ, ਰੱਬ ਦੇ ਮਿਲਾਪ ਦਾ ਸਾਧਨ ਮੰਨ ਕੇ, ਘਰ-ਬਾਰ ਤਿਆਗ ਕੇ, ਆਪਣੀਆਂ
ਸਰੀਰਕ ਲੋੜਾਂ ਲਈ, ਘਰ-ਘਰ ਮੰਗਦਾ ਫਿਰਦਾ ਹੈ। ਪਰ ਜਦ ਸਭ ਨੂੰ ਦਾਤਾਂ ਦੇਣ ਵਾਲਾ, ਸਭ ਕੁੱਝ ਕਰਨ
ਵਾਲਾ ਗੁਰੁ, ਪਰਮਾਤਮਾ ਇਸ ਤੇ ਮਿਹਰ ਕਰ ਕੇ, ਇਸ ਨੂੰ ਸ਼ਬਦ ਗੁਰੂ ਨਾਲ ਮਿਲਾ ਦਿੰਦਾ ਹੈ, ਤਾਂ ਫਿਰ
ਇਹ ਸ਼ਬਦ ਦੀ ਸਿਖਿਆ ਅਨੁਸਾਰ, ਬ੍ਰਹਮ ਦੀ ਵਿਚਾਰ ਕਰਦਿਆਂ, ਪੰਜਾਂ ਵਿਕਾਰਾਂ ਨੂੰ ਮਾਰ ਕੇ, ਕਾਬੂ
ਵਿੱਚ ਕਰ ਕੇ ਸੁਖ ਪਾਉਂਦਾ ਹੈ।
॥ ੩॥ ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ॥
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ॥
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ॥ ੩॥
ਹੇ ਪ੍ਰਭੂ ਕਹਿਣ ਨੂੰ ਤਾਂ ਸਾਰੇ ਕਹਿੰਦੇ ਹਨ ਕਿ ਪਰਮਾਤਮਾ ਹਰ ਸਰੀਰ ਵਿਚ, ਹਰ ਜੀਵ ਵਿਚ, ਸੰਸਾਰ
ਦੀ ਹਰ ਚੀਜ਼ ਵਿੱਚ ਮੌਜੂਦ ਹੈ, ਦੂਸਰਿਆਂ ਦੀ ਰੀਸੋ-ਰੀਸੀ ਮੈਂ ਵੀ ਇਹੀ ਕਹੀ ਜਾਂਦਾ ਹਾਂ ਕਿ ਤੂੰ
ਸੰਸਾਰ ਦੇ ਜ਼ੱਰੇ-ਜ਼ੱਰੇ ਵਿੱਚ ਮੌਜੂਦ ਹੈਂ, ਪਰ ਏਨਾ ਕਹਿਣ ਨਾਲ ਤਾਂ ਤੇਰੇ ਦਰਸ਼ਨ ਨਹੀਂ ਹੋ ਸਕਦੇ,
ਤੈਨੂੰ ਹਰ ਕਿਸੇ ਵਿੱਚ ਨਾ ਹੀ ਵੇਖਿਆ ਜਾ ਸਕਦਾ, ਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਮਨੋਂ ਖੋਟਾ
ਹੋਣ ਕਾਰਨ, ਜੀਵ ਨੂੰ ਗਰਭ ਵਿੱਚ ਪੁੱਠਾ ਲਟਕਾ ਕੇ ਰੋਲਿਆ ਜਾਂਦਾ ਹੈ।
ਤੇਰਾ ਨਾਮ ਸਿਮਰੇ ਬਗੈਰ, ਤੇਰੀ ਰਜ਼ਾ ਵਿੱਚ ਚਲੇ ਬਗੈਰ, ਤੇਰੇ ਹੁਕਮ ਦੀ ਪਾਲਣਾ ਕੀਤੇ ਬਗੈਰ, ਜੀਵ
ਦੀ ਸਾਰੀ ਇਜ਼ਤ-ਪੱਤ ਚਲੇ ਜਾਂਦੀ ਹੈ, ਰੁਲ ਜਾਂਦੀ ਹੈ। ਹੇ ਵਾਹਿਗੁਰੂ, ਜਦੋਂ ਤੂੰ ਆਪ ਮਿਹਰ ਕਰ ਕੇ,
ਮੈਨੂੰ ਆਪਣੇ ਨਾਲ ਜੋੜਦਾ ਹੈਂ, ਤਦ ਹੀ ਮੈਂ ਤੇਰੇ ਨਾਲ, ਤੇਰੀ ਯਾਦ ਵਿੱਚ ਜੁੜਿਆ ਰਹਿ ਸਕਦਾ ਹਾਂ।
ਤਦ ਹੀ ਮੈਂ ਤੇਰੀ ਰਜ਼ਾ ਵਿੱਚ ਰਾਜ਼ੀ ਰਹਿ ਕੇ, ਤੇਰੇ ਹੁਕਮ ਨੂੰ ਖੁਸ਼ੀ ਪੂਰਵਕ ਮੰਨ ਸਕਦਾ ਹਾਂ। ਇਸ
ਮਾਮਲੇ ਵਿੱਚ ਮੇਰੇ ਆਪਣੇ ਹੱਥ-ਪੱਲੇ ਕੁੱਝ ਵੀ ਨਹੀਂ ਹੈ।
॥ ੪॥ ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
ਜਨਮ ਮਰਨ ਦੁਖੁ ਕਾਟੀਐ ਨਾਨਕ ਛੁਟਸਿ ਨਾਇ॥ ੪॥ ੧੦॥
ਹੇ ਨਾਨਕ ਦੁਨੀਆ ਵਿੱਚ ਵਰਤ-ਵਰਤਾਉ ਕਰਨ ਲਗਿਆਂ, ਦੂਸਰਿਆਂ ਕੋਲੋਂ ਇਹ ਨਹੀਂ ਪੁਛਣਾ ਚਾਹੀਦਾ ਕਿ
ਉਨ੍ਹਾਂ ਦੀ ਜਾਤ ਜਾਂ ਉਨ੍ਹਾਂ ਦਾ ਖਾਨਦਾਨ ਕੀ ਹੈ? ਕਿਸੇ ਵੀ ਬੰਦੇ ਦਾ ਚੰਗਾ ਜਾਂ ਮਾੜਾ ਹੋਣਾ ਉਸ
ਦੀ ਜਾਤ ਜਾਂ ਉਸ ਦੇ ਖਾਨਦਾਨ ਤੇ ਨਿਰਭਰ ਨਹੀਂ ਕਰਦਾ। ਕਿਸੇ ਵੀ ਜਾਤ ਜਾਂ ਕੁਲ ਦੇ ਬੰਦੇ ਇਕੋ ਜਿਹੇ
ਨਹੀਂ ਹੁੰਦੇ, ਹੋਰ ਤਾਂ ਹੋਰ ਕਿਸੇ ਘਰ ਵਿਚਲੇ ੪-੫ ਬੰਦੇ ਵੀ ਇਕੋ ਜਿਹੇ ਨਹੀਂ ਹੁੰਦੇ।
ਬਾਬਾ ਨਾਨਕ ਜੀ ਵਰਗੇ ਸਮਰੱਥ ਪੁਰਸ਼ ਦੇ ਦੋਵੇਂ ਬੱਚੇ ਵੀ, ਨਾ ਤਾਂ ਬਾਬਾ ਨਾਨਕ ਜੀ ਵਰਗੇ ਸਨ, ਨਾ
ਆਪਸ ਵਿੱਚ ਹੀ ਇਕੋ ਜਿਹੇ ਸਨ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਉਂਦਾ ਹੈ। ਗੁਰ
ਵਿਅਕਤੀਆਂ ਦੇ ਘਰਾਂ ਵਿੱਚ ਵੀ ਕਾਂ-ਘਿਆਰੀਆਂ ਜੰਮਦੀਆਂ ਰਹੀਆਂ ਹਨ, ਜਿਨ੍ਹਾਂ ਦਾ ਇਤਿਹਾਸ ਗਵਾਹ
ਹੈ। ਇਹ ਜਾਤਾਂ, ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉਚਾ ਸਾਬਤ ਕਰਨ ਲਈ ਬ੍ਰਾਹਮਣ ਵਲੋਂ ਬਣਾਈਆਂ ਗਈਆਂ
ਹਨ। ਇੱਕ ਖਾਨਦਾਨ, ਇੱਕ ਪਰਵਾਰ ਵਿੱਚ ਕੁੱਝ ਬੰਦੇ ਅਜਿਹ ਹੁੰਦੇ ਹਨ ਜੋ ਪਰਵਾਰ ਦੇ ਦੁੱਖ, ਬਦਨਾਮੀ
ਦਾ ਕਾਰਨ ਬਣਦੇ ਹਨ, ਕੁੱਝ ਅਜਿਹੇ ਹੁੰਦੇ ਹਨ ਜੋ ਪਰਵਾਰ ਦੇ ਸੁਖ, ਨੇਕ-ਨਾਮੀ ਦਾ ਕਾਰਨ ਬਣਦੇ ਹਨ।
ਮਸ਼ਹੂਰ ਭਗਤਾਂ ਦੇ ਖਾਨਦਾਨਾਂ ਵਿਚੋਂ ਵੀ ਕਿੰਨੇ ਬੰਦੇ ਅਜਿਹੇ ਹਨ ਜੋ ਭਗਤਾਂ ਦੀ ਸਿਖਿਆ ਅਨੁਸਾਰ
ਚੱਲੇ?)
ਜਾਤਾਂ ਦਾ ਆਧਾਰ ਹੀ ਲੋਕਾਂ ਨਾਲੋਂ ਦੂਰੀ ਦਾ ਕਾਰਨ ਬਣਦਾ ਹੈ, ਜਦਿ ਕਿ ਸਿਧਾਂਤਿਕ ਤੌਰ ਤੇ, ਸਭ
ਵਿੱਚ ਪਰਮਾਤਮਾ ਆਪ ਹੀ ਵੱਸ ਰਿਹਾ ਹੈ। ਸੋ ਖਾਨਦਾਨਾਂ ਜਾਂ ਜਾਤਾਂ ਦੇ ਚੱਕਰ ਵਿੱਚ ਨਾ ਪੈ ਕੇ,
ਬੰਦੇ ਨਾਲ ਉਸ ਦੇ ਕੰਮ ਦੇ ਆਧਾਰ ਤੇ ਹੀ ਵਰਤ-ਵਰਤਾਉ ਕਰਨਾ ਚਾਹੀਦਾ ਹੈ। ਬੰਦੇ ਦੀ ਉਹੀ ਜਾਤ ਹੁੰਦੀ
ਹੈ, ਜਿਸ ਤਰ੍ਹਾਂ ਦੇ ਉਹ ਕੰਮ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਬੰਦੇ ਦੇ ਕਰਮਾਂ ਦੇ ਆਧਾਰ ਤੇ
ਹੀ, ਉਸ ਦੀ ਇੱਜ਼ਤ ਜਾਂ ਨਿਰਾਦਰੀ ਹੁੰਦੀ ਹੈ। ਵਰਤ-ਵਰਤਾਉ ਦਾ ਇਹੀ ਪੈਮਾਨਾ ਹੋਣਾ ਚਾਹੀਦਾ ਹੈ ਕਿ
ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਕਿੰਨਾ ਕੁ ਵਾਸਾ ਹੈ?
ਉਹ ਕਿੰਨਾ ਕੁ ਪਰਮਾਤਮਾ ਦੀ ਰਜ਼ਾ, ਕਰਤਾਰ ਦੀ ਆਗਿਆ ਵਿੱਚ ਚਲਦਾ ਹੈ? ਉਸ ਦੇ ਅੰਦਰ ਕਿੰਨੀ ਕੁ
ਇੰਸਾਨੀਅਤ ਹੈ?
ਜਨਮ-ਮਰਨ ਦੇ ਗੇੜ ਦਾ ਦੁੱਖ, ਤਦ ਹੀ ਖਤਮ ਹੁੰਦਾ ਹੈ, ਜਦ ਬੰਦਾ ਪ੍ਰਭੂ ਦੇ ਨਾਮ, ਪ੍ਰਭੂ ਦੇ ਹੁਕਮ
ਵਿੱਚ ਚਲਦਾ ਹੈ। ਉਸ ਦੇ ਹੁਕਮ ਵਿੱਚ ਚਲਿਆਂ ਹੀ, ਵਿਸ਼ੇ ਵਿਕਾਰਾਂ ਤੋਂ ਬਚ ਕੇ, ਬੰਦਾ ਪਰਮਾਤਮਾ ਨਾਲ
ਜੁੜਦਾ ਹੈ। ਫਿਰ ਉਸ ਨਾਲ ਇੱਕ ਮਿਕ ਹੋ ਕੇ ਜਨਮ-ਮਰਨ ਦੇ ਗੇੜ ਤੋਂ ਮੁਕਤ ਹੁੰਦਾ ਹੈ।
ਅਮਰ ਜੀਤ ਸਿੰਘ ਚੰਦੀ